Mon, 14 October 2024
Your Visitor Number :-   7232417
SuhisaverSuhisaver Suhisaver

ਪਾਕਿਸਤਾਨ ਪ੍ਰਤੀ ਮੋਦੀ ਦੇ ਬਦਲੇ ਤੇਵਰਾਂ ਦਾ ‘ਰਾਜ’ - ਪ੍ਰਿਤਪਾਲ

Posted on:- 11-10-2014

suhisaver

ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਭਾਰਤੀ ਹਾਕਮਾਂ ਦੇ ਤੇਵਰ ਸਮੇਂ-ਸਮੇਂ ਕਿਉਂ ਬਦਲਦੇ ਰਹਿੰਦੇ ਹਨ, ਭਾਰਤੀ ਜਨਤਾ ਲਈ ਇੱਕ ਸਵਾਲ ਹੈ? ਬੱਸਾਂ ਵਿੱਚ ਲਾਹੌਰ ਪਹੁੰਚਣ ਦੀਆਂ ਟਾਹਰਾਂ ਮਾਰਨ ਤੋਂ ਬਾਅਦ ਕਾਰਗਿਲ ਜੰਗ ਲੜੀ ਜਾਂਦੀ ਹੈ। ਟੈਂਕਾ ਨਾਲ ਪਾਕਸਤਾਨੀ ਸਰਹੱਦਾਂ ਉਪਰ ਭਾਰਤੀ ਫੌਜ ਦੀ ਤਾਇਨਾਤੀ ਤੋਂ ਬਾਅਦ ਆਗਰੇ ਵਿੱਚ ਪਾਕਸਤਾਨੀ ਜਰਨੈਲ ਨਾਲ ਸਬੰਧ ਸੁਧਾਰਨ ਲਈ ਗਲਬਾਤ ਦਾ ਮਹੌਲ ਬਣਇਆ ਜਾਂਦਾ ਹੈ। ਪਰ ਸਬੰਧਾਂ ਦੇ ਸੁਧਾਰ ਵਿੱਚ ਰੋੜਾ ਹਮੇਸ਼ਾਂ ਪਾਕਿਸਤਾਨ ਨੂੰ ਹੀ ਦਰਸਾਇਆ ਜਾਦਾ ਹੈ। ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਵੇਲੇ ਸਾਰਕ ਦੇਸ਼ਾਂ ਦੇ ਮੁੱਖੀਆਂ ਸਮੇਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੂੰ ਵੀ ਨਿਉਂਦਾ ਦਿੱਤਾ ਅਤੇ ਉਸਦੀ ਮਾਂ ਨੂੰ ਸ਼ਾਲ ਦਾ ਤੋਹਫਾ ਦਿੱਤਾ ਅਤੇ ਉਸਤੋਂ ਆਪਣੀ ਮਾਂ ਲਈ ਚਿੱਟੀ (ਅਮਨ) ਸਾੜੀ ਕਬੂਲ ਕੀਤੀ। ਮਹੌਲ ਤੋਂ ਇਉਂ ਭੁਲੇਖਾ ਪੈਣ ਲੱਗਿਆ ਪਿਆ ਕਿ ਚੋਣਾਂ ਸਮੇਂ ਅਤੇ ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ਼ ਹਮਲਾਵਰ ਭਾਸ਼ਾ ਦੀ ਵਰਤੋਂ ਕਰਨ ਵਾਲਾ ਮੋਦੀ ਸ਼ਾਇਦ ਪਾਕਿਸਤਾਨ ਨਾਲ ਅਮਨ ਪੂਰਬਕ ਸਬੰਧਾਂ ਦਾ ਮਸੀਹਾ ਬਣ ਗਿਆ ਹੈ। ਇਉਂ ਪ੍ਰਤੀਤ ਹੋਇਆ ਕਿ ਪਾਕਿਸਤਾਨ ਵੱਲ ਉਸਦਾ ਦਾ ਪਹਿਲਾਂ ਵਾਲਾ ਰਵੱਈਆ ਸ਼ਾਇਦ ਚੋਣ ਮਜ਼ਬੂਰੀ ਸੀ।

ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵੇਲੇ ਮੋਦੀ ਵੱਲੋਂ ਨਵਾਜ਼ ਸ਼ਰੀਫ ਨੂੰ ਦਿੱਤੇ ਨਿਉਂਦੇ ਤੋਂ ਲੋਕਾਂ ਨੂੰ ਪਾਕਿਸਤਾਨ ਨਾਲ ਸਬੰਧ ਸੁਧਰਨ ਦੀ ਆਸ ਬੱਝੀ ਸੀ। ਭਾਰਤ ਦੇ ਲੋਕ ਵਿਸ਼ੇਸ਼ ਕਰਕੇ ਪੰਜਾਬ ਸਮੇਤ ਸਰਹੱਦੀ ਸੂਬਿਆਂ ਦੇ ਲੋਕਾਂ ਦੀਆਂ ਉਮੀਦਾਂ ਸਨ ਕਿ ਸਬੰਧ ਸੁਧਰਨ ਨਾਲ ਹੋਰ ਸ਼ਹਿਰਾਂ ਦੇ ਨੇੜੇ ਵੀ ਪਾਕਿਸਤਾਨ ਨਾਲ ਸਰਹੱਦ ਖੁੱਲ੍ਹ ਜਾਵੇਗੀ ਅਤੇ ਵਪਾਰ ਵਿੱਚ ਵਾਧਾ ਹੋਵੇਗਾ। ਪੰਜਾਬ ਵਿੱਚ ਵਪਾਰੀ ਤਬਕਾ ਅਤੇ ਕਿਸਾਨ ਇਸ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਸਨ ਕਿ ਉਹਨਾਂ ਦੇ ਮੰਦੀ ਹੇਠ ਆਏ ਕਾਰੋਬਾਰਾਂ ਨੂੰ ਕੋਈ ਹੁਲਾਰਾ ਮਿਲੇਗਾ। ਪਰ ਮੋਦੀ ਸਰਕਾਰ ਦੀਆਂ ਗਿਣਤੀਆਂ ਮਿਣਤੀਆਂ ਭਾਰਤੀ ਲੋਕਾਂ ਨੂੰ ਰੋਟੀ ਰੋਜ਼ੀ ਦੇਣ ਵਾਲੀਆਂ ਨਹੀਂ ਹਨ। ਮੋਦੀ ਨੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਵਿਖਾਵੇ ਭਰੀ ਨੀਤੀ ਵੀ ਇਸ ਵੇਲੇ ਲੱਗਭਗ ਤਿਆਗ ਦਿੱਤੀ ਹੈ।

ਤਿੰਨ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਹੀ ਹਵਾ ਨੇ ਦਿਸ਼ਾ ਬਦਲ ਲਈ। ਮੋਦੀ ਨੇ ਆਪਣੇ ਕਾਰਗਿਲ ਦੌਰੇ ਸਮੇਂ ਪਾਕਿਸਤਾਨ ਉਪਰ ਦੋਸ਼ ਲਾਇਆ ਕਿ ਉਹ ਭਾਰਤ ਨਾਲ ਸਿੱਧੀ ਜੰਗ ਲੜਨ ਤੋਂ ਅਸਮਰੱਥ ਹੋਣ ਕਾਰਨ ਲੁਕਵੀ ਜੰਗ ਲੜ ਰਿਹਾ ਹੈ। ਭਾਰਤ ਇਸਦਾ ਢੁਕਵਾਂ ਜਵਾਬ ਦੇਵੇਗਾ। ਇਸ ਤੋਂ ਅਗਲੇ ਹਫਤੇ ਹੀ 25 ਅਗਸਤ ਨੂੰ ਦੋਵਾਂ ਦੇਸ਼ਾਂ ਵਿਦੇਸ਼ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਨੂੰ ਹੋਣ ਵਾਲੀ ਮੀਟਿੰਗ ਨੂੰ ਇਹ ਕਹਿਕੇ ਰੱਦ ਕਰ ਦਿੱਤਾ ਕਿ ਭਾਰਤ ਵਿਚਲੇ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਕਸ਼ਮੀਰ ਦੇ ਵੱਖ ਵਾਦੀ ਹੁਰੀਅਤ ਆਗੂਆਂ ਨਾਲ ਗਲਬਾਤ ਕਰਕੇ ਭਾਰਤ ਦੀ ਸੁਰੱਖਿਆ ਦੇ ਵਿਰੁੱਧ ਕਾਰਵਾਈ ਕੀਤੀ ਹੈ। ਮੋਦੀ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਦੀ ਕੀਮਤ ’ਤੇ ਪਾਕਿਸਤਾਨ ਨਾਲ ਸਬੰਧ ਨਹੀਂ ਸੁਧਾਰੇਗਾ। ਇਉਂ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਲਾਲ ਲਕੀਰ ਵਾਹ ਦਿੱਤੀ ਹੈ।

ਹਰ ਵਾਰ ਗਲਬਾਤ ਫੇਲ੍ਹ ਕਰਨ ਜਾਂ ਵਿਸਵਾਸ਼ਘਾਤ ਕਰਨ ਦਾ ਇਲਜਾਮ ਪਾਕਿਸਤਾਨ ਉਪਰ ਹੀ ਲਾਇਆ ਜਾਂਦਾ ਹੈ। ਪਰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਇਕ ਦੂਜੇ ਦੇ ਖਿਲਾਫ ਖੜੇ ਕਰਦੀਆਂ ਹਨ। ਇਸ ਕਰਕੇ ਸਰਹੱਦਾਂ ਉੱਤੇ ਗੋਲਾਬਾਰੀ ਅਤੇ ਆਪਸੀ ਤਣਾਅ ਵਧਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ 1994 ਤੋਂ ਪਾਕਿਸਤਾਨ ਸਰਕਾਰ ਭਾਰਤ ਨਾਲ ਗਲਬਾਤ ਤੋਂ ਪਹਿਲਾਂ ਹੁਰੀਅਤ ਦੇ ਇਹਨਾਂ ਕਸ਼ਮੀਰੀ ਆਗੂਆਂ ਨੂੰ ਮਿਲਦੀ ਆ ਰਹੀ ਹੈ। ਕਸ਼ਮੀਰ ਮਸਲਾ ਕੇਵਲ ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਦਾ ਹੀ ਨਹੀਂ ਇਹ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦਾ ਵੀ ਹੈ। ਗਲਬਾਤ ਰੱਖਣ ਸਮੇਂ ਵੀ ਅਜਿਹੀ ਕੋਈ ਸ਼ਰਤ ਨਹੀਂ ਸੀ। ਇਹ ਗਲਬਾਤ ਤੋੜਨ ਲਈ ਬਹਾਨੇ ਵਜੋਂ ਵਰਤਿਆ ਗਿਆ ਹੈ।

ਅਸਲ ਵਿੱਚ ਮੋਦੀ ਸਰਕਾਰ ਨੇ ਕਾਂਗਰਸ ਵੱਲੋਂ 1991 ਤੋਂ ਲਾਗੂ ਕੀਤੀਆਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਨੂੰ ਜਾਰੀ ਹੀ ਨਹੀਂ ਰੱਖਿਆ ਸਗੋਂ ਇਹਨਾਂ ਨੂੰ ਹੋਰ ਵੱਧ ਤਿੱਖੇ ਅਤੇ ਜਾਬਰ ਰੂਪ ’ਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਦੀ ਸਰਕਾਰ ਬੈਂਕਾਂ ਅਤੇ ਰਹਿੰਦੇ ਜਨਤਕ ਅਦਾਰਿਆਂ ਦੇ ਨਿਜੀ ਕਰਨ ਦੇ ਨਾਲ ਨਾਲ ਆਰਥਿਕਤਾ ਦੇ ਹੋਰ ਖੇਤਰ ਵੀ ਵਿਦੇਸ਼ੀ ਪੂੰਜੀ ਲਈ ਖੋਲ੍ਹ ਰਹੀ ਹੈ। ਰੇਲ ਕਿਰਾਏ ਭਾੜੇ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਤੋਹਫਾ ਮੋਦੀ ਨੇ ਗੱਦੀ ਉਪਰ ਬਿਰਾਜਮਾਨ ਹੁੰਦੇ ਸਾਰ ਹੀ ਦੇ ਦਿੱਤਾ। ਲੋਕਾਂ ਦੇ ਜਿਉਣ ਦੇ ਵਸੀਲੇ, ਕਿਸਾਨਾਂ ਦੀ ਜ਼ਮੀਨ ਖੋਹਕੇ ਕੰਪਨੀਆਂ ਨੂੰ ਦੇਣ ਲਈ ਭੂਮੀ ਗ੍ਰਹਿਣ ਕਾਨੂੰਨ ਨੁੰ ਹੋਰ ਢਿੱਲਾ ਕਰਨ ਦੇ ਯਤਨ ਜਾਰੀ ਹਨ। ਨਰਮਦਾ ਡੈਮ ਦੀ ਉਚਾਈ ਨੂੰ ਵਧਾਉਣ ਦੀ ਮਨਜ਼ੂਰੀ ਦੇ ਕੇ ਮੋਦੀ ਸਰਕਾਰ ਲੱਖਾਂ ਲੋਕਾਂ ਦੇ ਉਜਾੜੇ ਉਪਰ ਮੋਹਰ ਲਾ ਦਿੱਤੀ ਹੈ। ਆਪਣੇ ਬਜਟ ਵਿੱਚ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ 5.72 ਲੱਖ ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਹਨ ਅਤੇ ਦੇਸ਼ 120 ਕਰੋੜ ਜਨਤਾ ਨੂੰ ਤੇਲ, ਗੈਸ, ਰਸਾਇਣਕ ਖਾਦਾਂ ਅਤੇ ਖਾਧ ਪਦਾਰਥਾਂ ਉਪਰ ਦਿੱਤੀ ਜਾ ਰਹੀ ਨਿਗੂਣੀ ਸਬਸਿਡੀ (2.51 ਲੱਖ ਕਰੋੜ) ਨੂੰ ਮਾਰਚ 2015 ਤੱਕ ਹੋਰ ਛਾਂਗਣ ਦੇ ਫੈਸਲੇ ਲਏ ਹਨ। ਦੇਸ਼ ਵਿੱੱਚ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਘਰੇਲੂ ਖੇਤੀ ਅਤੇ ਸਨੱਅਤੀ ਪੈਦਾਵਾਰ ਵਧਾਉਣ ਦੀ ਥਾਂ ਦੇਸ ਦੀ ਮੰਡੀ ਨੂੰ ਸਾਮਰਾਜੀਆਂ ਲਈ ਹੋਰ ਵੱਧ ਖੋਲ੍ਹਣ ਦੇ ਫੈਸਲੇ ਲਏ ਹਨ ਜਿਸ ਨਾਲ ਬੇਰੁਜਗਾਰੀ ਵਿੱਚ ਹੋਰ ਵਾਧਾ ਹੋਣਾ ਹੈ। ਭਾਰਤ ਦੇ ਪਹਿਲਾਂ ਹੀ ਢਿੱਲੇ ਕਿ੍ਰਤ ਕਾਨੂੰਨਾਂ ਵਿੱਚ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਦੀ ਮੰਗ ’ਤੇ ਹੋਰ ਵੀ ਮਜ਼ਦੂਰ ਵਿਰੋਧੀ ਸੋਧਾਂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਪੈਸ਼ਲ ਆਰਥਿਕ ਜੋਨਾਂ ਦੇ ਨਾਮ ਨਾਲ ਜਾਣੇ ਜਾਂਦੇ ਭਾਰਤੀ ਕਿ੍ਰਤ ਕਾਨੂੰਨਾਂ ਤੋਂ ਮੁਕਤ ਸਾਮਰਾਜੀ ਪੂੰਜੀ ਲਈ ਖੁੱਲ ਖੇਡ ਦੇ ਟਾਪੂ ਬਣਾਉਣ ਦੀ ਨੀਤੀ ਨੂੰ ਫੇਰ ਤੋਂ ਤੇਜੀ ਬਖਸ਼ੀ ਜਾਵੇਗੀ। ਲੋਕਾਂ ਦੀਆਂ ੳਮੀਦਾਂ ਉੱਪਰ ਪਾਣੀ ਫਿਰਨ ਨਾਲ ਉਹਨਾਂ ਵਿੱਚ ਬੇਚੈਨੀ ਦਾ ਵੱਧਣਾ ਲਾਜਮੀ ਹੈ। ਅਜਿਹੀ ਹਾਲਤਾਂ ਵਿੱਚ ਲੋਕ ਵਿਰੋਧੀ ਮੋਦੀ ਹਕੂਮਤ ਲੋਕਾਂ ਦਾ ਧਿਆਨ ਉਹਨਾਂ ਦੀਆਂ ਬੁਨਿਆਦੀ ਜਰੂਰਤਾਂ ਤੋਂ ਹਟਾਉਣ ਲਈ ਯਤਨਸ਼ੀਲ ਹੈ।

ਮੋਦੀ ਗੁਜਰਾਤ ਵਿੱਚ 2002 ਵਿੱਚ ਮੁਸਲਿਮ ਵਿਰੋਧੀ ਕਤਲੋਗਾਰਦ ਨਾਲ ਸਾਰੇ ਦੇਸ਼ ਅੰਦਰ ਹੀ ਨਹੀਂ ਬਲਕਿ ਪੂਰੀ ਦੂਨੀਆਂ ਅੰਦਰ ਚਰਚਿਤ ਹੋਇਆ। ਇਹਨਾਂ ਦੰਗਿਆਂ ਵਿੱਚ 3000 ਦੇ ਲੱਗਭੱਗ ਮੁਸਲਿਮ ਲੋਕ ਮਾਰੇ ਗਏ ਲੱਖਾਂ ਦੇ ਘਰ ਉਜੜ ਗਏ। ਔਰਤਾਂ ਦੀਆਂ ਇਜ਼ਤਾਂ ਲੁੱਟੀਆਂ ਗਈਆਂ। ਇਹ ਵਰਤਾਰਾ ਮੋਦੀ ਦੇ ਨੱਕ ਹੇਠ ਕਈ ਦਿਨ ਚਲਦਾ ਰਿਹਾ। ਮੋਦੀ ਨੇ ਇਸ ਨੂੰ ਰੋਕਣ ਦੀ ਬਜਾਏ ਹੱਲਾਸ਼ੇਰੀ ਦਿੱਤੀ। ਅੱਜ ਤੱਕ ਮਨੁੱਖਤਾ ਦੇ ਕਾਤਲਾਂ ਨੂੰ ਮੋਦੀ ਨੇ ਸਜ਼ਾਵਾਂ ਤਾਂ ਕੀ ਦੇਣੀਆਂ ਸਨ, ਇੱਕ ਵਾਰ ਅਫਸੋਸ ਵੀ ਨਹੀਂ ਕੀਤਾ। ਅਫਜ਼ਲ ਗੁਰੂ ਵਰਗਿਆਂ ਨੂੰ ਮੌਤ ਦੀ ਸਜ਼ਾ ਲਾਗੂ ਕਰਨ ਦੀ ਮੰਗ ਕਰਨ ਵਾਲੇ ਮੋਦੀ ਨੇ ਆਪਣੀ ਮੰਤਰੀ ਮਾਇਆ ਕੋਡਨਾਨੀ ਜੋ ਇਸ ਕਤਲੇਆਮ ਵਿੱਚ ਦੋਸ਼ੀ ਪਾਈ ਗਈ ਹੈ ਅਤੇ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਵਿਰੱੁਧ ਉਪਰਲੀ ਅਦਾਲਤ ਵਿੱਚ ਜਾਕੇ ਮੌਤ ਦੀ ਸਜ਼ਾ ਦੀ ਮੰਗ ਨਹੀਂ ਕੀਤੀ। ਗੁਜਰਾਤ ਸਰਕਾਰ ਵੱਲੋਂ ਤਾਂ ਮਾਇਆ ਕੋਡਨਾਨੀ ਨੂੰ ਪੈਰੋਲ ਉਪਰ ਰਿਹਾ ਵੀ ਕਰ ਦਿੱਤਾ ਗਿਆ ਹੈ। ਚੋਣ ਪ੍ਰਚਾਰ ਦੇ ਦੌਰਾਨ ਹਿੰਦੂ ਫਿਰਕਾਪ੍ਰਸਤ ਮੋਦੀ ਨੂੰ ਵੋਟ ਨਾ ਦੇਣ ਵਾਲਿਆਂ ਨੂੰ ਪਾਕਿਸਤਾਨ ਧੱਕਣ ਦੀਆਂ ਧਮਕੀਆਂ ਦਿੰਦੇ ਰਹੇ। ਉਤਰ ਪ੍ਰਦੇਸ਼ ਵਿੱਚ ਭਾਜਪਾ ਦੇ ਚੋਣ ਪ੍ਰਬੰਧਕ ਮੋਦੀ ਦੀ ਖੱਬੀ ਬਾਂਹ ਅਮਿਤ ਸ਼ਾਹ ਦੀ ਫਿਰਕੂ ਸਿਆਸਤ ਕਰਕੇ 2013 ਵਿੱਚ ਉਤਰ ਪ੍ਰਦੇਸ਼ ਵਿੱਚ 247 ਦੰਗੇ ਹੋਏ ਜਿਹਨਾਂ ਵਿੱਚ 133 ਲੋਕ ਮਾਰੇ ਗਏ ਅਤੇ 2269 ਜ਼ਖਮੀ ਹੋਏ। ਮਜੱਫਰ ਨਗਰ ਦੇ ਦੰਗਿਆਂ ਕਾਰਨ ਇਥੇ ਵੀ ਫਿਰਕੂ ਧਰੁਵੀਕਰਨ ਤਿੱਖਾ ਹੋਇਆ ਅਤੇ ਮੋਦੀ ਦੀ ਝੋਲੀ ਵਿੱਚ 72 ਸੀਟਾਂ ਪੈਣ ਨਾਲ ਉਸਦੀ ਗੱਦੀ ਪੱਕੀ ਹੋ ਗਈ। ਪੂਰੇ ਦੇਸ਼ ’ਚ 838 ਦੰਗੇ ਹੋਏ। ਅਨੰਤਨਾਗ ਯਾਤਰਾ ਦੇ ਭੋਜਨ ਭੰਡਾਰ ਵਿੱਚ ਹੋਏ ਝਗੜੇ ਸਬੰਧੀ ਤੋਗੜੀਆਂ ਨੇ ਮੁਸਲਮ ਭਾਈਚਾਰੇ ਨੂੰ ਸ਼ਰੇਆਮ ਧਮਕੀ ਦਿੱਤੀ ਕਿ ਜੇ ਉਹ ਗੋਧਰਾ ਭੁੱਲ ਗਏ ਹਨ, ਤਾਂ ਉਨ੍ਹਾਂ ਨੂੰ ਮੁਜ਼ੱਫ਼ਰਨਗਰ ਤਾਂ ਯਾਦ ਹੋਣੈ। ਮੋਦੀ ਨੇ ਇਹ ਧਮਕੀਆਂ ਦੇਣ ਵਾਲਿਆਂ ਨੂੰ ਸਜ਼ਾ ਤਾਂ ਕੀ ਦੇਣੀ ਸੀ ਉਸਨੇ ਤਾਂ ਦੰਗਿਆਂ ਨੂੰ ਹੱਲਾ ਸ਼ੇਰੀ ਦਿੱਤੀ ਸੀ। ਇਸ ਤੋਂ ਸਪੱਸ਼ਟ ਹੈ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ਉਪਰ ਵੰਡਣ ਲਈ ਹਿੰਦੂ ਫਿਰਕਾਪ੍ਰਸਤਾਂ ਨੂੰ ਸ਼ਹਿ ਦਿੰਦਾ ਹੈ ਅਤੇ ਮੁਸਲਮਾਨਾਂ ਨੂੰ ਅੱਤਵਾਦੀਆਂ ਵਜੋਂ ਟਿੱਕਦਾ ਹੈ। ਸੰਸਦੀ ਚੋਣਾਂ ਸਮੇਂ ਅਤੇ ਮੋਦੀ ਸਰਕਾਰ ਦੇ ਪਹਿਲੇ 45 ਦਿਨਾਂ ਅਪ੍ਰੈਲ-ਜੂਨ 2014 ਵਿੱਚ ਮਸੁਲਮ ਵਿਰੋਧੀ ਦੰਗਿਆਂ ਵਿੱਚ ਵਾਧਾ ਹੋਇਆ ਹੈ। ਰਮਜਾਨ ਦੇ ਮੌਕੇ ਉਪਰ ਪ੍ਰਧਾਨ ਮੰਤਰੀ ਵੱਲੋਂ ਮੁਸਲਮ ਭਾਈਚਾਰੇ ਨੂੰ ਦਿੱਤੇ ਜਾਣ ਵਾਲੀ ਭੋਜ ਦੀ ਰੀਤ ਮੋਦੀ ਨੇ ਤੋੜ ਦਿੱਤੀ ਹੈ। ਪਰ ਨੇਪਾਲ ਵਿੱਚ ਹਿੰਦੂ ਮੰਦਰ ਉਪਰ ਲੱਖਾਂ ਕਰੋੜਾਂ ਰੁਪਏ ਦੀ ਚੰਦਨ ਦੀ ਲਕੜੀ ਚੜ੍ਹਾ ਆਇਆ ਹੈ।

ਪਾਕਿਸਤਾਨ ਕਿਉਂਕਿ ਮੁਸਲਮ ਬਹੁ ਗਿਣਤੀ ਦਾ ਦੇਸ਼ ਹੈ ਇਸ ਕਰਕੇ ਮੋਦੀ ਵਾਸਤੇ ਭਾਰਤੀ ਲੋਕਾਂ ਨੂੰ ਫਿਰਕੂ ਲੀਹਾਂ ਉਪਰ ਵੰਡਣ ਲਈ ਪਾਕਿਸਤਾਨ ਨੂੰ ਦੁਸ਼ਮਣਾਂ ਵਜੋਂ ਟਿਕਣਾ ਪੂਰੀ ਤਰਾਂ ਰਾਸ ਆਉਂਦਾ ਹੈ। ਸਬੰਧ ਸੁਧਾਰਨ ਲਈ ਸਹੁੰ ਚੁੱਕ ਸਮਾਗਮ ਤਾਂ ਇੱਕ ਛਲਾਵਾ ਸੀ। ਹਿੰਦੋਸਤਾਨ ਦੇ ਹਾਕਮਾਂ ਵੱਲੋਂ ਦੱਖਣੀ ਏਸ਼ੀਆ ਵਿੱਚ ਚੌਧਰ ਚਮਕਾਉਣ ਵਿੱਚ ਸਿਰਫ਼ ਪਾਕਿਸਤਾਨ ਦਾ ਨਾ ਦਬਣਾ, ਇੱਕ ਰੋੜਾ ਹੈ। ਇਹ ਪਾਕਿਸਤਾਨ ਨਾਲ ਦੁਸ਼ਮਣੀ ਦਾ ਇੱਕ ਵੱਡਾ ਕਾਰਨ ਵੀ ਹੈ। ਹਿੰਦੁਸਤਾਨ ਦੀਆਂ ਹਾਕਮ ਜਮਾਤਾਂ ਦੀ ਕੌਮੀਅਤਾਂ ਨੂੰ ਦਬਾਉਣ ਦੀ ਨੀਤੀ ਹੈ ਜਿਵੇਂ ਕਸ਼ਮੀਰੀ ਲੋਕਾਂ ਦੇ ਆਤਮ ਨਿਰਣੇ ਦੇ ਹੱਕ ਨੂੰ ਕੁੱਚਲਣਾ। ਮੋਦੀ ਦਾ ਹਿੰਦੂ ਰਾਸ਼ਟਰਵਾਦ ਕਸ਼ਮੀਰ ਲੋਕਾਂ ਦੀਆਂ ਰੀਝਾਂ ਨੂੰ ਦਬਾਉਣ ਅਤੇ ਧੱਕੇ ਨਾਲ ਕਸ਼ਮੀਰੀ ਲੋਕਾਂ ਨੂੰ ਭਾਰਤ ਨਾਲ ਬੰਨਣ ਦੀ ਨੀਤੀ ’ਤੇ ਚਲਦਾ ਹੈ। ਇਸ ਮਸਲੇ ਕਾਰਨ ਪਾਕਿਸਤਾਨ ਨਾਲ ਵੱਡਾ ਟਕਰਾ ਹੈ। ਭਾਰਤੀ ਮੁਸਲਮਾਨਾਂ ਉੱਪਰ ਅੱਤਿਆਚਾਰਾਂ ਦਾ ਪਾਕਿਸਤਾਨ ਅੰਦਰ ਪ੍ਰਤੀਕੂਲ ਅਸਰ ਪੈਂਦਾ ਹੈ ਜੋ ਭਾਰਤ ਉਪਰ ਦਹਿਸ਼ਤਗਰਦੀ ਹਮਲਿਆਂ ਦੀ ਭੋਇਂ ਮਹੱਈਆ ਕਰਦਾ ਹੈ। ਇਸਨੂੰ ਵਰਤਕੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਣਾ ਸਿਆਸੀ ਉੱਲੂ ਸਿੱਧਾ ਕਰਦੀਆਂ ਹਨ।

ਮੋਦੀ ਦੇ ਚੋਣ ਪ੍ਰਚਾਰ ਉਪਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੇ 3000 ਕਰੋੜ ਖਰਚ ਕੀਤੇ ਹਨ। ਵਿਦੇਸ਼ੀ ਕਾਰਪੋਰੇਟ ਘਰਾਣਿਆਂ ਵਿੱਚ ਅਮਰੀਕਾ- ਇਜਰਾਈਲ ਵਰਗੇ ਮੁਲਕ ਹਥਿਆਰਾਂ ਦੇ ਵੱਡੇ ਵਿਕਰੇਤਾ ਵੀ ਹਨ। ਭਾਰਤ ਇਹਨਾਂ ਤੋਂ ਹਥਿਆਰਾਂ ਦਾ ਵੱਡਾ ਖਰੀਦਦਾਰ ਹੈ। ਫਾਈਨਾਨਸ਼ੀਅਲ ਟਾਈਮਜ਼ 24 ਫਰਵਰੀ 2014 ਅਨੁਸਾਰ ਪਿਛਲੇ ਸਾਲ ਸੰਸਾਰ ਪੱਧਰ ਤੇ ਹਥਿਆਰਾਂ ਦਾ ਵਪਾਰ 63 ਬਿਲੀਅਨ ਡਾਲਰ ਸੀ ਅਤੇ ਭਾਰਤ ਨੇ ਇਸ ਵਿੱਚੋਂ ਲੱਗਭਗ 10 ਫੀਸਦੀ (5.9 ਬਿਲੀਅਨ ਡਾਲਰ) ਦੇ ਹਥਿਆਰ ਦਰਾਮਦ ਕੀਤੇ। 2010 ਤੋਂ ਭਾਰਤ ਦੁਨੀਆਂ ਵਿੱਚ ਹਥਿਆਰਾਂ ਦਾ ਸੱਭ ਤੋਂ ਵੱਡਾ ਖਰੀਦਦਾਰ ਚੱਲਿਆ ਆ ਰਿਹਾ ਹੈ। 2009 ਤੋਂ ਭਾਰਤ ਨੇ ਅਮਰੀਕਾ ਤੋਂ 23.7 ਕਰੋੜ ਡਾਲਰ ਦੇ ਹਥਿਆਰ ਖਰੀਦੇੇ ਸਨ ਪਰ 2013 ਵਿੱਚ ਅਮਰੀਕਾ ਤੋਂ ਹਥਿਆਰਾਂ ਦੀ ਖਰੀਦੋ ਫਰੋਕਤ 1.9 ਬਿਲੀਅਨ ਡਾਲਰ (ਚਾਰ ਗੁਣਾ) ਹੋ ਗਈ ਹੈ। ਇਸ ਨੇ 2013 ਇਜਰਾਈਲ ਤੋਂ 1 ਬਿਲੀਅਨ ਡਾਲਰ ਦੇ ਹਥਿਆਰ ਖਰੀਦੇ ਹਨ। ਭਾਰਤ ਹਥਿਆਰ ਦੀ ਖਰੀਦ ਲਈ ਅਮਰੀਕਾ ਦਾ ਵੱਡਾ ਅਤੇ ਇਜਰਾਈਲ ਦਾ ਦੂਸਰਾ ਵੱਡਾ ਖਰੀਦ-ਦਾਰ ਹੈ।ਉਹ ਭਾਰਤ ਨੂੰ ਹਥਿਆਰ ਵੇਚਣ ਵਾਲੇ ਅਤੇ ਇੱਥੇ ਸਰਮਾਇਆ ਲਾਉਣ ਵਾਲਿਆਂ ਦੇ ਹਿੱਤ ਭਾਰਤ-ਪਾਕਿਸਤਾਨ ਦੇ ਸਬੰਧ ਸੁਧਾਰਨ ਵਿੱਚ ਨਹੀਂ ਹਨ।

ਇਸ ਕਰਕੇ ਮੋਦੀ ਸਰਕਾਰ ਦੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਦਾ ਰੱੁਖ ਅੱਜ ਦੀ ਹਾਲਤ ਵਿੱਚ ਪਾਕਿਸਤਾਨ ਪ੍ਰਤੀ ਮਿਤਰਤਾ ਦਾ ਹੱਥ ਵਧਾਉਣ ਦੀ ਥਾਂ ਉਸ ਵੱਲ ਅੱਖਾਂ ਕੱਢਣ ਦਾ ਹੈ। ਹਾਕਮਾਂ ਵੱਲੋਂ ਆਪਣਾਈਆਂ ਗਈਆਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਹਾਕਮ ਆਪਣੇ ਤੇਵਰ ਬਦਲਦੇ ਰਹਿੰਦੇ ਹਨ।
ਸੰਪਰਕ: +91 98760 60280

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ