Sun, 08 December 2024
Your Visitor Number :-   7278785
SuhisaverSuhisaver Suhisaver

ਸਮੁੰਦਰ ਦੀ ਆਗੋਸ਼ ਵਿੱਚ ਸਮਾ ਰਹੇ ਦੇਸ਼ ਅਤੇ ਦੀਪ ਸਮੂਹ - ਹਰਜਿੰਦਰ ਸਿੰਘ ਗੁਲਪੁਰ

Posted on:- 18-03-2016

suhisaver

ਜਿਸ ਤਰ੍ਹਾਂ ਮਨੁੱਖ ਵਕਤ ਦਾ ਤੋਲ ਮੋਲ ਕਰਦਾ ਹੈ, ਕੁਦਰਤ ਇਸ ਤਰ੍ਹਾਂ ਨਹੀਂ ਕਰਦੀ,ਕਿਉਂਕਿ ਵਕਤ ਇੱਕ ਤਰ੍ਹਾਂ ਨਾਲ ਕੁਦਰਤ ਦਾ ਹੀ ਹਿੱਸਾ ਹੈ।ਵਕਤ ਦਾ ਜਨਜੀਵਨ ਉੱਤੇ ਕੀ ਪਰਭਾਵ ਪੈਂਦਾਦਾ ਹੈ? ਕੁਦਰਤ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੈ।ਧਰਤੀ ਦਾ ਸੱਭ ਤੋਂ ਵਿਕਸਤ ਜੀਵ ਹੋਣ ਸਦਕਾ ਮਨੁੱਖ ਕੁਦਰਤ ਦਾ ਹਾਂ ਪੱਖੀ ਸਹਿਯੋਗ ਲੈ ਕੇ ਆਪਣਾ ਵਿਕਾਸ ਤਾਂ ਕਰ ਸਕਦਾ ਹੈ ਪਰ ਕੁਦਰਤ ਉੱਤੇ ਕਦੇ ਵੀ ਭਾਰੂ ਨਹੀਂ ਹੋ ਸਕਦਾ।ਪੂਰਾ ਬਰਹਿਮੰਡ ਕੁਦਰਤ ਦੀ ਮਜ਼ਬੂਤ ਪਕੜ ਵਿੱਚ ਹੈ।ਕੁਦਰਤੀ ਵਰਤਾਰੇ ਅਨੁਸਾਰ ਕਦੇ ਕਦਾਈਂ ਜੋ ਵੱਡੀ ਤਬਾਹੀ ਹੁੰਦੀ ਹੈ ਅਸਲ ਵਿੱਚ ਉਹ ਤਬਾਹੀ ਕੁਦਰਤ ਵਿਰੋਧੀ ਤਾਕਤਾਂ ਦੀ ਹੁੰਦੀ ਹੈ।ਇਸ ਵਿੱਚ ਹੀ ਕੁਦਰਤ ਦੀ ਖੂਬ ਸੂਰਤੀ ਲੁਕੀ ਹੋਈ ਹੈ।ਸਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਕਿਸੇ ਦੈਵੀ ਸ਼ਕਤੀ ਸਮੇਤ ਦੁਨੀਆਂ ਦੀ ਕੋਈ ਵੀ ਤਾਕਤ ਨਾ ਤਾਂ ਕੁਦਰਤ ਦਾ ਰਾਹ ਰੋਕ ਸਕਦੀ ਹੈ ਅਤੇ ਨਾ ਹੀ ਉਸ ਨੂੰ ਕੁਰਾਹੇ ਪਾ ਸਕਦੀ ਹੈ।

ਬੜੇ ਅਫਸੋਸ ਦੀ ਗੱਲ ਹੈ ਕਿ ਮਨੱਖ ਨੇ ਅਧੁਨਿਕਤਾ ਅਤੇ ਵਿਕਾਸ ਦੇ ਨਾਮ ਹੇਠ ਕੁਦਰਤ ਦੇ ਨਿਯਮਾਂ ਨਾਲ ਹੀ ਛੇੜ ਛਾੜ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਦਰਦ ਨੂੰ ਕੁਦਰਤ ਲੰਬੇ ਸਮੇਂ ਤੋਂ ਬਰਦਾਸ਼ਤ ਕਰਦੀ ਆ ਰਹੀ ਹੈ।ਸ਼ਾਇਦ ਕੁਝ ਦੇਰ ਹੋਰ ਬਰਦਾਸ਼ਤ ਕਰੇ।

ਜਿੱਥੇ ਆਸਥਾਈ ਲੋਕਾਂ ਅਤੇ ਸਰਕਾਰਾਂ ਸਮੇਤ ਲਾਲਚੀ ਲੋਕਾਂ ਨੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਹਮੇਸ਼ਾ ਕੁਦਰਤ ਦੇ ਰਾਹ ਰੋਕਣ ਦਾ ਯਤਨ ਕੀਤਾ ਹੈ, ਉੱਥੇ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਕੁਦਰਤ ਦੇ ਦਰ ਦਰਵਾਜੇ ਖੋਹਲਣ ਦਾ ਹੋਕਾ  ਸਦੀਆਂ ਤੋਂ ਦਿੰਦੇ ਆ ਰਹੇ ਹਨ।ਮਨੁੱਖ ਦੀ ਕੁਦਰਤ ਪਰਤੀ ਬੇਰੁਖੀ ਦੇ ਸਿੱਟੇ ਬੜੀ ਤੇਜੀ ਨਾਲ ਸਾਹਮਣੇ ਆਉਣੇ ਅਰੰਭ ਹੋ ਗਏ ਹਨ ਜਿਹਨਾਂ ਦਾ ਟਾਕਰਾ ਕਰਨ ਵਾਸਤੇ ਹੁਣ ਪੂਰੀ ਮਨੁਖੱਤਾ ਨੂੰ ਤਿਆਰ ਬਰ ਤਿਆਰ ਹੋ ਜਾਣਾ ਚਾਹੀਦਾ ਹੈ।ਭੂਗੋਲਿਕ ਮਾਹਿਰ ਕੁਦਰਤ ਦੇ ਗਰਭ ਅੰਦਰ ਹੋ ਰਹੀ ਮਨੁੱਖਤਾ ਲਈ ਮਾਰੂ ਸਾਬਤ ਹੋਣ ਵਾਲੀ ਤਬਦੀਲੀ ਦੀ ਆਹਟ ਵਾਰੇ ਲਗਤਾਰ ਅਗਾਹ ਕਰਦੇ ਆ ਰਹੇ ਹਨ।

ਕੁਦਰਤ ਦੇ ਸੁੱਤੇ ਸਿੱਧ ਚਲਦੇ ਨਿਜਾਮ ਨੂੰ ਲਲਕਾਰਨ ਸਦਕਾ ਕੁਦਰਤ ਕਿਸੇ ਸਮੇਂ ਵੀ ਇੱਕ ਮਮੂਲੀ ਕਰਵਟ ਨਾਲ ਆਪਣੇ ਆਪ ਨੂੰ ਤਾਂ ਸੰਤੁਲਤ ਕਰ ਹੀ ਲਵੇਗੀ, ਪਰ ਇਸ ਕਰਵਟ ਦੇ ਨਤੀਜੇ ਮਨੁੱਖਤਾ ਅਤੇ ਹੋਰ ਜੀਵ ਜੰਤੂਆਂ ਲਈ ਜ਼ਰੂਰ ਤਬਾਹ ਕੁੰਨ ਸਾਬਤ ਹੋਣਗੇ।ਪਰਾਪਤ ਜਾਣਕਾਰੀ ਅਨੁਸਾਰ ਅੱਜ ਆਲਮੀ ਤਪਸ਼ ਨੇ ਇਸ ਗਰਿਹ ਦੀ ਵਾਤਾਵਰਣ (ਈਕਾਲੋਜੀ) ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ,ਜਿਸ ਦੇ ਨਤੀਜੇ ਵਜੋਂ ਕੁਦਰਤੀ ਗਲੇਸ਼ੀਅਰ ਬੜੀ ਤੇਜੀ ਨਾਲ ਪਿਘਲ ਰਹੇ ਹਨ,ਜਿਸ ਸਦਕਾ ਸਮੁੰਦਰ ਦੇ ਪਾਣੀਆਂ ਦੀ ਸਤਾ ਉਪਰ ਉੱਠ ਰਹੀ ਹੈ।ਵਿਸ਼ਵ ਦੇ ਲੱਖਾਂ ਟਾਪੂਆਂ ਅਤੇ ਤੱਟ ਵਰਤੀ ਇਲਾਕਿਆਂ ਤੇ ਕੁਦਰਤ ਦਾ ਕਹਿਰ ਸਭ ਤੋਂ ਵੱਧ ਨਾਜਲ ਹੋਣ ਵਾਲਾ ਹੈ।ਇਹ ਹਾਲਤ ਕੋਈ ਰਾਤੋ ਰਾਤ ਨਹੀਂ ਹੋਈ,ਇਸ ਲਈ ਜਿੱਥੇ ਵਿਕਸਤ ਦੇਸ਼  ਜੁੰਮੇਵਾਰ ਹਨ ਉਥੇ ਵਿਕਾਸ ਸ਼ੀਲ ਅਤੇ 'ਅਣ ਵਿਕਸਤ' ਦੇਸ਼ਾਂ ਸਮੇਤ  ਵਿਸ਼ਵ ਭਰ ਦੇ ਨਾਗਰਿਕ ਵੀ ਜੁੰਮੇਵਾਰ ਹਨ।ਇੱਥੇ ਮੈੰ ਹਉਕਾ ਭਰ ਕੇ ਲਿਖਣ ਜਾ ਰਿਹਾ ਹਾਂ ਕਿ ਛੋਟੇ ਦੀਪ ਦੇਸ਼ਾਂ ਵਿੱਚੋਂ ਇੱਕ ਗਣਰਾਜ ਦੀਪ 'ਟੁਬਾਲੂ' ਦੁਨੀਆਂ ਦੇ ਨਕਸ਼ੇ ਤੋਂ ਮਿਟਣ ਜਾ ਰਿਹਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਇਲਾਵਾ ਵਿਸ਼ਵ ਦੇ ਅਨੇਕਾਂ ਟਾਪੂ ਅਤੇ ਦੇਸ਼ ਦੀਪ 2020 ਤੱਕ ਸਮੁੰਦਰ ਦੀ ਆਗੋਸ਼ ਵਿੱਚ ਸਮਾ ਜਾਣਗੇ।ਇਸ ਵਿਗਾੜ ਦਾ ਕਾਰਨ ਵਾਯੂਮੰਡਲ ਵਿੱਚ ਗਰੀਨ ਗੈਸਾਂ ਅਤੇ ਕਾਰਬਨ ਡਾਈਆਕਸਾਈਡ ਦਾ ਹੱਦ ਤੋਂ ਵਧ ਜਾਣਾ ਮੰਨਿਆ ਜਾ ਰਿਹਾ ਹੈ,ਜਿਸ ਲਈ ਵਿਕਸਤ ਦੇਸ਼ ਵੱਧ ਜ਼ੁੰਮੇਵਾਰ ਹਨ।ਵਾਯਮੰਡਲ ਵਿੱਚ ਵਧ ਰਹੀ ਵਿਸ਼ਵ ਪਧਰੀ ਤਪਸ਼ ਨੂੰ ਕਾਬੂ ਕਰਨ ਲਈ ਹਾਲ ਹੀ ਵਿੱਚ ਪੈਰਿਸ ਵਿਖੇ ਹੋਇਆ ਵੱਖ ਵੱਖ ਦੇਸ਼ਾਂ ਦਾ ਸੰਮੇਲਨ ਕੋਈ ਸਰਬ ਸਾਂਝਾ ਰਾਹ ਕੱਢਣ ਦੀ ਥਾੰ ਵਿਕਸਤ ਅਤੇ ਅਣ ਵਿਕਸਤ ਦੇਸਾਂ ਦੀ ਬਹਿਸ ਤੱਕ ਸਿਮਟ ਕੇ ਰਹਿ ਗਿਆ।2014 ਦਾ ਸਾਲ ਅੱਤ ਦੇ ਗਰਮ ਸਾਲ ਵਜੋਂ ਰੀਕਾਰਡ ਕੀਤਾ ਗਿਆ ਹੈ।ਵਿਸ਼ਵ ਪੱਧਰ ਤੇ ਰੁੱਤਾਂ ਮਨ ਮੌਜੀ ਹੋ ਗਈਆਂ ਹਨ।ਜਿੱਥੇ ਕਦੇ ਬਾਰਸ਼ ਨਹੀਂ ਪੈਂਦੀ ਸੀ ਉੱਥੇ ਹੜ ਆ ਰਹੇ ਹਨ ਅਤੇ ਜਿੱਥੇ ਕਦੇ ਸੋਕਾ ਨਹੀਂ ਪਿਆ ਸੀ ਉੱਥੇ ਸੋਕਾ ਪੈ ਰਿਹਾ ਹੈ।

ਰੇਗਿਸਤਾਨ ਦੇ ਅਰਥ ਬਦਲਣ ਲੱਗੇ ਹਨ।ਅਰਬ ਸਥਿੱਤ ਡੁਬਈ ਵਿੱਚ ਕਦੇ ਹੜ ਆਉਣਗੇ ਕਿਸੇ ਨੇ ਸੋਚਿਆ ਤੱਕ ਨਹੀ ਸੀ ਪਰ ਉੱਥੇ ਇੱਕ ਦੋ ਦਿਨਾਂ ਤੋਂ ਹੜਾਂ ਵਾਲੀ ਸਥਿਤੀ ਬਣੀ ਹੋਈ ਹੈ।ਮਾਲਦੀਪ,ਮੌਰਸ਼ੀਅਸ,ਲਕਸ਼ਦੀਪ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਚੁੱਕਾ ਹੈ।ਖਦਸ਼ਾ ਹੈ ਕਿ ਦੁਨੀਆਂ ਦੇ ਨਕਸ਼ੇ ਉੱਤੇ ਜਿੰਨੇ ਵੀ ਦੀਪ ਹਨ,ਇੱਕ ਇੱਕ ਕਰਕੇ ਸਮੁੰਦਰ,ਮਹਾਂ ਸਮੁੰਦਰ ਅਤੇ ਖਾੜੀ ਵਿੱਚ ਗਰਕ ਹੋ ਜਾਣਗੇ।ਦੇਰ ਸਵੇਰ ਅੰਡੇਮਾਨ ਨਿੱਕੋਬਾਰ ਦੀਪ ਸਮੂਹ,ਬੰਗਲਾ ਦੇਸ਼ ਅਤੇ ਸ਼ਿਰੀ ਲੰਕਾ ਵਰਗੇ ਹੋਰ ਦੇਸ਼ਾਂ ਤੇ  ਖਿੱਤਿਆਂ ਦਾ ਇਹੀ ਅੰਜਾਮ ਹੋਣ ਵਾਲਾ ਹੈ।ਇਸ ਸਮੇਂ ਸੱਭ ਤੋਂ ਵੱਡਾ ਖਤਰਾ ਅਸਟਰੇਲੀਆ ਦੇ ਨੇੜੇ ਪਰਸ਼ਾਂਤ ਮਹਾਂਸਾਗਰ ਅੰਦਰ ਵਸੇ ਪੌਲਿਨੇਸ਼ੀਅਨ ਦੀਪ ਸਮੂਹ ਦੇਸ਼ 'ਟੁਬਾਲੂ' ਉੱਤੇ ਉਸ ਦੇ ਡੁੱਬਣ ਨੂੰ ਲੈ ਕੇ ਮੰਡਰਾ ਰਿਹਾ ਹੈ।ਇਸ ਮਹਿਜ 26 ਵਰਗ ਕਿਲੋਮੀਟਰ ਰਕਬੇ ਵਾਲੇ ਦੇਸ਼  ਦੀ ਅਬਾਦੀ ਕੇਵਲ 12373 ਹੈ।ਇਸ ਦੀ ਉਚਾਈ ਸਮੁੰਦਰੀ ਤੱਲ ਤੋਂ ਮਹਿਜ 5 ਮੀਟਰ ਵੱਧ ਹੈ।ਇਹ ਵਿਸ਼ਵ ਦਾ ਚੌਥਾ ਸੱਭ ਤੋਂ ਵੱਡਾ ਦੀਪ ਹੈ ਅਤੇ ਦੂਜਾ ਸੱਭ ਤੋਂ ਛੋਟਾ ਦੀਪ ਦੇਸ਼।2015 ਦੌਰਾਨ ਆਏ ਜਬਰਦਸਤ ਚੱਕਰਵਾਤੀ ਤੂਫਾਨ ਦੀ ਲਪੇਟ ਵਿੱਚ ਆ ਜਾਣ ਕਾਰਨ ਇਸ ਦਾ ਵੱਡਾ ਹਿੱਸਾ ਤਹਿਸ ਨਹਿਸ ਹੋ ਗਿਆ ਸੀ,ਜਿਸ ਕਾਰਨ ਉਥੋਂ ਦੀ ਸਰਕਾਰ ਨੂੰ ਆਪਾਤਕਾਲ ਸਥਿੱਤੀ ਲਾਗੂ ਕਰਨੀ ਪਈ ਸੀ।ਇੱਕ ਸਾਲ ਬਾਅਦ ਹੀ ਸਮੁੰਦਰ ਦਾ ਤਲ ਉਚਾ ਹੋ ਜਾਣ ਕਾਰਨ ਇਸ ਦੇ ਜਲ ਸਮਾਧੀ ਲੈਣ ਦਾ ਸਮਾਂ ਨਜ਼ਦੀਕ ਆ ਰਿਹਾ ਹੈ।ਇੱਥੋਂ ਦੇ ਪਰਧਾਨ ਮੰਤਰੀ ਅਨੇਲ ਸੋਪੋਆਗਾ ਦੀ ਬੇਨਤੀ ਤੇ ਰਾਸ਼ਟਰ ਸੰਘ ਨੇ ਇਸ ਟਾਪੂ ਦੇਸ਼ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ।

19 78 ਵਿੱਚ ਇਹ ਦੇਸ਼ ਬਰਨਾਨਵੀ ਹੁਕਮਰਾਨਾਂ ਤੋਂ ਆਜਾਦ ਹੋਇਆ ਸੀ।ਆਪਣੇ ਪੈਰਾਂ ਤੇ ਖੜਾ ਹੋਣ ਦੇ ਯਤਨਾਂ ਦੌਰਾਨ ਹੀ ਸੰਨ 1993 ਵਿੱਚ ਇਹ ਦੇਸ਼ ਉਪਰੋਕਤ ਖਤਰੇ ਦੀ ਮਾਰ ਹੇਠ ਆ ਗਿਆ।ਹੁਣ ਤੱਕ 40 ਦੇਸ਼ਾਂ ਦੇ ਹਜ਼ਾਰਾਂ ਲੋਕ ਬੇ ਘਰ ਹੋ ਚੁੱਕੇ ਹਨ।ਬੰਗਾਲ ਦੀ ਖਾੜੀ ਵਿੱਚ ਸਥਿੱਤ ਨਿਊ ਮੂਰ ਵੀ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ।ਭਾਵੇਂ ਇਸ ਖੇਤਰ ਉੱਤੇ ਬੰਗਲਾ ਦੇਸ਼ ਅਤੇ ਭਾਰਤ ਆਪੋ ਆਪਣੇ ਕਬਜੇ ਦਾ ਦਾਅਵਾ ਕਰਦੇ ਆਏ ਹਨ ਪਰ ਹੁਣ ਇਹ ਰਕਬਾ ਪੂਰੀ ਤਰ੍ਹਾਂ ਬੰਗਾਲ ਦੀ ਖਾੜੀ ਅੰਦਰ ਸਮਾ ਚੁੱਕਾ ਹੈ।ਜੋ ਜਮੀਨ ਹੁਣ ਬਾਕੀ ਬਚਦੀ ਹੈ ਉਹ ਨਿਰਜੀਵ ਤੇ ਬੰਜਰ ਹੋ ਚੁੱਕੀ ਹੈ।ਇਸ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਬੰਗਲਾ ਦੇਸ਼ ਦੇ ਡੈਲਟਾਈ ਖੇਤਰ ਸਮੁੰਦਰ ਦੇ ਤਲ ਤੋਂ ਬਹੁਤ ਘੱਟ ਉਚਾਈ ਤੇ ਵਸੇ ਹੋਏ ਹਨ।ਇਹ ਖੇਤਰ ਹਿਮਾਲਿਆ ਤੋਂ ਨਿਕਲਣ ਵਾਲੀ ਗੰਗਾ,ਬਰੱਹਮ ਪੁਤਰ ਅਤੇ ਮੇਧਨਾ ਆਦਿ ਨਦੀਆਂ ਦਾ ਮੁਹਾਣਾ ਹੈ।ਇਸ ਡੈਲਟਾਈ ਖੇਤਰ ਦੇ ਬਹੁਤ ਸਾਰੇ ਦੀਪ ਸਮੁੰਦਰ ਵਿੱਚ ਸਮਾ ਰਹੇ ਹਨ।ਪਰਸ਼ਾਂਤ ਮਹਾਂਸਾਗਰ ਦੇ ਮਾਈਕਰੋਏਸ਼ੀਆ ਅਤੇ ਮੇਲਾਨੇਸ਼ੀਆ ਦੇ ਦੀਪ ਸੱਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰ ਰਹੇ ਹਨ।ਹਿੰਦ ਮਹਾਂ ਸਾਗਰ ਵਿੱਚ 1200 ਦੀਪਾਂ ਦਾ ਮੌਰਸੀਸ਼ ਗਣਰਾਜ ਸਮੁੰਦਰ ਦੇ ਤਲ ਤੋਂ ਮਹਿਜ 1।3 ਮੀਟਰ ਦੀ ਨਿਗੂਣੀ ਉਚਾਈ ਤੇ ਵਸਿਆ ਆਪਣੇ ਖਾਤਮੇ ਦੀਆਂ ਘੜੀਆਂ ਗਿਣਨ ਲਈ ਬੇ-ਬੱਸ ਹੈ।

ਪਰਸ਼ਾਂਤ ਮਹਾਂਸਾਗਰ ਵਿੱਚ 32 ਦੀਪਾਂ ਦਾ ਕਿਰੀਬਾਤੀ ਦੀਪ ਗਣਰਾਜ ਹੈ।ਜਦੋੰ ਸਮੁੰਦਰ ਵਿੱਚ ਥੋੜਾ ਬਹੁਤ ਵੀ ਜਵਾਰਭਾਟਾ ਆਉਂਦਾ ਹੈ ਤਾਂ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ।ਇਸੀ ਤਰ੍ਹਾਂ ਕੋਰਲ ਸਾਗਰ,ਅਰਾਫਰਾ ਸਾਗਰ ਅਤੇ ਕਾਪੇਨਟਾਰੀਆ ਖਾੜੀ ਦੇ 274 ਦੀਪਾਂ ਚੋਂ ਬਹੁਤੇ ਪਹਿਲਾੰ ਹੀ ਪਾਣੀ ਵਿੱਚ ਡੁੱਬ ਚੁੱਕੇ ਹਨ।ਜਿਹੜੇ ਬਚਦੇ ਹਨ ਉਥੋਂ ਦੀ ਖੇਤੀ ਵਾਰ ਵਾਰ ਖਾਰੇ ਪਾਣੀ ਦੀ ਮਾਰ ਹੇਠ ਆਉਣ ਸਦਕਾ ਤਬਾਹ ਹੋ ਚੁੱਕੀ ਹੈ।ਇਹਨਾਂ ਦੀਪਾਂ ਦੇ ਹਜ਼ਾਰਾਂ ਲੋਕ 'ਤਰਾਵਾ' ਦੀਪ ਵਿੱਚ ਆਰਜੀ ਪਨਾਹ ਲਈ ਬੈਠੇ ਹਨ ਜੋ ਕਿ ਪੁਨਰਵਾਸ ਦਾ ਪੱਕਾ ਹੱਲ ਨਹੀਂ ਹੈ।ਪਰਸ਼ਾਂਤ ਮਹਾਂਸਾਗਰ ਦਾ ਸੋਲੋਮਨ ਦੀਪ ਸਮੂਹ ਵੀ ਸੁਰੱਖਿਅਤ ਨਹੀਂ ਹੈ।ਜਾਹਰ ਹੈ ਕਿ ਦੁਨੀਆਂ ਦੀ ਅਬਾਦੀ ਦਾ ਵੱਡਾ ਹਿੱਸਾ (ਲੱਗ ਭੱਗ ਢਾਈ ਕਰੋੜ) ਸਮੁੰਦਰ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਉਜੜ ਚੁੱਕਾ ਹੈ।ਵਿਕਸਤ ਦੇਸ਼ਾਂ ਦੇ ਉਦਯੋਗੀਕਰਨ ਦਾ ਖਮਿਆਜਾ ਵਿਕਾਸ ਸ਼ੀਲ,ਅਵਿਕਸਤ ਅਤੇ ਕੰਮਜੋਰ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ।ਵਾਤਾਵਰਣਕ ਮਾਹਿਰਾਂ ਅਨੁਸਾਰ ਸੰਨ 1900 ਤੋਂ ਲੈ ਕੇ ਹੁਣ ਤੱਕ ਸਮੁੰਦਰ ਦਾ ਜਲ ਪਧਰ 19 ਸੈ.ਮੀ ਵਧਿਆ ਹੈ।ਇਸ ਸਦੀ ਦੇ ਅੰਤ ਤੱਕ ਇਸ ਦੇ 26 ਤੋਂ 83 ਸੈ.ਮੀ ਤੱਕ ਉਪਰ ਉਠਣ ਦਾ ਅੰਦਾਜ਼ਾ ਹੈ।

ਸੰਨ 2050 ਤੱਕ ਹੋਰ 2 ਕਰੋੜ ਲੋਕਾਂ ਦੇ ਸਮੁੰਦਰੀ ਜੱਦ ਵਿੱਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਅਜਿਹੀਆਂ ਹਾਲਤਾਂ ਵਿੱਚ ਦੁਨੀਆਂ ਦੇ ਹੋਰ ਦੇਸ਼ ਵੀ ਸਮੁੰਦਰ ਦੀ ਲਪੇਟ ਵਿੱਚ ਆਉਣਗੇ।ਪੂਰੇ ਵਿਸ਼ਵ ਵਲੋਂ ਕੁਦਰਤ ਦੇ ਬਦਲ ਰਹੇ ਤੇਵਰਾਂ ਨੂੰ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ।ਅਜੇ ਵੀ ਵਕਤ ਹੈ ਕਿ ਵਿਕਸਤ ਅਤੇ ਅਵਿਕਸਤ ਦੇਸ਼ਾਂ ਨੂੰ ਆਪਸੀ ਮੱਤਭੇਦ ਭੁਲਾ ਕੇ ਵਿਸ਼ਵ ਨੂੰ ਬਚਾਉਣ ਲਈ ਵਧੀਆ ਤੋਂ ਵਧੀਆ ਤਕਨੀਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ,ਜਿਸ ਦੀ ਅਗਵਾਈ ਵਿਕਸਤ ਤੇ ਸਮਰੱਥ ਦੇਸਾਂ ਨੂੰ ਹੀ ਕਰਨੀ ਪਵੇਗੀ।ਜਿੰਨੀ ਜਲਦੀ ਉਹ ਇਸ ਪਾਸੇ ਧਿਆਨ ਦੇਣਗੇ ਉਂਨਾ ਹੀ ਵੱਧ ਮਾਨਵਤਾ ਦਾ ਭਲਾ ਹੋਵੇਗਾ।1000 ਹਜਾਰ ਸਾਲ ਪਹਿਲਾਂ ਨੀਦਰਲੈੰਡ ਨੇ ਆਪਣੇ ਸ਼ਹਿਰਾਂ ਨੂੰ ਸਮੁੰਦਰ ਅਤੇ ਹੜਾਂ ਤੋਂ ਬਚਾਉਣ ਲਈ ਇੰਜਣ ਸੈਂਡ ਤਕਨੀਕ ਈਜਾਦ ਕੀਤੀ ਸੀ।

ਮਾਹਿਰਾਂ ਅਨੁਸਾਰ ਅੱਜ ਵੀ ਇਸ ਤਕਨੀਕ ਨੂੰ ਕਾਰਗਰ ਢੰਗ ਨਾਲ ਵਰਤਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਸਮੁੰਦਰ ਦੇ ਲਗਾਤਾਰ ਵੱਧ ਰਹੇ ਜਲ ਪਧਰ ਤੇ ਕਾਬੂ ਪਾਉਣ ਲਈ ਜਿੱਥੇ ਅੰਡਰ ਵਾਟਰ ਗੇਟ ਪਰੋਜੈਕਟ,ਤੈਰਦੇ ਪਿੰਡ ਅਤੇ ਤੈਰਦੀ ਖੇਤੀ ਆਦਿ ਤਕਨੀਕਾਂ ਨੂੰ ਤੱਟ ਵਰਤੀ ਇਲਾਕਿਆਂ ਵਿੱਚ ਉਤਸ਼ਾਹਤ ਕਰਨ ਤੇ ਜੋਰ ਦੇਣਾ ਚਾਹੀਦਾ ਹੈ ਉੱਥੇ ਦੁਨੀਆਂ ਭਰ ਅੰਦਰ ਚੱਲਦੇ ਵਿਕਾਸ ਮੁਖੀ ਕਾਰਜਾੰ ਨੂੰ ਕੁਦਰਤ ਮੁਖੀ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਕੁਦਰਤ ਵਿਰੋਧੀ।ਆਸਥਾ ਅਤੇ ਮਾਨਵੀ ਲਾਲਚ ਦੇ ਐਨ ਕੇਂਦਰ ਵਿੱਚ ਕੁਦਰਤ ਖੜੀ ਹੈ ਜਿਸ ਨੂੰ ਨਰਾਜ਼ ਕਰ ਕੇ ਲੰਬੇ ਸਮੇਂ ਲਈ ਅੱਗੇ ਨਹੀਂ ਵਧਿਆ ਜਾ ਸਕਦਾ।

ਸੰਪਰਕ: +91 98722 38981

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ