Sat, 12 October 2024
Your Visitor Number :-   7231788
SuhisaverSuhisaver Suhisaver

ਔਰਤਾਂ ਬੋਲਦੀਆਂ ਕਿਉਂ ਨਹੀਂ? -ਸੁਕੀਰਤ

Posted on:- 21-10-2018

suhisaver

ਵੀਹ, ਘੱਟ ਜਾਂ ਵੱਧ ਜਾਣੀਆਂ ਜਾਂਦੀਆਂ, ਪੱਤਰਕਾਰ ਔਰਤਾਂ ਦੇ ਖੁੱਲ੍ਹ ਕੇ ਬੋਲਣ ਦੇ ਬਾਅਦ (ਅਤੇ ਸੋਸ਼ਲ ਹੀ ਨਹੀਂ ਰਵਾਇਤੀ ਮੀਡੀਏ ਵਿਚ ਕਈ ਦਿਨ ਝੱਖੜ ਝੁਲਦੇ ਰਹਿਣ ਮਗਰੋਂ) ਜਦੋਂ ਇਕ ਕੇਂਦਰੀ ਮੰਤਰੀ ਨੂੰ ਇਸਤੀਫ਼ਾ ਦੇਣਾ ਪਿਆ ਤਾਂ ਮੇਰੇ ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਗੈਰਾ ਮਿਤਰ ਦਾ ਟਿਪਣੀਨੁਮਾ ਸਵਾਲ ਸੀ, “20 ਸਾਲ ਤਕ ਚੁਪ ਬੈਠੀਆਂ ਰਹੀਆਂ । ਇਹ ਪਹਿਲਾਂ ਨਹੀਂ ਕਿਉਂ ਨਾ ਬੋਲੀਆਂ? ਇਹੋ ਜਿਹੇ ਇਲਜ਼ਾਮ ਲਾਉਣ ਦਾ ਤਾਂ ਫੈਸ਼ਨ ਹੋ ਗਿਆ ਹੈ”।

ਇਹੋ ਜਿਹੇ ਮੌਕਿਆਂ ਤੇ ਮੈਂ ਅਵਾਕ ਨਹੀਂ ਰਹਿੰਦਾ, ਭਖਣ ਲਗ ਪੈਂਦਾ ਹਾਂ।ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਗੈਰਾ ਵਿਸ਼ੇਸ਼ਣਾਂ ਦੀ ਪਰਿਭਾਸ਼ਾ ਉਤੇ ਮੈਨੂੰ ਸ਼ਕ ਹੋਣ ਲਗ ਪੈਂਦਾ ਹੈ। ਤੇ ਮਨ ਵਿਚੋਂ ਲੰਘਦਾ ਹੈ ਕਿ ਜਿਹੜੇ ‘ਦੋ ਧੜਿਆਂ ਵਿਚ ਖਲਕਤ ਵੰਡੀ’ ਹੋਈ ਹੈ, ਉਸ ਦੀ ਸਭ ਤੋਂ ਤਿੱਖੀ ਲਕੀਰ ਸ਼ਾਇਦ ਮਰਦਾਂ ਅਤੇ ਔਰਤਾਂ ਵਿਚਕਾਰ ਹੈ।  ਬੌਧਿਕ ਸ਼ਬਦਾਂ ਵਿਚ ਕਹਾਂ ਤਾਂ ਇਹ ਪਿਤਰੀ ਸੱਤਾ ਵਾਲੀ ਉਸ ਮਾਨਸਕਤਾ ਦਾ ਗਲਬਾ ਹੈ ਜਿਸ ਦੀ ਜਕੜ ਵਿਚ ਫਸੇ ‘ਸੰਵੇਦਨਸ਼ੀਲ’ ਮਰਦਾਂ ਨੂੰ ਪਤਾ ਵੀ ਨਹੀਂ ਕਿ ਉਹ ਕਿਹੋ ਜਿਹੀ ਪਿਛਾਂਹ-ਖਿੱਚੂ ਸੋਚ ਦੇ ਸ਼ਿਕਾਰ ਹਨ।

ਪਹਿਲੋਂ ਇਸ ਮਾਮਲੇ ਬਾਰੇ ਕੁਝ ਸਿਧੇ-ਪੱਧਰੇ ਤੱਥ । ਕੋਈ ਸਾਲ ਕੁ ਪਹਿਲਾਂ, ‘ਵੋਗ’ ਨਾਂਅ ਦੇ ਰਿਸਾਲੇ ਵਿਚ ਛਪੀ ਮੁਲਾਕਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਪਤਰਕਾਰ ਪ੍ਰੀਆ ਰਮਾਨੀ ਨੇ ਦਸਿਆ ਕਿ ਕੰਮ ਕਰਨ ਵਾਲੀਆਂ ਔਰਤਾਂ ਨੂੰ ਹਰ ਥਾਂ ਹੀ ਮਾੜੀਆਂ ਟਿਪਣੀਆਂ, ਅਣਚਾਹੀ ਛੇੜਛਾੜ ਅਤੇ ਕਾਮੀ ਸੱਦਿਆਂ ਨਾਲ ਸਿਝਣਾ ਪੈਂਦਾ ਹੈ, ਅਤੇ ਪਤਰਕਾਰੀ ਦਾ ਖੇਤਰ ਵੀ ਇਸ ਲਾਗ ਤੋਂ ਮੁਕਤ ਨਹੀਂ। ਬਿਨਾ ਕਿਸੇ ਦਾ ਨਾਂਅ ਲਏ, ਉਸਨੇ ਇਹ ਵੀ ਕਿਹਾ 20 ਸਾਲ ਪਹਿਲਾਂ ਉਸਨੂੰ ਵੀ ਉਸਦੇ ਸੰਪਾਦਕ ਨੇ ਚੋਖਾ ਤੰਗ ਕੀਤਾ ਸੀ, ਜੋ ਭਾਰਤੀ ਪੱਤਰਕਾਰੀ ਵਿਚ ਵੱਡੇ ਅਹੁਦਿਆਂ ਉਤੇ ਰਹਿ ਚੁਕਾ ਹੈ। ਨਾ ਇਹ ਵਰਤਾਰਾ ਕਿਸੇ ਕੋਲੋਂ ਲੁਕਿਆ ਛੁਪਿਆ ਹੈ, ਤੇ ਨਾ ਹੀ ਪ੍ਰੀਆ ਰਮਾਨੀ ਨੇ ਕਿਸੇ ਦਾ ਨਾਂਅ ਲਿਆ, ਸੋ ਗਲ ਆਈ-ਗਈ ਹੋ ਗਈ।

ਹੁਣ ਕੁਝ ਚਿਰ ਪਹਿਲਾਂ ਰਹਿ ਚੁਕੀ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉਤੇ ਇਲਜ਼ਾਮ ਲਾਇਆ ਕਿ ਦਸ ਸਾਲ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਉਸ ਨਾਲ ਵਾਰ-ਵਾਰ ਕਾਮੁਕ ਛੇੜਛਾੜ ਕੀਤੀ ਗਈ। ਉਸਨੇ ਸ਼ਿਕਾਇਤ ਵੀ ਕੀਤੀ ਸੀ, ਪਰ ਕੋਈ ਸੁਣਵਾਈ ਨਾ ਹੋਈ ਕਿਉਂਕਿ ਨਾਨਾ ਪਾਟੇਕਰ ਵੱਡਾ ਨਾਂਅ ਸੀ। ਸਗੋਂ ਤਨੁਸ਼੍ਰੀ ਨੂੰ ਹੀ ਕੰਮ ਮਿਲਣਾ ਬੰਦ ਹੋ ਗਿਆ ਅਤੇ ਉਹ ਅਮਰੀਕਾ ਚਲੀ ਗਈ। ਆਪਣੇ ਨਾਲ ਹੋਏ ਧੱਕੇ, ਆਪਣੇ ਕਰੀਅਰ ਦੀ ਮੁਢ ਵਿਚ ਹੀ ਹੋਈ ਤਬਾਹੀ ਦਾ ਰੋਹ ਉਸਦੇ ਅੰਦਰ ਕ੍ਰਿਝਦਾ ਰਿਹਾ ਅਤੇ ਅਮਰੀਕਾ ਵਿਚ #ਮੀ ਟੂ ਦੀ ਪਿਛਲੇ ਸਾਲ ਤੋਂ ਤੁਰੀ ਮੁਹਿੰਮ ਦੇ ਨਤੀਜਿਆਂ ਨੇ ਉਸਨੂੰ ਪ੍ਰੇਰਿਤ ਕੀਤਾ ਕਿ ਨਾਨਾ ਪਾਟੇਕਰ ਦੀ ਜ਼ਿਆਦਤੀ ਬਾਰੇ ਮੁੜ ਗਲ ਛੇੜੇ। ( ਸੋਸ਼ਲ ਮੀਡੀਆ ਉਤੇ ਅਕਤੂਬਰ 2017 ਤੋਂ ਵਾਇਰਲ ਹੋਈ #ਮੀ ਟੂ –ਯਾਨੀ ਇੰਜ ਮੇਰੇ ਨਾਲ ਵੀ ਹੋਇਆ ਸੀ- ਮੁਹਿੰਮ ਔਰਤਾਂ ਵਲੋਂ ਇਹ ਦਸਣ ਦਾ ਉਪਰਾਲਾ ਸੀ ਕਿ ਕੰਮ ਕਰਨ ਵਾਲੀਆਂ ਥਾਂਵਾਂ ਉਤੇ ਕਾਮੁਕ ਹਮਲੇ ਅਤੇ ਉਨ੍ਹਾਂ ਨੂੰ ਦਿਕ ਕਰਨ ਦੇ ਉਪਰਾਲੇ ਕਿੰਨੇ ਆਮ ਹਨ। ਅਮਰੀਕੀ ਅਭਿਨੇਤਰੀ ਅਲੀਸਾ ਮਿਲਾਨੋ ਨੇ ਅਜਿਹੇ ਹਮਲਿਆਂ ਦੀਆਂ ਸ਼ਿਕਾਰ ਔਰਤਾਂ ਨੂੰ ਪ੍ਰੇਰਤ ਕੀਤਾ ਕਿ ਉਹ ਇਹੋ ਜਿਹੇ ਹਾਦਸਿਆਂ ਬਾਰੇ ਖੁਲ੍ਹ ਕੇ ਬੋਲਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ।)

ਤਨੁਸ਼੍ਰੀ ਦੇ ਹੌਸਲੇ ਤੋਂ ਪ੍ਰੇਰਤ ਹੋ ਕੇ ਟੈਲੀ-ਸੀਰੀਅਲਾਂ ਦੀ ਲੇਖਕ ਵਿੰਟਾ ਨੰਦਾ ਨੇ ਵੀ ਖੁਲ੍ਹ ਕੇ ਕਿਹਾ ਕਿ 90-ਵਿਆਂ ਵਿਚ ‘ਤਾਰਾ’ ਸੀਰੀਅਲ ਦੀ ਸ਼ੂਟਿੰਗ ਦੇ ਦੌਰਾਨ ਅਭਿਨੇਤਾ ਆਲੋਕ ਨਾਥ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਸਮੇਂ ਉਹ ਚੁਪ ਰਹੀ , ਪਰ 2005 ਤੀਕ ਜਦੋਂ ਉਹ ਪਕੇਰੇ ਪੈਰੀਂ ਖੜੀ ਹੋ ਚੁਕੀ ਸੀ , ਉਸਨੇ ਇਸ ਬਲਾਤਕਾਰ ਬਾਰੇ ਇੰਕਸ਼ਾਫ਼ ਵੀ ਕੀਤਾ ਸੀ। ਪਰ ਇਸਤੋਂ ਬਾਅਦ ਉਸਨੂੰ ਕੰਮ ਹੀ ਮਿਲਣਾ ਬੰਦ ਹੋ ਗਿਆ। ਹੁਣ #ਮੀ ਟੂ ਨੇ ਉਸਨੂੰ ਹੌਸਲਾ ਦਿਤਾ ਕਿ ਉਹ ਆਪਣੀ ਗਲ ਮੁੜ ਸਭ ਦੇ ਸਾਹਮਣੇ ਲਿਆਵੇ।

ਤੇ ਇਹੋ ਕਾਰਨ ਹੈ ਕਿ ਪ੍ਰੀਆ ਰਮਾਨੀ ਨੇ ਵੀ ਐਮ ਜੇ ਅਕਬਰ ਦਾ ਨਾਂਅ ਖੁਲ੍ਹ ਕੇ ਦਸ ਦਿਤਾ।

ਪਰ ਨਾ ਨਾਨਾ ਪਾਟੇਕਰ, ਨਾ ਹੀ ਆਲੋਕ ਨਾਥ ਅਤੇ ਨਾ ਹੀ ਐਮ ਜੇ ਅਕਬਰ ਇਹ ਮੰਨਣ ਨੂੰ ਤਿਆਰ ਹਨ ਕਿ ਉਨ੍ਹਾਂ ਵੱਲੋਂ ਕੋਈ ਵਧੀਕੀ ਹੋਈ ਹੈ। ਸਗੋਂ ਉਨ੍ਹਾਂ ਨੇ ਇਨ੍ਹਾਂ ਔਰਤਾਂ ਉਤੇ ਮਾਨਹਾਨੀ ਦੇ ਮੁਕਦਮੇ ਠੋਕ ਦਿਤੇ ਹਨ। ਇਸ ਅੜੀਅਲ ਮਰਦਾਨਾ ਹਿਕਾਰਤ ਨੂੰ ਦੇਖ ਕੇ ਹੋਰ ਵੀ ਔਰਤਾਂ ਬੋਲਣ ਲਗ ਪਈਆਂ। ਐਮ ਜੇ ਅਕਬਰ ਦੇ ਕਾਰਿਆਂ/ਕਾਮੁਕ ਵਧੀਕੀਆਂ ਨਾਲ ਆਪਣੇ ਤਜਰਬੇ ਬਾਰੇ ਤਾਂ 20 ਪਤਰਕਾਰ ਔਰਤਾਂ ਨੇ ਮੂੰਹ ਖੋਲਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੇ ਨਾਂਅ ਚੋਖੇ ਜਾਣੇ ਜਾਂਦੇ ਹਨ।

ਤੇ ਮੇਰਾ ‘ਸੰਵੇਦਨਸ਼ੀਲ’ ਮਿਤਰ ਹੀ ਨਹੀਂ, ਭਾਜਪਾਈ ਮੰਤਰੀਆਂ ਤੋਂ ਲੈ ਕੇ ਸੱਥ ਵਿਚ ਬੈਠੇ ਸਾਥੀ ਕਹਿ ਰਹੇ ਹਨ ਕਿ 20 ਸਾਲ ਮਗਰੋਂ ਇਲਜ਼ਾਮ ਲਾਉਣ ਦੀ ਕੀ ਤੁਕ ਹੈ? ਇਹੋ ਜਿਹੇ ਇਲਜ਼ਾਮ ਲਾਉਣ ਦਾ ਤਾਂ ਫੈਸ਼ਨ ਹੋ ਗਿਆ ਹੈ। ਜੇ ਇਹ ਸਚ ਸੀ ਤਾਂ ਇਹ ਪਹਿਲਾਂ ਕਿਉਂ ਨਾ ਬੋਲੀਆਂ?  ਇਹ ਸਸਤੀ ਸ਼ੁਹਰਤ ਖਟਣ ਦਾ ਉਪਰਾਲਾ ਹੈ।

ਐਮ ਜੇ ਅਕਬਰ ਨੇ ਇਸਤੀਫ਼ਾ ਤਾਂ ਦੇ ਦਿਤਾ ਹੈ ਪਰ ਪ੍ਰੀਆ ਰਮਾਨੀ ਉਤੇ 97 ਵਕੀਲਾਂ ਦੀ ਟੀਮ ਬਣਾ ਕੇ ਹਤਕ ਇਜ਼ਤ ਦਾ ਮੁਕੱਦਮਾ ਠੋਕ ਦਿਤਾ ਹੈ। ਇਸ ਮੁਲਕ ਦੀ ਨਿਆਂ-ਪ੍ਰਣਾਲੀ  ਅਜਿਹੀ ਹੈ ਕਿ ਲੰਮਾ ਸਮਾਂ ਨਾ ਸਿਰਫ਼ ਕਚਹਿਰੀਆਂ ਵਿਚ ਖੁਆਰ ਹੋਣਾ ਪੈਂਦਾ ਹੈ, ਤੁਸੀ ਦੀਵਾਲੀਏ ਵੀ ਹੋ ਸਕਦੇ ਹੋ। ਏਸੇ ਡਰ ਤੋਂ ਤਾਂ ਪਿਛਲੇ ਸਾਲ ‘ਇਕਨੌਮਿਕ ਐਂਡ ਪੋਲਿਟਿਕਲ ਵੀਕਲੀ’ ਵਰਗੇ ਸਤਿਕਾਰੇ ਖੱਬੇ-ਪੱਖੀ ਰਿਸਾਲੇ ਨੇ ਵੀ ਅਡਾਨੀ ਦੀ ਮੁਕੱਦਮਾ ਧਮਕੀ ਅਗੇ ਹਥਿਆਰ ਸੁਟ ਦਿਤੇ। ਕੇਂਦਰੀ ਵਿਤ ਮੰਤਰੀ ਵੱਲੋਂ ਮੁਕੱਦਮੇਬਾਜ਼ੀ ਦੇ ਏਸੇ ਡਰਾਵੇ ਕਾਰਨ ਤਾਂ ਦਿਲੀ ਦਾ ਮੁਖ ਮੰਤਰੀ ਉਸ ਉਤੇ ਆਪਣੇ ਵੱਲੋਂ ਲਾਏ ਇਲਜ਼ਾਮ ਬਿਨਾ ਸ਼ਰਤ ਵਾਪਸ ਲੈਣ ਲਈ ਮਜਬੂਰ ਹੋ ਗਿਆ। ਸੋ, ਜੇ ਪ੍ਰੀਆ ਰਮਾਨੀ ਅਕਬਰ ਦੀ 97 ਵਕੀਲਾਂ ਦੀ ਫੌਜ ਰਾਹੀਂ ਲੜੀ ਜਾਣ ਵਾਲੀ ਲੜਾਈ ਵਿਚ ਹਥਿਆਰ ਨਹੀਂ ਸੁਟ ਰਹੀ ਤਾਂ ਉਸਦੀ ਮਦਦ ਲਈ ਹਰ ਉਹ ਔਰਤ ਮੈਦਾਨ ਵਿਚ ਨਿਤਰੇਗੀ ਜਿਸ ਨੇ ਐਮ ਜੇ ਅਕਬਰ ਦੀਆਂ ਵਧੀਕੀਆਂ ਸਹੀਆਂ ਜਾਂ ਦੇਖੀਆਂ ਹੋਈਆਂ ਹਨ। ਅਤੇ ਇਹੋ ਗਲ ਫਿਲਮ ਅਤੇ ਟੈਲੀ ਜਗਤ ਨਾਲ ਜੁੜੀਆਂ ਉਨ੍ਹਾਂ ਔਰਤਾਂ ਉਤੇ ਢੁਕਦੀ ਹੈ ਜੋ ਤਨੁਸ਼੍ਰੀ ਦਤਾ ਅਤੇ ਵਿੰਟਾ ਨੰਦਾ ਨਾਲ ਹੋਈਆਂ ਵਧੀਕੀਆਂ ਦੀਆਂ ਗਵਾਹ ਹੋਣ ਕਾਰਨ ਉਨ੍ਹਾਂ ਦੇ ਸਮਰਥਨ ਵਿਚ ਉਤਰੀਆਂ ਹਨ।

ਇਹ ਗਲ ਨਹੀਂ ਕਿ ਔਰਤਾਂ ਬੋਲਦੀਆਂ ਨਹੀਂ। ਦਰਅਸਲ ਉਨ੍ਹਾਂ ਨੂੰ ਚੁਪ ਰਹਿਣਾ ਪੈਂਦਾ ਹੈ ਕਿਉਂਕਿ ਕਿਤੇ ਕਿਸੇ ਸੁਣਵਾਈ ਦੀ ਆਸ ਨਹੀਂ ਹੁੰਦੀ। 14 ਸਾਲਾਂ ਦੀ ਕੁੜੀ ਨੇ ਹਰਿਆਣਾ ਦੇ ਆਈ.ਜੀ. ਪੁਲੀਸ ਰਾਠੌੜ ਦੀ ਕਾਮੁਕ ਛੇੜਛਾੜ ਖਿਲਾਫ਼ ਬੋਲਣ ਦੀ ਹਿੰਮਤ ਕੀਤੀ ਸੀ, ਪਰ ਆਤਮਹੱਤਿਆ ਕਰਨ ਤੇ ਮਜਬੂਰ ਹੋਈ। ਏਅਰ ਹੋਸਟੈਸ ਗੀਤਿਕਾ ਸ਼ਰਮਾ ਨੇ ਹਰਿਆਣੇ ਦੇ ਹੀ ਮਿਨਿਸਟਰ ਗੋਪਾਲ ਕੰਡਾ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ, ਪਰ ਤਾਕਤਵਰ ਮਰਦ ਸਾਹਮਣੇ ਇਕ ਸਧਾਰਨ ਔਰਤ ਦੀ ਔਕਾਤ ਹੀ ਕੀ ਹੈ! ਉਸਨੂੰ ਏਨਾ ਤੰਗ ਕੀਤਾ ਗਿਆ ਕਿ ਸਿਰਫ਼ ਉਹ ਆਪ ਹੀ ਨਹੀਂ,  ਉਸਦੀ ਮਾਂ ਵੀ ਖੁਦਕੁਸ਼ੀ ਕਰਨ ਵਲ ਧੱਕੀਆਂ ਗਈਆਂ। ਹਰ ਔਰਤ ਰੂਪਨ ਦਿਓਲ ਬਜਾਜ ਵਾਲਾ ਰੁਤਬਾ ਜਾਂ ਜੇਰਾ ਨਹੀਂ ਰਖਦੀ ਕਿ ਉਹ ਸਾਲਾਂ ਦਰ ਸਾਲ ਕੇ.ਪੀ.ਐਸ ਗਿਲ ਵਰਗਿਆਂ ਨਾਲ ਸਿੱਝਦੀ ਰਹੇ।

ਵੀਹ ਸਾਲ ਪਹਿਲਾਂ ਦਫ਼ਤਰੀ ਮਾਹੌਲ ਵਿਚ ਕਾਮੁਕ ਫਤਵਿਆਂ ਜਾਂ ਦਿਕ ਕਰਨ ਦੇ ਮਾਮਲਿਆਂ ਬਾਰੇ ਵਿਸ਼ਾਖਾ ਕਮੇਟੀ ਦੇ ਦਿਸ਼ਾ ਨਿਰਦੇਸ਼ ਨਹੀਂ ਸਨ ਹੁੰਦੇ। ਇਸ ਲਈ ਮਰਦਾਂ ਦੀ ਤਾਂ ਗਲ ਛੱਡੋ, ਔਰਤਾਂ ਨੂੰ ਵੀ ਪਤਾ ਨਹੀਂ ਸੀ ਕਿਹੜੀ ਸੀਮਾ ਉਲੰਘੇ ਜਾਣ ਉਤੇ ਉਹ ਹੱਕੀ ਤੌਰ ਉਤੇ ਆਪਣੇ ਨਾਲ ਹੋਈ ਵਧੀਕੀ ਬਾਰੇ ਸ਼ਿਕਾਇਤ ਦਰਜ ਕਰਾ ਸਕਦੀਆਂ ਹਨ। ਕੰਮ ਦੀ ਥਾਂ ਉਤੇ ਔਰਤਾਂ ਨਾਲ ਵਿਹਾਰ ਬਾਰੇ ਐਕਟ ਤਾਂ ਅਜੇ ਪੰਜ ਸਾਲ ਪਹਿਲਾਂ ਹੀ 2013 ਵਿਚ ਮਨਜ਼ੂਰ ਹੋਇਆ ਹੈ, ਜਿਸ ਮੁਤਾਬਕ ਹਰ ਮਾਲਕ ਲਈ ਇਕ 10-ਮੈਂਬਰੀ ਕਮੇਟੀ ਬਣਾਉਣਾ ਜ਼ਰੂਰੀ ਹੈ ਜੋ ਗਲਤ ਵਿਹਾਰ ਦੀ ਸ਼ਿਕਾਇਤ ਬਾਰੇ ਪੜਤਾਲ ਕਰ ਸਕੇ। ਇਹ ਕਮੇਟੀਆਂ ਬਹੁਤੇ ਥਾਂਈਂ ਅਜੇ ਕਾਗਜ਼ੀ ਹੀ ਹਨ; ਪਰ ਘਟੋ-ਘਟ ਇਨ੍ਹਾਂ ਦਾ ਸਪਸ਼ਟ ਖਾਕਾ ਤਾਂ ਮੌਜੂਦ ਹੈ।

ਵੀਹ ਸਾਲ ਪਹਿਲਾਂ ਔਰਤਾਂ ਬੋਲਦੀਆਂ ਨਹੀਂ ਸਨ, ਕਿਉਂਕਿ ਉਹ ਨਿਹਾਇਤ ਕਮਜ਼ੋਰ ਧਿਰ ਸਨ। ਹੁਣ ਇਨ੍ਹਾਂ ਕਾਨੂੰਨੀ ਤਬਦੀਲੀਆਂ ਨੇ ਹੀ ਨਹੀਂ, ਉਨ੍ਹਾਂ ਦੀ ਸਮੂਹਕ ਤੌਰ ਉਤੇ ਉਠੀ ਆਵਾਜ਼ ਨੇ ਵੀ ਉਨ੍ਹਾਂ ਨੂੰ ਇਹ ਤਾਕਤ ਦਿਤੀ ਹੈ ਕਿ ਉਹ ਨਾ ਸਿਰਫ਼ ਅਜਿਹੀਆਂ ਵਧੀਕੀਆਂ ਨੂੰ ਨਸ਼ਰ ਕਰਨ, ਉਨ੍ਹਾਂ ਨੂੰ ਥਾਏਂ ਨੱਪਣ ਦੀ ਹਿੰਮਤ ਵੀ ਕਰ ਸਕਣ। ਅਜ ਵੱਡੇ ਸ਼ਹਿਰਾਂ ਦੇ ਦਫ਼ਤਰੀ ਮਾਹੌਲ ਵਿਚ ਵਿਚਰ ਰਹੀਆਂ ਔਰਤਾਂ ਵਿਚ ਜਾਗਰਿਤੀ ਆਈ ਹੈ, ਕਲ ਇਸਦਾ ਛੋਟੇ ਸ਼ਹਿਰਾਂ ਅਤੇ ਪਿੰਡਾਂ ਤਕ ਪਹੁੰਚਣਾ ਵੀ ਲਾਜ਼ਮੀ ਹੈ। ਇਹ ਤਾਂ ਮੇਰੇ ‘ਸੰਵੇਦਨਸ਼ੀਲ’ ਦੋਸਤਾਂ ਨੂੰ ਵੀ ਪਤਾ ਹੀ ਹੋਵੇਗਾ ਕਿ ਗੋਹਾ-ਕੂੜਾ ਕਰਨ ਆਈ ਹੋਵੇ, ਜਾਂ ਭਾਂਡੇ-ਪੋਚਾ ਕਰਨ, ਕਿਸੇ ਦੇ ਘਰ ਕੰਮ ਕਰਨ ਆਈ ਔਰਤ ਕਿੰਨੀ ਕੁ ਸੁਰੱਖਿਅਤ ਹੁੰਦੀ ਹੈ। ਜਾਂ ਉਸ ਨਾਲ ਹੋ ਰਹੇ ਕਾਮੁਕ ਤਜਰਬਿਆਂ ਵਿਚ ਕਿੰਨੀ ਕੁ ਉਸ ਦੀ ਸਹਿਮਤੀ ਸ਼ਾਮਲ ਹੁੰਦੀ ਹੈ, ਅਤੇ ਕਿਸ ਹਦ ਤਕ ਮਜਬੂਰੀ।

ਖਦਸ਼ਾ ਇਹ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਈ ਔਰਤਾਂ ਸਿਰਫ਼ ਕਿੜ ਕੱਢਣ ਲਈ ਵੀ ਇਲਜ਼ਾਮ ਲਾ ਸਕਦੀਆਂ ਹਨ, ਇਹੋ ਜਿਹੀਆਂ ਗੱਲਾਂ ਨੂੰ ਬਹੁਤੀ ਹਵਾ ਨਹੀਂ ਦੇਣੀ ਚਾਹੀਦੀ। ਪਰ ਇਹੋ ਗੱਲ ਤਾਂ ਬਲਾਤਕਾਰ ਦੇ ਇਲਜ਼ਾਮ ਤੇ ਵੀ ਲਾਗੂ ਹੁੰਦੀ ਹੈ, ਕੋਈ ਵਿਰਲੀ ਟਾਂਵੀਂ ਇਸ ਦੋਸ਼ ਨੂੰ ਵੀ ਵਰਤ ਲੈਂਦੀ ਹੈ। ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਬਲਾਤਕਾਰ ਦੇ ਜੁਰਮ ਬਾਰੇ ਕਾਨੂੰਨ ਨਾ ਹੋਣ ਜਾਂ ਉਨ੍ਹਾਂ ਨੂੰ ਹਵਾ ਨਾ ਦਿਤੀ ਜਾਵੇ। ਕਦੇ ਕਦੇ ਕੁਝ ਕਸਬੀ ਕਿਸਮ ਦੇ ਦਲਿਤ, ਸਿਆਸੀ ਜਾਂ ਆਰਥਕ ਬਲ਼ੈਕਮੇਲ  ਲਈ ਬੇਦੋਸ਼ੇ ਸਵਰਨਾਂ ਨੂੰ ਵੀ ਘੇਰ ਲੈਂਦੇ ਹਨ, ਪਰ ਇਸ ਤੋਂ ਇਹ ਨਤੀਜਾ ਤਾਂ ਨਹੀਂ ਨਹੀਂ ਕੱਢਿਆ ਜਾ ਸਕਦਾ ਕਿ ਦਲਿਤਾਂ ਨਾਲ ਸਦੀਆਂ ਤੋਂ ਹੁੰਦੀਆਂ ਆਈਆਂ ਅਤੇ ਅਜੇ ਵੀ ਹੋ ਰਹੀਆਂ ਵਧੀਕੀਆਂ ਨੂੰ ਠਲ੍ਹ ਪਾਉਣ ਵਾਲੇ ਕਾਨੂੰਨ ਹੀ ਖਾਰਜ ਕਰ ਦਿਤੇ ਜਾਣ। ਦਾਜ-ਵਿਰੋਧੀ ਕਾਨੂੰਨ ਹੋਵੇ, ਜਾਂ ਔਰਤਾਂ ਨਾਲ ਦੁਰਵਿਹਾਰ ਵਿਰੋਧੀ; ਹਰ ਕਾਨੂੰਨ ਦੀ ਦੁਰਵਰਤੋਂ ਦੀਆਂ ਇਕਾ ਦੁਕਾ ਮਿਸਾਲਾਂ ਮਿਲਦੀਆਂ

ਰਹਿਣਗੀਆਂ ਪਰ ਇਹ ਕਾਨੂੰਨ ਇਸ ਲਈ ਜ਼ਰੂਰੀ ਹਨ ਕਿਉਂਕਿ ਇਹ ਅਲਾਮਤਾਂ ਸਾਡੇ ਸਮਾਜ ਵਿਚ ਏਨੀਆਂ ਫੈਲੀਆਂ ਹੋਈਆਂ ਹਨ, ਜਿਨ੍ਹਾਂ ਨਾਲ ਸਿਝਣ ਲਈ ਕਾਨੂੰਨ ਹੋਣੇ ਨਿਹਾਇਤ ਜ਼ਰੂਰੀ ਹਨ।

ਨਹੀਂ ਤਾਂ ਔਰਤਾਂ ਬੋਲਣਗੀਆਂ ਕਿਵੇਂ? ਮਰਦ ਤਾਂ ਉਦੋਂ ਵੀ ਬੋਲਣਾ ਬੰਦ ਨਹੀਂ ਕਰਦੇ ਜਦੋਂ ਉਨ੍ਹਾਂ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਹਥ ਪੱਲੇ ਕੋਈ ਦਲੀਲ ਹੀ ਨਹੀਂ, ਸਿਰਫ਼ ਮਰਦ ਸੱਤਾ ਪਰਧਾਨ ਸਮਾਜ ਵੱਲੋਂ ਬਖਸ਼ੀ ਗਈ ਤਾਕਤ ਅਤੇ ਮਾਨਸਕਤਾ ਹੁੰਦੀ ਹੈ। ਮੈਂ ਗਲ ਐਮ ਜੇ ਅਕਬਰ, ਆਲੋਕ ਨਾਥ ਜਾਂ ਨਾਨਾ ਪਾਟੇਕਰ ਦੀ ਨਹੀਂ ਕਰ ਰਿਹਾ; ਤੁਹਾਡੇ ਤੇ ਮੇਰੇ ਵਰਗਿਆਂ ਦੀ ਵੀ ਕਰ ਰਿਹਾ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ