Mon, 09 September 2024
Your Visitor Number :-   7220061
SuhisaverSuhisaver Suhisaver

ਅਕਾਲੀ ਦਲ ਦਾ ਏਕਾਧਿਕਾਰ ਤੇ ਭਾਜਪਾ ਦੀਆਂ ਚਾਲਾਂ -ਦਰਬਾਰਾ ਸਿੰਘ ਕਾਹਲੋਂ

Posted on:- 03-12-2014

suhisaver

ਲੋਕਤੰਤਰ ਸੱਤਾ ਪ੍ਰਾਪਤੀ ਲਈ ਕਿਸੇ ਸਿਆਸੀ ਪਾਰਟੀ ਵਾਸਤੇ ਰਾਜਨੀਤਕ, ਵਿਚਾਰਧਾਰਕ ਸੰਗਠਨਾਤਮਿਕ ਮਜ਼ਬੂਤੀ ਅਤਿ ਜ਼ਰੂਰੀ ਹੈ। ਵਿਸ਼ਵ ਦੇ ਸਭ ਤੋਂ ਪੁਰਾਣੇ ਬਰਤਾਨਵੀ ਲੋਕਤੰਤਰ ਅੰਦਰ ਟੋਰੀ, ਲਿਬਰਲ ਅਤੇ ਲੇਬਰ ਪਾਰਟੀਆਂ, ਵਿਸ਼ਵ ਦੇ ਸਭ ਤੋਂ ਤਾਕਤਵਰ ਅਮਰੀਕੀ ਲੋਕੰਤਰ ਅੰਦਰ ਡੈਮੋਕ੍ਰੇਟਿਕ ਅਤੇ ਰਿਪਬਲੀਕਨ ਪਾਰਟੀਆਂ ਜੇਕਰ ਸੈਂਕੜੇ ਸਾਲਾਂ ਤੋਂ ਤਾਕਤਵਰ, ਗਤੀਸ਼ੀਲ ਅਤੇ ਜਿੰਦਾ ਹਨ ਤਾਂ ਇਸ ਮੁੱਖ ਰਾਜ ਇਨ੍ਹਾਂ ਦੀ ਅੰਦਰੂਨੀ ਲੋਕਤੰਤਰ ਆਧਾਰਤ ਸੰਗਠਨਾਤਿਮਕ ਅਤੇ ਵਿਚਾਰਧਾਰਕ ਮਜ਼ਬੂਤੀ ਹੈ। ਇਸ ਤੋਂ ਇਲਾਵਾ ਇਹ ਪਾਰਟੀਆਂ ਲਗਾਤਾਰ ਬਦਲੇ ਗਲੋਬਲ ਹਾਲਾਤ, ਰਾਜਨੀਤਕ, ਆਰਥਿਕ, ਕੌਮਾਂਤਰੀ ਚੁਣੌਤੀਆਂ ਸਨਮੁੱਖ ਆਪਣੇ ਅੰਦਰ ਤਬਦੀਲੀਆਂ ਕਰਦੀਆਂ ਰਹੀਆਂ ਹਨ।

ਭਾਰਤ ਅੰਦਰ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵਾਂਗ ਸ਼ੋ੍ਰਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਜੋ ਦਸੰਬਰ 14, 1920 ਨੂੰ ਗਠਤ ਕੀਤੀ ਗਈ ਸੀ। ਇਸ ਪਾਰਟੀ ਦੇ ਕੁਰਬਾਨੀ ਭਰੇ ਸ਼ਾਨਾਮੱਤੇ ਇਤਿਹਾਸ ਅਤੇ ਕਾਰਕਰਦਗੀ ਦਾ ਕੋਈ ਸਾਨੀ ਨਹੀਂ। ਪਰ ਬਦਲਦੇ ਗਲੋਬਲ, ਰਾਸ਼ਟਰੀ, ਰਾਜਨੀਤਕ, ਅਰਥਿਕ ਹਾਲਾਤਾਂ ਅਤੇ ਚੁਣੌਤੀਆਂ ਸਨਮੁੱਖ ਆਪਣੇ ਅੰਦਰ ਤਬਦੀਲੀਆਂ ਨਾ ਕਰਨ, ਪਿਛਲੇ ਸਾਢੇ ਸੱਤ ਸਾਲਾਂ ਤੋਂ ਲਗਤਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ, ਪਾਰਟੀ ਅੰਦਰ ਅੰਦਰੂਨੀ ਲੋਕਤੰਤਰ ਪ੍ਰਣਾਲੀ ਨਾ ਅਪਣਾਉਣ, ਵਿਚਾਰਧਾਰਕ ਆਧਾਰ ਬਿਲਕੁਲ ਵਿਸਾਰਨ, ਪਰਿਵਾਰਵਾਦੀ ਏਕਾਧਿਕਾਰ ਸਥਾਪਤ ਕਰਨ, ਟਕਸਾਲੀ ਅਕਾਲੀ ਅਗੂਆਂ ਨੂੰ ਰਾਜਨੀਤਕ ਹਾਸ਼ੀਏ ’ਤੇ ਸੁੱਟਣ ਕਰਕੇ ਅੱਜ ਇਹ ਸੰਗਠਨਾਤਮਿਕ ਤੌਰ ’ਤੇ ਬੁਰੀ ਤਰ੍ਹਾਂ ਕਮਜ਼ੋਰ ਹੋਈ ਪਈ ਹੈ।

ਹੈਰਾਨਗੀ ਦੀ ਗੱਲ ਇਹ ਹੈ ਕਿ ਜਿੱਥੇ ਭਾਜਪਾ ਅਤੇ ਇਸ ਦੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਸੱਤਾ ਪ੍ਰਾਪਤੀ ਦੇ ਬਾਵਜੂਦ ਆਪਣੀ ਰਾਜਨੀਤਕ ਪਕੜ ਅਤੇ ਕਾਰਗੁਜ਼ਾਰੀ ਬਾਰੇ ਲਗਾਤਾਰ ਨਿਰਪੱਖ ਪ੍ਰੋਫੈਸ਼ਨਲ ਏਜੰਸੀਆਂ ਤੋਂ ਸਰਵੇ ਕਰਵਾ ਰਹੀ ਹੈ, ਸ਼ੋ੍ਰਮਣੀ ਅਕਾਲੀ ਦਲ ਅਜਿਹੀ ਪ੍ਰਕਿਰਿਆ ਤੋਂ ਲਗਾਤਾਰ ਭੱਜ ਰਿਹਾ ਹੈ।

ਪੰਜਾਬ ਦੇ ਪ੍ਰੋਢ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦਾ ਪੁੱਤਰ ਉਪ ਮੁੱਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਨੂੰ, ਪਾਰਟੀ ਲੀਡਰਸ਼ਿਪ, ਪਾਰਟੀ ਕਾਡਰ ਅਤੇ ਪੰਜਾਬ ਦੀ ਜਨਤਾ ਨੂੰ ਰਾਜਨੀਤਕ ਹਨੇਰੇ ਵਿਚ ਰੱਖ ਰਹੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਦੀ ਰਾਜਨੀਤਕ ਸਾਂਝ ਪਤੀ-ਪਤਨੀ ਵਾਲੀ ਅਤੇ ਅਟੁੱਟ ਹੈ।

ਸ੍ਰੀ ਨਰੇਂਦਰ ਮੋਦੀ, ਅਮਿਤ ਅਸ਼ਾਹ ਜੋੜੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਸ੍ਰੀ ਮੋਹਨ ਭਾਗਵਤ ਨੇ ਬੜੀ ਯੋਜਨਾਬੱਧ ਰਣਨੀਤੀ ਅਧੀਨ ਪੰਜਾਬ ਵਰਗੇ ਮਹੱਤਵਪੂਰਨ ਸਰਹੱਦੀ ਸੂਬੇ ਜਿੱਥੇ ਤਾਕਤਵਰ ਸਿੱਖ ਘੱਟ ਗਿਣਤੀ, ਬਹੁਤਗਿਣਤੀ ਵਿਚ ਹੈ, ਨੂੰ ਹਿੰਦੁਤਵੀ ਛਤਰ ਹੇਠ ਲਿਆਉਣ ਲਈ ਅਮਲ ਸ਼ੁਰੂ ਹੋਇਆ ਹੈ।

ਭਾਜਪਾ ਅਤੇ ਆਰਐਸਐਸ ਭਲੀਭਾਂਤ ਜਾਣਦੀ ਹੈ ਕਿ ਸਿੱਖ ਅਤੇ ਪੰਥਕ ਸ਼ਕਤੀਆਂ ਡੇਰੇਦਾਰਾਂ ਦੇ ਵੱਡੇ ਪ੍ਰਭਾਵ ਹੇਠ ਹਨ। ਪੰਜਾਬ ਦੇ ਸਿੱਖਾਂ, ਹਿੰਦੂਆਂ, ਦਲਿਤਾਂ ਦੇ ਵੱਡੇ ਹਿੱਸੇ ’ਤੇ ‘ਰਾਧਾ ਸਵਾਮੀ’ ਡੇਰੇ ਦਾ ਪ੍ਰਭਾਵ ਹੈ, ਜਿਸ ਦੀਆਂ ਬ੍ਰਾਂਚਾਂ ਹਰ ਕਸਬੇ ਅਤੇ ਸ਼ਹਿਰ ਵਿਚ ਹਨ। ਆਰਐਸਐਸ ਮੁਖੀ ਸ੍ਰੀ ਮੋਹਨ ਭਾਗਵਤ ਅਤੇ ਲਾਲ ਕ੍ਰਿਸ਼ਨ ਅਡਵਾਨੀ ਇਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤਾਂ ਕਰ ਚੁੱਕੇ ਹਲ। ਸਿਰਸੇ ਵਾਲੇ ਡੇਰੇ ਦੇ ਬਾਬੇ ਰਾਮ ਰਹੀਮ ਗੁਰਮੀਤ ਸਿੰਘ ਦੀ ਸਰਹਾਨਾ ਖੁਦ ਸ੍ਰੀ ਮੋਦੀ ਕਰ ਰਹੇ ਹਨ, ਜਿਸ ਨੇ ਉਨ੍ਹਾਂ ਦੀ ‘ਸਵੱਛ ਭਾਰਤ’ ਲਹਿਰ ’ਚ ਭਾਗ ਲੈਂਦੇ ਛੇ ਘੰਟੇ ’ਚ ਮੁੰਬਈ ਸਾਫ਼ ਕਰ ਦਿੱਤੀ। ਇਵੇਂ ਹੀ ਹੋਰ ਡੇਰੇਦਾਰਾਂ ਨਾਲ ਸੰਪਰਕ ਜਾਰੀ ਹਨ।
ਪੰਜਾਬ ਭਾਜਪਾ ਯੂਨਿਟ ਅਕਾਲੀਆਂ ਵਿਸਾਰਿਆ ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣ ਦਾ ਮੁੱਦਾ ਚੁੱਕ ਰਹੀ ਹੈ। ਇਹ ਅਕਾਲੀ ਦਲ ਨੂੰ ਉਲਝਾਉਣ ਦੀ ਚਾਲ ਹੈ। ਭਲਾਂ ਹਰਿਆਣਾ ਭਾਜਪਾ ਸਰਕਾਰ ਇਸ ਲਈ ਤਿਆਰ ਹੋਵੇਗੀ?

ਰਾਸ਼ਟਰੀ ਸਿੱਖ ਸੰਗਤ ਵਿੰਗ ਰਾਹੀਂ ਸਿੱਖਾਂ ਨੂੰ ਹਿੰਦੁਤਵ ਮੁੱਖ ਧਾਰਾ ’ਚ ਜਜ਼ਬ ਕਰਨ ਦੇ ਉਪਰਾਲੇ ਤੇਜ਼ ਕਰ ਦਿੱਤੇ ਹਨ। ਇਸੇ ਲਈ ਸ੍ਰੀ ਮੋਹਨ ਭਾਗਵਤ ਪੰਜਾਬ ਦੇ ਵਾਰ-ਵਾਰ ਦੌਰੇ ਕਰ ਰਹੇ ਹਨ। ਸ੍ਰੀ ਨਰੇਂਦਰ ਮੋਦੀ ਨੇ ਸਿੱਖ ਕਤਲੇਆਮ ਨੂੰ ਭਾਰਤ ਦੀ ਸਦੀਆਂ ਪੁਰਾਣੀ ਏਕਤਾ ਦੇ ਸੀਨੇ ’ਚ ਖੰਜਰ ਕਹਿ ਕੇ ਸਿੱਖ ਪੱਤਾ ਖੇਡਿਆ ਹੈ।

ਪਰ ਉਹ ਸੰਨ 2002 ਵਿਚ ਗੋਧਰਾ ਕਾਂਡ ਬਾਅਦ ਉਨ੍ਹਾਂ ਦੇ ਮੁੱਖ ਮੰਤਰੀ ਹੁੰਦੇ ਗੁਜਰਾਤ ਵਿਚ ਕਰੀਬ 100 ਮੁਸਲਮਾਨ ਮਾਰੇ ਜਾਣ ਨੂੰ ਸਦੀਆਂ ਪੁਰਾਣੀ ਭਾਰਤੀ ਏਕਤਾ ਦੇ ਸੀਨੇ ਵਿਚ ਹਿੰਦੁਤਵੀ ਖੰਜਰ ਬਾਰੇ ਦੱਸਣਾ ਭੁੱਲ ਰਹੇ ਹਨ ਜਦੋਂ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਨੇ ਉਨ੍ਹਾਂ ਨੂੰ ‘ਰਾਜ ਧਰਮ’ ਨਾ ਨਿਭਾਉਣ ਕਰਕੇ ਤਾੜਿਆ ਸੀ, ਕਿਉਂਕਿ ਉਹ ਇੰਨੇ ਵੱਡੇ ਪੱਧਰ ’ਤੇ ਮੁਸਲਿਮ ਕਤਲੇਆਮ ਹੋਣੋਂ ਨਹੀਂ ਸਨ ਰੋਕ ਸਕੇ।

ਰਾਜਾਂ ਦੀ ਸੱਤਾ ’ਤੇ ਕਬਜ਼ਾ ਕਰਨ ਲਈ ਉਸ ਨੇ ‘ਐਕਲਾ ਚਲੋ’ ਨੀਤੀ ’ਤੇ ਚੱਲਦੇ ਹਰਿਆਣਾ ਵਿਚ ਜਨਹਿੱਤ ਕਾਂਗਰਸ ਅਤੇ ਮਹਾਰਾਸ਼ਟਰ ਅੰਦਰ ਪੁਰਾਣੀ ਭਾਈਵਾਲ ਹਿੰਦੁਤਵੀ ਸ਼ਿਵ ਸੈਨਾ ਨੂੰ ਤਿਲਾਂਜਲੀ ਦੇ ਦਿੱਤੀ। ਅਜਿਹੇ ਰਾਜਨੀਤਕ ਪ੍ਰਸੰਗ ਵਿਚ ਉਹ ਸ਼ੋ੍ਰਮਣੀ ਅਕਾਲੀ ਨੂੰ ਤਿਲਾਂਜਲੀ ਦੇਣੋਂ ਜ਼ਰਾ ਨਹੀਂ ਝਿਜਕੇਗੀ। ਸ਼ਿਵ ਸੈਨਾ ਵਾਂਗ ਜੂਨੀਅਰ ਪਿੱਠੂ ਭਾਈਵਾਲ ਰੱਖਣ ਬਾਰੇ ਵੀ ਜ਼ਰੂਰੀ ਨਹੀਂ ਕਿ ਮੰਨੇ।

ਪਰਿਵਾਰਕ ਰਾਜਨੀਤਕ ਏਕਾਧਿਕਾਰ ਨੇ ਸ਼ੋ੍ਰਮਣੀ ਅਕਾਲੀ ਵਰਗੀ ਸਿੱਖ ਕੌਮ ਦੀ ਪ੍ਰਤੀਨਿਧ ਰਾਜਨੀਤਕ ਪਾਰਟੀ ਦੇ ‘ਪੰਥਕ ਏਜੰਡਾ’ ਦਾ ਸੰਨ 1996 ’ਚ ਮੋਗਾ ਕਨਵੈਨਸ਼ਨ ਵੇਲੇ ਤੋਂ ਭੋਗ ਪਾਉਣਾ ਸ਼ੁਰੂ ਕਰ ਦਿੱਤਾ। ਪੰਥਕ, ਟਕਸਾਲੀ ਅਕਾਲੀ ਆਗੂਆਂ ਨੂੰ ਰਾਜਨੀਤਕ ਹਾਸ਼ੀਏ ’ਤੇ ਵਗਾਹ ਮਾਰਨਾ ਸ਼ੁਰੂ ਕਰ ਦਿੱਤਾ। ਪਾਰਟੀ ਅਤੇ ਸ਼ੋ੍ਰਮਣੀ ਕਮੇਟੀ ਅੰਦਰ ਸਿੱਖ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਸਿਧਾਂਤਾਂ ਨੂੰ ਛੁਟਿਆਉਣਾ ਸ਼ੁਰੂ ਕਰ ਦਿੱਤਾ। ਹਰ ਪੱਧਰ ’ਤੇ ਪਰਿਵਾਰਵਾਦੀ, ਜਗੀਰੂਵਾਦੀ, ਪਦਾਰਥਵਾਦੀ, ਭਿ੍ਰਸ਼ਟ, ਨਸ਼ੀਲੇ ਪਦਾਰਥਾਂ ਅਤੇ ਅਪਰਾਧੀਕਰਨ ਦੀ ਰਾਜਨੀਤੀ ਦੇ ਸਰਗਨਿਆਂ ਨੂੰ ਲੀਡਰ ਸਥਾਪਤ ਕਰਨਾ ਆਰੰਭ ਦਿੱਤਾ।

ਹੁਣ ਸਮਾਂ ਮੰਗ ਕਰ ਰਿਹਾ ਹੈ ਕਿ ਪੰਜਾਬ ਦੇ ਪ੍ਰੌਢ 87 ਸਾਲਾ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਸਭ ਮਾਣ-ਸਨਮਾਨ ਅਤੇ ਅਹੁਦੇ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਦੀ ਝੋਲੀ ਵਿਚ ਪੰਥ ਨੇ ਪਾਇਆ, ਉਹ ਵਾਪਸ ਕਰ ਦੇਣ। ਪਰਿਵਾਰਵਾਦ ਦੀ ਥਾਂ ਅਕਾਲੀਵਾਦੀ-ਸਿੱਖਵਾਦੀ-ਪੰਜਾਬੀਵਾਦੀ ਅੱਗ ਫੱਕਣ ਵਾਲੇ ਪ੍ਰਬੁੱਧ ਨੌਜਵਾਨਾਂ ਨੂੰ ਪੰਥ ਅਤੇ ਅਕਾਲੀ ਦਲ ਸੌਂਪ ਦੇਣ, ਜੋ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿਚ ਅਕਾਲੀ ਰਾਜਨੀਤਕ ਬ੍ਰਾਂਚਾਂ ਸਥਾਪਤ ਕਰਨ। ਪੰਜਾਬ ਅੰਦਰ ਦੇਸ਼ ਵਿਚ ਸਭ ਤੋਂ ਵੱਧ 31 ਫ਼ੀਸਦੀ ਦਲਿਤ ਆਬਾਦੀ ਹੈ, ਜਿਸ ਨੂੰ ਭਾਜਪਾ ਅਤੇ ਆਰਐਸਐਸ ਨਾਲ ਜੋੜਨ ਲਈ ਉੱਤਰ ਪ੍ਰਦੇਸ਼ ਦੇ ਅਪਰਾਧਕ ਬਿੰਬ ਵਾਲੇ ਦਲਿਤ ਆਗੂ ਰਾਮ ਸ਼ੰਕਰ ਕਥੇਰੀਆ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ। ਇਸ ਦੇ ਮੁਕਾਬਲੇ ਲਈ ‘ਰੰਗਰੇਟੇ ਗੁਰੂ ਕੇ ਬੇਟਿਆਂ’ ਦੀ ਤਾਕਤਵਰ ਟੀਮ ਅੱਗੇ ਲਿਆਉਣ।

ਪਾਟੀ ਹੋਈ ਸਾਹ ਸੱਤਾਹੀਣ ਕਾਂਗਰਸ ਤੇ ਬਸਪਾ, ਕਾਡਰ ਰਹਿਤ ਆਮ ਆਦਮੀ ਪਾਰਟੀ ਅਦਿ ਨਹੀਂ ਸਿਰਫ਼ ਅਤੇ ਸਿਰਫ਼ ਇਕਜੁੱਟ ਅਕਾਲੀ ਦਲ ਹੀ ਸ੍ਰੀ ਮੋਦੀ ਦੇ ਰਾਜਨੀਤਕ ਅਸ਼ਵਮੇਧ ਯੱਗ ਦਾ ਹਿੰਦੁਤਵੀ ਘੋੜਾ ਥੰਮ ਸਕਦਾ ਹੈ। ਉਂਝ ਭਾਰਤ ਅੰਦਰ ਹਿੰਦੁਤਵਵਾਦ ਚਲਣ ਵਾਲਾ ਨਹੀਂ। ਜੇਕਰ ਭਾਜਪਾ ਨੇ ਭਾਰਤੀ ਰਾਜਨੀਤਕ, ਧਾਰਮਿਕ, ਆਰਥਿਕ ਹਾਲਤਾਂ ਅਨੁਸਾਰ ਸਮੇਂ ਸਿਰ ਤਬਦੀਲੀਆਂ ਨਾ ਕੀਤੀਆਂ ਤਾਂ ਇਸ ਦਾ ਹਸ਼ਰ ਵੀ ਕਾਂਗਰਸ ਵਾਲਾ ਹੋਣਾ ਨਿਸ਼ਚਿਤ ਹੈ।

ਸੰਪਰਕ : 001-416-857-7665

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ