Sun, 13 October 2024
Your Visitor Number :-   7232288
SuhisaverSuhisaver Suhisaver

ਕੀ ਕਹਿੰਦੇ ਹਨ ਪੰਜਾਬ ਦੇ 13 ਸੰਸਦੀ ਹਲਕੇ?- ਜਸਪ੍ਰੀਤ ਸਿੰਘ

Posted on:- 16-05-2019

suhisaver

ਆਪਣੀ ਮੱਠੀ ਕਾਰਗੁਜ਼ਾਰੀ ਦੇ ਬਾਵਜੂਦ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਸੂਬੇ ਦੀਆਂ 13 ਦੀਆਂ 13 ਸੀਟਾਂ 'ਤੇ ਮਜਬੂਤ ਸਥਿਤੀ ਵਿੱਚ ਹੈ। ਜਾਂ ਪਾਰਟੀ ਜਿੱਤੇਗੀ ਜਾਂ ਦੂਸਰੇ ਨੰਬਰ 'ਤੇ ਰਹੇਗੀ, ਹਾਲਾਕਿਂ ਤਕਰੀਬਨ 7 ਸੀਟਾਂ 'ਤੇ ਤਾਂ ਜਿੱਤ ਯਕੀਨੀ ਨਜ਼ਰ ਆ ਰਹੀ ਹੈ, ਪ੍ਰੰਤੂ 23 ਮਈ ਤੋਂ ਪਹਿਲਾ ਅਜਿਹੀ ਟਿੱਪਣੀ ਕਰਨਾ ਨਾਗਵਾਰਾ ਹੈ। ਦੇਖਿਆ ਜਾਵੇ ਤਾਂ ਇਹ ਸਮੀਕਰਨ ਸਾਲ 2004 ਦੀਆਂ ਲੋਕ ਸਭਾ ਚੋਣਾ ਤੋਂ ਬਿਲਕੁਲ ਅਲਾਇਦਾ ਹਨ ਜਦੋਂ ਸੂਬੇ 'ਚ ਓਸ ਵੇਲੇ ਦੀ ਕੈਪਟਨ ਸਰਕਾਰ ਦੀ ਪਾਰਟੀ 13 ਵਿੱਚੋਂ 11 ਸੀਟਾਂ ਹਾਰ ਗਈ ਸੀ। ਹੋਰ ਵੀ ਕਈ ਸੂਬਿਆਂ ਵਿੱਚ ਰਾਜ ਕਰਦੀ ਪਾਰਟੀ ਜ਼ਿਮਨੀ ਚੋਣ ਜਾਂ ਬਾਕੀ ਚੋਣਾਂ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣ  ਵਿੱਚ ਕਾਮਯਾਬ ਨਹੀਂ ਰਹਿੰਦੀ।

ਜੇਕਰ ਜਜ਼ਬਾਤੀ ਪੰਜਾਬੀਆਂ ਦੇ ਭਾਵਾਂ ਅਤੇ ਵਿਸ਼ੇਸ਼ ਕਰ ਅੇਨਆਰਆਈ ਸਮੱਰਥਕਾਂ ਦੀ ਗੱਲ੍ਹ ਕਰੀਏ ਤਾਂ ਇਸ ਮਰਤਬਾ ਸੁੱਖਪਾਲ ਖਹਿਰਾ, ਬੈਂਸ ਅਤੇ ਸਾਥੀਆਂ ਦੀ ਅਗਵਾਈ ਵਾਲਾ 'ਪੰਜਾਬ ਜਮਹੂਰੀ ਗਠਜੋੜ' ਬਾਜ਼ੀ ਮਾਰਨ ਵਿੱਚ ਕਾਮਯਾਬ ਰਿਹਾ ਹੈ, ਜਿਸ ਵਿੱਚ ਵਿਦੇਸ਼ੀ ਧਰਤੀ 'ਤੇ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਉੱਚੇਚੇ ਤੌਰ'ਤੇ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ 'ਤੇ ਟਿਕੀਆਂ ਹੋਈਆਂ ਹਨ। ਬੀਬੀ ਖਾਲੜਾ ਦਾ ਸਿੱਧਾ ਸਿੱਧਾ ਮੁਕਾਬਲਾ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨਾਲ ਹੈ ਜੋ ਚੰਗੇ ਕਾਰੋਬਾਰ ਅਤੇ ਸਾਫ ਬੋਲ-ਚਾਲ ਦੇ ਚੱਲਦਿਆਂ ਜਿੱਤਣ ਦੇ ਸਮਰੱਥ ਮੰਨਿਆ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਪਾਰਟੀ ਦਾ ਰਿਵਾਇਤੀ ਵੋਟ ਬੈਂਕ ਬਚਾ ਸਕੇਗੀ ਜਾ ਨਹੀਂ ਇਹ ਕਹਿਣਾ ਅਸਮੰਜਸ ਭਰਪੂਰ ਲੱਗ ਰਿਹਾ ਹੈ।


ਪੀਡੀਏ ਗਠਜੋੜ ਖਡੂਰ ਸਾਹਿਬ ਸਮੇਤ ਪਟਿਆਲਾ 'ਤੇ ਬਠਿੰਡਾ ਸੀਟ ਤੋਂ ਵੀ ਪ੍ਰਭਾਵਸ਼ਾਲੀ ਟੱਕਰ ਦੇ ਰਿਹਾ ਹੈ ਅਤੇ ਇਸਦੇ ਨਾਲ ਹੀ ਹੋ ਸਕਦਾ ਆਉਂਦੇ ਦਿਨਾਂ ਵਿੱਚ ਲੁਧਿਆਣਾ ਤੋਂ ਸਿਮਰਜੀਤ ਬੈਂਸ ਵੀ ਕੋਈ ਕ੍ਰਿਸ਼ਮਾ ਦਿਖਾ ਦੇਣ, ਹਾਲਾਕਿਂ ਉੱਥੋ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਕਾਫੀ ਮਜਬੂਤ ਨਜ਼ਰ ਆ ਰਹੇ ਹਨ। ਸਿਮਰਜੀਤ ਬੈਂਸ ਆਪਣੇ ਲਗਾਤਾਰ ਪਾਰਟੀਆਂ ਬਦਲਣ ਦੇ ਤੋਹਮਤ ਤੋਂ ਇਸ ਵਾਰ ਮੁੱਕਤ ਹੋਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੇ ਹਨ ਦੂਸਰਾ ਉਹਨਾਂ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਫਾਇਦਾ ਚੁੱਕਦਿਆਂ ਲੁਧਿਆਣਾ ਦੇ ਵੋਟਰਾਂ ਨੂੰ ਆਪਣੇ ਵੱਲ੍ਹ ਖਿੱਚ ਲਿਆ ਹੈ। ਰਵਨੀਤ ਬਿੱਟੂ ਆਪਣੀ ਵੱਖਰੀ ਕਾਰਜਸ਼ੈਲੀ 'ਤੇ ਪਰਿਵਾਰਕ ਰਾਜਨੀਤੀ ਦੇ ਦਮ'ਤੇ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਜੇ ਗੱਲ੍ਹ ਸ਼ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੀ ਕਰੀਏ ਤਾਂ ਉਨ੍ਹਾਂ ਦੇ ਉਮੀਦਵਾਰ ਹਾਲੇ ਤੱਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਨਜ਼ਰ ਆ ਰਹੇ ਹਨ।

ਲੋਕ ਰੋਅ ਦੇ ਲਾਵੇ'ਚੋਂ ਫੁੱਟੀ ਆਮ ਆਦਮੀ ਪਾਰਟੀ ਮੋਟੇ ਤੌਰ 'ਤੇ ਸੰਗਰੂਰ ਸੀਟ ਤੱਕ ਹੀ ਸੀਮਤ ਹੈ ਜਿੱਥੋਂ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੂਸਰੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਹਨ। ਪਿੱਛਲੇ ਕਾਰਜਕਾਲ ਦੌਰਾਨ ਵੰਡੀਆਂ ਚੰਗੀਆਂ ਗਰਾਂਟਾ ਦੇ ਬਲਬੂਤੇ ਉਹ ਮਜਬੂਤ ਉਮੀਦਵਾਰ ਤਾਂ ਹਨ ਪਰੰਤੂ ਪਾਰਟੀ ਦੇ ਡਿੱਗੇ ਮਿਆਰ 'ਤੇ ਆਪਣੇ ਅਕਸ 'ਤੇ ਲੱਗੇ ਦਾਗਾਂ ਦੇ ਚੱਲਦੇ ਉਨ੍ਹਾਂ ਨੂੰ ਪ੍ਰਚਾਰ ਹੋਰ ਵੀ ਸਿਖਰਲੇ ਮਿਆਰਾਂ ਤੱਕ ਲੈਕੇ ਜਾਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਤੋਂ ਸ ਪਰਮਿੰਦਰ ਸਿੰਘ ਢੀਂਡਸਾ ਪਰਿਵਾਰਿਕ ਫੁੱਟ ਅਤੇ ਪਿੱਛਲੇ ਸਮੇਂ ਦੌਰਾਨ ਪਾਰਟੀ ਦੀ ਹੋਈ ਬਦਖੋਈ ਦੇ ਕਾਰਨ ਕੋਈ ਵੱਡਾ ਦਾਅਵਾ ਕਰਦੇ ਨਹੀਂ ਦਿਖਾਈ ਦੇ ਰਹੇ। ਹਾਲਾਕਿਂ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਮੁੱਖ ਮੰਤਰੀ ਕੈਪਟਨ ਦੇ ਨਾਲ ਆਪਣੀ ਨਜ਼ਦੀਕੀ ਅਤੇ ਪਾਰਟੀ ਦੇ ਮਜਬੂਤ ਕਾਡਰ ਦੀ ਬਦੌਲਤ ਮਾਨ ਨੂੰ ਫਸਵੀਂ ਟੱਕਰ ਦੇ ਰਹੇ ਹਨ।
ਪਿੱਛਲੀ ਸਰਕਾਰ ਵਾਲਾ ਅਕਾਲੀ ਭਾਜਪਾ ਗਠਜੋੜ ਵਿੱਚੋਂ ਗੁਰਦਾਸਪੁਰ ਸੀਟ ਤੋਂ ਭਾਵੇਂ ਬਾਲੀਵੁੱਡ ਤੋਂ ਪੰਜਾਬੀ ਪੁੱਤਰ ਸੰਨੀ ਦਿਉਲ ਨੂੰ ਲਿਆ ਕੇ ਭਾਜਪਾ ਨੇ ਤਰਥੱਲੀ ਮਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸਦੇ ਬਾਵਜੂਦ ਕਾਂਗਰਸ ਪਾਰਟੀ ਵੀ ਆਪਣੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੈਂਬਰੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਪੱਬਾ ਭਾਰ ਹੈ। ਸਾਫ ਅਕਸ 'ਤੇ ਹਲੀਮੀ ਦੇ ਦਮ 'ਤੇ ਜਾਖੜ ਵੀ ਸੀਟ ਤੋਂ ਮਜਬੂਤ ਦਾਅਵੇਦਾਰ ਹਨ ਜਦਕਿ ਫਿਲਮੀ ਸਿਤਾਰਾ ਹੋਣ ਕਾਰਨ ਜਿੱਤਣ ਦੇ ਬਾਅਦ ਗਾਇਬ ਹੋਣ ਦੇ ਦੋਸ਼ 'ਤੇ ਭਾਸ਼ਣ ਕਲਾ ਦੇ ਨਾ ਹੋਣ ਦੇ ਚੱਲਦੇ ਸੰਨੀ ਦਿਉਲ ਦਾ ਬੈਠੇ ਬੈਠੇ ਚੋਣ ਜਿੱਤਣਾ ਸੰਭਵ ਨਹੀਂ।ਇਸਤੋਂ ਇਲਾਵਾ ਆਪ ਪਾਰਟੀ ਵੱਲੋਂ ਗੁਰਦਾਸਪੁਰ ਸੀਟ 'ਤੇ ਖੇਡਿਆ ਦਾਅ ਵੀ ਵੇਖਣ ਵਾਲਾ ਹੋਵੇਗਾ ਜਿੱਥੇ ਕਿ ਇਸਾਈ ਭਾਈਚਾਰੇ ਦੇ ਵੱਡੇ ਵੋਟਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਵੱਲੋਂ ਸਬੰਧਿਤ ਵਰਗ ਨੂੰ ਲੋਕ ਸਭਾ ਜਿਹੀ ਅਹਿਮ ਚੋਣ ਦੀ ਟਿਕਟ ਦਿੱਤੀ ਗਈ ਹੈ। ਭਾਵੇਂ ਮਾਝੇ ਵਿੱਚ ਪਾਰਟੀ ਦੀ ਕੋਈ ਬਹੁਤੀ ਪੁੱਛ ਗਿੱਛ ਤਾਂ ਨਹੀਂ ਰੱਖਦੀ ਪਰ ਈਸਾਈ ਭਾਈਚਾਰੇ ਦੀ ਆਪਸੀ ਸਾਂਝ 'ਤੇ ਵਚਨਬੱਧਤਾ ਵੀ ਗੁਰਦਾਸਪੁਰ ਸੀਟ ਨੂੰ ਪੰਜਾਬ ਦੀ ਸਭ ਤੋਂ ਆਕਰਸ਼ਕ ਸੀਟ ਬਣਾ ਦਿੰਦੀ ਹੈ, ਦੇਖਣਾ ਅਦਭੁੱਤ ਹੋਵੇਗਾ ਕਿ 23 ਮਈ ਨੂੰ ਊਠ ਕਿਸ ਕਰਵਟ ਬੈਠਦਾ ਹੈ।

ਅੰਮ੍ਰਿਤਸਰ ਸੀਟ ਤੋਂ ਭਾਜਪਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲੰਮੀ ਸਸ਼ੋਪੰਜ ਮਗਰੋਂ ਉਤਾਰਨ ਦੇ ਬਾਅਦ ਵੀ ਪਾਰਟੀ ਬਹੁਤੀ ਚਰਚਾ ਪੈਦਾ ਨਹੀਂ ਕਰ ਸਕੀ ਪਰ ਤਾਂ ਵੀ ਜਿੱਤਣ ਦੇ ਪੂਰੀ ਤਰ੍ਹਾਂ ਸਮਰੱਥ ਹੈ, ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੀ ਆਪਣੇ ਪਿੱਛਲੇ ਦੋ ਕੁ ਸਾਲਾਂ ਦੇ ਅਧੂਰੇ ਕਾਰਜਕਾਲ ਦੌਰਾਨ ਕੀਤੇ ਚੰਗੇ ਕੰਮਾਂ 'ਤੇ ਲੋਕਾਂ ਵਿੱਚ ਵਿਚਰਨ ਦੇ ਚੱਲਦੇ ਕੋਈ ਹਲਕੇ ਉਮੀਦਵਾਰ ਨਹੀਂ ਹਨ। ਹੁਸ਼ਿਆਰਪੁਰ ਸੀਟ ਤੋਂ ਅਕਸਰ ਹੀ ਫਸਵੀਂ ਟੱਕਰ ਦੇਖਣ ਨੂੰ ਮਿਲਦੀ ਹੈ, ਜਿਸਦਾ ਵੱਡਾ ਕਾਰਨ ਹਮੇਸ਼ਾ ਹੀ ਸਾਰੀਆਂ ਪਾਰਟੀਆਂ ਦੀ ਆਪਸੀ ਫੁੱਟ ਹੁੰਦਾ ਹੈ, ਜੋ ਇਸ ਵਾਰ ਵੀ ਸਾਫ ਝਲਕ ਰਿਹਾ ਹੈ; ਆਮੂਮਨ ਜੇਤੂ ਅੰਤਰ ਵੀ ਇਸ ਸੀਟ ਤੋਂ ਘੱਟ ਹੀ ਰਹਿੰਦਾ ਹੈ। ਦਲਿਤ ਭਾਈਚਾਰੇ ਦਾ ਗੜ੍ਹ ਹੋਣ ਕਾਰਨ ਦੋਵੇਂ ਪਾਰਟੀਆਂ ਇਸ ਸੀਟ ਨੂੰ ਆਪਣੇ ਖਾਤੇ ਵਿੱਚ ਆਉਂਦੇ ਦੇਖਣਾ ਦਾ ਸੁਪਨਾ ਤਾਂ ਸੰਜੋਈ ਬੈਠੀਆਂ ਹਨ, ਪਰ ਅਕਸਰ ਹੁਸ਼ਿਆਰਪੁਰ ਦਾ ਇਲਾਕਾ ਪੰਜਾਬ ਦੀ ਰਾਜਨੀਤੀ ਵਿੱਚ ਵਿਤਕਰੇ ਦਾ ਸ਼ਿਕਾਰ ਹੁੰਦਾ ਹੈ ਜਿਸਦਾ ਕਾਰਨ ਹਲਕੇ ਤੋਂ ਲੰਮੇ ਸਮੇਂ ਤੋਂ ਕੋਈ ਵੀ ਵੱਡਾ ਨੇਤਾ ਨਾ ਆਉਣਾ ਮੰਨਿਆ ਜਾਂਦਾ ਹੈ। ਭਾਵੇਂ ਭਾਜਪਾ ਨੇ ਇੱਥੋਂ ਦੇ ਸਾਂਸਦ ਵਿਜੇ ਸਾਂਪਲਾ ਨੂੰ ਕੇਂਦਰੀ ਵਜਾਰਤ ਅਤੇ ਸੂਬਾ ਪ੍ਰਧਾਨਗੀ ਦੇ ਕੇ ਇਹ ਖਲਾਅ ਭਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਉਮੀਦਵਾਰ ਬਦਲਕੇ ਪਰਨਾਲਾ ਮੁੜ ਉੱਥੇ ਦਾ ਉੱਥੇ ਆ ਗਿਆ। ਇਸ ਦੇ ਨਾਲ ਹੀ ਜੇਕਰ ਭਾਜਪਾ ਦੀਆਂ ਕੇਂਦਰੀ ਨੀਤੀਆਂ ਅਤੇ ਦੇਸ਼ ਦੇ ਮਾਹੌਲ ਨੂੰ ਜੋੜ ਲਈਏ ਤਾਂ ਇਹ ਕਹਿਣਾ ਅਤਕਥਨੀ ਨਹੀਂ ਕਿ ਇਸ ਵਾਰ ਭਾਜਪਾ ਆਪਣਾ ਪਿਛਲਾ ਪ੍ਰਦਰਸ਼ਨ ਜਾਰੀ ਰੱਖਦਿਆਂ 3 ਵਿੱਚੋਂ 2 ਸੀਟਾਂ ਵੀ ਜਿੱਤ ਸਕੇਗੀ ਜਾ ਨਹੀਂ।

ਜੇ ਗੱਲ੍ਹ ਸ਼ਰੋਮਣੀ ਅਕਾਲੀ ਦਲ (ਬਾਦਲ) ਦੀ ਕੀਤੀ ਜਾਵੇ ਤਾਂ ਆਪਣੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਹੋਈਆਂ ਸਿਆਸੀ ਗਲਤੀਆਂ ਦੇ ਕਾਰਨ ਪਾਰਟੀ ਬਹੁਤ ਸਾਰੀਆਂ ਸੀਟਾਂ'ਤੇ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ। ਪਰ ਫਿਰ ਵੀ ਸੱਥਾਂ'ਤੇ ਛਿੜੀ ਚਰਚਾ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਫਿਰੋਜ਼ਪੁਰ ਸੰਸਦੀ ਸੀਟ ਤੋਂ ਜਿੱਤ ਨੂੰ ਲਗਭਗ ਤੈਅ ਦੱਸ ਰਹੀ ਹੈ। ਇਸ ਸੰਸਦੀ ਹਲਕੇ ਤੋਂ ਨਵੇਂ ਨਵੇਂ ਕਾਂਗਰਸੀ ਬਣੇ ਮੌਜੂਦਾ ਸਾਂਸਦ ਸ਼ੇਰ ਸਿੰਘ ਘੁਬਾਇਆ ਵੀ ਆਪਣੇ ਜੇਤੂ ਰੱਥ ਨੂੰ ਅੱਗੇ ਲੈਕੇ ਜਾਣ ਲਈ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੇ ਹਨ, ਜਿਸ ਵਿੱਚ ਵੱਡਾ ਪੱਤਾ ਇੱਕ ਵਾਰ ਫਿਰ ਤੋਂ ਰਾਏ ਸਿੱਖ ਬਰਾਦਰੀ ਦੀ ਵੋਟ ਘੁਬਾਇਆ ਦੇ ਹੱਕ ਵਿੱਚ ਭੁਗਤਣ ਦਾ ਲਗਾਇਆ ਜਾ ਰਿਹਾ ਹੈ। ਪਰ ਫਿਰ ਵੀ ਸੁਖਬੀਰ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਸਾਹਮਣੇ ਘੁਬਾਇਆ ਵੱਲੋਂ ਨਿਭਾਈਆਂ ਗਈਆਂ ਸੰਸਦੀ ਸੇਵਾਵਾਂ ਉਸਨੂੰ ਬਾਦਲ ਤੋਂ ਛੋਟਾ ਵਿਖਾ ਰਹੀਆਂ ਹਨ।

ਬਠਿੰਡਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਵੀ ਚੰਗੀ ਵੋਟ ਬਟੋਰਨ ਦੇ ਕਾਬਿਲ ਮੰਨੇ ਜਾਂਦੇ ਹਨ ਅਤੇ ਹੋ ਸਕਦਾ ਹੈ ਇੱਕ ਵਾਰ ਫਿਰ ਕਾਂਗਰਸ, ਪੀਡੀਏ ਨਾਲ ਗਹਿਗੱਚ ਮੁਕਾਬਲੇ ਦੇ ਬਾਅਦ ਬੀਬਾ ਸੀਟ ਆਪਣੀ ਪਾਰਟੀ ਦੀ ਝੋਲੀ ਪਾਉਣ ਵਿੱਚ ਕਾਮਯਾਬ ਹੋ ਜਾਣ, ਭਾਵੇਂ ਕਿ ਪੰਜੇ ਚੋਣ ਨਿਸ਼ਾਨ ਵਾਲਾ ਰਾਜਾ ਵੜਿੰਗ ਵੀ ਨਹੁੰਦਰਾਂ ਮਾਰਨ ਨੂੰ ਪੂਰੀ ਤਿਆਰ ਹੈ, ਜਿਸ ਵਿੱਚ ਵੱਡਾ ਯੋਗਦਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦੀ ਚੰਗੀ ਭਾਸ਼ਣ ਕਲਾ ਦਾ ਹੈ। ਆਮ ਆਦਮੀ ਪਾਰਟੀ ਤੋਂ ਅਲੱਗ ਹੋ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁੱਖਪਾਲ ਸਿੰਘ ਖਹਿਰਾ ਨੇ ਆਪਣੀ ਸਿਆਸੀ ਜੰਗ ਸ਼ੁਰੂ ਤਾਂ ਬਹੁਤ ਪਹਿਲਾ 'ਤੇ ਚੰਗੀ ਰਫਤਾਰ ਨਾਲ ਕੀਤੀ ਸੀ ਪਰ ਉਹ ਹਲਕੇ ਦੇ ਸ਼ਹਿਰੀ ਵੋਟਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ। ਇਸੇ ਤਰ੍ਹਾਂ ਤਲਵੰਡੀ ਸਾਬੋ ਤੋਂ ਮੌਜੂਦਾ ਆਪ ਵਿਧਾਇਕਾ 'ਤੇ ਪਾਰੀ ਉਮੀਦਵਾਰ ਪ੍ਰੋ ਬਲਜਿੰਦਰ ਕੌਰ ਪਾਰਟੀ ਦੀ ਸ਼ਾਖ ਨੂੰ ਬਚਾਉਣ ਵਿੱਚ ਅਸਮਰਥ ਨਜ਼ਰ ਆ ਰਹੀ ਹੈ ਸੋ ਇਸ ਤਰ੍ਹਾਂ ਜੋ ਮੁਕਾਬਲਾ ਪਹਿਲਾਂ ਚਹੁੰ ਕੋਣਾ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਉਹ ਹੁਣ ਮੁੜ ਤੋਂ ਦੋ ਰਿਵਾਇਤੀ ਪਾਰਟੀਆਂ ਦੀ ਜੰਗ ਹੀ ਬਣਦਾ ਪ੍ਰਤੀਤ ਹੋ ਰਿਹਾ ਹੈ। ਜੇ ਉਪਰੋਕਤ ਦੋਵੇਂ ਸੀਟਾਂ ਅਕਾਲੀ ਦਲ ਜਿੱਤ ਜਾਂਦਾ ਹੈ ਤਾਂ ਭਾਰਤੀ ਲੋਕਤੰਤਰ ਵਿੱਚ ਪਹਿਲੀ ਵਾਰ ਇੱਕ ਜੋੜੇ ਵੱਲ੍ਹੋਂ ਇਕੱਠੇ ਸੰਸਦ ਦੀਆਂ ਪੌੜੀਆਂ ਚੜਨ ਦੇ ਕਿਆਸੇ ਵੀ ਲਗਾਏ ਜਾ ਰਹੇ ਹਨ।

ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਪਾਰਟੀ 'ਤੇ ਵਿਸ਼ੇਸ਼ ਕਰ ਉੱਥੋਂ ਪਾਰਟੀ ਦੀ ਉਮੀਦਵਾਰ ਮਹਾਰਾਣੀ ਪਰਣੀਤ ਕੌਰ ਦੇ ਮੱਥੇ 'ਤੇ ਤ੍ਰੇਲੀਆ ਲਿਆਂਦੀਆਂ ਹੋਈਆਂ ਹਨ। ਸੰਸਦ ਵਿੱਚ ਚੁੱਕੇ ਮੁੱਦਿਆਂ 'ਤੇ ਲੋਕ ਹਿੱਤਾਂ ਵਿੱਚ ਕੀਤੇ ਚੰਗੇ ਕੰਮਾ ਨੇ ਆਮ ਆਦਮੀ ਪਾਰਟੀ ਤੋਂ ਨਰਾਜ਼ ਹੋ ਇਸ ਵਾਰ ਆਪਣੀ ਅਲੱਗ ਪਾਰਟੀ ਬਣਾਉਣ ਵਾਲੇ ਡਾ ਗਾਂਧੀ ਨੂੰ ਸੂਬੇ ਦੇ ਸਭ ਤੋਂ ਮਜਬੂਤ ਉਮੀਦਵਾਰਾਂ ਵਿੱਚ ਵੇਖਿਆ ਜਾ ਰਿਹਾ ਹੈ ਜੋ ਇਸ ਵਾਰ ਪੰਜਾਬ ਜਮਹੂਰੀ ਗਠਜੋੜ ਦੇ ਵੱਲੋਂ ਸਾਂਝੇ ਤੌਰ 'ਤੇ ਚੋਣ ਲੜ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਟਿਆਲਾ ਤੋਂ ਡਾ ਗਾਂਧੀ ਅਤੇ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਸ਼ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਆਪਣੀ ਹਿਮਾਇਤ ਦੇ ਦਿੱਤੀ ਗਈ ਹੈ।

ਪੰਜਾਬ ਦੇ ਰਾਖਵੇ ਹਲਕਿਆਂ ਵਿੱਚੋਂ ਜਲੰਧਰ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਵਿਖੇ ਕਾਂਗਰਸ ਮਜਬੂਤ ਨਜ਼ਰ ਆ ਰਹੀ ਹੈ ਪਰ ਅਕਾਲੀ ਦਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਜੇ ਫਰੀਦਕੋਟ ਦੀ ਗੱਲ੍ਹ ਕੀਤੀ ਜਾਵੇ ਤਾਂ ਇੱਥੇ ਦੋਹਾਂ ਪਾਰਟੀਆਂ ਵੱਲੋਂ ਬਾਹਰੀ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਦੋਹਾਂ ਪਾਰਟੀਆਂ ਨੇ ਸਾਬਕਾ ਉੱਚ ਅਧਿਕਾਰੀਆਂ ਨੂੰ ਟਿਕਟ ਦਿੱਤੀ ਹੈ। ਜੇ ਗੱਲ੍ਹ ਆਮ ਆਦਮੀ ਪਾਰਟੀ ਅਤੇ ਪੀਡੀਏ ਦੀ ਕੀਤੀ ਜਾਵੇ ਤਾਂ ਇੰਨ੍ਹਾਂ ਵੱਲੋਂ ਦੋਹਾਂ ਹਲਕਿਆਂ ਵਿੱਚ ਜੱਕਾ ਤੱਕਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਉਸਦੇ ਬਾਵਜੂਦ ਲੱਗਦਾ ਨਹੀਂ ਕਿ ਬਹੁਤੀ ਵੋਟ ਬਟੋਰਨ ਵਿੱਚ ਕਾਮਯਾਬ ਹੋਣਗੇ। ਦੁਆਬੇ ਵਿੱਚ ਪੈਂਦੀ ਸੀਟ ਜਲੰਧਰ ਤੋਂ ਅਕਾਲੀ ਦਲ ਵੱਲੋਂ ਹਲਕੇ ਤੋਂ ਬਾਹਰੋ ਲਿਆ ਕੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਆਮ ਚੋਣਾਂ ਵਿੱਚ ਉਤਾਰਿਆ ਗਿਆ ਜਿਸਦੇ ਮੁਕਾਬਲੇ ਜਲੰਧਰ ਦੇ ਮੌਜੂਦਾ ਸੰਸਦ ਅਤੇ ਲੋਕਲ ਉਮੀਦਵਾਰ ਸੰਤੋਖ ਚੌਧਰੀ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ ਭਾਵੇਂ ਕਿ ਇੱਥੇ ਬਸਪਾ ਦਾ ਵੋਟ ਬੈਂਕ ਵੀ ਅਸਰਦਾਰ ਰਹੇਗਾ।

ਹੁਣ ਅਖੀਰ ਵਿੱਚ ਜੇਕਰ ਝਾਤ ਪੰਥਕ ਹਲਕੇ ਸ਼੍ਰੀ ਆਨੰਦਪੁਰ ਸਾਹਿਬ 'ਤੇ ਮਾਰੀਏ ਤਾਂ ਉੱਥੋਂ ਮੁਕਾਬਲਾ ਬੇਹੱਦ ਪੇਚੀਦਾ ਨਜ਼ਰ ਆ ਰਿਹਾ ਹੈ ਜਿੱਥੇ ਕਿ ਇੱਕ ਪਾਸੇ ਸਾਬਕਾ ਕੇਂਦਰੀ ਮੰਤਰੀ ਹੈ ਅਤੇ ਦੂਸਰ ਪਾਸੇ ਪਿੱਛਲੀ ਲੋਕ ਸਭਾ ਦਾ 'ਬੈਸਟ ਪਾਰਲੀਮੈਂਟੇਰੀਅਨ' ਆਹਮੋ ਸਾਹਮਣੇ ਹਨ। ਕਾਂਗਰਸ ਪਾਰਟੀ ਦੇ ਮਨੀਸ਼ ਤਿਵਾੜੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੋਵੇਂ ਹੀ ਆਪਣੀਆਂ ਪਾਰਟੀਆਂ ਦੇ ਕੱਦਾਵਾਰ ਨੇਤਾ, ਚੰਗੇ ਬੁਲਾਰੇ ਅਤੇ ਉੱਚੇ ਕਿਰਦਾਰ ਵਾਲੇ ਵਿਅਕਤੀ ਮੰਨੇ ਜਾਂਦੇ ਹਨ। ਆਪਣੇ ਸਮੇਂ ਦੌਰਾਨ ਵਿਦਿਆਰਥੀ ਰਾਜਨੀਤੀ ਤੋਂ ਸਰਗਰਮ ਹੋਣ ਵਾਲੇ ਇੰਨ੍ਹਾਂ ਉਮੀਦਵਾਰਾਂ ਵਿੱਚੋਂ ਸ਼ਹਿਰੀ ਖੇਤਰ ਵਿੱਚ ਭਾਵੇਂ ਮਨੀਸ਼ ਤਿਵਾੜੀ ਦਾ ਹੱਥ ਉੱਚਾ ਨਜ਼ਰ ਆ ਰਿਹ ਹੈ ਪ੍ਰੰਤੂ ਪੇਂਡੂ ਖੇਤਰਾਂ ਵਿੱਚ ਚੰਦੂਮਾਜਰਾ ਵੋਟਰਾ ਨੂੰ ਖਿੱਚਣ ਵਿੱਚ ਕਾਮਯਾਬ ਹਨ। ਪੰਥਕ ਵੋਟ ਕਿਸ ਦਿਸ਼ਾ ਵੱਲ੍ਹ ਨਿਤਰੇਗੀ ਇਹ ਵੀ ਵੇਖਣ ਵਾਲਾ ਹੋਵੇਗਾ। ਸ਼ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਵੀ ਪ੍ਰਭਾਵਸ਼ਾਲੀ ਸੂਝਬੂਝ ਵਾਲੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਅਜਿਹੇ ਵਿੱਚ ਚੰਗਾ ਘਮਸਾਣ ਹੋਣਾ ਪੂਰਾ ਤੈਅ ਹੈ।

ਪੰਜਾਬ ਡੇਮੋਕ੍ਰੈਟਿਕ ਅਲਾਇੰਸ ਦਾ ਹਿੱਸਾ ਪੰਜਾਬ ਦੀਆਂ ਵੱਖੋਂ ਵੱਖ ਕਾਮਰੇਡੀ ਪਾਰਟੀਆਂ ਅਤੇ ਬਹੁਜਨ ਸਮਾਜ ਪਾਰਟੀ ਆਪੋ ਆਪਣਾ ਵੋਟ ਬੈਂਕ ਬਣਾਉਣ ਅਤੇ ਉਸਨੂੰ ਬਿਹਤਰ ਕਰਨ ਵਿੱਚ ਕਿੰਨ੍ਹਾਂ ਕੁ ਕਾਮਯਾਬ ਹੋਣਗੀਆਂ ਇਹ ਉਨ੍ਹਾਂ ਲਈ ਆਪਣੀ ਹੋਂਦ ਦਾ ਸਵਾਲ ਹੈ। ਕਿਉਂਕਿ ਅਜਿਹਾ ਮੌਕਾ ਉਨ੍ਹਾਂ ਨੂੰ ਸ਼ਾਇਦ ਦੋਬਾਰਾ ਨਾ ਮਿਲ ਸਕੇ। ਵਿਸ਼ੇਸ਼ ਕਰ ਦੋਆਬੇ ਵਿੱਚ ਹੁਸ਼ਿਆਰਪੁਰ ਅਤੇ ਜਲੰਧਰ ਦੋਨਾਂ ਸੀਟਾਂ 'ਤੇ ਬਸਪਾ ਦਾ ਇੱਕ ਪ੍ਰਭਾਵਸ਼ਾਲੀ ਵੋਟ ਬੈਂਕ ਹੈ ਅਤੇ ਉਹ ਇਸ ਵੋਟ ਬੈਂਕ ਨੂੰ ਵਡ ਆਕਾਰੀ ਵੋਟ ਗਿਣਤੀ ਵਿੱਚ ਤਬਦੀਲ ਕਰ ਸਕਣਗੇ ਜਾਂ ਨਹੀਂ ਇਹ ਚੁਣੌਤੀ ਉਨ੍ਹਾਂ ਲਈ ਜ਼ਰੂਰੀ ਬਣੀ ਹੋਈ ਹੈ।

ਰਾਬਤਾ: +91 998 646091
[email protected]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ