Mon, 09 December 2024
Your Visitor Number :-   7279176
SuhisaverSuhisaver Suhisaver

ਬੇਅਦਬੀਆਂ ਦਾ ਮੰਦਭਾਗਾ ਵਰਤਾਰਾ, ਸਿੱਖ ਚਿੰਤਕ ਤੇ ਸਮਕਾਲੀ ਪ੍ਰਕਰਣ!

Posted on:- 09-11-2021

(ਸਿੰਘੂ ਬਾਰਡਰ ਤੇ ਚੱਲ ਰਹੇ ਵਿਵਾਦ ਦੇ ਪ੍ਰਸੰਗ ਵਿੱਚ)

-ਹਰਚਰਨ ਸਿੰਘ ਪ੍ਰਹਾਰ

''15 ਅਕਤੂਬਰ, 2021 ਦਿਨ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ 'ਤੇ ਹੋਇਆ ਕਤਲ ਇੱਕ ਕਰੂਰ ਹੱਤਿਆ ਹੈ, ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ, ਉਹ ਘੱਟ ਹੈ।ਇਸ ਘਟਨਾ ਨੇ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ।ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਭਿਅੰਕਰ ਕਾਰਾ ਕਰਨ ਵਾਲਿਆਂ ਨਾਲ ਨਾ ਤਾਂ ਕੋਈ ਸਬੰਧ ਹੈ ਅਤੇ ਨਾ ਹੀ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੀ ਨਿਹੰਗ ਜਥੇਬੰਦੀ ਸੰਯੁਕਤ ਮੋਰਚੇ ਦਾ ਹਿੱਸਾ ਹੈ।ਧਰਮ 'ਦਇਆ' 'ਤੇ ਆਧਾਰਿਤ ਹੁੰਦਾ ਹੈ।ਜਿਹੜੇ ਵਿਅਕਤੀ ਧਰਮ 'ਚੋਂ ਦਇਆ ਜਾਂ ਰਹਿਮ ਮਨਫ਼ੀ ਕਰ ਦਿੰਦੇ ਹਨ, ਉਹ ਉਸ ਧਰਮ ਦੇ ਪੈਰੋਕਾਰ ਨਹੀਂ, ਵਿਰੋਧੀ ਹੁੰਦੇ ਹਨ। ਜਿਹੜੇ ਲੋਕ ਧਰਮ ਦੇ ਨਾਂ 'ਤੇ ਕਰੂਰ ਹੱਤਿਆਵਾਂ ਕਰਦੇ ਹਨ, ਉਨ੍ਹਾਂ ਦੀ ਤੁਲਨਾ ਤਾਲਿਬਾਨ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨਾਲ ਹੀ ਹੋ ਸਕਦੀ ਹੈ। ਕਰੂਰਤਾ, ਚਾਹੇ ਉਹ ਧਰਮ ਦੇ ਨਾਂ 'ਤੇ ਕੀਤੀ ਗਈ ਹੋਵੇ ਜਾਂ ਕਿਸੇ ਵਿਚਾਰਧਾਰਾ ਦੇ ਨਾਂ 'ਤੇ, ਨੂੰ ਸਭਿਅਕ ਸਮਾਜ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

ਜਿਹੜੇ ਲੋਕਾਂ ਨੇ ਇਹ ਹੱਤਿਆ ਕੀਤੀ ਹੈ, ਉਹ ਸਮੁੱਚੀ ਮਨੁੱਖਤਾ ਦੇ ਨਾਲ਼-ਨਾਲ਼ ਕਿਸਾਨ ਸੰਘਰਸ਼ ਦੇ ਵੀ ਗੁਨਾਹਗਾਰ ਹਨ ਕਿਉਂਕਿ ਕਿਸਾਨ ਅੰਦੋਲਨ ਨੇ ਸ਼ਾਂਤਮਈ ਲੀਹਾਂ 'ਤੇ ਸੰਘਰਸ਼ ਕਰਕੇ ਉੱਚੇ ਨੈਤਿਕ ਮਿਆਰ ਕਾਇਮ ਕੀਤੇ ਹਨ, ਜਦਕਿ ਇਹ ਘਟਨਾ ਅਨੈਤਿਕ, ਅਧਾਰਮਿਕ ਅਤੇ ਜ਼ਾਲਮਾਨਾ ਹੈ।ਇਸ ਘਟਨਾ ਦੇ ਜਿਸ ਪੱਖ ਤੋਂ ਪੰਜਾਬੀ ਭਾਈਚਾਰਾ ਜ਼ਿਆਦਾ ਉਦਾਸ ਤੇ ਸ਼ਰਮਸਾਰ ਹੋਇਆ ਹੈ, ਉਹ ਇਸ ਕਾਰੇ ਨੂੰ ਕਰਨ ਵਾਲੇ ਵਿਅਕਤੀਆਂ ਦਾ ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਦੇ ਨਜ਼ਦੀਕ ਹੀ ਬੈਠੇ ਹੋਣਾ ਹੈ ਅਤੇ ਉਹ ਆਪਣੇ ਆਪ ਨੂੰ ਕਿਸਾਨ ਮੋਰਚੇ ਦੇ ਹਮਾਇਤੀ ਦੱਸਦੇ ਰਹੇ ਹਨ। ਪੰਜਾਬੀਆਂ ਨੂੰ ਚਿੰਤਾ ਹੈ ਕਿ ਕਿਤੇ ਅਜਿਹੀ ਕਰੂਰ ਘਟਨਾ ਦਾ ਪ੍ਰਛਾਵਾਂ ਲਗਾਤਾਰ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਕਿਸਾਨ ਅੰਦੋਲਨ 'ਤੇ ਨਾ ਪੈ ਜਾਵੇ ...।

ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀ ਨੇ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਸੀ।ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਮੰਦਭਾਗੀ ਘਟਨਾ ਹੈ।ਜਿਸਦੀ ਹਰ ਇੱਕ ਨੂੰ ਨਿੰਦਾ ਕਰਨੀ ਚਾਹੀਦੀ ਹੈ।ਅਜਿਹਾ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਲਈ ਦੇਸ਼ ਵਿਚ ਪੁਲਿਸ, ਤਫ਼ਤੀਸ਼ੀ ਏਜੰਸੀਆਂ ਅਤੇ ਨਿਆਂ ਪ੍ਰਣਾਲੀ ਮੌਜੂਦ ਹੈ।ਇਹੀ ਨਹੀਂ, ਧਾਰਮਿਕ ਸੰਸਥਾਵਾਂ ਕੋਲ਼ ਵੀ ਅਜਿਹੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਢੰਗ-ਤਰੀਕੇ ਅਤੇ ਰਵਾਇਤਾਂ ਮੌਜੂਦ ਹਨ।ਕਤਲ ਕਰਨ ਨਾਲ਼ ਬੇਅਦਬੀ ਦੂਰ ਨਹੀਂ ਹੁੰਦੀ, ਸਗੋਂ ਕਤਲ ਖ਼ੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ। ਧਾਰਮਿਕ ਸੰਸਥਾਵਾਂ ਨੂੰ ਕਾਨੂੰਨ ਹੱਥ ਵਿੱਚ ਲੈਣ ਵਾਲੇ ਅਜਿਹੇ ਵਿਅਕਤੀਆਂ ਅਤੇ ਗਰੁੱਪਾਂ ਵਿਰੁੱਧ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।'' ਇਹ ਵਿਚਾਰ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਅਖ਼ਬਾਰ ਦੇ ਸੰਪਾਦਕ ਸਵਰਾਜਬੀਰ ਹੋਰਾਂ ਆਪਣੀ 16 ਅਕਤੂਬਰ ਦੀ ਸੰਪਾਦਕੀ 'ਸਿੰਘੂ ਬਾਰਡਰ ਤੇ ਕਤਲ: ਕਰੂਰ ਤੇ ਕਾਇਰਾਨਾ ਕਾਰਾ' ਵਿੱਚ ਪ੍ਰਗਟ ਕੀਤੇ ਹਨ।

ਇਸ ਸੰਪਾਦਕੀ ਦੇ ਜਵਾਬ ਵਿੱਚ ਲੰਬਾ ਸਮਾਂ ਇਸੇ ਅਖ਼ਬਾਰ ਦੇ ਸਾਬਕਾ ਅਸਿਸਟੈਂਟ ਐਡੀਟਰ ਰਹੇ ਸ. ਕਰਮਜੀਤ ਸਿੰਘ ਨੇ ਇੱਕ ਚਿੱਠੀ 'ਪੰਜਾਬੀ ਟ੍ਰਿਬਿਊਨ' ਨੂੰ ਲਿਖੀ ਹੈ, ਜਿਸ ਵਿੱਚ ਉਹ ਸਿੰਘੂ ਬਾਰਡਰ ਤੇ ਹੋਏ ਕਤਲ ਬਾਰੇ ਇਵੇਂ ਲਿਖਦੇ ਹਨ: ''ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜਿਊਂਦੀ ਜਾਗਦੀ ਪਰਮ ਹਕੀਕਤ ਹੈ।ਸੁਪਰੀਮ ਕੋਰਟ ਦਾ ਵੀ ਫ਼ੈਸਲਾ ਇਹੋ ਹੀ ਹੈ।ਸਿੱਖ ਉਸਨੂੰ ਆਪਣਾ ਪਿਓ ਮੰਨਦੇ ਹਨ।ਜਦੋਂ ਇਸ ਰੂਹਾਨੀ ਬਾਪੂ ਦੇ ਅੰਗਾਂ ਨੂੰ ਗਲ਼ੀਆਂ ਵਿੱਚ ਰੋਲ਼ਿਆ ਗਿਆ, ਗੰਦੇ ਨਾਲ਼ਿਆਂ ਵਿੱਚ ਸੁੱਟਿਆ ਗਿਆ, ਜਦੋਂ ਕੋਈ ਉਸ ਅਸਥਾਨ ਤੇ ਸ਼ਰ੍ਹੇਆਮ ਸਿਗਰਟ ਦਾ ਧੂੰਆਂ ਛੱਡ ਰਿਹਾ ਹੈ, ਜਿਸ ਥਾਂ ਤੇ ਖ਼ਾਲਸਾ ਪੰਥ ਦੀ ਸਿਰਜਣਾ ਹੋਈ ਤਾਂ ਫਿਰ ਇਸ ਭਿਆਨਕ ਗੁਨਾਹ ਦਾ ਹਿਸਾਬ ਕਿਤਾਬ ਲੈਣ ਲਈ "ਸਿੱਧਾ" ਟੱਕਰਿਆ ਜਾਵੇ ਜਾਂ ਉਸ ਥਾਂ ਵੱਲ ਰੁੱਖ਼ ਕੀਤਾ ਜਾਵੇ, ਜਿਸਨੂੰ ਸੰਪਾਦਕੀ ਵਿੱਚ "ਪੁਲੀਸ, ਤਫਤੀਸ਼ੀ ਏਜੰਸੀਆਂ ਅਤੇ ਨਿਆਂ ਪ੍ਰਣਾਲੀ" ਕਿਹਾ ਗਿਆ ਹੈ।ਪਰ ਨੈਤਿਕਤਾ ਦੀਆਂ ਇਹ ਖੋਜੀ ਸੰਸਥਾਵਾਂ ਕਿਤੇ ਵੀ ਤਾਂ ਨਹੀਂ ਲੱਭ ਰਹੀਆਂ ਅਤੇ ਮੀਡੀਏ ਦਾ ਵੱਡਾ ਹਿੱਸਾ ਵੀ ਇਨ੍ਹਾਂ ਸੰਸਥਾਵਾਂ ਦੀ ਪੁੱਛ-ਗਿੱਛ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਿਹਾ।ਸਮੁੱਚੀ ਸੰਪਾਦਕੀ ਵਿੱਚ ਸਵਰਾਜਬੀਰ ਆਪਣੇ ਗੁੱਸੇ ਦੇ ਇੱਕੋ ਪੱਖ ਉੱਤੇ ਜ਼ੋਰ ਦਿੰਦੇ ਹੋਏ ਗੁੱਸੇ ਦੇ ਨਵੇਂ ਨਿਯਮ ਕਾਇਮ ਕਰ ਰਹੇ ਜਾਪਦੇ ਹਨ।'' ਕਰਮਜੀਤ ਸਿੰਘ 1984 ਵਾਲ਼ੇ ਸਿੱਖ ਸੰਘਰਸ਼ ਨਾਲ਼ ਬੜੇ ਨੇੜਿਉਂ ਜੁੜੇ ਰਹੇ ਹਨ ਤੇ ਪਿਛਲੇ ਦਿਨੀਂ ਆਪਣੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਮੰਨਿਆ ਸੀ ਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੈਦਿਆ ਨੂੰ ਮਾਰਨ ਵਾਲ਼ੇ ਜਿੰਦਾ ਤੇ ਸੁੱਖਾ ਵਲੋਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਅਸਲ ਵਿੱਚ ਕਰਮਜੀਤ ਸਿੰਘ ਹੋਰਾਂ ਹੀ ਡਰਾਫਟ ਕੀਤੀ ਸੀ।ਕਰਮਜੀਤ ਸਿੰਘ ਖਾੜਕੂ ਧਿਰਾਂ ਦੀ ਤਰਜਮਾਨੀ ਕਰਨ ਵਾਲ਼ੀ ਡਾ. ਸੋਹਣ ਸਿੰਘ ਵਾਲ਼ੀ ਪੰਥਕ ਕਮੇਟੀ ਨੇੜਲੇ ਸਹਿਯੋਗੀ ਰਹੇ ਹਨ।ਸਾਡੇ ਸਿੱਖ ਵਿਦਵਾਨਾਂ ਨੂੰ ਇੱਕ ਪਾਸੇ ਲਗਦਾ ਹੈ ਕਿ ਪੰਜਾਬੀ ਟ੍ਰਿਬਿਊਨ ਉਤੇ ਸਿੱਖ ਵਿਰੋਧੀ ਮਹਾਸ਼ਾ ਸੋਚ ਹਾਵੀ ਹੈ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਕਰਮਜੀਤ ਸਿੰਘ ਵਰਗੇ ਕਈ ਖਾੜਕੂ ਸਮਰਥਕ ਉਥੇ ਸਾਰੀ ਉਮਰ ਪੱਤਰਕਾਰੀ ਕਿਵੇਂ ਕਰਦੇ ਰਹੇ?


1984 ਦੇ ਸਿੱਖ ਸੰਘਰਸ਼ ਦੇ ਆਪਣੇੇ-ਆਪ ਨੂੰ ਇੱਕੋ-ਇੱਕ ਸਿਧਾਂਤਕ ਵਿਆਖਿਆਕਾਰ ਵਜੋਂ ਸਥਾਪਿਤ ਕਰ ਰਹੇ ਸਿੱਖ ਵਿਦਵਾਨ ਸ. ਅਜਮੇਰ ਸਿੰਘ ਨੇ ਸਿੰਘੂ ਬਾਰਡਰ ਦੀ ਘਟਨਾ ਬਾਰੇ ਇੱਕ ਯੂ ਟਿਊਬ ਵੀਡੀਉ 'ਜੈਕਾਰੁ ਕੀਓ ਧਰਮੀਆ ਕਾ ਪਾਪੀ ਕੋ ਡੰਡ ਦੀਓਇ...' ਦੇ ਸਿਰਲੇਖ ਹੇਠ ਪਾਈ ਹੈ।ਜਿਸ ਵਿੱਚ ਉਹ ਕਹਿੰਦੇ ਹਨ: 'ਨਿਹੰਗਾਂ ਨੇ ਸਿੰਘੂ ਬਾਰਡਰ ਤੇ ਬੇਅਦਬੀ ਕਰਨ ਵਾਲ਼ੇ ਲਖਬੀਰ ਸਿੰਘ ਦਾ ਕਤਲ ਕਰਕੇ 'ਮਿਸਾਲੀ ਸਜ਼ਾ' ਦਿੱਤੀ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ 'ਮਿਸਾਲੀ ਸਜ਼ਾਵਾਂ' ਦਿੱਤੀਆਂ ਜਾਣ ਤਾਂ ਬੇਅਦਬੀਆਂ ਨੂੰ ਠੱਲ ਪੈ ਸਕਦੀ ਹੈ?' ਉਸ ਅਨੁਸਾਰ ਸਿੱਖਾਂ ਵਿੱਚ ਬੇਅਦਬੀਆਂ ਕਰਕੇ ਜੋ ਬੇਚੈਨੀ ਪਾਈ ਜਾ ਰਹੀ ਸੀ, ਇਸ ਘਟਨਾ ਨਾਲ਼ ਸਿੱਖ ਪੰਥ ਨੇ ਤਸੱਲੀ ਨਾਲ਼ ਸੁੱਖ ਦਾ ਸਾਹ ਲਿਆ ਹੈ।' ਅਜਮੇਰ ਸਿੰਘ ਅਨੁਸਾਰ ਸਿੱਖਾਂ ਦੇ ਇੱਕ ਸੈਕਸ਼ਨ ਨਾਲ਼ ਲੰਬੇ ਸਮੇਂ ਤੋਂ ਅਸਹਿਣਸ਼ੀਲਤਾ ਤੇ ਜ਼ਬਰ ਹੋ ਰਿਹਾ ਹੈ, ਇਸ ਘਟਨਾ ਨੂੰ ਉਸੇ ਸੰਦਰਭ ਵਿੱਚ ਦੇਖਣ ਦੀ ਲੋੜ ਹੈ।ਇਸੇ ਵੀਡੀਉ ਵਿੱਚ ਅਜਮੇਰ ਸਿੰਘ ਕਿਸਾਨ ਆਗੂਆਂ ਨੂੰ ਸਿੱਖੀ ਦੇ ਦੁਸ਼ਮਣ ਗਰਦਾਨਦਾ ਹੋਇਆ ਪੇਸ਼ਗਨੋਈ ਕਰਦਾ ਕਹਿੰਦਾ ਹੈ: "ਕਿਸਾਨ ਅੰਦੋਲਨ ਵਾਲੀ ਥਾਂ ਇਹ ਘਟਨਾ ਵਾਪਰੀ ਹੈ ਅਤੇ ਕਿਸਾਨ ਆਗੂਆਂ ਦਾ ਪ੍ਰਤੀਕਰਮ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਅਲਟੀਮੇਟਲੀ .... ਜਿਵੇਂ ਲੈਫਟ, 84 ਦੇ ਸੰਘਰਸ਼ ਦੌਰਾਨ ਸਿੱਖਾਂ ਖਿਲਾਫ਼ ਸਟੇਟ ਦਾ ਦਸਤਾ ਬਣਿਆ, ਕਿਸਾਨ ਆਗੂ ਓਸ ਰੋਲ ਲਈ ਤਿਆਰੀ ਕਰ ਰਹੇ ਹਨ।ਉਨ੍ਹਾਂ ਦਾ ਕਿਸਾਨੀ ਸੰਘਰਸ਼ ਨਾਲ਼ ਅਧਾਰ ਤੇ ਸਮਰਥਨ ਵਧਿਆ ਹੈ।ਉਹ ਸਿੱਖਾਂ ਦੀ ਮੱਦਦ ਨਾਲ਼ ਇੱਕ ਤਾਕਤ ਬਣ ਚੁੱਕੇ ਹਨ। ਜੋ ਉਹ ਗੱਲਾਂ ਕਰ ਰਹੇ ਹਨ, ... ਦੱਸਦਾ ਹੈ ਕਿ ਉਹਨਾਂ ਨੇ ਵਿਕਟਮ (ਨਿਹੰਗਾਂ) ਨਾਲ਼ ਨਹੀਂ, ਸਗੋਂ ਉਹ ਵਿਕਟੇਮਾਈਜ਼ ਕਰਨ ਵਾਲੇ (ਇੰਡੀਅਨ ਸਟੇਟ) ਨਾਲ ਖੜਨਗੇ।" ਉਹ ਨਿਹੰਗ ਆਗੂ ਬਾਬੇ ਅਮਨੇ ਬਾਰੇ ਬੋਲਦਾ ਹੋਇਆ ਅੱਗੇ ਕਹਿੰਦਾ ਹੈ:  ''ਨਿਹੰਗਾਂ ਨੇ ਇਹ ਕਾਰਵਾਈ ਕਿਸੇ ਤੈਸ਼ ਜਾਂ ਰੋਹ ਵਿੱਚ ਆ ਕੇ ਨਹੀਂ ਕੀਤੀ, ਇਹ ਗੁੱਸਾ ਜਮ੍ਹਾਂ ਹੋਇਆ ਪਿਆ ਸੀ .... ਬੇਅਦਬੀ ਦੀਆਂ ਘਟਨਾਵਾਂ ਤਾਂ 1947 ਤੋਂ ਹੀ ਹੋ ਰਹੀਆਂ ਹਨ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੀ ਅਤੇ ਸਿੱਖਾਂ ਵਿੱਚ ਚਿੰਤਾ ਸੀ ਕਿ ਕੀ ਕਰੀਏ? ਹੁਣ ਇੱਕ ਆਸ ਜਾਗੀ ਹੈ ਕਿ ਠੱਲ ਪਾਈ ਜਾ ਸਕਦੀ ਹੈ ਅਤੇ ਠੱਲ ਪਾਈ ਜਾਵੇਗੀ?'' ਉਹ ਅੱਗੇ ਇਸ ਬੇਰਹਿਮ ਕਤਲ ਨੂੰ ਜਾਇਜ਼ ਠਹਿਰਾਉਣ ਲਈ ਗੁਰਬਾਣੀ ਤੇ ਇਤਿਹਾਸ ਦਾ ਸਹਾਰਾ ਲੈਂਦਾ ਹੋਇਆ ਕਹਿੰਦਾ ਹੈ: ''ਸਿੱਖਾਂ ਦੀ ਰਵਾਇਤ ਹੈ, ਪਾਪੀ ਕੋ ਡੰਡ ਦਿਓ। ਸਿੱਖਾਂ ਨੇ ਇਸ ਘਟਨਾ ਰਾਹੀਂ ਆਪਣੇ ਵਿਰਸੇ ਦੀ ਲਾਜ਼ ਰੱਖੀ ਹੈ...। ਸਿੱਖ ਬਹੁਤ ਘੱਟ ਗਿਣਤੀ ਵਿੱਚ ਹਨ। 18ਵੀਂ ਸਦੀ ਵਿੱਚ ਵੀ ਸਨ, ਪਰ ਕਦੇ ਡਰੇ ਨਹੀਂ, ਨਾ ਡਰਨਗੇ।ਘੱਟ ਗਿਣਤੀ ਦੇ ਡਰਾਵੇ ਦੇਣੇ, ਸਿੱਖਾਂ ਤੇ ਨਾ ਕਾਰਗਰ ਹੋਏ ਹਨ, ਨਾ ਹੋਣਗੇ। ਸਵਾ ਲਾਖ ਸੇ ਇੱਕ ਲੜਾਊਂ ਦੀ ਸਪਿਰਟ ਜੋ ਦਸਮ ਗੁਰੂ ਭਰ ਗਏ ਹਨ, ਉਹ  ਸਦਾ ਰਹੇਗੀ।''

ਪੰਜਾਬ ਵਿੱਚ 'ਗੁਰੂ ਗ੍ਰੰਥ ਸਾਹਿਬ' ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ 2015 ਤੋਂ ਵਾਪਰ ਰਹੀਆਂ ਹਨ।ਜਿਸਦੀ ਹਰ ਹੋਸ਼ਮੰਦ ਵਿਅਕਤੀ ਨਿੰਦਾ ਕਰਦਾ ਹੈ, ਬੇਸ਼ਕ ਉਸਦਾ ਕਿਸੇ ਵੀ ਧਰਮ ਵਿੱਚ ਯਕੀਨ ਹੋਵੇ ਜਾਂ ਨਾ ਹੋਵੇ।ਜਦੋਂ 2015 ਵਿੱਚ ਬੁਰਜ ਜਵਾਹਰ ਸਿੰਘ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ੍ਹ ਕੇ ਗਲ਼ੀਆਂ ਵਿੱਚ ਖਿਲਾਰੇ ਗਏ ਤਾਂ ਉਸ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਸਿੱਖ ਜਗਤ ਅੰਦਰ ਇੱਕ ਵਿਆਪਕ ਰੋਸ ਦੇਖਣ ਨੂੰ ਮਿਲ਼ਿਆ ਸੀ।ਜਿਸ ਤੋਂ ਬਾਅਦ ਕੁਝ ਪੰਥਕ ਜਥੇਬੰਦੀਆਂ ਵਲੋਂ ਇਨਸਾਫ ਲਈ ਮੋਰਚਾ ਵੀ ਲਗਾਇਆ ਗਿਆ, ਜਿਸ ਵਿੱਚ ਪੁਲਿਸ ਗੋਲ਼ੀ ਨਾਲ਼ ਬਰਗਾੜੀ ਵਿੱਚ ਦੋ ਨੌਜਵਾਨ ਵੀ ਮਾਰੇ ਗਏ ਸਨ।ਇਸ ਤੋਂ ਬਾਅਦ ਉਸ ਵੇਲੇ ਦੀ ਅਕਾਲੀ ਸਰਕਾਰ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਜਾਂ ਉਸਦੇ ਸਾਜ਼ਿਸ਼ਕਾਰਾਂ ਨੂੰ ਲੱਭਣ ਲਈ ਕਮਿਸ਼ਨ ਬਿਠਾਏ ਗਏ, ਫਿਰ 2017 ਵਿੱਚ ਸਰਕਾਰ ਬਦਲ ਗਈ ਤਾਂ ਨਵੀਂ ਕਾਂਗਰਸ ਸਰਕਾਰ ਵਲੋਂ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਵੇਂ ਕਮਿਸ਼ਨ ਬਿਠਾਏ, ਪਰ ਅਜੇ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ।ਜਿਸ ਨਾਲ਼ ਸਿੱਖਾਂ ਦੇ ਇੱਕ ਖਾਸ ਵਰਗ ਵਲੋਂ ਅਕਸਰ ਸਰਕਾਰਾਂ ਪ੍ਰਤੀ ਰੋਸ ਪ੍ਰਗਟ ਕੀਤਾ ਜਾਂਦਾ ਰਹਿੰਦਾ ਹੈ।ਪਿਛਲ਼ੇ 6 ਸਾਲਾਂ ਵਿੱਚ ਇਨ੍ਹਾਂ ਧਿਰਾਂ ਵਲੋਂ ਕਈ ਵਾਰ ਮੋਰਚੇ ਲਾਏ ਗਏ ਤੇ ਕਈ ਵਾਰ ਉਠਾਏ ਗਏ।ਜਿਸ ਨਾਲ਼ ਉਨ੍ਹਾਂ ਪ੍ਰਤੀ ਵੀ ਲੋਕਾਂ ਵਿੱਚ ਬੇਭਰੋਸਗੀ ਵਧੀ ਹੈ।ਪਰ ਇਸ ਵਰਤਾਰੇ ਬਾਰੇ ਸਿੱਖ ਜਥੇਬੰਦੀਆਂ ਜਾਂ ਲੀਡਰਸ਼ਿਪ ਵਲੋਂ ਕਦੇ ਵੀ ਗੰਭੀਰਤਾ ਨਾਲ਼ ਵਿਚਾਰ ਨਹੀਂ ਕੀਤੀ ਗਈ ਕਿ ਆਖਿਰ ਅਜਿਹੀਆਂ ਘਟਨਾਵਾਂ ਸਿੱਖਾਂ ਨਾਲ਼ ਹੀ ਕਿਉਂ ਵਾਪਰ ਰਹੀਆਂ ਹਨ? ਹਰ ਕੋਈ ਜਜ਼ਬਾਤੀ ਰੌਂਅ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਜਾਂ ਇਨ੍ਹਾਂ ਘਟਨਾਵਾਂ ਪਿਛੇ ਜੇ ਕੋਈ ਸਾਜ਼ਿਸ਼ ਹੈ ਤਾਂ ਉਨ੍ਹਾਂ ਸਾਜ਼ਿਸ਼ਕਾਰਾਂ ਨੂੰ ਸਾਹਮਣੇ ਲਿਆਉਣ ਲਈ ਸਿਰਫ ਬਿਆਨਬਾਜੀ ਕਰਦਾ ਹੀ ਨਜ਼ਰ ਆਉਂਦਾ ਹੈ? ਇਨ੍ਹਾਂ ਘਟਨਾਵਾਂ ਪਿਛਲੇ ਕਾਰਨਾਂ ਨੂੰ ਲੱਭਣ ਲਈ ਕੋਈ ਸੁਹਿਰਦ ਯਤਨ ਹੁੰਦਾ ਨਜ਼ਰ ਨਹੀਂ ਆਇਆ? ਇਸੇ ਤਰ੍ਹਾਂ ਸਿੱਖਾਂ ਦੀ ਚੁਣੀ ਹੋਈ ਨੁਮਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਆਪਣੇ ਤੌਰ ਤੇ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਨ, ਘਟਨਾਵਾਂ ਦੇ ਕਾਰਨਾਂ ਨੂੰ ਲੱਭਣ, ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਗੁਰਦੁਆਰਿਆਂ ਨੂੰ ਹਦਾਇਤਾਂ ਦੇਣ ਆਦਿ ਬਾਰੇ ਕੋਈ ਕਾਰਵਾਈ ਕੀਤੀ ਨਜ਼ਰ ਨਹੀਂ ਆਉਂਦੀ?

ਕੀ ਸਵਰਾਜਬੀਰ ਵਲੋਂ ਉਠਾਏ ਇਹ ਇਤਰਾਜ਼ ਜਾਇਜ ਨਹੀਂ ਹਨ ਕਿ ਜੇ ਸਿੰਘੂ ਬਾਰਡਰ ਤੇ ਬੇਅਦਬੀ ਹੋਈ ਸੀ ਤਾਂ ਉਸਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਸੀ? ਪਰ ਸ਼ੱਕ ਦੇ ਅਧਾਰ ਤੇ ਕਿਸੇ ਵਿਅਕਤੀ ਨੂੰ ਕੋਹ-ਕੋਹ ਕੇ ਮਾਰਨਾ ਸਿੱਖੀ ਦੀ ਪ੍ਰੰਪਰਾ ਨਹੀਂ ਹੋ ਸਕਦੀ? ਕੀ ਉਨ੍ਹਾਂ ਦਾ ਇਹ ਕਹਿਣਾ ਵਾਜਿਬ ਨਹੀਂ ਲਗਦਾ ਕਿ ਕਤਲ ਕਰਨ ਨਾਲ਼ ਬੇਅਦਬੀ ਦੂਰ ਨਹੀਂ ਹੁੰਦੀ, ਸਗੋਂ ਕਤਲ ਖ਼ੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਜਾਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਫੜਨ ਜਾਂ ਸਜ਼ਾ ਦੇਣ ਵਿੱਚ ਨਾਕਾਮ ਰਹੀਆਂ ਹਨ, ਪਰ ਜੇ ਕਿਸੇ ਨੂੰ ਸਮੇਂ ਸਿਰ ਇਨਸਾਫ ਨਾ ਮਿਲ਼ੇ ਤਾਂ ਕੀ ਇਸਦਾ ਮਤਲਬ ਇਹ ਲਿਆ ਜਾਣਾ ਚਾਹੀਦਾ ਹੈ ਕਿ ਸ਼ੱਕ ਦੇ ਅਧਾਰ ਤੇ ਕਿਸੇ ਨੂੰ ਵੀ ਦੋਸ਼ੀ ਗਰਦਾਨ ਕੇ ਲੋਕ ਕਤਲ ਕਰਨ ਲੱਗ ਜਾਣ? ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਮਾਡਰਨ ਵਰਲਡ ਵਿੱਚ ਸਾਰੀ ਦੁਨੀਆਂ ਦੇ ਕਨੂੰਨ ਇਹ ਕਹਿੰਦੇ ਹਨ ਕਿ 99 ਦੋਸ਼ੀ ਬੇਸ਼ਕ ਬਚ ਜਾਣ, ਪਰ ਕਿਸੇ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।ਦੂਸਰਾ ਅੱਜ ਦੁਨੀਆਂ ਦੇ ਤਕਰੀਬਨ ਤਿੰਨ ਚੌਥਾਈ ਦੇਸ਼ਾਂ ਵਿੱਚ ਕਨੂੰਨੀ ਤੌਰ ਤੇ ਦੋਸ਼ੀ ਵਿਅਕਤੀਆਂ ਨੂੰ ਫਾਂਸੀ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਬਾਕੀ ਦੇਸ਼ ਵੀ ਇਸੇ ਦਿਸ਼ਾ ਵੱਲ ਵਧ ਰਹੇ ਹਨ ਤਾਂ ਕਿ ਜੇ ਕਿਸੇ ਬੇਗੁਨਾਹ ਵਿਅਕਤੀ ਨੂੰ ਕੋਰਟਾਂ ਦੀ ਗਲਤੀ ਜਾਂ ਗਲਤ ਸਬੂਤਾਂ ਅਧਾਰਿਤ ਸਜ਼ਾ ਦੇ ਦਿੱਤੀ ਜਾਵੇ ਤਾਂ ਜ਼ੇਲ੍ਹ ਵਿੱਚ ਬੈਠਾ ਵਿਅਕਤੀ ਆਪਣਾ ਕੇਸ ਦੁਬਾਰਾ ਲੜ ਕੇ ਬਰੀ ਹੋ ਸਕੇ, ਪਰ ਜੇ ਮੌਤ ਦੀ ਸਜ਼ਾ ਹੀ ਦੇ ਦਿੱਤੀ ਜਾਵੇ ਤਾਂ ਵਿਅਕਤੀ ਕੋਲ਼ ਆਪਣਾ ਪੱਖ ਰੱਖਣ ਦਾ ਹੱਕ ਹੀ ਨਹੀਂ ਰਹੇਗਾ? ਦੁਨੀਆਂ ਵਿੱਚ ਅਜਿਹੇ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਅਦਾਲਤਾਂ ਵਲੋਂ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵਾਲੇ ਕੈਦੀ, ਕਈ ਸਾਲਾਂ ਬਾਅਦ ਬੇਕਸੂਰ ਪਾਏ ਗਏ ਤੇ ਉਨ੍ਹਾਂ ਨੂੰ ਮੁਆਵਜੇ ਸਹਿਤ ਬਾਇੱਜ਼ਤ ਬਰੀ ਕੀਤਾ ਗਿਆ।ਸਾਨੂੰ ਆਪਣੀ ਧਾਰਮਿਕ ਜਾਂ ਮਧਯੁਗੀ ਕਬੀਲਾ ਪ੍ਰੰਪਰਾ ਤੋਂ ਬਾਹਰ ਨਿਕਲ਼ ਕੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਸਾਰੀ ਦੁਨੀਆਂ ਵਿੱਚ ਇਹ ਵਿਧਾਨ ਹੈ ਕਿ ਜਦੋਂ ਪੁਲਿਸ ਕਿਸੇ ਕਥਿਤ ਦੋਸ਼ੀ ਨੂੰ ਫੜਦੀ ਹੈ ਤਾਂ ਉਸਨੂੰ ਆਪਣੀ ਡੀਫੈਂਸ ਲਈ ਵਕੀਲ ਕਰਨ ਦਾ ਪੂਰਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਜੇ ਕੋਈ ਵਿਅਕਤੀ ਆਰਥਿਕ ਕਾਰਨਾਂ ਕਰਕੇ ਵਕੀਲ ਨਾ ਕਰ ਸਕੇ ਤਾਂ ਸਰਕਾਰਾਂ ਉਸਨੂੰ ਮੁਫਤ ਵਿੱਚ ਵਕੀਲ ਮਹੱਈਆ ਕਰਾਉਂਦੀਆਂ ਹਨ ਤਾਂ ਕਿ ਕਿਸੇ ਬੇਗੁਨਾਹ ਨੂੰ ਕੋਈ ਝੂਠੇ ਕੇਸਾਂ ਵਿੱਚ ਫਸਾ ਕੇ ਦੋਸ਼ੀ ਨਾ ਬਣਾ ਦੇਵੇ।ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਸਾਡੀ ਕਮਿਉਨਿਟੀ ਵਿੱਚ ਇੱਕ ਅਜਿਹਾ ਵਰਗ ਮੌਜੂਦਾ ਹੈ, ਜੋ ਆਪਣੇ ਨਾਲ਼ ਹੋਏ ਹਰ ਧੱਕੇ, ਜ਼ਬਰ-ਜ਼ੁਲਮ ਲਈ ਇਨਸਾਫ ਦੀ ਗੁਹਾਰ ਲਗਾਉਂਦਾ ਹੈ, ਉਸ ਲਈ ਦੇਸ਼ਾਂ ਦੇ ਕਨੂੰਨਾਂ ਅਨੁਸਾਰ ਪੁਲਿਸ ਜਾਂ ਅਦਾਲਤਾਂ ਦਾ ਲਾਭ ਵੀ ਉਠਾਉਂਦਾ ਹੈ, ਪਰ ਸਿੰਘੂ ਬਾਰਡਰ ਤੇ ਹੋਈ ਘਟਨਾ ਨੂੰ ਪਤਾ ਨਹੀਂ ਕਿਸ ਅਧਾਰ ਤੇ ਜਾਇਜ਼ ਠਹਿਰਾ ਰਿਹਾ ਹੈ? ਜਿੱਥੇ ਕਿ ਕਥਿਤ ਦੋਸ਼ੀ ਨੂੰ ਨਾ ਆਪਣਾ ਪੱਖ ਦੱਸਣ ਦਾ ਮੌਕਾ ਦਿੱਤਾ ਗਿਆ, ਨਾ ਕੋਈ ਦਲੀਲ, ਨਾ ਵਕੀਲ, ਨਾ ਅਪੀਲ ਦੇ ਅਧਾਰ ਤੇ ਕੁਝ ਲੋਕਾਂ ਨੇ ਹਨ੍ਹੇਰੇ ਦੀ ਆੜ ਵਿੱਚ ਆਪੇ ਦੋਸ਼ ਲਗਾ ਕੇ ਕਤਲ ਕਰ ਦਿੱਤਾ? ਉਹ ਵੀ ਉਸ ਪੋਥੀ ਦੀ ਬੇਅਦਬੀ ਦੇ ਦੋਸ਼ਾਂ ਵਿੱਚ, ਜਿਸ ਬਾਰੇ ਬਾਕੀ ਦੁਨੀਆਂ ਤਾਂ ਕੀ 70-80% ਸਿੱਖਾਂ ਨੇ ਇਸ ਪੋਥੀ ਦਾ ਨਾਮ ਪਹਿਲੀ ਵਾਰ ਇਸ ਘਟਨਾ ਤੋਂ ਬਾਅਦ ਸੁਣਿਆ ਹੈ? ਕਈ ਕਹਿੰਦੇ ਹਨ ਕਿ ਨਿਹੰਗਾਂ ਦੀ ਉਸ ਪੋਥੀ ਵਿੱਚ ਸ਼ਰਧਾ ਹੈ, ਇਸ ਤਰ੍ਹਾਂ ਤੇ ਕੋਈ ਵੀ ਆਪਣੀ ਕਿਸੇ ਕਿਤਾਬ ਵਿੱਚ ਸ਼ਰਧਾ ਦੱਸ ਕਿਸੇ ਵੀ ਕਤਲ ਨੂੰ ਜਾਇਜ ਠਹਿਰਾ ਸਕਦਾ ਹੈ? ਹੁਣ ਤਾਂ ਦੁਨੀਆਂ ਦੇ ਜਿਨ੍ਹਾਂ ਦੇਸ਼ਾਂ ਵਿੱਚ ਦੋਸ਼ੀਆਂ ਨੂੰ ਫਾਂਸੀ ਦਿੱਤੀ ਵੀ ਜਾਂਦੀ ਹੈ, ਉਥੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਫਾਂਸੀ ਲੱਗਣ ਵਾਲ਼ੇ ਵਿਅਕਤੀ ਨੂੰ ਮਰਨ ਵਕਤ ਜ਼ਿਆਦਾ ਦਰਦ ਨਾ ਹੋਵੇ ਤੇ ਝੱਟ-ਪੱਟ ਮੌਤ ਹੋ ਜਾਵੇ? ਇਥੋਂ ਤੱਕ ਕਿ ਵਿਕਸਤ ਦੇਸ਼ਾਂ ਵਿੱਚ ਪਸ਼ੂਆਂ ਦੇ ਮੀਟ ਪਲਾਂਟਾਂ ਵਿੱਚ ਵੀ ਅਜਿਹੇ ਪ੍ਰਬੰਧ ਕੀਤੇ ਹੋਏ ਹਨ ਕਿ ਮਰਨ ਵਾਲ਼ੇ ਪਸ਼ੂ ਨੂੰ ਕੋਈ ਤਕਲੀਫ ਨਾ ਹੋਵੇ।ਪਰ ਜਿਹੜੇ ਲੋਕ ਅਜਿਹੇ ਕਤਲਾਂ ਦੀ ਵਕਾਲਤ ਕਰ ਰਹੇ ਹਨ, ਕੀ ਉਨ੍ਹਾਂ ਵਿੱਚ ਮਨੁੱਖਤਾ ਪ੍ਰਤੀ ਕੋਈ ਦਰਦ ਨਹੀਂ? ਪਰ ਸੋਚੋ, ਜਿਸ ਵਿਅਕਤੀ ਦੀ ਇੱਕ ਬਾਂਹ ਤੇ ਇੱਕ ਲੱਤ ਵੱਢ ਕੇ ਟੰਗ ਦਿੱਤਾ ਗਿਆ ਤੇ ਕਈ ਘੰਟੇ ਉਸਦੇ ਸਰੀਰ ਦੇ ਖੂਨ ਦੀ ਇੱਕ-ਇੱਕ ਬੂੰਦ ਨਿਕਲ਼ਦੀ ਰਹੀ ਤੇ ਉਹ ਕਿਤਨੀ ਦਰਦ ਵਿੱਚ ਮਰਿਆ ਹੋਵੇਗਾ?

ਜੇ ਮਹਾਰਾਜਾ ਰਣਜੀਤ ਸਿੰਘ ਦੇ 'ਖਾਲਸਾ ਰਾਜ' ਜਾਣ ਤੋਂ ਬਾਅਦ ਦੇ 150 ਸਾਲਾਂ ਦਾ ਨਿਹੰਗਾਂ ਦਾ ਇਤਿਹਾਸ ਦੇਖੋ ਤਾਂ ਤੁਹਾਨੂੰ ਕੁਝ ਵੀ ਅਜਿਹਾ ਨਹੀਂ ਮਿਲਦਾ, ਜਿਸ ਤੇ ਮਾਣ ਕੀਤਾ ਜਾ ਸਕੇ? ਅੰਗਰੇਜਾਂ ਖਿਲਾਫ ਅਜ਼ਾਦੀ ਦੀ ਲੜਾਈ, ਗੁਰਦੁਆਰਾ ਸੁਧਾਰ ਮੂਵਮੈਂਟ ਤੇ ਉਸ ਤੋਂ ਬਾਅਦ ਅਕਾਲੀਆਂ ਦੇ ਮੋਰਚਿਆਂ ਵਿੱਚ ਵੀ ਕਿਤੇ ਇਨ੍ਹਾਂ ਦੀ ਭੂਮਿਕਾ ਬਹੁਤੀ ਨਜ਼ਰ ਨਹੀਂ ਆਉਂਦੀ? ਜੇ ਜ਼ਿਆਦਾ ਪਿੱਛੇ ਨਾ ਵੀ ਜਾਈਏ ਤਾਂ 1984 ਦੇ ਘੱਲੂਘਾਰੇ ਮੌਕੇ ਢਾਹੇ ਗਏ ਅਕਾਲ ਤਖਤ ਦੀ ਇਮਾਰਤ ਦੀ ਰਿਪੇਅਰ ਦਾ ਕੰਮ ਕਾਂਗਰਸ ਸਰਕਾਰ ਦੀ ਹਦਾਇਤ ਤੇ ਵੱਡੀ ਨਿਹੰਗ ਜਥੇਬੰਦੀ ਬੁੱਢਾ ਦੱਲ ਦੇ ਮੁੱਖੀ ਬਾਬਾ ਸੰਤਾ ਸਿੰਘ ਨੇ ਹੀ ਸ਼ੁਰੂ ਕਰਾਇਆ ਸੀ।ਇਸੇ ਤਰ੍ਹਾਂ ਨਿਹੰਗਾਂ ਦੇ ਦੂਸਰੇ ਵੱਡੇ ਗਰੁੱਪ ਤਰਨਾ ਦਲ ਦੇ ਮੁੱਖੀ ਬਾਬਾ ਕਾਹਨ ਸਿੰਘ ਦੇ 'ਫਰਜੰਦ' ਨਿਹੰਗ ਅਜੀਤ ਸਿੰਘ ਪੂਹਲਾ ਨੇ ਖਾੜਕੂ ਮੂਵਮੈਂਟ ਨੂੰ ਖਤਮ ਕਰਨ ਲਈ ਪੁਲਿਸ ਨਾਲ਼ ਰਲ਼ ਕੇ ਜੋ ਗੁੱਲ ਖਿਲਾਏ ਸਨ, ਉਹ ਕਿਸੇ ਤੋਂ ਲੁਕੇ-ਛਿਪੇ ਨਹੀਂ ਹਨ। ਹੈਰਾਨੀ ਉਨ੍ਹਾਂ ਲੋਕਾਂ ਤੇ ਹੈ, ਜੋ ਆਪਣੇ ਆਪਣੇ ਆਪ ਨੂੰ ਸਿੱਖ ਕੌਮ ਦੇ ਰਾਹ ਦਸੇਰਾ ਬਣੇ ਹੋਏ ਹਨ ਅਤੇ ਉਹ ਕਿਵੇਂ ਇਨ੍ਹਾਂ ਨਿਹੰਗਾਂ ਦਲਾਂ ਤੇ ਆਪਣੀ ਸੌੜੀ ਰਾਜਨੀਤੀ ਲਈ ਯਕੀਨ ਕਰ ਰਹੇ ਹਨ? ਇਸ ਸਬੰਧੀ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਛਪੇ ਕੁਝ ਆਰਟੀਕਲਾਂ ਦਾ ਜ਼ਿਕਰ ਕਰਨਾ ਵਾਜਿਬ ਰਹੇਗਾ।ਪਿਛਲੇ ਦੋ ਦਹਾਕਿਆਂ ਤੋਂ ਟਰਾਂਟੋ ਏਰੀਏ ਤੋਂ ਹਫਤਾਵਾਰੀ ਅਖ਼ਬਾਰ 'ਖ਼ਬਰਨਾਮਾ' ਦੇ ਸੰਪਾਦਕ ਬਲਰਾਜ ਦਿਉਲ ਆਪਣੇ ਇੱਕ ਆਰਟੀਕਲ 'ਬਚ ਸਕਦੇ ਹੋ ਤਾਂ ਬਚ ਜਾਓ!! ਤੀਲਾਂ ਦੀ ਡੱਬੀ ਅਤੇ ਪੈਟਰੋਲ ਚੁੱਕੀ ਫਿਰਦੈ ਸਿੱਖ ਵਿਦਵਾਨ ਅਜਮੇਰ ਸਿੰਘ!' ਵਿੱਚ ਲਿਖਦੇ ਹਨ: 'ਦੇਸ਼-ਵਿਦੇਸ਼ ਵਿੱਚ ਕਈ ਅਜਿਹੇ ਸਿੱਖ ਬੈਠੇ ਹਨ, ਜੋ ਇਸ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ।ਇੱਕ ਸਿੱਖ ਵਿਦਵਾਨ ਅਜਮੇਰ ਸਿੰਘ, ਧਰਮ ਦੇ ਨਾਮ ਉਤੇ ਐਸੀ ਮਿੱਠੀ ਚਾਸ਼ਨੀ ਬਣਾਉਂਦਾ ਹੈ ਕਿ ਇਸ ਵਿੱਚ ਵਲੇਟੀ ਜ਼ਹਿਰ ਖਾਣ ਵਾਲੇ ਨੂੰ ਕੁੜੱਤਣ ਦਾ ਅਹਿਸਾਸ ਤੱਕ ਨਹੀਂ ਹੁੰਦਾ।ਕਦੇ ਖੱਬੀ ਅਤੇ ਨਕਸਲੀ ਸੋਚ ਦਾ ਧਾਰਨੀ ਰਿਹਾ ਅਜਮੇਰ ਸਿੰਘ, ਅੱਜ ਖਾਲਿਸਤਾਨੀ ਧਿਰਾਂ ਦਾ ਰਾਹ-ਦਸੇਰਾ ਅਤੇ ਫਿਲਾਸਫਰ ਬਣਿਆ ਹੋਇਆ ਹੈ।ਨਿਹੰਗਾਂ ਵਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ, ਗਰੀਬ ਲਖਬੀਰ ਸਿੰਘ, ਜੋ ਤਿੰਨ ਬੱਚੀਆਂ ਦਾ ਬਾਪ ਅਤੇ ਨਸ਼ੇ ਦਾ ਆਦੀ ਸੀ।ਉਸਦੇ ਜਾਣਕਾਰ ਦੱਸਦੇ ਹਨ ਕਿ ਉਹ ਐਸਾ ਕੰਮ ਕਰਨ ਵਾਲਾ ਬੰਦਾ ਨਹੀਂ ਸੀ।ਪਰ ਸਿੱਖ ਫਿਲਾਸਫਰ ਅਜਮੇਰ ਸਿੰਘ ਨੇ ਆਪਣੀ ਆਦਤ ਮੁਤਾਬਿਕ ਲੱਗਦੇ ਹੱਥ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਿੰਘਾਂ ਨੇ "ਮਿਸਾਲੀ ਸਜ਼ਾ ਦਿੱਤੀ ਹੈ।" ਅਜਮੇਰ ਇਸ ਨੰਗੀ ਚਿੱਟੇ ਕਤਲ ਨੂੰ "ਮਿਸਾਲੀ ਸਜ਼ਾ" ਦੱਸਦਾ ਹੈ।ਉਸ ਅਨੁਸਾਰ ਨਿਹੰਗਾਂ ਨੇ ਲਖਬੀਰ ਸਿੰਘ ਨੂੰ 'ਸਿੱਖ ਵਿਰਸੇ' ਮੁਤਾਬਿਕ ਸਜ਼ਾ ਦਿੱਤੀ ਹੈ? ਕੀ ਕਦੇ ਅਜਮੇਰ ਸਿੰਘ ਦੱਸੇਗਾ ਕਿ ਇਹ ਕਿਹੜਾ ਸਿੱਖ ਵਿਰਸਾ ਹੈ, ਜੋ ਅਜਿਹੇ ਕਾਰੇ ਕਰਨ ਲਈ ਪ੍ਰੇਰਦਾ ਹੈ?'

ਇਸ ਘਟਨਾ ਤੋਂ ਬਾਅਦ ਜਿਸ ਤਰ੍ਹਾਂ 'ਪੰਜਾਬ ਦੇ ਵਾਰਿਸ' ਪਾਰਟੀ ਬਣਾ ਕੇ ਨਵੇਂ ਉਭਾਰੇ ਜਾ ਰਹੇ ਫਿਲਮੀ ਹੀਰੋ ਦੀਪ ਸਿੱਧੁ ਨੇ ਸਵਰਾਜਬੀਰ ਖਿਲਾਫ ਆਪਣੀ ਭੜਾਸ ਕੱਢੀ ਹੈ ਤੇ ਅਜਮੇਰ ਸਿੰਘ ਦੀ ਤਾਜ਼ਾ ਵੀਡੀਓ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।ਇਸ ਘਟਨਾ ਸਬੰਧੀ ਅਜਮੇਰ ਸਿੰਘ ਦੇ ਪੇਂਡੂ ਅਤੇ ਪੰਜਾਬੀ ਦੇ ਸੰਵੇਦਨਸ਼ੀਲ ਲੇਖਕ ਤੇ ਉਘੇ ਕਹਾਣੀਕਾਰ ਅਤਰਜੀਤ ਨੇ ਹਾਅ ਦਾ ਨਾਹਰਾ ਆਪਣੇ ਲੇਖ 'ਗੋਬਿੰਦਰਾ ਨਾ ਲਾ ਅੱਗਾਂ, ਵਸਣ ਦੇ ਪੰਜਾਬ ਨੂੰ ...' ਵਿੱਚ ਇਵੇਂ ਮਾਰਿਆ ਹੈ: ਦੀਪ ਸਿੱਧੂ ਵਲੋਂ ਸਵਰਾਜਬੀਰ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਪਿੱਠ ਭੂਮੀ ਵਿੱਚ ਖੜ੍ਹੀ ਉਂਗਲ ਵੀ ਜਮਹੂਰੀ ਸੋਚ ਦੀ ਅੱਖ ਨੇ ਪਛਾਣ ਲਈ ਹੈ।ਪੰਜਾਬ ਦੀ ਕਿਰਤੀ ਜਮਾਤ ਦੀਆਂ ਤਲ਼ੀਆਂ 'ਤੇ ਮਘਦਾ ਨਵੇਂ ਸੂਰਜਾਂ ਦਾ ਸੁਪਨਾ ਲੋਕ ਘੋਲ਼ਾਂ ਦਾ ਗਦਾਰ ਮੰਡੀ ਕਲਾਂ ਦਾ ਗੋਬਿੰਦਰ, ਜੋ ਸ਼ੇਰ ਦੀ ਖੱਲ ਪਾ ਕੇ ਅਜਮੇਰ ਦੇ ਜਾਮੇ ਵਿੱਚ ਲੁਕਿਆ, ਹਰ ਪਲ ਇਸ ਕੋਸ਼ਿਸ਼ ਵਿੱਚ ਰਹਿੰਦਾ ਹੈ ਕਿ ਪੰਜਾਬ ਦੇ ਸ਼ਾਂਤ ਵਗਦੇ ਪਾਣੀਆਂ ਨੂੰ ਫੇਰ ਤੋਂ ਕਿਵੇਂ ਖੂਨ ਵਿੱਚ ਰੰਗਿਆ ਜਾਵੇ। ਮੇਰੇ ਕੋਲੋਂ ਉਹਦੇ ਬਾਰੇ (ਆਪਣੇ ਪਿੰਡ ਦਾ ਹੋਣ ਦੇ ਬਾਵਜੂਦ) ਨਿਮਰ ਸ਼ਬਦ ਨਹੀਂ ਵਰਤਿਆ ਜਾਂਦਾ।ਗੋਬਿੰਦਰ ਉਰਫ਼ ਅਜਮੇਰ ਦੇ ਨਾਂ ਨਾਲ ਸਿੰਘ ਸ਼ਬਦ ਲਾਉਂਦਿਆਂ, ਮੈਨੂੰ ਖ਼ੁਦ ਨੂੰ ਸ਼ਰਮ ਆਉਂਦੀ ਹੈ। ਆਪਣੇ ਖਾਨਦਾਨੀ ਕਲੰਕ ਨੂੰ ਧੋਣ ਲਈ ਪਹਿਲਾਂ ਉਹ ਨਕਸਲੀ ਲਹਿਰ ਦਾ ਸਹਾਰਾ ਲੈਣ ਵਿੱਚ ਸਫਲ ਹੋ ਗਿਆ। ਫਿਰ ਮੌਕਾ ਤਾੜ ਕੇ ਕਤਲਾਂ, ਡਾਕਿਆਂ ਨੂੰ ਬਖਸ਼ਾਉਣ ਲਈ ਰਾਜਸੱਤਾ ਦੀ ਗੋਡੀਂ ਡਿੱਗ ਕੇ ਗੁਨਾਹ ਬਖਸ਼ਾਉਣ ਵਿੱਚ ਵੀ ਸਫ਼ਲ ਹੋ ਗਿਆ। ਮੇਰੇ ਦੋਸਤ ਮੇਰੇ ਉੱਪਰ ਸਾਹਿਤਕ ਲੱਫਾਜ਼ੀ ਛੱਡ ਕੇ ਅਸਾਹਿਤਕ ਲੱਫਾਜ਼ੀ ਵਰਤਣ ਦਾ ਦੋਸ਼ ਲਾ ਸਕਦੇ ਹਨ। ਮੈਨੂੰ ਇਸ ਲੋਕ ਘੋਲਾਂ ਦੇ ਮਹਾਂ ਗ਼ੱਦਾਰ ਉਪਰ ਇਸ ਕਰਕੇ ਵੀ ਰੰਜ ਆਉਂਦਾ ਹੈ, ਕਿਉਂਕਿ ਇਸਦੇ ਪਰਿਵਾਰ ਨੂੰ, ਖ਼ਾਸ ਕਰਕੇ ਇਸ ਦੇ ਬਾਪ ਵੀਰ ਸਿੰਘ ਨਿਰਵੈਰ ਨੂੰ ਮੌਤ ਦੇ ਮੂੰਹ ਵਿੱਚੋ ਕੱਢ ਕੇ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਦਾ ਕੀਤਾ ਗੁਨਾਹ, ਮੈਂ ਭੁੱਲ ਨਹੀਂ ਸਕਿਆ।ਮੇਰੀ ਉਹ ਬੱਜਰ ਗਲਤੀ ਸੀ, ਜੋ ਇਨ੍ਹਾਂ ਦੇ ਪਰਿਵਾਰ ਉੱਪਰ ਪਹਿਰੇਦਾਰੀ ਕਰਦਿਆਂ, ਮੈਂ ਆਪਣੇ ਲਾਚਾਰ ਪੀੜਤ ਦੋਸਤ ਪਰਿਵਾਰ ਨੂੰ ਦੁਸ਼ਮਣ ਬਣਾ ਲਿਆ ਸੀ। ਆਪਣੇ ਹਮਜਮਾਤੀ ਅਜਾਇਬ ਨੂੰ ਮੈਂ ਭੁੱਲ ਨਹੀਂ ਸਕਿਆ, ਜਿਸਨੇ ਮੇਰੀ ਪੱਥਰ ਬਣੀ ਚੂਰੀ ਆਪਣੇ ਗੋਡੇ 'ਤੇ ਰੱਖ ਕੇ ਤੋੜੀ ਸੀ।ਫਿਰ ਆਪਣੀ ਤੇ ਮੇਰੀ ਪਿੰਨੀ ਅੱਧੋ-ਅੱਧ ਵੰਡੀ ਸੀ, ਛੂਆ-ਛੂਤ ਪ੍ਰਕੋਪ ਦੇ ਦਿਨੀਂ। ਉਹ ਮੁੰਡਾ ਅੱਜ ਵੀ ਮੈਨੂੰ ਘੰਡ ਤੱਕ ਵੱਢੀ ਗਰਦਣ ਨਾਲ ਇਨ੍ਹਾਂ ਦੇ ਵਿਹੜੇ ਵਿੱਚ ਪਿਆ ਦਿਸ ਰਿਹਾ ਹੈ। ਦੁਰ ਲਾਹਨਤ ਗੋਬਿੰਦਰਾ ਤੇਰੇ!!!!!' ਸਾਡਾ ਅਤਰਜੀਤ ਜੀ ਨਾਲ਼ ਲੰਬੇ ਸਮੇਂ ਤੋਂ ਸਬੰਧ ਹੈ ਤੇ ਉਨ੍ਹਾਂ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਅਸੀਂ ਛਾਪਦੇ ਰਹੇ ਹਾਂ।ਉਹ ਇੱਕ ਬਹੁਤ ਸੰਵੇਦਨਸ਼ੀਲ ਲੇਖਕ ਹੈ, ਉਸ ਦੀਆਂ ਕਹਾਣੀਆਂ ਵਿੱਚੋਂ ਸਮਾਜਿਕ ਨਾ-ਬਰਾਬਰੀ ਖਿਲਾਫ ਉਸਦੇ ਦਰਦ ਦੀ ਸਪੱਸ਼ਟ ਝਲਕ ਮਿਲਦੀ ਹੈ।ਉਸ ਵਲੋਂ ਲਿਖੀਆਂ ਉਪਰਲੀਆਂ ਕੁਝ ਸਤਰਾਂ ਵੀ ਉਸੇ ਤਰ੍ਹਾਂ ਦੇ ਦਰਦ ਦਾ ਪ੍ਰਤੀਕ ਹਨ, ਜੋ ਉਸਨੇ ਇਸ ਘਟਨਾ ਤੋਂ ਬਾਅਦ ਮਹਿਸੂਸ ਕੀਤਾ ਹੈ।

ਇਸੇ ਤਰ੍ਹਾਂ ਉਘੇ ਥੀਏਟਰ ਕਲਾਕਾਰ, ਫਿਲਮੀ ਐਕਟਰ, ਡਾਇਰੈਕਟਰ ਤੇ ਨਾਟਕਕਾਰ, ਸਾਹਿਬ ਸਿੰਘ ਨੇ ਵੀ ਆਪਣੇ ਵਿਚਾਰ ਇੱਕ ਸੋਸ਼ਲ ਮੀਡੀਆ ਪੋਸਟ ਤੇ ਦਿੱਤੇ ਹਨ, ਜਿਸ ਵਿੱਚ ਉਹ ਅਜਮੇਰ ਸਿੰਘ ਤੇ ਦੀਪ ਸਿੱਧੁ ਨੂੰ ਸੰਬੋਧਨ ਹੋ ਕੇ ਲਿਖਦੇ ਹਨ: 'ਅਜਮੇਰ ਸਿੰਘ ਜੀ, ਹਾਰ ਮੰਨ ਲਈ ਦੀ ਹੁੰਦੀ ਐ.. ਜ਼ਿੰਦਗੀ ਵਿੱਚ ਕਿੰਨੀ ਵਾਰ ਤੁਸੀਂ ਗੇਮ ਖੇਡਣ ਦੀ ਕੋਸ਼ਿਸ਼ ਕੀਤੀ, ਕਦੀ ਵੀ ਕਾਮਯਾਬ ਨਹੀਂ ਹੋਈ... ਹੁਣ ਵੀ ਨਹੀਂ ਹੋ ਰਹੀ.. ਅੱਗੇ ਵੀ ਨਹੀਂ ਹੋਣੀ.. ਲੋਕ ਹੁਣ ਐਨੇ ਬੇਵਕੂਫ ਰਹੇ ਨਹੀਂ, ਜਿੰਨੇ ਤੁਸੀਂ ਸਮਝਦੇ ਹੋ.. ਪੰਜਾਬੀ ਜਜ਼ਬਾਤੀ ਜ਼ਰੂਰ ਹਨ.. ਸਿੱਖ ਧਰਮ ਨੂੰ ਲੈ ਕੇ ਭਾਵੁਕ ਹਨ.. ਪਰ ਅੱਖਾਂ ਤੋਂ ਅੰਨ੍ਹੇ ਨਹੀਂ.. ਉਹ ਸਭ ਦੇਖ ਰਹੇ ਹਨ ਕਿ ਕੌਣ ਕੀ ਕਰ ਰਿਹਾ ਹੈ.. ਉਹ ਅੱਕੇ ਹੋਏ ਹਨ, ਅਜੇ ਥੋੜ੍ਹਾ ਉਲਝੇ ਹੋਏ ਹਨ.. ਉਲਝਾਉਣ ਵਾਲੀਆਂ ਤਾਕਤਾਂ ਵੱਡੀਆਂ ਹਨ.. ਉਨ੍ਹਾਂ ਕੋਲ਼ ਤਾਕਤ ਵੱਡੀ ਹੈ.. ਪਰ ਜਿਸ ਦਿਨ ਪੂਰੀ ਤਰ੍ਹਾਂ ਸੁਲਝ ਗਏ, ਫੇਰ.......? ਮੈਂ ਸਤਰ ਪੂਰੀ ਨਹੀਂ ਕਰਨੀ.. ਸਮਝ ਗਏ ਹੋਂਵੋਂਗੇ! ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ.. ਤੁਸੀਂ ਮੇਰੇ ਸਾਹਿਤਕ ਪਰਿਵਾਰ ਦੇ ਇੱਕ ਵੱਡੇ ਮੈਂਬਰ ਹੋ.. ਪੰਜਾਬ ਨੂੰ, ਪੰਜਾਬੀਆਂ ਨੂੰ, ਖ਼ਾਸ ਕਰਕੇ ਸਿੱਖਾਂ ਨੂੰ ਹੋਰ ਨਾ ਉਲਝਾਓ! ਜਿਊਣ ਦਿਓ ਪੰਜਾਬੀਆਂ ਨੂੰ! ਆਪਣੀ ਕਿਰਤ ਲਈ ਉਹ ਜੋ ਸੰਘਰਸ਼ ਕਰਨਾ ਚਾਹੁੰਦੇ ਨੇ, ਉਨ੍ਹਾਂ ਨੂੰ ਕਰਨ ਦਿਓ! ਨਾ ਉਲਝਾਓ! ਇਤਿਹਾਸਕ ਕਲੰਕ ਆਪਣੇ ਮੱਥੇ 'ਤੇ ਲੱਗਣ ਤੋਂ ਬਚਾ ਲਓ.. ਸੰਭਲ ਜਾਓ! ਤੇ ਆਪਣੇ ਉਸ ਨਾਇਕ ਨੂੰ ਵੀ ਸਮਝਾਓ ਕਿ ਆਪਣੀ ਲਕੀਰ ਵੱਡੀ ਕਰਨ ਲਈ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਵੱਡੀ ਲਕੀਰ ਨੂੰ ਮੇਟਣ ਦੀ ਅਸਫ਼ਲ ਕੋਸ਼ਿਸ਼ ਕਰੋ.. ਆਪਣੀ ਲਕੀਰ ਖ਼ੁਦ ਖਿੱਚੋ!'

ਹੁਣ ਇਹ ਘਟਨਾ ਹੋਰ ਵੀ ਮਹੱਤਵਪੂਰਨ ਬਣ ਗਈ ਹੈ, ਜਦੋਂ ਪਿਛਲੇ ਦਿਨੀਂ ਇੰਡੀਆ ਦੇ ਇੱਕ ਬਹੁਤ ਪ੍ਰਸਿੱਧ ਤੇ ਨਿਰਪੱਖ ਮੈਗਜ਼ੀਨ 'ਕਾਰਵਾਂ' ਦੀ ਇਨਵੈਸਟੀਗੇਟਿਵ ਪੱਤਰਕਾਰ ਜਤਿੰਦਰ ਕੌਰ ਤੁੜ ਦੀ ਰਿਪੋਰਟ 'ਸਿੰਘੂ ਲਿੰਚਿੰਗ: ਪੀੜਤ ਦੇ ਪਿੰਡ ਚੀਮਾ ਕਲਾਂ ਦੇ ਵਸਨੀਕਾਂ ਨੇ ਮੁੱਖ ਦੋਸ਼ੀ ਦੀ ਪਛਾਣ, ਪਿੰਡ ਵਿੱਚ ਹਾਲੀਆ ਮਹਿਮਾਨ ਵਜੋਂ ਕੀਤੀ' (Sighu Lynching: Residents identify main accused as recent visitor to victim’s village Cheema Kalan) ਛਪੀ ਹੈ।ਜੋ ਜਤਿੰਦਰ ਕੌਰ ਨੇ ਮਰਨ ਵਾਲ਼ੇ ਲਖਬੀਰ ਸਿੰਘ ਦੇ ਪਿੰਡ ਚੀਮਾ ਕਲਾਂ ਵਿੱਚ ਜਾ ਕੇ ਪਿੰਡ ਦੇ ਲੋਕਾਂ ਨਾਲ਼ ਮੁਲਾਕਾਤਾਂ ਕਰਕੇ ਤਿਆਰ ਕੀਤੀ ਹੈ।ਜਿਸ ਵਿੱਚ ਉਹ ਸਪੱਸ਼ਟ ਰੂਪ ਵਿੱਚ ਲਿਖਦੀ ਹੈ ਕਿ ਮਰਨ ਵਾਲ਼ੇ ਲਖਬੀਰ ਸਿੰਘ ਦੇ ਪਿੰਡ ਵਿੱਚ ਕਤਲ ਦੀ ਜਿੰਮੇਵਾਰੀ ਲੈਣ ਵਾਲ਼ਾ ਨਿਹੰਗ ਸਰਬਜੀਤ ਸਿੰਘ ਪਿਛਲੇ ਕੁਝ ਮਹੀਨਿਆ ਤੋਂ ਕਈ ਵਾਰ ਬਲੈਰੋ ਕੈਂਪਰ ਗੱਡੀ ਵਿੱਚ ਘੁੰਮਦਾ ਦੇਖਿਆ ਗਿਆ ਸੀ।ਇਸ ਰਿਪੋਰਟ ਅਨੁਸਾਰ ਪਿੰਡ ਦੇ ਲੋਕਾਂ ਤੇ ਗਵਾਹੀ ਨਾ ਦੇਣ ਲਈ ਕਈ ਰਾਜਨੀਤਕ ਤੇ ਧਾਰਮਿਕ ਲੋਕ ਦਬਾਅ ਪਾ ਰਹੇ ਹਨ।ਸਿਰਫ ਸਰਬਜੀਤ ਸਿੰਘ ਨੇ ਹੀ ਲਖਬੀਰ ਸਿੰਘ ਤੇ ਬੇਅਦਬੀ ਦੇ ਦੋਸ਼ ਲਗਾਏ ਸਨ ਤੇ ਉਸਨੇ ਹੀ ਸਭ ਤੋਂ ਪਹਿਲਾਂ ਉਸਦਾ ਗੁੱਟ ਵੱਢ ਕੇ ਮਾਰਨ ਦੀ ਸ਼ੁਰੂਆਤ ਕੀਤੀ ਸੀ ਤੇ ਬਾਕੀਆਂ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ, ਜਿਸ ਤੋਂ ਬਾਅਦ ਨਿਹੰਗ ਨਰਾਇਣ ਸਿੰਘ ਨੇ ਉਸਦੀ ਇੱਕ ਲੱਤ ਕਿਰਪਾਨਾਂ ਮਾਰ-ਮਾਰ ਕੇ ਵੱਢ ਸੁੱਟੀ।ਪਿੰਡ ਚੀਮਾ ਕਲਾਂ ਦੇ ਵਸਨੀਕਾਂ ਦੇ ਬਿਆਨਾਂ ਅਧਾਰਿਤ ਇਸ ਰਿਪੋਰਟ ਨੂੰ ਪੜ੍ਹ ਕੇ ਇਹ ਸ਼ੱਕ ਹੋਰ ਪੱਕਾ ਹੁੰਦਾ ਹੈ ਕਿ ਸਰਬਜੀਤ ਸਿੰਘ ਹੀ ਲਖਬੀਰ ਸਿੰਘ ਨੂੰ ਕੋਈ ਲਾਲਚ ਦੇ ਕੇ ਸਿੰਘੂ ਬਾਰਡਰ ਲੈ ਕੇ ਗਿਆ ਹੋ ਸਕਦਾ ਹੈ? ਕਿਉਂਕਿ ਪਿੰਡ ਵਾਸੀਆਂ ਅਨੁਸਾਰ ਉਹ ਆਪਣੇ ਤੌਰ ਦਿੱਲੀ ਜਾਣ ਦੇ ਸਮਰੱਥ ਨਹੀਂ ਸੀ? ਇਸ ਸਾਜ਼ਿਸ਼ ਦਾ ਪਰਦਾ ਉਦੋਂ ਹੋਰ ਚੁੱਕਿਆ ਗਿਆ, ਜਦੋਂ 2-3 ਦਿਨ ਬਾਅਦ ਇਸੇ ਨਿਹੰਗ ਜਥੇ ਦੇ ਮੁੱਖੀ ਦੀਆਂ ਫੋਟੋਆਂ ਖੇਤੀਬਾੜੀ ਮੰਤਰੀ ਤੋਮਰ ਅਤੇ ਸਾਬਕਾ ਪੁਲਿਸ ਅਫਸਰ ਗੁਰਮੀਤ ਪਿੰਕੀ (ਉਰਫ ਪਿੰਕੀ ਕੈਟ) ਤੇ ਭਾਜਪਾ ਨੇਤਾਵਾਂ ਨਾਲ਼ ਨਸ਼ਰ ਹੋ ਗਈਆਂ।ਹੁਣ ਇਹ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਮਰਨ ਵਾਲ਼ੇ ਵਿਅਕਤੀ ਨੂੰ ਜਿਸ 'ਸੰਧੂ ਸਾਹਿਬ' ਦੇ ਫੋਨ ਆਉਂਦੇ ਸਨ, ਉਹ ਕੋਈ ਹੋਰ ਨਹੀਂ ਗੁਰਮੀਤ ਸਿੰਘ ਸੰਧੂ ਉਰਫ ਗੁਰਮੀਤ ਪਿੰਕੀ ਹੀ ਸੀ? ਜੇ ਅਜੇ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਇਹ ਕਤਲ ਇੱਕ ਸਾਜ਼ਿਸ਼ ਤਹਿਤ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਤੇ ਨਿਹੰਗਾਂ ਨੂੰ ਉਥੋਂ ਖਿੰਡਾਉਣ ਲਈ ਸੀ ਤਾਂ ਫਿਰ ਕੀ ਕਹਿ ਸਕਦੇ ਹਾਂ?

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜੋ ਵਿਵਾਦ ਸਿੱਖਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਉਸਦਾ ਰਾਜਨੀਤੀਕਰਨ ਕੀਤਾ ਗਿਆ ਹੈ।ਉਸਨੂੰ ਸਮਝਣ ਲਈ 100 ਕੁ ਸਾਲ ਪਹਿਲਾਂ ਦੀਆਂ ਹਿੰਦੂ-ਮੁਸਲਿਮ ਪਾੜੇ ਦੀਆਂ ਘਟਨਾਵਾਂ ਨੂੰ ਸਮਝਣਾ ਲਾਹੇਵੰਦ ਰਹੇਗਾ ਕਿ ਕਿਵੇਂ ਹਿੰਦੂ-ਮੁਸਲਿਮ ਪਾੜਾ ਪਾਇਆ ਗਿਆ, ਜੋ ਅਖੀਰ ਦੇਸ਼ ਦੇ ਬਟਵਾਰੇ ਤੇ ਲੱਖਾਂ ਲੋਕਾਂ ਦੇ ਕਤਲੇਆਮ ਨਾਲ਼ ਵੀ ਖਤਮ ਨਹੀਂ ਹੋਇਆ ਅਤੇ ਅੱਜ ਵੀ ਬਦਸਤੂਰ ਜਾਰੀ ਹੈ।ਸਾਲ 1920 ਵਿੱਚ ਬੇਨਾਮ ਲੇਖਕਾਂ ਦੀਆਂ ਤਿੰਨ ਕਿਤਾਬਾਂ 'ਕ੍ਰਿਸ਼ਨਾ ਤੇਰੀ ਗੀਤਾ ਜਲਾਨੀ ਪੜੇਗੀ', 'ਉਨੀਸੀਵੀਂ ਸਦੀ ਕਾ ਲੰਪਟ ਮਹਾਂਰਿਸ਼ੀ' (ਸਵਾਮੀ ਦਇਆਨੰਦ ਬਾਰੇ) ਅਤੇ 'ਸੀਤਾ ਕਾ ਛਿਨਾਲਾ' (ਭਾਵ ਸੀਤਾ ਦਾ ਵਿਭਚਾਰ) ਵੱਡੀ ਪੱਧਰ ਤੇ ਛਾਪੀਆਂ ਗਈਆਂ, ਜਿਨ੍ਹਾਂ ਨੂੰ ਕੱਟੜਪੰਥੀ ਮੁਸਲਮਾਨਾਂ ਵਲੋਂ ਮਸਜਿਦਾਂ ਤੇ ਮਦਰੱਸਿਆਂ ਵਿੱਚ ਵੰਡਿਆ ਗਿਆ।ਇਸ ਤੋਂ ਬਾਅਦ ਹਿੰਦੂਆਂ ਦੇ ਇੱਕ ਵਰਗ ਵਲੋਂ ਸਖਤ ਵਿਰੋਧ ਸ਼ੁਰੂ ਕੀਤਾ ਗਿਆ ਕਿ ਉਨ੍ਹਾਂ ਦੇ ਦੇਵੀ-ਦੇਵਤਿਆਂ ਜਾਂ ਧਾਰਮਿਕ ਸਖਸ਼ੀਅਤਾਂ ਦਾ ਅਪਮਾਨ ਕੀਤਾ ਗਿਆ ਹੈ।ਪਰ ਉਸ ਸਮੇਂ ਦੀ ਹਿੰਦੂ ਲੀਡਰਸ਼ਿਪ ਤੇ ਖਾਸਕਰ ਮਹਾਤਮਾ ਗਾਂਧੀ ਨੇ ਆਪਣੇ ਅਖਬਾਰ 'ਯੰਗ ਇੰਡੀਆ' ਵਿੱਚ ਆਰਟੀਕਲ ਲਿਖ ਕੇ ਇਸਨੂੰ 'ਵਿਚਾਰਾਂ ਦੀ ਆਜ਼ਾਦੀ' ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ।ਇਸ ਤੋਂ 3 ਸਾਲ ਬਾਅਦ ਹਿੰਦੂਆਂ ਦੇ ਕੁਝ ਟੱਕੜਪੰਥੀ ਧੜਿਆਂ ਵਲੋਂ ਬੇਨਾਮ ਲੇਖਕਾਂ ਦੇ ਨਾਮ ਤੇ ਦੋ ਕਿਤਾਬਾਂ 'ਸ਼ੈਤਾਨ' (ਪੈਗੰਬਰ ਮੁਹੰਮਦ ਸਾਹਿਬ ਬਾਰੇ) ਅਤੇ 'ਰੰਗੀਲਾ ਰਸੂਲ' (ਮੁਹੰਮਦ ਸਾਹਿਬ ਵਲੋਂ ਸਵਰਗਾਂ ਆਦਿ ਦੇ ਵਾਅਦਿਆਂ ਬਾਰੇ) ਲਿਖ ਕੇ ਵੱਡੀ ਗਿਣਤੀ ਵਿੱਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ।ਇਨ੍ਹਾਂ ਵਿੱਚੋਂ ਇੱਕ ਕਿਤਾਬ 'ਰੰਗੀਲਾ ਰਸੂਲ' ਨੂੰ ਲਾਹੌਰ ਦੀ ਮਹਾਸ਼ਾ ਪ੍ਰੈਸ 'ਰਾਜਪਾਲ ਪਬਲਸ਼ਿਰ' ਦੇ ਬੈਨਰ ਹੇਠ ਛਾਪਿਆ ਗਿਆ। ਜਿਸ ਤੋਂ ਬਾਅਦ ਮੁਸਲਿਮ ਜਗਤ ਭੜਕ ਉਠਿਆ।ਇਸ ਤੋਂ ਬਾਅਦ ਮੁਸਲਮਾਨਾਂ ਨੂੰ ਸ਼ਾਂਤ ਕਰਨ ਲਈ ਗਾਂਧੀ ਨੇ 'ਯੰਗ ਇੰਡੀਆ' ਵਿੱਚ ਇਨ੍ਹਾਂ ਕਿਤਾਬਾਂ ਦੀ ਸਖਤ ਨਿੰਦਾ ਕਰਦੇ ਹੋਏ, ਸਖਤ ਸਜ਼ਾਵਾਂ ਦੇਣ ਦੀ ਗੱਲ ਕੀਤੀ।ਜਿਸ ਨਾਲ਼ ਮੁਹੰਮਦ ਅਲੀ ਜਿਨਾਹ ਵਰਗੇ ਵੱਡੇ ਮੁਸਲਿਮ ਲੀਡਰਾਂ ਨੇ ਵੀ ਇਸ ਮਸਲੇ ਨੂੰ ਹੋਰ ਤੂਲ ਦਿੱਤਾ।ਮਹਾਤਮਾ ਗਾਂਧੀ ਨੇ 3 ਅਗਸਤ, 1924 ਨੂੰ ਆਪਣੇ ਅਖ਼ਬਾਰ 'ਯੰਗ ਇੰਡੀਆ' ਵਿੱਚ ਸਿੱਖ ਵਿਦਵਾਨ ਅਜਮੇਰ ਸਿੰਘ ਤੇ ਕਰਮਜੀਤ ਸਿੰਘ ਵਾਂਗ ਦੋ ਕਦਮ ਅੱਗੇ ਵਧਦੇ ਹੋਏ ਆਰਟੀਕਲ ਲਿਖਿਆ, ਜਿਸ ਵਿੱਚ ਉਸਨੇ ਕਿਹਾ: ਜਦੋਂ ਲੋਕਾਂ ਨੂੰ ਅਦਾਲਤਾਂ ਵਿੱਚੋਂ ਇਨਸਾਫ ਨਾ ਮਿਲ਼ੇ ਤਾਂ ਉਸਨੂੰ ਆਪ ਜੱਜ ਬਣ ਕੇ ਫੈਸਲੇ ਕਰਨੇ ਚਾਹੀਦੇ ਹਨ।' ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਵਲੋਂ ਭਾਰੀ ਦਬਾਅ ਅਧੀਨ 1927 ਵਿੱਚ 'ਹੇਟ ਸਪੀਚ ਲਾਅ ਸੈਕਸ਼ਨ 295 ਏ' ਲਿਆਂਦਾ।ਜਿਸ ਅਧੀਨ 'ਈਸ਼ਵਰ ਜਾਂ ਪੈਗੰਬਰ ਨਿੰਦਾ' ਨੂੰ ਅਪਰਾਧਿਕ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ।ਯਾਦ ਰਹੇ 2018 ਵਿੱਚ ਇਸੇ ਕਨੂੰਨ ਵਿੱਚ ਸੋਧ ਕਰਕੇ ਪੰਜਾਬ ਸਰਕਾਰ ਵਲੋਂ 295AA ਨਵਾਂ ਕਨੂੰਨ ਬਣਾਇਆ ਗਿਆ ਸੀ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਸਮੇਤ ਗੀਤਾ, ਕੁਰਾਨ, ਬਾਈਬਲ ਆਦਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਅਤੇ ਕਿਸੇ ਧਾਰਮਿਕ ਅਸਥਾਨ ਦੀ ਬੇਅਦਬੀ ਕਰਨ ਵਾਲ਼ੇ ਨੂੰ 10 ਸਾਲ ਦੀ ਸਜ਼ਾ ਨੀਯਤ ਕੀਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਮਹਾਸ਼ਾ ਅਤੇ ਉਸਦੀ ਪ੍ਰੈਸ ਤੇ 4 ਵਾਰ ਹਮਲੇ ਕੀਤੇ ਗਏ।ਲਾਹੌਰ ਦੀ ਅਦਾਲਤ ਵਿੱਚ ਇਸ ਸਬੰਧੀ 'ਹੇਟ ਸਪੀਚ ਐਕਟ'  ਅਧੀਨ ਕੇਸ ਚੱਲਿਆ, ਜਿਸ ਵਿੱਚ ਚਾਰ ਮੁਸਲਿਮ ਸਕਾਲਰ ਤੇ ਵਕੀਲ 'ਰੰਗੀਲਾ ਰਸੂਲ' ਕਿਤਾਬ ਵਿੱਚੋਂ ਕੁਝ ਅਜਿਹਾ ਸਾਬਿਤ ਨਹੀਂ ਕਰ ਸਕੇ, ਜੋ ਪਹਿਲਾਂ ਹੀ ਅਨੇਕਾਂ ਹੀ ਇਸਲਾਮਿਕ ਸਕਾਲਰਾਂ ਵਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਜੀਵਨ ਬਾਰੇ ਇਕੱਠੀਆਂ ਕੀਤੀਆਂ ਹਦੀਸਾਂ ਵਿੱਚ ਦਰਜ ਨਾ ਹੋਵੇ ਅਤੇ ਅਦਾਲਤ ਨੇ 1929 ਵਿੱਚ ਮਹਾਸ਼ਾ ਰਾਜਪਾਲ ਨੂੰ ਬਾਇੱਜਤ ਬਰੀ ਕਰ ਦਿੱਤਾ।ਪਰ ਮੁਸਲਿਮ ਲੀਡਰਾਂ ਤੇ ਸਕਾਲਰਾਂ ਨੇ ਲੋਕਾਂ ਨੂੰ ਧਰਮ ਦੇ ਨਾਮ ਤੇ ਭੜਕਾਉਣਾ ਜਾਰੀ ਰੱਖਿਆ, ਜਿਸ ਦੇ ਨਤੀਜੇ ਵਜੋਂ ਉਸੇ ਸਾਲ ਪੰਜਵੇਂ ਹਮਲੇ ਵਿੱਚ ਇੱਕ 20-21 ਸਾਲਾ ਮੁਸਲਿਮ ਨੌਜਵਾਨ ਮੁਹੰਮਦ ਇਲਮੂਦੀਨ ਵਲੋਂ ਮਹਾਸ਼ਾ ਰਾਜਪਾਲ ਨੂੰ ਛੁਰੇ ਮਾਰ-ਮਾਰ ਕੇ ਬੇਰਹਿਮੀ ਨਾਲ਼ ਕਤਲ ਕਰ ਦਿੱਤਾ।ਮੁਸਲਿਮ ਲੀਡਰ ਜਿਨਾਹ ਨੇ ਇਲਾਮਾ ਇਕਬਾਲ ਦੇ ਕਹਿਣ ਤੇ ਇਸ ਇਸਲਾਮ ਦੇ ਰਾਖੇ ਦਾ ਕੇਸ ਕੋਰਟ ਵਿੱਚ ਲੜਿਆ, ਪਰ ਕੋਰਟ ਨੇ ਹਿੰਦੂਆਂ ਦੇ ਭਾਰੀ ਦਬਾਅ ਅਧੀਨ ਮੁਹੰਮਦ ਇਲਮੂਦੀਨ ਨੂੰ 31 ਅਕਤੂਬਰ, 1929 ਨੂੰ ਫਾਂਸੀ ਦੇ ਦਿੱਤੀ।ਮੁਸਲਮਾਨਾਂ ਨੇ ਉਸਨੂੰ 'ਹਜ਼ਰਤ ਗਾਜੀ', 'ਸ਼ਹੀਦ' ਆਦਿ ਦੇ ਖਿਤਾਬ ਦਿੱਤੇ ਅਤੇ ਉਸਦੇ ਜਨਾਜੇ ਵਿੱਚ ਲੱਖਾਂ ਲੋਕ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਮਿ. ਜਿਨਾਹ ਤੇ ਇਲਾਮਾ ਇਕਬਾਲ ਵੀ ਸ਼ਾਮਿਲ ਸਨ ਤੇ ਇਕਬਾਲ ਨੇ ਭਰੀ ਸਭਾ ਵਿੱਚ ਇਹ ਸ਼ਬਦ ਕਹੇ: 'ਅਸੀਂ ਦੇਖਦੇ ਰਹਿ ਗਏ ਤੇ ਇਹ ਤਰਖਾਣਾਂ ਦਾ ਮੁੰਡਾ ਬਾਜ਼ੀ ਲੈ ਗਿਆ।' ਇਹੀ ਉਹ ਸਮਾਂ ਸੀ, ਜਦੋਂ ਲੀਡਰਾਂ ਤੇ ਸਕਾਲਰਾਂ ਵਲੋਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਧਾਰਮਿਕ ਕੱਟੜਤਾ ਤੇ ਨਫਰਤ ਦੇ ਫਿਰਕੂ ਬੀਜ ਬੀਜੇ ਗਏ।ਇਹੀ ਉਹ ਨਫਰਤ ਸੀ, ਜਿਸਨੇ ਦੇਸ਼ ਦੇ ਬਟਵਾਰੇ ਅਤੇ 1947 ਦੇ ਲੱਖਾਂ ਲੋਕਾਂ ਦੇ ਕਤਲੇਆਮ ਦੀ ਨੀਂਹ ਰੱਖੀ। ਮੁਹੰਮਦ ਇਲਮੂਦੀਨ ਨੂੰ ਅੱਜ ਵੀ ਪਾਕਿਸਤਾਨ ਵਿੱਚ ਕੌਮੀ ਸ਼ਹੀਦ ਮੰਨਿਆ ਜਾਂਦਾ ਹੈ ਅਤੇ ਇਸਦੇ ਜੀਵਨ ਅਧਾਰਿਤ 1978 ਵਿੱਚ 'ਗਾਜ਼ੀ ਇਲਮੂਦੀਨ' ਨਾਮ ਦੀ ਫਿਲਮ ਵੀ ਪਾਕਿਸਤਾਨ ਵਿੱਚ ਬਣੀ ਸੀ ਅਤੇ ਪਾਕਿਸਤਾਨ ਵਿੱਚ ਉਸਦੇ ਨਾਮ ਤੇ ਇੱਕ ਮਸਜਿਦ ਵੀ ਬਣੀ ਹੋਈ ਹੈ।ਸਾਲ 2013 ਵਿੱਚ ਲਾਹੌਰ ਦੀ ਹਾਈਕੋਰਟ ਵਿੱਚ ਇਸ ਕੇਸ ਨੂੰ ਦੁਬਾਰਾ ਖੋਲਣ ਲਈ ਇੱਕ ਪਟੀਸ਼ਨ ਤੇ ਸੁਣਵਾਈ ਕੀਤੀ ਗਈ ਸੀ ਤਾਂ ਕਿ ਮੁਹੰਮਦ ਇਲਮੂਦੀਨ ਤੇ ਲੱਗੇ ਕਤਲ ਦੇ ਕੇਸਾਂ ਨੂੰ ਰੱਦ ਕਰਕੇ ਉਸਨੂੰ ਇਸਲਾਮ ਦੇ ਰਾਖੇ ਦੀ ਮਾਨਤਾ ਮਿਲ ਸਕੇ ਅਤੇ ਉਸੇ ਸਾਲ ਉਸਦੀ ਕਬਰ ਤੇ ਹਜ਼ਾਰਾਂ ਲੋਕ ਵੀ ਹਾਜਿਰ ਹੋਏ ਸਨ। (ਇਹ ਜਾਣਕਾਰੀ 'ਆਊਟ ਲੁੱਕ' ਮੈਗਜ਼ੀਨ ਦੇ ਜੂਨ, 2020 ਦੇ ਅੰਕ ਅਤੇ ਲਾਹੌਰ ਹਾਈਕੋਰਟ ਦੇ ਆਰਕਾਈਵ ਡਾਕੂਮੈਂਟਸ ਵਿੱਚੋਂ ਲਈ ਗਈ ਹੈ)।

ਅੱਜ ਦੇ ਦੌਰ ਵਿੱਚ ਜਦੋਂ ਸਿੱਖ ਵਿਦਵਾਨਾਂ ਦੇ ਸਿੰਘੂ ਬਾਰਡਰ ਜਾਂ ਬੇਅਦਬੀਆਂ ਦੇ ਮਸਲੇ ਤੇ ਵਿਚਾਰ ਦੇਖਦੇ ਹਾਂ ਤਾਂ ਲਗਦਾ ਹੈ ਕਿ ਉਹ ਬੀਤੇ ਤੋਂ ਕੁਝ ਸਿੱਖਣ ਦੀ ਥਾਂ ਬਲਦੀ ਤੇ ਤੇਲ ਪਾਉਣ ਦੀ ਆਹਰ ਵਿੱਚ ਹਨ? ਸੋਸ਼ਲ ਮੀਡੀਆ ਤੇ ਕੁਝ ਸਿੱਖ ਵਿਦਵਾਨਾਂ ਦੀ ਪੋਸਟ ਘੁਮਾਈ ਜਾ ਰਹੀ ਹੈ, ਜਿਸ ਵਿੱਚ ਕਿਹਾ ਗਿਆ ਹੈ: 'ਸਵਰਾਜਬੀਰ ਦੀ ਸੰਪਾਦਕੀ ਪੜ੍ਹ ਕੇ, ਹੁਣ ਸਮਝ ਪੈਂਦੀ ਹੈ ਕਿ 80ਵਿਆਂ ਵਿੱਚ ਸਿੰਘਾਂ ਨੇ ਲਾਲਾ ਜਗਤ ਨਰਾਇਣ ਗੱਡੀ ਕਿਉਂ ਚਾੜਿਆ ਸੀ?' ਇਹ ਉਹੀ ਬਿਆਨ ਹਨ, ਜੋ ਕਦੇ ਪਾਕਿਸਤਾਨ ਦੇ ਕੌਮੀ ਕਵੀ ਇਲਾਮਾ ਇਕਬਾਲ ਵਰਗਿਆਂ ਨੇ ਦਿੱਤੇ ਸਨ, ਜਿਸਨੇ ਮੁਹੰਮਦ ਇਲਮੂਦੀਨ ਵਰਗੇ ਗਾਜ਼ੀ ਪੈਦਾ ਕੀਤੇ? ਕੀ ਸਾਡੇ ਵਿਦਵਾਨ ਵੀ ਕੁਝ ਅਜਿਹਾ ਹੀ ਨਹੀਂ ਕਰ ਰਹੇ? ਜਿਸ ਤਰ੍ਹਾਂ ਬਹੁਤ ਲੋਕਾਂ ਦਾ ਮੰਨਣਾ ਹੈ ਕਿ 84 ਦੀ ਖਾੜਕੂ ਮੂਵਮੈਂਟ ਵਿੱਚ ਵੀ ਇਸ ਤਰ੍ਹਾਂ ਦੇ ਵਿਦਵਾਨ ਖਾੜਕੂਆਂ ਦੇ ਮਨਾਂ ਵਿੱਚ ਚੰਗਿਆੜੀ ਸੁੱਟ ਦਿੰਦੇ ਸਨ, ਜਿਸ ਨਾਲ਼ ਅਨੇਕਾਂ ਮਹਾਸ਼ਾ ਰਾਜਪਾਲ ਵਰਗੇ ਲੋਕ ਕਤਲ ਹੋਏ?

ਇਸ ਸਾਰੀ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਕਿ ਰਾਜਨੀਤਕ ਤੇ ਧਾਰਮਿਕ ਜਨੂੰਨੀ ਲੋਕ ਆਪਣੇ ਹਿੱਤਾਂ ਅਤੇ ਧਾਰਮਿਕ ਕੱਟੜਤਾ ਅਧੀਨ ਅਜਿਹਾ ਕੁਝ ਕਰਦੇ ਹਨ, ਜਿਸਦੇ ਨਾਲ਼ ਮੁਹੰਮਦ ਇਲਮੂਦੀਨ ਵਰਗੇ ਭਾਵੁਕ ਨੌਜਵਾਨ ਕਤਲਾਂ ਤੱਕ ਪਹੁੰਚ ਜਾਂਦੇ ਹਨ।ਅਜਿਹੇ ਹਾਲਾਤਾਂ ਵਿੱਚੋਂ ਹੀ ਸਿੰਘੂ ਬਾਰਡਰ ਵਰਗੇ ਕਤਲ ਨਿਕਲਦੇ ਹਨ।ਸਾਡਾ ਸਿੱਖ ਲੀਡਰਾਂ ਤੇ ਵਿਦਵਾਨਾਂ ਨੂੰ ਸਵਾਲ ਹੈ ਕਿ ਕੀ ਅਸੀਂ ਇਤਿਹਾਸ ਦੇ ਕਾਲ਼ੇ ਦੌਰਾਂ ਤੋਂ ਕੋਈ ਸਬਕ ਲਵਾਂਗੇ? ਕਿਸਾਨੀ ਸੰਘਰਸ਼ ਚਲਾ ਰਹੀਆਂ ਜਥੇਬੰਦੀਆਂ ਪਹਿਲੇ ਦਿਨ ਤੋਂ ਕਹਿ ਰਹੀਆਂ ਹਨ ਕਿ ਇਹ ਸੰਘਰਸ਼, ਕਿਸੇ ਧਰਮ, ਕੌਮ, ਜਾਤ, ਫਿਰਕੇ, ਇਲਾਕੇ ਵਿਸ਼ੇਸ਼ ਦਾ ਨਹੀਂ, ਇਹ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੋਕ ਸੰਘਰਸ਼ ਹੈ।ਇਹ ਉਹ ਸੰਘਰਸ਼ ਹੈ, ਜਿਸਨੂੰ ਦੁਨੀਆਂ ਭਰ ਵਿੱਚੋਂ ਸਹਿਯੋਗ ਮਿਲ ਰਿਹਾ ਹੈ।ਇਸ ਸੰਘਰਸ਼ ਵਿੱਚ ਸਿੱਖਾਂ ਵਲੋਂ ਲਾਏ ਲੰਗਰਾਂ ਤੇ ਸੇਵਾ ਕਰਕੇ ਦੁਨੀਆਂ ਭਰ ਵਿੱਚ ਸਿੱਖਾਂ ਦਾ ਚੰਗਾ ਨਾਮ ਬਣਿਆ ਹੈ।ਪਰ ਅਜਿਹੀਆਂ ਘਟਨਾਵਾਂ ਨਾਲ਼ ਸਿੱਖਾਂ ਦਾ ਅਕਸ ਖਰਾਬ ਹੁੰਦਾ ਹੈ, ਖਾਸਕਰ ਉਨ੍ਹਾਂ ਵਿਕਸਤ ਦੇਸ਼ਾਂ ਵਿੱਚ ਜਿੱਥੇ ਅਸੀਂ ਵਿਦੇਸ਼ਾਂ ਵਿੱਚ ਵਸਦੇ ਹਾਂ।ਇਸ ਸੰਘਰਸ਼ ਨੇ ਦੁਨੀਆਂ ਭਰ ਵਿੱਚ ਆਪਣੀ ਵੱਖਰੀ ਛਾਪ ਛੱਡੀ ਹੈ।ਇਸ ਕਰਕੇ ਸੰਘਰਸ਼ ਤੇ ਟਿੱਪਣੀ ਕਰਦੇ ਹੋਏ, ਸੰਸਾਰ ਪ੍ਰਸਿੱਧ ਚਿੰਤਕ, ਫਿਲਾਸਫਰ, ਲੋਕ ਪੱਖੀ ਲੇਖਕ ਨਿਉਮ ਚੁਮੈਸਕੀ ਨੇ ਕਿਹਾ ਸੀ: 'ਇਹ ਸੰਘਰਸ਼ ਹਨ੍ਹੇਰੇ ਸਮਿਆਂ ਵਿੱਚ ਰੌਸ਼ਨੀ ਦੀ ਇੱਕ ਕਿਰਨ ਹੈ।ਕਿਸਾਨਾਂ ਦਾ ਇਹ ਸੰਘਰਸ਼ ਸਿਰਫ ਉਨ੍ਹਾਂ ਦੇ ਆਪਣੇ ਹਿੱਤਾਂ ਲਈ ਹੀ ਨਹੀਂ, ਸਗੋਂ ਸਮਾਜ ਵਿੱਚ ਦੱਬੇ, ਕੁਚਲੇ, ਲਤਾੜੇ ਲੋਕਾਂ ਲਈ ਆਸ ਦੀ ਕਿਰਨ ਹੈ।ਇਹ ਉਨ੍ਹਾਂ ਲੋਕਾਂ ਲਈ ਆਸ ਦੀ ਕਿਰਨ ਹੈ, ਜਿਨ੍ਹਾਂ ਦਾ ਸਭ ਕੁਝ ਵੱਡੀਆਂ ਸਰਮਾਏਦਾਰ ਕਾਰਪੋਰੇਸ਼ਨਾਂ ਹੜੱਪ ਕਰ ਜਾਣਾ ਚਾਹੁੰਦੀਆਂ ਹਨ।' ਪਰ ਸਾਡੇ ਇਹ ਸਕਾਲਰ ਪਤਾ ਨਹੀਂ ਕਿਉਂ ਇਸ ਸਾਂਝੇ ਲੋਕ ਸੰਘਰਸ਼ ਵਿੱਚੋਂ ਆਪਣਾ ਧਾਰਮਿਕ ਏਜੰਡਾ ਕਿਉਂ ਕੱਢਣਾ ਚਾਹੁੰਦੇ ਹਨ...?

ਸੰਪਰਕ : 403-681-8689 
Email: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ