Thu, 12 September 2024
Your Visitor Number :-   7220805
SuhisaverSuhisaver Suhisaver

ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ –ਹਜ਼ਾਰਾ ਸਿੰਘ

Posted on:- 26-10-2012

ਪਿਛਲੇ ਦਿਨੀਂ ਪੰਜਾਬ ਦੇ ਸਿੱਖ ਜ਼ਿਮੀਂਦਾਰਾਂ ਵੱਲੋਂ ਗ਼ਰੀਬ ਸਿੱਖਾਂ (ਖਾਸ ਕਰਕੇ ਦਲਿਤਾਂ) ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖੇ ਜਾਣ ਸੰਬੰਧੀ ਰਿਪੋਰਟਾਂ ਆਈਆਂ। ਕਈ ਹਲਕਿਆਂ ਵੱਲੋਂ ਇਸ ਵਰਤਾਰੇ ਨੂੰ ਸਿੱਖ ਸਿਧਾਂਤਾ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਗਈ । ਕਈਆਂ ਵੱਲੋਂ ਇਸ ਦੇ ਹੱਲ ਲਈ ਅਕਾਲ ਤਖ਼ਤ ਦੇ ਸਹਿਯੋਗ ਨਾਲ ਕੋਈ ਯੋਜਨਾ ਬਣਾਏ ਜਾਣ ਦੀ ਲੋੜ ਮਹਿਸੂਸ ਕੀਤੀ ਗਈ, ਪਰ ਕੀ ਸਿੱਖ ਲਹਿਰ ਦੇ ਮੌਜੂਦਾ ਸਰੂਪ ਵਿੱਚ ਇਨ੍ਹਾਂ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਕੋਈ ਤੱਤ ਮੌਜੂਦ ਹਨ ? ਆਓ, ਇਸ ਤੇ ਸਿੱਖ ਲਹਿਰ ਦੇ ਇਤਿਹਾਸਕ ਪ੍ਰਸੰਗ ਤੋਂ ਵਿਚਾਰ ਕਰੀਏ।

ਸਿੱਖ ਲਹਿਰ ਦਾ ਮੁੱਢਲਾ ਉਦੇਸ਼ ਮਨੁੱਖੀ ਬਰਾਬਰਤਾ ਦੀ ਕਾਇਮੀ ਸੀ। ਸ਼ੁਰੂਆਤੀ ਦੌਰ ਵਿੱਚ ਇਹ ਲਹਿਰ ਸਮਾਜਿਕ ਬਰਾਬਰਤਾ ਦੀ ਪ੍ਰਾਪਤੀ ਦੇ ਸੰਘਰਸ਼ ਵਜੋਂ ਉੱਭਰੀ। ਇਸ ਦੌਰ ਵਿੱਚ ਜਾਤ ਪਾਤ, ਊਚ ਨੀਚ, ਛੂਆ ਛਾਤ  ਆਦਿ ਬੁਰਾਈਆਂ ਖਿਲਾਫ ਮੁਹਿੰਮ ਚੱਲੀ। ਸਭ ਮਨੁੱਖਾਂ ਦੇ ਬਰਾਬਰ ਹੋਣ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਵਿੱਚ ਸਭ ਲੋਕਾਂ ਨੂੰ ਅਮਲੀ ਤੌਰ ’ਤੇ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ ਜਾਣ ਲੱਗਾ। ਮੁੱਖ ਤੌਰ ’ਤੇ ਮਨੁੱਖੀ ਬਰਾਬਰਤਾ ਬਾਰੇ ਇਸ ਧਾਰਨਾ ਨੂੰ ਪ੍ਰਫੁੱਲਤ ਕਰਨ ਦੇ ਯਤਨ ਕੀਤੇ ਗਏ ਕਿ ਮਨੁੱਖ ਆਪਣੇ ਕੀਤੇ ਚੰਗੇ ਜਾਂ ਮਾੜੇ ਕੰਮਾਂ ਕਾਰਨ ਉੱਚਾ ਜਾਂ ਨੀਵਾਂ ਹੁੰਦਾ ਹੈ ਨਾ ਕਿ ਆਪਣੀ ਜਾਤ ਕਾਰਨ। ਇਸ ਦੇ ਨਾਲ ਹੀ ਫ਼ਜ਼ੂਲ ਕਿਸਮ ਦੀਆਂ ਪ੍ਰੰਪਰਾਗਤ ਧਾਰਮਿਕ ਰਸਮਾਂ ਦੇ ਜੂੜ ਖੋਲ੍ਹਣ ਦੇ ਯਤਨ ਵੀ ਕੀਤੇ ਗਏ।

ਸੰਗਠਿਤ ਧਰਮਾਂ ਦੇ ਜੂਲੇ ਹੇਠੋਂ ਮੁਕਤ ਹੋਣ ਲਈ ਸੰਘਰਸ਼ ਦੀ  ਸ਼ੁਰੂਆਤ  ਉਸ ਵਕਤ ਦੇ ਇਨਸਾਨਾਂ ਲਈ ਆਜ਼ਾਦੀ ਵੱਲ ਪੁੱਟਿਆ ਇੱਕ ਅਹਿਮ ਕਦਮ ਸੀ। ਇਸ ਦੇ ਨਾਲ ਹੀ ਸਮਾਜ ਵਿੱਚ ਔਰਤ ਦੇ ਯੋਗਦਾਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਵਿਚਾਰ ਪੁੰਗਰਿਆ। ਸਮਾਜ ਵਿੱਚ ਔਰਤ ਦੇ ਸਤਿਕਾਰ ਦੀ ਗੱਲ ਚੱਲੀ। ਸਮਾਜਿਕ ਰੂਪ ਵਿੱਚ ਸ਼ੁਰੂ ਹੋਈ  ਤਬਦੀਲੀ ਦੀ ਇਸ ਲਹਿਰ ਵਿੱਚੋਂ ਅੱਗੇ ਜਾ ਕੇ ਇੱਕ ਪੂਰਨ ਇਨਕਲਾਬ ਦੇ ਨਕਸ਼ ਉਭਰਨ ਲੱਗੇ। ਇਹ ਲਹਿਰ ਸਥਾਪਿਤ ਰਾਜਾਸ਼ਾਹੀ ਅਤੇ ਜਗੀਰਦਾਰੂ ਢਾਂਚੇ ਖਿਲਾਫ ਇੱਕ ਲੋਕ ਲਹਿਰ ਵਜੋਂ ਉੱਭਰਨ ਲੱਗੀ। ਜਿਸ ਨੇ ਹਥਿਆਰਬੰਦ ਟੱਕਰਾਂ ਦੀਆਂ ਛੋਟੀਆਂ ਪਗਡੰਡੀਆਂ ਸਿਰਜੀਆਂ। ਆਖਿਰ 1710 ਈ: ਵਿੱਚ, ਜਦੋਂ ਯੂਰਪ ਵਿੱਚ ਅਜੇ ਕਿਸੇ ਇਨਕਲਾਬ ਦੀ ਚਿਣਗ ਵੀ ਪੈਦਾ ਨਹੀਂ ਸੀ ਹੋਈ, ਪੰਜਾਬ ਦੀ ਧਰਤੀ  ਤੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਲੋਕ ਸ਼ਕਤੀ ਰਾਜਸ਼ਾਹੀ ਨਾਲ ਟਕਰਾ ਗਈ। ਜਿਸ ਨੇ ਸਥਾਪਿਤ ਰਾਜਸ਼ਾਹੀ ਦੇ ਖੰਡਰਾਂ ਉੱਪਰ ਮੂਲੋਂ ਹੀ ਨਵੀਂ ਕਿਸਮ ਦੇ ਇਨਕਲਾਬ ਦਾ ਪਰਚਮ ਲਹਿਰਾ ਦਿੱਤਾ। ਜਗੀਰਦਾਰੂ ਢਾਂਚਾ ਤਬਾਹ ਕਰਕੇ ਮੁਜ਼ਾਰਾਸ਼ਾਹੀ ਦਾ ਭੋਗ ਪਾ ਦਿੱਤਾ ਗਿਆ। ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾ ਦਿੱਤਾਂ ਗਿਆ।

ਇਸ ਤਰ੍ਹਾਂ ਇਸ ਖਿੱਤੇ ਦੇ ਪੈਦਾਵਾਰੀ ਸਾਧਨ ਕੁਝ ਗਿਣਤੀ ਦੇ ਲੋਕਾਂ ਹੱਥੋਂ ਨਿਕਲ ਕੇ ਆਮ ਲੋਕਾਂ ਦੀ ਮਲਕੀਅਤ ਬਣ ਗਏ। ਨਵੇਂ ਰਾਜਨੀਤਕ ਪ੍ਰਬੰਧ ਵਿੱਚ ਲੋਕ ਰਾਜੇ ਦੀ ਪਰਜਾ ਨਾਂ ਰਹਿ ਕੇ ਰਾਜਨੀਤਕ ਸਤ੍ਹਾ ਵਿੱਚ ਭਾਈਵਾਲ ਬਣ ਗਏ। ਇਸ ਤਰ੍ਹਾਂ ਸਮਾਜਿਕ, ਧਾਰਮਿਕ ਖੇਤਰਾਂ ਵਿੱਚ ਦੀ ਆਪਣਾ ਪੈਂਡਾ ਤਹਿ ਕਰਦੀ ਹੋਈ ਸਿੱਖ ਲਹਿਰ  ਰਾਜਨੀਤਕ ਅਤੇ ਆਰਥਿਕ ਪ੍ਰਬੰਧ ਨੂੰ ਮੂਲੋਂ ਹੀ ਬਦਲ ਦੇਣ ਵਾਲੇ ਪੂਰਨ ਇਨਕਲਾਬ ਦੇ ਨਜ਼ਦੀਕ ਪਹੁੰਚ ਗਈ, ਪਰ ਆਪਣੇ ਸੀਮਿਤ ਸਾਧਨਾਂ ਅਤੇ ਹਕੂਮਤੀ ਜ਼ਬਰ ਕਾਰਨ ਇਹ ਲਹਿਰ ਬਹੁਤਾ ਚਿਰ ਟਿਕ ਨਾਂ ਸਕੀ। ਭਾਵੇਂ ਇਸ ਥੋੜ ਚਿਰੀ ਇਨਕਲਾਬੀ ਚਮਕਾਰੇ ਦੇ ਪ੍ਰਭਾਵ ਅੱਜ ਤਾਈਂ ਕਾਇਮ ਹਨ, ਪਰ ਬਾਅਦ ਵਿੱਚ ਸਾਜ਼ਗਰ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਇਹ ਲਹਿਰ ਇੱਕ ਪੂਰਨ ਇਨਕਲਾਬ ਵੱਲ ਅੱਗੇ ਨਾ ਵਧ ਸਕੀ। ਇਸ ਦਾ ਪ੍ਰਮੁੱਖ ਕਾਰਨ ਇਸ ਲਹਿਰ ਵਿੱਚ ਪੈਦਾ ਹੋਏ ਕਈ ਐਬ ਸਨ। 1765 ਈ: ਦੇ ਆਸ ਪਾਸ ਜਦ ਚਿਰਾਂ ਤੋਂ ਸਥਾਪਤ ਰਾਜਸ਼ਾਹੀ ਮਰਨੇ ਪਈ ਹੋਈ ਸੀ, ਬਾਹਰਲੇ ਹਮਲੇ ਬੰਦ ਹੋ ਗਏ ਸਨ ਤਾਂ ਸਿੱਖ ਲਹਿਰ ਦੀਆਂ ਝੰਡਾ ਬਰਦਾਰ ਮਿਸਲਾਂ ਲੋਕ ਸ਼ਕਤੀ ਨੂੰ ਉਭਾਰਕੇ ਇਨਕਲਾਬ ਦੇ ਆਧੂਰੇ ਰਹਿ ਗਏ ਕਾਰਿਜ ਨੂੰ ਅੱਗੇ  ਵਧਾਉਣ ਦੀ ਥਾਂ ਸਿਧਾਂਤਕ ਤੌਰ ਤੇ ਜਗੀਰਦਾਰੂ ਰੁਚੀਆਂ ਦਾ ਸ਼ਿਕਾਰ ਹੋ ਗਈਆਂ। ਇਸ ਤਰ੍ਹਾਂ ਇਹ ਸੰਘਰਸ਼ ਜਮਾਤੀ ਸੰਘਰਸ਼ ਦਾ ਗੂੜ੍ਹਾ ਰੰਗ ਫੜਕੇ  ਕੋਈ ਇਤਿਹਾਸਕ ਜਲਵਾ ਦਿਖਾਉਣ ਤੋਂ ਪਹਿਲਾਂ ਹੀ ਇਨਕਲਾਬ ਦੀ ਪਟੜੀ ਤੋਂ ਲਹਿ ਗਿਆ।

ਮਿਸਲਦਾਰਾਂ ਅੰਦਰ ਜਾਤੀ ਹਉਮੈ, ਰਾਜਸਤ੍ਹਾ ਦਾ ਮਜ਼ਾ ਮਾਨਣ ਦੀ ਲਲਕ ਅਤੇ ਪੁਰਾਣੀ ਰਾਜਸ਼ਾਹੀ ਵਾਲੀਆਂ ਧੱਕੜ, ਹੈਂਕੜਬਾਜ਼ ਅਤੇ ਲੋਕ ਦਬਾਊ ਕਰੁਚੀਆਂ ਪ੍ਰਬਲ ਹੋ ਜਾਣ ਨਾਲ ਕੇਵਲ ਇਨਕਲਾਬ ਨੂੰ ਹੀ ਪੁਠਾ ਗੇੜਾ ਨਹੀਂ ਆਇਆ ਸਗੋਂ ਇਨਕਲਾਬੀ ਸੋਚ ਵੀ ਗ੍ਰਹਿਣੀ ਗਈ। ਅਠਾਹਰਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਜਦੋਂ ਫਰਾਂਸ ਵਿੱਚ ਰਾਜਾਸ਼ਾਹੀ ਨੂੰ ਤਬਾਹ ਕਰਕੇ ਲੋਕਸ਼ਾਹੀ ਦਾ ਝੰਡਾ ਬੁਲੰਦ ਕਰਨ ਲਈ ਲੋਕ ਇਨਕਲਾਬ ਆਪਣੇ ਸਿਖਰ ਵੱਲ ਵਧ ਰਿਹਾ ਸੀ ਤਾਂ ਐਨ ਉਸੇ ਸਮੇਂ ਪੰਜਾਬ ਦੀ ਧਰਤੀ ਉੱਪਰ, ਜਿੱਥੇ 80 ਵਰ੍ਹੇ ਪਹਿਲਾਂ ਲੋਕ ਇਨਕਲਾਬ ਨੇ ਬਿਜਲੀ ਵਰਗੀ ਥੋੜ ਚਿਰੀ ਲਿਸ਼ਕ ਮਾਰੀ ਸੀ, ਰਣਜੀਤ ਸਿੰਘ ਇਨਕਲਾਬੀ ਲੋਕ ਲਹਿਰ ਨੂੰ ਕੁਰਾਹੇ ਪਾ ਕੇ ਮਰਦੀ ਜਾ ਰਹੀ ਰਾਜਾਸ਼ਾਹੀ ਪ੍ਰੰਪਰਾ ਨੂੰ ਮੁੜ ਜੀਵਿਤ ਕਰਕੇ ਆਪ ਮਹਾਰਾਜਾ ਬਣਨ ਦੇ ਇਨਕਲਾਬ ਵਿਰੋਧੀ ਪੁੱਠੇ ਕੰਮਾਂ ਵਿੱਚ ਗਲਤਾਨ ਸੀ। ਉਸਦੇ ਮਹਾਰਾਜਾ ਬਣਨ ਨਾਲ  ਸਿੱਖ ਲਹਿਰ ਰਾਹੀਂ ਸ਼ੁਰੂ ਹੋਏ ਲੋਕ ਸੰਘਰਸ਼ ਦਾ ਇੱਕ ਅਧਿਆਏ ਖਤਮ ਹੋ ਗਿਆ ਅਤੇ ਇਹ ਲੋਕ ਲਹਿਰ ਇੱਕ ਪ੍ਰਚੰਡ ਇਨਕਲਾਬੀ ਲਹਿਰ ਦਾ ਰੂਪ ਧਾਰਨ ਦੀ ਬਜਾਇ ਜਗੀਰਦਾਰੂ ਰੁਚੀਆਂ ਦੀ ਵਲਗਣ ਅੰਦਰ ਕੈਦ ਹੋ ਕੇ ਰਹਿ ਗਈ।

ਰਣਜੀਤ ਸਿੰਘ ਤੋਂ ਬਾਅਦ 1870 ਈ: ਦੇ ਆਸ ਪਾਸ ਸ਼ੁਰੂ ਹੋਈ ਸਿੱਖ ਜਾਗ੍ਰਿਤੀ ਲਹਿਰ ਦੇ ਆਗੂਆਂ ਨੇ ਇਸ ਨੂੰ ਇੱਕ ਸੰਗਠਿਤ ਧਰਮ ਦਾ ਰੂਪ ਦੇਣ ਲਈ ਜ਼ੋਰ ਲਾ ਦਿੱਤਾ। ਜਿਵੇਂ ਜਿਵੇਂ ਸੰਗਠਨ ਮਜ਼ਬੂਤ ਹੁੰਦਾ ਗਿਆ ਇਸ ਲਹਿਰ ਵਿੱਚੋਂ ਇੱਕ ਨਵੀ ਨਰੋਈ ਲਹਿਰ ਵਾਲੀ ਤਾਜ਼ਗੀ ਅਤੇ ਖੁਸ਼ਬੂ ਖਤਮ ਹੋਣੀ ਸ਼ੁਰੂ ਹੋ ਗਈ। ਇਸ ਦੇ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਵਾਲੇ ਖਾਸੇ ਦਾ ਖਾਤਮਾ ਹੋ ਗਿਆ। ਇਸ ਵਿੱਚ ਇੱਕ ਸੰਗਠਿਤ ਧਰਮ ਵਾਲੇ ਸਾਰੇ ਐਬਾਂ ਜਿਵੇਂ ਕਿ ਕਬਜ਼ੇ ਦੀ ਭਾਵਨਾ, ਧਰਮ ਸਤ੍ਹਾ ਨੂੰ ਰਾਜਨੀਤਕ ਤਾਕਤ ਲਈ ਪੌੜੀ ਵਜੋਂ ਵਰਤਣਾ, ਲੋਕਾਂ ਦੀ ਸੋਚ  ਅਤੇ ਰੋਹ ਨੂੰ ਲੋਕ ਹਿਤੈਸ਼ੀ ਦਿਸ਼ਾ ਤੋਂ ਭਟਕਾਉਣਾ, ਲੋਕ ਸ਼ਕਤੀ ਨੂੰ ਫਿਰਕਿਆਂ ਵਿੱਚ ਵੰਡ ਕੇ ਕਮਜ਼ੋਰ ਕਰਨਾ ਆਦਿ ਦਾ ਪਸਾਰਾ ਹੋ ਗਿਆ। ਇਨ੍ਹਾਂ ਐਬਾਂ ਦੀ ਮਾਰ ਹੇਠ ਆਈ ਸਿੱਖ ਲਹਿਰ ਜਮਾਤੀ ਸੰਘਰਸ਼ ਨੂੰ ਤਿੱਖਿਆਂ ਕਰਨ ਵਿੱਚ ਕੋਈ ਯੋਗਦਾਨ ਪਾਉਣ ਦੀ ਬਜਾਇ ਸਥਾਪਤੀ ਦੇ ਹੱਕ ਵਿੱਚ ਭੁਗਤਣ ਲੱਗ ਪਈ। ਪਿਛਲੇ ਪੰਜਾਹ ਸਾਲਾਂ  ਦੌਰਾਨ ਸਿੱਖ ਧਰਮ ਦੇ ਢਾਂਚੇ ਉੱਪਰ ਕਾਬਿਜ਼ ਲੋਕਾਂ ਨੇ ਇਸ ਧਰਮ ਦੀ ਕਲਾ ਉਸੇ ਤਰ੍ਹਾਂ  ਹੀ ਮਰੋੜ ਕੇ ਰੱਖੀ ਹੈ ਜਿਸ ਤਰਾਂ ਕਿ ਉਨ੍ਹਾਂ ਦੇ (ਜਗੀਰਦਾਰੂ) ਹਿਤਾਂ ਨੂੰ ਮਾਫਿਕ ਬੈਠਦਾ ਹੋਏ। ਪਿਛਲੀ ਸਦੀ ਦੇ ਅੱਸੀਵੀਆਂ ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੱਲੀ ਲਹਿਰ ਦੌਰਾਨ ਜੇਕਰ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਕੁੱਝ ਤਰੰਗਾਂ ਪੈਦਾ ਵੀ ਹੋਈਆਂ ਤਾਂ ਉਹ ਫਿਰਕੂ ਬਿਰਤੀਆਂ ਅਤੇ ਕੱਟੜਤਾ ਦੀਆਂ ਜ਼ੋਰਦਾਰ ਗੂੜ੍ਹੀਆਂ ਤਰੰਗਾਂ ਹੇਠ ਮਸਲੀਆਂ ਗਈਆਂ।

ਅੱਜ ਦੇ ਆਗੂ ਜਗੀਰਦਾਰੂ ਰੁਚੀਆਂ ਦੇ ਨਾਲ ਨਾਲ ਸਰਮਾਏਦਾਰੀ ਜਮਾਤ ਦੇ ਭਿਆਲੀਦਾਰ ਵੀ ਬਣ ਗਏ ਹਨ ਜਿਨ੍ਹਾਂ ਦੇ ਜਾਤੀ ਅਤੇ ਜਮਾਤੀ ਹਿਤ ਆਮ ਲੋਕਾਂ (ਭਾਵੇਂ ਉਹ ਸਿੱਖ ਹੀ ਕਿਉਂ ਨਾਂ ਹੋਣ) ਨਾਲੋਂ ਵੱਖਰੇ ਹਨ। ਇਹੋ ਹੀ ਕਾਰਨ ਹੈ ਕਿ ਅੱਜ ਦੇ ਜਮਾਤੀ ਸੰਘਰਸ਼ ਵਿੱਚੋਂ ਸਿੱਖ ਲਹਿਰ ਗਾਇਬ ਹੈ। ਅੱਜ ਹੀ ਗਾਇਬ ਨਹੀ ਹੈ, ਅਸਲ ਵਿੱਚ ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਦੇ ਰਾਹੋਂ ਭਟਕ ਗਈ ਸੀ। ਐਵੇਂ ਨਹੀਂ ਸੀ ਗਿਆਨੀ ਗਿਆਨ ਸਿੰਘ ਨੂੰ ਲਿਖਣਾ ਪਿਆ ਕਿ    
    ਇਸ ਦੇਸ ਤੇ ਸਿੱਖੀ ਉਠ ਗਈ, ਦੂਰਿ ਜਾਇ ਲੀਤੀ ਵਾਸਿ ।।

ਸੋ, ਜੇਕਰ ਸਿੱਖ ਜ਼ਿਮੀਂਦਾਰ ਗ਼ਰੀਬ ਸਿੱਖਾਂ ਦਾ ਬੰਧੂਆਂ ਮਦੂਰਾਂ ਵਾਂਗ ਸ਼ੋਸ਼ਣ ਕਰ ਰਹੇ ਹਨ ਤਾਂ ਇਹ ਮਸਲਾ ਨਿਰੋਲ ਮਲਿਕ ਭਾਗੋ ਅਤੇ ਭਾਈ ਲਾਲੋ ਦੇ ਚਲਦੇ ਆ ਰਹੇ ਜਮਾਤੀ ਸੰਘਰਸ਼ ਦਾ ਹੈ ਨਾਂ ਕਿ ਧਾਰਮਿਕ। ਇਨ੍ਹਾਂ ਬੰਧੂਆਂ ਮਜ਼ਦੂਰਾਂ ਦੀ ਮੁਕਤੀ ਦਾ ਰਾਹ ਸਿੱਖ ਲਹਿਰ ਵਿੱਚੋਂ ਤਲਾਸ਼ਣਾ ਵੀ ਵਾਜਿਬ ਨਹੀਂ ਹੋਏਗਾ, ਕਿਉਂਕਿ ਮਨੁੱਖੀ ਸੰਘਰਸ਼ ਦੇ ਇਸ ਪੜਾਅ ਤੇ ਮੌਜੂਦਾ ਸਿੱਖ ਲਹਿਰ ਦਾ ਖਾਸਾ ਮਲਿਕ ਭਾਗੋ ਵਰਗੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰਦਾ ਹੈ ਨਾ ਕਿ ਭਾਈ ਲਾਲੋ ਵਰਗੇ ਕਿਰਤੀਆਂ ਦੀ।

ਸੰਪਰਕ: 001 (905)795-3428

Comments

Avtar Gill

Great Thought

sweg Deol

Excellent exposure and analysis of the "representatives"of Sikhs!! Thank you Hazara Singh Ji!!!

ਇਸ ਛੋਟੇ ਜਿਹੇ ਲੇਖ ਵਿੱਚ ਸਰਦਾਰ ਹਜ਼ਾਰਾ ਸਿੰਘ ਨੇ ਛੋਹਿਆ ਮੁੱਦਾ ਬਹੁਤ ਹੀ ਵਿਸਥਾਰ ਨਾਲ ਸਮਝਾਇਆ ਹੈ। ਜਦੋਂ ਪੰਜਾਬ ਦੇਸ਼ ਦੇ ਜੱਟ ਸਰਦਾਰ ਬਣੇ ਉਦੋਂ ਹੀ ਸਿੱਖ ਧਰਮ ਚੌ ਸਭੇ ਸਾਝੀਵਾਲਤਾਂ ਵਾਲਾ ਇਨਕਲਾਬੀ ਮੁੱਦਾ ਗਾਇਬ ਹੋ ਗਿਆ ਇਸ ਦੀਆਂ ਉ੍ਘੱੜਵੀਆਂ ਮਿਸਾਲਾਂ ਹਨ ਜਾਤਾਂ ਗੋਤਾਂ ਦੇ ਅਧਾਰ ਤੇ ਬਣੇ ਗਰੂ ਘਰ। ਜਿੱਥੇ ਅੱਜ ਵੀ ਪਾਪ ਦੀ ਕਮਾਈ ਵਾਲੇ ਮਲਕ ਭਾਗੋ ਪਾਪ ਦੀ ਕਮਾਈ ਵਿੱਚੋ ਹੀ ਚੜਾਵਾ ਝੜਾ ਕੇ ਸੱਭ ਤੋਂ ਅੱਗੇ ਬੈਠੇ ਹੁੰਦੇ ਹਨ ਗੁਰੂਘਰਾਂ ਦੇ ਦਰਾਂ ਵਿੱਚ ਬੈਠੈ ਗਰੀਬ ਸਿੱਖਾ ਲਈ ਤਾਂ ਮਾਹਾਰਾਜ ਦੀ ਦੇਗ ਤੇ ਲੰਗਰ ਵੀ ਨਹੀਂ ਪਹੁੰਚਦਾ।

Abhijot

ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪਰ ਜੋ ਤੁਸੀਂ ਸਿੱਟਾ ਕਢਿਆ ਹੈ ਉਹ ਸਚ ਹੈ ..ਸਿਖ ਧਰਮ ਹੁਣ ਬਾਬੇ ਨਾਨਕ ਵਾਲਾ ਧਰਮ ਨਹੀ ਰਿਹਾ .

Gurpreet

ਹਜ਼ਾਰਾ ਸਿੰਘ ਜੀ ਸਿਧਾਂਤਕ ਲੇਖ ਲਿਖਣ ਲਈ ਸ਼ੁਕ੍ਰਿਯਾ.

Grewal Ranjeet

ਛੋਟੇ ਜਿਹੇ ਲੇਖ ਵਿਚ ਬਹੁਤ ਵਧੀਆ ਢੰਗ ਨਾਲ ਹਜਾਰਾ ਸਿੰਘ ਜੀ ਨੇ ਸਿਖ ਲਹਿਰ ਵਿਚ ਆੲੀ ਗਿਰਾਵਟ ਦਾ ਵਖੀਆਨ ਕੀਤਾ ਹੈ ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ