Sun, 08 September 2024
Your Visitor Number :-   7219707
SuhisaverSuhisaver Suhisaver

ਸੀ. ਏ. ਏ. ਵਿਰੋਧੀ ਲੋਕ ਲਹਿਰ 'ਚ ਸ਼ਹੀਦ ਭਗਤ ਸਿੰਘ ਦੀ ਮੌਜੂਦਗੀ ਦਾ ਮਹੱਤਵ -ਪਾਵੇਲ ਕੁੱਸਾ

Posted on:- 18-02-2020

ਧਰਮ ਅਧਾਰਿਤ ਨਾਗਰਿਕਤਾ ਰਾਹੀਂ ਨਾਗਰਿਕ ਹੱਕਾਂ 'ਤੇ ਹਮਲਾ ਕਰਦੇ ਪਿਛਾਖੜੀ ਕਾਨੂੰਨ ਅਤੇ ਇਸ ਨਾਲ  ਜੁੜਦੇ ਕਦਮਾਂ ਖਿਲਾਫ ਦੇਸ਼ ਭਰ 'ਚੋਂ ਉੱਠੇ ਲੋਕ ਉਭਾਰ ਦੌਰਾਨ ਵੱਖ ਵੱਖ ਵਿਚਾਰਧਾਰਾਵਾਂ ਤੇ ਸਿਆਸਤ ਵਾਲੀਆਂ ਤਾਕਤਾਂ ਸਰਗਰਮ ਹਨ। ਭਾਜਪਾ ਦੀ ਫਿਰਕੂ-ਫਾਸ਼ੀ ਸਿਆਸਤ ਨੂੰ ਰੱਦ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਨਾਅਰੇ, ਸੱਦੇ ਤੇ ਚਿੰਨ੍ਹ ਵਰਤੇ ਜਾ ਰਹੇ ਹਨ। ਕੌਮੀ ਮੁਕਤੀ ਲਹਿਰ ਦੀ ਜੁਝਾਰ ਵਿਰਾਸਤ ਨੂੰ, ਭਾਜਪਾ ਤੇ ਆਰ ਐਸ ਐਸ ਦੀ ਅੰਨ੍ਹੀ ਫਿਰਕੂ ਕੌਮਪ੍ਰਸਤੀ ਨੂੰ ਰੱਦਣ ਲਈ ਵੱਖ ਵੱਖ ਢੰਗਾਂ ਨਾਲ ਉਭਾਰਿਆ ਜਾ ਰਿਹਾ ਹੈ। ਸੰਵਿਧਾਨ ਦੀ ਭੂਮਿਕਾ ਤੋਂ ਲੈ ਕੇ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਭਾਜਪਾ ਦੇ ਫਿਰਕੂ ਰਾਸ਼ਟਰਵਾਦ ਦੀ ਕਾਟ ਲਈ ਉਭਾਰਨ ਦੇ ਯਤਨ ਕੀਤੇ ਜਾ ਰਹੇ ਹਨ। ਮਹਾਤਮਾ ਗਾਂਧੀ ਤੇ ਅੰਬੇਦਕਰ ਵਰਗੇ ਆਗੂਆਂ ਦੀਆਂ ਤਸਵੀਰਾਂ ਰੋਸ ਮੁਜਾਹਰਿਆਂ 'ਚ ਉੱਚੀਆਂ ਹੋ ਰਹੀਆਂ ਹਨ। 1 ਫਰਵਰੀ ਨੂੰ ਮਲੇਰਕੋਟਲਾ (ਸੰਗਰੂਰ) 'ਚ ਲਗਭਗ 20,000 ਔਰਤਾਂ ਵੱਲੋਂ  ਕੀਤੇ ਰੋਸ ਪ੍ਰਦਰਸ਼ਨ 'ਚ ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ 'ਚੋਂ ਲਈਆਂ ਟੂਕਾਂ ਵਾਲੀਆਂ ਤਖਤੀਆਂ ਉੱਚੀਆਂ ਹੋਈਆਂ ਹਨ ਤੇ ਇਹ ਟੂਕਾਂ ਬੁਲਾਰਿਆਂ ਦੇ ਬੋਲਾਂ 'ਚ ਉਤਰ ਆਈਆਂ ਹਨ। ਇਹ ਨਾਅਰਾ ਬੁਲੰਦ ਕੀਤਾ ਗਿਆ ਹੈ ਕਿ ''ਸ਼ਹੀਦ ਭਗਤ ਸਿੰਘ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ''। ਮਲੇਰਕੋਟਲੇ ਤੋ ਚੱਲ ਕੇ ਇਹ ਤਸਵੀਰਾਂ ਦਿੱਲੀ ਦੇ ਸ਼ਹੀਨ ਬਾਗ ਤੇ ਜਾਮੀਆ ਮਿਲੀਆ ਇਸਲਾਮੀਆ ਯੂਨਿ. ਤੱਕ ਵੀ ਪੁੱਜੀਆਂ ਹਨ।

ਸੀ.ਸੀ.ਏ ਵਿਰੋਧੀ ਇਹਨਾਂ ਪ੍ਰਦਸ਼ਨਾਂ ਦੌਰਾਨ ਸ਼ਹੀਦ ਭਗਤ ਸਿੰਘ ਦੀ ਮੌਜੂਦਗੀ ਬਹੁਤ ਮਹੱਤਤਾ ਰਖਦੀ ਹੈ ਕਿਉਂਕਿ ਇਹ ਭਾਜਪਾ ਦੀ ਫਿਰਕੂ ਸਿਆਸਤ ਖਿਲਾਫ ਨਿੱਤਰੇ ਲੋਕਾਂ ਦੇ ਮਨਾਂ 'ਚ ਕੁਰਬਾਨੀ ਤੇ ਜੂਝਣ ਦਾ ਜਜਬਾ ਤਾਂ ਜਗਾਉਂਦੀ ਹੀ ਹੈ ਉਸ ਤੋਂ ਵੀ ਜ਼ਿਆਦਾ ਇਹ ਜੂਝਦੇ ਲੋਕਾਂ ਹੱਥ ਅਜਿਹਾ ਅਸਰਦਾਰ ਵਿਚਾਰਧਾਰਕ ਹਥਿਆਰ ਬਣਨ ਦੀ ਸਮਰੱਥਾ ਰਖਦੀ ਹੈ ਜਿਸ ਨਾਲ ਭਾਜਪਾ ਦੇ ਫਿਰਕੂ ਹੱਲੇ ਦਾ ਡਟਵਾਂ ਟਾਕਰਾ ਉਸਾਰਿਆ ਜਾ ਸਕਦਾ ਹੈ। ਮੈਦਾਨ 'ਚੋਂ ਬਾਹਰ ਰਹਿ ਗਿਆਂ ਨੂੰ ਵੀ ਸੰਘਰਸ਼ ਦੇ ਮੈਦਾਨ 'ਚ ਖਿੱਚਿਆ ਜਾ ਸਕਦਾ ਹੈ ਤੇ ਮੈਦਾਨ 'ਚ ਆਇਆਂ ਦੀ ਏਕਤਾ ਨੂੰ ਹੋਰ ਪੀਡੀ ਕੀਤਾ ਜਾ ਸਕਦਾ ਹੈ ਅਤੇ ਇਸ ਹੱਲੇ ਦੇ ਟਾਕਰੇ ਦੀਆਂ ਮੌਜੂਦ ਸਾਰੀਆਂ ਲੁਪਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਵੱਲ ਵਧਿਆ ਜਾ ਸਕਦਾ ਹੈ। ਇਹ ਭਗਤ ਸਿੰਘ ਦੇ ਪੈਗਾਮ ਵਾਲਾ ਸੰਗਰਾਮ ਹੀ ਹੈ ਜੋ ਸਹੀ ਅਰਥਾਂ 'ਚ ਇਸ ਫਾਸ਼ੀ ਹੱਲੇ ਨੂੰ ਠੱਲ੍ਹ ਸਕਦਾ ਹੈ।

ਭਾਜਪਾ ਦੀ ਸਾਰੀ ਸਿਆਸਤ ਫਿਰਕੂ ਰਾਸ਼ਟਰਵਾਦੀ ਨਾਅਰਿਆਂ ਦੁਆਲੇ ਘੁੰਮਦੀ ਹੈ ਜੋ ਲੋਕਾਂ 'ਚ ਪਾਕਿਸਤਾਨ ਵਿਰੋਧੀ ਅੰਨ੍ਹਾ ਕੌਮਵਾਦ ਜਗਾਉਂਦੀ ਹੈ, ਇਹ ਕੌਮਵਾਦ ਫਿਰਕੂ ਰੰਗ ਦਾ ਹੈ ਜਿਹੜਾ ਭਾਰਤ ਨੂੰ ਹਿੰਦੂਆਂ ਦਾ ਦੇਸ਼ ਮੰਨਦਾ ਹੈ ਤੇ ਏਥੇ ਵਸਦੇ ਮੁਸਲਮਾਨਾਂ ਨੂੰ ਦੇਸ਼ ਦੇ ਦੁਸ਼ਮਣ ਤੇ ਪਾਕਿਸਤਾਨ ਦੇ ਏਜੰਟ ਕਰਾਰ ਦਿੰਦਾ ਹੈ। ਵੱਖ ਵੱਖ ਫਿਰਕੂ ਪ੍ਰੋਜੈਕਟਾਂ ਰਾਹੀਂ ਇਹ ਅੰਨ੍ਹਾ ਤੇ ਫਿਰਕੂ ਕੌਮਵਾਦ ਭੜਕਾਇਆ ਜਾਂਦਾ ਹੈ। ਨਾਗਰਿਕ ਹੱਕਾਂ 'ਤੇ ਹਮਲਾ ਵੀ ਏਸੇ ਪ੍ਰੋਜੈਕਟ ਦਾ ਹਿੱਸਾ ਹੈ ਜੋ ਫਿਰਕੂ ਰਾਸ਼ਟਰਵਾਦੀ ਹੱਲੇ ਦੇ ਵਡੇਰੇ ਚੌਖਟੇ 'ਚ ਰੱਖ ਕੇ ਸਮਝਣਾ ਚਾਹੀਦਾ ਹੈ। ਇਸ ਫੌਰੀ ਹਮਲੇ ਖਿਲਾਫ ਲੜਾਈ ਵੀ ਇਸ ਸਮੁੱਚੇ ਫਿਰਕੂ ਕੌਮਵਾਦ ਦੇ ਵਿਚਾਰਧਾਰਕ ਹਮਲੇ ਖਿਲਾਫ ਲੜਾਈ ਦਾ ਹੀ ਅੰਗ ਬਣਦੀ ਹੈ। ਹਿੰਦੂ ਰਾਸ਼ਟਰ ਉਸਾਰੀ ਦੇ ਆਰ ਐਸ ਐਸ ਦੇ ਮਨਸੂਬੇ ਤੇ ਸੱਤਾ ਪ੍ਰਾਪਤੀ ਲਈ ਪਾਲਾਬੰਦੀਆਂ ਦੀਆਂ ਫੌਰੀ ਜਰੂਰਤਾਂ ਨੂੰ ਭਾਜਪਾ ਵੱਲੋਂ ਕਾਫੀ ਕਾਰੀਗਰੀ ਨਾਲ ਗੁੰਦਿਆ ਗਿਆ ਹੈ। ਇਸ ਵਿਚ ਅੰਨ੍ਹੇ ਤੇ ਫਿਰਕੂ ਕੌਮਵਾਦ ਦੇ ਖਤਰਨਾਕ ਹਥਿਆਰ ਦੀ ਰੱਜਵੀਂ ਵਰਤੋਂ ਕੀਤੀ ਗਈ ਹੈ। ਭਾਜਪਾ ਹਕੂਮਤ ਦੇ ਮੌਜੂਦਾ ਹਮਲੇ ਦੇ ਖਿਲਾਫ ਫੌਰੀ ਤੌਰ 'ਤੇ ਠੋਸ ਸਿਆਸੀ ਤੇ ਜਮਹੂਰੀ ਮੰਗਾਂ ਦੁਆਲੇ ਹੋਣ ਵਾਲੇ ਸੰਘਰਸ਼ਾਂ ਨੂੰ ਖਰੀ ਧਰਮ ਨਿਰਪੱਖਤਾ ਤੇ ਜਮਹੂਰੀ ਕੌਮਵਾਦ ਦੀ ਧਰਾਤਲ 'ਤੇ ਹੀ ਲੜਿਆ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਦੇ ਸੰਕਲਪ ਵਾਲੇ ਕੌਮਵਾਦ ਦੀ ਵਿਚਾਰਧਾਰਕ ਧਰਾਤਲ 'ਤੇ ਖਰਾ ਧਰਮ ਨਿਰਪੱਖ ਤੇ ਜਮਹੂਰੀ ਚੌਖਟੇ ਵਾਲਾ ਇਕਜੁੱਟ ਅੰਦੋਲਨ ਉਸਾਰਿਆ ਜਾ ਸਕਦਾ ਹੈ ਜਿਹੜਾ ਭਾਜਪਾ ਹਕੂਮਤ ਦੇ ਇਸ ਫਾਸ਼ੀ ਹਮਲੇ ਦਾ ਅਸਰਦਾਰ ਟਾਕਰਾ ਕਰ ਸਕਦਾ ਹੈ ਤੇ ਲੋਕਾਂ ਦੀ ਜਿੰਦਗੀ ਦੇ ਭਖਦੇ ਸਰੋਕਾਰਾਂ ਨੂੰ ਸੰਬੋਧਿਤ ਹੋ ਸਕਦਾ ਹੈ। ਸੌੜੇ ਕੌਮਵਾਦ ਵਾਲੀ ਪੇਤਲੀ ਧਰਮ ਨਿਰਪੱਖਤਾ ਤੇ ਗੈਰ-ਜਮਹੂਰੀ ਅਮਲਾਂ ਨਾਲ ਭਰਭੂਰ ਖੋਖਲੀ ਜਮਹੂਰੀਅਤ ਦੀ ਜ਼ਮੀਨ 'ਤੇ ਖੜ੍ਹ ਕੇ ਹੋਣ ਵਾਲੀ ਵਿਰੋਧ ਸਰਗਰਮੀ ਇਸ ਫਿਰਕੂ-ਫਾਸ਼ੀ ਹਮਲੇ ਦਾ ਨੱਕ ਮੋੜਨ ਜੋਗੀ ਨਹੀਂ ਹੋ ਸਕਦੀ ਕਿਉਂਕਿ ਇਹ ਕਰੋੜਾਂ ਕਰੋੜ ਸੁੱਤੇ ਸ਼ੇਰਾਂ ਨੂੰ ਨਹੀ ਜਗਾ ਸਕਦੀ। ਉਹਨਾਂ ਨੂੰ ਜਗਾਉਣ ਲਈ ਭਗਤ ਸਿੰਘ ਦੀ ਹਾਜ਼ਰੀ ਬਹੁਤ ਮਹੱਤਵ ਰਖਦੀ ਹੈ ਤੇ ਇਹ ਯਤਨ ਵੇਲੇ ਦੀ ਲੋੜ ਨੂੰ ਐਨ ਢੁਕਵਾਂ ਹੁੰਗਾਰਾ ਹੈ।

ਸ਼ਹੀਦ ਭਗਤ ਸਿੰਘ ਦੇ ਆਪਣੇ ਸ਼ਬਦਾਂ 'ਚ ''ਕੌਮ ਕਾਂਗਰਸ ਦੇ ਲਾਊਡ ਸਪੀਕਰ ਨਹੀ ਹਨ, ਇਹ ਦੇਸ਼ ਦੀ ਵਸੋਂ ਦਾ 95 ਫੀਸਦੀ ਬਣਦੇ ਮਜਦੂਰ ਕਿਸਾਨ ਹਨ।'' ਮੁਲਕ ਦਾ ਇਹ ਸੰਕਲਪ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਸੰਕਲਪ ਨਾਲ ਐਨ ਟਕਰਾਵਾਂ ਹੈ। ਭਗਤ ਸਿੰਘ ਦਾ ਕੌਮਵਾਦ ਸਾਮਰਾਜ ਵਿਰੋਧੀ ਤੇ ਜਾਗੀਰਦਾਰੀ ਵਿਰੋਧੀ ਕੌਮਵਾਦ ਹੈ ਜਿਹੜਾ ਮੁਲਕ ਦੀ ਮਿਹਨਕਸ਼ ਲੋਕਾਈ ਨੂੰ ਕੇਂਦਰ 'ਚ ਰਖਦਾ ਹੈ। ਇਸ ਲੋਕਾਈ ਦੇ ਹੱਕ ਤੇ ਉਸ ਦਾ ਜਿਉਣ ਹੀ ਕੌਮ ਦਾ ਮੁੱਖ ਸਰੋਕਾਰ ਹੈ। ਇਹ ਹੱਕ ਸਭ ਕਿਰਤੀਆਂ ਲਈ ਮਹੱਤਵ ਰਖਦੇ ਹਨ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਉਸ ਦੇ ਸ਼ਬਦਾਂ 'ਚ '' ਸੰਸਾਰ ਦੇ ਸਾਰੇ ਗਰੀਬਾਂ ਦੇ ਹੱਕ ਇੱਕੋ ਹੀ ਹਨ ਭਾਵੇਂ ਉਹ ਕਿਸੇ ਵੀ ਜਾਤ, ਨਸਲ, ਮਜਹਬ, ਕੌਮ ਦੇ ਹੋਣ''। ਉਸ ਦਾ ਦੇਸ਼ ਪਿਆਰ ਦੂਜੇ ਗੁਆਂਢੀ ਮੁਲਕਾਂ ਨਾਲ ਵੈਰ-ਭਾਵ ਤੇ ਦੁਸ਼ਮਣੀ ਵਾਲਾ ਨਹੀਂ ਹੈ ਸਗੋਂ ਉਹਨਾਂ ਮੁਲਕਾਂ ਦੇ ਕਿਰਤੀਆਂ ਨਾਲ ਸਾਂਝਾਂ ਵਾਲਾ ਹੈ। ਏਸੇ ਲਈ ਉਹ ''ਦੁਨੀਆਂ ਭਰ ਦੇ ਮਿਹਨਤਕਸ਼ੋ-ਇੱਕ ਹੋ ਜਾਓ'' ਦੇ ਨਾਅਰੇ ਨੂੰ ਅੰਗਰੇਜਾਂ ਦੀ ਅਦਾਲਤ 'ਚੋਂ ਬੁਲੰਦ ਕਰਦਾ ਹੈ ਤੇ ਆਪਣੀ ਮੁਕਤੀ ਲਈ ਜੂਝਦੇ ਦੁਨੀਆਂ ਦੇ ਦੂਰ ਦੇਸ਼ਾਂ ਦੇ ਮਜ਼ਦੂਰਾਂ ਨਾਲ ਇਕਮੁੱਠਤਾ ਦੇ ਸੰਕੇਤ ਭੇਜਦਾ ਹੈ।

ਸ਼ਹੀਦ ਭਗਤ ਸਿੰਘ ਦਾ ਕੌਮ-ਪਿਆਰ ਦਾ ਤਸੱਵਰ ਸਾਮਰਾਜੀ ਲੁਟੇਰਿਆਂ ਤੇ ਦੇਸੀ ਦਲਾਲ ਜਮਾਤਾਂ  ਵੱਲੋਂ ਲੋਕਾਂ ਦੀ ਲੁੱਟ-ਖਸੁੱਟ ਦਾ ਖਾਤਮਾ ਕਰਨ ਲਈ ਜੂਝਣਾ ਹੈ। ਜਗੀਰਦਾਰੀ ਦੀ ਜ਼ਮੀਨ ਦੀ ਮੁੜ-ਵੰਡ ਕਰਕੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਇਸ ਮੱਧਯੁੱਗੀ ਲੁੱਟ-ਖਸੁੱਟ ਦੇ ਢਾਂਚੇ ਦਾ ਖਾਤਮਾ ਕਰਨਾ ਹੈ। ਇਹ ਜੱਦੋਜਹਿਦ ਮੁਲਕ ਦੀਆਂ ਸਭ ਲੁੱਟੀਆਂ ਪੁੱਟੀਆਂ ਜਮਾਤਾਂ ਦੀ ਸਾਂਝੀ ਜੱਦੋਜਹਿਦ ਬਣਦੀ ਹੈ। ਜਾਤ-ਪਾਤੀ ਦਾਬੇ ਦੇ ਸ਼ਿਕਾਰ ਦਲਿਤ ਇਸ ਜੱਦੋਜਹਿਦ ਦਾ ਜਾਨਦਾਰ ਅੰਗ ਬਣਦੇ ਹਨ। ਇਸ ਲਈ ਸ਼ਹੀਦ ਭਗਤ ਸਿੰਘ ਦਲਿਤਾਂ ਨੂੰ ਸੱਦਾ ਦਿੰਦਾ ਹੈ ਕਿ '' ਜਥੇਬੰਦ ਹੋ ਕੇ, ਆਪਣੇ ਪੈਰਾਂ 'ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਓ.. . . . .  ਤੁਸੀਂ ਅਸਲੀ ਕਿਰਤੀ  ਹੋ , ਕਿਰਤੀਓ ਜਥੇਬੰਦ ਹੋ ਜਾਉ , ਤੁਹਾਡਾ ਕੁੱਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਜਾਣਗੀਆਂ . . .। '' ਉਹ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨੂੰ ਰੱਦ ਕਰਦਾ ਹੈ ਤੇ ਦੇਸ਼ ਦੇ ਵੇਲੇ ਦੇ ਨੇਤਾਵਾਂ ਵੱਲੋਂ ਲਏ ਜਾਂਦੇ ਫਿਰਕੂ ਪੈਂਤੜਿਆਂ ਦੀ ਤਿੱਖੀ ਨੁਕਤਾਚੀਨੀ ਕਰਦਾ ਹੈ। ਉਹ ਫਿਰਕੂ ਫਸਾਦਾਂ ਨੂੰ ਰੋਕਣ ਲਈ ਜਮਾਤੀ ਚੇਤਨਾ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ, '' ਉਥੇ ਹੋਏ ਫਿਰਕੂ ਫਸਾਦਾਂ  ਵਿੱਚ ਟਰੇਡ ਯੂਨੀਅਨਾਂ ਦੇ ਕਿਰਤੀਆਂ ਨੇ ਕੋਈ ਹਿੱਸਾ ਨਹੀਂ ਲਿਆ ਸੀ . . .  ਇਹ ਇਸ ਲਈ ਸੀ ਕਿਉਂਕਿ ਉਹਨਾਂ 'ਚ ਸ਼੍ਰੇਣੀ ਜਾਗ੍ਰਿਤੀ ਆਈ ਹੋਈ ਸੀ ਤੇ ਉਹ ਆਪਣੇ ਸ਼੍ਰੇਣੀ ਫਾਇਦਿਆਂ  ਨੂੰ ਭਲੀ ਭਾਂਤ ਜਾਣਦੇ ਸਨ। ''

ਸ਼ਹੀਦ ਭਗਤ ਸਿੰਘ ਦੀ ਜੁਝਾਰ ਸੰਗਰਾਮੀ ਵਿਰਾਸਤ 'ਚ ਅਜਿਹਾ ਬਹੁਤ ਕੁੱਝ ਮੌਜੂਦ ਹੈ ਜੋ ਭਾਜਪਾ ਦੇ ਫਿਰਕੂ ਰਾਸ਼ਟਰਵਾਦ ਦੇ ਪ੍ਰੋਜੈਕਟ ਨੂੰ ਰੱਦ ਕਰਕੇ ਜੂਝਣ ਲਈ ਲੋਕਾਂ ਨੂੰ ਰਸਤਾ ਦਿਖਾਉਂਦਾ ਹੈ। ਅੱਜ ਜਦੋਂ ਭਾਜਪਾ ਹਕੂਮਤ ਇਸ ਫਾਸ਼ੀ ਹਮਲੇ ਰਾਹੀਂ ਸਾਮਰਾਜੀ ਨਿਰਦੇਸ਼ਤ ਆਰਥਕ ਸੁਧਾਰਾਂ ਦਾ ਹਮਲਾ ਅੱਗੇ ਵਧਾ ਰਹੀ ਹੈ ਤੇ ਮੁਲਕ 'ਤੇ ਸਾਮਰਾਜੀ ਚੋਰ-ਗੁਲਾਮੀ ਦਾ ਪੰਜਾ ਹੋਰ ਮਜਬੂਤ ਕਰ ਰਹੀ ਹੈ ਤਾਂ ਸਾਮਰਾਜ ਖਿਲਾਫ ਸੰਘਰਸ਼ ਤੇਜ਼ ਕਰਨ ਤੇ ਇਸ ਹਕੂਮਤ ਨੂੰ ਸਾਮਰਾਜੀਆਂ ਦੇ ਦਲਾਲਾਂ ਵਜੋਂ ਨਸ਼ਰ ਕਰਨ ਦੀ ਜਰੂਰਤ ਹੈ। ਇਸ ਲਈ 1ਫਰਵਰੀ ਦੇ ਮਾਰਚ ਦਾ ਨਾਅਰਾ ਐਨ ਢੁੱਕਵਾਂ ਸੀ ''ਘੁਸਪੈਠੀਏ ਕੌਣ ਹਨ-ਸਾਮਰਾਜੀਏ''। ਇਹ ਸ਼ਹੀਦ ਭਗਤ ਸਿੰਘ ਹੈ ਜੋ ਇਸ ਅੰਦੋਲਨ ਦੌਰਾਨ ਲੋਕਾਂ ਨੂੰ ਦੋਸਤਾਂ-ਦੁਸ਼ਮਣਾਂ ਦੀ ਪਛਾਣ ਕਰਨ ਦੀ ਦ੍ਰਿਸ਼ਟੀ ਦਿੰਦਾ ਹੈ। 'ਧਰਮ ਨਿਰਪੱਖਤਾ' ਤੇ 'ਜਮਹੂਰੀਅਤ' ਦੇ ਸਹੀ ਅਰਥਾਂ ਦੀ ਪਛਾਣ ਕਰਨ ਦੀ ਦ੍ਰਿਸ਼ਟੀ ਦਿੰਦਾ ਹੈ ਤੇ ਇਹਨਾਂ ਨੂੰ ਹਕੀਕਤ 'ਚ ਸਾਕਾਰ ਕਰਨ ਲਈ ਨਿਸ਼ਾਨਾ ਤੇ ਰਸਤਾ, ਦੋੋਹੇਂ ਦਸਦਾ ਹੈ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਹਾਜ਼ਰੀ ਇਸ ਕਰਕੇ ਵੀ ਲੋੜੀਂਦੀ ਹੈ ਤਾਂ ਕਿ ਜਮਹੂਰੀਅਤ ਬਚਾਉਣ ਦੇ ਨਾਅਰਿਆਂ ਦਾ ਰੂਪ ਧਾਰ ਕੇ ਆ ਰਹੀ ਖਰੀ ਜਮਹੂਰੀਅਤ ਦੀ ਤੇਜ਼ ਹੋ ਚੁੱਕੀ ਤਲਾਸ਼ ਦੀ ਲੋੜ ਨੂੰ ਉਸਦੇ ਮੇਚ ਦਾ ਹੁੰਗਾਰਾ ਦਿੱਤਾ ਜਾ ਸਕੇ। ਹਕੀਕਤ ਇਹੀ ਹੈ ਕਿ ਲੋਕ ਮੌਜੂਦਾ ਅਖੌਤੀ ਜਮਹੂਰੀਅਤ ਤੋਂ ਬਦਜ਼ਨ ਹੋ ਚੁੱਕੇ ਹਨ ਤੇ ਇਹਦੇ ਬਦਲ ਦੀ ਤਲਾਸ਼ 'ਚ ਹਨ। ਇਸ ਤਲਾਸ਼ ਦਾ ਜਵਾਬ ਬੀਤੇ ਦਹਾਕਿਆਂ ਦੇ ਗੈਰ ਜਮਹੂਰੀ ਅਮਲਾਂ ਵਾਲੀ ਅਖੌਤੀ ਜਮਹੂਰੀਅਤ ਨਹੀਂ ਹੋ ਸਕਦੀ। ਮੌਜੂਦਾ ਅੰਦੋਲਨ 'ਚ ਸਰਗਰਮ ਲੋਕ-ਕਾਫਲਿਆਂ ਦੇ ਨਾਅਰੇ ਚਾਹੇ ਅਜੇ ਲੋਕਾਂ ਦੀ ਨੀਵੀਂ ਸਿਆਸੀ ਚੇਤਨਾ ਨੂੰ ਦਰਸਾਉਂਦੇ ਹਨ ਪਰ ਅਹਿਮ ਗੱਲ ਇਹ ਹੈ ਕਿ ਉਹ ਤੇਜ਼ ਹੋਈ ਹਕੀਕੀ ਜਮਹੂਰੀ ਬਦਲ ਦੀ ਤਲਾਸ਼ ਨੂੰ ਦਰਸਾ ਰਹੇ ਹਨ ਤੇ ਲੋਕ ਉਹਨਾਂ ਮੂਹਰੇ ਪੇਸ਼ ਹੁੰਦੇ ਹਰ ਉਸ ਬਦਲ ਨੂੰ ਹੁੰਗਾਰਾ ਦੇਣ ਲੱਗੇ ਹਨ ਜੋ ਵੀ ਉਹਨਾਂ ਨੂੰ ਭਾਜਪਾ ਦੀ ਫਾਸ਼ੀ ਸਿਆਸਤ ਨੂੰ ਰੱਦ ਕਰਦਾ ਜਾਪਦਾ ਹੈ।
'ਆਜ਼ਾਦੀ' ਦਾ ਮਕਬੂਲ ਹੋ ਰਿਹਾ ਨਾਅਰਾ ਵੀ ਅਜਿਹੀ ਖਰੀ ਜਮਹੂਰੀਅਤ ਦੀ ਸਿਰਜਣਾ ਦੀ ਤਾਂਘ ਨੂੰ ਹੀ ਦਰਸਾਉਂਦਾ ਹੈ ਜੀਹਦੇ 'ਚ ਜਾਤ-ਪਾਤੀ ਜੁਲਮਾਂ ਤੇ ਵਿਤਕਰੇ, ਔਰਤਾਂ 'ਤੇ ਜ਼ੁਲਮਾਂ ਤੇ ਵਿਤਕਰੇ ਦਾ ਅੰਤ, ਲੁੱਟ-ਖਸੁੱਟ ਦਾ ਅੰਤ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਸਭਨਾਂ ਹੱਕਾਂ ਦੀ ਜਾਮਨੀ ਦੀਆਂ ਗੱਲਾਂ ਸ਼ਾਮਲ ਹਨ। ਇਹਨਾਂ ਆਜ਼ਾਦੀਆਂ  ਦੀ ਪ੍ਰਾਪਤੀ ਲਈ ਜੂਝਣ ਤੇ ਮੰਜ਼ਿਲ ਪਾਉਣ ਦਾ ਰਸਤਾ ਵੀ  ਖਰੀ ਜਮਹੂਰੀਅਤ ਦਾ ਰਸਤਾ ਹੀ ਹੈ ਜੋ ਭਗਤ ਸਿੰਘ ਦੇ ਵਿਚਾਰਾਂ 'ਚ ਧੁਰੋ ਧੁਰ ਰਚਿਆ ਹੋਇਆ ਹੈ। ਇਹ ਕਰੋੜਾਂ-ਕਰੋੜ ਕਿਰਤੀ ਲੋਕਾਂ ਨੂੰ ਹੱਕਾਂ ਦੀ ਪਛਾਣ ਕਰ ਲੈਣ ਤੇ ਜਗਾ ਲੈਣ ਦਾ ਰਸਤਾ ਹੈ।

ਸਾਮਰਾਜੀ ਤੇ ਜਗੀਰੂ ਲੁੱਟ ਖਸੁੱਟ ਤੋਂ ਪੀੜਤ ਸਭਨਾਂ ਕਿਰਤੀ ਲੋਕਾਂ ਤੇ ਲੁਟੇਰੇ ਭਾਰਤੀ ਰਾਜ ਤੋਂ ਪੀੜਤ ਵਿਸ਼ੇਸ਼ ਹਿੱਸਿਆਂ ਜਿਵੇਂ ਦਬਾਈਆਂ ਕੌਮੀਅਤਾਂ, ਆਦਿਵਾਸੀਆਂ, ਦਲਿਤ ਜਨਸਮੂਹਾਂ ਤੇ ਔਰਤਾਂ ਦੇ ਏਕੇ ਵਾਲੀ ਲਹਿਰ ਉਸਾਰ ਲੈਣ ਦਾ ਰਸਤਾ ਹੈ। ਸ਼ਹੀਦ ਭਗਤ ਸਿੰਘ ਦਾ ਹਵਾਲਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਫਿਰਕੂ ਏਕਤਾ ਤੋਂ ਅੱਗੇ ਜਮਾਤੀ ਏਕਤਾ ਉਸਾਰੀ ਦੀ ਦ੍ਰਿਸ਼ਟੀ ਮੁਹੱਈਆ ਕਰਾਉਂਦਾ ਹੈ। ਇਹ ਅਜਿਹੀ ਦ੍ਰਿਸ਼ਟੀ ਹੈ ਜੋ ਕਰੋੜਾਂ ਕਰੋੜ ਲੋਕਾਂ ਨੂੰ ਅਜਿੱਤ ਤਾਕਤ 'ਚ ਬਦਲ ਦੇਣ ਲਈ ਲੋੜੀਂਦੀ ਹੈ। ਇਹ ਅਜਿਹੀ ਦ੍ਰਿਸ਼ਟੀ ਹੈ ਜੋ ਲੋਕਾਂ ਦੇ ਜਮਾਤੀ ਦੁਸ਼ਮਣਾਂ ਦੀ  ਇਸ ਅੰਦੋਲਨ 'ਚ ਮੌਜੂਦਗੀ ਦੇ ਪਹਿਲੂ ਨੂੰ ਢੁਕਵੇਂ ਢੰਗ ਨਾਲ ਨਜਿੱਠਣ  ਤੇ ਉਹਨਾਂ ਦੇ ਸਿਆਸੀ ਮਕਸਦਾਂ ਲਈ ਵਰਤੇ ਜਾਣ ਤੋਂ ਸੁਚੇਤ ਰਹਿਣ ਲਈ ਰੌਸ਼ਨੀ ਦਿੰਦੀ ਹੈ। ਲੋਕ ਪੱਖੀ ਸ਼ਕਤੀਆਂ ਨੂੰ ਲੁਟੇਰੀਆਂ ਜਮਾਤਾਂ ਦੀਆਂ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦੀ ਵਿਰੋਧ ਸਰਗਰਮੀ ਨੂੰ ਢੁੱਕਵੇਂ ਢੰਗ ਨਾਲ ਅੰਦੋਲਨ ਦੇ ਹੱਕ ਵਿਚ ਭੁਗਤਾਉਣ ਪਰ ਨਾਲ ਹੀ ਇਹਨਾਂ ਨਾਲ ਰਿਸ਼ਤੇ ਦੀ ਪਛਾਣ ਰੱਖਣ ਤੇ ਪਹਿਲਕਦਮੀ ਲੋਕਾਂ ਹੱਥ ਰੱਖਣ ਦੀ ਪਹੁੰਚ ਲਾਗੂ ਕਰਨ ਦੀ ਯਾਦ ਵੀ ਦੁਆਉਂਦੀ  ਹੈ।

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਗੀ ਬਹੁਤ ਸੁਲੱਖਣਾ ਵਰਤਾਰਾ ਹੈ ਜਿਸ ਨੂੰ ਹੋਰ ਤਕੜਾ ਕਰਨ ਦੀ ਜ਼ਰੂਰਤ ਹੈ। ਇਹ ਵਿਚਾਰ ਲਾਜ਼ਮੀ ਹੀ ਇਸ ਅੰਦੋਲਨ ਦੀਆਂ ਮਜ਼ਬੂਤ ਲੀਹਾਂ ਉਸਾਰਨ ਖਾਤਰ ਜ਼ਮੀਨ ਬਣਨਗੇ ਜਿੰਨ੍ਹਾਂ 'ਤੇ ਫਾਸ਼ੀਵਾਦੀ ਵਿਰੋਧੀ ਅਸਰਦਾਰ ਟਾਕਰਾ ਲਹਿਰ ਉਸਾਰੀ ਜਾ ਸਕੇਗੀ। ਤਣੇ ਹੋਏ ਮੁੱਕਿਆਂ ਦਰਮਿਆਨ ਸ਼ਹੀਦ ਭਗਤ ਸਿੰਘ  ਦੇ ਵਿਚਾਰਾਂ ਦੀ ਜਗਦੀ ਮਿਸ਼ਾਲ ਨੂੰ ਹੋਰ ਉੱਚੀ ਚੁੱਕਣ ਦਾ ਵੇਲਾ ਹੈ।  ਭਾਰਤੀ ਇਨਕਲਾਬ ਦਾ ਚਿੰਨ ਬਣਕੇ ਜਗਦੀ ਆ ਰਹੀ ਇਹ ਮਿਸ਼ਾਲ ਫਾਸ਼ੀ ਹਮਲੇ ਖਿਲਾਫ ਲੜਾਈ ਲਈ ਰਸਤਾ ਦਿਖਾਉਂਦੀ ਹੈ ਤੇ ਦਿਖਾਉਂਦੀ  ਰਹੇਗੀ।                                 

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ