Mon, 09 December 2024
Your Visitor Number :-   7279229
SuhisaverSuhisaver Suhisaver

ਜਸ਼ਨ ਦਾ ਸ਼ੋਰਗੁਲ ਅਤੇ ਲੋਕ ਰੋਹ ਦੀ ਲਲਕਾਰ -ਮਨਦੀਪ

Posted on:- 24-06-2014

suhisaver

ਫੀਫਾ ਵਿਸ਼ਵ ਫੁੱਟਬਾਲ ਕੱਪ 2014

ਵਿਸ਼ਵ ਫੁੱਟਬਾਲ ਕੱਪ 2014 ਦੀ ਪ੍ਰਸਿੱਧੀ ਤੇ ਇਸਦੀ ਹਰਮਨ ਪਿਆਰਤਾ ਦੀ ਚਰਚਾ ਦੁਨੀਆਂ ਭਰ ‘ਚ ਫੈਲਾਉਣ ਲਈ ਸਥਾਨਕ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੀਡੀਆ ਦਾ ਪੂਰਾ ਜੋਰ ਲੱਗਿਆ ਹੋਇਆ ਹੈ। ਮੀਡੀਆ ਦੀ ਇਸ ਜੋਰ ਅਜ਼ਮਾਇਸ਼ ਪਿੱਛੇ ਇਕ ਯੋਜਨਾਬੱਧ ਨੀਤੀ ਤੇ ਨੀਅਤ ਹੈ। ਕੇਵਲ ਮੀਡੀਆ ਹੀ ਨਹੀਂ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ, ਫੁੱਟਬਾਲ ਫੈਡਰੇਸ਼ਨਾਂ, ਬਹੁਰਾਸ਼ਟਰੀ ਕੰਪਨੀਆਂ, ਅੰਤਰਰਾਸ਼ਟਰੀ ਹਸਤੀਆਂ, ਸੱਟੇਬਾਜ, ਹਾਲੀਵੁੱਡ ਸਿਤਾਰੇ ਆਦਿ ਵੀ ਇਹ ਚਰਚਾ ਫੈਲਾਉਣ ‘ਚ ਪੂਰੀ ਤਨਦੇਹੀ ਨਾਲ ਸ਼ਰੀਕ ਹਨ।

ਵੱਡੇ-ਵੱਡੇ ਹੋਟਲਾਂ-ਰੈਸਟੋਰੈਂਟਾਂ ਨੇ ਵਿਦੇਸ਼ੀ ਯਾਤਰੀਆਂ ਦਾ ਧਿਆਨ ਖਿੱਚਣ ਲਈ ਆਪਣੀਆਂ ਖਾਣੇ ਦੀਆਂ ਲਿਸਟਾਂ ਤੇ ਵੱਖਰੇ-ਵੱਖਰੇ ਪਕਵਾਨਾਂ ਦੇ ਨਾਮ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀਆਂ ਦੇ ਨਾਮ ਤੇ ਰੱਖੇ ਲਏ ਹਨ। ਚਾਰ ਸਾਲ ਬਾਅਦ ਪੰਜ ਹਫ਼ਤੇ ਚੱਲਣ ਵਾਲੇ ਇਸ ਫੁੱਟਬਾਲ ਕੱਪ ਪ੍ਰਤੀ ਮੀਡੀਆ ਲੋਕਾਂ ‘ਚ ਉਤੇਜਨਾ ਪੈਦਾ ਕਰਨ ‘ਚ ਲੱਗਿਆ ਹੋਇਆ ਹੈ। ਇਹ ਉਤੇਜਨਾ ਖਾਸ ਮਾਰਕੀਟਿੰਗ ਹਿੱਤਾਂ ਤਹਿਤ ਪੈਦਾ ਕੀਤੀ ਜਾ ਰਹੀ ਹੈ।

ਵਿਸ਼ਵ ਕੱਪ ਦੇ ਧੂੰਆਂਧਾਰ ਪ੍ਰਚਾਰ ਰਾਹੀਂ ਵਿਸ਼ਵ ਪੱਧਰ ‘ਤੇ ਇਲੈਕਟ੍ਰਾਨਿਕ ਸਾਜੋ-ਸਮਾਨ, ਬਰਾਂਡਡ ਕੱਪੜੇ, ਖਿਡਾਉਣੇ ਤਿਆਰ ਕਰਨ ਵਾਲੀਆਂ ਕੰਪਨੀਆਂ, ਟੀ. ਵੀ. ਚੈਨਲ ਤੇ ਖਾਸਕਰ ਸਪੋਰਟਸ ਚੈਨਲ, ਕੋਕਾਕੋਲਾ, ਸਬਵੇਅ, ਮੈਕਡੌਨਲਡ, ਕੇਐਫਸੀ ਵਰਗੀਆਂ ਜੰਕ ਫੂਡ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੇ ਹੋਰ ਹਰ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਨ ਵਾਲੀਆਂ ਕੰਪਨੀਆਂ ਫੁੱਟਬਾਲ ਪ੍ਰੇਮੀਆਂ ਦੇ ਟੇਸਟ ਮੁਤਾਬਕ ਵੱਡੀ ਪੱਧਰ ‘ਤੇ ਮਾਲ ਤਿਆਰ ਕਰਕੇ ਮੋਟੇ ਮੁਨਾਫੇ ਬਟੋਰਨ ਦੇ ਕੰਮ ‘ਚ ਰੁਝੀਆਂ ਹੋਈਆਂ ਹਨ। ਉਨ੍ਹਾਂ ਵੱਲੋਂ ਮੋਟੇ ਮੁਨਾਫੇ ਬਟੋਰਨ ਲਈ ਖਪਤਵਾਦੀ ਬਜ਼ਾਰੂ ਮਾਨਸਿਕਤਾ ਤਿਆਰ ਕੀਤੀ ਜਾ ਰਹੀ ਹੈ।

ਸਸਤੀ ਮਜ਼ਦੂਰੀ ਉੱਤੇ ਮਹਿੰਗੇ ਉਤਪਾਦ ਤਿਆਰ ਕਰਨ ਦੀਆਂ ਵੱਡੇ ਪੈਮਾਨੇ ‘ਤੇ ਵਿਊਂਤਾਂ ਬਣਾਈਆਂ ਜਾ ਰਹੀਆਂ ਹਨ। ਪਾਕਿਸਤਾਨ ਜਿੱਥੇ ਮਜ਼ਦੂਰੀ ਸਸਤੀ ਪੈਂਦੀ ਹੈ, ਤੋਂ ਵਿਸ਼ਵ ਕੱਪ ਲਈ ਵਰਤੇ ਜਾਣ ਵਾਲੇ ਫੁੱਟਬਾਲ ਦੇ ਡਿਜ਼ਾਇਨ ਦੇ ਵੱਡੇ ਪੈਮਾਨੇ ‘ਤੇ ਫੁੱਟਬਾਲ ਤਿਆਰ ਕਰਵਾ ਕੇ ਦੁਨੀਆਂ ਭਰ ‘ਚ ਸਪਲਾਈ ਕਰਵਾਏ ਜਾ ਰਹੇ ਹਨ। ਸੰਸਾਰ ਪ੍ਰਸਿੱਧੀ ਵਾਲੇ ਸਪੋਰਟਸ ਚੈਨਲ ਵਿਸ਼ਵ ਕੱਪ ਦੀ ਲਾਈਵ ਬਰਾਡਕਾਸਟਿੰਗ ਨਾਲ ਅਰਬਾਂ ਦਾ ਕਾਰੋਬਾਰ ਕਰ ਰਹੇ ਹਨ। ਇਸ ਦੌਰਾਨ ਸੱਟੇਬਾਜ਼ਾਂ ਦੀ ਅਲੱਗ ਚਾਂਦੀ ਹੈ।

ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਬ੍ਰਾਜੀਲ ਕਰ ਰਿਹਾ ਹੈ ਤੇ 12 ਹੋਰ ਮੁਲਕ ਇਸਦੇ ਹੋਸਟ ਹਨ। ਬ੍ਰਾਜੀਲ ਇਸ ਕੱਪ ਦੀ ਮੇਜ਼ਬਾਨੀ ਦੌਰਾਨ 11.5 ਮੀਲੀਅਨ ਡਾਲਰ ਦਾ ਖਰਚਾ ਕਰਨ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਕੁਲ 20 ਮੈਚ ਅਲੱਗ-ਅਲੱਗ ਥਾਵਾਂ ਤੇ ਬਣੇ ਬੇਹੱਦ ਮਹਿੰਗੇ ਸਟੇਡੀਅਮਾਂ ‘ਚ ਹੋਣੇ ਹਨ। ਇਕ ਮੈਚ ਦੌਰਾਨ ਸਟੇਡੀਅਮ ‘ਚ 50 ਹਜ਼ਾਰ ਤੋਂ ਉਪਰ ਦਰਸ਼ਕ ਪੁੱਜਣਗੇ ਤੇ ਇਸ ਤਰ੍ਹਾਂ ਦੁਨੀਆਂ ਭਰ ‘ਚੋਂ ਦਸ ਲੱਖ ਤੋਂ ਉਪਰ ਲੋਕ ਇਸ ਵਿਸ਼ਵ ਕੱਪ ਨੂੰ ਸਿੱਧੇ ਤੌਰ ਤੇ ਵੇਖਣ ਲਈ ਆ ਰਹੇ ਹਨ।

ਇਨ੍ਹਾਂ ਮੈਚਾਂ ਦੌਰਾਨ ਵਿਸ਼ਵ ਕੱਪ ‘ਚ ਸ਼ਾਮਲ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਦੀ ਕੁਲ ਰਾਸ਼ੀ 576 ਮਿਲੀਅਨ ਅਮਰੀਕੀ ਡਾਲਰ ਹੈ। ਇਕ ਅੰਕੜੇ ਮੁਤਾਬਕ ਇਕ ਹਿੱਸੇਦਾਰ ਮੁਲਕ ਨੂੰ ਇਸ ਵਿਸ਼ਵ ਕੱਪ ਦੌਰਾਨ 30 ਕਰੋੜ ਡਾਲਰ ਦਾ ਸ਼ੁੱਧ ਮੁਨਾਫਾ ਹੋਵੇਗਾ, ਤਾਂ ਇੱਥੇ ਮੇਜਬਾਨੀ ਕਰਨ ਵਾਲੇ ਮੁਲਕ ਦੇ ਮੁਨਾਫਿਆਂ ਬਾਰੇ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਵਿਸ਼ਵ ਫੁੱਟਬਾਲ ਕੱਪ ਨਾਲ ਵੱਖ-ਵੱਖ ਮੁਲਕ ਕਰੋੜਾਂ ਡਾਲਰ ਦਾ ਕਾਰੋਬਾਰ ਕਰਦੇ ਹਨ। ਇਕੱਲੇ ਮੁਲਕ ਹੀ ਨਹੀਂ ਬਲਕਿ ਤੇ ਉਨ੍ਹਾਂ ਦੇ ਖਿਡਾਰੀ, ਆਪਣਾ ਮਾਲ ਵੇਚਣ ਵਾਲੀਆਂ ਵੱਖ-ਵੱਖ ਕੰਪਨੀਆਂ, ਟੀ. ਵੀ. ਚੈਨਲ, ਸੱਟੇਬਾਜ ਆਦਿ ਵੀ ਕਰੋੜਾਂ ਕਮਾਉਂਦੇ ਹਨ।

ਦੂਜੇ ਪਾਸੇ ਫੀਫਾ ਕੱਪ ਦਾ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ। ਇਹ ਵਿਰੋਧ ਬ੍ਰਾਜੀਲ ਦੀਆਂ ਟਰੇਡ ਯੂਨੀਅਨਾਂ, ਖੱਬੇਪੱਖੀ ਪਾਰਟੀਆਂ ਤੇ ਸਮਾਜਿਕ ਕਾਰਕੁੰਨਾ ਦੁਆਰਾ ਕੀਤਾ ਜਾ ਰਿਹਾ ਹੈ। ਬ੍ਰਾਜੀਲ ਦੇ ਲੋਕ ਹੱਥਾਂ ‘ਚ ਤਖਤੀਆਂ ਫੜ੍ਹਕੇ ‘ਸਾਨੂੰ ਰੋਟੀ ਚਾਹੀਦੀ ਹੈ ਨਾ ਕਿ ਫੁੱਟਬਾਲ’, ‘ਸਾਨੂੰ ਸਿਹਤ ਤੇ ਸਿੱਖਿਆ ਲਈ ਪੈਸਾ ਚਾਹੀਦਾ ਹੈ ਨਾ ਕਿ ਵਿਸ਼ਵ ਕੱਪ ਲਈ’, ‘ਫੀਫਾ ਵਾਪਸ ਘਰ ਜਾਓ’, ‘ਭ੍ਰਿਸ਼ਟਾਚਾਰ ਦਾ ਵਿਸ਼ਵ ਕੱਪ’ ਆਦਿ ਦੇ ਸਲੋਗਨ ਲੈ ਕੇ ਹਜ਼ਾਰਾਂ ਦੀ ਗਿਣਤੀ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਨੌਜਵਾਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬ੍ਰਾਜੀਲ ਦੇ ਬਹੁਤੇ ਸ਼ਹਿਰਾਂ ‘ਚ ਬੁਨਿਆਦੀ ਸਹੂਲਤਾਂ ਨਹੀਂ ਹਨ, ਰਿਹਾਇਸ਼ੀ ਮਕਾਨਾਂ ਦੀ ਵੱਡੀ ਸਮੱਸਿਆ ਹੈ, ਲੋਕ ਸੜਕ ਤੇ ਆ ਰਹੇ ਹਨ ਤੇ ਮੌਤ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਨਸ਼ਿਆਂ ਦੀ ਸਮੱਗਲਿੰਗ ਤੇ ਅਪਰਾਧ ‘ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਵਿਸ਼ਵ ਕੱਪ ਸਿਹਤ, ਸਿੱਖਿਆ ਤੇ ਗਰੀਬੀ ਹਟਾਉਣ ‘ਤੇ ਖਰਚੇ ਜਾਣ ਵਾਲੇ ਪੈਸੇ ਨੂੰ ਹੜੱਪ ਕਰ ਰਿਹਾ ਹੈ।

ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਵਿਸ਼ਵ ਕੱਪ ਅਮੀਰ ਵਿਦੇਸ਼ੀ ਯਾਤਰੀਆਂ ਲਈ ਹੈ ਬ੍ਰਾਜੀਲ ਦੇ ਲੋਕਾਂ ਲਈ ਨਹੀਂ। ਪਰ ਸਰਕਾਰ ਆਪਣੀ ਝੂਠੀ ਸ਼ਾਨ ਲਈ ਮੇਜ਼ਬਾਨੀ ਦਾ ਜਿੰਮਾ ਲੈ ਕੇ ਇਸਦਾ ਬੋਝ ਜਬਰੀ ਲੋਕਾਂ ਉਪਰ ਪਾ ਰਹੀ ਹੈ। ਕਿਉਂਕਿ ਜਦੋਂ ਵੀ ਕਿਸੇ ਮੁਲਕ ਅੰਦਰ ਵਿਸ਼ਵ ਕੱਪ ਹੁੰਦਾ ਹੈ ਤਾਂ ਉਸਦੇ ਬਾਅਦ ਦੇ ਕਈ ਸਾਲ ਲੋਕਾਂ ਉਪਰ ਭਾਰੀ ਟੈਕਸ ਮੜ੍ਹਕੇ ਇਸਦਾ ਬੋਝ ਉਨ੍ਹਾਂ ‘ਤੇ ਪਾਇਆ ਜਾਂਦਾ ਹੈ। ਇਸਦੀ ਇਕ ਉਦਾਹਰਣ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੀ ਬਹੁਗਿਣਤੀ ਗਰੀਬ ਜਨਤਾ ਨੂੰ ਕੀ ਬੁਨਿਆਦੀ ਸਹੂਲਤਾਂ ਨਾਲੋਂ ਖੇਡਾਂ ਦੀ ਜਿਆਦਾ ਲੋੜ ਸੀ ?

ਦੇਸ਼ ਦੇ ਲੋਕਾਂ ਦੇ ਵਿਰੋਧ ਨੂੰ ਮੱਠਾਂ ਪਾਉਣ ਜਾਂ ਖਾਰਿਜ ਕਰਨ ਲਈ ਵਿਸ਼ਵ ਪੱਧਰ ਤੇ ਇਸ ਗੱਲ ਦਾ ਰੌਲਾ ਪਾਇਆ ਜਾ ਰਿਹਾ ਹੈ ਕਿ ਟੀਮ ਦੀ ਜਿੱਤ ਪਿੱਛੇ ਸਭ ਤੋਂ ਵੱਡਾ ਹੱਥ ਦੇਸ਼ ਦੇ ਲੋਕਾਂ ਦਾ ਸਹਿਯੋਗ ਹੁੰਦਾ ਹੈ। ਅਸਲ ਵਿਚ ਇਹ ਤਰਕਹੀਣ ਦਲੀਲ ਵਿਸ਼ਵ ਕੱਪ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਪ੍ਰਤੀ ਨਫਰਤ ਪੈਦਾ ਕਰਨ ਅਤੇ ਵੱਡੀ ਪੱਧਰ ਤੇ ਲੋਕਾਂ ਦਾ ਧਿਆਨ ਇਸ ਕੱਪ ਵੱਲ ਖਿੱਚਣ ਲਈ ਘੜੀ ਗਈ ਹੈ। ਕਿਉਂਕਿ ਇੱਥੇ ਸਹਿਯੋਗ ਦੇਣ ਦੇ ਮਾਇਨੇ ਵਿਰੋਧ ਨਾ ਕਰਨ ਤੇ ਵਿਸ਼ਵ ਕੱਪ ਦੇ ਸ਼ੋਰਗੁਲ ‘ਚ ਤਨ-ਮਨ-ਧਨ ਨਾਲ ਸ਼ਾਮਲ ਹੋਣ ਤੋਂ ਹੈ।

ਬ੍ਰਾਜੀਲ ‘ਚ ਸ਼ਾਂਤਮਈ ਰੋਸ ਮੁਜ਼ਾਹਰਿਆਂ ਦੇ ਨਾਲ-ਨਾਲ ਪੁਲਿਸ ਦੀ ਹਿੰਸਾ ਦੇ ਜਵਾਬ ਵਜੋਂ ਹਿੰਸਕ ਝੜਪਾਂ ਵੀ ਹੋ ਰਹੀਆਂ ਹਨ। ਲੋਕ ਖਿਡਾਰੀਆਂ ਦੇ ਘਰਾਂ ਉਪਰ ਹਮਲੇ ਕਰ ਰਹੇ ਹਨ ਤੇ ਸਰਕਾਰ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ‘ਸੁਰੱਖਿਅਤ ਰਿਜ਼ੋਰਟ’ ਬਣਾਕੇ ਰੱਖ ਰਹੀ ਹੈ। ਇਨ੍ਹਾਂ ਝੜਪਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਬ੍ਰਾਜੀਲ ‘ਚ ਇਕ ਲੱਖ ਪੁਲਿਸ ਮੁਲਾਜ਼ਮ ਤੇ 57000 ਫੌਜ਼ੀ ਜਵਾਨ ਤਾਇਨਾਤ ਕੀਤੇ ਹੋਏ ਹਨ। ਸ਼ੋਸ਼ਲ ਨੈਟਵਰਕ ਰਾਹੀਂ ਜੱਥੇਬੰਦ ਹੋ ਕੇ ਸ਼ਾਂਤਮਈ ਰੋਸ ਜਾਹਰ ਕਰਨ ਵਾਲੇ ਇਨ੍ਹਾਂ ਮੁਜਾਹਰਾਕਾਰੀਆਂ ਨੂੰ ਅਥਰੂ ਗੈਸ, ਗਰਨੇਡ, ਪੇਪਰ ਸਪਰੇਅ, ਪਾਣੀ ਦੀਆਂ ਬੁਛਾੜਾਂ ਤੇ ਲਾਠੀਆਂ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ।

ਜਿੱਥੇ ਇਕ ਪਾਸੇ ਸੰਸਾਰ ਪੱਧਰ ਤੇ ਫੁੱਟਬਾਲ ਕੱਪ ਦੇ ਜਸ਼ਨ ਮਨਾਉਣ ਦਾ ਮਹੌਲ ਹੈ ਉੱਥੇ ਦੂਜੇ ਪਾਸੇ ਇਸਦੇ ਖਤਰਨਾਕ ਸਿੱਟੇ ਵੀ ਜੱਗ ਜਾਹਰ ਹਨ। ਇਸ ਵਿਸ਼ਵ ਕੱਪ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬੇਹੱਦ ਮਹਿੰਗੇ ਮੋਬਾਇਲ ਕਨੈਕਟੀਵਿਟੀ ਵਾਲੇ ਸਟੇਡੀਅਮ ਉਸਾਰੇ ਜਾਂਦੇ ਹਨ। ਇਨ੍ਹਾਂ ਸਟੇਡੀਅਮਾਂ ਲਈ ਦੱਬੇ-ਕੁਚਲੇ ਮੁਲਕਾਂ ਤੋਂ ਸਸਤੀ ਲੇਬਰ ਮੰਗਵਾਈ ਜਾਂਦੀ ਹੈ। ਫੁੱਟਬਾਲ ਸਟੇਡੀਅਮਾਂ ਦੀ ਉਸਾਰੀ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਮਾੜੀਆਂ ਹਾਲਤਾਂ ‘ਚ ਘੱਟ ਤਨਖਾਹਾਂ ਤੇ ਕੰਮ ਕਰਨਾ ਪੈਂਦਾ ਹੈ।

ਪਿੱਛੇ ਜਿਹੇ ਸਟੇਡੀਅਮਾਂ ਦੀ ਉਸਾਰੀ ਦੌਰਾਨ ਸੈਂਕੜੇ ਮਜ਼ਦੂਰਾਂ ਦੀ ਮੌਤਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਮਜ਼ਦੂਰਾਂ ਦੀ ਬਦਹਾਲੀ ਦੇ ਨਾਲ-ਨਾਲ ਇਨ੍ਹਾਂ ਮਹਿੰਗੇ ਸਟੇਡੀਅਮਾਂ ਦੀ ਉਸਾਰੀ ਦੇ ਖਰਚਿਆਂ ਦਾ ਬੋਝ ਭਾਰੀ ਟੈਕਸਾਂ ਤੇ ਮਹਿੰਗਾਈ ਦੇ ਰੂਪ ‘ਚ ਉਸ ਦੇਸ਼ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ। ਇਸੇ ਤਰ੍ਹਾਂ ਜੰਕ ਫੂਡ ਬਰਾਂਡਾਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਜਿਆਦਾ ਬੁਕਿੰਗ ਕਾਰਨ ਇਸਨੂੰ ਬਣਾਉਣ ਵਾਲੇ ਮਜ਼ਦੂਰਾਂ ਉਪਰ ਕੰਮ ਦਾ ਭਾਰੀ ਬੋਝ ਪੈ ਰਿਹਾ ਹੈ। ਇਕ ਖਬਰ ਮੁਤਾਬਕ ਜੰਕ ਫੂਡ ਦੇ ਵੱਡੇ ਬਰਾਂਡ ਸਬਵੇਅ ਦੇ ਮਜ਼ਦੂਰ ਇਸ ਕਰਕੇ ਹੜਤਾਲ ‘ਤੇ ਹਨ ਕਿ ਵਿਸ਼ਵ ਕੱਪ ਦੌਰਾਨ ਜਿਆਦਾ ਆਰਡਰ ਮਿਲਣ ਕਾਰਨ ਉਨ੍ਹਾਂ ਉਪਰ ਕੰਮ ਦਾ ਜਿਆਦਾ ਬੋਝ ਹੈ। ਉਨ੍ਹਾਂ ਨੂੰ ਘੱਟ ਤਨਖਾਹ ਤੇ ਜਿਆਦਾ ਸਮਾਂ ਮਜ਼ਦੂਰੀ ਕਰਨੀ ਪੈ ਰਹੀ ਹੈ।

ਜਿਸ ਦੇਸ਼ ਦੇ ਨਾਗਰਿਕ ਬੁਨਿਆਦੀ ਸਹੂਲਤਾਂ ਦੇ ਫਿਕਰਾਂ ਤੋਂ ਮੁਕਤ ਸਿਹਤਮੰਦ ਤੇ ਸਿੱਖਿਅਤ ਹੋਣ ਉੱਥੇ ਹੀ ਖੇਡਾਂ ‘ਚ ਅਸਲ ਸਕਾਰਾਤਮਕ ਮੁਕਾਬਲੇਬਾਜੀ ਹੋ ਸਕਦੀ ਹੈ ਤੇ ਸਹੀ ਅਰਥਾਂ ‘ਚ ਦੇਸ਼ ਦੇ ਲੋਕ ਤੇ ਖਿਡਾਰੀ ਉਸ ‘ਚ ਪੂਰੀ ਦ੍ਰਿੜਤਾ ਤੇ ਸੱਚੀ ਭਾਵਨਾ ਨਾਲ ਸ਼ਾਮਲ ਹੋ ਸਕਦੇ ਹਨ। ਪ੍ਰੰਤੂ ਇੱਥੇ ਸਾਮਰਾਜੀ ਮੁਲਕ ਜਿਨ੍ਹਾਂ ਨੇ ਦੱਬੇ-ਕੁਚਲੇ ਮੁਲਕਾਂ ਦੀ ਲੁੱਟ ਕਰਕੇ ਆਪਣਾ ਸਾਮਰਾਜ ਉਸਾਰਿਆ ਹੈ, ਦੇ ਖਿਡਾਰੀ ਅਤੇ ਦੱਬੇ-ਕੁਚਲੇ ਮੁਲਕਾਂ ਦੇ ਖਿਡਾਰੀਆਂ ਦੇ ਹੁਨਰ ਵਿਚਲਾ ਅੰਤਰ ਵਿਸ਼ਵ ਕੱਪ ਦੇ ਪ੍ਰਦਰਸ਼ਨ ਤੋਂ ਸਾਫ ਜਾਹਰ ਹੋ ਜਾਂਦਾ ਹੈ। ਉਂਝ ਵੀ ਇਨ੍ਹਾਂ ਖੇਡਾਂ ‘ਚ ਸ਼ਾਮਲ ਹੋਣ ਵਾਲੇ ਦੱਬੇ-ਕੁਚਲੇ ਮੁਲਕਾਂ ਦੇ ਜਿਆਦਾਤਰ ਖਿਡਾਰੀ ਉੱਚ ਕੁਲੀਨ ਵਰਗ ‘ਚੋਂ ਹੁੰਦੇ ਹਨ। ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਨੌਜਵਾਨਾਂ ਦਾ ਖੇਡਾਂ ਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਦਾ ਹੁਨਰ ਗਰੀਬੀ, ਬੇਰੁਜਗਾਰੀ, ਮਜ਼ਬੂਰੀਆਂ, ਬਿਮਾਰੀਆਂ, ਕੁਪੋਸ਼ਣ, ਅਣਪੜ੍ਹਤਾ ਆਦਿ ਹੇਠ ਦਮ ਘੋਟ ਦਿੰਦਾ ਹੈ।

ਉਹ ਸਿਰਫ ਕਾਮਯਾਬੀ ਦੇ ਸੁਪਨੇ ਵੇਖਕੇ ਸਾਰਨ ਲਈ ਸਰਾਪੇ ਹੋਏ ਹਨ। ਉਂਝ ਵੀ ਉਨ੍ਹਾਂ ਦੇ ਇਹ ਸੁਪਨੇ ਲੁੱਟ-ਖਸੁੱਟ, ਮੁਨਾਫੇ ਤੇ ਜਬਰ ‘ਤੇ ਟਿਕੇ ਇਸ ਪ੍ਰਬੰਧ ਵਿਚ ਪੂਰੇ ਨਹੀਂ ਹੋਣ ਵਾਲੇ ਕਿਉਂਕਿ ਇਸ ਪ੍ਰਬੰਧ ਦਾ ਮੂਲ ਮੰਤਰ ਲੁਟੇਰਿਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੀ ਹੈ ਨਾ ਕਿ ਮਿਹਨਤਕਸ਼ ਲੋਕਾਂ ਲਈ ਅਜ਼ਾਦੀ, ਬਰਾਬਰੀ ਤੇ ਭਾਈਚਾਰੇ ਵਾਲਾ ਚੰਗਾ ਸਮਾਜ ਪ੍ਰਦਾਨ ਕਰਨਾ। ਇਸ ਲਈ ਲੋੜ ਹੈ ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਲਈ ਸੰਘਰਸ਼ ਜਾਵੇ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ