Mon, 14 October 2024
Your Visitor Number :-   7232414
SuhisaverSuhisaver Suhisaver

ਸੁਮੇਲ ਸਿੰਘ ਦਾ ਚੱਕ ਬਖਤੂ ਦੀਆਂ ਗਲੀਆਂ ਤੋਂ ਖਡੂਰ ਸਾਹਿਬ ਤੱਕ ਦਾ ਸਫ਼ਰ -ਗੁਰਚਰਨ ਪੱਖੋਕਲਾਂ

Posted on:- 03-01-2016

suhisaver

ਕੋਟ ਬਖਤੂ ਜ਼ਿਲ੍ਹਾ ਬਠਿੰਡਾ ਵਿੱਚ ਜਨਮਿਆ ਸੁਮੇਲ ਸਿੰਘ ਪਿੰਡ ਦੀਆਂ ਖੁੱਲੀਆਂ ਫਿਜ਼ਾਵਾਂ ਵਿੱਚ ਬਚਪਨ ਦੀਆਂ ਪੁਲਾਘਾਂ ਪੁੱਟਦਾ ਹੋਇਆ, ਜ਼ਿੰਦਗੀ ਦਾ ਵਚਿੱਤਰ ਸਫਰ ਤੈਅ ਕਰ ਰਿਹਾ ਹੈ। ਪਿੰਡ ਦੇ ਅਤੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਦਾ ਹੋਇਆ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਿਦਿਆਰਥੀ ਵੀ ਰਿਹਾ। ਹੋਰ ਉਚੇਰੀ ਪੜਾਈ ਲਈ ਦਿੱਲੀ ਦੇ ਮਸ਼ਹੂਰ ਮੰਨੇ ਪਰਮੰਨੇ ਵਿੱਦਿਅਕ ਅਦਾਰੇ ਜਵਾਹਰ ਲਾਲ ਨਹਿਰੂ ਵਿੱਚ ਮਾਣ ਮੱਤੀਆਂ ਪੈੜਾ ਪਾਉਂਦਾ ਰਿਹਾ। ਦਿੱਲੀ ਦੇ ਇੱਕ ਹੋਰ ਮਸ਼ਹੂਰ ਵਿੱਦਿਅਕ ਅਦਾਰੇ ਦਿੱਲੀ ਕਾਲਜ ਦਾ ਵੀ ਵਿਦਿਆਰਥੀ ਰਿਹਾ ਹੈ। ਮਾਸਟਰ ਡਿਗਰੀ ਅਤੇ ਪੀ ਐਚ ਡੀ ਵਰਗੀਆਂ ਡਿਗਰੀਆਂ ਦੇ ਮਾਲਕ ਸੁਮੇਲ ਵਿੱਚ ਅੱਜ ਵੀ ਦਿੱਲੀ ਦੀ ਹਿੰਦੀ ਅੰਗਰੇਜ਼ੀ ਨਾਲ ਰਲਗੱਡ ਬੋਲੀ ਨਹੀਂ ਸੁੱਧ ਠੇਠ ਪੰਜਾਬੀ ਦੀ ਮਹਿਕ ਵਾਲੀਆਂ ਗੱਲਾਂ ਕਰਦਿਆਂ ਸੁਣਦਿਆਂ ਹਾਸੇ ਬਿਖਰ ਜਾਂਦੇ ਹਨ। ਪੰਜਾਬੀਅਤ ਦੀ ਸਾਂਝੀਵਾਲਤਾ ਦਾ ਸੰਦੇਸ਼ ਉਸਦੀ ਹਰ ਗੱਲ ਵਿੱਚੋਂ ਝਲਕਦਾ ਹੈ। ਵਿਦਿਆਰਥੀਆਂ ਨੂੰ ਪਰੋਫੈਸਰ ਬਣਕੇ ਸਿੱਖਿਆ ਵੰਡਣ ਵਾਲਾ ਸੁਮੇਲ ਨੌਕਰੀ ਤਿਆਗ ਕੇ ਪੰਜਾਬ ਦਾ ਭਵਿੱਖ ਸੰਵਾਰਨ ਲਈ ਕਦ ਕਿਵੇਂ ਕੰਡਿਆਂ ਦੇ ਰਾਹ ਕੁਦਰਤ ਅਤੇ ਹਾਲਾਤਾਂ ਨੇ ਤੋਰ ਦਿੱਤਾ ਕੁਦਰਤ ਹੀ ਜਾਣਦੀ ਹੈ।
                               
ਦਿੱਲੀ ਦੇ ਵਿੱਚ ਸ਼ੁਰੂ ਕੀਤੀ ਭ੍ਰਿਸ਼ਟਾਚਾਰ ਵਿਰੋਧੀ ਅੰਨਾ ਹਜ਼ਾਰੇ ਦੀ ਜੰਗ ਦਾ ਸਿਪਾਹੀ ਬਣਦਿਆਂ ਕਦ ਕੇਜਰੀਵਾਲ ਦੇ ਮੋਢੇ ਨਾਲ ਮੋਢਾ ਜੋੜਦਿਆਂ ਅਣਜਾਣ ਰਾਹਾਂ ਦਾ ਰਾਹੀ ਬਣ ਗਿਆ ਹੈ। ਜਦ ਆਪ ਨਾਂ ਦੀ ਪਾਰਟੀ ਦਿੱਲੀ ਚੋਣਾਂ ਵਿੱਚ 28 ਸੀਟਾਂ ਵਿਧਾਨ ਸਭਾ ਦੀਆਂ ਜਿੱਤਣ ਦੇ ਬਾਵਜੂਦ ਥੋੜੇ ਸਮੇਂ ਬਾਅਦ ਲੋਕ ਸਭਾ ਦੀ ਇੱਕ ਵੀ ਸੀਟ ਨਾ ਜਿੱਤ ਸਕੀ ਅਤੇ ਸਮੁੱਚੇ ਭਾਰਤ ਵਿੱਚ ਪੰਜਾਬ ਤੋਂ ਬਿਨਾਂ ਕਿਤੇ ਵੀ ਜਿੱਤ ਦਾ ਝੰਡਾਂ ਨਾ ਗੱਡ ਸਕੀ ਸੀ ।


ਗੁਰੂਆਂ ਫਕੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੇ ਕਨਵੀਨਰ ਅਤੇ ਕੰਪੇਨ ਕਮੇਟੀ ਦੇ ਆਗੂ ਸੁਮੇਲ ਸਿੰਘ ਦੀ ਅਗਵਾਈ ਥੱਲੇ ਮਾਸਟਰ ਖੇਤਾ ਸਿੰਘ ਵਰਗੇ ਬਜ਼ੁਰਗ ਜੁਝਾਰੂ ਅਤੇ ਦੀਪਕ ਠਾਕੁਰ ਵਰਗੇ ਹਿੰਮਤੀ ਨੌਜਵਾਨਾਂ ਨਾਲ ਲੈਸ ਕੰਪੇਨ ਕਮੇਟੀ ਦੀ ਮਿਹਨਤ ਅਤੇ ਹਜ਼ਾਰਾਂ ਨੌਜਵਾਨਾਂ ਦੀ ਹਿੰਮਤ ਅਤੇ ਹਜ਼ਾਰਾਂ ਸਿਆਣੇ ਪੰਜਾਬੀਆਂ ਦੀ ਸੋਚ ਸਮਝ  ਨੂੰ ਚਾਰ ਸੀਟਾਂ ਜਿਤਾ ਕੇ ਤੇ ਬਾਕੀ ਸੀਟਾਂ ਤੇ ਵੀ ਭਾਰੀ ਸਮਰਥਨ ਦੇਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਪੰਜਾਬ ਦੀ ਜਿੱਤ ਦਿੱਲੀ ਦੇ ਰੰਗ ਬਿਰੰਗੇ ਆਗੂਆਂ ਦੇ  ਕਾਲੇ ਦਿਲਾਂ ਵਿੱਚ ਥਾਂ ਨਾ ਲੈ ਸਕੀ। ਸੁਮੇਲ ਸਿੰਘ ਨੇ ਜਦ ਪੰਜਾਬ ਦੇ ਜੁਝਾਰੂ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਮੀਟਿੰਗ ਬੁਲਾ ਲਈ ਤਦ ਦਿੱਲੀ ਬੈਠੇ ਕਾਲੇ ਦਿਲਾਂ ਨੇ ਧੱਕੇ ਨਾਲ ਰੱਦ ਕਰਨ ਦਾ ਹੁਕਮ ਚਾੜ ਦਿੱਤਾ। ਇਸ ਫੈਸਲੇ ਤੋਂ ਪੰਜਾਬ ਦੇ ਆਗੂਆਂ ਨੂੰ ਹੈਰਾਨੀ ਹੋਈ ਕਿ ਇਹ ਕਿਉਂ ਹੋਇਆ। ਦਿੱਲੀ ਦੀਆਂ ਦੁਬਾਰਾ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਦ ਪਾਰਟੀ ਦੀ ਸਫਾਇਆ ਕਰੂ ਜਿੱਤ ਹੋ ਗਈ ਤਦ ਕੇਜਰੀ ਮਹਾਰਾਜ ਸ਼ੇਰ ਬਣ ਬੈਠਿਆ ਅਤੇ ਸਭ ਤੋਂ ਪਹਿਲਾਂ ਵਾਰ ਪੰਜਾਬ ਦੇ ਆਗੂਆ ’ਤੇ ਹੀ ਕੀਤਾ ਅਤੇ ਉਹਨਾਂ ਉੱਪਰ ਆਪਣੇ ਗੁਲਾਮ ਨੂੰ ਬਿਠਾਕੇ ਬਿਨਾਂ ਕਾਰਨ ਬਿਨਾਂ ਕਿਸੇ ਕਸੂਰ ਦੇ ਆਪਣੀਆਂ ਚਾਲਾਂ ਚੱਲਣ ਲੱਗਿਆ ਸੀ । ਨਵੇਂ ਬਨਣ ਵਾਲੇ ਆਗੂਆਂ ਨੇ ਭੱਜਕੇ ਗੱਦੀ ਤਾਂ ਸਾਂਭ ਲਈ ਪਰ ਸੁਮੇਲ ਅਤੇ ਸਾਥੀਆਂ ਦਾ ਕਸੂਰ ਵੀ ਨਾ ਪੁੱਛਿਆ। ਸੁਮੇਲ ਸਮੇਤ ਬਾਕੀ ਪੰਜਾਬ ਪੱਖੀ ਆਗੂਆਂ ਨੂੰ ਲਾਲਚ ਦਿਆਂ ਅਹੁਦਿਆਂ ਦੀ ਬੁਰਕੀ ਪਾਉਣ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਪੰਜਾਬੀ ਸ਼ੇਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।
                                 
ਪੰਜਾਬ ਦੇ ਇਹ ਬਹਾਦਰ ਪੁੱਤਰ ਸੁਮੇਲ ਸਿੰਘ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਤਿਣਕਾ ਤਿਣਕਾ ਜੋੜ ਕੇ ਲਹਿਰ ਨੂੰ ਸਜਾਉਣ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਉਜੜੀ ਗੁਲਜ਼ਾਰ ਦੇ ਵਿੱਚ ਗਾਲੜ ਪਟਵਾਰੀ ਬਣਕੇ ਭੰਗੜੇ ਪਾ ਰਹੇ ਹਨ, ਜਿਹਨਾਂ ਨੂੰ ਪਤਾ ਹੈ ਕਿ ਦਿੱਲੀ ਵਾਲਿਆਂ ਨੇ ਮਾਲੀ ਨੂੰ ਹੀ ਜਦ ਬਾਹਰ ਕੱਢ ਦਿੱਤਾ ਹੈ ਹੁਣ ਡਰ ਕਾਹੇ ਕਾ। ਕੁਦਰਤ ਦੀ ਖੇਡ ਹੀ ਅਵੱਲੀ ਅਤੇ ਅਣਜਾਣੀ ਹੁੰਦੀ ਹੈ, ਉਸਨੇ ਜਿਸ ਤੋਂ ਜਿਹੋ ਜਿਹਾ ਕੋਈ ਅਣਜਾਣਿਆਂ ਕੰਮ ਕਰਵਾਉਣਾ ਹੁੰਦਾ ਹੈ ਉਸਦੇ ਉਹੋ ਜਿਹੇ ਹਾਲਾਤ ਵੀ ਬਣਾਉਂਦੀ ਹੈ ਦੁੱਖਾਂ ਦਰਦਾ ਅਤੇ ਕਸ਼ਟਾਂ ਵਿੱਚੋਂ ਲੰਘਾਉਣ ਪਿੱਛੇ ਵੀ ਕੁਦਰਤ ਦਾ ਮਕਸਦ ਵੱਡੇ ਔਖੇ ਕੰਮਾਂ ਲਈ ਤਿਆਰ ਕਰਨ ਦੀ ਹੀ ਅਵੱਲੀ ਖੇਡ ਹੁੰਦੀ ਹੈ।  ਇਸ ਤਰ੍ਹਾਂ ਛੋਟੀ ਉਮਰ ਤੋਂ ਹੀ ਵਿੱਦਿਆ ਅਤੇ ਸੰਘਰਸ਼ਾਂ ਦੀਆਂ ਜੰਗਾਂ ਲੜਦਿਆਂ ਹੋਇਆ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਵਾਲੇ ਘਰ ਬਨਾਉਣ ਦੀਆਂ ਹਾਲਤਾਂ ਹੀ ਰੋਕ ਦਿੱਤੀਆਂ ਹਨ। ਹਾਲੇ ਤੱਕ ਬਿਨਾਂ ਵਿਆਹੁਤਾ ਜ਼ਿੰਦਗੀ ਸ਼ੁਰੂ ਕੀਤਿਆਂ ਹੀ ਜ਼ਿੰਦਗੀ ਬਿਤਾਉਣ ਨੂੰ ਵੀ ਕੁਦਰਤ ਦਾ ਹੁਕਮ ਸਮਝਦਾ ਹੈ ਸੁਮੇਲ ਸਿੰਘ।

ਪੰਜਾਬ ਦਾ ਵਿਹੜਾ ਹੱਸਦਾ ਵਸਦਾ ਦੇਖਣ ਲਈ ਸਮੁੱਚੇ ਪੰਜਾਬੀਆਂ ਦੀ ਜੰਗ ਲੜਨ ਦੀ ਸ਼ੁਰੂਆਤ ਵੀ ਖਡੂਰ ਸਾਹਿਬ ਤੋਂ ਜਿੱਥੇ ਮਾਲਵੇ ਦੇ ਸਰਾਏਨਾਗਾ ਦੇ ਵਾਸੀ ਭਾਈ ਲਹਿਣਾਂ ਜੀ, ਜੋ ਗੁਰੂ ਅੰਗਦ ਦੇਵ ਬਨਣ ਦੀ ਪਦਵੀ ਤੱਕ ਬਾਬੇ ਨਾਨਕ ਦੀ ਮਿਹਰ ਨਾਲ ਪਹੁੰਚੇ ਅਤੇ ਮਾਝੇ ਦੁਆਬੇ ਦੀ ਸਤਿਕਾਰ ਯੋਗ  ਧਰਤੀ ਖਡੂਰ ਸਾਹਿਬ ਵਿੱਚ ਨਿਵਾਸ ਕੀਤਾ ਸੀ, ਤੋਂ ਸ਼ੁਰੂ ਕਰ ਰਹੇ ਹਨ। ਮਾਲਵਾ ਮਾਝਾ ਦੁਆਬਾ ਨੂੰ ਇੱਕੋ ਅੱਖ ਨਾਲ ਦੇਖਣ ਵਾਲੇ ਭਾਈ ਸੁਮੇਲ ਸਿੰਘ ਜੋ ਦਿੱਲੀ ਦੱਖਣ ਤੱਕ ਨਿਵਾਸ ਕਰਦੇ ਰਹੇ ਹਨ, ਬਠਿੰਡੇ ਅਤੇ ਖਡੂਰ ਸਾਹਿਬ ਦੇ ਲੋਕਾਂ ਵਿੱਚ ਕੋਈ ਕੋਈ ਫਰਕ ਨਹੀਂ ਦੇਖਦੇ । ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੈ ਬਾਹਰਾ ਜੀਉ .. ਗੁਰੂਆਂ ਦੀ ਸਿੱਖਿਆ ਮਨ ਵਿੱਚ ਰੱਖਣ ਵਾਲੇ ਸੁਮੇਲ ਨੂੰ ਖਡੂਰ ਸਾਹਿਬ ਦੇ ਲੋਕਾਂ ਵਿੱਚ ਵੀ ਅਨੇਕਾਂ ਸੁਮੇਲ ਹੋਣ ਦੀ ਆਸ ਹੈ ।

ਖਡੂਰ ਸਾਹਿਬ ਦੇ ਮਹਾਨ ਲੋਕਾਂ ਤੋਂ ਉਹ ਪੰਜਾਬ ਦੀ ਰਾਜਸੱਤਾ ਵਿੱਚ ਵੀ ਸਾਂਝੀਵਾਲਤਾ ਦਾ ਸੰਦੇਸ਼ ਅਤੇ ਗੁਰੂ ਕਾ ਅਦੇਸ ਦੀਆਂ ਨੀਹਾਂ ਉਸਾਰਨ ਦੀ ਪੂਰੀ ਆਸ ਰੱਖਦੇ ਹਨ। ਮਾਲਵੇ ਦੀ ਮੁਕਤਸਰ ਦੀ ਧਰਤੀ ਤੇ ਮਾਝੇ ਦੁਆਬੇ ਦੇ ਜੁਝਾਰੂਆਂ ਵੱਲੋ ਟੁੱਟੀ ਗੰਢੀ ਦੀਆਂ ਲਿਖੀਆਂ ਮਹਾਨ ਇਬਾਰਤਾਂ ਅੱਜ ਵੀ ਪੰਜਾਬ ਇੱਕੋ ਹੈ ਦੀ ਗਵਾਹੀ ਪਾਉਂਦੀਆਂ ਹਨ ਅਤੇ ਇਹੋ ਰਵਾਇਤਾਂ ਅੱਜ ਵੀ ਪੰਜਾਬ ਦੇ ਜੁਝਾਰੂਆਂ ਦੀਆਂ ਰਾਹ ਦਸੇਰਾ ਹਨ।
                            
ਇਸ ਵਕਤ ਪੰਜਾਬ ਦੇ ਵਿੱਚ ਇੱਕੋ ਪਾਰਟੀ ਜਾਂ ਇੱਕ ਪਰਿਵਾਰ ਦਾ ਰਾਜ ਹੈ, ਜਿਸਨੂੰ ਲੋਕਾਂ ਨੇ ਅਨੇਕਾਂ ਵਾਰ ਸੇਵਾ ਬਖਸ਼ੀ ਹੈ ਅਤੇ ਹੁਣ ਲਗਾਤਾਰ ਦਸ ਸਾਲ ਸੇਵਾ ਲਈ ਹੈ, ਦੂਸਰੇ ਪਾਸੇ ਕਾਂਗਰਸ ਦੇ ਨਵੇਂ ਬਣੇ ਆਗੂ ਨੂੰ ਵੀ ਇੱਕ ਵਾਰ ਪੰਜ ਸਾਲ ਦੀ ਸੇਵਾ ਦੇ ਚੁੱਕੇ ਹਨ, ਪਰ ਉਹਨਾਂ ਦੇ ਮੁਕਾਬਲੇ ਤੇ ਪਿਛਲੇ ਸਮੇਂ 2014 ਵਿੱਚ ਇੱਕ ਅਣਜਾਣੇ ਨੌਜਵਾਨ ਜੁਝਾਰੂ ਸੁਮੇਲ ਸਿੰਘ ਦੀ ਅਗਵਾਈ ਵਿੱਚ ਚਾਰ ਸੀਟਾਂ ਜਿਤਾ ਕੇ ਅਤੇ ਵੱਡੀ ਹਮਾਇਤ ਦੇਕੇ ਆਪਣੀ ਨਵੀਂ ਸੋਚ ਦਾ ਚਾਨਣ ਕੀਤਾ ਹੋਇਆ ਹੈ। ਦਿੱਲੀ ਦੇ ਕੁਝ ਹਾਰੇ ਹੋਏ ਨੇਤਾ ਇਸਨੂੰ ਆਪਣੇ ਗੁਲਾਮਾਂ ਨੂੰ ਜਾਂ ਦਿੱਲੀ ਛੱਡਕੇ ਪੰਜਾਬ ਦੀ ਰਾਜਗੱਦੀ ਦੇ ਮਾਲਕ ਆਪ ਬਨਣ ਦੇ ਸੁਪਨੇ ਦੇਖ ਰਹੇ ਹਨ। ਉਹ ਪੰਜਾਬੀਆਂ ਨੂੰ ਅਣਜਾਣ ਹੀ ਸਮਝਦੇ ਹਨ ਪਰ ਪੰਜਾਬ ਦੇ ਬਹਾਦਰ, ਦਲੇਰ, ਗੁਰੂਆਂ, ਪੀਰਾਂ, ਫਕੀਰਾਂ, ਅਤੇ ਚਮਕੌਰ ਗੜੀ ਦੀਆਂ, ਮਹਾਂਭਾਰਤ ਦੇ ਕੁਰੂਕਸੇਤਰਾਂ ਦੀਆਂ ਜੰਗਾਂ ਜਿੱਤਣ ਵਾਲੇ ਲੋਕ ਹਨ ਜੋ ਆਪਣੇ ਰਸਤੇ ਆਪ ਤਹਿ ਕਰਨਗੇ।

ਸੁਮੇਲ ਸਿੰਘ ਲੋਭ ਲਾਲਚਾਂ ਨੂੰ ਠੋਕਰ ਮਾਰਨ ਵਾਲੇ ਸੱਚ ਅਤੇ ਪੰਜਾਬ ਹਿੱਤ ਤੇ ਖੜੇ ਹੋਏ ਸਾਥੀਆਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਚਾਲਬਾਜ਼ਾਂ ਬੀਜੇਪੀ ਕਾਂਗਰਸ ਆਪ ਦੇ ਨਾਂ ਤੇ ਗੁਪਤ ਨੀਤੀਆਂ ਵਾਲਿਆਂ ਦਾ ਰਾਹ ਰੋਕਣ ਲਈ ਪੁਰਾਤਨ ਬਹਾਦਰਾਂ ਵਾਂਗ ਜੂਝਣ ਦਾ ਫੈਸਲਾ ਕਰ ਚੁੱਕੇ ਹਨ। ਵਰਤਮਾਨ ਲੋਕਤੰਤਰੀ ਵਧਾਨ ਦਾ ਪਾਲਣ ਕਰਦਿਆਂ ਖਡੂਰ ਸਾਹਿਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਸੱਦ ਪਾਈ ਜਾਵੇਗੀ, ਜਿੱਥੇ ਦੁਨੀਆਂ ਭਰ ਦੇ ਪੰਜਾਬ ਹਿਤਾਇਸੀਆਂ ਨਾਲ ਲੈਕੇ ਮਜ਼ਬੂਤ ਪੰਜਾਬ ਲੋਕ ਪੱਖੀ ਬਦਲ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਨਕਲਾਬਾਂ ਦੀ ਸਫਲਤਾ ਦੇ ਜਾਮਨ ਆਮ ਲੋਕ ਖਡੂਰ ਸਾਹਿਬ ਦੀ ਧਰਤੀ ਤੋਂ ਜ਼ਰੂਰ ਕੁਝ ਨਵਾਂ ਸਿਰਜਣਗੇ। ਪੰਜਾਬ ਹਿਤਾਇਸੀ ਹਰ ਆਗੂ ਦਾ ਇਸ ਜੰਗ ਵਿੱਚ ਸਾਥ ਦੇਣ ਤੇ ਸੁਮੇਲ ਸਿੰਘ ਵੱਲੋਂ ਸਵਾਗਤ ਅਤੇ ਸਤਿਕਾਰ ਹੋਵੇਗਾ, ਜਿਸ ਵਿੱਚੋਂ ਆਉਣ ਵਾਲੇ ਸਮੇਂ ਦਾ ਕੋਈ ਸਾਝਾਂ ਮੁਹਾਜ ਜਨਮ ਲੈ ਸਕੇ। ਇਹ ਜੰਗ ਇਕੱਲਾ ਸੁਮੇਲ ਨਹੀਂ ਲੜ ਸਕਦਾ ਇਸ ਵਿੱਚ ਹਰ ਪੰਜਾਬੀ ਅਤੇ ਹਰ ਪੰਜਾਬ ਹਿਤਾਇਸੀ ਆਗੂ ਦਾ ਯੋਗਦਾਨ ਲੋੜੀਂਦਾ ਹੈ। ਸੋ ਆਉ ਮਿਲ ਬੈਠਕੇ ਭਵਿੱਖ ਦੇ ਵਿੱਚ ਪੰਜਾਬ ਬਚਾਉਣ ਦੇ ਬਾਨਣੂੰ ਬਣੀਏ ਅਤੇ ਗੁਰੂ ਵਰੋਸਾਈ ਨਵੀਆਂ ਲੀਹਾਂ ਦੀ ਸ਼ੁਰੂਆਤ ਦੇਣ ਵਾਲੀ ਖਡੂਰ ਸਾਹਿਬ ਦੀ ਧਰਤੀ ਤੋਂ ਮਿਲਕੇ ਸ਼ੁਰੂਆਤ ਕਰੀਏ।

ਸੰਪਰਕ: +91  94177 27245               

Comments

Joginder singh Nirala

Sumel sidhu is great.he remained my student in p.a.u but aam party did not recognise.his talent.he was fit 4 punjab leadership

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ