Thu, 12 September 2024
Your Visitor Number :-   7220812
SuhisaverSuhisaver Suhisaver

ਆਮ ਆਦਮੀ ਪਾਰਟੀ ਇਤਿਹਾਸ ਤੋਂ ਸਬਕ ਲੈਣ ਦਾ ਯਤਨ ਕਰੇ - ਹਰਜਿੰਦਰ ਸਿੰਘ ਗੁਲਪੁਰ

Posted on:- 27-03-2015

suhisaver

ਹਰ ਰਾਜਨੀਤਕ ਪਾਰਟੀ ਵਿਚ ਮਤ ਭੇਦਾਂ ਦੀ ਗੁਜਾਇਸ਼ ਬਣੀ ਰਹਿੰਦੀ ਹੈ।ਜੇਕਰ ਅਜਿਹੇ ਮਤਭੇਦ ਪਾਰਟੀ ਦੇ ਸੰਵਿਧਾਨਕ ਘੇਰੇ ਅੰਦਰ ਰਹਿਣ ਤਾਂ ਇਹਨਾ ਦਾ ਪਾਰਟੀ ਨੂੰ ਨੁਕਸਾਨ ਹੋਣ ਦੀ ਥਾਂ ਇੱਕ ਤਰਾਂ ਨਾਲ ਲਾਭ ਪਹੁੰਚਾਉਂਦਾ ਹੈ।ਪਰਸਪਰ ਵਿਰੋਧੀ ਵਿਚਾਰਾਂ ਦੀ ਵਜਾਹ ਨਾਲ ਪੂਰੀ ਲੀਡਰ ਸ਼ਿਪ ਚੁਸਤ ਦਰੁਸਤ ਰਹਿੰਦੀ ਹੋਈ ਹਰ ਤਰਾਂ ਦੇ ਕੁਰਾਹੇ ਅਤੇ ਮਾਅਰਕੇ ਬਾਜੀ ਤੋਂ ਬਚੀ ਰਹਿੰਦੀ ਹੈ।ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਕੋਈ ਪਾਰਟੀ ਏਕਾਧਿਕਾਰ ਦੇ ਮਾਰੂ ਰੋਗ ਦਾ ਸ਼ਿਕਾਰ ਨਾ ਹੋਵੇ।

ਅੱਜ ਇਸ ਮਾਰੂ ਰੋਗ ਦੇ ਲਛਣ ਆਮ ਆਦਮੀ ਪਾਰਟੀ ਦੇ ਜਿਸਮ ਉੱਤੇ ਸਪਸ਼ਟ ਦਿਖਾਈ ਦੇਣ ਲੱਗ ਪਏ ਹਨ।ਜੇਕਰ ਸਮਾਂ ਰਹਿੰਦਿਆਂ ਇਸ ਰੋਗ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਬਿਮਾਰੀ ਵਧ ਕੇ ਉਸ ਦੇ ਅੰਤ ਦਾ ਸੱਬਬ ਬਣ ਸਕਦੀ ਹੈ।ਇਹ ਕਰਿਸ਼ਮਈ ਪਾਰਟੀ ਭਾਵੇਂ ਲੰਬੇ ਸਮੇਂ ਤੋਂ ਅੰਦਰੂਨੀ ਖਿਚੋ ਤਾਣ ਦਾ ਸ਼ਿਕਾਰ ਸੀ ਪ੍ਰੰਤੂ ਕਿਸੇ ਨਾ ਕਿਸੇ ਤਰਾਂ ਇਸ ਦੇ ਆਗੂਆਂ ਨੇ ਜੁਗਾੜ ਬੰਦੀ ਕਰਕੇ ਦਿੱਲੀ ਰਾਜ ਦੀਆਂ ਚੋਣਾਂ ਤੱਕ ਦਾ ਸਮਾਂ ਲੰਘਾ ਲਿਆ।ਤਕਰੀਬਨ ਇੱਕ ਮਹੀਨੇ ਤੋਂ ਜਿਸ ਤਰਾਂ ਇਸ ਦੇ ਗੁੱਟਾਂ ਵਲੋਂ ਇੱਕ ਦੂਜੇ ਉੱਤੇ ਖੁੱਲੇ ਆਮ ਦੋਸ਼ ਪ੍ਰ੍ਤੀਦੋਸ਼ ਲਗਾਏ ਜਾ ਰਹੇ ਹਨ ਉਸ ਨੂੰ ਦੇਖ ਕੇ ਕਹਿਣਾ ਪੈ ਰਿਹਾ ਹੈ ਕਿ ਜੇ ਇਸ ਸਮੇਂ ਆਮ ਆਦਮੀ ਪਾਰਟੀ ਸਾਹਮਣੇ ਕੋਈ ਜਰੂਰੀ ਟੀਚਾ ਹੈ ਤਾਂ ਉਹ ਹੈ ਆਪਣੇ ਆਪ ਦੀ ਸੰਭਾਲ ਕਰਨ ਦਾ।

ਆਮ ਆਦਮੀ ਪਾਰਟੀ ਨੂੰ ਦੇਸ਼ ਦੇ ਰਾਜਨੀਤਕ ਇਤਿਹਾਸ ਤੋਂ ਸਬਕ ਸਿਖ ਕੇ ਅੱਗੇ ਵਧਣਾ ਚਾਹਿਦਾ ਹੈ ਨਹੀਂ ਤਾਂ ਉਸ ਦਾ ਹਾਲ ਵੀ ਦੇਸ਼ ਅੰਦਰ ਜੂਨ 1975 ਦੌਰਾਨ ਲੱਗੀ ਐਮਰਜੰਸੀ ਦੇ ਵਿਰੋਧ ਵਿਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਕਾਂਗਰਸ ਵਿਰੋਧੀ ਪਾਰਟੀਆਂ ਵਲੋਂ ਕੀਤੇ ਅੰਦੋਲਨ ਸਦਕਾ ਹੋਂਦ ਵਿਚ ਆਈ ਜਨਤਾ ਸਰਕਾਰ ਵਾਲਾ ਬਣਨ ਨੂੰ ਦੇਰ ਨਹੀਂ ਲਗੇਗੀ।ਅਸਾਮ ਦੀ ਪ੍ਰਫ਼ੁਲ ਮਹੰਤਾ ਸਰਕਾਰ ਦਾ ਹਸ਼ਰ ਵੀ ਇਸੇ ਤਰਾਂ ਦਾ ਹੋਇਆ ਸੀ।2013ਅਤੇ 2015 ਦੀਆਂ ਵਿਧਾਨ ਸਭਾ ਚੋਣਾਂ  ਸਮੇਂ  ਵਿਨੋਦ ਕੁਮਾਰ ਬਿੰਨੀ,ਸ਼ਾਜ਼ਿਆ ਇਲਮੀ,ਐਮ ਐਸ ਧੀਰ ਆਦਿ ਕੁਝ ਨੇਤਾਵਾਂ ਵਲੋਂ ਕੀਤੀ ਗਈ ਬਗਾਵਤ ਆਪਣੀ ਮੌਤ ਆਪ ਇਸ ਕਰਕੇ ਮਰ ਗਈ ਸੀ ਕਿਓਂ ਕਿ ਉਹਨਾ ਨੇਤਾਵਾਂ ਦਾ ਕੱਦ ਬੁੱਤ ਬਗਾਵਤ ਦੇ ਹਾਣ ਦਾ ਨਹੀਂ ਸੀ।ਇਸ ਤੋਂ ਉਲਟ ਜੋ ਹਾਲਾਤ ਦਿੱਲੀ ਵਿਧਾਨ ਸਭਾ ਵਿਚ ਰਿਕਾਰਡ ਤੋੜ ਬਹੁਮਤ ਹਾਸਲ ਕਰਨ ਉਪਰੰਤ "ਆਪ" ਅੰਦਰ ਬਣੇ ਦਿਖਾਈ ਦੇ ਰਹੇ ਹਨ ਮਾਹਿਰਾਂ ਵਲੋਂ ਇਹਨਾਂ ਨੂੰ ਖਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ।ਵਰਤਮਾਨ ਸਥਿਤੀ ਦੇ ਮੱਦੇ ਨਜਰ ਛੋਟੇ ਕਾਰਜਕਰਤਾ ਤੋਂ ਲੈ ਕੇ ਵੱਡੇ ਕਾਰਜਕਰਤਾ ਤੱਕ ਦੀਆਂ ਨਜਰਾਂ ਅਰਵਿੰਦ ਕੇਜਰੀਵਾਲ ਉੱਤੇ ਟਿਕੀਆਂ ਹੋਈਆਂ ਹਨ।ਇਸ ਲਈ ਕੇਜਰੀਵਾਲ ਸਿਰ ਇਸ ਸਮੇਂ ਬਹੁਤ ਵੱਡੀ ਜੁੰਮੇਵਾਰੀ ਹੈ ।ਆਮ ਆਦਮੀ ਪਾਰਟੀ ਦੇ ਕਾਰਜ ਕਰਤਾਵਾਂ ਦੀ ਆਮ ਰਾਇ ਹੈ ਕਿ ਪਾਰਟੀ ਅੰਦਰ ਏਕਤਾ ਬਣੀ ਰਹੇ । ।ਇਸ ਲਈ ਅਰਵਿੰਦ ਕੇਜਰੀਵਾਲ ਸਿਰ ਬਹੁਤ ਵੱਡੀ ਜੰਮੇ ਵਾਰੀ ਆਣ ਪਈ ਹੈ ।ਜੇਕਰ ਉਸ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆ ਪਾਰਟੀ ਨੂੰ ਟੁੱਟਣ ਤੋਂ ਬਚਾ ਲਿਆ ਤਾਂ ਜਿਥੇ ਇੱਕ ਪਾਸੇ"ਆਪ"ਖਿਲਾਫ਼ ਲੱਕ ਬੰਨ ਕੇ ਖੜੇ ਮੀਡੀਆ ਦੇ ਇੱਕ ਵੱਡੇ ਹਿੱਸੇ ਸਮੇਤ ਤਮਾਮ ਵਿਰੋਧੀਆਂ ਦਾ ਮੂੰਹ ਹਾਲ ਦੀ ਘੜੀ ਬੰਦ ਹੋ ਜਾਵੇਗਾ ਉਥੇ ਆਮ ਆਦਮੀ ਪਾਰਟੀ ਵਾਸਤੇ ਅਨੇਕ ਦੇਸ਼ ਵਿਆਪੀ ਸੰਭਾਵਨਾਵਾ ਦੇ ਰਾਹ ਖੁੱਲ ਸਕਦੇ ਹਨ।ਇਸ ਤੋਂ ਉਲਟ ਜੇਕਰ ਉਹ "ਆਪ"ਦੇ ਸੀਨੀਅਰ ਨੇਤਾਵਾਂ ਜੋਗਿੰਦਰ ਯਾਦਵ ,ਪ੍ਰਸ਼ਾਂਤ ਭੂਸ਼ਣ ਅਤੇ ਮਿਆਂਕ ਗਾਂਧੀ ਆਦਿ ਨੇਤਾਵਾਂ ਨਾਲ ਬਣੀਆਂ ਦੂਰੀਆਂ ਨੂੰ ਘੱਟ ਕਰਨ ਵਿਚ ਸਫਲ ਨਾ ਹੋਇਆ ਤਾਂ ਦੋਹਾਂ ਧੜਿਆਂ ਦਰਮਿਆਨ ਇੱਕ ਪੱਕੀ ਲਕੀਰ ਖਿਚ ਹੋ ਜਾਵੇਗੀ ਅਤੇ ਇੱਕ ਹੋਰ ਸ਼ਰੀਕ ਪਾਰਟੀ ਦੇ ਜੰਮਣ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ।ਇਤਿਹਾਸਕ ਪਖੋਂ ਦੇਖਿਆ ਜਾਵੇ ਤਾਂ ਸੰਘਰਸ਼ ਕਰਨਾ ਅਤੇ ਸਰਕਾਰ ਚਲਾਉਣਾ ਦੋ ਵਖ ਵਖ ਕਾਰਜ ਹਨ ।ਦੋਹਾਂ ਦੀਆਂ ਆਪੋ ਆਪਣੀਆਂ ਸੀਮਤਾਈਆਂ ਹੁੰਦੀਆਂ ਹਨ ।

ਜੇ ਤੁਸੀਂ ਸਥਾਈ ਤੌਰ ਤੇ ਸਰਕਾਰ ਚਲਾਉਣ ਦੇ ਮੁਦਈ ਹੋ ਤਾਂ ਤੁਹਾਨੂੰ ਵਿਹਾਰਕ ਰਾਜਨੀਤੀ ਨਾਲ ਤਾਲਮੇਲ ਬਿਠਾਉਣਾ ਪਵੇਗਾ , ਖਾਸ ਕਰਕੇ ਦਿੱਲੀ ਵਰਗੇ ਅਰਧ ਰਾਜ ਵਿਚ । ਸਦੀਆਂ ਤੋਂ ਚਲੀ ਆ ਰਹੀ ਵਿਵਸਥਾ ਅੰਦਰ ਪੂਰੀ ਤਰਾਂ ਵਖਰੇ ਹੋ ਕੇ ਚਲਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜਰੂਰ ਹੈ।ਦੇਸ਼ ਦੀ ਮੌਜੂਦਾ ਰਾਜਨੀਤੀ ਵਿਚ ਕੂਟਨੀਤਕ ਪਖੋਂ ਕਚੇ ਖਿਡਾਰੀ ਲੰਬੀ ਪਾਰੀ ਨਹੀਂ ਖੇਡ ਸਕਦੇ ।"ਆਪ"ਦੇ ਸਬੰਧ ਵਿਚ ਵਖ ਵਖ ਸਰੋਤਾਂ ਤੋਂ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਉਸ ਅਨੁਸਾਰ ਇਸ ਸਮੇਂ ਇਸ ਅੰਦਰ ਕੇਜਰੀਵਾਲ ਪਖੀ ਅਤੇ ਕੇਜਰੀਵਾਲ ਵਿਰੋਧੀ ਦੋ ਗਰੁਪ ਹਨ  ਕੇਜਰੀਵਾਲ ਵਿਰੋਧੀ ਧੜੇ ਵਲੋਂ ਜਿਸ ਦੀ ਅਗਵਾਈ ਯੋਗੇੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਹਥ ਹੈ ,ਆਮ ਪ੍ਰਭਾਵ ਇਹ ਬਣਾਇਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀ ਵਾਲ ਦੇ ਦੁਆਲੇ ਅਜਿਹੇ ਨੇਤਾਵਾਂ ਦੀ ਭੀੜ ਜੁੜ ਗਈ ਹੈ ਜਿਹਨਾਂ ਦਾ ਉਦੇਸ਼ ਵਿਹਾਰਕ ਰਾਜਨੀਤੀ ਕਰਦਿਆਂ ਸਤਾ ਦਾ ਅਨੰਦ ਭੋਗਣਾ ਹੈ।ਇਹਨਾਂ ਨੇਤਾਵਾਂ ਵਿਚ ਮਨੀਸ਼ ਸਿਸੋਧੀਆ,ਆਸ਼ੂਤੋਸ਼ ।ਆਸ਼ੀਸ਼ ਖੇਤਾਨ,ਸੰਜੈ ਸਿੰਘ ਆਦਿ ਦਾ ਨਾਮ ਲਿਆ ਜਾਂਦਾ ਹੈ। ਇਸ ਧੜੇ ਦਾ ਦਾਅਵਾ ਹੈ ਕਿ ਕੇਜਰੀਵਾਲ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਇਹ ਵਿਅਕਤੀ ਉਹਨਾਂ ਨੂੰ ਆਪਣੇ ਰਾਹ ਦਾ ਰੋੜਾ ਸਮਝ ਕੇ ਪਾਰਟੀ ਤੋਂ ਦੂਰ ਕਰਨ ਦੀ ਫਿਰਾਕ ਵਿਚ ਹਨ ਪ੍ਰੰਤੂ ਉਹ ਅਜਿਹਾ ਹਰਗਿਜ ਨਹੀਂ ਹੋਣ ਦੇਣਗੇ।ਇਸ ਧੜੇ ਦੀ ਅਗਵਾਈ ਕਰਨ ਵਾਲੇ ਦੋਹਾਂ ਨੇਤਾਵਾਂ ਦਾ ਵਿਆਕਤਤਵ ਅਰਵਿੰਦ ਕੇਜਰੀਵਾਲ ਨੂੰ ਛੱਡ ਕੇ ਉਸ ਨਾਲ ਜੁੜੇ ਬਾਕੀ ਸਾਰੇ ਨੇਤਾਵਾਂ ਨਾਲੋਂ ਉਚਾ ਹੈ ਇਸ ਲੈ ਇਹਨਾਂ ਦੀਆਂ ਦਲੀਲਾਂ ਵਿਚ ਕਾਫੀ ਵਜਨ ਵੀ ਹੈ।


ਇਹ ਇੱਕ ਮੰਨੀ ਪ੍ਰਮੰਨੀ ਸਚਾਈ ਹੈ ਕਿ ਜਦੋਂ ਕਿਸੇ ਅੰਦੋਲਨ ਚੋਣ ਨਿਕਲੀ ਰਾਜਨੀਤਕ ਪਾਰਟੀ ਨਵੀਂ ਨਵੀਂ ਸਤਾ ਉੱਤੇ ਕਾਬਜ ਹੁੰਦੀ ਹੈ ਤਾਂ ਉਸ ਨਾਲ ਜੁੜੇ ਅਨੇਕਾਂ ਆਗੂ ਆਪਣੀਆਂ ਛੁਪੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਤਰਾਂ ਤਰਾਂ ਦੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਹੌਲੀ ਹੌਲੀ ਉਸੇ ਵਿਵਸਥਾ ਦੇ ਇੱਕ ਅੰਗ ਵਜੋਂ ਵਿਚਰਨ ਲੱਗ ਪੈਂਦੇ ਹਨ ਜਿਸ ਦੇ ਖਿਲਾਫ਼ ਲੜ ਕੇ ਉਹ ਆਏ ਹੁੰਦੇ ਹਨ।ਕੁੱਲ ਮਿਲਾ ਕੇ ਇਸ ਗਰੁਪ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਪਾਰਟੀ ਅੰਦਰਲੇ ਲੋਕ ਤੰਤਰ ਨੂੰ ਖਤਮ ਕਰ ਕੇ ਪਾਰਟੀ ਉੱਤੇ ਆਪਣਾ ਏਕਾਧਿਕਾਰ ਜਮਾਉਣਾ ਚਾਹੁੰਦੇ ਹਨ। ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਜਿਹਨਾਂ ਸਿਧਾਤਾਂ ਉੱਤੇ ਪਹਿਰਾ ਦੇਣ ਦਾ ਅਹਿਦ ਕਰ ਕੇ ਪਾਰਟੀ ਖੜੀ ਕੀਤੀ ਗਈ ਸੀ ਅੱਜ ਸਤਾ ਦੇ ਗਲਿਆਰਿਆਂ ਅੰਦਰ ਦਾਖਲ ਹੁੰਦੇ ਸਾਰ ਪਾਰਟੀ ਦੇ ਕੁਝ ਆਗੂ ਸਰਵੇ ਸਰਵਾ ਬਣ ਕੇ ਉਹਨਾ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਲਗ ਪਏ ਹਨ। ਫੇਰ ਹੋਰ ਪਾਰਟੀਆਂ ਨਾਲੋਂ ਉਹਨਾਂ ਦੀ ਪਾਰਟੀ ਅਲੱਗ ਕਿਵੇਂ ਹੋਈ?ਜਿਥੋਂ ਤੱਕ ਸਰਕਾਰ ਦੇ ਕੰਮ ਕਾਜ ਉੱਤੇ ਨਜਰ ਸਾਨੀ ਰਖਣ ਦੀ ਗੱਲ ਹੈ ਉਥੋਂ ਤੱਕ ਇਸ ਗਰੁਪ ਦਾ ਤਰਕ ਸਹੀ ਹੈ ਪ੍ਰੰਤੂ ਗੱਲ ਉਥੇ ਜਾਕੇ ਵਿਗੜਦੀ ਹੈ ਜਿਥੇ ਰੌਲਾ ਸਰਬ ਸਰੇਸ਼ਠਤਾ ਦਾ ਸ਼ੁਰੂ ਹੁੰਦਾ ਹੈ।

ਜੇਕਰ ਕੇਜਰੀਵਾਲ ਧੜੇ ਦੀ ਮੰਨੀਏ ਤਾਂ ਉਹਨਾਂ ਦੀ ਪਾਰਟੀ ਵਲੋਂ ਲਾਇਆ ਅਧਿਕਾਰਿਤ ਦੋਸ਼ ਹੈ ਕਿ ਕੁਝ ਲੋਕ ਬੜੀ ਦੇਰ ਤੋਂ ਕੇਜਰੀਵਾਲ ਖਿਲਾਫ਼ ਸਾਜਿਸ਼ ਕਰ ਰਹੇ ਸਨ।ਇਸ ਲਈ  ਉਹਨਾਂ ਵਲੋਂ ਆਪਣੇ ਹੱਕ ਵਿਚ ਬਹੁਤ ਸਾਰੀਆਂ ਦਲੀਲਾ ਦਿੱਤੀਆ ਗਈਆਂ ਹਨ,ਜਿਹਨਾਂ ਚੋ ਮਹਤਵ ਪੂਰਨ ਹੈ ਕਿ ਦੋਹਾਂ ਅਸੰਤੁਸ਼ਟ ਆਗੂਆਂ ਨੇ ਪਾਰਟੀ ਦੇ ਅੰਦਰ ਆਪਣੇ ਵਿਚਾਰ ਰਖਣ ਦੀ ਥਾਂ ਸਰਬ ਜਨਕ ਤੌਰ ਉੱਤੇ ਇੱਕ ਤੋਂ ਵਧ ਵਾਰੀ ਅਰਵਿੰਦ ਕੇਜਰੀਵਾਲ ਨੂੰ ਆਲੋਚਨਾ ਦਾ ਸ਼ਿਕਾਰ ਬਣਾਇਆ । ਅਜਿਹਾ ਕਰ ਕੇ ਉਹਨਾਂ ਨੇ ਪਾਰਟੀ ਦੇ ਅਨੁਸਾਸ਼ਨ ਨੂੰ ਵਾਰ ਵਾਰ ਤੋੜਿਆ ਹੈ।ਜੇਕਰ ਇਸ ਧੜੇ ਨੂੰ ਪਾਸੇ ਰਖ ਕੇ ਚਰਚਾ ਕਰੀਏ ਤਾਂ ਚੋਣ ਮੁਹਿੰਮ ਦੀ ਚਰਮ ਸੀਮਾ ਉੱਤੇ ਪ੍ਰਸ਼ਾਂਤ ਭੂਸ਼ਣ ਦੇ ਪਿਤਾ ਸਤਕਾਰਿਤ ਸ਼ਾਂਤੀ ਭੂਸ਼ਣ ਵਲੋਂ ਕੇਜਰੀਵਾਲ ਦੀ ਆਲੋਚਨਾ ਅਤੇ ਵਿਰੋਧੀ ਧਿਰ ਦੀ ਮੁਖ ਮੰਤਰੀ ਪਦ ਲਈ ਉਮੀਦਵਾਰ ਕਿਰਨ ਬੇਦੀ ਦੀ ਸਿਫਤ ਸਲਾਹ ਕਰਨੀ ਕਿਸ ਤਰਾਂ ਵਾਜਬ ਸੀ?ਇਹ ਉਹ ਸਮਾਂ ਸੀ ਜਦੋਂ ਇਸ ਤਰਾਂ ਦੇ ਵੱਡੇ ਆਗੂ ਦਾ ਅਜਿਹਾ ਬਿਆਨ ਬਣੀ ਬਣਾਈ ਖੇਡ ਵਿਗੜ ਸਕਦਾ ਸੀ।ਭਾਵੇਂ ਮਿਲ ਜੁਲ ਕੇ ਸੁਹਿਰਦ ਆਗੂਆਂ ਨੇ ਇਸ ਸਥਿਤੀ ਤੇ ਕਾਬੂ ਪਾ ਲਿਆ ਸੀ ਪਰ ਗੱਲ ਤਾਂ ਇਹ ਕੇਜਰੀਵਾਲ ਨੂੰ ਜਿਚ ਕਰਨ ਵਾਲੀ ਹੀ ਸੀ,ਜਿਸ ਦੀ ਸਾਖ ਪੂਰੀ ਤਰਾਂ ਦਾਅ ਉੱਤੇ ਲੱਗੀ ਹੋਈ ਸੀ।ਮਤਭੇਦਾਂ ਤੋਂ ਵਧ ਕੇ ਗੱਲ ਮਨ ਭੇਦਾਂ ਤੱਕ ਪਹੁੰਚਣ ਦੀ ਇਹ ਸ਼ੁਰੂਆਤ ਹੋ ਸਕਦੀ ਹੈ।

ਦੂਜੀ ਗੱਲ,ਸਰਕਾਰ ਬਣੀ ਨੂੰ ਅਜੇ ਇੱਕ ਹਫਤਾ ਵੀ ਨਹੀਂ ਸੀ ਹੋਇਆ ਕਿ ਕੇਜਰੀਵਾਲ ਧੜੇ ਨੂੰ ਨਿਸ਼ਾਨਾ ਬਣਾਉਂਦਿਆਂ ਅਨੇਕਾਂ ਕਿੰਤੂ ਪ੍ਰੰਤੂ ਕਰਨ ਵਾਲਾ ਲੰਬਾ ਚੌੜਾ ਪਤਰ ਜਨਤਕ ਕਰ ਦਿੱਤਾ ਗਿਆ।ਲੋਕ ਸਵਾਲ ਕਰਦੇ ਹਨ ਕਿ ਐਡੀ ਕਿਹੜੀ ਅੱਗ ਲੱਗੀ ਹੋਈ ਸੀ ।ਕਿਸ ਨੇ ਕੀਤਾ ਜਾ ਕਿਸ ਨੇ ਨਹੀਂ ਕੀਤਾ ਇਹ ਗੱਲ ਵਖਰੀ ਹੈ ਪਰ ਸਮਾਂ ਬਹੁਤ ਸੋਚ ਸਮਝ ਕੇ ਚੁਣਿਆ ਗਿਆ ।ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ "ਆਪ"ਦੀਆਂ ਰੱਸੀਆਂ ਦੇ ਸੱਪ ਬਣਾਉਣ ਲਈ ਜਿਆਦਾਤਰ ਮੀਡੀਆ ਹਥਾਂ ਉੱਤੇ ਥੁੱਕੀ ਫਿਰਦਾ ਹੈ,ਫਿਰ ਵੀ ਅਜਿਹੀ ਅਣਗਹਿਲੀ ਕਿਓਂ ਕੀਤੀ ਗਈ।ਪਾਰਟੀ ਲੀਡਰ ਸ਼ਿਪ ਨੂੰ ਚਾਹੀਦਾ ਸੀ ਕਿ ਪੂਰੀ ਤਰਾਂ ਛਾਣ ਬੀਣ ਕਰਕੇ ਸਚਾਈ ਦਾ ਪਤਾ ਲਗਾਇਆ ਜਾਂਦਾ ਪਰ ਨਹੀਂ ਲਗਾਇਆ ਗਿਆ।ਚਲੋ ਜੋ ਹੋ ਗਿਆ ਸੋ ਹੋ ਗਿਆ।ਅਜਿਹੀ ਖਿਚੋਤਾਣ ਹਰ ਰਾਜਸੀ ਪਾਰਟੀ ਅੰਦਰ ਹੁੰਦੀ ਰਹਿੰਦੀ ਹੈ।ਆਮ ਆਦਮੀ ਪਾਰਟੀ ਇਸ ਨਾਅਰੇ ਨਾਲ ਹੋਂਦ ਵਿਚ ਆਈ ਸੀ ਕਿ ਗੰਦਗੀ ਸਾਫ਼ ਕਰਨ ਲਈ ਗੰਦਗੀ ਅੰਦਰ ਉਤਰਨਾ ਹੀ ਪਵੇਗਾ।ਇਸੇ ਨੁਕਤੇ ਨੂੰ ਲੈ ਕੇ ਕੇਜਰੀਵਾਲ,ਅੰਨਾ ਹਜਾਰੇ ਤੋਂ ਅਲੱਗ ਹੋਇਆ ਸੀ। ਕੇਜਰੀਵਾਲ ਹਮੇਸ਼ਾ ਕਹਿੰਦਾ ਆਇਆ ਹੈ ਕਿ ਸਾਨੂੰ ਅਨਾੜੀ ਕਹਿਣ ਵਾਲੇ ਨੇਤਾਵਾਂ ਨੂੰ ਰਾਜਨੀਤੀ ਦੇ ਅਰਥ ਸਮਝਾ ਦਿਆਂਗੇ।ਕੇਜਰੀਵਾਲ ਜੀ ਦੇਸ਼ ਵਾਸੀ ਤੁਹਾਡਾ ਇਹ ਜਲਵਾ ਦੇਖਣ ਦੇ ਰੌੰ ਵਿਚ ਹਨ । ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਤੁਹਾਡੀ ਤਾਕਤ ਨੂੰ ਜਰਬਾਂ ਦੇਣ ਵਾਲੀਆਂ ਸਖਸ਼ੀਅਤਾਂ ਹਨ।ਆਪਣੇ ਚਹੇਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਜਲਵਾ ਦਿਖਾ ਦਿਓ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ