Thu, 12 September 2024
Your Visitor Number :-   7220775
SuhisaverSuhisaver Suhisaver

ਆਜ਼ਾਦੀ ਦਾ ਪਰਵਾਨਾ ਕੈਪਟਨ ਅਮਰੀਕ ਸਿੰਘ - ਰਘਬੀਰ ਬਲਾਸਪੁਰੀ

Posted on:- 13-05-2013

15 ਮਈ ਸਹੀਦੀ ਦਿਨ ’ਤੇ ਵਿਸ਼ੇਸ਼

ਕੈਪਟਨ
ਅਮਰੀਕ ਸਿੰਘ ਆਈ.ਐਨ.ਏ. ਦਾ ਜਨਮ ਪਿੰਡ ਬਿਲਾਸਪੁਰ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੋਗਾ) ਵਿੱਚ ਮਾਤਾ ਕਾਹਨ ਕੌਰ ਤੇ ਪਿਤਾ ਗੁਰਦਿੱਤ ਸਿੰਘ ਦੇ ਘਰ ਵਿਚ ਹੋਇਆ ਸੀ। ਇਹ ਤਿੰਨ ਭਰਾ ਦਲੀਪ ਸਿੰਘ, ਭਾਗ ਸਿੰਘ ਤੇ ਅਮਰੀਕ ਸਿੰਘ ਸਨ ਤੇ ਦੋ ਭੈਣਾਂ ਕਿਸਨ ਕੌਰ, ਤੇਜ ਕੌਰ ਸਨ। ਆਪ ਦੀ ਸ਼ਾਦੀ ਮਾਤਾ ਹਰਨਾਮ ਕੌਰ ਨਾਲ ਪਿੰਡ ਦੀਵਾਨੇ ਜ਼ਿਲ੍ਹਾ ਸੰਗਰੂਰ ਵਿਚ ਹੋਈ ਸੀ।ਆਪ ਜੀ ਦੇ ਇੱਕ ਬੇਟਾ ਹੈ, ਜਿਸ ਦਾ ਨਾਮ ਗੁਰਮੇਲ ਸਿੰਘ ਹੈ ।



 ਆਪ ਜੀ ਬਹੁਤ ਹੀ ਸਾਤ ਸੁਭਾਅ ਦੇ ਮਾਲਕ ਸਨ।ਆਪ ਨੇ ਮੁੱਢਲੀ ਵਿੱਦਿਆ ਬੋਰਡਿੰਗ ਸਕੂਲ ਪੱਤੋ ਹੀਰਾ ਸਿੰਘ ਤੋਂ ਪ੍ਰਾਪਤ ਕੀਤੀ ਸੀ। ਸਕੂਲ ਸਮੇਂ ਤੋਂ ਹੀ ਆਪ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ।ਸਾਨੂੰ ਪਤਾ ਹੈ ਕਿ ਪਹਿਲੀ ਆਲਮਗੀਰ ਲੜਾਈ 1913-14 ਵਾਲੀ ਖਤਮ ਹੋ ਚੁੱਕੀ ਸੀ ਤੇ ਉਸ ਦੇ ਵਿਚ ਅੰਗਰੇਜ਼ ਹਕੂਮਤ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਤੇ ਆਪਣੇ ਰਾਜ ਦੀ ਉਮਰ ਨੂੰ ਲੰਮਾਂ ਕਰਨ ਲਈ ਤੇ ਬਾਕੀ ਦੇਸਾਂ ਨੂੰ ਆਪਣੇ ਕਾਬੂ ਵਿਚ ਰੱਖਣ ਲਈ,ਭਵਿੱਖ ਵਿਚ ਹੋਣ ਵਾਲੀ ਕਿਸੇ ਵੀ ਲੜਾਈ ਦਾ ਬਾਲਣ ਬਣਾਉਣ ਲਈ ਫੌਜ ਵਿਚ ਭਰਤੀ ਖੋਲੀ ਗਈ ਸੀ, ਜਿਵੇਂ ਕਿ ਸਕੂਲ ਦੀ ਪੜਾਈ ਖਤਮ ਕਰਨ ਉਪਰੰਤ ਆਪ ਜੀ ਰੋਜ਼ੀ ਰੋਟੀ ਕਮਾਉਣ ਲਈ ਬ੍ਰਿਟਿਸ਼ ਫੌਜ ਵਿਚ ਭਰਤੀ ਹੋ ਗਏ ਸਨ।ਬ੍ਰਿਟਿਸ਼ ਫੌਜ ਵਿਚ ਨੌਕਰੀ ਕਰਨ ਲਈ ਆਪ ਜੀ ਨੂੰ ਦੇਸ ਵਿਦੇਸ਼ ਵਿਚ ਕਈ ਜਗ੍ਹਾ ’ਤੇ ਜਾਣਾ ਪਿਆ ਸੀ।

ਆਪ ਜੀ ਬਾਰੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਭਤੀਜੇ  ਲੈਫਟੀਨੈਂਟ ਬਹਾਲ ਸਿੰਘ ਨੇ ਦੱਸਿਆ ਕਿ ਇੱਕ ਵਾਰ ਆਪ ਪਿੰਡ ਵਿਚ ਛੁੱਟੀ ਕੱਟਣ ਲਈ ਆਏ ਹੋਏ ਸਨ ਤੇ ਉਹਨਾਂ ਦਿਨਾਂ ਵਿਚ ਸ਼ਹੀਦ ਭਗਤ ਸਿੰਘ ਹੁਰੀਂ ਵੀ ਗੁਪਤਵਾਸ ਰਹਿ ਰਹੇ ਸਨ ਤੇ ਉਹ ਪਿੰਡ ਬਿਲਾਸਪੁਰ ਵਿਚ ਕਿਸੇ ਰੈਲੀ ਨੂੰ ਸੰਬੋਧਨ ਕਰਨ ਲਈ ਪ੍ਰੇਮਸਰ ਗੁਰਦਵਾਰਾ ਸਾਹਿਬ ਦੇ ਕੋਲ ਵੱਡੇ ਖੂਹ ਤੇ ਆਏ ਸਨ। ਕੈਪਟਨ ਅਮਰੀਕ ਸਿੰਘ ਆਈ.ਐਨ.ਏ. ਨੂੰ ਇਸ ਬਾਰੇ ਪੱਤਾ ਲੱਗ ਗਿਆ ਤੇ ਆਪ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰ ਸੁਣਨ ਲਈ ਘਰਦਿਆ ਤੋ ਚੋਰੀ ਕੰਧ ਟੱਪ ਕੇ ਚੱਲੇ ਗਏ ਕਿਉਂਕਿ ਜੇ ਦੂਸਰੇ ਭਰਾਵਾ ਨੂੰ ਪਤਾ ਲੱਗ ਜਾਦਾ ਤਾਂ ਉਹਨਾਂ ਨੇ ਘੂਰਨਾ ਸੀ ਕਿ ਇੱਕ ਬਾਗੀ ਦੀ ਤਕਰੀਰ ਸੁਣਨ ਲਈ ਇੱਕ ਸਰਕਾਰੀ ਮੁਲਾਜ਼ਮ ਕਿਉਂ ਗਿਆ। ਜੇ ਸਰਕਾਰ ਦੇ ਕੰਨੀ ਇਸ ਦੀ ਭਿਣਕ ਪੈ ਗਈ ਤਾ ਕਿਆਮਤ ਆ ਜਾਵੇਗੀ ਇਸੇ ਇੱਕੋ ਤਕਰੀਰ ਨੇ ਕੈਪਟਨ ਅਮਰੀਕ ਸਿੰਘ ਆਈ.ਐਨ.ਏ.ਦੀ ਜਿੰਦਗੀ ਵਿਚ ਅਹਿਮ ਮੋੜ ਲਿਆਂਦਾ ਤੇ ਭਾਰਤ ਦੀ ਅਜਾਦੀ ਲਈ ਜੂਝਣ ਦਾ ਫੈਸਲਾ ਕਰ ਲਿਆ ਸੀ ।

ਇਹ ਗੱਲ ਤਾ ਸਾਹਮਣੇ ਆ ਜਾਂਦੀ ਹੈ ਕਿ ਉਸ ਸਮੇਂ ਰਾਜਨੀਤਿਕ ਗਤੀਵਿਧੀਆਂ ਵਿਚ ਨਰਮ ਤੇ ਗਰਮ ਸਿਆਸਤ ਚੱਲ ਰਹੀ ਸੀ।ਇੱਕ ਪਾਸੇ ਕਾਗਰਸ ਦੇ ਅੰਦੋਲਨ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਚੱਲ ਰਹੇ ਸਨ ਤੇ ਦੂਸਰੇ ਪਾਸੇ ਗਰਮ ਦਲੀਆਂ ਦੇ ਕ੍ਰਾਂਤੀ ਕਾਰੀ ਘੋਲ ਵੀ ਚੱਲ ਰਹੇ ਸਨ, ਕੈਪਟਨ ਅਮਰੀਕ ਸਿੰਘ ਆਈ.ਐਨ.ਏ. ਨੇ ਗਰਮ ਦਲੀਆਂ ਨੂੰ ਹੀ ਚੁਣਿਆ ਸੀ।

            
 ਇਹਨਾਂ ਦਿਨਾਂ ਵਿਚ ਨੇਤਾ ਜੀ ਸੁਭਾਸ਼ ਚੰਦਰ ਨੂੰ 1940 ਦੇ ਜਰਨਲ ਇਜਲਾਸ ਵਿਚ ਜਵਾਹਰ ਲਾਲ ਨਹਿਰੂ ਨੂੰ ਹਰਾ ਕੇ ਕਾਸਰਸ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਪਰ ਉਹ ਗਾਧੀ ਦੇ ਜ਼ੋਰ ਦੇਣ ਤੇ ਅਸਤੀਫਾ ਦੇ  ਕੇ ਕਾਗਰਸ ਵਿਚੋਂ ਬਾਹਰ ਹੋ ਗਏ ਸਨ।ਉਹਨਾਂ ਦੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਦਾ ਪਤਾ ਲੱਗਣ ਕਰਕੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਸੀ, ਉਸ ਸਮੇਂ ਹੀ ਜਰਨਲ ਮੋਹਨ ਸਿੰਘ ਨੇ ਸਿਘਾਪੁਰ ਦੇ ਵਿਚ ਅਜ਼ਾਦ ਹਿੰਦ ਫੌਜ ਬਣਾ ਲਈ ਸੀ ਤੇ ਕੈਪਟਨ ਅਮਰੀਕ ਸਿੰਘ ਆਈ.ਐਨ.ਏ. ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਪੂਰਾ ਮਨ ਬਣਾ ਲਿਆ ਸੀ। ਜਰਨਲ ਮੋਹਨ ਸਿੰਘ ਨੇ ਗ੍ਰਿਫਤਾਰੀ ਤੋਂ ਬਾਅਦ ਵਿਚ ਆਈ.ਐਨ.ਏ. ਨੂੰ ਭੰਗ ਕਰ ਦਿੱਤਾ ਸੀ। ਉਸ ਤੋਂ ਬਾਅਦ ਵਿਚ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਜਪਾਨੀਆਂ ਦੀ ਮਦਦ ਨਾਲ ਪੁਨਰਗਠਨ ਕਰਨ ਤੋਂ ਬਾਅਦ ਵਿਚ ਅੰਗਰੇਜ਼ੀ ਫੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਇੰਡੀਅਨ ਨੈਸਨਲ ਆਰਮੀ ਵਿਚ ਭਰਤੀ ਹੋ ਗਏ ਸਨ।ਜਿਸ ਨੂੰ ਕਿ ਜਪਾਨੀਆਂ ਦੀ ਮਦਦ ਨਾਲ ਦੂਜੀ ਵੱਡੀ ਸੰਸਾਰ ਜੰਗ ਵਿਚ ਜੂਝਣ ਲਈ ਭੇਜ ਦਿੱਤਾ ਸੀ।

                      

ਅਜ਼ਾਦ ਹਿੰਦ ਫੌਜ ਦੇ ਜਰਨਲ ਸਾਹ ਨਵਾਜ ਖਾਨ ਆਪਣੀ ਕਿਤਾਬ “ਮਾਈ ਮੈਮਰੀ ਆਫ ਆਈ.ਐਨ.ਏ. ਤੇ ਉਸ ਦੇ ਨੇਤਾ ਜੀ”ਵਿਚ ਸਾਰੀ ਘਟਨਾ ਕਰਮ ਨੂੰ ਇਸ ਤਰ੍ਹਾਂ ਵਰਨਣ ਕਰਦੇ ਹਨ:
            

28 ਮਾਰਚ 1944 ਨੂੰ ਕੈਪਟਨ ਅਮਰੀਕ ਸਿੰਘ 2 ਨੰਬਰ ਬਟਾਲੀਅਨ ਦੀ ਪਰਵਾਨਾ ਕੰਪਨੀ ਨੂੰ ਲੈ ਕੇ ਹਾਕਾ ਤੇ ਫਲੇਮ ਇਲਾਕੇ ਵਿਚ ਪਹੁਚ ਗਏ ਸਨ।ਉਹਨਾਂ ਨੇ ਆਪਣੀਆ ਪਿੱਠਾਂ ਤੇ ਭਾਰੀ ਮਸੀਨਗੱਨਾਂ ਤੇ ਅਸਲਾ ਤੇ ਇੱਕ ਮਹੀਨੇ ਦਾ ਰਾਸਨ ਲੱਦਿਆ ਹੋਇਆ ਸੀ ਤੇ 30 ਮਾਰਚ ਨੂੰ ਪਰਵਾਨਾ ਕੰਪਨੀ ਨੇ ਫਲੇਮ ਤੋ 150 ਆਦਮੀਆਂ ਨਾਲ ਅੱਗੇ ਕੂਚ ਕੀਤਾ।ਅਸੀ 3 ਅਪਰੈਲ 1944 ਨੂੰ ਜਪਾਨੀਆਂ ਤੋਂ ਹਾਕਾ,ਫਲੇਮ,ਟਾਡੀਮ ਆਦਿ ਇਲਾਕੇ ਦੀ ਸਰੁੱਖਿਆ ਦਾ ਚਾਰਜ ਸੰਭਾਲ ਲਿਆ ਸੀ।

 
ਹਾਕਾ ਤੇ ਫਲੇਮ 2 ਪਹਾੜੀਆਂ ਹਨ ਜਿਨਾਂ ਦੀ  7000 ਫੁੱਟ ਦੇ ਨੇੜ ਉਚਾਈ ਹੈ। ਤੇ ਸਾਡੇ ਕੁਝ ਆਦਮੀ 8000 ਫੁੱਟ ਦੀ ਉਚਾਈ ਤੇ ਵੀ ਰਹਿਦੇ ਸਨ। ਹਾਕਾ ਮੋਰਚੇ ਤੇ ਦੁਸਮਣ ਫਲੇਮ ਨਾਲੋਂ ਬਹੁਤ ਹੀ ਚੁਸਤ ਸੀ। ਦੁਸ਼ਮਣ ਦੇ ਮੁੱਖ ਮੋਰਚੇ ਸੁਰਖੁਰਾ,ਯਕੂਨਾ,ਕਲੇਗ,ਸਪੂਮ ਵਿਚ ਸਨ। ਇਹਨਾਂ ਵਿਚ ਦੁਸ਼ਮਣ ਦੇ ਤਕਰੀਬਨ 7200 ਦੇ ਲੱਗਭੱਗ ਆਦਮੀ ਤਾਈਨਾਤ ਸਨ। ਪਰ ਆਈ. ਐਨ.ਏ. ਦੀ ਪਰਵਾਨਾ ਕੰਪਨੀ ਦੇ ਸਿਰਫ 150 ਗੁਰੀਲੇ ਹੀ ਸਨ।ਜਿਨਾਂ ਦੀ ਕਮਾਂਡ ਕੈਪਟਨ ਅਮਰੀਕ ਸਿੰਘ ਕਰ ਰਹੇ ਸਨ ਉਹਨਾਂ ਨੇ ਆਪਣੇ ਬਚਾਓ ਕਰਨ ਦੇ ਨਾਲ ਦੁਸ਼ਮਣ ਤੇ ਹਮਲਾ ਕਰਨ ਦੀ ਤਜਵੀਜ ਨੂੰ ਵੀ ਦੱਸਿਆ ਕਿ ਕਿਵੇਂ ਆਪਾ ਹਾਕਾ ਦਾ ਮੋਰਚਾ ਦੁਸ਼ਮਣ ਤੋਂ  ਖੋਹ ਸਕਦੇ ਹਾਂ ਤੇ ਬ੍ਰਿਟਿਸ ਦੁਸਮਣਾਂ ਤੇ ਲਗਾਤਾਰ ਹਮਲੇ ਕਰਕੇ ਆਪਣਾ ਬਚਾਉ ਵੀ ਕਰ ਸਕਦੇ ਹਾ।ਇਸ ਯੋਜਨਾ ਨੇ ਬਹੁਤ ਹੀ ਵਧੀਆਂ ਰੰਗ ਦਿਖਾਇਆ ਤੇ ਮੈਂ ਉਸ ਸਮੇ ਦੀ ਲੀਡਰਸ਼ਿੱਪ ਜੋ ਕਿ ਮੇਜਰ ਮਹਿਬੂਬ ਅਹਿਮਦ,ਮੇਜਰ ਰਣ ਸਿੰਘ, ਕੈਪਟਨ ਅਮਰੀਕ ਸਿੰਘ ਕਰ ਰਹੇ ਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ,ਇਹਨਾਂ ਸਾਰਿਆਂ ਨੇ ਹੀ ਦੁਸ਼ਮਣ ਦੀ ਗਸਤ ਦੇ ਕਠਿਨ ਕੰਮ ਦਾ ਜੁੱਮਾ ਵੀ ਆਪਣੇ ਸਿਰ ਲਿਆ।ਇਹ ਕੋਈ ਐਨਾ ਸੌਖਾ ਕੰਮ ਨਹੀ ਸੀ।
                      

14 ਅਪ੍ਰੈਲ ਨੂੰ ਆਈ.ਐਨ.ਏ. ਦੀ ਪੋਸਟ ਕਲਿੰਗ-ਕਲਿੰਗ ਤੇ ਦੁਸਮਣ ਵੱਲੋਂ ਭਾਰੀ ਗੋਲੀ ਬਾਰੀ ਕੀਤੀ ਗਈ। ਕੈਪਟਨ ਅਮਰੀਕ ਸਿੰਘ ਨੇ ਦੁਸ਼ਮਣ ਦੀ ਭਾਲ ਵਿਚ ਤੱਕੜੀ ਗਸਤ ਸ਼ੁਰੂ ਕਰ ਦਿੱਤੀ।ਜੋ ਕਿ ਸਾਡੇ ਆਦਮੀਆਂ ਤੇ ਰੋਅਬ ਪਾਉਣਾ ਚਹੁੰਦੇ ਸਨ।ਸਾਡੇ ਆਦਮੀਆਂ ਦਾ ਗਸਤ ਵਾਲੀ ਟੁਕੜੀ ਨਾਲੋਂ ਰਾਬਤਾ ਟੁੱਟ ਗਿਆ ਸੀ।
                

 28 ਅਪਰੈਲ ਨੂੰ ਮੇਰੀ ਬੇਨਤੀ ਭਰੇ ਪੱਤਰ ਦਾ ਨੇਤਾ ਜੀ ਵੱਲੋਂ ਜਵਾਬ ਆ ਗਿਆ ਸੀ ਜਿਸ ਵਿਚ ਸਾਨੂੰ ਇੰਫਾਲ ਤੇ ਹਮਲਾ ਕਰਨ ਦੀ ਇਜਾਜਤ ਦੇ ਦਿੱਤੀ ਗਈ ਸੀ ਅਸੀ ਨੰਬਰ 1 ਬਟਾਲੀਅਨ ਦੇ ਅਜ਼ਾਦ ਬਰਗੇਡ ਤੇ ਗਾਧੀ ਬਰਗੇਡ ਨਾਲ ਇੰਫਾਲ ਦੇ ਮੋਰਚੇ ਤੇ ਹਮਲਾ ਬੋਲ ਦਿੱਤਾ।ਜਦ ਕਿ ਨੰ.1 ਸੁਭਾਸ਼ ਬਰਗੇਡ ਜਲਦੀ ਤੋਂ ਜਲਦੀ ਬਰਮਪੁਤਰਾ ਦਰਿਆਂ ਨੂੰ ਕੋਹੀਮਾ ਵਾਲੀ ਸਾਈਡ ਤੋ ਪਾਰ ਕਰਨ ਲਈ ਤਿਆਰ ਬਰ ਤਿਆਰ ਸੀ।

   
10ਮਈ 1944 ਨੂੰ ਸਾਨੂੰ ਕਮਾਂਡਰਾਂ ਨੁੰ ਵੱਖ ਵੱਖ ਥਾਵਾਂ ਤੋ ਅੰਗਰੇਜੀ ਫੌਜਾਂ ਤੇ ਤਾਕਤਬਰ ਹਮਲਾ ਕਲਿੰਗ-ਕਲਿੰਗ ਤੇ ਕਰਨ ਲਈ ਹੁਕਮ ਮਿਲ ਗਿਆ ਸੀ।ਅੰਗਰੇਜ਼ਾਂ ਦਾ ਹਾਕਾ ਤੇ 20 ਮੀਲ ਪੱਛਮ ਵੱਲ ਪੂਰਾ ਕਬਜ਼ਾ ਕੀਤਾ ਹੋਇਆ ਸੀ।ਹਮਲਾ ਕਰਨ ਤੋ ਬਾਅਦ ਵਿਚ 2 ਦਿਨਾਂ ਵਿਚ ਆਈ .ਐਨ.ਏ ਨੇ 85 ਮੀਲ ਦਾ ਏਰੀਆ ਆਪਣੇ ਕਬਜ਼ੇ ਵਿਚ ਕਰ ਲਿਆ ਸੀ 14 ਮਈ ਨੂੰ ਜਰਨਲ ਸਾਹ ਨਵਾਯ ਖਾਨ ਨੇ ਹੁਕਮ ਦਿੱਤਾ ਸੀ ਕਿ ਕਲਿੰਗ-ਕਲਿੰਗ ਦੀ ਪੋਸਟ ਮੇਜਰ ਮਹਿਬੂਬ ਦੇ ਹੱਥੋ ਖੁਸਦੀ ਜਾ ਰਹੀ ਹੈ,ਮੁੱਖ ਪਾਰਟੀ ਨੇ 14 ਮਈ ਦੀ ਸਾਮ ਨੂੰ ਹਾਕਾ ਛੱਡ ਕੇ ਅੱਗੇ ਕੂਚ ਕਰ ਦਿੱਤਾ ਸੀ।ਇਹ ਅੰਗਰੇਜ਼ਾਂ ਦੀ ਪਹਿਲੀ ਪੋਸਟ ਸੀ, ਜਿਸ ਤੇ ਕਬਜ਼ਾ ਕਰ ਲਿਆ ਸੀ,15 ਮਈ ਦੀ ਸਵੇਰ ਨੂੰ 4.00 ਵਜੇ ਅੰਗਰੇਜ਼ਾਂ ਦੀ ਸਭ ਤੋਂ ਮਜ਼ਬੂਤ ਪੋਸਟ ਦੇ ਮੁੱਢ ਵਿਚ ਪੁੱਜ ਗਏ ਸਨ।ਹਾਲਾਤ ਬਹੁਤ ਹੀ ਖਤਰਨਾਕ ਸਨ,ਜਦ ਕਿ ਮੇਜਰ ਮਹਿਬੂਬ ਅਹਿਮਦ ਨੇ ਅਗਲੇ ਪਾਸੇ ਤੋ ਸਿੱਧੇ ਮੱਥੇ ਤੇ ਹਮਲਾ ਕਰਨ ਦੀ ਤਿਆਰੀ ਕੀਤੀ।ਜਦ ਕਿ ਕੈਪਟਨ ਅਮਰੀਕ ਸਿੰਘ ਆਈ.ਐਨ.ਏ. ਸਰਦਾਰੇ-ਏ-ਜੰਗ ਨੇ 8-10 ਆਦਮੀਆਂ ਨਾਲ ਖੜਮੀ ਪਹਾੜੀ ਦੇ ਪਿਛਲੇ ਪਾਸੇ ਤੋਂ ਹਮਲੇ ਦੀ ਚੜਾਈ ਸ਼ੁਰੂ ਕਰ ਦਿੱਤੀ।

 

ਇਹ ਰਾਤ ਦਾ ਪਹਿਲਾ ਪਹਿਰ ਹੀ ਸੀ।ਜਦੋ ਕਿ ਇਸ ਪਾਸੇ ਤੋ ਚੜਾਈ ਦਾ ਬਹੁਤ ਹੀ ਖਤਰਨਾਕ ਕੰਮ ਸੀ।ਕਿਉਂਕਿ ਜੇ ਥੋੜਾ ਜਿਹਾ ਵੀ ਪੈਰ ਤਿਲਕ ਜਾਦਾ ਤਾ ਸਿੱਧਾ ਮੌਤ ਦੇ ਮੂੰਹ ਵਿਚ ਜਾ ਸਕਦੇ ਸਨ, ਜੋ ਕਿ ਹੇਠਾਂ ਸੈਕੜੇ ਫੁੱਟ ਡੂੰਘੀ ਖਾਈ ਸੀ।ਕੁਦਰਤੀ ਅੰਗਰੇਜ਼ੀ ਫੌਜ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਸੀ,ਕਿਉਂਕਿ ਕੋਈ ਸੋਚ ਵੀ ਨਹੀ ਸਕਦਾ ਸੀ ਇਸ ਪਾਸੇ ਵੱਲੋ ਵੀ ਹਮਲਾ ਹੋ ਸਕਦਾ ਹੈ।ਅਖੀਰ ਵਿਚ ਬਿਨਾ ਤਿਲਕੇ ਲੰਮੇ ਸੰਘਰਸ ਤੋ ਬਾਅਦ ਵਿਚ ਆਪਣੇ ਮਿਸਨ ਵਿਚ ਕਾਮਯਾਬ ਹੋ ਗਏ ਉੱਥੇ ਪਹੁੰਚ ਗਏ ਜਿੱਥੇ ਦੁਸ਼ਮਨ ਦੇ ਆਦਮੀ ਪਹਿਰਾ ਦੇ ਰਹੇ ਸਨ। ਜਦੋ ਹੀ ਦਸੁਮਨ ਦੇ ਆਦਮੀਆਂ ਨੇ ਇਹਨਾਂ ਨੂੰ ਦੇਖਿਆ ਤਾ ਉਹਨਾਂ ਨੇ ਫਾਇਰ ਖੋਲ ਦਿੱਤੇ।ਇਸ ਤੇ ਇੱਕ ਆਦਮੀ ਨੇ ਮਸ਼ੀਨਗੰਨ ਨਾਲ ਜਵਾਬੀ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ।

                               

ਇਹ ਜਵਾਬੀ ਗੋਲੀਬਾਰੀ ਇਤਨੀ ਜਬਰਦਸਤ ਸੀ ਕਿ ਦੁਸਮਣ ਦੀਆਂ ਗੱਨਾਂ ਸਦਾ ਦੇ ਲਈ ਚੁੱਪ ਕਰ ਗਈਆਂ,ਜਿਸ ਨਾਲ ਕੈਪਟਨ ਅਮਰੀਕ ਸਿੰਘ ਦੀ ਪਾਰਟੀ ਲਈ ਅੱਗੇ ਵਧਣ ਲਈ ਰਸਤਾ ਸਾਫ ਹੋ ਗਿਆ ਸੀ।ਇਹ ਕੋਈ ਬਹੁਤੀ ਦੂਰ ਅੱਗੇ ਨਹੀਂ ਸੀ ਵੱਧੇ ਕਿ ਦੁਸ਼ਮਣ ਦੇ ਸਭ ਤੋਂ ਸ਼ਕਤੀਸਾਲੀ ਮੋਰਚੇ ਤੋਂ ਜਿਸ ਤੇ ਸ਼ਕਤੀਸਾਲੀ ਮਸੀਨਗੰਨ ਤੇ ਰਾਈਫਲਾਂ ਨਾਲ ਤਾਈਨਾਤ ਸਨ ਨੇ ਸਾਡੇ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੈਪਟਨ ਅਮਰੀਕ ਸਿੰਘ ਨੇ ਆਪਣੇ ਦੋਹਾਂ ਹੱਥਾਂ ਵਿਚ ਹੱਥਗੋਲੇ ਫੜ ਕੇ,ਭਾਰਤ ਮਾਤਾ ਪ੍ਰਤੀ ਆਪਣੇ ਫਰਜ਼ ਦਾ ਮੁਜ਼ਾਹਰਾ ਕਰਦਿਆਂ ਵਰਦੀਆਂ ਗੋਲੀਆਂ ਵਿਚ ਦੀ ਦੁਸ਼ਮਣ ਵੱਲ ਭੱਜ ਕੇ ਜਾਂਦਿਆਂ ਅਕਾਸ ਗੰਜਾਊ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਨਾਲ ਦੁਸਮਣ ਦੇ ਮੋਰਚੇ ਵਿਚ ਜਾ ਵੜੇ ਤੇ ਦੋਵੇਂ ਹੱਥ ਗੋਲਿਆਂ ਦੀਆਂ ਸੇਫਟੀ ਪਿੰਨਾਂ ਖਿੱਚ ਦਿੱਤੀਆਂ ਤੇ ਭਾਰਤ ਮਾਤਾ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਣ ਲਈ ਆਪ ਭਾਵੇ ਛੱਲਣੀ-ਛੱਲਣੀ ਹੋ ਗਏ ਤੇ ਦੁਸਮਣ ਦੇ ਸਭ ਤੋਂ ਸ਼ਕਤੀਸਾਲੀ ਮੋਰਚੇ ਦਾ ਭੋਗ ਪਾ ਦਿੱਤਾ ਆਪਣੀ ਸਹਾਦਤ ਨਾਲ ਭਾਰਤ ਮਾਤਾ ਦੀ ਗੋਦ ਵਿਚ ਸਮਾ ਗਏ ਭਾਰਤ ਮਾਤਾ ਦੀ ਧਰਤੀ ਤੇ ਆਪਣਾ ਖੂਨ ਵਹਾ ਕੇ ਅਜ਼ਾਦੀ ਦੀ ਬੇਦੀ  ਤੇ ਆਪਣੇ ਖੂਨ ਦੀ ਆਹੂਤੀ ਪਾ ਦਿੱਤੀ ਸੀ। ਕਿ ਕੋਈ ਮੇਰੀ ਭਾਰਤ ਮਾਂ ਨੂੰ ਹੁਣ ਬਹੁਤੀ ਦੇਰ ਗੁਲਾਮ ਨਹੀ ਰੱਖ ਸਕੇਗਾ,ਇਸ ਮੋਰਚੇ ਦੇ ਢਹਿ ਢੇਰੀ ਹੋਣ ਤੋ ਬਾਅਦ ਵਿਚ ਬਾਕੀ ਦੇ ਜਵਾਨਾਂ ਨੇ ਵੀ ਦੁਸ਼ਮਣ ਦੇ ਕੈਪਾਂ ਤੇ ਹਮਲਾ ਬੋਲ ਕੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੀ।

 ਇੱਕ ਇੱਕ ਇੰਚ ਜ਼ਮੀਨ ਲਈ ਖੂਨ ਡੋਲਵੀ ਲੜਾਈ ਹੋਈ ਤੇ ਆਈ.ਐਨ.ਏ ਦੇ ਸਿਪਾਹੀਆਂ ਦਾ ਹਮਲਾ ਇੰਨਾ ਜ਼ਬਰਦਸਤ ਸੀ ਕਿ  ਦੁਸਮਣ ਦੇ ਦੰਦ ਖੱਟੇ ਕਰ ਦਿੱਤੇ ਤੇ ਉਸ ਦੇ ਸਿਪਾਹੀ ਡਰਦੇ ਹੋਏ ਪਹਾੜੀ ਦੇ ਵਿਚਦੀ   ਭੱਜਦੇ ਹੋਏ ਨਜ਼ਰ ਆਏ। 15 ਮਈ 1944 ਦੀ ਸਵੇਰ ਦਾ ਸੂਰਜ ਇੱਕ ਸੂਹੀ ਸਵੇਰ ਦਾ ਸੁਨੇਹਾ ਲੈ ਕੇ ਆਇਆ ਸੀ, ਜਿਵੇਂ ਜਿਵੇਂ ਸੂਰਜ ਉਪਰ ਨੂੰ ਆ ਰਿਹਾ ਸੀ ਤਾ ਪਤਾ ਲੱਗਦਾ ਸੀ ਕਿ ਸਾਰੀ ਧਰਤੀ ਹੀ ਸਹੀਦਾ ਦੇ ਖੂਨ ਨਾਲ ਲੱਥਪੱਥ ਹੋਈ ਪਈ ਸੀ ਇਸ ਹਾਕਾ ਸਹਿਰ ਦੇ ਲੋਕ ਜੋ ਕਿ ਕੱਲ ਤੱਕ ਗੁਲਾਮੀ ਦੇ ਬੱਦਲਾਂ ਥੱਲੇ ਦੱਬੇ ਪਏ ਸਨ ਲਈ ਅੱਜ ਇਕ ਨਵੀ ਸਵੇਰ ਨਵੀਂ ਆਸ ਦੀ ਕਿਰਨ ਲੈ ਕੇ ਇਸ ਇਲਾਕੇ ਵਿਚ ਅਜ਼ਾਦੀ ਦੀ ਸੂਹੀ ਸਵੇਰ ਨਾਲ ਸ਼ੁਰੂਆਤ ਹੋਈ ਸੀ ਇਹਨਾਂ ਅਜ਼ਾਦੀ ਦੇ ਪ੍ਰਵਾਨਿਆ ਨੂੰ ਉਹਨਾਂ ਦੇ ਸਹੀਦੀ ਦਿਨ ਤੇ ਲਾਲ ਸਲਾਮ ਕਰਦੇ ਹਾਂ ਜਿਨਾਂ ਨੇ ਇਤਹਾਸ ਦੇ ਪੰਨਿਆ ’ਤੇ ਨਵੇਂ ਦਸਤਖਤ ਕੀਤੇ ਸਨ।

Comments

ਬਹੁਤ ਹੀ ਜਾਨਕਾਰੀ ਭਰਪੂਰ ਲੇਖ ਹੈ.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ