Tue, 10 September 2024
Your Visitor Number :-   7220270
SuhisaverSuhisaver Suhisaver

ਸਭ ਰਲ਼ੇ ਕਬੂਤਰ ਨੇ - ਤਨਵੀਰ ਸਿੰਘ ਕੰਗ

Posted on:- 08-09-2012

suhisaver

ਸਮਾਜ ਵਿੱਚ ਰਾਜ ਸ਼ਬਦ ਦੀ ਆਮਦ ਤੋਂ ਬਆਦ ਧਰਤੀ ਦੀ ਹਿੱਕ ਉੱਪਰ ਸਰਹੱਦਾਂ ਖਿੱਚ ਕੇ ਸਥਾਪਿਤ ਹੋਏ ਵੱਖ ਵੱਖ ਦੇਸ਼ਾਂ ਵਿੱਚ ਅਕਸਰ ਟਕਰਾ ਵਿਰੋਧ ਹੁੰਦੇ ਰਹੇ ਹਨ,ਚਾਹੇ ਕਿ ਦੋ ਵਿਸ਼ਵ ਜੰਗਾਂ ਤੋਂ ਬਆਦ ਮਾਨਵਤਾਵਾਦ ਦੀ ਦੁਹਾਈ ਦੇ ਕੇ ਅਮਨ ਸ਼ਾਂਤੀ ਦੀ ਸਥਾਪਨਾ ਲਈ ਕੋਸ਼ਿਸ਼ ਸ਼ੁਰੂ ਹੋਈ ਪਰ ਹਰ ਦੇਸ਼ ਨੇ ਆਪਣੀ ਫੌਜੀ ਤਾਕਤ ਨੂੰ ਵਧਾਉਣ ਦੀ ਕੋਸ਼ਿਸ਼ ਵੀ ਜਾਰੀ ਰੱਖੀ।ਇਨ੍ਹਾਂ ਜੰਗਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹਮੇਸ਼ਾ ਹੀ ਇੱਕ ਦੇਸ਼ ਨੇ ਅਹਿਮ ਭੂਮਿਕਾ ਨਿਭਾਈ ਹੈ,ਜੋ ਇਸ ਦੁਨੀਆ ਵਿਚਲੇ ਹਰ ਮਸਲੇ ਉੱਪਰ ਪਹਿਲੀ ਕਤਾਰ ਵਿੱਚ ਖੜ੍ਹਨ ਲਈ ਕਾਹਲਾ ਰਹਿੰਦਾ ਹੈ।

ਇਤਫਾਕ ਦੀ ਗੱਲ ਹੈ ਕਿ ਇਸ ਦੇਸ਼ ਦਾ ਨਾਮ ਵੀ ਅੰਗਰੇਜ਼ੀ ਵਰਣਮਾਲਾ ਦੇ ਪਹਿਲੇ ਅੱਖਰ ਨਾਲ ਹੀ ਸ਼ੁਰੂ ਹੁੰਦਾ ਹੈ।ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਮੈਨੂੰ ਭੁਲੇਖਾ ਲੱਗ ਰਿਹਾ ਹੈ ਮੈਨੂੰ ਦੇਸ਼ ਨਹੀ ਬਲਕਿ ਇੱਕ ਵਿਸ਼ਵ ਸੰਸਥਾ ਯਾਨੀ ਕਿ ਯੂ.ਐਨ.ਓ ਦਾ ਨਾਮ ਲੈਣਾ ਚਾਹੀਦਾ ਹੈ, ਪਰ ਨਹੀਂ ਯੂ.ਐਨ.ਓ ਵਿੱਚ ਵੀ ਸਾਫ ਪੱਧਰਾ ਫਾਰਮੂਲਾ ਹੈ, ਜੋ ਇਹ ਸਾਊ ਦੇਸ਼ ਬੋਲੇ ਉਹ ਸਭ ਸਤਿ ਬਿਸਮਲਾ ਕੋਈ ਹੋਰ ਬੋਲੇ ਤਾਂ ਪਾਬੰਦੀਆਂ ਲਾਗੂ। ਇਹ ਉਹ ਦੇਸ਼ ਹੈ ਜਿਸ ਦੀ ਮਾਨਵਤਾ ਪ੍ਰਤੀ ਇਮਾਨਦਾਰ ਸੋਚ,ਹਮਦਰਦੀ ਭਰੇ ਵਤੀਰੇ ਅਤੇ ਦਰਿਆ ਦਿਲੀ ਉੱਪਰ ਰਤਾ ਜਿੰਨਾ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ।



ਦੁਨੀਆ ਵਿੱਚ ਉਸ ਨੇ ਇਸ ਦੀਆਂ ਬੇਹਤਰੀਨ ਮਿਸਾਲਾਂ ਕਾਇਮ ਕੀਤੀਆ ਹਨ, ਜਿਵੇਂ ਕਿ ਜਰਮਨੀ, ਜਪਾਨ,ਵੀਅਤਨਾਮ, ਅਫਗਾਨਿਸਤਾਨ, ਇਰਾਕ ਅਤੇ ਹੁਣ ਆਪਣੀਆ ਸ਼ਾਤੀ ਨਾਲ ਲਬਰੇਜ਼ ਦੁਆਵਾਂ ਇਰਾਨ ਨੂੰ ਦੇਣ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਪਿੱਛੇ ਜਿਹੇ ਹੀ ਮਾਨਵਤਾ ਲਈ ਸੱਚੇ ਦਿਲੋਂ ਕੀਤੇ ਕਾਰਜਾਂ ਲਈ ਇਸ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ।ਇਹ ਉਹੀ ਦੇਸ਼ ਹੈ ਜਿਸ ਦੇ ਕੁਦਰਤੀ ਖਣਿਜ ਪਦਾਰਥ  ਹਨ। ਨਵੀਂ ਤਕਨੀਕ ਦੇ ਹਥਿਆਰਾਂ ਦੇ ਜ਼ਖੀਰੇ;ਕਦੇ ਇਸ ਬਾਰੇ ਰਾਜਨੀਤਕ ਲੇਖਕ ਵਾਰਡ ਚਰਚਿਲ ਨੇ ਕਿਹਾ ਸੀ “ਅਸੀਂ ਇੱਕ ਐਸੇ ਦੇਸ਼ ਦੀ ਸਥਾਪਨਾ ਕਰ ਲਈ ਹੈ,ਜਿਸ ਦੇ ਪਿਛਲੇ ਦੋ ਦਹਾਕਿਆ ਵਿੱਚ ਕੋਈ ਵੀ ਇੱਕ ਸਾਲ ਇਸ ਗੱਲ ਦੀ ਗਵਾਹੀ ਨਹੀਂ ਭਰਦਾ, ਜਿਸ ਵਿੱਚ ਉਹ ਕਿਤੇ,ਕਿਸੇ ਨਾਲ,ਕਿਸੇ ਕਾਰਨ ਤੋਂ ਜੰਗ ਨਾ ਲੜ ਰਿਹਾ ਹੋਵੇ।”
 
ਪਰ ਹੁਣ ਇੱਕ ਸਵਾਲ ਹਰ ਇੱਕ ਮਨ ਵਿੱਚ ਹੋਵੇਗਾ ਕਿ ਅਫਗਾਨੀਆਂ ਨੂੰ ਤਾਂ ਸਬਕ ਸਿਖਾਇਆ ਜਾਣਾ ਚਾਹੀਦਾ ਸੀ, ਆਖਰ ਅਫਗਾਨ ਵਿੱਚ ਰਹਿਣ ਵਾਲੇ ਇੱਕ ਬੇਵਕੂਫ ਵਿਅਕਤੀ  ਅਤੇ ਅੱਤਵਾਦੀ ਸਰਗਨਾ  ਨੇ ਇਸ ਦੇਸ਼ ਦੇ ਜੌੜੇ ਟਾਵਰਾਂ ਨੂੰ “ਢਾਹ” ਕੇ ਉਸ ਨੂੰ ਵੰਗਰਿਆ ਸੀ। ਵੈਸੇ ਜੋੜੇ ਟਾਵਰਾਂ ਨੂੰ ਢਾਹਣ ਵਾਲਿਆਂ ਨੇ ਤਾਂ ਫਿਜਿਕਸ ਦੇ ਵੀ ਸਾਰੇ ਰੂਲਾਂ ਨੁੰ ਸ਼ੱਕੀ ਬਣਾ ਦਿੱਤਾ, 2000 ਫਾਰਨਹੀਟ ‘ਤੇ ਪਿਘਲਣਾ ਵਾਲਾ ਸਟੀਲ ਸਿਰਫ ਜ਼ਹਾਜ ਵਿਚਲੇ ਤੇਲ ਦੀ ਮਾਮੂਲੀ ਜਿਹੀ ਗਰਮੀ ਨਾਲ ਹੀ ਮਿੰਟਾਂ ਸਕਿੰਟਾਂ ਵਿੱਚ ਪਿਘਲਾ ਦਿੱਤਾ। ਇਸ ਗੱਲ ਬਾਰੇ ਕਈ ਭਰਮ ਨੇ ਕਿ ਇਹ ਜੌੜੇ ਟਾਵਰ ਕਿਵੇ ਡਿੱਗੇ ਕਿਉਂਕਿ ਇਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹਨ ।ਪਰ ਇਸੇ ਬਾਹਨੇ ਅਫਗਾਨੀਆਂ ਦਾ ਭਲਾ  ਜ਼ਰੂਰ ਹੋ ਗਿਆ ।ਅਫਗਾਨਾ ਦੇ ਦੇਸ਼ ਵਿੱਚ ਅਮਰੀਕਾ ਦੀ ਹਮਦਰਦੀ ਨੇ ਅਮਨ ਸ਼ਾਂਤੀ ਦੇ ਨਾਲ ਨਾਲ ਉਨ੍ਹਾਂ ਦੀ ਰੱਖਿਆ ਲਈ ਆਪਣੇ ਫੌਜੀ ਟਿਕਾਣੇ ਵੀ ਕਾਇਮ ਕਰ ਲਏ ਹਨ। ਹੁਣ ਉਥੇ ਬਿਲਕੁਲ ਅਮਨ ਚੈਨ  ਦੇ ਛਿੱਟੇ ਹਨ।
 

ਹੁਣ ਸਾਡੇ ਵਿੱਚੋ ਬਹੁਤਿਆਂ ਨੂੰ ਤਾਂ ਇਹ ਵੀ ਯਾਦ ਨਹੀਂ ਹੋਵੇਗਾ ਕਿ ਇਰਾਕ ਦਾ ਉਦਾਰ ਇਸ ਦੇਸ਼ ਦੇ ਹੱਥੋਂ ਕਿਉਂ ਹੋਇਆ ਸੀ। ਬਹੁਤੇ ਲੋਕ ਕਹਿ ਦਿੰਦੇ ਹਨ ਕਿ ਭਾਈ ਅਮਰੀਕਾ ਵਾਲਿਆਂ ਦੀ ਅੱਖ ਇਰਾਕ ਦੇ ਤੇਲ ਭੰਡਾਰ ਉੱਪਰ ਸੀ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਭਲਾ ਅਮਰੀਕਾ ਨੂੰ ਤੇਲ ਦੀ ਕੀ ਭੁੱਖ ਸੀ।ਉਸ ਦੇ ਤਾਂ ਬਹੁਤੇ ਤੇਲ ਦੀ ਪੂਰਤੀ ਕੈਨਡਾ ਤੋਂ ਹੀ ਹੋ ਜਾਂਦੀ ਹੈ, ਨਾਲੇ ਉਹਨਾਂ ਦਾ ਸੱਜਣ ਪਿਆਰਾ ਯੂ.ਏ.ਈ. ਜਿਊਂਦਾ ਵੱਸਦਾ ਰਹੇ ਅਤੇ ਇਸ ਕੰਮ ਵਿੱਚ ਤਾਂ ਉਹੀ ਮਾਨਵਤਾ ਦਾ ਦੁਸ਼ਮਣ ਵੀ ਜਿਸ ਨੇ ਅਮਰੀਕਾ ਦੇ ਜੌੜੇ ਟਾਵਰਾਂ ਢਾਹੇ ਸਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਪਰਿਵਾਰ ਦਾ ਵਾਪਰਕ ਸਾਂਝੀਵਾਲ ਹੁੰਦਾ ਸੀ।ਇਰਾਕ ਉਪਰ ਦੋਸ਼ ਸੀ ਕਿ ਉਸ ਕੋਲ ਖਤਰਨਾਕ ਜੈਵਿਕ ਅਤੇ ਰਸਾਇਣਕ ਹਥਿਆਰ ਸਨ,ਇਸ ਲਈ ਦੁਨੀਆ ਵਿੱਚ ਸ਼ਾਂਤੀ ਦੇ ਮਸੀਹੇ ਦੇਸ਼ ਦਾ ਇਹ ਸੱਚਾ ਸੁੱਚਾ ਅਤੇ ਪਰਮ ਫਰਜ਼ ਬਣਦਾ ਸੀ ਕਿ ਦੁਨੀਆ ਦੀ ਸਲਾਮਤੀ ਲਈ ਇਰਾਕ ਨੂੰ ਅਕਲ ਦਿੰਦਾ। ਚਾਹੇ ਇਸ ਸੰਬਧੀ ਅਲਾਮੀ ਸੰਸਥਾ ਜੋ ਇਸ ਬਾਰੇ ਇਰਾਕ ਵਿੱਚ ਖੋਜ ਕਰ ਰਹੀ ਸੀ ਨੇ ਇਸ ਗੱਲ ਦੀ ਕਦੇ ਪੁਸ਼ਟੀ ਨਹੀਂ ਕੀਤੀ ਸੀ।ਫਿਰ ਇਰਾਕ ਦਾ ਅਸਲ ਕਸੂਰ ਆਖਰ ਹੈ ਕੀ ਸੀ?

ਦਰਅਸਲ ਇੱਕ ਬਹੁਤ ਭਾਰੀ ਗੁਨਾਹ ਜੋ ਇਰਾਕ ਕਰਨ ਲੱਗਾ ਪਿਆ ਸੀ, ਉਹ ਸੀ ਕਿ ਉਸ ਨੇ ਕੱਚਾ ਤੇਲ ਧੁਰ-ਦਰਗਾਹੀ ਕੰਰਸੀ ਡਾਲਰ ਨੂੰ ਛੱਡ ਕੇ ਦੂਸਰੀਆਂ ਕਰੰਸੀਆਂ ਵਿੱਚ ਵੀ ਵੇਚਣਾ ਸ਼ੁਰੂ ਕਰ ਦਿੱਤਾ ਸੀ, ਐਸਾ ਭਿੰਅਕਰ ਅਪਰਾਧ,ਘੋਰ ਪਾਪ ਜਿਸ ਨਾਲ ਦੁਨੀਆ ਵਿੱਚ ਕੱਖੋਂ ਹੋਲੇ ਡਾਲਰਾਂ ਦੀ ਪੋਲ ਖੁੱਲ੍ਹ ਜਾਣੀ ਸੀ, ਕਿਉਂਕਿ ਦੁਨੀਆਂ ਦੇ ਵਪਾਰ ਜਗਤ ਵਿੱਚ ਹੁਣ ਤੇਲ ਵੀ ਸੋਨੇ ਦੇ ਵਾਂਗ ਵਟਾਂਦਰੇ ਦੇ ਮੁੱਲ ਦੀ ਚੀਜ਼ ਬਣਦੀ ਜਾ ਰਹੀ ਸੀ। ਸੋ ਐਸੇ ਪਾਪੀ ਨੂੰ ਸਜ਼ਾ ਦੇਣੀ ਬਣਦੀ ਸੀ।ਆਖਰ ਇੱਕ ਵਾਰ ਫਿਰ ਸ਼ਾਂਤੀ ਦਾ ਮਸੀਹਾ ਕਾਮਯਾਬ ਰਿਹਾ ਅਤੇ ਉਸ ਨੇ ਇਰਾਕ ਦੇ ਲੋਕਾਂ ਨੂੰ ਇੱਕ ਤਾਨਾਸ਼ਾਹ ਦੇ ਚੁੰਗਲ ਵਿੱਚੋਂ ਮੁਕਤ ਕਰਵਾ ਦਿੱਤਾ,ਚਾਹੇ ਕਿ ਇਰਾਕ ਵਿੱਚੋ ਕੋਈ ਵੀ ਖਤਰਨਾਕ ਜੈਵਿਕ ਹਥਿਆਰ ਬਰਾਮਦ ਨਹੀਂ ਹੋਇਆ ਪਰ ਇਰਾਕੀ ਹੁਣ ਅਮਨ ਚੈਨ ਦੀ ਨੀਦ ਸੌਂਦੇ ਹਨ।ਹੁਣ ਜੇ ਮਾਨਵਤਾ ਦੀ ਸੇਵਾ ਵਿੱਚ ਕਿਸੇ ਨੇ ਐਨਾ ਮਹਾਨ ਕੰਮ ਕੀਤਾ ਸੀ ਤਾਂ ਸਨਮਾਨ ਤਾਂ ਮਿਲਣਾ ਚਾਹੀਦਾ ਸੀ, ਇਰਾਕੀਆਂ ਵੱਲੋ ਇਹ ਸਨਮਾਨ ਬਿਲਕੁਲ ਸਹੀ ਸਮੇ ‘ਤੇ ਇੱਕ ਪੱਤਰਕਾਰ ਵੱਲੋਂ ਭੇਂਟ ਕਰ ਦਿੱਤਾ ਗਿਆ।
 
ਹੁਣ ਗੱਲ ਕਰਦੇ ਹਾ ਈਰਾਨ ਦੀ, ਜੇ ਸ਼ਾਂਤੀ ਦਾ ਮਸੀਹਾ ਇਹ ਕਹਿ ਰਿਹਾ ਹੈ ਕਿ ਈਰਾਨ ਖਤਰਨਾਕ ਨਿਊਕਲੀਅਰ ਹਥਿਆਰ ਤਿਆਰ ਕਰ ਰਿਹਾ ਹੈ ਤਾਂ ਇਹ ਬਿਲਕੁਲ ਵੀ ਝੂਠ ਨਹੀਂ ਹੋ ਸਕਦਾ। ਅੰਤਰਾਸ਼ਟਰੀ ਪਰਮਾਣੂ ਏਜੰਸੀ ਕੀ ਕਹਿੰਦੀ ਹੈ ਕੂੜੇ ਦੇ ਡੱਬੇ ਵਿੱਚ ਸੁੱਟੋ।ਇਹੋ ਜਿਹੇ ਮਾਨਵਤਾ ਦੇ ਦੁਸ਼ਮਣ ਦੀ ਧੌਣ ਭੰਨਣੀ ਬਹੁਤ ਜ਼ਰੂਰੀ ਹੈ। ਵੈਸੇ ਵੀ ਈਰਾਨ ਵੀ ਹੁਣ ਇਰਾਕ ਵਾਲਾ ਬਜਰ ਗੁਨਾਹ ਕਰਨ ਦੀ ਸੋਚ ਰਿਹਾ ਹੈ। ਉਹ ਵੀ ਤੇਲ ਦਾ ਵਪਾਰ ਧੁਰ-ਦਰਗਾਹੀ ਕੰਰਸੀ ਤੋਂ ਬਾਗੀ ਹੋ ਕੇ ਕਰਨ ਦੇ ਮਨਸੂਬੇ ਬਣਾ ਰਿਹਾ ਹੈ।ਪਿੱਛੇ ਜਿਹੇ ਈਰਾਨ ਦੇ ਪ੍ਰਧਾਨ ਅਹਿਮਦੀਨਜਾਦ ਨੇ ਜਦੋਂ ਯੂ.ਐਨ.ਓ ਦੀ ਜਰਨਲ ਕੌਸਲ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਪੱਛਮੀ ਦੇਸ਼ਾਂ ਦੇ ਲੀਡਰ ਉਸ ਦੇ ਮਿੱਠੇ ਬੋਲ  ਸੁਣੇ ਬਿਨ੍ਹਾਂ ਹੀ ਵਾਕ ਆਊਟ ਕਰ ਗਏ। ਇੱਕ ਗੱਲ ਹੋਰ ਈਰਾਨ ਇਸ ਪਵਿੱਤਰ ਦੇਸ਼ ਦੇ ਪੁਜਾਰੀ ਇਸਰਾਈਲ ਨੂੰ ਵੀ ਅਕਸਰ ਅੱਖਾਂ ਦਿਖਾਉਂਦਾ ਹੈ,ਸੋ ਐਸੇ ਗੁਸਤਾਖ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ।ਪਰ ਇਹ ਦੋਵੇਂ ਦੇਸ਼ ਹੀ ਭਾਰਤ ਦੇ ਗੂੜੇ ਮਿੱਤਰ ਹਨ,ਈਰਾਨ ਸਾਨੂੰ ਕਾਫੀ ਕੱਚਾ ਤੇਲ ਮੁੱਹਈਆ ਕਰਵਾਉਂਦਾ ਹੈ ਅਤੇ ਇਸਰਾਈਲ ਸਾਡੀ ਰੱਖਿਆ ਪ੍ਰਣਾਲੀ ਵਿੱਚ ਮਹੱਤਵਪੂਰਨ ਸਹਿਯੋਗ ਕਰਦਾ ਰਿਹਾ ਹੈ ਅਤੇ ਹੁਣ ਵੀ ਕਰ ਰਿਹਾ ਹੈ।

ਇੱਕ ਸਵਾਲ ਹੋਰ ਹੈ ਜਦ ਈਰਾਨ ਖਤਰਨਾਕ ਨਿਊਕਲੀਅਰ ਹਥਿਆਰ ਤਿਆਰ ਕਰ ਰਿਹਾ ਹੈ ਜੋ ਦੁਨੀਆਂ ਦੀ ਸ਼ਾਂਤੀ ਲਈ ਖਤਰਾ ਹੈ ਤਾਂ ਉਸ ਦੀ ਧੌਣ ਹੁਣ ਤੱਕ ਅਮਰੀਕਾ ਨੇ ਭੰਨੀ ਕਿਉ ਨਹੀ? ਸਾਫ ਜਿਹੀ ਗੱਲ ਹੈ ਕਿ ਈਰਾਨ ਨੂੰ ਸਬਕ ਸਿਖਾਉਣਾ ਇੰਨਾ ਸੋਖਾ ਕੰਮ ਨਹੀਂ ਹੈ। ਇੱਕ ਤਾਂ ਉਥੇ ਇਰਾਕ ਵਾਂਗ ਤਾਨਾਸ਼ਾਹ ਹਕੂਮਤ ਨਹੀਂ ਹੈ, ਦੂਜਾ ਇੱਕ ਹੋਰ ਵੀ ਕਾਰਨ ਹੈ ਅਮਰੀਕਾ ਨਾਲ ਖਾਰ ਰੱਖਣ ਵਾਲਾ ਦੇਸ਼ ਸਮਝਿਆ ਜਾਂਦਾ ਰੂਸ ਵੀ ਅਮਰੀਕਾ ਦੀ ਇਰਾਕ ਉਪਰ ਕਾਰਵਾਈ ਨਾਲ ਅਚੇਤ ਹੀ ਮਜ਼ਬੂਤ ਹੋ ਗਿਆ ਹੈ।ਕਿਉਂਕਿ ਇਰਾਕ ਉਪਰ ਹਮਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੋ 140 ਡਾਲਰ ਤੱਕ ਪੁੱਜ ਗਈਆ ਸਨ। ਜਿਸ ਵਿੱਚ ਰੂਸ ਨੇ ਤੇਲ ਖੇਤਰ ਵਿੱਚ ਚੰਗਾ ਮੁਨਾਫਾ ਕਮਾ ਕੇ ਆਪਣੀ ਇਕੋਨਮਿਕ ਹਾਲਤ ਕਾਫੀ ਸੁਧਾਰ ਲਈ ਅਤੇ ਮੁੜ ਪੈਰੀ ਹੋ ਗਿਆ।ਜਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਸੀ ਤਾਂ ਰੂਸ ਦੀ ਹਾਲਤ ਖਸਤਾ ਸੀ,ਇਸ ਲਈ ਉਹ ਚੁੱਪ ਹੀ ਨਹੀਂ ਰਿਹਾ ਬਲਕਿ ਥੋੜੀ ਬਹੁਤੀ ਅਮਰੀਕਾ ਦੀ ਮਦਦ ਵੀ ਕਰਦਾ ਰਿਹਾ ਤਾਂ ਕਿ ਅਮਰੀਕਾ ਲੰਬੇ ਸਮੇਂ ਤੱਕ ਇਰਾਕ ਵਿੱਚ ਉਲਝਿਆ ਰਹੇ ਅਤੇ ਉਸ ਦੀਆਂ ਮੌਜਾ ਲੱਗੀਆ ਰਹਿਣ। ਜਦ ਰੂਸ ਪੈਰੀ ਹੋਣ ਲੱਗਾ ਉਸ ਨੇ ਅਮਰੀਕਾ ਦੀਆ ਨੇਕੀਆਂ  ਦਾ ਬਦਲਾ ਚੁਕਾਉਂਦੇ ਹੋਏ ਉਸ ਨੂੰ ਪਹਿਲਾ ਤੋਹਫਾ ਦਿੱਤਾ।ਰੂਸ ਦੇ ਇੱਕ ਟੀ.ਵੀ ਚੈਨਲ ਨੇ ਜੌੜੇ ਟਾਵਰਾਂ ਦੇ ਢਹਿਣ ਬਾਰੇ ਇਟਲੀ ਦੀ ਬਣੀ ਇੱਕ ਫਿਲਮ ਜ਼ੀਰੋ ਨਾਈਨ ਐਲਵਨ  ਪ੍ਰਦਰਸ਼ਤ ਕੀਤੀ। ਅਮਰੀਕਾ ਨੇ 9/11 ਘਟਨਾ ਦੀ ਕੋਈ ਯਾਦਗਰ ਚਾਹੇ ਨਾ ਵੀ ਉਸਾਰੀ ਹੋਵੇ, ਰੂਸ ਨੇ ਇਸ ਦੀ ਯਾਦ ਵਿੱਚ ਇੱਕ ਯਾਦਗਰ “ਲਟਕਦਾ ਅੱਥਰੂ” ਬਣਾ ਧਰੀ।
 
ਇੱਕ ਹੋਰ ਘਟਨਾ ... 2008 ਵਿੱਚ ਚੀਨ ਵਿੱਚ ਬੀਜ਼ਿਗ ਉਲੰਪਿਕ ਖੇਡਾਂ ਦੇ ਉਦਘਾਟਨ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਜੀ ਦੀ ਮੁਲਾਕਾਤ ਰੂਸ ਦੇ ਰਾਸ਼ਟਰਪਤੀ ਜੀ ਨਾਲ ਹੋਣੀ ਸੀ। ਰੂਸ ਦੇ ਨਜ਼ਦੀਕ ਇੱਕ ਛੋਟਾ ਜਿਹਾ ਦੇਸ਼ ਜੌਰਜੀਆ ਹੈ, ਜਿਸ ਵਿੱਚ ਅਮਰੀਕਾ ਸਮਰਥਤ ਰਾਜ ਪਲਟੇ ਤੋਂ ਬਆਦ ਅਮਰੀਕਾ ਨੇ ਫੌਜੀ ਤਾਕਤ ਦੇ ਖੇਤਰ ਵਿੱਚ ਇਸ ਦੇਸ਼ ਦੀ ਕਾਫੀ ਮਦਦ ਕੀਤੀ। ਜੌਰਜੀਆ ਦਾ ਇੱਕ ਹਿੱਸਾ ਹੈ ਦੱਖਣੀ ਔਸੈਟੀਆ ਇਸ ਵਿੱਚ ਬਹੁਤੀ ਆਬਾਦੀ ਰੂਸੀ ਮੂਲ ਦੀ ਹੈ,ਇੱਕ ਸੰਧੀ ਤਹਿਤ ਕਦੇ ਇਥੇ ਰੂਸ ਦੀ ਫੌਜੀ ਟੁਕੜੀ ਵੀ ਹੁੰਦੀ ਸੀ।ਰੂਸ ਨੂੰ ਟਿਚ ਕਰਨ ਲ਼ਈ ਮੁਲਾਕਾਤ ਤੋ ਸਿਰਫ ਇੱਕ ਰਾਤ ਪਹਿਲਾ ਅਮਰੀਕਾ ਦੇ ਪਿਆਰੇ ਜੌਰਜੀਆ ਨੇ ਔਸੈਟੀਆ ‘ਤੇ ਹਮਲਾ ਕਰ ਦਿੱਤਾ।ਪਰ ਔਸੈਟੀਆ ਵੀ ਅੱਗੋ ਅਵੇਸਲਾ ਨਹੀਂ ਸੀ, ਆਖਿਰ ਜੌਰਜੀਆ ਦੀ ਫੌਜ ਨੇ ਗੋਡੇ ਟੇਕ ਦਿੱਤੇ ਅਤੇ ਦੁਨੀਆ ਦੇ ਨਕਸ਼ੇ ਉਪਰ ਔਸੈਟੀਆ ਇੱਕ ਨਵਾ ਦੇਸ਼ ਬਣਿਆ।
 
ਅੰਤ ਵਿੱਚ... ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਫਿਲਹਾਲ ਈਰਾਨ ਉਪਰ ਪੰਬਦੀਆਂ ਠੋਕ ਕੇ ਉਸ ਉਪਰ ਸ਼ਿਕੰਜਾ ਕੱਸਣ ਦੀਆਂ ਕੋਸ਼ਿਸ ਸ਼ੁਰੂ ਕਰ ਦਿੱਤੀਆ ਹਨ। ਚੇਤਾਵਨੀ ਦੇ ਤੌਰ ’ਤੇ ਸੀਰੀਆ ਵਿੱਚ ਵੀ ਦਖਲਅੰਦਾਜ਼ੀ ਵਧਾਉਣਾ, ਨਾਲ ਹੀ ਬਲੋਚਿਸਤਾਨ ਵਿੱਚ ਵੀ ਦਖਲਅੰਦਾਜ਼ੀ ਸ਼ੁਰੂ ਕਰਨਾ ਵੀ ਈਰਾਨ ਦੀ ਘੇਰਾਬੰਦੀ ਕਰਨਾ ਹੀ ਹੈ। ਜਿਸ ਦੇ ਜਵਾਬ ਵਿੱਚ ਈਰਾਨ ਨੇ ਵੀ ਕੁਝ ਯੂਰਪੀ ਦੇਸ਼ਾ ਨੂੰ ਕੱਚੇ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ।ਰੂਸ ਨੇ ਵੀ ਯੂਰਪੀ ਦੇਸ਼ਾਂ ਨੂੰ ਸੀਰੀਆ ਅਤੇ ਹੋਰ ਦੇਸ਼ਾ ਦੇ ਮਸਲੇ ਵਿੱਚ ਨਾ ਪੈਣ ਦੀ ਸਾਲਹ ਦਿੱਤੀ ਹੈ।ਫਿਰ ਵੀ ਅਮਰੀਕਾ ਲਈ ਈਰਾਨ ਨੂੰ ਸਿੱਧਾ ਸਬਕ ਸਿਖਾਉਣਾ ਇਨ੍ਹਾਂ ਆਸਾਨ ਨਹੀਂ ਹੋਵੇਗਾ ਹਾ ਰਾਜ ਪਲਟੇ ਵਰਗਾ ਕੋਈ ਤਰੀਕਾ ਆਪਣਾ ਲਵੇ ਤਾਂ ਵੱਖਰੀ ਗੱਲ ਹੈ।ਰੂਸ ਅਤੇ ਅਮਰੀਕਾ ਦੋਵੇ ਹੀ ਇਨ੍ਹਾਂ ਮਸਲਿਆ ਵਿੱਚੋ ਵੱਧ ਤੋ ਵੱਧ ਲਾਭ ਉਠਾਣ ਦੀ ਤਾਕ ਵਿੱਚ ਹਨ। ਪਰ ਫਿਰ ਵੀ ਜੋ ਵੀ ਹੈ ਅਮਰੀਕਾ ਦੇ ਦਬਾਅ ਕਾਰਨ ਇਸਲਾਮਿਕ ਕੱਟੜਪੰਥੀਆਂ ਦੀਆ ਅੱਤਵਾਦੀ ਕਾਰਵਾਈਆ ਜਿਸ ਦੀ ਮਾਰ ਸਭ ਤੋ ਵੱਧ ਸਾਡਾ ਦੇਸ਼ ਝੱਲ ਰਿਹਾ ਹੈ। ਖਿਲਾਫ ਹੁਣ ਸਾਰੇ ਵਿਸਵ ਵਿੱਚ ਬਣ ਰਹੀ ਇੱਕ ਰਾਏ ਅਤੇ ਸਭ ਵੱਲੋਂ ਮਿਲ ਕੇ ਹਰ ਤਰ੍ਹਾ ਦੇ ਅੱਤਵਾਦ ਨਾਲ ਨਿੱਜਠਣ ਦੀ ਕਾਰਵਾਈ ਜ਼ਰੂਰ ਸ਼ੁਰੂ ਹੋਈ। ਇਸ ਕੰਮ ਲਈ ਅਮਰੀਕਾ ਦੀ ਦੇਣ ਨੂੰ ਨਜ਼ਰਅੰਦਾਜ਼ ਨਹੀ ਕੀਤਾ ਜਾ ਸਕਦਾ, ਹੁਣ ਅੱਗੇ ਕੀ-ਕੀ ਘਟਨਾਕ੍ਰਮ ਵਾਪਰਨ ਵਾਲਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇੰਤਜ਼ਾਰ ਕਰਨਾ ਪਵੇਗਾ ਜਾਂ ਟਾਈਮ ਪਾਸ ਲਈ ਨੌਸਟਰਾਦਮਸ  ਦੀਆ ਭੱਵਿਖਬਾਣੀਆ ਨੂੰ ਪੜ੍ਹਨਾ ਵੀ ਰੌਚਕ ਰਹੇਗਾ।

ਈ-ਮੇਲ: [email protected]

Comments

owedehons

online slots http://onlinecasinouse.com/# - online gambling online casino gambling <a href="http://onlinecasinouse.com/# ">gold fish casino slots </a> no deposit casino

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ