Sat, 05 October 2024
Your Visitor Number :-   7229304
SuhisaverSuhisaver Suhisaver

ਕੂੰਜਾਂ ਡਾਰੋਂ ਕਿਉਂ ਵਿੱਛੜੀਆਂ ਨੀ ਮਾਏ - ਪ੍ਰੋ. ਤਰਸਪਾਲ ਕੌਰ

Posted on:- 20-07-2014

suhisaver

ਸਾਡੇ ਪੁਰਾਣੇ ਪੰਜਾਬੀ ਲੋਕ-ਗੀਤਾਂ ਵਿਚ ਕੁੜੀਆਂ ਦੀ ਤੁਲਨਾ ਬ੍ਰਹਿਮੰਡ ਦੇ ਖੂਬਸੂਰਤ ਪੰਛੀਆਂ ਚਿੜੀਆਂ ਤੇ ਕੂੰਜਾਂ ਨਾਲ ਕੀਤੀ ਗਈ ਹੈ। ਸਮਾਜਿਕ ਪ੍ਰਸਥਿਤੀਆਂ ਅਤੇ ਆਏ ਵਾਤਾਵਰਣਿਕ ਪਰਿਵਰਤਨਾਂ ਨੇ ਕੁਦਰਤੀ ਅਨਮੋਲ ਦਾਤਾਂ ਪੰਛੀ, ਰੁੱਖ, ਪਰਬਤ ਸਾਥੋਂ ਖੋਹ ਲਏ ਹਨ। ਉਸੇ ਤਰ੍ਹਾਂ ਹੀ ਸਮਾਜਿਕ ਸੋਚ ਦੀ ਤਬਦੀਲੀ ਹੁਣ ਕੁੜੀਆਂ ਨੂੰ ਸੋਹਣੀਆਂ ਕੂੰਜਾਂ ਜਾਂ ਚਿੜੀਆਂ ਵਜੋਂ ਨਹੀਂ ਵੇਖਦੀ ਬਲਕਿ ਆਏ ਸਮਾਜਿਕ ਨਿਘਾਰ ਵਿਚ ਸਭ ਤੋਂ ਵੱਧ ਤਰਾਸਦੀ ਔਰਤ ਨੂੰ ਭੋਗਣੀ ਪੈ ਰਹੀ ਹੈ। ਪੁਰਾਣੇ ਸਮਿਆਂ ਵਿਚ ਸਹੁਰੇ ਜਾਂਦੀਆਂ ਧੀਆਂ ਨੂੰ ਉਹਦੀਆਂ ਸਹੇਲੀਆਂ ‘ਕੂੰਜ ਡਾਰੋਂ ਵਿਛੜੀ’ ਜਾਂ ‘ਚਿੜੀਆਂ ਦਾ ਚੰਬਾ’ ਜਿਹੇ ਗੀਤ ਉਚਾਰਦੀਆਂ ਵਿਛੜ ਰਹੀ ਸਹੇਲੀ ਪ੍ਰਤੀ ਹੇਰਵਾ ਉਜਾਗਰ ਕਰਦੀਆਂ ਸਨ। ਹੁਣ ਬਦਲੀਆ ਯੁੱਗ ਪ੍ਰਸਥਿਤੀਆਂ ਨੇ ਇਹਨਾਂ ਗੀਤਾਂ ਦੇ ਅਰਥ ਜਿਵੇਂ ਉਲਟ ਹੀ ਕਰ ਦਿੱਤੇ ਹਨ। ਅੱਜ ਕੂੰਜਾਂ ਜਾਂ ਚਿੜੀਆਂ ਦੀ ਡਾਰ, ਟੋਲੀਆਂ ਤਾਂ ਕਿਧਰੇ ਲੁਪਤ ਹੀ ਹੋ ਗਈਆਂ ਹਨ ਤੇ ਹੁਣ ਧੀਆਂ ‘ਕੂੰਜ ਡਾਰੋਂ ਵਿਛੜੀ’ ਦੇ ਪ੍ਰਸੰਗ ਵਿਚ ਸਹੁਰੇ ਜਾਣ ਲਈ ਨਹੀਂ ਵਿਛੜ ਰਹੀਆਂ ਸਗੋਂ ਗ਼ੈਰ-ਮਾਨਵੀ ਵਰਤਾਰੇ ਨੇ ਉਹਨਾਂ ਨੂੰ ਜੀਵਨ ਨਾਲੋਂ ਹੀ ਵਿਛੜਨ ਲਈ ਮਜ਼ਬੂਰ ਕਰ ਦਿੱਤਾ ਹੈ। ਪਿਛਲੇ ਅਰਸੇ ਵਿਚ ਤੇ ਹਾਲ ਵਿਚ ਹੀ ਹੋਈਆਂ ‘ਤੇਜ਼ਾਬ’ ਪਾਉਣ ਦੀਆਂ ਵਾਰਦਾਤਾਂ ਨੇ ਮਨੁੱਖਤਾ ਦਾ ਹਿਰਦਾ ਵਲੂੰਧਰ ਸੁੱਟਿਆ ਹੈ, ਹਰ ਪਾਸੇ ਦਰਦ, ਸਿਸਕੀਆਂ ਦੀ ਕੁਰਲਾਹਟ ਜਿਵੇਂ ਨਜ਼ਰ ਆ ਰਹੀ ਹੋਵੇ। ਇਹ ਬੜਾ ਚਿੰਤਾਜਨਕ ਵਿਸ਼ਾ ਹੈ ਕਿ ਸਮਾਜਿਕ ਨਿਘਾਰ ਦਾ ਅਸਰ ਹਾਸ਼ੀਏ ’ਤੇ ਧੱਕੇ ਹੋਏ ਲੋਕਾਂ, ਜਿਹਨਾਂ ਵਿਚ ਔਰਤ ਸ਼ਾਮਿਲ ਹੈ, ਨੂੰ ਹੀ ਵਧੇਰੇ ਸਹਿਣਾ ਪੈਂਦਾ ਹੈ।
   
ਇਹ ਗੱਲ ਸਮਝ ਵਿਚ ਨਹੀਂ ਆ ਰਹੀ ਕਿ ਧਰਤੀ ਦਾ ਸੇ੍ਰਸ਼ਠ ਜੀਵ ਮਨੁੱਖ ਸੁਭਾਅ ਪੱਖੋਂ ਏਨਾ ਕਰੂਰ ਕਿਵੇਂ ਹੋ ਗਿਆ ਹੈ? ਕੋਈ ਸਮਾਂ ਸੀ ਕਿ ਰਾਜੇ-ਮਹਾਰਾਜੇ ਰਾਜਨੀਤਿਕ ਸਰਹੱਦਾਂ ਜਾਂ ਗੱਦੀਆਂ ਪਿੱਛੇ ਜੰਗਾਂ ਲੜਦੇ ਪਰ ਉਹ ਬੱਚਿਆਂ, ਔਰਤਾਂ ਨਾਲ ਕਿਸੇ ਨਾ ਕਿਸੇ ਪੱਖ ਤੋਂ ਮਾਨਵੀ ਵਿਹਾਰ ਹੀ ਕਰਦੇ। ਜਿਉਂ ਜਿਉਂ ਯੁੱਗ ਵਿਕਸਿਤ ਹੋ ਕੇ 21ਵੀਂ ਸਦੀ ਤੱਕ ਆਇਆ ਤਾਂ ਸਾਰਥਕ ਹਾਂ-ਪੱਖੀ ਵਿਕਾਸ ਤੋਂ ਮਨਫ਼ੀ ਹੁੰਦਾ ਹੋਇਆ ਮਨੁੱਖ ਲਾਲਚ, ਨਫ਼ਰਤ ਤੇ ਈਰਖਾ ਵੱਸ ਅੱਤਿਆਚਾਰ ਕਰਨ ਦੇ ਨਵੇਂ-ਨਵੇਂ ਤਰੀਕੇ ਵੀ ਲੱਭਣ ਲੱਗ ਪਿਆ।


ਅੱਜ ਨਿੱਤ ਜ਼ੁਲਮ ਦਾ ਨਵਾਂ ਢੰਗ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਸ਼ਾਮਿਲ ਹੁੰਦਾ ਹੈ। ਇਸ ਦਹਾਕੇ ਵਿਚ ਸਦੀ ਦੀ ਬੇਹੱਦ ਕਰੂਰਤਾ ਸਾਹਮਣੇ ਆਈ ਹੈ ਕਿ ਵਿਅਕਤੀ ਕਿਤੋਂ ਵੀ ਤੇਜ਼ਾਬ ਦੀ ਬੋਤਲ ਹਾਸਿਲ ਕਰ ਲੈਂਦਾ ਹੈ ਤੇ ਜਿਸ ’ਤੇ ਉਹ ਚਾਹੇ ਸੁੱਟ ਸਕਦਾ ਹੈ। ਉਹ ਪੀੜਤ ਮਨੁੱਖੀ ਜ਼ਿੰਦਗੀ ਜਾਂ ਤਾਂ ਜਹਾਨ ਤੋਂ ਹੱਥ ਧੋ ਬਹਿੰਦੀ ਹੈ ਤੇ ਜਾਂ ਫਿਰ ਸਰੀਰਿਕ ਅੰਗਾਂ ਨੂੰ ਗੁਆ ਕੇ ਮੁਰਦਿਆਂ ਵਾਂਗ ਜੀਵਨ ਗੁਜ਼ਾਰਨ ਲਈ ਮਜ਼ਬੂਰ ਹੋ ਜਾਂਦੀ ਹੈ। ਤੇਜ਼ਾਬ ਪੀੜਤ ਵਿਅਕਤੀ ਸਰੀਰ ਦੀ ਚਮੜੀ, ਅੱਖਾਂ ਦੀ ਰੌਸ਼ਨੀ, ਸੁੰਦਰਤਾ ਸਭ ਗੁਆ ਬਹਿੰਦਾ ਹੈ। ਇੱਥੇ ਸਮਾਜ ਵਿਰੋਧੀ ਅਨਸਰ ਹੋਰ ਵੀ ਆਪਣੇ ਹੱਥ ਫੈਲਾਉਣ ਲਈ ਸ਼ੇਰ ਹੋ ਜਾਂਦੇ ਹਨ। ਜਦੋਂ ਅਜਿਹੇ ਅਪਰਾਧੀਆਂ ਲਈ ਠੋਸ ਕਾਨੂੰਨ ਹੀ ਨਹੀਂ ਬਣ ਸਕਿਆ, ਜਦੋਂ ਕਿ ਰੋਜ਼ਾਨਾ ਤੇਜ਼ਾਬੀ ਹਮਲੇ ਦੇ ਧੜਾਧੜ ਕੇਸ ਸਾਹਮਣੇ ਆ ਰਹੇ ਹਨ। ਇਹ ਕਹਾਣੀ ਮੇਰੇ ਹੀ ਸ਼ਹਿਰ ਦੀ ਧੀ ਹਰਪ੍ਰੀਤ ਦੀ ਹੋਵੇ, ਜੈਤੋ ਸਰਜਾ ਦੀ ਸੋਨੀ ਦੀ, ਜਾਇਦਾਦ ਦੇ ਝਗੜੇ ਦਾ ਸ਼ਿਕਾਰ ਹੋਈ ਵਾਲੀਬਾਲ ਖਿਡਾਰਨ ਰਿਤੂ ਸੈਣੀ ਦੀ ਜਾਂ ਫਿਰ ਬਟਾਲਾ ਦੀਆਂ ਦੋ ਸਕੀਆਂ ਭੈਣਾਂ ਦੀ, ਮੁਲਕ ਦੀ ਖਾਸ ਕਰ ਉੱਤਰੀ ਭਾਰਤ ਦੀ ਇਹ ਸ਼ਰਮਨਾਕ ਸਥਿਤੀ ਹੈ ਕਿ ਸਾਡੀਆਂ ਧੀਆਂ ਨੂੰ ਜਿਉਣ ਦੇ ਹੱਕ ਤੋਂ ਹੀ ਵਾਂਝਾ ਕਰ ਦਿੱਤਾ ਜਾਂਦਾ ਹੈ।

ਇਸ ਦੇ ਪਿੱਛੇ ਫੈਲੇ ਕਾਰਨਾਂ ਵੱਲ ਗਹੁ ਨਾਲ ਤੱਕੀਏ ਤਾਂ ਇਹੀ ਸਾਹਮਣੇ ਆਇਆ ਹੈ ਕਿ ਦਿਸ਼ਾਹੀਣ ਨਸ਼ੇੜੀ ਨੌਜਵਾਨ ਵਰਗ ਅਜਿਹੀਆਂ ਵਾਰਦਾਤਾਂ ਪਿੱਛੇ ਵਧੇਰੇ ਸਰਗਰਮ ਹੈ। ਬਟਾਲੇ ਦੀਆਂ ਲੜਕੀਆਂ ਦੀ ਘਟਨਾ ਪਿੱਛੇ ਸਿਰਫ਼ਿਰੇ ਆਵਾਰਾ ਮੁੰਡੇ ਦਾ ਹੱਥ ਹੈ ਜਿਸ ਨੇ ਕੁੜੀ ਨੂੰ ਵਿਆਹ ਲਈ ਮਜ਼ਬੂਰ ਕਰਦੇ-ਕਰਦੇ ਉਸ ਉਪਰ ਤੇ ਉਹਦੀ ਭੈਣ ’ਤੇ ਤੇਜ਼ਾਬ ਹੀ ਸੁੱਟ ਦਿੱਤਾ। ਸਿੱਟੇ ਵਜੋਂ ਇੱਕ ਲੜਕੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਈ। ਇਸੇ ਤਰ੍ਹਾਂ ਹਰਪ੍ਰੀਤ ਕਾਂਡ ਪਿੱਛੇ, ਹਰਪ੍ਰੀਤ ਦੇ ਹੋਣ ਵਾਲੇ ਪਤੀ ਦੀ ਭਰਜਾਈ ਦਾ ਹੱਥ ਸੀ, ਜਿਸ ਨੇ ਆਵਾਰਾ ਮੁੰਡਿਆਂ ਦੀ ਮਦਦ ਨਾਲ ਇਹ ਤੇਜ਼ਾਬੀ ਹਮਲਾ ਕਰਵਾਇਆ। ਇਸ ਪਿੱਛੇ ਮੁੰਡੇ ਦੀ ਭਰਜਾਈ ਦੀ ਈਰਖਾ ਸਾਹਮਣੇ ਆਈ, ਜਿਸ ਨੇ ਇੱਕ ਨਿਰਦੋਸ਼ ਲੜਕੀ ਦਾ ਜੀਵਨ ਨਰਕ ਬਣਾ ਦਿੱਤਾ।
    
ਇਹਨਾਂ ਸਾਰੀਆਂ ਵਾਰਦਾਤਾਂ ਪਿੱਛੇ ਜੇ ਨਜ਼ਰ ਮਾਰੀਏ ਤਾਂ ਸਾਡੇ ਏਸ ਅਖੌਤੀ ਆਧੁਨਿਕ ਯੁੱਗ ਦਾ ਟੁੱਟ ਰਿਹਾ ਸਮਾਜਿਕ-ਪਰਿਵਾਰਕ ਢਾਂਚਾ ਵੀ ਜ਼ਿੰਮੇਵਾਰ ਹੈ। ਲਾਲਚ ਤੇ ਏਸ ਈਰਖਾ ਦੇ ਯੁੱਗ ਵਿਚ ਰਿਸ਼ਤੇ-ਨਾਤੇ ਟੁੱਟ ਗਏ ਹਨ ਤੇ ਸਮਾਜ ਵਿਚਲੀ ਭਾਈਚਾਰਕ ਭਾਵਨਾ ਖਤਮ ਹੋ ਗਈ ਹੈ। ਨਵੇਂ ਯੁੱਗ ਦੇ ਬੱਚਿਆਂ, ਨੌਜਵਾਨਾਂ ਨੂੰ ਸਮਾਜ ਵਿਚਲੀ ਅਪਣੱਤ ਤੇ ਅਪਾਸੀ ਮਿਲਵਰਤਨ ਦੀ ਪਰਿਭਾਸ਼ਾ ਹੀ ਨਹੀਂ ਪਤਾ। ਭਾਰਤ ਦੇ ਪਰਿਵਾਰ ਦੀ ਸ਼ਾਖ, ਜਿਹੜੀ ਸਮੁੱਚੀ ਦੁਨੀਆਂ ਲਈ ਇੱਕ ਉਦਾਹਰਣ ਸੀ, ਅੱਜ ਫਿੱਕੀ ਪੈ ਗਈ ਹੈ। ਸਮਾਜਿਕ ਢਾਂਚੇ ਵਿਚੋਂ ਟੁੱਟੇ ਮਨੁੱਖ ਗ਼ੈਰ-ਮਾਨਵੀ ਵਰਤਾਰੇ ਵੱਲ ਧੱਕੇ ਜਾਂਦੇ ਹਨ। ਦੂਸਰਾ ਇੱਕ ਹੋਰ ਕਾਰਨ ਵਿਸ਼ਵੀਕਰਨ ਤੇ ਬਾਜ਼ਾਰ ਦੀਆਂ ਮਾਰੂ ਨੀਤੀਆਂ ਵੀ ਹਨ। ਵਿਸ਼ਵੀਕਰਨ ਨੇ ਇੰਟਰਨੈੱਟ ਦੇ ਅਪਰਾਧ ਨੂੰ ਫੈਲਾਇਆ ਹੈ, ਨਾਲ ਹੀ ਸਮਾਜਿਕ-ਭਾਈਚਾਰਕ ਭਾਵਨਾ ਖਤਮ ਹੋਣ ਦਾ ਵੱਡਾ ਕਾਰਨ ਇੰਟਰਨੈੱਟ ’ਤੇ ਬਣੀਆਂ ਮਸ਼ੀਨੀ ਸੋਸ਼ਲ-ਸਾਈਟਜ਼ ਵੀ ਹਨ। ਮਨੁੱਖ ਆਪਣੇ ਸਮਾਜਿਕ ਵਰਤਾਓ ਨੂੰ ਤਿਲਾਂਜਲੀ ਦੇ ਕੇ ਇਹ ਮਸ਼ੀਨੀ ਰਿਸ਼ਤੇ ਬਣਾਉਂਦਾ ਹੈ ਅਤੇ ਜਦੋਂ ਜੀਅ ਚਾਹੇ ਆਪਣੇ ਇਹਨਾਂ ਮਕੈਨਕੀ ਰਿਸ਼ਤਿਆਂ ਨੂੰ ਇੱਕ ਕਲਿੱਕ ਰਾਹੀਂ ਜੀਵਨ ਤੋਂ ਬਾਹਰ ਵੀ ਕਰ ਸਕਦਾ ਹੈ। ਇੱਥੇ ਮਨੁੱਖ ਦੀ ਮਨੁੱਖ ਨੂੰ ਸਮਝਣ ਵਾਲੀ ਤੇ ਆਪਸੀ ਲਗਾਉ ਵਾਲੀ ਭਾਵਨਾ ਖਤਮ ਹੋ ਚੁੱਕੀ ਹੈ। ਇਹੀ ਗ਼ੈਰ-ਸਮਾਜਿਕ ਹਾਲਾਤ ਔਰਤ ਦੀ ਤਰਾਸਦੀ ਲਈ ਜ਼ਿੰਮੇਵਾਰ ਬਣੇ ਹਨ ਤੇ ਦਿਨੋ-ਦਿਨ ਬਲਾਤਕਾਰ ਤੇ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵਿਚ ਬੇਅੰਤ ਵਾਧਾ ਹੋ ਰਿਹਾ ਹੈ। ਮੰਡੀ ਦੇ ਇਸ ਦੌਰ ਵਿਚ ਔਰਤ ਤਾਂ ਸਿਰਫ਼ ਭੋਗ ਦੀ ਵਸਤੂ ਹੈ, ਉਹ ਚਾਹੇ ਫਿਲਮੀ ਖੇਤਰ ਹੋਵੇ, ਉਦਯੋਗਿਕ ਜਾਂ ਫਿਰ ਵਿਗਿਆਪਨ ਦੀ ਦੁਨੀਆਂ। ਏਹੀ ਭਾਵਨਾ ਔਰਤ ਨੂੰ ਜ਼ਬਰੀ ਹਾਸਿਲ ਕਰਨ ਦੀ ਸਥਿਤੀ ਵੱਲ ਜਾਂਦੀ ਹੈ ਜਿਸ ਵਿਚ ਪ੍ਰੇਮ, ਅਹਿਸਾਸ ਜਾਂ ਮਨੁੱਖੀ ਭਾਵਨਾ ਨਾਮ ਦੇ ਸੰਕਲਪ ਤਾਂ ਗੁੰਮ ਹੀ ਹਨ। ਇਹ ਕਿਸ ਤਰ੍ਹਾਂ ਦਾ ਪ੍ਰੇਮ ਹੈ ਕਿ ਪ੍ਰੇਮੀ ਲੜਕੀ ਨੂੰ ਜ਼ਬਰੀ ਹਾਸਿਲ ਕਰਨ ਲਈ ਉਸ ’ਤੇ ਤੇਜ਼ਾਬ ਸੁੱਟਦਾ ਹੈ। ਇਹ ਪ੍ਰੇਮ ਦੀ ਪਰਿਭਾਸ਼ਾ ਹੋ ਹੀ ਨਹੀਂ ਸਕਦੀ। ਦੂਸਰੇ ਪਾਸੇ ਲਾਲਚਵੱਸ ਅਜਿਹੇ ਕੇਸ ਹਨ ਕਿ ਜਾਇਦਾਦ ਦੀ ਖ਼ਾਤਿਰ ਵਾਲੀਬਾਲ ਦੀ ਖਿਡਾਰਨ ਰਿਤੂ ਸੈਣੀ ’ਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ ਤੇ ਹਮਲਾਵਰ ਰਿਤੂ ਦੇ ਰਿਸ਼ਤੇਦਾਰ ਹੀ ਸਨ। ਕਿੰਨੀ ਘਿਨੌਣੀ ਹਰਕਤ ਹੈ ਕਿ ਜੇ ਸਮਾਜ ਵਿਚ ਲੜਕੀਆਂ ਵਿਸ਼ਵਾਸ ਕਰਨ ਤਾਂ ਕਿਸ ਵਿਅਕਤੀ ’ਤੇ ਕਰਨ। ਉਹ ਤਾਂ ਆਪਣਿਆਂ ਦੇ ਸਾਏ ਹੇਠ ਵੀ ਸੁਰੱਖਿਅਤ ਨਹੀਂ ਹਨ।
    
ਜੇ ਇਸ ਮੁੱਦੇ ਬਾਰੇ ਗੱਲ ਕਰੀਏ ਕਿ ਕੀ ਸਾਡੇ ਮੁਲਕ ਦੀ ਸਰਕਾਰ ਨੇ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਦੇ ਅਪਰਾਧੀਆਂ ਲਈ ਠੋਸ ਸਜ਼ਾ ਲਾਗੂ ਕੀਤੀ ਹੈ? ਨਹੀਂ, ਹਾਲੇ ਤੱਕ ਇਸ ਸਬੰਧੀ ਕਾਨੂੰਨ ਘਾੜਿਆਂ ਨੇ ਮਿਸਾਲੀ ਸਜ਼ਾਵਾਂ ਦੀ ਕੋਈ ਨੀਤੀ ਹੀ ਨਹੀਂ ਬਣਾਈ। ਇਹਨਾਂ ਦੋਸ਼ੀਆਂ ਨੂੰ ਸਾਲ, ਛਿਮਾਹੀ ਉਮਰ ਕੈਦ ਜਾਂ ਫਿਰ ਕੁਝ ਰਕਮ ਜੁਰਮਾਨੇ ਦੀ ਲਗਾਈ ਜਾਂਦੀ ਹੈ, ਜਿਸ ਨੂੰ ਭੁਗਤ ਕੇ ਤੇ ਜੁਰਮਾਨਾ ਭਰ ਕੇ ਦੋਸ਼ੀ ਫੇਰ ਪਹਿਲਾਂ ਵਾਂਗ ਸ਼ਰੇਆਮ ਘੁੰਮਣ ਲੱਗ ਪੈਂਦੇ ਹਨ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਵੀ ਤੇਜ਼ਾਬ ਪੀੜਤਾਂ ਦੀ ਸਹਾਇਤਾ ਲਈ ਐਲਾਨ ਕੀਤਾ ਹੈ ਕਿ ਤੇਜ਼ਾਬੀ ਹਮਲਿਆਂ ਤੋਂ ਪੀੜਤ ਕੁੜੀਆਂ ਨੂੰ ਇਲਾਜ ਦਾ ਢੁਕਵਾਂ ਪ੍ਰਬੰਧ, ਮੁੜ ਵਸੇਬਾ ਤੇ ਨੌਕਰੀ ਦਾ ਪ੍ਰਬੰਧ ਕੀਤਾ ਜਾਵੇਗਾ। ਹਾਂ ਇਸ ਨਾਲ ਦੁਖੀ ਹਿਰਦਿਆਂ ਦੇ ਜ਼ਖਮਾਂ ’ਤੇ ਕੁਝ ਕੁ ਮਲੱ੍ਹਮ ਤਾਂ ਲੱਗ ਸਕਦੀ ਹੈ, ਪਰ ਸਰਕਾਰ ਨੂੰ ਇਹਨਾਂ ਵਾਰਦਾਤਾਂ ਦੇ ਪਿੱਛੇ ਪੈਦਾ ਹੋ ਰਹੇ ਕਾਰਨਾਂ ਦੀ ਘੋਖ-ਪੜਤਾਲ ਕਰਕੇ ਅਤੇ ਦੂਸਰੇ ਪੱਖ ਨੂੰ ਦੇਖਦੇ ਹੋਏ, ਇਹਨਾਂ ਪੀੜਤਾਂ ਦੇ ਮਾਮਲਿਆਂ ਦੀ ਸਰਕਾਰੀ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਯੋਗ ਕਾਰਵਾਈ ਕਰਵਾਏ ਤੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਯਕੀਨੀ ਕਰਵਾਈਆਂ ਜਾਣ। ਪੁਲੀਸ ਪ੍ਰਸ਼ਾਸਨ ਦਾ ਇੱਥੇ ਜ਼ਰੂਰੀ ਫਰਜ਼ ਬਣਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਦੀ ਨੌਬਤ ਹੀ ਨਾ ਆਉਣ ਦੇਵੇ। ਸਮਾਜਿਕ ਸੰਸਥਾਵਾਂ ਵੀ ਅੱਗੇ ਆਉਣ, ਇਹ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਸਗੋਂ ਸਮੁੱਚੇ ਮਨੁੱਖ-ਹਿਤੈਸ਼ੀ ਵਿਅਕਤੀਆਂ, ਵਰਗਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਮਾਰੂ ਕਾਰਵਾਈਆਂ ਵਿਰੁੱਧ ਲਾਮਬੰਦ ਹੋਇਆ ਜਾਵੇ। ਅੱਜ ਲੋੜ ਹੈ ਅਧਿਆਪਕ ਵਰਗ ਨੂੰ ਕਿ ਉਹ ਵਿੱਦਿਅਕ ਸੰਸਥਾਵਾਂ ਵਿਚ ਨੈਤਿਕ ਤੇ ਸਮਾਜਿਕ ਮਿਲਵਰਤਨ ਦੀ ਸਿੱਖਿਆ ਬਾਰੇ ਵੀ ਵਿਦਿਆਰਥੀਆਂ ਨੂੰ ਇੱਕਮੁੱਠ ਕਰੇ ਤੇ ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮ ਉਲੀਕੇ ਕਿ ਯੁਵਕ ਵਰਗ ਸਮਾਜਿਕ-ਸੰਤੁਲਨ ਨੂੰ ਕਾਇਮ ਰੱਖਣ ਲਈ ਵਚਨਬੱਧ ਹੋਵੇ। ਇਹ ਸੱਚ ਹੈ ਕਿ ਵਾਤਾਵਰਣਿਕ, ਸਮਾਜਿਕ, ਨੈਤਿਕ ਹਰ ਪ੍ਰਕਾਰ ਦਾ ਸੰਤੁਲਨ ਜ਼ਰੂਰੀ ਹੈ ਫੇਰ ਹੀ ਮਨੁੱਖੀ ਹੋਂਦ ਕਾਇਮ ਰਹਿ ਸਕਦੀ ਹੈ। ਨਹੀਂ ਤਾਂ, ਆਕਾਸ਼ ਵਿਚੋਂ ਕੂੰਜਾਂ, ਚਿੜੀਆਂ ਦੀ ਡਾਰ ਤਾਂ ਲੁਪਤ ਹੋ ਹੀ ਗਈ ਹੈ। ਮਨੁੱਖ ਦਾ ਮਨ ਵੀ ਧਰਤੀ ਵਾਂਗ ਹਰਿਆ-ਭਰਿਆ ਹੋਣਾ ਚਾਹੀਦਾ ਹੈ ਏਸ ਲਈ ਧਰਤੀ ਦੀ ਹਰਿਆਵਲ ਤਾਂ ਅਤਿਅੰਤ ਜ਼ਰੂਰੀ ਹੈ। ਜੇ ਇਹ ਹਰਿਆਵਲ ਖਤਮ ਹੋ ਗਈ ਤਾਂ ਇਹ ਅਸੰਤੁਲਨ ਕਿਤੇ ਸਾਡੀਆਂ ਧੀਆਂ ਨੂੰ ਹੀ ਨਾ ਖਤਮ ਕਰ ਦੇਵੇ। ਪਤਾ ਨਹੀਂ, ਕਿੰਨੀਆਂ ਹੀ ਸੱਧਰਾਂ ਸੀਨੇ ਵਿਚ ਹੀ ਲੈ ਕੇ ਇਹ ਕੁੜੀਆਂ ਡਾਰੋਂ ਵਿਛੜ ਚੁੱਕੀਆਂ ਹਨ। ਆਓ, ਮਨੁੱਖਤਾ ਪ੍ਰਤੀ ਆਪਣੇ ਫਰਜ਼ ਨੂੰ ਪਹਿਚਾਣੀਏ!

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ