Wed, 18 September 2024
Your Visitor Number :-   7222578
SuhisaverSuhisaver Suhisaver

ਭਵਿੱਖ ਦੇ ਇੱਕ ਹੋਰ ਸੂਰਜ ਦਾ ਉੱਗਣ ਤੋਂ ਪਹਿਲਾਂ ਕਤਲ -ਮਨਦੀਪ

Posted on:- 21-01-2016

suhisaver

ਬੀਤੇ ਐਤਵਾਰ (17 ਜਨਵਰੀ) ਦੀ ਰਾਤ ਹੈਦਰਾਬਾਦ ਯੂਨੀਵਰਸਿਟੀ ਦੇ ਇੱਕ ਰਿਸਰਚ ਸਕਾਲਰ ਅਤੇ ’ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ’ (ASI) ਦੇ ਸਰਗਰਮ ਕਾਰਕੁੰਨ ਰੋਹਿਤ ਵੇਮੁਲਾ (26) ਦੇ ਫਾਹਾ ਲੈ ਕੇ ਖੁਦਕਸ਼ੀ ਕਰਨ ਦੀ ਦਿਲ ਕੰਬਾਊ ਘਟਨਾ ਵਾਪਰੀ। ਹੈਦਰਾਬਾਦ ਵਿੱਚ ਪਿਛਲੇ ਕੁਝ ਅਰਸੇ ’ਤੋਂ ਦਰਜਨ ਦੇ ਕਰੀਬ ਵਿਦਿਆਰਥੀ ਖੁਦਕਸ਼ੀਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪ੍ਰੰਤੂ ਖੁਦਕਸ਼ੀ ਦੀ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਅੰਦਰ ਖਾਸਕਰ ਸ਼ੋਸ਼ਲ ਮੀਡੀਆ ਤੇ ਵਿਦਿਅਕ ਸੰਸਥਾਵਾਂ ਅੰਦਰ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਵਿਰੋਧੀ ਪਾਰਟੀਆਂ ਤੋਂ ਲੈ ਕੇ ਖੱਬੇਪੱਖੀ ਤੇ ਅੰਬੇਦਕਰਵਾਦੀ ਸ਼ਕਤੀਆਂ ਇਸ ਖੁਦਕਸ਼ੀ ਨੂੰ ਸੱਤਾ ਅਤੇ ਸਥਾਨਕ ਪ੍ਰਸ਼ਾਸ਼ਨ ਦੁਆਰਾ ਕੀਤਾ ਗਿਆ ਕਤਲ ਕਹਿ ਰਹੀਆਂ ਹਨ। ਇਸ ਹੌਲਨਾਕ ਘਟਨਾ ਦਾ ਜ਼ਿੰਮੇਵਾਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸ਼ਹਿ ਪ੍ਰਾਪਤ ਹਿੰਦੂਤਵੀ ਫਿਰਕਾਪ੍ਰਸਤ ਸੰਗਠਨਾਂ ਨੂੰ ਮੰਨਿਆ ਜਾ ਰਿਹਾ ਹੈ।

ਦੂਸਰੇ ਪਾਸੇ ਭਾਜਪਾ, ਉਸਦੇ ਹਿੰਦੂਤਵੀ ਸੰਗਠਨ ਤੇ ਖਾਸਕਰ ਉਸਦਾ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਇਸਨੂੰ ਮਹਿਜ ਰੋਹਿਤ ਦੇ ਮਾਨਸਿਕ ਤਣਾਅ ਕਾਰਨ ਵਾਪਰੀ ‘ਮੰਦਭਾਗੀ ਘਟਨਾ’ ਵਜੋਂ ਪੇਸ਼ ਕਰ ਰਿਹਾ ਹੈ, ਜਿਸਦਾ ਸਪੱਸ਼ਟ ਪ੍ਰਗਟਾਵਾ ਰੋਹਿਤ ਦੀ ਮੌਤ ਤੋਂ ਬਾਅਦ ਹੈਦਰਾਬਾਦ ਯੂਨੀਵਰਸਿਟੀ ਵਿੱਚ ਏਬੀਵੀਪੀ ਦੁਆਰਾ ਲਗਾਏ ਗਏ ਪੋਸਟਰਾਂ ਤੇ ਭਾਜਪਾ ਮੰਤਰੀਆਂ ਦੇ ਬਿਆਨਾਂ ਤੋਂ ਹੁੰਦਾ ਹੈ।

ਹੈਦਰਾਬਾਦ ਯੂਨੀਵਰਸਿਟੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ ਦੀ ਸਰਗਰਮ ਸਿਆਸਤ ਦਾ ਅਖਾੜਾ ਚੱਲੀ ਆ ਰਹੀ ਹੈ। ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਵਾਂਗ ਇੱਥੇ ਵੀ ਵੱਖ ਵੱਖ ਵਿਦਿਆਰਥੀ ਜੱਥੇਬੰਦੀਆਂ ਵਿਚਕਾਰ ਮੱਤਭੇਦ ਤੇ ਲੜਾਈ ਝਗੜਿਆਂ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ। ਵਿਦਿਆਰਥੀ ਰਾਜਨੀਤੀ ਵਿੱਚ ਭਾਵੇਂ ਸਦਾ ਹੀ ਸੱਤਾਧਾਰੀ ਸਿਆਸਤ ਦੀ ਸਰਗਰਮ ਹਿੱਸੇਦਾਰੀ ਰਹੀ ਹੈ ਪ੍ਰੰਤੂ ਮੌਜੂਦਾ ਭਾਜਪਾ ਹਕੂਮਤ ਦੇ ਸੱਤਾ ’ਚ ਆਉਣ ਨਾਲ ਸਮਾਜ ਦੇ ਦਲਿਤ, ਘੱਟਗਿਣਤੀ ਧਾਰਮਿਕ ਸਮੂਹਾਂ, ਆਦਿਵਾਸੀਆਂ, ਖੱਬੇਪੱਖੀ ਤੇ ਤਰਕਸ਼ੀਲ ਲੇਖਕਾਂ, ਪੱਤਰਕਾਰਾਂ, ਬਲਾੱਗਰਾਂ, ਲੋਕਪੱਖੀ ਸ਼ਕਤੀਆਂ ਤੇ ਸਮਾਜਿਕ ਸੱਭਿਆਚਾਰਕ ਰੰਗਕਰਮੀਆਂ, ਅਸ਼ਹਿਣਸ਼ੀਤਲਤਾ ਖਿਲਾਫ ਬੋਲਣ ਵਾਲੇ ਫਿਲਮੀ ਅਦਾਕਾਰਾਂ ਆਦਿ ਖਿਲਾਫ ਸਖਤ ਕਾਨੂੰਨੀ ਕਾਰਵਾਈਆਂ ਤੋਂ ਲੈ ਕੇ ਗਾਲੀ ਗਲੋਚ, ਜਾਨੋ ਮਾਰਨ ਦੀਆਂ ਧਮਕੀਆਂ, ਜਾਨਲੇਵਾ ਹਮਲੇ ਤੇ ਕਤਲ ਤੱਕ ਕੀਤੇ ਜਾ ਰਹੇ ਹਨ।

ਸਮਾਜ ਅੰਦਰ ਅਜਿਹੀ ਖੌਫਨਾਕ ਫਿਰਕਾਪ੍ਰਸਤ ਦਹਿਸ਼ਤ ਭਾਜਪਾ ਦੀ ਹਿੰਦੂਤਵੀ ਫਿਰਕਾਪ੍ਰਸਤ ਤੇ ਕਾਰਪੋਰੇਟਪੱਖੀ ਵਿਚਾਰਧਾਰਾ ਦੀ ਉਪਜ ਹੈ। ਅਤੇ ਦੇਸ਼ ਦੇ ਵਿਦਿਆਰਥੀ ਵਰਗ ਦੀ ਬੌਧਿਕ ਤੇ ਜੂਝਾਰੂ ਅਵਾਜ਼ ਨੂੰ ਬੰਦ ਕਰਨ ਲਈ ਭਾਜਪਾ ਹਕੂਮਤ ਵੱਲੋਂ ਉੱਚ ਵਿਦਿਅਕ ਤੇ ਖੋਜ ਅਦਾਰਿਆ ਵਿੱਚ ਆਪਣੀ ਵਿਚਾਰਧਾਰਾ ਦੇ ਵਿਅਕਤੀਆਂ ਨੂੰ ਬਿਠਾਉਣ ਤੋਂ ਲੈ ਕੇ ਆਪਣੇ ਵਿਦਿਆਰਥੀ ਵਿੰਗਾਂ ਨੂੰ ਜਿਸ ਤਰ੍ਹਾਂ ਤਿਆਰ ਬਰ ਤਿਆਰ ਕੀਤਾ ਜਾ ਰਿਹਾ ਹੈ ਇਹ ਸਮਾਜ ਲਈ ਗੰਭੀਰ ਫਿਰਕਾਪ੍ਰਸਤ ਖਤਰਿਆਂ ਦੀ ਆਹਟ ਆਮਦ ਹੈ।

ਰੋਹਿਤ ਵੇਮੁਲਾ ਆਪਣੇ ਸਾਥੀਆਂ ਸਮੇਤ ਹੈਦਰਾਬਾਦ ਯੂਨੀਵਰਸਿਟੀ ਵਿੱਚ ’ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ’ ਵੱਲੋਂ ਪਿਛਲੇ ਸਮੇਂ ਤੋਂ ਯੂਨੀਵਰਸਿਟੀ ਅੰਦਰ ਹਿੰਦੂਤਵੀ ਫਿਰਕਾਪ੍ਰਸਤੀ ਵਿਰੋਧੀ ਸਰਗਰਮੀਆਂ ਕਾਰਨ ਸਥਾਨਕ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਏਬੀਵੀਪੀ ਲਈ ਸਿਰਦਰਦੀ ਬਣਿਆ ਹੋਇਆ ਸੀ। ਯੂਨੀਵਰਸਿਟੀ ਵਿੱਚ ਮੁਜ਼ੱਫਰਨਗਰ ਦੇ ਕਤਲੇਆਮ ਉੱਪਰ ਅਧਾਰਿਤ ਦਸਤਾਵੇਜ਼ੀ ਫਿਲਮ ‘ਮੁਜੱਫਰਨਗਰ ਬਾਕੀ ਹੈ’ ਵਿਖਾਉਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੇ ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ ਦੇ ਕਾਰਕੁੰਨਾਂ ਵਿਚਕਾਰ ਤਕਰਾਰਬਾਜੀ ਹੋਈ। ਏਬੀਵੀਪੀ ਦੇ ਮੁਖੀ ਸੁਸ਼ੀਲ ਕੁਮਾਰ ਨੇ ਰੋਹਿਤ ਸਮੇਤ ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ ਦੇ ਹੋਰ ਕਾਰਕੁੰਨਾਂ ਦੁਆਰਾ ਉਸ ਉੱਪਰ ਹਮਲਾ ਕਰਨ ਦਾ ਦੋਸ਼ ਲਾਇਆ ਤੇ ਉਨ੍ਹਾਂ ਤੇ ਝੂਠੇ ਕੇਸ ਦਰਜ ਕੀਤੇ ਗਏ ਜੋ ਦੋਸ਼ ਬਾਅਦ ਵਿਚ ਜਾਂਚ ਹੋਣ ਤੇ ਬੇਬੁਨਿਆਦ ਸਾਬਿਤ ਹੋਏ। ਇਸ ਘਟਨਾ ਵਿੱਚ ਭਾਜਪਾ ਨੇ ਦਖ਼ਲਅੰਦਾਜ਼ੀ ਕਰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਤੇ ਆਰਐਸਐਸ ਦੇ ਕੱਟੜ ਕਾਰਕੁੰਨ ਰਹੇ ਬੰਡਾਰੂ ਦੱਤਾਤ੍ਰੇਅ ਨੇ 17 ਅਗਸਤ ੨੦੧੫ ਨੂੰ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਿਮ੍ਰਤੀ ਇਰਾਨੀ ਨੂੰ ਇਕ ਚਿੱਠੀ ਲਿਖਕੇ ਇਹਨਾਂ ਵਿਦਿਆਰਥੀਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ।

ਉਸਨੇ ਚਿੱਠੀ ਵਿਚ ਹੈਦਰਾਬਾਦ ਯੂਨੀਵਰਸਿਟੀ ਨੂੰ ਜਾਤੀਵਾਦੀ, ਅੱਤਵਾਦੀ ਤੇ ਦੇਸ਼ਧ੍ਰੋਹੀਆਂ ਦਾ ਅੱਡਾ ਦੱਸਿਆ ਅਤੇ ’ਅੰਬੇਡਕਰ ਸਟੂਡੈਂਟ ਐਸੋਸ਼ੀਏਸ਼ਨ’ ਵੱਲੋਂ ਯਾਕੂਬ ਮੈਮਨ ਦੀ ਮੌਤ ਦੀ ਸਜਾ ਦਾ ਵਿਰੋਧ ਕਰਨ ਤੇ ਸਖਤ ਇਤਰਾਜ ਜਾਹਰ ਕੀਤਾ। ਭਾਜਪਾ ਮੰਤਰੀ ਨੇ ਏਬੀਵੀਪੀ ਦੇ ਮੁੱਖੀ ਉੱਤੇ ਹਮਲਾ ਹੋਣ ਤੇ ਵੀ ਦੁੱਖ ਜਾਹਰ ਕੀਤਾ। ਉਨ੍ਹਾਂ ਨੇ ਆਪਣੇ ਇਸ ਪੱਤਰ ਵਿਚ ਰੋਹਿਤ ਸਮੇਤ ਹੋਰ ਵਿਦਿਆਰਥੀ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਪੱਤਰ ਦੇ ਦਬਾਅ ਕਾਰਨ ਸਿਮ੍ਰਤੀ ਇਰਾਨੀ ਨੇ ਯੂਨੀਵਰਸਿਟੀ ਵਾਇਸ ਚਾਂਸਲਰ ਨੂੰ ਪੰਜ ਪੱਤਰ ਲਿਖੇ। ਇਨ੍ਹਾਂ ਪੱਤਰਾਂ ਨੇ ਜਲਦ ਹੀ ਆਪਣਾ ਅਸਰ ਵਿਖਾਇਆ ਅਤੇ ਪੁਰਾਣੇ ਵਾਇਸ ਚਾਂਸਲਰ ਜਿਸ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਗਠਿਤ ਕਰਨ ਦਾ ਵਾਅਦਾ ਕੀਤਾ ਨੂੰ ਬਦਲਕੇ ਨਵਾਂ ਵਾਇਸ ਚਾਂਸਲਰ ਨਿਯੁਕਤ ਕੀਤਾ ਗਿਆ। ਨਵੇਂ ਵਾਇਸ ਚਾਂਸਲਰ ਨੇ ਆਪਣੇ ਨਿਯੁਕਤੀ ਦਾ ਸ਼ੁਕਰਾਨਾ ਰੋਹਿਤ ਸਮੇਤ ਚਾਰ ਹੋਰ ਵਿਦਿਆਰਥੀਆਂ ਨੂੰ 3 ਜਨਵਰੀ ਨੰ ਹੋਸਟਲ ਵਿਚੋਂ ਕੱਢਕੇ ਅਤੇ ਉਨ੍ਹਾਂ ਦੀ ਸੱਤ ਮਹੀਨੇ ਦੀ ਫੈਲੋਸ਼ਿਪ ਰੱਦ ਕਰਕੇ ਜਲਦ ਹੀ ਉਤਾਰ ਦਿੱਤਾ। ਰੋਹਿਤ ਅਤੇ ਉਸਦੇ ਸਾਥੀ ਯੂਨੀਵਰਸਿਟੀ ਦੀ ਇਸ ਬੇਇਨਸਾਫੀ ਖਿਲਾਫ ਯੂਨੀਵਰਸਿਟੀ ਕੈਂਪਸ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ 17 ਜਨਵਰੀ ਦੀ ਰਾਤ ਨੂੰ ਹੀ ਰੋਹਿਤ ਵੱਲੋਂ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਜਾਂਦੀ ਹੈ।

ਰੋਹਿਤ ਵੇਮੁਲਾ ਇਕ ਗਰੀਬ ਦਲਿਤ ਪਰਿਵਾਰ ’ਚੋਂ ਸੀ ਜੋ ਕਰਜਾ ਚੁੱਕ ਕੇ ਆਪਣੀ ਪੜਾਈ ਜਾਰੀ ਰੱਖ ਰਿਹਾ ਸੀ। ਉਹ ਸਮਾਜ ਪ੍ਰਤੀ ਸੰਜੀਦਾ ਨੌਜਵਾਨ ਸੀ ਜੋ ਸਾਹਿਤ, ਸੰਵਾਦ ਅਤੇ ਸੰਗਰਾਮ ਵਿਚ ਵਿਸ਼ਵਾਸ਼ ਰੱਖਦਾ ਸੀ ਭਾਵੇਂ ਕਿ ਉਸਨੂੰ ਪਤਾ ਸੀ ਕਿ ਯੂਨੀਵਰਸਿਟੀ ਤੇ ਹੁਕਮਰਾਨ ਜਮਾਤ ਦੀ ਨਜ਼ਰ ’ਚ ਇਹ ਸਭ ਵਰਜਿਤ ਹੈ। ਰੋਹਿਤ ਵੇਮੁਲਾ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਖਿਲਾਫ ਅਤੇ ਵਿਦਿਆਰਥੀ ਹਿੱਤਾਂ ਦੇ ਹੱਕ ਵਿਚ ਬੋਲਣ, ਯਾਕੂਬ ਮੈਮਨ ਦੀ ਮੌਤ ਦੀ ਸਜਾ ਦਾ ਵਿਰੋਧ ਕਰਨ, ਦਲਿਤ ਚੇਤਨਾ ਲਈ ਸੰਘਰਸ਼ਸ਼ੀਲ ਹੋਣ, ਲੇਖਕ ਬਣਨ ਦੀ ਇੱਛਾ ਪਾਲਣ ਅਤੇ ਫਿਰਕਾਪ੍ਰਸਤੀ ਖਿਲਾਫ ਵਿਦਿਆਰਥੀਆਂ ਨੂੰ ਚੇਤੰਨ ਕਰਨ ਬਦਲੇ ਇਹ ਖੌਫਨਾਕ ਮੌਤ ਨਸੀਬ ਹੋਈ। ਯੂਨੀਵਰਸਿਟੀ ਪ੍ਰਸ਼ਾਸ਼ਨ, ਸੱਤਾਧਾਰੀ ਵਜਾਰਤ ਦਾ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ ਅਤੇ ਭਾਜਪਾ ਦੇ ਹਿੰਦੂਤਵੀ ਫਿਰਕਾਪ੍ਰਸਤ ਦਸਤੇ ਇਸ ਖੌਫਨਾਕ ਖੁਦਕਸ਼ੀ ਦਾ ਮਹੌਲ ਸਿਰਜਣ ਦੇ ਦੋਸ਼ੀ ਹਨ। ਉਸਦੇ ਮੌਤ ਲਈ ਦੋਹਰੇ ਮਾਪਦੰਡਾਂ ਵਾਲੀ ਮੌਜੂਦਾ ਭਾਰਤੀ ਵਿਦਿਅਕ ਪ੍ਰਣਾਲੀ ਵੀ ਜਿੰਮੇਵਾਰ ਹੈ ਜਿਸਨੇ ਖੁਦਕਸ਼ੀ ਤੋਂ ਪਹਿਲਾਂ ਉਸਨੂੰ ਰੈਗਿੰਗ, ਤਣਾਅ, ਕਰਜ, ਜਾਤੀ ਤੇ ਜਮਾਤੀ ਭੇਦਭਾਵ ਦਾ ਵਾਤਾਵਰਣ ਦਿੱਤਾ। ਇਹ ਮਹਿਜ ਖੁਦਕਸ਼ੀ ਨਹੀਂ ਬਲਕਿ ਰੋਹਿਤ ਵਰਗੇ ਸਮਾਜ ਪ੍ਰਤੀ ਸੰਵੇਦਣਸ਼ੀਲ ਨੌਜਵਾਨ ਵਿਦਿਆਰਥੀ ਦੇ ਸੁਪਨਿਆਂ, ਚਾਵਾਂ ਮਲਾਰਾਂ, ਬੌਧਿਕ ਜਗਿਆਸਾ, ਸਮਾਜਿਕ ਕੁਰੀਤੀਆਂ ਖਿਲਾਫ ਬੇਖੌਫ ਸੰਘਰਸ਼ ਕਰਨ ਦੀ ਇੱਛਾਸ਼ਕਤੀ ਦਾ ਕਤਲ ਕਰਨ ਦੀ ਸਾਜਿਸ਼ ਵੀ ਹੈ।

ਇਸ ਖੁਦਕਸ਼ੀ ਲਈ ਅਧਾਰ ਪੈਦਾ ਕਰਨ ਵਾਲੇ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਹਿੰਦੂਤਵੀ ਫਿਰਕਾਪ੍ਰਸਤਾਂ ਖਿਲਾਫ ਜਿੱਥੇ ਦੇਸ਼ ਭਰ ਵਿਚ ਬੰਦ ਅਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਨਾਮਵਰ ਕਵੀ ਅਸ਼ੋਕ ਵਾਜਪਾਈ ਨੇ ਆਪਣੀ ਡੀ ਲਿੱਟ ਦੀ ਉਪਾਦੀ ਵਾਪਸ ਕਰਕੇ ਸਮਾਜ ਦੇ ਬੁੱਧੀਜੀਵੀ ਤਬਕੇ ਨੂੰ ਇਸ ‘ਯੋਜਨਾਬੱਧ ਕਤਲ’ ਖਿਲਾਫ ਅਵਾਜ ਉਠਾਉਣ ਦਾ ਜੇਰਾ ਕਰਨ ਦੀ ਮਿਸਾਲ ਕਾਇਮ ਕੀਤੀ ਹੈ। ਇਸ ਕਾਫਲੇ ਨੂੰ ਹੋਰ ਵਿਸ਼ਾਲ ਕਰਨ ਦੀ ਜਰੂਰਤ ਹੈ।

ਅੱਜ ਦੇ ਦੌਰ ਅੰਦਰ ਸਰਕਾਰੀ ਤੇ ਖਾਸਕਰ ਪ੍ਰਾਈਵੇਟ ਵਿਦਿਅਕ ਅਦਾਰਿਆਂ ਅੰਦਰ ਜਿਸ ਤਰ੍ਹਾਂ ਵੱਖ ਵੱਖ ਢੰਗ ਤਰੀਕਿਆਂ ਨਾਲ ਜਮਹੂਰੀਅਤ ਤੇ ਸੰਵਾਦ ਦਾ ਗਲਾ ਘੁੱਟਿਆ ਜਾ ਰਿਹਾ ਹੈ ਇਹ ਭਵਿੱਖ ਦੇ ਰੋਹਿਤ ਵੇਮੁਲਾ ਲਈ ਖਤਰੇ ਦੀ ਘੰਟੀ ਹੈ। ਰੋਹਿਤ ਨੂੰ ਇਨਸਾਫ ਦਿਵਾਉਣ ਤੇ ਇਸ ਮਰਨਾਊ ਸਥਿਤੀ ਤੋਂ ਛੁਟਕਾਰਾ ਹਾਸਲ ਕਰਨ ਲਈ ਲਾਜਮੀਂ ਹੈ ਕਿ ਹੱਕ, ਸੱਚ ਤੇ ਜਮਹੂਰੀਅਤ ਦੀ ਰਾਖੀ ਦੇ ਯਤਨ ਜੁਟਾਏ ਜਾਣ।


ਰੋਹਿਤ ਵੇਮੁਲਾ ਦਾ ਖੁਦਕੁਸ਼ੀ ਨੋਟ
ਸ਼ੁਭ ਸਵੇਰ,

ਜਦੋਂ ਤੁਸੀਂ ਇਸ ਪੱਤਰ ਨੂੰ ਪੜ ਰਹੇ ਹੋਵੋਂਗੇ ਉਦੋਂ ਮੈਂ ਤੁਹਾਡੇ ਕੋਲ ਨਹੀਂ ਹੋਵਾਂਗਾ। ਮੇਰੇ ਤੇ ਖਫਾ ਨਾ ਹੋਣਾ। ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਕੁਝ ਦੋਸਤਾਂ ਨੂੰ ਮੇਰੀ ਪ੍ਰਵਾਹ ਸੀ। ਤੁਸੀਂ ਮੈਨੂੰ ਪਿਆਰ ਵੀ ਕੀਤਾ ਤੇ ਮੇਰੇ ਨਾਲ ਬਹੁਤ ਚੰਗਾ ਵਿਹਾਰ ਕੀਤਾ। ਮੈਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਹੈ ਬਲਕਿ ਮੈਨੂੰ ਤਾਂ ਆਪਣੇ ਆਪ ਤੋਂ ਹੀ ਤਕਲੀਫ ਸੀ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੇਰੀ ਆਤਮਾ ਤੇ ਸ਼ਰੀਰ ਵਿਚਕਾਰ ਪਾੜਾ ਵੱਧ ਰਿਹਾ ਹੈ ਤੇ ਮੈਂ ਇਕ ਕਰੂਰ ਦੈਂਤ ਬਣ ਗਿਆ ਹਾਂ। ਮੈਂ ਹਮੇਸ਼ਾ ਲੇਖਕ ਬਣਨਾ ਚਾਹੁੰਦਾ ਸੀ। ਵਿਗਿਆਨ ਦਾ ਲੇਖਕ, ਕਾਰਲ ਸਗਾਨ ਦੀ ਤਰ੍ਹਾਂ। ਪਰ, ਲਿਖਣ ਵਜੋਂ ਮੈਂ ਕੇਵਲ ਇਹੀ ਇੱਕ ਖਤ ਲਿਖ ਰਿਹਾ ਹਾਂ।

ਮੈਂ ਵਿਗਿਆਨ, ਸਿਤਾਰਿਆਂ ਤੇ ਕੁਦਰਤ ਨੂੰ ਪਿਆਰ ਕੀਤਾ ਹੈ ਤੇ ਮੈਂ ਲੋਕਾਂ ਨਾਲ ਵੀ ਪਿਆਰ ਕੀਤਾ, ਬਿਨਾਂ ਇਹ ਜਾਣਿਆਂ ਕਿ ਲੋਕ ਤਾਂ ਕਦੋਂ ਦੇ ਕੁਦਰਤ ਨਾਲੋਂ ਟੁੱਟ ਚੁੱਕੇ ਹਨ। ਸਾਡੀਆਂ ਭਾਵਨਾਵਾਂ ਸਾਡੀਆਂ ਆਪਣੀਆਂ ਨਹੀਂ ਰਹੀਆਂ। ਸਾਡਾ ਪਿਆਰ ਬਨਾਉਟੀ ਹੈ। ਸਾਡੇ ਵਿਸ਼ਵਾਸ਼ਾਂ ਉੱਤੇ ਹੋਰ ਰੰਗ ਚੜ੍ਹ ਗਏ ਹਨ। ਜੋ ਸਾਡੀ ਮੌਲਿਕਤਾ ਹੈ ਉਹ ਕੇਵਲ ਵਿਖਾਵੇ ਵਾਲੀਆਂ ਕਲਾਵਾਂ ਤੋਂ ਮਾਨਤਾ ਹਾਸਲ ਕਰਦੀ ਹੈ। ਪੀੜਾ ਬਿਨਾਂ ਪਿਆਰ ਕਰਨਾ ਮੁਸ਼ਕਿਲ ਹੋ ਗਿਆ ਹੈ। ਬੰਦੇ ਦਾ ਵਜੂਦ ਬਸ ਉਸਦੀ ਫੌਰੀ ਪਹਿਚਾਣ ਤੱਕ ਸਿਮਟ ਕੇ ਰਹਿ ਗਿਆ ਹੈ। ਨਜਦੀਕੀ ਸੰਭਾਵਨਾਵਾਂ ਹੀ ਪਹਿਚਾਣ ਤੈਅ ਕਰਦੀਆਂ ਹਨ, ਇਕ ਵੋਟ, ਅੰਕੜਾ ਜਾਂ ਵਸਤੂ ਨਾਲ। ਮਨੁੱਖ ਨੂੰ ਦਿਮਾਗ ਦੀ ਤਰ੍ਹਾਂ ਤਾਂ ਵੇਖਿਆ ਹੀ ਨਹੀਂ ਗਿਆ। ਹਮੇਸ਼ਾਂ ਇਕ ਪ੍ਰਭਾਵਸ਼ਾਲੀ ਚੀਜ ਵਾਂਗ ਹੀ ਵੇਖਿਆ ਗਿਆ ਹੈ ਜੋ ਸਿਤਾਰਿਆਂ ਦੇ ਕਣਾਂ ਨਾਲ ਬਣੀ ਹੋਵੇ। ਹਰ ਖੇਤਰ ਵਿੱਚ, ਅਧਿਐਨ ਵਿੱਚ, ਗਲੀਆਂ ਵਿੱਚ, ਰਾਜਨੀਤੀ ਵਿੱਚ, ਮਰਨ ਵਿੱਚ ਅਤੇ ਜਿਉਣ ਵਿੱਚ।

ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਖਤ ਲਿਖ ਰਿਹਾ ਹਾਂ। ਪਹਿਲੀ ਵਾਰ ਮੈਂ ਆਖ਼ਰੀ ਖਤ ਲਿਖ ਰਿਹਾ ਹਾਂ। ਮੈਨੂੰ ਮਾਫ ਕਰਨਾ ਜੇਕਰ ਇਸਦਾ ਕੋਈ ਅਰਥ ਨਾ ਨਿਕਲੇ ਤਾਂ।

ਹੋ ਸਕਦਾ ਹੈ ਕਿ ਮੈਂ ਹੁਣ ਤੱਕ ਦੁਨੀਆ ਨੂੰ ਸਮਝਣ ਵਿੱਚ ਗਲਤ ਹੋਵਾਂ। ਪਿਆਰ, ਦਰਦ, ਜਿੰਦਗੀ ਅਤੇ ਮੌਤ ਨੂੰ ਸਮਝਣ ਵਿੱਚ। ਕੋਈ ਕਾਹਲ ਵੀ ਨਹੀਂ ਸੀ। ਪਰ ਮੈਂ ਹਮੇਸ਼ਾ ਜਲਦੀ ਵਿੱਚ ਸੀ। ਬੇਚੈਨ ਸੀ, ਇੱਕ ਜਿੰਦਗੀ ਸ਼ੁਰੂ ਕਰਨ ਲਈ। ਇਸ ਪੂਰੇ ਸਮੇਂ ਵਿੱਚ ਮੇਰੇ ਵਰਗੇ ਲੋਕਾਂ ਲਈ ਜੀਵਨ ਸਰਾਪ ਹੀ ਰਿਹਾ। ਮੇਰਾ ਜਨਮ ਇੱਕ ਭਿਆਨਕ ਦੁਰਘਟਨਾ ਸੀ। ਮੈਂ ਆਪਣੇ ਬਚਪਨ ਦੇ ਇਕੱਲੇਪਣ ਤੋਂ ਕਦੇ ਬਾਹਰ ਨਹੀਂ ਆ ਸਕਿਆ। ਬਚਪਨ ਵਿੱਚ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ।

ਇਸ ਪਲ ਮੈਂ ਪਰੇਸ਼ਾਨ ਨਹੀਂ ਹਾਂ। ਮੈਂ ਦੁਖੀ ਨਹੀਂ ਹਾਂ। ਮੈਂ ਬਸ ਅੰਦਰੋਂ ਸੱਖਣਾ ਹਾਂ। ਮੈਨੂੰ ਆਪਣੀ ਕੋਈ ਚਿੰਤਾ ਨਹੀਂ ਹੈ। ਇਹ ਬਹੁਤ ਤਰਸਯੋਗ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।

ਕਈ ਲੋਕ ਮੈਨੂੰ ਕਾਇਰ ਕਰਾਰ ਦੇਣਗੇ। ਸਵਾਰਥੀ ਵੀ, ਮੂਰਖ ਵੀ। ਜਦੋਂ ਮੈਂ ਚਲਾ ਜਾਵਾਂਗਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਮੈਨੂੰ ਕੀ ਕਹਿਣਗੇ। ਮੈਂ ਮਰਨ ਦੇ ਬਾਅਦ ਦੀਆਂ ਕਹਾਣੀਆਂ ਭੂਤ ਪ੍ਰੇਤ ਵਿੱਚ ਭਰੋਸਾ ਨਹੀਂ ਕਰਦਾ। ਜੇਕਰ ਕਿਸੇ ਚੀਜ ਉੱਤੇ ਮੇਰਾ ਭਰੋਸਾ ਹੈ ਤਾਂ ਉਹ ਇਹ ਕਿ ਮੈਂ ਸਿਤਾਰਿਆਂ ਤੱਕ ਸਫਰ ਕਰ ਸਕਾਂਗਾ ਅਤੇ ਜਾਣ ਸਕਾਂਗਾ ਕਿ ਦੂਜੀ ਦੁਨੀਆ ਕਿਵੇਂ ਦੀ ਹੈ।

ਤੁਸੀ ਜੋ ਮੇਰਾ ਖਤ ਪੜ ਰਹੇ ਹੋ, ਜੇਕਰ ਕੁੱਝ ਕਰ ਸਕਦੇ ਹੋ ਤਾਂ ਮੈਨੂੰ ਆਪਣੀ ਸੱਤ ਮਹੀਨੇ ਦੀ ਫੈਲੋਸ਼ਿਪ ਮਿਲਣੀ ਬਾਕੀ ਹੈ। ਇੱਕ ਲੱਖ 75 ਹਜਾਰ ਰੁਪਏ। ਕਿ੍ਰਪਾ ਕਰਕੇ ਇਹ ਕਰ ਦੇਣਾ ਕਿ ਇਹ ਪੈਸਾ ਮੇਰੇ ਪਰਿਵਾਰ ਨੂੰ ਮਿਲ ਜਾਵੇ। ਮੈਂ ਰਾਮ ਜੀ ਨੂੰ ਚਾਲ੍ਹੀ ਹਜਾਰ ਰੁਪਏ ਦੇਣੇ ਸਨ। ਉਨ੍ਹਾਂ ਨੇ ਕਦੇ ਪੈਸੇ ਵਾਪਸ ਨਹੀਂ ਮੰਗੇ। ਪਰ ਪਲੀਜ ਫੈਲੋਸ਼ਿਪ ਦੇ ਪੈਸਿਆਂ ’ਚੋਂ ਰਾਮ ਜੀ ਨੂੰ ਪੈਸੇ ਦੇ ਦਿਓ।

ਮੈਂ ਚਾਹਾਂਗਾ ਕਿ ਮੇਰੀ ਅੰਤਿਮ ਯਾਤਰਾ ਸ਼ਾਂਤੀ ਅਤੇ ਚੁਪਚਾਪ ਹੋਵੇ। ਲੋਕ ਅਜਿਹਾ ਵਿਵਹਾਰ ਕਰਨ ਕਿ ਮੈਂ ਆਇਆ ਸੀ ਅਤੇ ਚਲਾ ਗਿਆ। ਮੇਰੇ ਲਈ ਹੰਝੂ ਨਾ ਵਹਾਏ ਜਾਣ। ਤੁਸੀਂ ਸਮਝ ਲੈਣਾ ਕਿ ਮੈਂ ਜਿਉਣ ਨਾਲੋਂ ਮਰਕੇ ਜਿਆਦਾ ਖ਼ੁਸ਼ ਹਾਂ।
‘ਪਰਛਾਵੇਂ ਤੋਂ ਸਿਤਾਰਿਆਂ ਤੱਕ’

ਉਮਾ ਅੰਨਾ, ਇਹ ਸਭ ਤੁਹਾਡੇ ਕਮਰੇ ਵਿੱਚ ਕਰਨ ਲਈ ਮਾਫੀ ਚਾਹੁੰਦਾ ਹਾਂ।

ਅੰਬੇਡਕਰ ਸਟੂਡੇਂਟਸ ਐਸ਼ੋਸੀਏਸ਼ਨ ਪਰਿਵਾਰ, ਤੁਹਾਨੂੰ ਸਭ ਨੂੰ ਨਿਰਾਸ਼ ਕਰਨ ਲਈ ਮਾਫੀ। ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਕੀਤਾ।

ਸਾਰਿਆਂ ਨੂੰ ਭਵਿੱਖ ਲਈ ਸ਼ੁਭਕਾਮਨਾ।
ਆਖ਼ਰੀ ਵਾਰ
ਜੈ ਭੀਮ

ਮੈਂ ਰਸਮੀਂ ਕਾਰਵਾਈ ਲਿਖਣਾ ਭੁੱਲ ਗਿਆ। ਮੇਰੀ ਇਸ ਖੁਦਕੁਸ਼ੀ ਵਾਸਤੇ ਕੋਈ ਜਿੰਮੇਵਾਰ ਨਹੀਂ ਹੈ। ਕਿਸੇ ਨੇ ਵੀ ਕਿਸੇ ਗੱਲ ਨਾਲ ਜਾਂ ਕਿਸੇ ਕੰਮ ਕਰਕੇ ਮੈਨੂੰ ਨਹੀਂ ਉਕਸਾਇਆ। ਇਹ ਮੇਰਾ ਆਪਣਾ ਫੈਸਲਾ ਹੈ ਤੇ ਸਿਰਫ ਮੈਂ ਇਸ ਵਾਸਤੇ ਜਿੰਮੇਵਾਰ ਹਾਂ।

ਮੇਰੇ ਜਾਣ ਦੇ ਬਾਅਦ ਮੇਰੇ ਦੋਸਤਾਂ ਅਤੇ ਦੁਸ਼ਮਨਾਂ ਨੂੰ ਤੰਗ ਨਾ ਕੀਤਾ ਜਾਵੇ .....

ਈ-ਮੇਲ: [email protected]

Comments

Noor Zora

Injh e hunda rehna ji but koi kuj nhi krda sbh miliaan bhugtaan hnn

swaran singh Furmah

ਇਸ ਸਮਾਜਿਕ ਅਨਿਆਂ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋਕ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ