Fri, 06 December 2024
Your Visitor Number :-   7277475
SuhisaverSuhisaver Suhisaver

ਸ਼੍ਰੀਮਾਨ ਮੋਦੀ ਜੀ, ਤੁਹਾਨੁੰ ਜੋ ਦੁੱਖ ਦਾ ਅਫਸੋਸ ਹੈ, ਪਰ ਤੁਹਾਨੂੰ ਦਿਆਲੂ ਹੋਣ ਦੀ ਵੀ ਲੋੜ ਹੈ

Posted on:- 31-12-2022

suhisaver

ਸ੍ਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ,
ਭਾਰਤ।

ਪਿਆਰੇ ਜਨਾਬ, ਕਿਰਪਾ ਕਰਕੇ ਆਪਣੀ ਮਾਂ ਦੇ ਦੇਹਾਂਤ ਉੱਪਰ ਮੇਰੇ ਵੱਲੋਂ ਪ੍ਰਗਟਾਈ ਸੰਵੇਦਨਾ ਨੂੰ ਸਵੀਕਾਰ ਕਰੋ। 2017 ਵਿੱਚ ਮੇਰੇ ਆਪਣੇ ਪਿਤਾ ਜੀ ਸਦਾ ਲਈ ਵਿੱਛੜ ਗਏ ਸਨ ਅਤੇ ਪੰਜ ਸਾਲ ਬਾਅਦ ਵੀ ਉਨ੍ਹਾਂ ਦੀ ਮੌਤ ਚੇਤੇ ਕਰਦੇ ਅਕਸਰ ਹੀ ਮੈਂ ਬੇਹੱਦ ਉਦਾਸ ਮਹਿਸੂਸ ਕਰਦਾ ਹਾਂ। ਇਸ ਲਈ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਹਾਂ। ਇਹ ਤੁਹਾਡੇ ਲਈ ਔਖਾ ਸਮਾਂ ਹੋਵੇਗਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਠੀਕ ਹੋ ਜਾਓਗੇ। ਇਹ ਦੇਖ ਕੇ ਚੰਗਾ ਲੱਗਾ ਕਿ ਭਾਰਤ ਦੇ ਵਿਰੋਧੀ ਨੇਤਾਵਾਂ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਨੇਤਾ ਵੀ ਸ਼ਾਮਲ ਹਨ, ਨੇ ਕਿਵੇਂ ਤੁਹਾਡੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਕਾਂਗਰਸ ਦੇ ਰਾਹੁਲ ਗਾਂਧੀ, ਜਿਸ ਦਾ ਤੁਸੀਂ ਅਤੇ ਤੁਹਾਡੇ ਹਮਾਇਤੀ ਅਕਸਰ ਮਜ਼ਾਕ ਉਡਾਉਂਦੇ ਰਹਿੰਦੇ ਹੋ, ਨੇ ਟਵਿੱਟਰ 'ਤੇ ਵਿਛੜੀ ਰੂਹ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਮੈਂ ਜਿਨ੍ਹਾਂ ਲੋਕਾਂ ਨੂੰ ਫਾਲੋ ਕਰਦਾ ਹਾਂ ਉਨ੍ਹਾਂ ‘ਚੋਂ ਕਈ ਪ੍ਰਮੁੱਖ ਧਰਮ ਨਿਰਪੱਖ ਅਤੇ ਉਦਾਰਵਾਦੀਆਂ ਨੇ ਵੀ ਅਜਿਹਾ ਹੀ ਕੀਤਾ ਹੈ। ਆਮ ਤੌਰ 'ਤੇ, ਉਹ ਤੁਹਾਡੇ ਸੱਜੇ ਪੱਖੀ ਅਤੇ ਫਿਰਕੂ ਰਾਜਨੀਤੀ ਦੇ ਵਿਰੁੱਧ ਬਹੁਤ ਆਵਾਜ਼ ਉਠਾਉਂਦੇ ਹਨ। ਅਜਿਹਾ ਲੱਗਦਾ ਹੈ ਕਿ ਭਾਰਤ ਵਿਚ ਵਿਰੋਧੀ ਧਿਰ ਬਹੁਤ ਦਿਆਲੂ ਹੈ। ਇਸਦੇ ਲਈ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਹਾਲਾਂਕਿ, ਮੈਂ ਕੋਈ ਡਿਪਲੋਮੈਟ ਜਾਂ ਸਿਆਸਤਦਾਨ ਨਹੀਂ ਹਾਂ।

ਮੈਂ ਇੱਕ ਸਾਫ਼ ਦਿਲ ਇਨਸਾਨ ਹਾਂ ਅਤੇ ਇਸ ਪਲ ਮੈਂ ਤੁਹਾਨੂੰ ਉਹ ਕਹਿਣਾ ਚਾਹਾਂਗਾ ਜੋ ਤੁਹਾਨੂੰ ਕਹਿਣ ਦੀ ਜ਼ਰੂਰਤ ਹੈ। ਤੁਹਾਡੇ ਰਾਜਨੀਤਿਕ ਵਿਰੋਧੀਆਂ ਨੇ ਵਿਚਾਰਧਾਰਕ ਮੱਤਭੇਦਾਂ ਤੋਂ ਉੱਪਰ ਉੱਠ ਕੇ ਕਿਵੇਂ ਆਪਣੀਆਂ ਸੰਵੇਦਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ, ਉਸ ਦੀ ਰੋਸ਼ਨੀ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਤੁਹਾਡੀ ਬੇਕਿਰਕ ਸਰਕਾਰ ਵੀ ਹਮਦਰਦ ਬਣਕੇ ਦਿਖਾਏ। ਯਾਦ ਕਰੋ ਕਿਵੇਂ ਤੁਹਾਡੀ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਦੇ ਅਪਾਹਜ ਪ੍ਰੋਫੈਸਰ ਜੀਐਨ ਸਾਈਬਾਬਾ ਨੂੰ ਉਦੋਂ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਦੋਂ ਉਸ ਦੇ ਮਾਤਾ ਜੀ ਮਰਨ ਕਿਨਾਰੇ ਸਨ ਅਤੇ ਆਪਣੇ ਪੁੱਤਰ ਦਾ ਮੂੰਹ ਦੇਖਣ ਲਈ ਤਰਸ ਰਹੇ ਸਨ।


ਵ੍ਹੀਲਚੇਅਰ  ਦੇ ਮੁਥਾਜ ਸਾਈਬਾਬਾ, ਜੋ ਕਿ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ, ਨੂੰ ਸਿਰਫ਼ ਸੱਤਾ 'ਤੇ ਸਵਾਲ ਉਠਾਉਣ ਅਤੇ ਗਰੀਬਾਂ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਣ ਬਦਲੇ ਅਣਮਨੁੱਖੀ ਹਾਲਤਾਂ ਵਿਚ ਜੇਲ੍ਹ ਵਿਚ ਸਾੜਨਾ ਜਾਰੀ ਹੈ। ਇਸ ਦੀ ਬਜਾਏ, ਤੁਹਾਡੀ ਸਰਕਾਰ ਉਨ੍ਹਾਂ ਸ਼ਖ਼ਸਾਂ ਨੂੰ ਆਜ਼ਾਦੀ ਦੇ ਕੇ ਖੁਸ਼ ਸੀ ਜਿਨ੍ਹਾਂ ਨੇ 2002 ਵਿੱਚ, ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਸੀ, ਇੱਕ ਮੁਸਲਿਮ ਔਰਤ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ, ਜਦੋਂ ਕਿ ਇਕ ਐਸੇ ਵਿਦਵਾਨ ਲਈ ਤੁਸੀਂ ਕਦੇ ਵੀ ਕੋਈ ਹਮਦਰਦੀ ਨਹੀਂ ਦਿਖਾਈ ਜਿਸ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।

ਤੁਸੀਂ ਖੁਸ਼ਕਿਸਮਤ ਹੋ ਕਿ ਜਦੋਂ ਪਾਕਿਸਤਾਨ ਦੇ ਇੱਕ ਨੇਤਾ ਨੇ ਤੁਹਾਨੂੰ "ਗੁਜਰਾਤ ਦਾ ਕਸਾਈ" ਕਿਹਾ ਉਦੋਂ ਵੀ ਤੁਹਾਡੀ ਕਮਜ਼ੋਰ ਜਹੀ ਵਿਰੋਧੀ ਧਿਰ ਤੁਹਾਡੇ ਹੱਕ ਵਿਚ ਖੜ੍ਹੀ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਉਸ ਸਮੇਂ ਦੀ ਕਾਂਗਰਸ ਦੀ ਆਗੂ, ਸੋਨੀਆ ਗਾਂਧੀ ਨੇ ਵੀ ਤੁਹਾਨੂੰ "ਮੌਤ ਦਾ ਵਣਜਾਰਾ" ਕਿਹਾ ਸੀ। ਸਪੱਸ਼ਟ ਤੌਰ 'ਤੇ ਜਦੋਂ ਕੋਈ ਗੁਆਂਢੀ ਤੁਹਾਡੇ ਵੱਲ ਉਂਗਲ ਉਠਾਉਂਦਾ ਹੈ ਤਾਂ ਸਾਰੇ ਭਾਰਤੀ ਆਗੂ ਅਖੌਤੀ ਰਾਸ਼ਟਰੀ ਹਿੱਤਾਂ ਦੇ ਨਾਂ 'ਤੇ ਇਕਜੁੱਟ ਹੋ ਜਾਂਦੇ ਹਨ। ਇਹ ਪਾਖੰਡ ਤੋਂ ਇਲਾਵਾ ਕੁਝ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਮੇਰੇ ਕਹੇ ਸ਼ਬਦਾਂ ਕਾਰਨ ਗੁੱਸੇ ਜਾਂ ਨਾਰਾਜ਼ ਹੋਵੋ, ਮੈਂ ਤੁਹਾਨੂੰ ਯਾਦ ਕਰਾਵਾਂਗਾ ਕਿ ਤੁਸੀਂ ਹਾਲ ਹੀ ਵਿੱਚ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਬਾਰੇ ਕੀ ਟਵੀਟ ਕੀਤਾ ਸੀ। ਤੁਸੀਂ ਕਿਹਾ, "ਉਨ੍ਹਾਂ ਦੀ ਬੇਮਿਸਾਲ ਹਿੰਮਤ ਆਉਣ ਵਾਲੇ ਸਾਲਾਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ"।

ਦਰਅਸਲ, ਮੈਂ ਇਹ ਤੁਹਾਨੂੰ ਗੁਰੂ ਜੀ ਵੱਲੋਂ ਜ਼ਾਲਮ ਔਰੰਗਜ਼ੇਬ ਨੂੰ ਲਿਖੀ ਇਤਿਹਾਸਕ ਚਿੱਠੀ ਤੋਂ ਪ੍ਰੇਰਿਤ ਹੋ ਕੇ ਲਿਖ ਰਿਹਾ ਹਾਂ। ਜੇਕਰ ਤੁਹਾਨੂੰ ਕੋਈ ਸ਼ੰਕਾ ਹੈ, ਤਾਂ ਜ਼ਫਰਨਾਮਾ ਪੜ੍ਹ ਲੈਣਾ, ਜੋ ਤੁਹਾਡੇ ਜਾਬਰ ਰਾਜ ਦੇ ਅਧੀਨ ਅੱਜ ਹੋਰ ਵੀ ਪ੍ਰਸੰਗਿਕ ਹੋ ਗਿਆ ਹੈ, ਜਿੱਥੇ ਘੱਟ ਗਿਣਤੀਆਂ ਅਤੇ ਸਿਆਸੀ ਅਸਹਿਮਤੀ ਰੱਖਣ ਵਾਲਿਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਹੋਰ ਸਾਰੇ ਹੀਲੇ ਮੁੱਕ ਜਾਂਦੇ ਹਨ ਤਾਂ ਵਹਿਸ਼ਤ ਦਾ ਵਿਰੋਧ ਕਰਨ ਲਈ ਤਲਵਾਰ ਉਠਾਉਣੀ ਜਾਇਜ਼ ਹੈ। ਆਪਣੇ ਕਾਰਿਆਂ ਨਾਲ ਤੁਸੀਂ ਲੋਕਾਂ ਨੂੰ ਹਥਿਆਰ ਚੁੱਕਣ ਲਈ ਉਕਸਾ ਰਹੇ ਹੋ। ਜ਼ਫ਼ਰਨਾਮਾ ਜਿੰਨਾ ਔਰੰਗਜ਼ੇਬ ਉੱਤੇ ਲਾਗੂ ਹੁੰਦਾ ਹੈ ਉਨਾ ਤੁਹਾਡੇ ਉੱਤੇ ਵੀ ਲਾਗੂ ਹੁੰਦਾ ਹੈ । ਆਪਣਾ ਖਿ਼ਆਲ ਰੱਖੋ ਅਤੇ ਦਿਆਲੂ ਬਣੋ।

-ਗੁਰਪ੍ਰੀਤ ਸਿੰਘ,
ਸੁਤੰਤਰ ਪੱਤਰਕਾਰ ਕੈਨੇਡਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ