Mon, 11 November 2024
Your Visitor Number :-   7244578
SuhisaverSuhisaver Suhisaver

ਲੋਕਤੰਤਰ ਰਾਹੀਂ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ - ਗੁਰਚਰਨ ਸਿਘ ਪੱਖੋਕਲਾਂ

Posted on:- 03-04-2015

suhisaver

ਦੁਨੀਆਂ ਦੇ ਆਮ ਲੋਕ ਸਮਾਜ ਦੇ ਆਪੇ ਬਣੇ ਸਿਆਣੇ ਅਤੇ ਵਿਦਵਾਨ ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਵੀ ਵਿਸ਼ੇਸ਼ ਨਹੀਂ ਹੁੰਦੇ, ਪਰ ਸਮਾਜ ਦੇ ਸਾਰੇ ਇਨਕਲਾਬ ਆਮ ਆਦਮੀ ਦੇ ਪੇਟੋਂ ਹੀ ਜਨਮ ਲੈਂਦੇ ਹਨ। ਆਮ ਆਦਮੀ ਬਹੁਤ ਹੀ ਸਿਆਣਾ ਅਤੇ ਸਮਝਦਾਰ ਹੁੰਦਾ ਹੈ। ਦੁਨੀਆਂ ਦੇ ਮਹਾਨ ਗਿਆਨਵਾਨ ,ਪੀਰ ,ਪੈਗੰਬਰ ਹਮੇਸਾਂ ਆਮ ਲੋਕਾਂ ਦੁਨੀਆਂ ਦੇ ਸਭ ਤੋਂ ਵੱਡੇ ਜਾਂ ਰੱਬ ਦਾ ਰੂਪ ਇਹਨਾਂ ਆਮ ਲੋਕਾਂ ਵਿੱਚ ਹੀ ਦੇਖਦੇ ਹਨ। ਪੰਜਾਬੀਆਂ ਦੇ ਰਹਿਬਰ ਧਾਰਮਿਕ ਪੁਰਸ਼ਾਂ ਨੇ ਤਾਂ ਆਮ ਸੰਗਤ ਰੂਪੀ ਲੋਕਾਂ ਨੂੰ ਗੁਰੂ ਵੀਹ ਹਿੱਸੇ ਅਤੇ ਸੰਗਤ ਇੱਕੀ ਹਿੱਸੇ ਕਹਿਕੇ ਆਪਣੇ ਆਪ ਤੋਂ ਵੀ ਵੱਡੇ ਸਨਮਾਨ ਦਿੱਤੇ ਹਨ । ਗੁਰੂ ਗੋਬਿੰਦ ਸਿੰਘ ਨੇ ਤਾਂ ਇੱਥੋ ਤੱਕ ਕਿਹਾ ਹੈ ਕਿ ਜੇ ਮੈਂ ਅੱਜ ਕੁਝ ਹਾਂ ਤਾਂ ਇਹਨਾਂ ਲੋਕਾਂ ਦੇ ਕਾਰਨ ਹੀ ਹਾਂ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਲੋਕ ਫਿਰਦੇ ਹਨ, ਇਸ ਸੰਸਾਰ ਤੇ, ਗੁਰੂ ਕਾ ਮੁੱਖ ਵਾਕ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨੋ ਮੋ ਸੇ ਕਰੋਰ ਪਰੈ , ਦਾ ਭਾਵ  ਇਹੋ ਹੀ ਹੈ।

ਪਿਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਜਿਸ ਤਰ੍ਹਾਂ ਦੇ ਇੱਕ ਪਾਸੜ ਨਤੀਜੇ ਦੇਕੇ ਨਵਾਂ ਇਤਿਹਾਸ ਲਿਖਿਆ ਹੈ, ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਪ੍ਰਿੰਟ ਮੀਡੀਆ ਅਤੇ ਇਲੈਕਟਰੋਨਿਕ ਮੀਡੀਆ ਇਸਨੂੰ ਇੱਕ ਵਿਅਕਤੀ ਕੇਜਰੀਵਾਲ ਦੀ ਕਾਰਗੁਜ਼ਗਾਰੀ ਪਰਚਾਰ ਰਿਹਾ ਹੈ, ਜਦੋਂ ਕਿ ਇਹੀ ਇੱਕ ਵਿਅਕਤੀ ਨੌਂ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਰੀਆਂ ਸੀਟਾਂ ਹਾਰ ਗਿਆ ਸੀ। ਲੋਕਤੰਤਰ ਵਿੱਚ ਜੇ ਕੋਈ ਰਾਜਨੀਤਕ ਹੀ ਚਮਤਕਾਰ ਕਰ ਸਕਦੇ ਹੋਣ ਤਦ ਉਹ ਤਾਂ ਹਰ ਚੋਣ ਹੀ ਜਿੱਤ ਲਿਆ ਕਰਨ।

ਆਮ ਲੋਕ ਕਿੰਨੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ, ਇਸਦੀ ਵਿਆਖ਼ਿਆ ਕਰਨੀ ਬਹੁਤ ਹੀ ਮੁਸ਼ਕਲ ਹੈ । ਇਸ ਗੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਹਜ਼ਾਰਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਸੱਚ ਫਿਰ ਵੀ ਪੂਰਾ ਨਹੀਂ ਕਿਹਾ ਸਕਦਾ, ਕਿਉਂਕਿ ਲੋਕ ਖੁਦਾ ਦਾ ਰੂਪ ਹੁੰਦੇ ਹਨ ਅਤੇ ਖੁਦਾ ਨੂੰ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ । ਖੁਦਾ ਹਮੇਸ਼ਾਂ ਸੱਚ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਨਾਨਕ ਜੀ ਅਨੁਸਾਰ ਸੱਚ ਅਕੱਥ ਹੈ, ਜਿਸਨੂੰ ਕੋਈ ਪੂਰਾ ਵਰਣਨ ਨਹੀਂ ਕਰ ਸਕਦਾ॥

ਗੁਰੂ ਨਾਨਕ ਜੀ ਆਪਣੇ ਬੋਲਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਹੇ ਖੁਦਾ (ਸੱਚ)  ਜੇ ਮੈਂ ਤਨੂੰ ਤਿਲ ਮਾਤਰ ਵੀ ਸਮਝ ਸਕਾਂ ਜਾਂ ਬਿਆਨ ਕਰ ਸਕਾਂ ਤਦ ਵੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਪਰ ਹੇ ਸੱਚ ਰੂਪੀ ਖੁਦਾ ਤੈਨੂੰ ਤਿਲ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਆਮ ਲੋਕ ਕਦੇ ਵੀ ਦੁਨੀਆਂ ਦੇ ਪਰਚਾਰ ਯੁੱਧ ਦੇ ਨਾਇਕ ਨਹੀਂ ਹੁੰਦੇ, ਬਲਕਿ ਕਰਮ ਖੇਤਰ ਦੇ ਨਾਇਕ ਹੀ ਹੁੰਦੇ ਹਨ। ਆਮ ਲੋਕ ਕਦੇ ਵੀ ਵਡਿਆਈਆਂ ਅਤੇ ਚੌਧਰਾਂ ਦੇ ਭੁੱਖੇ ਨਹੀਂ ਹੁੰਦੇ ਅਤੇ ਨਾਹੀਂ ਆਪਣੇ ਆਪ ਨੂੰ ਖੁਦਾ ਵਾਂਗ ਪਰਗਟ ਹੋਣ ਦਿੰਦੇ ਹਨ, ਪਰ ਸਹੀ ਸਮਾਂ ਆਉਣ ਤੇ ਚੁੱਪ ਕਰਿਆਂ ਹੋਇਆਂ ਵੀ ਇੱਕ ਛੋਟੇ ਜਿਹੇ ਕਰਮ ਨਾਲ ਹੀ ਇਨਕਲਾਬ ਸਿਰਜ ਦਿੰਦੇ ਹਨ।

ਦੁਨੀਆਂ ਦੇ ਚੌਧਰੀ ਅਤੇ ਵਿਦਵਾਨ ਅੱਖਾਂ ਟੱਡੀ ਦੇਖਦੇ ਹੀ ਰਹਿ ਜਾਂਦੇ ਹਨ। ਵਰਤਮਾਨ ਸਮੇਂ ਦੇਸ਼ ਦਾ ਮੀਡੀਆ  ਚਲਾਊ ਚਲਾਕ ਅਤੇ ਸਿਆਣਾ ਅਖਵਾਉਂਦਾ ਵਰਗ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਸਿਆਣੇ ਅਖਵਾਉਂਦੇ ਵਿਸ਼ਲੇਸ਼ਣਕਾਰ ਸਮਝ ਹੀ ਨਹੀਂ ਸਕੇ ਕਿ ਦਿੱਲੀ ਦੇ ਆਮ ਲੋਕ ਕਿਹੜਾ ਇਨਕਲਾਬ ਕਰਨ ਜਾ ਰਹੇ ਹਨ। ਇਸ ਤਰ੍ਹਾਂ ਹੀ ਮੋਦੀ ਸਾਹਿਬ ਨੂੰ ਪਰਧਾਨ ਮੰਤਰੀ ਬਣਨ ਯੋਗਾ ਬਹੁਮੱਤ ਦੇਣ ਸਮੇਂ ਵੀ ਲੋਕਾਂ ਨੇ ਇਹੋ ਇਨਕਲਾਬ ਦਿੱਤਾ ਸੀ।

ਅਸਲ ਵਿੱਚ ਲੋਕ ਉਹ ਖੁਦਾ ਹੁੰਦੇ ਹਨ, ਜੋ ਇਨਕਲਾਬਾਂ ਦੇ ਦਾਅਵੇ ਕਰਨ ਵਾਲਿਆਂ ਦੇ ਸੱਚ ਨੂੰ ਨੰਗਾਂ ਕਰਨ ਲਈ ਆਪਣੀ ਬਿਛਾਤ ਵਛਾ ਦਿੰਦੇ ਹਨ । ਮੋਦੀ ਅਤੇ ਕੇਜਰੀਵਾਲ ਨੂੰ ਪੂਰਨ ਬਹੁਮੱਤ ਦੇਕੇ ਫਸਾ ਦਿੱਤਾ ਹੈ ਕਿ ਲਉ ਤੁਸੀਂ ਹੁਣ ਆਪਣੇ ਵਾਅਦੇ ਪੂਰੇ ਕਰਕੇ ਦਿਖਾਉ ਪਰ ਇਹ ਦੋਨੋਂ ਆਗੂ ਹੁਣ ਲੋਕਾਂ ਦੇ ਬਹੁਮੱਤ ਦੇ ਜਾਲ ਵਿੱਚ ਫਸੇ ਹੋਏ ਬਾਘੜ ਬਿੱਲੇ ਬਣ ਗਏ ਹੋਏ ਝਾਕ ਰਹੇ ਹਨ ਕਿ ਹੁਣ ਅਸੀਂ ਕਿਵੇ ਨਿਕਲੀਏ ਇਸ ਜਾਲ ਵਿੱਚੋਂ । ਇਸ ਜਾਲ ਦਾ ਭਾਵ ਹੈ ਕਿ ਪੂਰਨ ਬਹੁਮੱਤ ਵਿੱਚ ਬੀਜੇਪੀ ਦਾ ਰਾਮ ਮੰਦਰ ਬਨਾਉਣ ਦਾ ਦਾਅਵਾ ਝੂਠਾ ਪੈ ਰਿਹਾ ਹੈ। ਮੋਦੀ ਦਾ ਕਾਲਾ ਧਨ ਲਿਆਉਣ ਦਾ ਦਾਅਵਾ ਹਵਾ ਹੋ ਗਿਆ ਹੈ। ਬਾਕੀ ਹੋਰ ਬੋਲੇ ਹੋਏ ਵੱਡੇ ਝੂਠ ਮੋਦੀ ਅਤੇ ਬੀਜੇਪੀ ਦਾ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਨੂੰ ਕੁਝ ਵੀ ਫਰਕ ਨਹੀਂ ਪੈਂਦਾ ਵਿਕਾਸ ਹੋਵੇ ਨਾ ਹੋਵੇ ਕਿਉਂਕਿ ਇਹਨਾਂ ਤਾਂ ਕੁਦਰਤ ਅਤੇ ਖੁਦਾਈ ਰਹਿਮਤ ਸਹਾਰੇ ਜਿਉਣਾ ਹੈ, ਚਿੰਤਾਂ ਗਰਸਤ ਤਾਂ ਅਮੀਰ ਲੋਕ ਹੁੰਦੇ ਹਨ ਜਿਹਨਾਂ  ਦੀਆਂ ਹਵਸਾਂ ਅਤੇ ਅੱਯਾਸੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਆਮ ਲੋਕ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਹੋਣ ਦੇ ਬਾਵਜੂਦ ਲੀਡਰਾਂ ਦੀ ਸਭ ਕੁਝ ਹੁੰਦੇ ਹੋਏ ਵੀ ਬੇਸ਼ਰਮਾਂ ਵਾਲੀ ਤਰਸਯੋਗ ਹਾਲਤ ਤੇ ਹੱਸ ਰਹੇ ਹਨ।
                             
ਮੋਦੀ ਸਰਕਾਰ ਅਤੇ ਇਸਦੇ ਦੂਸਰੇ ਸਿਪਾਹ ਸਲਾਰਾਂ ਦੀ ਹੰਕਾਰੀ ਸੋਚ ਨੂੰ ਬੰਨ ਲਾਉਣ ਵਾਸਤੇ ਇੱਕ ਹੋਰ ਬੜਬੋਲੇ ਕੇਜਰੀਵਾਲ ਨੂੰ ਨੰਗਾਂ ਕਰਨ ਦੀ ਮੁਹਿੰਮ ਆਮ ਲੋਕਾਂ ਨੇ ਦਿੱਲੀ ਚੋਣ ਦੇ ਨਤੀਜਿਆਂ ਰਾਹੀਂ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਭੇਸ ਵਿੱਚ ਅੰਨਾਂ ਹਜ਼ਾਰੇ ਵਰਗੇ ਸਾਫ ਦਿਲ ਬਜ਼ੁਰਗ ਦੇ ਮੋਢਿਆਂ ਤੇ ਚੜਕੇ ਕੁਰਸੀ ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਧੋਖੇਬਾਜ਼ ਕੇਜਰੀਵਾਲ ਦੇ ਬੋਲੇ ਹੋਏ ਝੂਠ ਨੂੰ ਸੱਚ ਕਰਨ ਦੀ ਚੁਣੌਤੀ ਪੂਰੀ ਕਰਨ ਦੀ ਕਸਵੱਟੀ ਤਿਆਰ ਕਰ ਦਿੱਤੀ ਹੈ, ਜਿਸ ਲਈ ਕੇਜਰੀਵਾਲ ਨੂੰ ਆਸ ਹੀ ਨਹੀਂ ਸੀ । ਬਹੁਮੱਤ ਨਾ ਹੋਣ ਦੇ ਦਾਅਵੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਨ ਵਾਲੇ ਕੇਜਰੀਵਾਲ ਅਤੇ ਚਾਰ ਜਾਣਿਆਂ ਦੀ ਚੌਕੜੀ ਹੁਣ ਉਹਨਾਂ ਦੇ ਬੋਲੇ ਹੋਏ ਸਬਦਾਂ ਤੇ ਕਾਇਮ ਰਹਿਣ ਨੂੰ ਕਹਿਣ ਵਾਲਿਆਂ ਯੋਗੇਦਰ ਯਾਦਵ ਅਤੇ ਦੋਨੋਂ ਭੂਸਣਾਂ ਨੂੰ ਵੀ ਪਾਰਟੀ ਤੋਂ ਦੂਰ ਕਰਨ ਦੀਆਂ ਸਕੀਮਾਂ ਲੜਾ ਰਹੇ ਹਨ, ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਲੋਕਾਂ ਦੇ ਵੀ ਅੱਖਾਂ ਅਤੇ ਕੰਨ ਹੁੰਦੇ ਹਨ, ਜੋ ਸੁਣ ਅਤੇ ਵੇਖ ਰਹੇ ਹਨ। ਹੁਣ ਲੋਕਪਾਲ ਅਤੇ ਜੋਕਪਾਲ ਦਾ ਫਰਕ ਕਿਉਂ ਧੁੰਦਲਾ ਹੋ ਰਿਹਾ ਹੈ।

ਦਿੱਲੀ ਛੱਡੋ ਪਾਰਟੀ ਦਾ ਲੋਕਪਾਲ ਹੀ ਕਿਉਂ ਚੀਕਦਾ ਫਿਰਦਾ ਹੈ। ਆਮ ਲੋਕਾਂ ਫਿਰ ਹੱਸ ਰਹੇ ਹਨ, ਕਿਉਂਕਿ ਇਹ ਲੋਕ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਬੋਲ ਪੂਰੇ ਕਰ ਰਹੇ ਹਨ ਕਿ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸ਼ਾ। ਆਮ ਲੋਕ ਕਦੇ ਖੁਦ ਤਮਾਸ਼ਾ ਨਹੀਂ ਕਰਦੇ ਹੁੰਦੇ ਇਹ ਤਾਂ ਤਮਾਸ਼ਾ ਕਰਨ ਦਾ ਦਅਵਾ ਕਰਨ ਵਾਲਿਆਂ ਦਾ ਵੀ ਤਮਾਸ਼ਾ ਬਣਾ ਦਿੰਦੇ ਹਨ । ਅਨੰਤ ਖੁਦਾ ਅਤੇ ਕੁਦਰਤ ਦੇ ਦਾਸ ਲੋਕ ਤਮਾਸ਼ਾ ਬਣੇ ਨੇਤਾਵਾਂ ਦਾ ਤਮਾਸ਼ਾ ਹੀ ਵੇਖਦੇ ਹਨ। ਵਿਕਾਸ ਨਾਂ ਦਾ ਪੰਛੀ ਅਮੀਰਾਂ ਅਤੇ ਲਾਲਸਾਵਾਦੀ ਭੁੱਖੇ ਬੇਸਬਰੇ ਲੋਕਾਂ ਦੀ ਖੇਡ ਹੈ ਆਮ ਲੋਕ ਤਾਂ ਧਰਤੀ ਦੇ ਦੂਜੇ ਜਾਨਵਰਾਂ ਪਸ਼ੂ ਪੰਛੀਆਂ ਵਾਂਗ ਜੀਵਨ ਜਿਉਂਦੇ ਹਨ, ਸੋ ਉਹਨਾਂ ਨੂੰ ਤਾਂ ਇਸ ਵਿਕਾਸ ਨੇ ਕਦੇ ਸੁੱਖ ਨਹੀਂ ਦਿੱਤਾ। ਜਿਸ ਤਰ੍ਹਾਂ ਵਿਕਾਸਵਾਦੀ ਲੋਕਾਂ ਦੀ ਬਦੌਲਤ ਪੰਜਾਬ ਵਿੱਚੋਂ ਪਸ਼ੂ ਪੰਛੀ ਕਿੱਕਰਾਂ ਬੇਰੀਆਂ ਆਦਿ ਦਰੱਖਤ ਛੱਡ ਕੇ ਭੱਜ ਰਹੇ ਹਨ ਇਸ ਤਰ੍ਹਾਂ ਹੀ ਅਮੀਰਾਂ ਦੀਆਂ ਬਸਤੀਆਂ ਵਿੱਚੋਂ ਗਰੀਬ ਲੋਕ ਭੱਜ ਜਾਂਦੇ ਹਨ ਦੂਸਰੇ ਇਲਾਕਿਆਂ ਵੱਲ ਜਾਂ ਕੁਦਰਤ ਦੀ ਗੋਦ ਵਿੱਚ ਮੌਤ ਦੀ ਝੋਲੀ ਜਾ ਡਿੱਗਦੇ ਹਨ, ਬਿਨਾਂ ਕਿਸੇ ਇਲਾਜ ਦੇ ਬਿਨਾਂ ਕਿਸੇ ਕੋਸ਼ਿਸ਼ ਦੇ ਕਿਉਂਕਿ  ਇਹ ਮਹਿੰਗੇ ਇਲਾਜ ਜਾਂ ਪਰਬੰਧ ਤਾਂ ਅਮੀਰਾਂ ਲੁਟੇਰਿਆਂ ਠੱਗਾਂ ਰਾਜਨੀਤਕਾਂ ਦਾ ਜੋ ਮੌਤ ਤੋਂ ਡਰਦੇ ਹਨ ਦਾ ਹੀ ਰਾਹ ਹੈ। ਆਮ ਬੰਦਾਂ ਤਾਂ ਹਮੇਸਾਂ ਅਨੰਤ ਖੁਦਾ ਅਤੇ ਕੁਦਰਤ ਦੇ ਰਹਿਮ ਤੇ ਹੀ ਜਿਉਂਦਾ ਹੈ ,ਜਿਉਂਦਾ ਰਹੇਗਾ। ਅਮੀਰ ਲੋਕ ਆਪਣੇ ਮਾਇਆਂ ਦੇ ਪਹਾੜ ਖੜੇ ਕਰਨ ਲਈ ਆਮ ਲੋਕਾਂ ਦੀਆਂ ਬਸਤੀਆਂ ਵੱਲ ਉਹਨਾਂ ਦੀ ਕਿਰਤ ਲੁੱਟਣ ਲਈ ਸਦਾ ਭੱਜਦੇ ਰਹਿਣਗੇ। ਖੁਦਾ ਰੂਪੀ ਨਿਰਵੈਰ ਆਮ ਲੋਕ ਆਪਣੀਆਂ ਜਾਨਾਂ ਅਤੇ ਕਰਮਾਂ ਦੀ ਬਲੀ ਦੇਕੇ ਵੀ ਅਮੀਰਾਂ ਦਾ ਤਮਾਸ਼ਾ ਸਦਾ ਬਣਾਈ ਰੱਖਣਗੇ।
                    
ਹੇ ਦੁਨੀਆਂ ਦੇ ਚਲਾਕ ,ਸਿਆਣੇ, ਵਿਦਵਾਨ , ਅਮੀਰ, ਪਰਾਈ ਕਿਰਤ ਲੁੱਟਕੇ, ਧੋਖੇਬਾਜ਼ ਲੋਕੋ, ਸਿਆਸਤਦਾਨੋਂ ਆਮ ਲੋਕ ਖੁਦਾ ਦਾ ਰੂਪ ਹੁੰਦੇ ਹਨ, ਇਹ ਗੁਰੂ ਨਾਨਕ ਦੇ ਨਿਰਵੈਰ, ਕਰਤਾ ਪੁਰਖ, ਅਜੂਨੀ, ਆਪਣੇ ਆਪ ਤੋਂ ਬਣੇ ਹੋਏ ਹਨ ਅਤੇ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਦਾ ਮੁਸੱਜਮਾ ਹਨ, ਸੋ ਇਹਨਾਂ ਨਾਲ ਧੋਖਾ ਕਰਨ ਦੀ ਗਲਤੀ ਨਾਂ ਕਰਿਉ ਕਿਉਂਕਿ ਇਹ ਉਹ ਕੁੱਝ ਵੀ ਕਰ ਸਕਦੇ ਹਨ, ਜੋ ਤੁਸੀਂ ਕਦੇ ਵੀ ਸਮਝ ਨਹੀਂ ਸਕਦੇ। ਕੁਦਰਤ ਅਤੇ ਕੁਦਰਤ ਦੇ ਬੰਦਿਆਂ ਭਾਵ ਆਮ ਲੋਕਾਂ ਨਾਲ ਖੇਡਣ ਵਾਲਾ ਇੱਕ ਦਿਨ ਆਪਣੇ ਆਪ ਨਾਲ ਹੀ ਖੇਡ ਕੇ ਰਹਿ ਜਾਂਦਾ ਹੈ। ਆਮ ਲੋਕ ਸਦਾ ਕਰਾਂਤੀਆਂ ਦਾ ਨਾਇਕ ਸੀ , ਹੈ ਅਤੇ ਰਹੇਗਾ।

ਅਕਲਾਂ ਦੇ ਘੋੜੇ ਤੇ ਚੜਨ ਵਾਲਿਉ ਕਦੀ ਗਿਆਨ ਦੀ ਅੱਖ ਖੋਲ ਕੇ ਵੇਖਿਉ ਤਦ ਤੁਹਾਨੂੰ ਖਾਸ ਲੋਕ ਗੱਦਾਰ ਅਤੇ ਆਮ ਲੋਕ ਖੁਦਾ ਰੂਪ ਦਿਖਾਈ ਦੇਣਗੇ। ਜਿਹੜਾ ਮਨੁੱਖ ਆਮ ਲੋਕਾਂ ਤੋਂ ਇੱਜ਼ਤ ਪਰਾਪਤ ਕਰ ਜਾਵੇ ਉਹ ਸਦਾ ਲਈ ਜਿਉਂਦਾ ਹੋ ਜਾਂਦਾ ਹੈ, ਦਿੱਲੀ ਦੇ ਚਾਂਦਨੀ ਚੌਕ ਦੀ ਗੁਰੂ ਤੇਗ ਬਹਾਦਰ ਦੀ ਯਾਦਗਾਰ ਗੁਰੂ ਘਰ ਵਿੱਚੋਂ ਹਜ਼ਾਰਾਂ ਲੋਕ ਪੇਟ ਭਰਕੇ ਨਿਕਲਦੇ ਹਨ, ਪਰ ਉਸਦੇ ਸਾਹਮਣੇ ਔਰੰਗਜੇਬ ਅਤੇ ਅਨੇਕਾਂ ਦੂਸਰੇ ਸਿਆਸਤਦਾਨਾਂ ਦੀ ਹਵਸ ਦੀ ਨਿਸਾਨੀ ਲਾਲ ਕਿਲਾ ਕਿਸੇ ਦਾ ਪੇਟ ਨਹੀਂ ਭਰਦਾ ਇਸਦੀ ਉਦਾਹਰਣ ਹੈ। ਆਮ ਲੋਕਾਂ ਦੇ ਤਿਰਸਕਾਰ ਦਾ ਅਤੇ ਸਿਆਸਤਦਾਨਾਂ ਦੀ ਲਲਚਾਈ ਅੱਖ ਦਾ ਲਾਲ ਕਿਲ੍ਹਾ ਉਹਨਾਂ ਦੀ ਦਿਮਾਗੀ ਸੋਚ ਅਤੇ ਸਮਝ ਦਾ ਵਿਖਾਵਾ ਹੈ। ਇਹੋ ਫਰਕ ਹੈ ਆਮ ਲੋਕਾਂ ਅਤੇ ਦੁਨੀਆਂ ਦੇ ਸਿਆਣੇ ਲੋਕਾਂ ਦਾ ਕਿਉਂਕਿ ਸਿਆਣੇ ਆਮ ਲੋਕ ਸੀਸਗੰਜ ਸਿਰ ਨਿਵਾਉਂਦੇ ਹਨ ਅਤੇ ਰੱਜਕੇ ਨਿਕਲਦੇ ਹਨ ਦੁਨੀਆਂ ਦੇ ਸਿਆਸਤਦਾਨ ਅਤੇ ਲਾਲਸਾਵਾਦੀ ਲੋਕ ਲਾਲ ਕਿਲੇ ਵਿੱਚ ਜਾਣਾ ਲੋਚਦੇ ਹਨ ਅਤੇ ਭੁੱਖੇ ਹੋਕੇ ਨਿਕਲਦੇ ਹਨ।

ਸੰਪਰਕ: +91 94177 27245  

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ