Fri, 06 December 2024
Your Visitor Number :-   7277490
SuhisaverSuhisaver Suhisaver

ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਰ ਐਸ ਐਸ ਦੇ ਯਤਨ -ਬੀ ਐੱਸ ਭੁੱਲਰ

Posted on:- 24-11-2014

ਪਿਛਲੀ ਯੂ ਪੀ ਏ ਸਰਕਾਰ ਵਿੱਚ ਹੋਏ ਬੇਤਹਾਸ਼ਾ ਕਰੋੜੀ ਅਰਬੀ ਘਪਲਿਆਂ ਕਾਰਨ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੋਣ ’ਤੇ ਉਸਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਚੰਗਾ ਸਿਆਸੀ ਲਾਹਾ ਲਿਆ। ਕੁਝ ਬੁੱਧੀਜੀਵੀ ਤੇ ਜਾਗਰੂਕ ਲੋਕਾਂ ਨੇ ਭਾਰਤ ਦੇ ਲੋਕਾਂ ਸਾਹਮਣੇ ਕਾਂਗਰਸ ਦੀਆਂ ਨੀਤੀਆਂ ਦਾ ਵੀ ਵਿਰੋਧ ਕੀਤਾ ਅਤੇ ਭਾਜਪਾ ਦੀਆਂ ਫਿਰਕੂ ਨੀਤੀਆਂ ਤੋਂ ਵੀ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਮ ਲੋਕਾਂ ਨੂੰ ਕਾਂਗਰਸ ਤੋਂ ਅਜਿਹੀ ਨਫ਼ਰਤ ਹੋ ਗਈ ਸੀ, ਕਿ ਉਨ੍ਹਾਂ ਭਾਜਪਾ ਦੀਆਂ ਫ਼ਿਰਕੂ ਨੀਤੀਆਂ ਵੱਲ ਧਿਆਨ ਹੀ ਨਾ ਦਿੱਤਾ। ਨਤੀਜੇ ਵਜੋਂ ਭਾਜਪਾ ਦੀ ਕੇਂਦਰ ਵਿੱਚ ਮਜ਼ਬੂਤ ਸਰਕਾਰ ਹੋਂਦ ਵਿੱਚ ਆ ਗਈ।

ਆਰ ਐਸ ਐਸ ਦਾ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਡਾ: ਮਨਮੋਹਨ ਵੈਦ ਕਹਿੰਦਾ ਹੈ ਕਿ ਭਾਰਤੀ ਸੱਭਿਆਚਾਰ ਦੀ ਜੀਵਨ ਦਿ੍ਰਸ਼ਟੀ ਹਿੰਦੂ ਜੀਵਨ ਦਿ੍ਰਸ਼ਟੀ ਹੈ, ਇਸ ਲਈ ਸੰਘ, ਦੇਸ਼ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਇੱਕ ਹੀ ਸੱਭਿਆਚਾਰਕ ਪਿਛੋਕੜ ਵਾਲੇ ਹਿੰਦੂ ਮੰਨਦਾ ਹੈ। ਅਜਿਹੀਆਂ ਹੀ ਕੁਝ ਸ਼ਕਤੀਆਂ ਨੇ ਬਹੁਗਿਣਤੀ ਹਿੰਦੂਆਂ ਨੂੰ ਇੱਕਮੁੱਠ ਕਰਕੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਦੇ ਯਤਨ ਕਰਦਿਆਂ ਹੀ ਦੇਸ਼ ਵਿੱਚ ਰਾਮ ਮੰਦਰ ਦਾ ਮੁੱਦਾ ਉਠਾਇਆ ਸੀ। ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ’ਤੇ ਵੀ ਸੰਘ ਦਾ ਜੁਆਇੰਟ ਸਕੱਤਰ ਦੱਤਾਤ੍ਰੇਯ ਹੋਸਬਾਲੇ ਆਰ ਐਸ ਐਸ ਦੀ ਮੀਟਿੰਗ ਵਿੱਚ ਕਹਿੰਦਾ ਹੈ ਕਿ ਰਾਮ ਮੰਦਰ ਦੇਸ਼ ਦੇ ਏਜੰਡੇ ਵਿੱਚ ਹੈ ਤੇ ਇਹ ਕੌਮੀ ਹਿਤ ਵਾਲਾ ਹੈ।

ਕੇਂਦਰ ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਉਣ ਨਾਲ ਦੇਸ਼ ਵਿੱਚ ਆਰ ਐਸ ਐਸ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ, ਬਜਰੰਗ ਦਲ ਤੇ ਹਿੰਦੂ ਪ੍ਰੀਸਦ ਆਦਿ ਦੇ ਹੌਸਲੇ ਬੁਲੰਦ ਹੋ ਗਏ ਹਨ। ਉਹਨਾਂ ਸੰਘ ਦਾ ਏਜੰਡਾ ਦੇਸ਼ ਭਰ ਵਿੱਚ ਲਾਗੂ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸਦੀ ਕੜੀ ਵਜੋਂ ਹੀ ਆਰ ਐਸ ਐਸ ਵਾਲਿਆਂ ਨੇ ਗਊ ਹੱਤਿਆ ਦੇ ਮੁੱਦੇ ਨੂੰ ਅਧਾਰ ਬਣਾ ਕੇ ਪੰਜਾਬ ਵਿੱਚ ਤਿ੍ਰਸੂਲ, ਬੰਦੂਕਾਂ ਤੇ ਹੋਰ ਹਥਿਆਰ ਲੈ ਕੇ ਵੱਖ-ਵੱਖ ਸ਼ਹਿਰਾਂ ’ਚ ਮਾਰਚ ਕਰਕੇ ਜਿੱਥੇ ਆਪਣੇ ਏਜੰਡੇ ਨੂੰ ਪ੍ਰਚਾਰਿਆ ਉੱਥੇ ਘੱਟ ਗਿਣਤੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ, ਜਿਸ ਨੂੰ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਤਬਾਹ ਕਰਨ ਦੀ ਇੱਕ ਸਾਜਿਸ਼ ਵੀ ਕਿਹਾ ਜਾ ਸਕਦਾ ਹੈ।

ਸੰਘੀ ਏਜੰਡੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਭਾਜਪਾ ਆਗੂਆਂ ਨੇ ਦੇਸ਼ ਦੀ ਸਿਆਸਤ ਵਿੱਚ ਲੁਕਵੀਂ ਸ਼ਮੂਲੀਅਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ। ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ ਪੰਜਾਬ ਵਿੱਚ ਦਹਾਕਿਆਂ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਚੱਲੀ ਆ ਰਹੀ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਭਾਜਪਾ ਦਾ ਹੁਕਮ ਸਿਰਮੱਥੇ ਮੰਨਿਆਂ ਹੈ, ਭਾਵ ਇਹ ਪਤਾ ਹੋਣ ਦੇ ਬਾਵਜੂਦ ਕਿ ਭਾਜਪਾ ਘੱਟ ਗਿਣਤੀਆਂ ਵਿਰੋਧੀ ਹੈ ਅਤੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਲਈ ਯਤਨਸ਼ੀਲ ਹੈ, ਸ਼੍ਰੋਮਣੀ ਅਕਾਲੀ ਦਲ ਖਾਸਕਰ ਸ੍ਰ. ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ, ਰਾਜ ਦੇ ਹਿਤਾਂ ਅਤੇ ਪੰਥ ਦੀ ਪਰਵਾਹ ਨਾ ਕਰਦਿਆਂ ਭਾਜਪਾ ਦੀ ਅਗਵਾਈ ਵਿੱਚ ਹਮੇਸ਼ਾ ਆਰ ਐਸ ਐਸ ਦਾ ਹੀ ਸਾਥ ਦਿੱਤਾ ਹੈ।

ਕੇਂਦਰ ਵਿੱਚ ਭਾਜਪਾ ਦੀ ਮਜ਼ਬੂਤ ਸਰਕਾਰ ਬਣਨ ’ਤੇ ਆਰ ਐਸ ਐਸ ਤੇ ਭਾਜਪਾ ਆਗੂ ਇਹ ਸਮਝ ਰਹੇ ਹਨ ਕਿ ਉਹ ਇਕੱਲੇ ਹੀ ਸੰਘੀ ਏਜੰਡਾ ਲਾਗੂ ਕਰਨ ਦੇ ਸਮਰੱਥ ਹਨ ਅਤੇ ਹੁਣ ਉਹਨਾਂ ਨੂੰ ਕਿਸੇ ਹੋਰ ਦੀ ਮੱਦਦ ਦੀ ਲੋੜ ਨਹੀਂ। ਇਸ ਕਰਕੇ ਜਿਵੇਂ ਕੋਈ ਵਸਤੂ ਵਰਤ ਕੇ ਪਰ੍ਹੇ ਸੁੱਟ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਭਾਜਪਾ ਅਕਾਲੀ ਦਲ ਨੂੰ ਸੁੱਟ ਕੇ ਪੰਜਾਬ ’ਚ ਆਪਣੇ ਪੈਰ ਜਮਾਉਣ ਲਈ ਜੁਟ ਗਈ ਹੈ।

ਇਹ ਵੀ ਇੱਕ ਸੱਚਾਈ ਹੈ ਕਿ ਪੰਜਾਬ ਵਿੱਚ ਧਾਰਮਿਕ ਡੇਰਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ, ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ’ਤੇ ਡੂੰਘਾ ਅਸਰ ਹੈ ਤੇ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਚੋਣਾਂ ਸਮੇਂ ਵਰਤਦੀਆਂ ਹਨ। ਇਨ੍ਹਾਂ ਡੇਰਿਆਂ ਦਾ ਲਾਹਾ ਲੈਣ ਲਈ ਭਾਜਪਾ ਨੇ ਵੀ ਡੇਰਿਆਂ ਵੱਲ ਆਪਣੀ ਰੁਚੀ ਵਧਾਈ ਹੈ, ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਭਾਜਪਾ ਨੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕੀਤਾ ਸੀ, ਕਿਉਂਕਿ ਉਸਦਾ ਹਰਿਆਣੇ ਦੀਆਂ ਦਰਜਨਾਂ ਸੀਟਾਂ ’ਤੇ ਅਸਰ ਹੈ।

ਪੰਜਾਬ ਲਈ ਵੀ ਭਾਜਪਾ ਨੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਸੰਪਰਕ ਉਸੇ ਤਰ੍ਹਾਂ ਬਣਾਇਆ ਹੋਇਆ ਹੈ, ਕਿਉਂਕਿ ਮਾਲਵੇ ਦੀਆਂ ਕਰੀਬ ਦੋ ਦਰਜਨ ਸੀਟਾਂ ਤੇ ਇਸਦੇ ਸਰਧਾਲੂਆਂ ਦੀਆਂ ਵੋਟਾਂ ਦੀ ਗਿਣਤੀ ਕਾਫ਼ੀ ਹੈ।

ਇਸੇ ਤਰ੍ਹਾਂ ਡੇਰਾ ਬਿਆਸ ਅਤੇ ਡੇਰਾ ਬੱਲਾਂ ਦਾ ਵੀ ਕਰੀਬ ਤਿੰਨ ਦਰਜਨ ਹਲਕਿਆਂ ’ਤੇ ਕਾਫ਼ੀ ਅਸਰ ਹੈ। ਇਨ੍ਹਾਂ ਡੇਰਿਆਂ ਤੋਂ ਚੋਣਾਂ ਸਮੇਂ ਹਮਾਇਤ ਹਾਸਲ ਕਰਨ ਲਈ ਭਾਜਪਾ ਦੇ ਕੌਮੀ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਕੁਝ ਸਮਾਂ ਪਹਿਲਾਂ ਡੇਰਾ ਬਿਆਸ ਪਹੁੰਚੇ ਅਤੇ ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਗੁਪਤ ਮੁਲਾਕਾਤ ਕੀਤੀ। ਆਰ ਐਸ ਐਸ ਦੇ ਮੁਖੀ ਸ੍ਰੀ ਭਾਗਵਤ ਨੇ ਵੀ ਡੇਰਾ ਬਿਆਸ ਦੇ ਮੁਖੀ ਬਾਬਾ ਢਿੱਲੋਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਬਾਰੇ ਅਖ਼ਬਾਰਾਂ ਵਿੱਚ ਚਰਚਾ ਹੋ ਚੁੱਕੀ ਹੈ। ਸ਼ਾਇਦ ਇਸੇ ਮਿਲਣੀ ਦੀ ਗੱਲਬਾਤ ਅੱਗੇ ਵਧਾਉਂਦਿਆਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਗਰਮ ਖਿਆਲੀ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਬੀਤੇ ਦਿਨ ਕਥਿਤ ਗੁਪਤ ਮੀਟਿੰਗ ਕੀਤੀ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਜਦ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ, ਉਸ ਸਮੇਂ ਵੀ ਇਹ ਚਰਚਾ ਛਿੜੀ ਸੀ ਕਿ ਇਸ ਸ਼ਮੂਲੀਅਤ ਵਿੱਚ ਡੇਰਾ ਬਿਆਸ ਮੁਖੀ ਦਾ ਯੋਗਦਾਨ ਹੈ।

ਇੱਥੇ ਹੀ ਬੱਸ ਨਹੀਂ ਸੰਘ ਅਤੇ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਲਈ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਵੀ ਚਰਚੇ ਜੋਰਾਂ ’ਤੇ ਹਨ। ਪੰਜਾਬ ਵਿੱਚ ਭਾਜਪਾ ਵੱਲੋਂ ਲਗਾਏ ਜਾਣ ਵਾਲੇ ਪੋਸਟਰਾਂ ਵਿੱਚੋਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਗਾਇਬ ਹਨ। ਭਾਜਪਾ ਪੰਜਾਬ ਦੇ ਇੱਕ ਦੋ ਆਗੂਆਂ ਨੂੰ ਛੱਡ ਕੇ ਬਾਕੀ ਆਪਣੇ ਬਲਬੂਤੇ ਚੋਣਾਂ ਲੜਣ ’ਤੇ ਜ਼ੋਰ ਦੇ ਰਹੇ ਹਨ। ਉਮੀਦ ਵੀ ਇਹੋ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਭਾਜਪਾ ਵੱਖ -ਵੱਖ ਹੀ ਲੜਣਗੇ।

ਇਸ ਵਿੱਚ ਵੀ ਕੋਈ ਭੁਲੇਖਾ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਮੌਜੂਦਾ ਅਕਾਲੀ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ, ਉਨ੍ਹਾਂ ਨੂੰ ਹੁਣ ਸਰਕਾਰ ਤੋਂ ਬਹੁਤੀਆਂ ਉਮੀਦਾਂ ਨਹੀਂ ਰਹੀਆਂ। ਭਾਰਤੀ ਜਨਤਾ ਪਾਰਟੀ ਵੀ ਜੇਕਰ ਕੇਂਦਰ ਸਰਕਾਰ ਦਾ ਲਾਹਾ ਲੈਂਦਿਆਂ ਅਕਾਲੀ ਦਲ ਦੇ ਪੰਜਾਬ ਵਿਚਲੇ ਵਿਰੋਧੀਆਂ ਨਾਲ ਤਾਲਮੇਲ ਕਰਕੇ ਅਤੇ ਡੇਰਿਆਂ ਦੇ ਸਹਿਯੋਗ ਨਾਲ ਰਾਜ ਦੀ ਸੱਤ੍ਹਾ ਸੰਭਾਲ ਲੈਂਦੀ ਹੈ ਤਾਂ ਫਿਰਕਾਪ੍ਰਸਤੀ ਸਿਰ ਚੁੱਕੇਗੀ, ਜੋ ਪੰਜਾਬ ਦੇ ਹਿਤ ਵਿੱਚ ਨਹੀਂ ਹੋਵੇਗਾ।

ਸੰਪਰਕ: +91 98882 75913

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ