Wed, 04 December 2024
Your Visitor Number :-   7275310
SuhisaverSuhisaver Suhisaver

ਅਰਜਨਟੀਨਾ ਵਿੱਚ ਔਰਤਾਂ ਉਪਰ ਵੱਧ ਰਹੀ ਘਰੇਲੂ ਹਿੰਸਾ ਅਤੇ ਇਸ ਖਿਲਾਫ ਹੋ ਰਹੀ ਲਾਮਬੰਦੀ -ਮਨਦੀਪ

Posted on:- 11-11-2015

suhisaver

ਬਹੁਕੌਮੀ ਸਾਮਰਾਜੀ ਕੰਪਨੀਆਂ ਦੁਆਰਾ ਲੁੱਟੇ ਪੁੱਟੇ ਗਏ ਲਾਤੀਨੀ ਅਮਰੀਕੀ ਦੇਸ਼ਾਂ ਵਿਚੋਂ ਅਰਜਨਟੀਨਾ ਇਕ ਅਜਿਹਾ ਦੇਸ਼ ਹੈ ਜਿੱਥੋਂ ਦੇ ਬੇਥਾਹ ਕੁਦਰਤੀ ਖਣਿਜ ਪਦਾਰਥਾਂ ਨੂੰ ਅੱਜ ਵੀ ਅਮਰੀਕੀ ਸਾਮਰਾਜੀ ਨਿਚੋੜ ਰਹੇ ਹਨ। ਇਹ ਉਨ੍ਹਾਂ ਲਾਤੀਨੀ ਅਮਰੀਕੀ ਮੁਲਕਾਂ ਦੀ ਲੜੀ ਵਿਚੋਂ ਇਕ ਮੁਲਕ ਹੈ ਜੋ ਨਵਉਦਾਰਵਾਦੀ ਨੀਤੀਆਂ ਦੇ ਝੰਡਾਬਰਦਾਰ ਅਮਰੀਕੀ ਅਰਥਸ਼ਾਸ਼ਤਰੀਆਂ ਦੀ ਮੁੱਢਲੀ ਲਿਸਟ ਵਿੱਚ ਸ਼ੁਮਾਰ ਸੀ। ਕਰੀਬ ਅੱਧੀ ਸਦੀ ਪਹਿਲਾਂ ਇਹ ਮੁਲਕ ਉਜਾੜਾਪਾਊ ਪੂੰਜੀਵਾਦੀ ਨਵਉਦਾਰਵਾਦੀ ਨੀਤੀਆਂ ਦੀ ਪ੍ਰਯੋਗਸ਼ਾਲਾ ਬਣ ਗਏ ਸਨ। ਇਨ੍ਹਾਂ ਮੁਲਕਾਂ ਅੰਦਰ ਵਿਕਾਸ ਅਤੇ ਰੁਜਗਾਰ ਦੇ ਨਾਮ ਹੇਠ ਤੇਜ਼ੀ ਨਾਲ ਲੋਕ ਵਿਰੋਧੀ ਕਾਨੂੰਨੀ ਸੋਧਾਂ ਕੀਤੀਆਂ ਗਈਆਂ।

ਖੱਬੇਪੱਖੀ ਤੇ ਜਮਹੂਰੀ ਤਾਕਤਾਂ ਦਾ ਹਰ ਹਰਬਾ ਵਰਕੇ ਮੂੰਹ ਬੰਦ ਕਰਵਾ ਦਿੱਤਾ ਗਿਆ। ਲੋਕ ਕਲਿਆਣ ਦੀਆਂ ਚੰਦ ਕੁ ਬਦਲਵੀਆਂ ਸਹੂਲਤਾਂ ਦੇ ਕੇ (ਜਿਵੇਂ ਕਿ ਇਕ ਨਿਸ਼ਚਿਤ ਰਕਮ ਦੀ ਅਦਾਇਗੀ ਕਰਕੇ ਸਿਹਤ, ਸਿੱਖਿਆ, ਪਾਣੀ ਆਦਿ ਦੀ ਮੁਫਤ ਸਹੂਲਤ) ਦੇਸ਼ ਦੇ ਲੋਕਾਂ ਦੀ ਕਿਰਤ ਸ਼ਕਤੀ ਅਤੇ ਕੁਦਰਤੀ ਖਣਿਜ਼ ਸ੍ਰੋਤਾਂ ਦੀ ਅੰਨੀ ਲੁੱਟ ਕੀਤੀ ਗਈ ਜੋ ਅੱਗੇ ਜਾਰੀ ਹੈ।

ਅੱਜ ਇਹਨਾਂ ਦੇਸ਼ਾਂ ਦੇ ਲੋਕਾਂ ਦੀ ਨਿਰਭਰਤਾ ਪੂਰੀ ਤਰ੍ਹਾਂ ਕੌਮੀ ਅਤੇ ਬਹੁਕੌਮੀ ਕੰਪਨੀਆਂ ਦੁਆਰਾ ਤਿਆਰ ਮਾਲ ਉਪਰ ਬਣੀ ਹੋਈ ਹੈ। ਨਵਉਦਾਰਵਾਦੀ ਆਰਥਿਕਤਾ ਦੇ ਜੋ ਘਿਣਾਉਣੇ ਵਿਗਾੜ ਹੁੰਦੇ ਹਨ ਉਨ੍ਹਾਂ ਨੂੰ ਇੱਥੇ ਸਪੱਸ਼ਟ ਵੇਖਿਆ ਜਾ ਸਕਦਾ ਹੈ। ਇਨ੍ਹਾਂ ਮੁਲਕਾਂ ਦੀ ਆਰਥਿਕ ਸਮਾਜਿਕ ਦਸ਼ਾ ਵੇਖਕੇ ਭਵਿੱਖ ਦੇ ਭਾਰਤ ਦੇ ਕੁਝ ਕੁਝ ਦਰਸ਼ਨ ਕੀਤੇ ਜਾ ਸਕਦੇ ਹਨ।

ਅਰਜਨਟੀਨਾ ਵਿਚ ਔਰਤਾਂ ਉਪਰ ਉਸ ਕਿਸਮ ਦਾ ਜਾਤੀ ਪਾਤੀ, ਧਾਰਮਿਕ, ਜਗੀਰੂ ਦਾਬਾ ਤਾਂ ਨਹੀਂ ਹੈ ਜੋ ਭਾਰਤੀ ਔਰਤਾਂ ਉਪਰ ਹੈ ਪ੍ਰੰਤੂ ਇਥੇ ਪੂੰਜੀਵਾਦੀ ਪ੍ਰਬੰਧ ਦੀ “ਅਜ਼ਾਦੀ” ਨੇ ਔਰਤ ਦਾ ਪੂਰੀ ਤਰ੍ਹਾਂ ਜਿਣਸੀਕਰਨ ਕਰ ਦਿੱਤਾ ਹੈ। ਔਰਤ ਮਹਿਜ ਮਰਦ ਦੁਆਰਾ ਭੋਗਣ ਦੀ ਵਸਤੂ ਬਣ ਗਈ ਹੈ। ਸੈਕਸ ਟੂਰਿਸਟ ਪਲੇਸ ਅੰਦਰ ਔਰਤ ਦੀ ਜੋ ਸਥਿਤੀ ਹੁੰਦੀ ਹੈ ਉਹ ਇਥੇ ਲਗਭਗ ਹਰ ਘਰ ਵਿੱਚ ਬਣੀ ਹੋਈ ਹੈ। ਇਸਦੇ ਨਾਲ ਹੀ ਇੱਥੇ ਔਰਤਾਂ ਪ੍ਰਾਇਵੇਟ ਕੰਪਨੀਆਂ ਲਈ ਸਸਤੀ ਲੇਬਰ ਦਾ ਵੀ ਸਾਧਨ ਹਨ।

ਅਰਜਨਟੀਨਾ ਵਿਚ ਪਿਛਲੇ ਅਰਸੇ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ’ਚ ਵਾਧਾ ਦਰਜ ਹੋਣਾ ਸ਼ੁਰੂ ਹੋਇਆ ਹੈ। ਇਕ ਔਰਤ ਮੰਤਰੀ ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਰਜਨਟੀਨਾ ਵਿਚ ਲਗਭਗ ਹਰ 36 ਘੰਟੇ ਬਾਅਦ ਇਕ ਔਰਤ ਦਾ ਕਤਲ ਹੋ ਰਿਹਾ ਹੈ। ਉਸਨੇ ਕਿਹਾ ਹੈ ਕਿ ਅਰਜਨਟੀਨਾ ’ਚ 2014 ਵਿੱਚ 270 ਔਰਤਾਂ ਦੇ ਕਤਲ ਹੋਏ ਸਨ ਅਤੇ ਸਤੰਬਰ 2015 ਤੱਕ ਔਰਤਾਂ ਉਪਰ ਹਿੰਸਾ ਦੇ 51,000 ਕੇਸ ਦਰਜ ਹੋਏ ਸਨ। ਪਿਛਲੇ ਦਿਨੀਂ ਅਕਤੂਬਰ ਮਹੀਨੇ ਵਿੱਚ ਇਕ ਔਰਤ ਕਾਰਕੁੰਨ ਦਿਆਨਾ ਸਾਕਾਯਾਨ ਅਤੇ 9 ਹੋਰ ਔਰਤਾਂ ਦੇ ਕਤਲ ਨੇ ਔਰਤ ਉਪਰ ਵੱਧ ਰਹੇ ਲਿੰਗਕ ਹਿੰਸਾ ਦੇ ਮਾਮਲੇ ਨੂੰ ਬਹਿਸ ਅਤੇ ਪ੍ਰਤੀਕਰਮ ਦੇ ਏਜੰਡੇ ਤੇ ਲਿਆਂਦਾ। ਔਰਤਾਂ ਉਪਰ ਵੱਧ ਰਹੀ ਹਿੰਸਾ ਖਿਲਾਫ NiUnaMenos (Not one less woman) ਨਾਮ ਦੇ ਇਕ ਥੜੇ ਵਲੋਂ ਬੀਤੇ ਦਿਨੀਂ ਅਰਜਨਟੀਨਾ ਦੀ ਰਾਜਧਾਨੀ ਬੋਏਨਸ ਏਅਰ ਅਤੇ ਤੁਕੂਮਾਨ, ਮੈਨਦੋਸਾ ਤੇ ਰੋਸਾਰਿਓ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਸੰਸਥਾਂ ਦੇ ਮਰਦਾਂ ਵੱਲੋਂ ਸਕਰਟਾਂ ਪਹਿਣ ਕੇ ਔਰਤ ਉਪਰ ਵੱਧ ਰਹੀ ਘਰੇਲੂ ਅਤੇ ਲਿੰਗਕ ਹਿੰਸਾ ਦਾ ਵਿਰੋਧ ਕੀਤਾ ਗਿਆ। ਇਸ ਸਮੇਂ ਸਰਕਾਰ ਨੇ ਵਿਸ਼ਵਾਸ ਦਵਾਇਆ ਕਿ ਔਰਤਾਂ ਦੇ ਮਨੁੱਖੀ ਅਧਿਕਾਰਾਂ ਤੇ ਨਿਆਂ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ 2009 ’ਚ ਔਰਤਾਂ ਦੀ ਸੁਰੱਖਿਆ ਤੇ ਨਿਆਂ ਲਈ ਬਣਾਏ ਗਏ ਕਾਨੂੰਨ ਵਿਚ ਸਮਾਜਿਕ ਤੇ ਨਾਰੀਵਾਦੀ ਸੰਸਥਾਵਾਂ ਦੀ ਮੱਦਦ ਨਾਲ ਜ਼ਰੂਰੀ ਸੋਧਾਂ ਕੀਤੀਆਂ ਜਾਣਗੀਆਂ।

ਇਹ ਸੰਘਰਸ਼ ਨਾਰੀਵਾਦੀ ਸੰਗਠਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਰਾਹੀਂ ਕੁਝ ਕਾਨੂੰਨੀ ਸੋਧਾਂ ਕਰਵਾ ਕੇ ਔਰਤਾਂ ਦੀ ਸਥਿਤੀ ਵਿੱਚ ਵਕਤੀ ਰਾਹਤ ਤਾਂ ਹਾਸਲ ਕੀਤੀ ਜਾ ਸਕਦੀ ਹੈ ਪਰੰਤੂ ਇਸਨੇ ਔਰਤ ਦੀ ਲੁੱਟ, ਜਬਰ ਤੇ ਹਿੰਸਾ ਤੋਂ ਸਥਾਈ ਮੁਕਤੀ ਨਹੀਂ ਕਰਨੀ। ਕਿਉਂਕਿ ਔਰਤ ਦੀ ਇਹ ਬਦਤਰ ਹਾਲਤ ਅਰਜਨਟੀਨਾ ਦੇ ਸਾਮਰਾਜੀ ਪਿੱਠੂ ਸਰਮਾਏਦਾਰਾ ਪ੍ਰਬੰਧ ਦੀ ਦੇਣ ਹੈ। ਇਹ ਦੇਸ਼ ਦੀਆਂ ਆਰਥਿਕ ਸਿਆਸੀ ਪ੍ਰਸਥਿਤੀਆਂ ਹੀ ਹਨ ਜੋ ਔਰਤ ਦੀ ਸਮਾਜਿਕ ਤੇ ਪਰਿਵਾਰਕ ਦਸ਼ਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਦੂਜੇ ਪਾਸੇ ਅਰਜਨਟੀਨਾ ਵਿਚ ਦੇਸ਼ੀ ਵਿਦੇਸ਼ੀ ਲੁਟੇਰਿਆਂ ਦੁਆਰਾ ਕੀਤੀ ਲੁੱਟ ਨੇ ਜਮਾਤੀ ਧਰੁਵੀਕਰਨ ਤਾਂ ਜ਼ਰੂਰ ਕੀਤਾ ਹੈ ਪਰ ਇਸ ਦੇ ਨਾਲ ਹੀ ਕਮਿਊਨਿਸਟ ਲਹਿਰ ਅਤੇ ਮਜ਼ਦੂਰ ਜਮਾਤ ਦੀ ਜਮਾਤੀ ਚੇਤੰਨਾ ਤੇ ਲਾਮਬੰਦੀ ਵੀ ਬੁਰੀ ਤਰ੍ਹਾਂ ਕਮਜੋਰ ਹੋਈ ਹੈ। ਜਿਨ੍ਹਾਂ ਇਨਕਲਾਬੀ ਕਮਿਊਨਿਸਟ ਤਾਕਤਾਂ ਕੋਲੋਂ ਔਰਤ ਦੀ ਮੁਕਤੀ ਦੀ ਆਸ ਕੀਤੀ ਜਾ ਸਕਦੀ ਹੈ ਉਹਨਾਂ ਦੀ ਹਾਲਤ ਆਟੇ ’ਚ ਲੂਣ ਬਰਾਬਰ ਵੀ ਨਹੀਂ ਹੈ।

ਅਸੀਂ ਅਰਜਨਟੀਨਾ ਵਿੱਚ ਔਰਤ ਦੀ ਮਾੜੀ ਸਥਿਤੀ ਦੀ ਕੇਵਲ ਨਿਖੇਧੀ ਹੀ ਕਰ ਸਕਦੇ ਹਾਂ ਜੋ ਕਰਨੀ ਜ਼ਰੂਰੀ ਵੀ ਹੈ ਪਰ ਸਾਡੇ ਕੋਲ ਭਾਰਤ ਵਿਚ ਔਰਤਾਂ ਨੂੰ ਜੱਥੇਬੰਦ ਕਰਨ, ਉਨ੍ਹਾਂ ਨੂੰ ਚੇਤੰਨ ਕਰਨ ਅਤੇ ਸੰਘਰਸ਼ਾਂ ਦੇ ਰਾਹ ਤੋਰਨ ਦੇ ਬਹੁਤ ਵਸੀਲੇ ਹਨ। ਇਨ੍ਹਾਂ ਮੁਲਕਾਂ ਦੇ ਮੁਕਾਬਲੇ ਇਨਕਲਾਬੀ ਕਮਿਊਨਿਸਟ ਲਹਿਰ ਦੀ ਹਾਲਤ ਵੀ ਬਿਹਤਰ ਹੈ। ਇਨ੍ਹਾਂ ਮੁਲਕਾਂ ਦੇ ਮੁਕਾਬਲੇ ਜ਼ਿਆਦਾਤਰ ਭਾਰਤੀ ਕਿਰਤੀ ਲੋਕਾਂ ਦੀ ਮਾਨਸਿਕਤਾ ਦਾ ਬਜ਼ਾਰੀਕਰਨ ਵੀ ਨਹੀਂ ਹੋਇਆ। ਇਨ੍ਹਾਂ ਹਾਲਤਾਂ ਦਾ ਲਾਹਾ ਲੈਣ ਦੀ ਜ਼ਰੂਰਤ ਹੈ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ