Mon, 09 December 2024
Your Visitor Number :-   7279114
SuhisaverSuhisaver Suhisaver

ਕੀ ਪੀਰਾਂ ਜਾਂ ਬਾਬਿਆਂ ਦੀ ਲੋੜ ਹੈ ? -ਤਸਲੀਮਾ ਨਸਰੀਨ

Posted on:- 06-11-2017

ਅਨੁਵਾਦ : ਕੇਹਰ ਸ਼ਰੀਫ਼

ਮੇਰੀ ਮਾਂ ਕਿਸੇ ਪੀਰ ਦੀ ਮੁਰੀਦ ਸੀ। ਪੀਰ ਜੋ ਵੀ ਕਹਿੰਦਾ ਉਹ ਉਸ `ਤੇ ਯਕੀਨ ਕਰਦੀ। ਮਾਂ ਜਦੋਂ ਵੀ ਬੀਮਾਰ ਹੁੰਦੀ ਤਾਂ ਪੀਰ ਦਾ ਪੜ੍ਹਿਆ ਪਾਣੀ ਪੀਂਦੀ। ਇਹ ਪੜ੍ਹਿਆ ਪਾਣੀ ਪੀਣ ਨਾਲ ਜੇ ਬੀਮਾਰੀ ਵਧ ਜਾਂਦੀ ਤਾਂ ਉਹ ਮੇਰੇ ਡਾਕਟਰ ਪਿਤਾ ਦੀ ਸ਼ਰਨ ਵਿਚ ਆ ਜਾਂਦੀ। ਪਿਤਾ ਜੀ ਵਲੋਂ ਕੀਤੇ ਇਲਾਜ ਨਾਲ ਉਹ ਠੀਕ ਹੋ ਜਾਂਦੀ। ਪਰ ਫੇਰ ਵੀ ਪੀਰ ਤੋਂ ਉਸ ਦਾ ਵਿਸ਼ਵਾਸ ਨਾ ਟੁੱਟਦਾ। ਇਕ ਵਾਰ ਪੀਰ ਨੇ ਕਿਹਾ ਕਿ ਉਹ ਆਪਣੇ ਸਾਰੇ ਮੁਰੀਦਾਂ ਨੂੰ ਪਰਾਂ ਵਾਲੇ ਘੋੜੇ ਤੇ ਚੜ੍ਹਾ ਕੇ ਅਰਬ ਦੇਸ਼ ਨੂੰ ਉਡਾ ਕੇ ਲੈ ਜਾਣਗੇ। ਮੇਰੀ ਮਾਂ ਸਮੇਤ ਸਭ ਮੁਰੀਦਾਂ ਨੇ ਇਸ ਗੱਲ `ਤੇ ਵਿਸ਼ਵਾਸ ਕੀਤਾ। ਮਾਂ ਤਾਂ ਆਪਣਾ ਸੂਟਕੇਸ ਬੰਨ੍ਹ ਕੇ ਤਿਆਰ ਹੋ ਕੇ ਬੈਠ ਗਈ। ਬਾਅਦ ਵਿਚ ਪਤਾ ਨਹੀਂ ਕਿਸ ਕਾਰਨ ਪੀਰ ਨੇ ‘ਉਡਕੇ ਅਰਬ ਜਾਣ` ਵਾਲੇ ਆਪਣੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ। ਮੁਰੀਦਾਂ ਨੇ ਫੇਰ ਵੀ ਪੀਰ ਉੱਤੇ ਕਿਸੇ ਤਰ੍ਹਾਂ ਦੀ ਸ਼ੱਕ-ਸ਼ੁਭਾ ਨਹੀਂ ਕੀਤੀ। ਵਿਸ਼ਵਾਸ ਇੰਨਾ ਹੀ ਖਤਰਨਾਕ ਹੁੰਦਾ ਹੈ।

ਜਿਸ ਤਰ੍ਹਾਂ ਬੰਗਲਾਦੇਸ਼ ਵਾਲੇ ਮੁਸਲਮਾਨਾਂ ਦੇ ‘ਪੀਰ` ਹਨ, ਉਵੇਂ ਹੀ ਭਾਰਤ ਅੰਦਰ ਹਿੰਦੂਆਂ ਦੇ ‘ਬਾਬੇ` ਹਨ। ਇਹ “ਬਾਬਾ ਕਲਚਰ`` ਬਹੁਤ ਪੁਰਾਣਾ ਹੈ। ਲੋਕਾਂ ਦੇ ਧਾਰਮਕ ਵਿਸ਼ਵਾਸ ਨੂੰ ਪੂੰਜੀ ਬਣਾ ਕੇ ਇਹ ਬਾਬੇ ਆਪਣਾ ਜੀਵਨ ਨਿਰਵਾਹ ਕਰਦੇ ਹਨ। ਕੁੱਝ ਮਾਤਾਵਾਂ ਵੀ ਪੈਦਾ ਹੋ ਗਈਆਂ ਹਨ। ਹਿੰਦੂਆਂ ਦਾ ਧਰਮ `ਤੇ ਵਿਸ਼ਵਾਸ ਵੀ ਬਹੁਤ ਜਿ਼ਆਦਾ ਹੈ। ਬਹੁਤ ਪੁਰਾਣਾ ਧਰਮ ਹੈ ਜਿਸ ਅੰਦਰ ਬਹੁਤ ਸਾਰੀਆਂ ਦੰਦ ਕਥਾਵਾਂ ਹਨ। ਲੱਖਾਂ-ਕਰੋੜਾਂ, ਦੇਵੀ-ਦੇਵਤੇ ਹਨ।

ਕਿਸੇ ਨੂੰ ਮੰਨੋ ਤਾਂ ਵੀ ਠੀਕ ਨਾ ਮੰਨੋ ਤਾਂ ਵੀ ਚਲਦਾ ਹੈ। ਇਕ ਸੂਬੇ ਦੇ ਲੋਕ ਦੁਰਗਾ ਨੂੰ ਮੰਨਦੇ ਹਨ ਤੇ ਦੂਜੇ ਸੂਬੇ ਦੇ ਵਿਸ਼ਨੂੰ ਨੂੰ ਮੰਨੀ ਜਾਂਦੇ ਹਨ। ਧਰਮ ਨੂੰ ਮੰਨਣ ਜਾਂ ਧਰਮ ਦੀ ਪਾਲਣਾ ਕਰਨ ਵਿਚ ਕੋਈ ਜ਼ੋਰ-ਜਬਰਦਸਤੀ ਵੀ ਨਹੀਂ। ਨਵੀਂ ਪੀੜੀ੍ਹ ਦੇ ਹਿੰਦੂ ਜੇ ਨਾਸਤਿਕ ਹੁੰਦੇ ਤਾਂ ਚੰਗਾ ਹੁੰਦਾ। ਪਰੰਤੂ ਹਿੰਦੂਆਂ ਵਿਚ ਨਾਸਤਿਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੇਵੀ-ਦੇਵਤਾਵਾਂ ਨੂੰ ਤਾਂ ਮੰਨਦੇ ਹੀ ਹਨ, ਇਸ ਦੇ ਨਾਲ ਹੀ ਬਹੁਗਿਣਤੀ ਹਿੰਦੂ ਕੁਸੰਸਕਾਰਾ ਨੂੰ ਵੀ ਮੰਨਦੇ ਹਨ। ਸੰਸਕਾਰਾਂ ਦਾ ਦਿਖਾਵਾ ਕਰਨ ਵਾਲੇ ਉਂਗਲਾਂ `ਤੇ ਕੁਸੰਸਕਾਰੀ ਪੱਥਰ ਵੀ ਪਹਿਨੀ ਰੱਖਦੇ ਹਨ। ਕਾਰਾਂ-ਗੱਡੀਆਂ ਵਿਚ ਨਿੰਬੂ-ਮਿਰਚਾਂ ਲਟਕਾਈ ਰੱਖਦੇ ਹਨ। ਬਿੱਲੀ ਦੇਖ ਕੇ ਗੱਡੀ ਰੋਕ ਲੈਂਦੇ ਹਨ। ਜਿਉਤਿਸ਼ੀਆਂ ਦੇ ਧੰਦੇ ਦਾ ਵੀ ਖੂਬ-ਬੋਲਬਾਲਾ ਹੈ।

ਇਹ ਬਾਬੇ ਸਿੱਧੇ-ਸਾਦੇ ਲੋਕਾਂ ਨੂੰ ਰੱਜਕੇ ਲੁੱਟ ਰਹੇ ਹਨ। ਕਿੰਨੇ ਹੀ ਬਾਬੇ ਭਗਤਾਂ ਵਲੋਂ ਦਿੱਤੀ ਮਾਇਆ ਵਾਲੇ ਨੋਟਾਂ ਦੇ ਢੇਰ `ਤੇ ਬੈਠੇ ਹਨ, ਬੇਫਿਕਰ ਹੋ ਕੇ ਕੁਕਰਮ ਕਰੀ ਜਾ ਰਹੇ ਹਨ। ਸੁਣਿਆ ਸੀ ਕਿ ਸੱਤਿਆ ਸਾਂਈ ਬਾਬਾ ਨੌਜਵਾਨ ਲੜਕਿਆਂ ਦਾ ਬਲਾਤਕਾਰ ਕਰਦੇ ਸਨ। ਚਾਰ ਨੌਜਵਾਨਾਂ ਨੇ ਇਸਦਾ ਵਿਰੋਧ ਕੀਤਾ, ਇਸ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਅਦਿੱਖ ਹੱਥਾਂ ਨਾਲ ਛੋਟੇ-ਮੋਟੇ ਜਾਦੂ ਦਿਖਾਏ ਜਾਂਦੇ ਸਨ। ਇਸ ਹੱਥ ਦੀ ਸਫਾਈ ਦੀ ਖੇਡ ਨੂੰ ਕੋਈ ਵੀ ਫੜ ਸਕਦਾ ਹੈ। ਪਰ ਧਰਮ ਦੀ ਆੜ `ਚ ਅੰਨੇ ਹੋਣ ਕਰਕੇ ਉਂਗਲਾਂ ਦੀਆਂ ਦਰਾੜਾਂ ਵਿਚ ਰੱਖੀਆਂ ਰਾਖ ਦੀਆਂ ਗੋਲੀਆਂ ਨੂੰ ਅੰਗੂਠੇ ਨਾਲ ਘਸਾ ਕੇ ਲੋਕਾਂ ਦੇ ਸਿਰ `ਤੇ ਛਿੜਕਣਾ, ਉਹ ਦਿਖਾਈ ਨਹੀਂ ਦਿੰਦਾ। ਰਾਖ ਅਸਮਾਨ ਤੋਂ ਖਾਲੀ ਹੱਥਾਂ `ਤੇ ਆ ਕੇ ਨਹੀਂ ਡਿਗੀ ਜਾਂ ਅਣਦਿਸਦੇ ਭਗਵਾਨ ਨੇ ਆ ਕੇ ਨਹੀਂ ਦਿੱਤੀ । ਸਾਈਂ ਬਾਬਾ ਖੰਘਿਆ ਤੇ ਗਲ਼ ਵਿਚੋਂ ਸੋਨੇ ਦਾ ਆਂਡਾ ਆ ਡਿਗਿਆ? ਸੋਨੇ ਦਾ ਆਂਡਾ ਤਾਂ ਬਾਬੇ ਵਲੋਂ ਫੜੇ ਤੌਲੀਏ ਦੇ ਪਿੱਛੇ ਸੀ, ਜਿਸ ਤੌਲੀਏ ਨੂੰ ਉਹ ਵਾਰ ਵਾਰ ਮੂੰਹ ਦੇ ਅੱਗੇ ਲਿਆ ਕੇ ਖੰਘ ਰਹੇ ਸਨ, ਜੇ ਉਹ ਅੰਧਵਿਸ਼ਵਾਸੀ ਨਾ ਹੁੰਦਾ ਤਾਂ ਉਹਦੀ ਸਮਝ ਵਿਚ ਆ ਜਾਂਦਾ। ਤੁਹਫਿਆਂ ਵਾਲੇ ਬਕਸਿਆਂ ਦੇ ਹੇਠਾਂ ਲੁਕਾਈਆਂ ਸੋਨੇ ਦੀਆਂ ਚੇਨੀਆਂ ਉਂਗਲੀ ਨੂੰ ਟੇਡੀ ਕਰਕੇ ਲੈ ਆ ਰਹੇ ਹਨ। ਖੁਦ ਭਗਵਾਨ ਨੇ ਆ ਕੇ ਉਹ ਚੇਨੀਆਂ ਉਹਦੇ ਹੱਥਾਂ ਵਿਚ ਨਹੀਂ ਦਿੱਤੀਆਂ ਹਨ। ਵਿਸ਼ਵਾਸ ਵਿਚ ਅੰਨਾ ਨਾ ਹੋਣ ਵਾਲਾ ਕੋਈ ਵੀ ਇਹ ਦੇਖ ਸਕਦਾ ਸੀ। ਹੱਤਿਆ, ਬਲਾਤਕਾਰ ਵਿਚ ਫਸ ਸਕਦੇ ਹਨ। ਸ਼ੈਤਾਨੀ ਦੇ ਆਸਰੇ ਹਸਪਤਾਲ ਬਣਾ ਦਿੱਤਾ। ਆਪਣਾ ਆਪ ਬਚਾਉਣ ਲਈ ਸਮਾਜ ਸੇਵਾ। ਉਂਜ ਸਮਾਜ ਸੇਵਾ ਕਿਸਦੇ ਪੈਸੇ ਨਾਲ ਕਰ ਰਹੇ ਸਨ? ਲੋਕਾਂ ਵਲੋਂ ਦਿੱਤੇ ਪੈਸਿਆਂ ਨਾਲ ਹੀ ਕਰ ਰਹੇ ਸਨ। ਆਸਾ ਰਾਮ ਬਾਪੂ ਲੜਕੀਆਂ ਨਾਲ ਬਲਾਤਕਾਰ ਕਰਦੇ ਸਨ। ਰਾਮ ਰਹੀਮ ਤਾਂ ਹਰਮ ਹੀ ਖੋਲ੍ਹੀ ਬੈਠਾ ਸੀ। ਇਹ ਲੋਕ ਖੁਦ ਨੂੰ ਰੱਬ ਸਮਝਦੇ ਹਨ। ਇੰਨੇ ਬਾਬੇ ਫੜੇ ਗਏ। ਬਾਬਿਆਂ ਵਲੋਂ ਕੀਤੀ ਲੁੱਟ-ਖੋਹ, ਖੂਨ ਖਰਾਬੇ ਅਤੇ ਬਲਾਤਕਾਰਾਂ ਦੀਆਂ ਇੰਨੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸਦੇ ਬਾਵਜੂਦ ਬਾਬਿਆਂ ਉੱਤੇ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਦਾ। ਵਿਸ਼ਵਾਸ ਇੰਨਾ ਹੀ ਖਤਰਨਾਕ ਹੁੰਦਾ ਹੈ।

ਵਿਗਿਆਨ `ਤੇ ਵਿਸ਼ਵਾਸ ਵਧਣ ਨਾਲ ਬਾਬਿਆਂ ਉੱਤੇ ਵਿਸ਼ਵਾਸ ਘਟੇਗਾ। ਵਿਗਿਆਨ ਉੱਪਰ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਕੋਈ ਕਿਸੇ ਤਰ੍ਹਾਂ ਕੋਸਿ਼ਸ਼ ਕਰ ਰਿਹਾ ਹੋਵੇ ਅਜਿਹਾ ਨਜ਼ਰ ਨਹੀਂ ਆਇਆ। ਟੈਲੀਵੀਜ਼ਨ ੳੱਤੇ ਵਿਗਿਆਨ ਨਾਲ ਸਬੰਧਤ ਕਿੰਨੇ ਚੈਨਲ ਹਨ ਅਤੇ ਕਿੰਨੇ ਹਨ ਧਰਮ ਨਾਲ ਸਬੰਧਤ? ਦੇਖਦੀ ਹਾਂ ਸਾਰੇ ਹੀ ਧਾਰਮਕ ਚੈਨਲ ਹਨ। ਧਰਮ `ਤੇ ਵਿਸ਼ਵਾਸ ਘੱਟ ਹੋਣ ਨਾਲ ਬਾਬਿਆਂ ਦਾ ਧੰਦਾ ਬੰਦ ਹੋਵੇਗਾ। ਹੁਣ ਕੀ ਕਹਾਂ- ਭਾਰਤ ਵਿਚ ਵੱਡੇ ਵਿਗਿਆਨੀ ਵੀ ਭਗਵਾਨ ਦੀ ਕਿਰਪਾ ਪ੍ਰਾਪਤ ਕਰਨ ਲਈ ਮੰਦਿਰਾਂ ਵੱਲ ਦੌੜਦੇ ਹਨ। ਲੋਕਾਂ ਵਲੋਂ ਵਿਗਿਆਨ ਨਾਲ ਜੁੜਨ ਵਾਸਤੇ ਪਤਾ ਨਹੀਂ ਹੋਰ ਕਿੰਨੇ ਹਜ਼ਾਰ ਸਾਲ ਲੱਗਣਗੇ।

ਬੰਗਾਲੀ ਮੁਸਲਮਾਨਾਂ ਦੇ ਵਡੇਰੇ ਨਾਰੀ-ਪੁਰਸ਼ ਹਿੰਦੂ ਹਨ। ਇਹ ਸੰਭਵ ਹੈ ਕਿ ਹਿੰਦੂਆ ਦੇ ਇਸ “ਬਾਬਾ ਕਲਚਰ`` ਤੋਂ ਹੀ ਮੁਸਲਮਾਨਾਂ ਦਾ “ਪੀਰ ਕਲਚਰ`` ਆਇਆ ਹੈ। ਜਿਸ ਤਰ੍ਹਾਂ ਹਿੰਦੂ ਬਾਬਿਆਂ ਨੂੰ ਲੈ ਕੇ ਬਹੁਤ ਕੁੱਝ ਕਰਦੇ ਹਨ ਇਸੇ ਤਰ੍ਹਾਂ ਮੁਸਲਮਾਨ ਪੀਰਾਂ ਨੰ ਲੈ ਕੇ ਬਹੁਤ ਕੁੱਝ ਅਜਿਹਾ ਹੀ ਕਰਦੇ ਹਨ। ਪੀਰ ਫਾਰਸੀ ਲਫ਼ਜ਼ ਹੈ। ਪੀਰ ਦਾ ਅਰਥ ਹੈ ਬਜ਼ੁਰਗ ਆਦਮੀ। ਕੋਈ-ਕੋਈ ਸੂਫੀ ਜੋ ਅਧਿਆਤਮਕ ਵਿਸਿ਼ਆਂ ਬਾਰੇ ਸਿੱਖਿਆ ਦਿੰਦੇ ਸਨ ਉਨ੍ਹਾਂ ਨੂੰ ਪੀਰ ਕਿਹਾ ਜਾਂਦਾ ਸੀ। ਸੂਫੀ ਪੀਰ ਦੀ ਮੌਤ ਹੋ ਜਾਣ `ਤੇ ਮਜ਼ਾਰ ਬਣਾਇਆ ਜਾਂਦਾ ਸੀ। ਹੁਣ ਤਾਂ ਕੋਈ ਵੀ ਭੰਡ, ਲੋਕਾਂ ਦੇ ਮਜ੍ਹਬੀ ਵਿਸ਼ਵਾਸ ਨੂੰ ਵਰਤ ਪੀਰ ਬਣਕੇ ਧੰਦਾ ਚਾਲੂ ਕਰ ਦਿੰਦਾ ਹੈ। ਜਿਸ ਤਰ੍ਹਾਂ ਬਾਬਿਆਂ ਦੇ ਭਗਤ ਮਿਨਿਸਟਰ, ਕ੍ਰਿਕਟਰ ਤੇ ਕਲਾਕਾਰ ਹਨ ਉਸ ਤਰ੍ਹਾਂ ਹੀ ਪੀਰਾਂ ਦੇ ਮੁਰੀਦ ਹਨ। ਪੀਰ ਦਾ ਸਮਰਥਨ ਅਤੇ ਅਸ਼ੀਰਵਾਦ ਪਾਉਣ ਲਈ ਦੇਸ਼ ਦੇ ਰਾਸ਼ਟਰਪਤੀ ਤੱਕ ਦੌੜ ਲਗਾਉਂਦੇ ਹਨ। ਵੱਡੇ ਵੱਡੇ ਰਾਜਨੇਤਾ, ਪੂੰਜੀਪਤੀ, ਧਨਕੁਬੇਰ ਸਾਰੇ ਵੱਡੇ ਨਾਵਾਂ ਵਾਲੇ ਮਸ਼ਹੂਰ ਲੋਕ ਬਾਬਿਆਂ ਅਤੇ ਪੀਰਾਂ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਵਿਅਸਥ ਰਹਿੰਦੇ ਹਨ। ਇਸ ਤਰ੍ਹਾਂ ਬਾਬਿਆਂ ਤੇ ਪੀਰਾਂ ਦੀ ਕੀਮਤ ਅਸਮਾਨ ਛੁਹਣ ਲਗਦੀ ਹੈ। ਬਾਬੇ ਡਰਾਉਂਦੇ ਹਨ ਅਤੇ ਪੀਰ ਵੀ। ਪੂਰੇ ਭਾਰਤੀ ਉਪਮਹਾਂਦੀਪ ਦੇ ਦੇਸ਼ਾਂ ਵਿਚ ਹਿੰਦੂ-ਮੁਸਲਮਾਨ ਇਨ੍ਹਾਂ ਡਰਾਉਣ ਵਾਲਿਆਂ ਦੇ ਚੁੰਗਲ ਵਿਚ ਹਨ।

ਪੀਰਾਂ ਤੇ ਹਜ਼ੂਰਾਂ ਨਾਲ ਬੰਗਲਾ ਦੇਸ਼ ਭਰ ਗਿਆ ਹੈ। ਬੰਗਾਲੀ ਮੁਸਲਮਾਨਾਂ ਦੇ ਤਬਾਹ ਹੋਣ ਦੇ ਪਿੱਛੇ ਇਹ ਬਹੁਤ ਵੱਡੇ ਕਾਰਨ ਹਨ। ਇਹ ਹੀ ਲੋਕ ਦਹਿਸ਼ਤਗਰਦਾਂ ਨੂੰ ਸ਼ਰਣ&ਨਬਸਪ; ਦੇ ਰਹੇ ਹਨ। ਪੂਰੇ ਦੇਸ਼ ਅੰਦਰ ਅਸ਼ਾਂਤੀ ਅਤੇ ਔਰਤਾਂ ਦੇ ਖਿਲਾਫ ਨਫਰਤ ਪੈਦਾ ਕਰ ਰਹੇ ਹਨ। ਇਸਲਾਮ ਅੱਲਹਾ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦਾ ਇਹ ਕਹਿੰਦੇ ਹਨ। ਜਦੋਂ ਕਿ ਮੁਸਲਮਾਨ ਪੀਰਾਂ ਤੇ ਹਜ਼ੂਰਾਂ ਦੇ ਪੈਰਾਂ `ਤੇ ਹਰ ਦਿਨ ਆਪਣਾ ਸਿਰ ਝੁਕਾ ਰਹੇ ਹਨ। ਉਨ੍ਹਾਂ ਦੇ ਪੈਰ ਧੋਤੇ ਪਾਣੀ ਪੀ ਰਹੇ ਹਨ, ਉਵੇਂ ਹੀ ਜਿਵੇਂ ਹਿੰਦੂ ਕਰਦੇ ਹਨ। ਰਾਮ ਰਹੀਮ ਦੀ ਗ੍ਰਿਫਤਾਰੀ ਦੀ ਖਬਰ ਸੁਣਕੇ ਜਿਵੇਂ ਉਸਦੇ ਭਗਤਾਂ ਨੇ ਹਰਿਆਣਾ ਦੇ ਸ਼ਹਿਰਾਂ ਵਿਚ ਅੱਗਾਂ ਲਾਈਆਂ ਸਨ। ਉਸੇ ਤਰ੍ਹਾਂ ਬੰਗਲਾ ਦੇਸ਼ ਦੇ ਦਿਲਾਵਰ ਹੁਸੈਨ ਸਈਅਦੀ ਨਾਮ ਦੇ ਇਕ ਹਜ਼ੂਰ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵੇਲੇ ਉਸਦੇ ਮੁਰੀਦਾਂ ਨੇ ਪੂਰੇ ਬੰਗਲਾ ਦੇਸ਼ ਵਿਚ ਅੱਗ ਲਾਈ ਸੀ।

 ਜਿਸ ਦਾ ਵੀ ਧਰਮ ਹੈ ਜਿਵੇਂ ਚਾਹੇ ਖੁਸ਼ੀ ਨਾਲ ਉਸਨੂੰ ਮੰਨੇ। ਪੀਰ ਜਾਂ ਬਾਬੇ ਦੱਸਣਗੇ ਕਿ ਧਰਮ ਕੀ ਹੈ, ਦੁਨੀਆਂ ਬਨਾਉਣ ਵਾਲੇ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ, ਕਿਉਂਕਿ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ। ਉਹ ਰਸਤਾ ਵਿਖਾਉਣਗੇ- ਬਿਲਕੁੱਲ ਬਕਵਾਸ। ਰੁਪਏ-ਪੈਸੇ ਹਥਿਆਉਣ ਜਾਂ ਲੜਕੀਆਂ ਹਥਿਆਉਣ ਤੋਂ ਬਿਨਾਂ ਇਨ੍ਹਾ ਦਾ ਕੋਈ ਉਦੇਸ਼ ਨਹੀਂ ਹੁੰਦਾ। ਇਨ੍ਹਾਂ ਨੂੰ ਛੱਡ ਕੇ ਖੁਦ ਆਪਣਾ ਰਸਤਾ ਢੂੰਡਣਾ ਬਿਹਤਰ ਰਾਹ ਹੋਵੇਗਾ। ਪੀਰ-ਬਾਬੇ ਲੋਕਾਂ ਦਾ ਨੁਕਸਾਨ ਕਰਨ ਤੋਂ ਬਿਨਾਂ ਕੋਈ ਉਪਕਾਰ ਨਹੀਂ ਕਰਦੇ। ਧਰਮ ਦਾ ਧੰਦਾ ਬੰਦ ਨਾ ਹੋਣ ਕਰਕੇ ਭਵਿੱਖ ਹਨੇਰ ਭਰਿਆ ਹੈ।

ਸੰਪਰਕ : 0049 173 3546050

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ