Mon, 09 December 2024
Your Visitor Number :-   7279226
SuhisaverSuhisaver Suhisaver

ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ –ਡਾ. ਨਿਸ਼ਾਨ ਸਿੰਘ ਰਾਠੌਰ

Posted on:- 19-04-2020

suhisaver

ਕੋਰੋਨਾ ਵਾਇਰਸ ਕਰਕੇ ਸਮੁੱਚੀ ਦੁਨੀਆ ਦਾ ਸਿੱਖਿਆ ਤੰਤਰ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਜਿੱਥੇ ਸਕੂਲ ਬੰਦ ਹਨ ਉੱਥੇ ਹੀ ਕਾਲਜ, ਯੂਨੀਵਰਸਿਟੀਆਂ ਅਤੇ ਤਕਨੀਕੀ ਅਦਾਰੇ ਵੀ ਬਿਲੁਕਲ ਬੰਦ ਹੋ ਚੁਕੇ ਹਨ। ਭਾਰਤ ਅੰਦਰ ਵੱਖ- ਵੱਖ ਸੂਬਿਆਂ ਨੇ ਵੱਖ- ਵੱਖ ਸਮੇਂ ਲਈ ਆਪਣੇ ਅਧੀਨ ਆਉਂਦੇ ਸਿੱਖਿਆ ਅਦਾਰੇ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਕੁਝ ਸੂਬਿਆਂ ਵਿਚ ਸਕੂਲ, ਕਾਲਜ 30 ਜੂਨ ਤੱਕ ਬੰਦ ਹਨ ਅਤੇ ਕੁਝ ਵਿਚ 31 ਮਈ ਤੱਕ। ਕੁਝ ਸੂਬੇ ਇਸ ਤੋਂ ਵੀ ਅੱਗੇ ਬੰਦ ਕਰਨ ਲਈ ਯੋਜਨਾਵਾਂ ਬਣਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਉਂਝ ਇਹਨਾਂ ਉੱਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਸਰਕਾਰਾਂ ਨੇ ਬੱਚਿਆਂ ਦੀ ਸਿਹਤ ਨੂੰ ਤਰਜ਼ੀਹ ਦਿੱਤੀ ਹੈ।

ਪਰ! ਦੂਜੇ ਪਾਸੇ ਬੱਚਿਆਂ ਦੀ ਪੜਾਈ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਅੱਜ ਕੱਲ ਬੱਚਿਆਂ ਨੂੰ ਆਨ ਲਾਈਨ (On Line) ਪੜਾਈ ਕਰਵਾਈ ਜਾ ਰਹੀ ਹੈ/ ਪੜਾਇਆ ਜਾ ਰਿਹਾ ਹੈ/ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੁਝ ਹੱਦ ਤੱਕ ਇਹ ਕੰਮ ਸਾਰਥਕ ਮੰਨਿਆ ਜਾ ਸਕਦਾ ਹੈ। ਪਰ ਜਦੋਂ ਇਸ ਆਨ ਲਾਈਨ (On Line) ਪੜਾਈ ਦੀ ਤਹਿ ਵਿਚ ਜਾ ਕੇ ਪੜਚੋਲ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਨਤੀਜੇ ਵੇਖਣ ਨੂੰ ਮਿਲਦੇ ਹਨ।


ਚੰਗੀ ਸਿੱਖਿਆ ਸਮੁੱਚੇ ਨਾਗਰਿਕਾਂ ਦਾ ਮੁੱਢਲਾ ਹੱਕ ਹੈ। ਇਹ ਹੱਕ ਸਭ ਨੂੰ ਮਿਲਣਾ ਚਾਹੀਦਾ ਹੈ; ਇਸ ਗੱਲ ਵਿਚ ਦੋ ਰਾਵਾਂ ਨਹੀਂ ਹਨ। ਪਰ ਇਸ ਤਰਾਂ ਦਾ ਕਾਰਜ (ਅੱਧਾ- ਅਧੂਰਾ ਆਨ ਲਾਈਨ (On Line) ਪੜਾਉਣ ਦਾ ਡਰਾਮਾ) ਸਿੱਖਿਆ ਵਿਭਾਗ ਅਤੇ ਪੜੇ- ਲਿਖੇ ਲੋਕਾਂ ਨੂੰ ਚੱਜਦਾ ਨਹੀਂ। ਭਾਰਤ ਅੰਦਰ ਬਹੁਤ ਸਾਰੇ ਅਜਿਹੇ ਵਿਭਾਗ ਹਨ ਜਿੱਥੇ ਬਹੁਤੇ ਪੜੇ- ਲਿਖਣ ਲੋਕ ਨਹੀਂ ਜਾਂਦੇ। ਉੱਥੇ ਕੇਵਲ ਦਸਵੀਂ ਜਾਂ ਬਾਹਰਵੀਂ ਪਾਸ ਉਮੀਦਵਾਰ ਹੀ ਭਰਤੀ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਮਾਨਸਿਕ ਮਜ਼ਬੂਤੀ ਨਾਲੋਂ ਸਰੀਰਿਕ ਮਜ਼ਬੂਤੀ ਵਧੇਰੇ ਲਾਜ਼ਮੀ ਹੁੰਦੀ ਹੈ। ਪਰ ਸਿੱਖਿਆ ਵਿਭਾਗ ਵਿਚ ਤਾਂ ਉੱਚ ਸਿੱਖਿਅਤ ਉਮੀਦਵਾਰ ਹੀ ਚੁਣੇ ਜਾਂਦੇ ਕਿਉਂਕਿ ਇਹਨਾਂ ਦੇ ਹੱਥਾਂ ਵਿਚ ਸਾਡੇ ਭਵਿੱਖ ਦੀ ਪਨੀਰੀ ਹੁੰਦੀ ਹੈ। ਜੇਕਰ ਅਜਿਹੇ ਪੜੇ- ਲਿਖੇ ਲੋਕਾਂ ਦੇ ਵਿਭਾਗ ਵਿਚ ਅਣਗਹਿਣੀ ਹੁੰਦੀ ਹੈ ਤਾਂ ਸੱਚਮੁਚ ਅਫ਼ਸੋਸ ਹੁੰਦਾ ਹੈ। ਖ਼ੈਰ!

ਅੱਜ ਕੱਲ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਵੱਟਸਐਪ ਉੱਪਰ ਕੰਮ ਕਰਨ ਲਈ ਭੇਜਦੇ ਹਨ। ਕਿਸੇ ਬੱਚੇ (ਜਿਹੜਾ ਇਸ ਸਾਲ 2020 ਦੇ ਮਾਰਚ ਮਹੀਨੇ ਉਹ ਜਮਾਤ ਪਾਸ ਕਰ ਗਿਆ ਹੋਵੇ) ਦੀ ਕਾਪੀ ਦੀਆਂ ਮੋਬਾਇਲ ਰਾਹੀਂ ਤਸਵੀਰਾਂ ਖਿੱਚ ਕੇ ਬੱਚਿਆਂ ਦੇ ਵੱਟਸਐਪ ਗਰੁੱਪ ਵਿਚ ਭੇਜ ਦਿੱਤੀਆਂ ਜਾਂਦੀਆਂ ਹਨ। ਬੱਚੇ ਦਿਨ- ਰਾਤ ਲਿਖਣ ਵਿਚ ਲੱਗੇ ਹੋਏ ਹਨ। ਇੱਕ ਦਿਨ 'ਚ ਵੀਹ- ਵੀਹ ਪੰਨੇ ਭੇਜ ਦਿੱਤੇ ਜਾਂਦੇ ਹਨ ਅਤੇ ਬੱਚੇ ਵਿਚਾਰੇ ਪੰਨੇ ਕਾਲੇ ਕਰਨ ਵਿਚ ਰੁੱਝੇ ਹੋਏ ਹਨ। ਕੋਈ ਭਾਵ ਅਰਥ ਨਹੀਂ ਸਮਝਾ ਰਿਹਾ। ਕੋਈ ਪਾਠ, ਕੋਈ ਲੈਕਚਰ ਨਹੀਂ। ਬੱਸ, ਤਸਵੀਰਾਂ ਖਿੱਚੀਆਂ ਤੇ ਬੱਚਿਆਂ ਦੇ ਵੱਟਸਐਪ ਗਰੁੱਪ ਵਿਚ ਭੇਜ ਦਿੱਤੀਆਂ।

ਮਾਂ- ਬਾਪ ਸਵਾਲ ਕਰਦੇ ਹਨ ਤਾਂ ਅੱਗੇ ਤੋਂ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਤਾਂ ਆਪਣਾ ਸਿਲੇਬਸ ਪੂਰਾ ਕਰਵਾਉਣਾ ਹੈ। ਅਜਿਹਾ ਹੁਕਮ ਪ੍ਰਿੰਸੀਪਲ ਅਤੇ ਸਕੂਲ ਪ੍ਰਸ਼ਾਸ਼ਨ ਵੱਲੋਂ ਮਿਲਿਆ ਹੋਇਆ ਹੈ ਕਿ ਜਦੋਂ ਸਕੂਲ ਖੁੱਲਣ ਤਾਂ ਬੱਚਿਆਂ ਦਾ ਸਿਲੇਬਸ ਪੂਰਾ ਹੋਵੇ। ਹੁਣ ਸਿਆਣੇ ਬੰਦੇ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਬੱਚਿਆਂ ਨੂੰ ਪੜਾਈ ਅਤੇ ਪਾਠ ਦੇ ਅਰਥ ਦੀ ਕਿੰਨੀ ਕੂ ਸਮਝ ਲੱਗੀ ਹੋਵੇਗੀ? ਪਰ! ਸਿੱਖਿਆ ਵਿਭਾਗ ਅਤੇ ਸਕੂਲ ਪ੍ਰਸ਼ਾਸ਼ਨ ਖ਼ਬਰੇ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਿਹਾ? ਉਹਨਾਂ ਤਾਂ ਆਪਣੇ ਸਿਲੇਬਸ ਨੂੰ ਕਵਰ ਕਰਨਾ ਹੈ; ਹੋਰ ਕੁਝ ਨਹੀਂ।

ਦੂਜੀ ਗੱਲ, ਵੱਟਸਐਪ ਗੁਰੱਪ ਵਿਚ ਕਿਸੇ ਅਧਿਆਪਕ (ਲਗਭਗ 99% ਫੀਸਦੀ) ਨੇ ਆਪਣੇ ਬੱਚਿਆਂ ਨੂੰ ਕੋਰੋਨਾ ਤੋਂ ਬਚਣ ਦੀ ਅਪੀਲ ਨਹੀਂ ਕੀਤੀ। ਕੀ ਅਧਿਆਪਕ ਆਡੀਓ (Audio) ਜਾਂ ਵੀਡੀਓ (Video) ਬਣਾ ਕੇ ਆਪਣੀ ਕਲਾਸ ਦੇ ਬੱਚਿਆਂ ਨੂੰ ਸੁਚੇਤ ਨਹੀਂ ਕਰ ਸਕਦੇ? ਉਹਨਾਂ ਨੂੰ ਇਸ ਵਾਇਰਸ ਬਾਰੇ ਨਹੀਂ ਦੱਸ ਸਕਦੇ? ਅਸਲ ਵਿਚ ਮਾਂ- ਬਾਪ ਚਾਹੇ ਜਿੰਨੇ ਮਰਜ਼ੀ ਪੜੇ- ਲਿਖੇ ਹੋਣ; ਵਿਦਵਾਨ ਹੋਣ; ਸੁਲਝੇ ਹੋਏ ਹੋਣ ਪਰ ਅਧਿਆਪਕ ਦੀ ਕਹੀ ਗੱਲ ਦਾ ਬੱਚਿਆਂ ਉੱਪਰ ਡੂੰਘਾ ਅਸਰ ਪੈਂਦਾ ਹੈ। ਅਧਿਆਪਕ ਦੀ ਕਹੀ ਗੱਲ ਨੂੰ ਬੱਚੇ ਗੰਭੀਰਤਾ ਨਾਲ ਲੈਂਦੇ ਹਨ। ਪਰ ਅਫ਼ਸੋਸ ਅੱਜ 99% ਫੀਸਦੀ ਅਧਿਆਪਕ ਇਹ ਕਾਰਜ ਨਹੀਂ ਕਰ ਰਹੇ।

ਸਿਲੇਬਸ ਨੂੰ ਸਿਰੇ ਚਾੜਨਾ ਲਾਜ਼ਮੀ ਹੈ ਪਰ ਕੀ ਅਧਿਆਪਕ ਦਸ ਮਿੰਟ ਜਾਂ ਪੰਦਰਾਂ ਮਿੰਟ ਦੀ ਕੋਈ ਵੀਡੀਓ (Video) ਬਣਾ ਕੇ ਆਪਣੀ ਕਲਾਸ ਦੇ ਬੱਚਿਆਂ ਨੂੰ ਪਾਠ ਨਹੀਂ ਸਮਝਾ ਸਕਦੇ। ਸ਼ਾਇਦ! ਉਹ ਅਜਿਹਾ ਕਰ ਸਕਦੇ ਹਨ ਪਰ ਇਹਨਾਂ ਕੰਮਾਂ ਲਈ ਮਿਹਨਤ ਕਰਨੀ ਪੈਣੀ ਹੈ ਅਤੇ ਵਕਤ ਲਗਾਉਣਾ ਪੈਣਾ ਹੈ। ਖ਼ਬਰੇ ਇਸੇ ਲਈ ਬਹੁਤੇ ਅਧਿਆਪਕ ਤਾਂ ਤਸਵੀਰਾਂ ਖਿੱਚ ਕੇ ਵੱਟਸਐਪ ਗੁਰੱਪ ਵਿਚ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੇ। ਉਂਝ ਉਹ ਆਪਣੇ ਨਿੱਤ ਦੇ ਸਿਲੇਬਸ ਦੀ ਰਿਪੋਰਟ ਪਿੰਰਸੀਪਲ ਜਾਂ ਹੋਰ ਪ੍ਰਸ਼ਾਸ਼ਨਿਕ ਅਫ਼ਸਰਾਂ ਨੂੰ ਜ਼ਰੂਰ ਦੇ ਦਿੰਦੇ ਹਨ। ਪਰ ਬੱਚਿਆਂ ਨੂੰ ਕੀ ਸਮਝ ਆਇਆ?, ਇਸ ਬਾਰੇ ਤਾਂ ਬੱਚੇ ਜਾਂ ਫਿਰ ਉਹਨਾਂ ਦੇ ਅਧਿਆਪਕ ਹੀ ਦੱਸ ਸਕਦੇ ਹਨ।

ਹੈਰਾਨੀ ਅਤੇ ਅਚੰਭਾ ਹੁੰਦਾ ਹੈ ਕਿ ਵੱਡੇ- ਵੱਡੇ ਨਾਮੀਂ ਸਕੂਲ ਵੀ ਅਜਿਹੇ ਫਿਜੂਲ ਤਰੀਕੇ ਨਾਲ ਬੱਚਿਆਂ ਦੇ ਸਿਲੇਬਸ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਬੱਚੇ ਦੂਹਰੀ ਮਾਰ ਝੱਲ ਰਹੇ ਹਨ; ਇੱਕ ਤਾਂ ਦਿਨ- ਰਾਤ ਪੰਨੇ ਕਾਲੇ ਕਰ ਰਹੇ ਹਨ ਅਤੇ ਦੂਜਾ ਉਹਨਾਂ ਨੂੰ ਸਮਝ ਕੁਝ ਨਹੀਂ ਆ ਰਿਹਾ। ਰਹਿੰਦੀ ਕਸਰ ਸਿਲੇਬਸ ਪੂਰਾ ਕਰਨ ਦੇ ਡਰ ਨੇ ਪੂਰੀ ਕਰ ਦਿੱਤੀ ਹੈ।

ਸਿੱਖਿਆ ਵਿਭਾਗ ਕੁੰਭਕਰਨ ਦੀ ਨੀਂਦਰ ਸੁੱਤਾ ਪਿਆ ਹੈ; ਉਹ ਚਾਹੇ ਉੱਚ ਸਿੱਖਿਆ ਵਿਭਾਗ ਹੋਵੇ ਤੇ ਚਾਹੇ ਸਕੂਲੀ ਸਿੱਖਿਆ ਵਿਭਾਗ ਹੋਵੇ। ਜੇਕਰ ਸਿੱਖਿਆ ਵਿਭਾਗ ਦਾ ਅਮਲਾ ਦਿਲਚਸਪੀ ਲੈ ਕੇ ਹੁਕਮ ਪਾਸ ਕਰੇ ਤਾਂ ਬਹੁਤ ਸਾਰੇ ਰਾਹ ਲੱਭੇ ਜਾ ਸਕਦੇ ਹਨ ਜਿਹਨਾਂ ਨਾਲ ਬੱਚਿਆਂ ਦੀ ਪੜਾਈ ਵੀ ਹੋ ਸਕਦੀ ਹੈ ਅਤੇ ਉਹਨਾਂ ਨੂੰ ਪਾਠ ਦਾ ਅਰਥ ਭਾਵ ਸਮਝਾਇਆ ਵੀ ਜਾ ਸਕਦਾ ਹੈ। ਕੁਝ ਦਾ ਜ਼ਿਕਰ ਉੱਪਰ ਕੀਤਾ ਜਾ ਚੁਕਿਆ ਹੈ।

ਆਖ਼ਰ 'ਚ ਕਿਹਾ ਜਾ ਸਕਦਾ ਹੈ ਕਿ ਅਧਿਆਪਕ ਜੇਕਰ ਚਾਹੁਣ ਤਾਂ ਨਿੱਕੀਆਂ- ਨਿੱਕੀਆਂ ਵੀਡੀਓ (Video) ਬਣਾ ਕੇ ਜਾਂ ਫਿਰ ਆਡੀਓ (Audio) ਕਲਿੱਪ ਬਣਾ ਕੇ ਆਪਣੇ ਸਕੂਲੀ ਬੱਚਿਆਂ ਦੇ ਗਰੁੱਪ ਵਿਚ ਪਾ ਸਕਦੇ ਹਨ। ਚਾਰ- ਚਾਰ ਵਿਦਿਆਰਥੀਆਂ ਲਈ ਗਰੁੱਪ 'ਚ ਵੀਡੀਓ ਕਾਲ (Video Call) ਜਾਂ ਆਡੀਓ ਕਾਲ (Audio Call) ਵੀ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਨਵੇਂ ਐਪ ਵੀ ਲੱਭੇ ਜਾ ਸਕਦੇ ਹਨ ਜਿਹਨਾਂ ਰਾਹੀਂ ਇੱਕੋਂ ਸਮੇਂ ਵੱਧ ਵਿਦਿਆਰਥੀ ਜੁੜ ਸਕਣ। ਖ਼ਾਸ ਹਾਲਤਾਂ ਵਿਚ ਮੋਬਾਇਲ ਰਾਹੀਂ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਬੱਚਿਆਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਬੱਚਿਆਂ ਦੇ ਮਨਾਂ ਉੱਪਰ ਬੋਝ ਨਾ ਪਵੇ। ਪਰ, ਇਹ ਕਾਰਜ ਹੁੰਦਾ ਕਦੋਂ ਹੈ ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।

ਸੰਪਰਕ: 75892- 33437

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ