Mon, 14 October 2024
Your Visitor Number :-   7232444
SuhisaverSuhisaver Suhisaver

ਸਰਕਾਰੀ ਅਤੇ ਗ਼ੈਰ-ਸਰਕਾਰੀ ਜ਼ਬਰ ਦੀ ਇੱਕ ਘਟਨਾ - ਗੁਰਮੀਤ ਸਿੰਘ ਬੱਖਤਪੁਰ

Posted on:- 31-01-2012

suhisaver

ਹੱਡ-ਬੀਤੀ :

ਮੈਂ ਇੱਕ ਗ਼ੈਰ-ਸਿਆਸੀ ਅਤੇ ਸਧਾਰਨ ਕਿਸਾਨੀ ਪਰਿਵਾਰ ਵਿੱਚ ਪੈਦਾ ਹੋਇਆ। ਮੇਰਾ ਪਿਤਾ ਵੂਲਨ ਮਿੱਲ ਧਾਰੀਵਾਲ ਦਾ ਮਜ਼ਦੂਰ ਸੀ। ਸੰਨ 1976-77 ਵਿੱਚ ਕਾਲਜ ਪੜਦਿਆਂ ਮੇਰੇ ਜੀਵਨ ਵਿੱਚ ਵਾਪਰੀ ਇੱਕ ਸਮਾਜਿਕ ਘਟਨਾ ਨੇ ਮੇਰੇ ਵਿਚਾਰਾਂ ਨੂੰ ਬੁਨਿਆਦੀ ਤੌਰ ਤੇ ਪਲਟ ਦਿੱਤਾ। ਮੈਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਵਿਦਿਆਰਥੀਆਂ ਨੂੰ ਜੱਥੇਬੰਦ ਕਰਨ ਲਈ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਜ਼ੋਰ-ਸ਼ੋਰ ਨਾਲ ਕੁੱਦ ਪਿਆ।

ਕੁਝ ਸਾਲਾਂ ਬਾਅਦ ਮੈਂ ਨੌਜਵਾਨਾਂ ਅਤੇ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਦੀ ਜ਼ਿੰਮੇਵਾਰੀ ਠਾਣੀ। ਮੇਰੇ ਇਸ ਛੋਟੇ ਜਿਹੇ ਰਾਜਸੀ ਜੀਵਨ ਵਿੱਚ ਕਈ ਨਿੱਕੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਜਿਨਾਂ ਵਿੱਚੋਂ ਮੈਂ ਇੱਥੇ ਇੱਕ ਘਟਨਾ ਦਾ ਵੇਰਵਾ ਸਾਂਝਾ ਕਰ ਰਿਹਾ ਹਾਂ। ਸੰਨ 1981 ਵਿੱਚ ਮੇਰਾ ਰਾਬਤਾ ਨੌਜਵਾਨ ਸੁਖਰਾਜ ਸਿੰਘ ਨਾਲ ਹੋਇਆ ਜਿਸਦਾ ਪਿੰਡ ਖਦਰ ਮੇਰੇ ਇਲਾਕੇ ਵਿੱਚ ਹੀ ਸੀ। ਇਹ ਨੌਜਵਾਨ ਬੇਸ਼ੱਕ ਕੁੱਝ ਅਰਾਜਕਤਾਵਾਦੀ ਸੀ ਪਰ ਬਹੁਤ ਹੀ ਖਾੜਕੂ ਅਤੇ ਦਲੇਰ ਸੀ ਅਤੇ ਅਕਸਰ ਕਾਲਜਾਂ ਵਿੱਚ ਆਪਣੀ ਸਰਦਾਰੀ ਮਨਵਾਉਣ  ਲਈ ਬਣੇ ਵਿਦਿਆਰਥੀ ਧੜਿਆਂ ਦੀਆਂ ਆਪਸੀ ਲੜਾਈਆਂ ਵਿੱਚ ਮੋਹਰੀ ਹੋ ਕੇ ਵਿਚਰਦਾ ਸੀ। ਉਸਨੇ ਮੇਰੇ ਤਾਲਮੇਲ ਵਿੱਚ ਆਉਣ ਤੋਂ ਬਾਅਦ ਬਹੁਤ ਛੇਤੀ ਰਾਜਨੀਤਕ ਮੋੜਾ ਕੱਟਿਆ ਅਤੇ ਮੇਰੇ ਨਾਲ ਮਿਲ ਕੇ ਜਨਤਕ ਜੱਥੇਬੰਦੀਆਂ ਵਿੱਚ ਕੰਮ ਕਰਨ ਲੱਗਾ ਪਰ ਦੋ ਕੁ ਸਾਲ ਬਾਅਦ ਹੀ ਉਹ ਆਪਣੇ ਸੁਭਾਅ ਮੁਤਾਬਕ ਮੇਰੇ ਤੋਂ ਵੱਖ ਹੋ ਕੇ ਕੰਮ ਕਰਨ ਲੱਗਾ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਅੱਤਵਾਦ ਜ਼ੋਰ ਫੜ ਰਿਹਾ ਸੀ। ਅੱਤਵਾਦੀ ਮਨਚਾਹੇ ਢੰਗਾਂ ਨਾਲ ਘਰਾਂ, ਕਚਹਿਰੀਆਂ, ਥਾਣਿਆਂ ਅਤੇ ਹਰ ਸੁਰੱਖਿਅਤ ਥਾਵਾਂ ਤੇ ਕਤਲ ਕਰਕੇ ਬਚ ਨਿਕਲਦੇ ਸਨ। ਸੁਖਰਾਜ ਖਦਰ ਨੇ ਮਹੀਨਾਵਾਰ ‘ਚੰਗਿਆੜੀ’ ਮੈਗਜ਼ੀਨ ਕੱਢਣਾ ਸ਼ੁਰੂ ਕਰ ਦਿੱਤਾ ਜਿਸਦੀਆਂ ਲਿਖਤਾਂ ਦੇ ਵੱਡੇ ਹਿੱਸੇ ਵਿੱਚ ਅੱਤਵਾਦੀਆਂ ਦੀਆਂ ਲੋਕ-ਵਿਰੋਧੀ ਕਾਰਵਾਈਆਂ ਦਾ ਤਿੱਖਾ ਵਿਰੋਧ ਦਰਜ ਕੀਤਾ ਜਾਂਦਾ। ਇਨ੍ਹਾਂ ਲਿਖਤਾਂ ਨੂੰ ਅਧਾਰ ਬਣਾ ਕੇ ਅੱਤਵਾਦੀਆਂ ਨੇ ਸੁਖਰਾਜ ਖਦਰ ਨੂੰ ਮਾਰ-ਮੁਕਾਉਣ ਦੀਆਂ ਧਮਕੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਸੁਖਰਾਜ ਨੇ 10 ਅਪ੍ਰੈਲ 1984 ਨੂੰ ਮੇਰੇ ਨਾਲ ਮੀਟਿੰਗ ਕਰਕੇ ਮਿਲਕੇ ਕੰਮ ਕਰਨ ਦਾ ਫੈਸਲਾ ਲਿਆ। ਅਸੀਂ 13 ਅਪ੍ਰੈਲ ਨੂੰ ਦੁਬਾਰਾ ਮਿਲਣਾ ਤੈਅ ਕਰਕੇ ਵੱਖ-ਵੱਖ ਚਲੇ ਗਏ।


ਭਾਵੇਂ ਅੱਤਵਾਦੀਆਂ ਦੀਆਂ ਧਮਕੀਆਂ ਤੋਂ ਬਾਅਦ ਸੁਖਰਾਜ ਕਾਫੀ ਚੌਕਸੀ ਵਰਤ ਕੇ ਚੱਲ ਰਿਹਾ ਸੀ ਪਰ 12 ਅਪ੍ਰੈਲ ਨੂੰ ਵਿਸਾਖੀ ਦੇ ਦਿਨ ਜਦੋਂ ਉਹ ਸ਼ਾਮੀ ਆਪਣੇ ਘਰ ਆਇਆ ਹੀ ਸੀ ਤਾਂ 2 ਅਣਪਛਾਤੇ ਵਿਅਕਤੀ ਉਸਦੇ ਘਰ ਪਹੁੰਚੇ ਜਿਨਾਂ ਉਸਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਇਜ਼ਹਾਰ ਕੀਤਾ। ਇਨਕਲਾਬ ਦੇ ਸ਼ੁਦਾਈ ਬਣ ਚੱੁਕੇ ਸੁਖਰਾਜ ਨੇ ਖੁਸ਼ ਹੁੰਦਿਆਂ ਉਨਾਂ ਨੂੰ ਰਾਤ ਠਹਿਰਣ ਦਾ ਨਿਉਤਾ ਦਿੱਤਾ। ਉਨਾਂ ਚਾਹ ਪੀਤੀ, ਖਾਣਾ ਖਾਧਾ ਤੇ ਜਦੋਂ ਸੁਖਰਾਜ ਬਿਸਤਰੇ ਤੇ ਲੇਟਿਆ ਹੋਇਆ ਉਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇੱਕ ਨੇ ਧੋਖੇ ਨਾਲ ਸੁਖਰਾਜ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਤੇ ਵੀ ਸੁਖਰਾਜ ਨੇ ਉਨਾਂ ਨਾਲ ਗੁੱਥਮ-ਗੁੱਥਾ ਹੋਣਾ ਸ਼ੁਰੂ ਕਰ ਦਿੱਤਾ। ਅੱਤਵਾਦੀ ਛੁੱਟ ਕੇ ਭੱਜ ਤੁਰੇ ਤੇ ਜਖਮੀ ਸੁਖਰਾਜ ਵੀ ਉਨਾਂ ਦੇ ਪਿੱਛੇ ਭੱਜਿਆ ਪਰ ਉਹ ਬਚ ਨਿਕਲੇ ਤੇ ਸੁਖਰਾਜ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਦਾ ਵਾਪਸ ਘਰ ਆ ਗਿਆ। ਖੂਨ ਕਾਫ਼ੀ ਨਿਕਲ ਚੁੱਕਾ ਸੀ ਤੇ ਉਸਨੂੰ ਨੇੜੇ ਦੇ ਹਸਪਤਾਲ ਕਲਾਨੌਰ ਲਿਜਾਇਆ ਗਿਆ ਪਰ ਕਲਾਨੌਰ ਦੇ ਡਾਕਟਰਾਂ ਗੁਰਦਾਸਪੁਰ ਅਤੇ ਗੁਰਦਾਸਪੁਰ ਦੇ ਡਾਕਟਰਾਂ ਨੇ ਅੰਮਿ੍ਰਤਸਰ ਭੇਜ ਦਿੱਤਾ ਜਿੱਥੇ 13 ਅਪ੍ਰੈਲ ਨੂੰ ਸੁਖਰਾਜ ਦੀ ਮੌਤ ਹੋ ਗਈ। ਜਾਣਕਾਰੀ ਵਿੱਚ ਆਇਆ ਕਿ ਸੁਖਰਾਜ ਦਾ ਇਲਾਜ ਕਰੇ ਰਹੇ ਡਾਕਟਰਾਂ ਨੂੰ ਅੱਤਵਾਦੀਆਂ ਨੇ ਫੋਨ ਤੇ ਸਾਫ਼ ਕਹਿ ਦਿੱਤਾ ਸੀ ਕਿ ਸੁਖਰਾਜ ਨੂੰ ਬਚਾਉਣ ਦਾ ਅਰਥ ਤੁਹਾਡੀ ਮੌਤ ਹੋਵੇਗਾ। ਕਮਿੳੂਨਿਸਟ ਅਤੇ ਪੱਤਰਕਾਰੀ ਹਲਕਿਆਂ ਚੋਂ ਸੁਖਰਾਜ ਦਾ ਅੱਤਵਾਦੀਆਂ ਦੁਆਰਾ ਕੀਤਾ ਪਹਿਲਾ ਕਤਲ ਸੀ। ਜਿਸ ਨਾਲ ਪੰਜਾਬ ਤੇ ਕਮਿੳੂਨਿਸਟ, ਪੱਤਰਕਾਰੀ ਅਤੇ ਹੋਰ ਰਾਜਨੀਤਕ ਹਲਕਿਆਂ ਵਿੱਚ ਹਲਚਲ ਮੱਚ ਗਈ। ਇਸ ਮੌਤੇ ਤੇ ਬੀ.ਬੀ.ਸੀ. ਲੰਡਨ ਨੇ ਲੰਮਾ ਤਬਸਰਾ ਕੀਤਾ। ਸੁਖਰਾਜ ਦੀ ਸ਼ਹਾਦਤ ਨੂੰ ਮੈਂ ਅੱਤਵਾਦੀਆਂ ਵੱਲੋਂ ਆਪਣੀਆਂ ਕਬਰਾਂ ਦੇ ਰਸਤੇ ਪੈ ਜਾਣ ਦੇ ਤੁਲ ਕਿਹਾ ਸੀ।

ਸੁਖਰਾਜ ਦੀ ਮਾਤਾ ਨੇ ਕਾਤਲਾਂ ਦੀ ਪਛਾਣ ਕਰਦਿਆਂ ਇੱਕ ਕਾਤਲ ਬੋੜਾ ਵਿਅਕਤੀ ਅਤੇ ਦੂਸਰੇ ਦੀ ਪਹਿਚਾਣ ਹੀਰਾ ਸਿੰਘ ਵਾਸੀ ਕਿਲਾ ਲਾਲ ਸਿੰਘ ਵਜੋਂ ਦੱਸੀ ਜੋ ਆਪਣੇ ਪਿਤਾ ਨੂੰ ਕਤਲ ਕਰਨ ਪਿੱਛੋਂ ਅੱਤਵਾਦੀਆਂ ਨਾਲ ਜਾ ਮਿਲਿਆ ਸੀ। ਇਸ ਘਟਨਾ ਤੋਂ ਬਾਅਦ ਮੈਂ ਵੀ ਕਾਫੀ ਚੌਕੰਨਾ ਹੋ ਗਿਆ ਸਾਂ ਤਾਂ ਇੱਕ ਦਿਨ ਗੁਰਦਾਸਪੁਰ ਦੀ ਕਚਹਿਰੀ ਵਿੱਚ ਮੇਰਾ ਜਾਣੂ ਅੱਤਵਾਦੀਆਂ ਦੇ ਇੱਕ ਸਰਗਨਾ 2 ਵਿਅਕਤੀਆਂ ਨੂੰ ਦੂਰੋਂ ਮੇਰੀ ਪਛਾਣ ਕਰਵਾ ਰਿਹਾ ਸੀ ਜਿਨਾਂ ਵਿੱਚ ਇੱਕ ਬੋੜਾ ਵਿਅਕਤੀ ਸੀ। ਮੈਂ ਸਾਰੇ ਮਾਜਰੇ ਨੂੰ ਸਮਝਦਿਆਂ ਕਚਹਿਰੀ ਵਿੱਚੋਂ ਇੱਕਦਮ ਖਿਸਕ ਗਿਆ। ਅੱਤਵਾਦੀਆਂ ਦੁਆਰਾ ਮੇਰਾ ਪਿੱਛਾ ਕੀਤੇ ਜਾਣ ਦੀ ਕਈ ਹੋਰ ਸੂਤਰਾਂ ਤੋਂ ਵੀ ਪੁਸ਼ਟੀ ਹੋ ਗਈ ਤਾਂ ਮੈਂ ਅਰਧ ਗੁਪਤਵਾਸ ਹੋ ਗਿਆ ਤੇ ਆਪਣੇ ਸਾਈਕਲ ਨੂੰ ਕੱਚੇ ਅਤੇ ਉਗੜੇ-ਦੁਗੜੇ ਰਾਹਾਂ ਤੇ ਚਲਾਉਣ ਲੱਗ ਪਿਆ। ਘਰ ਮੈਂ ਪਹਿਲਾਂ ਹੀ ਕਦੇ ਨਹੀਂ ਸਾਂ ਗਿਆ।

ਜੂਨ ਵਿੱਚ ਭਾਰਤ ਸਰਕਾਰ ਨੇ ਬਲਿਊਸਟਾਰ ਐਕਸ਼ਨ ਕਰ ਦਿੱਤਾ ਤਾਂ ਅੱਤਵਾਦੀਆਂ ਦੀਆਂ ਹਿੱਟ ਲਿਸਟਾਂ ਦੇ ਸਮੀਕਰਨ ਬਦਲ ਗਏ। ਭਾਵੇਂ ਵਿਚਾਰਧਾਰਾ ਦੇ ਬੁਨਿਆਦੀ ਮੱਤਭੇਦ ਸੀ ਤੇ ਉਹ ਸਾਡੇ ਤੇ ਹਮਲੇ ਕਰ ਰਹੇ ਸਨ ਪਰ ਸਾਡੀ ਪਾਰਟੀ ਨੇ ਹਰਿਮੰਦਰ ਸਾਹਿਬ ਦੇ ਹਮਲੇ ਨੂੰ ਕਾਂਗਰਸ ਦੀ ਘਿਨਾਉਣੀ ਅਤੇ ਆਤਮਘਾਤੀ ਕਾਰਵਾਈ ਕਿਹਾ ਸੀ।

ਪੰਜਾਬ ਗੜਬੜ ਵਾਲਾ ਇਲਾਕਾ ਘੋਸ਼ਿਤ ਕਰ ਦਿੱਤਾ ਗਿਆ ਅਤੇ ਸਰਕਾਰ ਨੇ ਪਿੰਡਾਂ ਵਿੱਚ ਛੁਪੇ ਅੱਤਵਾਦੀ ਫੜਨ ਅਤੇ ਖਤਮ ਕਰਨ ਦੇ ਨਾਂ ਹੇਠ ਐਕਸ਼ਨ ਵੁਡਰੇਜ ਸ਼ੁਰੂ ਕਰਕੇ ਪਿੰਡ-2 ਫੌਜ ਬਿਠਾ ਦਿੱਤੀ। ਅਗਸਤ, 1984 ਵਿੱਚ ਬਟਾਲਾ ਤੋਂ ਗੁਰਦਾਸਪੁਰ ਸੜਕ ਤੇ ਸਥਿਤ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕੀ ਪਿੰਡ ਛੀਨੇ ਅੱਤਵਾਦੀਆਂ ਬੱਸ ’ਚੋਂ ਕੱਢਕੇ ਇੱਕ ਫਿਰਕੇ ਦੇ 6 ਵਿਅਕਤੀ ਕਤਲ ਕਰ ਦਿੱਤੇ ਜਿਨ੍ਹਾਂ ਵਿੱਚ ਧਾਰੀਵਾਲ ਸ਼ਹਿਰ ਦਾ ਇੱਕ ਡਾਕਟਰ ਸ਼ਾਂਤੀ ਵੀ ਸੀ ਜੋ ਆਪਣੇ ਸ਼ਹਿਰ ਵਿੱਚ ਕਾਫੀ ਹਰਮਨਪਿਆਰਾ ਸੀ। ਫੌਜ ਨੇ ਛੀਨਾ ਬੱਸ ਕਾਂਡ ਦੇ ਦੋਸ਼ੀਆਂ ਦੀ ਪਛਾਣ ਲਈ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਚੋਣਵੇਂ ਨੌਜਵਾਨਾਂ ਨੂੰ ਫੌਜ ਦੇ ਇੰਟੈਰੋਗੇਸ਼ਨ ਕੇਂਦਰ ਤਿਬੜੀ ਵਿੱਚ ਕੋਹਣਾ ਸ਼ੁਰੂ ਕਰ ਦਿੱਤਾ, ਜ਼ਬਰ ਦਾ ਇਹ ਸਿਲਸਿਲਾ ਕਈ ਮਹੀਨੇ ਚੱਲਿਆ।

ਸੱਤਾ ਦੇ ਗਲਿਆਰਿਆਂ ਨੂੰ ਭਲੀਭਾਂਤ ਜਾਣਕਾਰੀ ਸੀ ਕਿ ਸਾਡੀ ਵਿਚਾਰਧਾਰਾ ਧਾਰਮਿਕ ਮੂਲਵਾਦੀ ਦਹਿਸ਼ਤਗਰਦੀ ਦੀ ਕੱਟੜ ਵਿਰੋਧੀ ਸੀ ਅਤੇ ਸਾਡਾ ਛੀਨਾ ਬੱਸ ਕਾਂਡ ਵਰਗੇ ਅੱਤਵਾਦੀ ਅਤੇ ਫਿਰਕਾਪ੍ਰਸਤ ਕਾਂਡ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੋ ਸਕਦਾ ਪਰ 19 ਸਤੰਬਰ ਨੂੰ ਫੌਜ ਨੇ ਮੇਰੇ ਘਰ ਬੱਖਤਪੁਰ ਵਿਖੇ ਜਾ ਛਾਪਾ ਮਾਰਿਆ, ਮੈਂ ਘਰ ਨਹੀਂ ਸੀ ਤਾਂ 21 ਸਤੰਬਰ ਨੂੰ ਧਾਰੀਵਾਲ ਮਿਲ ਦੇ ਮੋਹਰੇ ਚਾਹ ਦੀ ਦੁਕਾਨ ਤੇ ਮੈਂ ਅਤੇ ਸਾਥੀ ਗੁਲਜ਼ਾਰ ਸਿੰਘ ਜਦੋਂ ਚਾਹ ਪੀ ਰਹੇ ਸਾਂ ਤਾਂ ਮੇਜਰ ਦਾਸ ਦੀ ਅਗਵਾਈ ਵਿੱਚ 89 ਬ੍ਰਿਗੇਡ ਡਗਰਦਾਸ ਰੈਜਮੈਂਟ ਫੌਜ ਨੇ ਸਾਨੂੰ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ। ਸਾਨੂੰ ਵੂਲਨ ਮਿੱਲ ਦੇ ਰੈਸਟ ਹਾੳੂਸ ਵਿੱਚ ਬਣੇ ਫੌਜੀ ਕੇਂਦਰ ਵਿੱਚ ਲਿਜਾਇਆ ਗਿਆ। ਇੱਥੋਂ ਸਾਡੀਆਂ ਅੱਖਾਂ ਤੇ ਪੱਟੀ ਅਤੇ ਹੱਥ ਪਿੱਛੇ ਬੰਨਕੇ ਗੋ. ਕਾਲਜ ਗੁਰਦਾਸਪੁਰ ਦੇ ਫੌਜੀ ਕੇਂਦਰ ਤੇ ਉੱਥੋਂ ਇਨਟੈਰੋਗੇਸ਼ਨ ਕੇਂਦਰ ਤਿਬੜੀ ਲੈ ਗਏ। ਸਾਨੂੰ ਇਕੱਲੇ-2 ਨੂੰ ਕਮਰੇ ਵਿੱਚ ਬੰਦ ਕੀਤਾ ਗਿਆ। ਮੈਂ ਸੋਚਦਾ ਸਾਂ ਫੌਜ ਨੂੰ ਕੋਈ ਗਲਤਫਹਿਮੀ ਹੋ ਸਕਦੀ ਹੈ, ਮਾਮੂਲੀ ਪੁੱਛਗਿੱਛ ਕਰਕੇ ਸਾਨੂੰ ਛੱਡ ਦੇਣਗੇ ਪਰ ਗੁਲਜ਼ਾਰ ਸਿੰਘ ਨੂੰ 28 ਸਤੰਬਰ ਨੂੰ ਅਤੇ ਮੈਨੂੰ 4 ਅਕਤੂਬਰ ਤੱਕ ਤਿਬੜੀ ਵਿੱਚ ਫੌਜੀ ਪੁੱਛਗਿੱਛ ਕੇਂਦਰ ਵਿੱਚ ਰੱਖਿਆ ਗਿਆ। ਸਾਡੀਆਂ ਅੱਖਾਂ ਅਤੇ ਹੱਥ ਰੋਟੀ ਖਾਣ ਦੇ ਸਮੇਂ ਤੋਂ ਬਿਨਾਂ ਹਰ ਵੇਲੇ ਬੰਨੇ ਰੱਖੇ ਜਾਂਦੇ। ਮੈਨੂੰ ਹਰ ਰੋਜ਼ ਇਕਬਾਲ ਕਰਨ ਲਈ ਕਿਹਾ ਜਾਂਦਾ ਕਿ ਮੇਰੇ ਸਬੰਧ ਅੱਤਵਾਦੀਆਂ ਨਾਲ ਹਨ, ਮੈਂ ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂਵਾਲੇ ਨੂੰ ਮਿਲਦਾ ਰਿਹਾ ਹਾਂ, ਮੈਂ ਡਾ. ਸ਼ਾਂਤੀ ਦਾ ਕਤਲ ਕੀਤਾ ਹੈ, ਮੇਰੇ ਕੋਲ ਨਜਾਇਜ਼ ਅਸਲਾ ਹੈ...

ਮੇਰੇ ਕੋਲ ਇਨ੍ਹਾਂ ਸਵਾਲਾਂ ਦੇ ਜੁਆਬ ਨਾਂਹ ਤੋਂ ਬਿਨਾਂ ਹੋਰ ਹੋ ਹੀ ਨਹੀਂ ਸਨ ਸਕਦੇ। ਪਰ ਇਨਾਂ ਸਵਾਲਾਂ ਦੇ ਜਵਾਬ ਹਾਂ ਵਿੱਚ ਲੈਣ ਲਈ ਫੌਜ ਨੇ ਮੈਨੂੰ 15 ਦਿਨ ਪੁੱਛਗਿੱਛ ਕੇਂਦਰ ਵਿੱਚ ਰੱਖਿਆ। ਵੱਖਰੀਆਂ-ਵੱਖਰੀਆਂ ਪੋਜੀਸ਼ਨਾਂ ਵਿੱਚ ਖੜੇ ਕਰਨ, ਲੰਮੇ ਪੈਣ ਅਤੇ ਤਰਾਂ-2 ਦੇ ਐਕਸ਼ਨ ਕਰਨ ਦਾ ਫੌਜੀ ਹੁਕਮ ਹੁੰਦਾ, ਇਸ ਤਰਾਂ ਨਾ ਹੋ ਸਕਣ ਜਾਂ ਥੱਕ ਕੇ ਡਿੱਗ ਪੈਣ ਕਾਰਨ ਰਾਈਫਲਾਂ ਦੇ ਬੱਟਾਂ, ਡਾਂਗਾਂ ਅਤੇ ਠੁੱਡਿਆਂ ਨਾਲ ਕੁੱਟਿਆ ਜਾਂਦਾ। ਇਸ ਤਰਾਂ ਕਰਦੇ ਸਮੇਂ ਫੌਜੀ ਉੱਚੀ-ਉੱਚੀ ਠਹਾਕੇ ਮਾਰਕੇ ਹੱਸਦੇ। ਜਦੋਂ ਮੈਨੂੰ ਇੱਕ ਦਿਨ ਫੌਜੀ ਡਾ. ਮੋਹਰੇ ਖੜਾ ਕੀਤਾ ਤਾਂ ਉਹ ਮੈਨੂੰ ਜੱਲਾਦਾਂ ਵਰਗੇ ਸਵਾਲ ਕਰਨ ਲੱਗਾ, ਤੂੰ ਮੁਸਲਮਾਨ ਏਂ ਜਾਂ ਸਿੱਖ, ਤੈਨੂੰ ਮੇਰੇ ਸਾਹਮਣੇ ਠੀਕ-ਠੀਕ ਬੋਲਣਾ ਪਵੇਗਾ ਜੇਕਰ ਤੂੰ ਸੱਚ ਨੂੰ ਲੁਕਾਇਆ ਤਾਂ ਤੈਨੂੰ ਬਿਆਸ ਦਰਿਆ ਦੇ ਕੰਢੇ ਲਿਜਾ ਕੇ ਝੂਠੇ ਮੁਕਾਬਲੇ ਵਿੱਚ ਮਾਰ ਮੁਕਾਇਆ ਜਾਵੇਗਾ। ਉਸਨੇ ਮੈਨੂੰ ਬਹੁਤ ਗੰਦੀ ਭਾਸ਼ਾ ਵਿੱਚ ਗਾਲੀ-ਗਲੋਚ ਕੀਤਾ, ਆਪਣੀ ਹਾਜ਼ਰੀ ਵਿੱਚ ਇਨਟੈਰੋਗੇਸ਼ਨ ਕਰਵਾਈ ਤੇ ਖੁਦ ਠੁੱਡਿਆਂ ਨਾਲ ਕੁੱਟ ਕੇ ਆਪਣਾ ਗੁੱਸਾ ਠੰਡਾ ਕੀਤਾ। ਇੱਕ ਦਿਨ ਮੇਰੇ ਕਮਰੇ ਵਿੱਚ 14-15 ਸਾਲ ਦੇ ਕੁੱਝ ਨੌਜਵਾਨ ਲਿਆ ਕੇ ਬੰਦ ਕਰ ਦਿੱਤੇ ਤਾਂ ਸ਼ਾਮੀ 9 ਵਜੇ ਕਮਰੇ ਮੋਹਰੇ ਖੜਾ ਸੰਤਰੀ ਅੰਦਰ ਆ ਕੇ ਉਨਾਂ ਨੂੰ ਠੁੱਡਿਆਂ ਤੇ ਬੱਟਾਂ ਨਾਲ ਕੁੱਟਣ ਲੱਗਾ, ਜਿਸਦਾ ਮੈਂ ਵਿਰੋਧ ਕੀਤਾ ਤਾਂ ਉਸਨੇ ਗੁੱਸੇ ਵਿੱਚ ਲਾਲ ਪੀਲੇ ਹੁੰਦਿਆਂ ਮੇਰੇ ’ਤੇ ਬੱਟਾਂ ਦਾ ਮੀਂਹ ਵਰਾ ਦਿੱਤਾ। ਸੰਤਰੀ ਦੀ ਨਾਇਬ ਸੂਬੇਦਾਰ ਕੋਲ ਸ਼ਿਕਾਇਤ ਕਰਨ ਤੇ ਅਗਲੇ ਦਿਨ ਦੁਬਾਰਾ ਮੈਨੂੰ ਇਸਦਾ ਖਮਿਆਜ਼ਾ ਭਾਰੀ ਕੁੱਟ ਖਾਣ ਵਿੱਚ ਭੁਗਤਣਾ ਪਿਆ। ਭਾਵੇਂ ਅਫਸਰਾਂ ਦੀ ਹਾਜ਼ਰੀ ਤੋਂ ਬਿਨਾਂ ਕੁੱਟਮਾਰ ਕਰਨਾ ਕਾਨੂੰਨੀ ਨਹੀਂ ਸੀ ਪਰ ਅਕਸਰ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਏ ਫੌਜੀ ਮੇਰੇ ਕਮਰੇ ਵਿੱਚ ਆ ਵੜਦੇ ਕਿ ਇਹ ਸਾਲਾ ਪੱਕਾ ਖਾਲਿਸਤਾਨੀ ਹੈ, ਕੁੱਝ ਨਹੀਂ ਬਕ ਰਿਹਾ, ਉਹ ਮੇਰੀਆਂ ਲੱਤਾਂ ਪਾੜਦੇ, ਪੁੱਠਾ ਟੰਗਦੇ ਤੇ ਤਰਾਂ-ਤਰਾਂ ਦਾ ਜ਼ਬਰ ਕਰਕੇ ਖੁਸ਼ ਹੁੰਦੇ, ਮੇਰੀ ਅਰਧ ਬੇਹੋਸ਼ੀ ਨੂੰ ਨਾਟਕ ਦੱਸਦੇ, ਦਰਦ ਨਾਲ ਕਰਾਹੁਣ ਤੇ ਮੂੰਹ ਵਿੱਚ ਬੂਟ ਧੱਕਦੇ ਜਾਂ ਕੱਪੜਾ ਤੁੰਨਦੇ। ਖਾਣਾ ਖਵਾਉਣ ਸਮੇਂ ਵੀ ਸਭ ਨੂੰ ਜ਼ਲੀਲ ਕੀਤਾ ਜਾਂਦਾ। ਇੱਕ ਦਿਨ ਖਾਣਾ ਖਾਂਦੇ ਸਮੇਂ ਇੱਕ ਬਜ਼ੁਰਗ ਦੀ ਲੰਮੀ ਦਾੜੀ ਨੂੰ ਪੁੱਟਦਿਆਂ ਫੌਜੀ ਬੋਲਿਆ, ‘ਬੁੱਢਿਆ ਇਸਦਾ ਕੰਬਲ ਬਣ ਸਕਦਾ ਹੈ।’ ਮੈਂ ਇਹ ਦੇਖਦਿਆਂ ਕਿਵੇਂ ਹੀ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਿਆ।
ਇਸ ਬੁੱਚੜਖਾਨੇ ਵਿੱਚ ਹਮਰਦਰਦੀ ਨਾਲ ਭਰਿਆ ਹੋਇਆ ਇੱਕ ਵਿਅਕਤੀ ਸੂਬੇਦਾਰ ਹਰੀ ਸਿੰਘ ਵੀ ਰਹਿੰਦਾ ਸੀ, ਜੋ ਰਾਤ ਦੇ ਸਮੇਂ ਦਾ ਇੰਚਾਰਜ ਸੀ। ਬਟਾਲੇ ਦੇ ਨਜ਼ਦੀਕੀ ਪਿੰਡ ਬੂਲੇਵਾਲ ਦਾ ਨਿਵਾਸੀ ਇਹ ਸੂਬੇਦਾਰ ਰਾਤ ਨੂੰ ਜਦੋਂ ਮੇਰੀ ਕੁੱਟਮਾਰ ਕਰਕੇ ਫੌਜੀ ਚਲੇ ਜਾਂਦੇ ਤਾਂ ਮੇਰੇ ਕਮਰੇ ਦੀਆਂ ਸੀਖਾਂ ਨੂੰ ਫੜ ਕੇ ਸ਼ਰਾਬੀ ਹੋਇਆ ਉੱਚੀ-ਉੱਚੀ ਰੋਂਦਾ ਤੇ ਮੈਨੂੰ ਕਹਿੰਦਾ ਕਿ ਮੈਂ ਤੇਰੇ ਲਈ ਦੁੱਧ ਵਿੱਚ ਘਿਉ ਪਾ ਕੇ ਲਿਆਵਾਂ। ਉਸਦੀ ਹਮਦਰਦੀ ਨਾਲ ਮੇਰਾ ਗੱਚ ਭਰ ਆਉਦਾ ਤੇ ਮੈਂ ਸਿਰ ਹਿਲਾ ਕੇ ਨਾ ਕਰ ਦੇਂਦਾ ਤਾਂ ਜੋ ਮੇਰੀ ਖਾਤਰ ਉਸ ਉੱਪਰ ਕੋਈ ਕਾਨੂੰਨੀ ਆਫਤ ਨਾ ਆ ਜਾਵੇ। ਉਹ ਹਰ ਰੋਜ਼ ਰਾਤ ਨੂੰ ਦੇਰ ਤੱਕ ਆਪਣੀ ਟੇਪ ਰਿਕਾਰਡ ਤੇ ਉੱਚੀ ਆਵਾਜ਼ ਵਿੱਚ ਸਿੱਖੀ ਸ਼ਹਾਦਤਾਂ ਦੇ ਗੀਤ ਵਜਾਉਦਾ ਜਿਨਾਂ ਨੂੰ ਸੁਣਕੇ ਪੀੜਾ ਨਾਲ ਕਰਾਹ ਰਹੇ ਸਰੀਰ ਵਿੱਚ ਫਿਰ ਸ਼ਕਤੀ ਪਰਤ ਆਉਦੀ।

4 ਅਕਤੂਬਰ ਦੀ ਰਿਹਾਈ ਬਾਅਦ ਮੈਂ ਤਸ਼ੱਦਦ ਦਾ ਭੰਨਿਆ ਸਖਤ ਨਮੂਨੀਏ ਬੁਖਾਰ ਨਾਲ ਘਰ ਵਿੱਚ ਹੀ ਇਲਾਜ ਕਰਵਾ ਰਿਹਾ ਸਾਂ ਅਤੇ ਆਮ ਹਾਲਤ ਬਹਾਲ ਨਹੀਂ ਸੀ ਹੋ ਰਹੇ ਤਾਂ 11 ਅਕਤੂਬਰ ਨੂੰ ਮੈਨੂੰ ਥਾਣਾ ਕਲਾਨੌਰ ਦੀ ਪੁਲੀਸ ਚੁੱਕ ਕੇ ਲੈ ਗਈ। ਤਤਕਾਲੀ ਐੱਸ.ਐੱਸ.ਪੀ. ਗੁਰਦਾਸਪੁਰ ਏ.ਕੇ. ਪਾਂਡੇ ਥਾਣੇ ਵਿੱਚ ਹਰ ਰੋਜ ਫੋਨ ਕਰਦਾ ਕਿ ਇਸਨੂੰ ਜਲਦੀ ਇਨਟੈਰੋਗੇਸ਼ਨ ਕੇਂਦਰ ਅੰਮ੍ਰਿਤਸਰ ਭੇਜਿਆ ਜਾਵੇ ਪਰ ਥਾਣਾ ਐੱਸ.ਐੱਚ.ਓ. ਤਸਵੀਰ ਸਿੰਘ ਬੋਲਦਾ ਕਿ ਇਸਦੀ ਹਾਲਤ ਇਸਦੇ ਯੋਗ ਹੀ ਨਹੀਂ ਹੋ ਰਹੀ, ਉਹ ਮੈਨੂੰ ਥਾਣੇ ਦੇ ਵਿਹੜੇ ਦੀ ਧੁੱਪ ਵਿੱਚ ਮੇਜ ਤੇ ਲਿਟਾਈ ਰੱਖਦਾ। ਮੈਨੂੰ ਥਾਣੇ ਤੋਂ 18 ਅਕਤੂਬਰ ਨੂੰ ਰਿਹਾਅ ਕੀਤਾ ਗਿਆ ਜਦੋਂ ਮੇਰੇ ਸਾਥੀ ਡਾ. ਵੀ.ਕੇ. ਪਟੋਲੇ ਨੇ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਅਤੇ ਮਨੁੱਖੀ ਹੱਕਾਂ ਦੇ ਰਾਖੇ ਵੀ.ਐੱਮ. ਤਾਰਕੁੰਡੇ ਅਤੇ ਵਕੀਲ ਅਸ਼ੋਕ ਕੁਮਾਰ ਪੰਡਾਂ ਰਾਹੀਂ ਹੈਬੀਅਸ ਕਾਰਪਸ ਕਾਨੂੰਨ ਤਹਿਤ ਸੁਪਰੀਮ ਕੋਰਟ ਵਿੱਚ ਰਿੱਟ ਦਾਖਲ ਕਰਕੇ ਪੁਲੀਸ ਨੂੰ ਨੋਟਿਸ ਕਰਵਾਇਆ।

ਰਿਹਾਈ ਤੋਂ ਬਾਅਦ ਮੈਂ 20 ਅਕਤੂਬਰ ਨੂੰ ਆਪਣਾ ਇਲਾਜ਼ ਕਰਾਉਣ ਲਈ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਲੀ ਦੇ ਵਿਦਿਆਰਥੀ ਹੋਸਟਲ ਵਿੱਚ ਜਾ ਠਹਿਰਿਆ ਤੇ ਅਚਾਨਕ ਉਸ ਦਿਨ ਹੀ ਵਾਪਸ ਪਰਤਿਆ ਜਿਸ ਦਿਨ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਵਿੱਚ ਸਿੱਖ ਵਿਰੋਧੀ ਦੰਗੇ ਭੜਕੇ। ਮੈਨੂੰ ਆਉਦਿਆਂ ਇਹ ਖ਼ਬਰ ਹਰਿਆਣੇ ’ਚੋਂ ਮਿਲੀ ਪਰ ਸ਼ਾਮ ਤੱਕ ਮੈਂ ਪੰਜਾਬ ਪਰਤ ਆਇਆ ਸਾਂ।

ਸੰਪਰਕ. 98142-90163
ਈ ਮੇਲ: [email protected]


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ