Mon, 09 September 2024
Your Visitor Number :-   7220026
SuhisaverSuhisaver Suhisaver

ਪ੍ਰੋ. ਰਣਧੀਰ ਸਿੰਘ (ਦਿੱਲੀ ਵਾਲੇ) ਵੱਲੋਂ 1992 ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ’ਤੇ, ਗ਼ਦਰ ਲਹਿਰ ਬਾਰੇ ਦਿੱਤੇ ਭਾਸ਼ਣ ਦੇ ਕੁਝ ਅੰਸ਼

Posted on:- 19-11-2015

suhisaver

ਗ਼ਦਰੀ ਇਨਕਲਾਬੀਆਂ ਦੀ ਸੂਰਮਗਤੀ, ਸ਼ਹਾਦਤਾਂ ਦੀ ਕੁਆਲਿਟੀ ਅਤੇ ਝੜੀ ਅਤੇ ਸੰਘਰਸ਼ ਅਤੇ ਕੁਰਬਾਨੀਆਂ ਦੀ ਲਗਾਤਾਰਤਾ ਆਲਮੀ ਇਨਕਲਾਬੀ ਅਮਲ ਦੇ ਇਤਿਹਾਸ ਅੰਦਰ ਕਿਸੇ ਨਾਲ ਵੀ ਮੜਿੱਕ ਸਕਦੀ ਹੈ। ਗ਼ਦਰੀ ਇਨਕਲਾਬੀ, ਜਿਨ੍ਹਾਂ ਵਿੱਚ ਮੌਤ ਨੂੰ ਮਖੌਲਾਂ ਕਰਨ ਅਤੇ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹਨ ਦੀ ਬੁਰਦ ਲੱਗੀ ਹੋਈ ਸੀ, ਜਿਨ੍ਹਾਂ ਦੀ ਹਯਾਤੀ ਦੇ ਬਿਹਤਰੀਨ ਵਰ੍ਹੇ ਭਾਰਤ ਅਤੇ ਅੰਡੇਮਾਨ ਦੀਆਂ ਜੇਲ੍ਹਾਂ ਵਿੱਚ ਲੰਮੀਆਂ ਸਜ਼ਾਵਾਂ ਕੱਟਦਿਆਂ ਗੁਜ਼ਰ ਗਏ, ਜਿਥੇ ਉਨ੍ਹਾਂ ਨੂੰ ਕੰਧਾਂ ਨਾਲ ਸੰਗਲਾਂ ਨਾਲ ਨੂੜਕੇ ਅਤੇ ਪੈਰੀਂ ਬੇੜੀਆਂ ’ਚ ਜਕੜਕੇ ਕਾਲ ਕੋਠੜੀਆਂ ਅਤੇ ਲੋਹੇ ਦੇ ਪਿੰਜਰਿਆਂ ਵਿੱਚ ਬੰਦ ਰੱਖਿਆ ਗਿਆ। ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਤਸੀਹਿਆਂ ਅੱਗੇ ਈਨ ਨਹੀਂ ਮੰਨੀ। ਜਿਨ੍ਹਾਂ ਨੇ ਲਹੂ-ਲੁਹਾਨ ਹੋਕੇ ਵੀ ਸਿਰ ਨੀਵਾਂ ਨਹੀਂ ਕੀਤਾ। ਜਿਨ੍ਹਾਂ ਨੇ ਸਭ ਕੁੱਝ ਜਰ ਲਿਆ ਪਰ ਜੱਦੋਜਹਿਦ ਨਹੀਂ ਛੱਡੀ। ਜੇਲ੍ਹਾਂ ’ਚੋਂ ਨਿਕਲਦੇ ਸਾਰ ਹੀ ਇਹ ਸਿਦਕੀ ਤੇ ਅਡੋਲ ਸੂਰਮੇ ਫਿਰ ਲੜਾਈ ’ਚ ਕੁੱਦ ਪਏ ਅਤੇ ਉਨ੍ਹਾਂ 1947 ਤੱਕ ਖੁੱਲ੍ਹੇ ਤੌਰ ’ਤੇ ਜਾਂ ਰੁਪੋਸ਼ ਹੋਕੇ, ਮੁੜ ਜੇਲ੍ਹਾਂ ’ਚ ਜਾਕੇ ਜਾਂ ਬਾਹਰ ਰਹਿਕੇ ਲੜਾਈ ਜਾਰੀ ਰੱਖੀ ਅਤੇ 1947 ਤੋਂ ਬਾਅਦ ਭਾਰਤ ਦੇ ਆਜ਼ਾਦ ਹੋ ਜਾਣ ਅਤੇ ਇਸਦੀ ਵਾਗਡੋਰ ਹੁਣ ਨਵੇਂ, ਭਾਰਤੀ ਹੁਕਮਰਾਨਾਂ ਦੇ ਹੱਥਾਂ ’ਚ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਜੱਦੋਜਹਿਦ ਜਾਰੀ ਰਹੀ।

ਇਨ੍ਹਾਂ ਗ਼ਦਰੀ ਇਨਕਲਾਬੀਆਂ ਦਾ ਖ਼ਵਾਬ ਕੀ ਸੀ, ਭਾਰਤੀ ਅਵਾਮ ਦੇ ਕਾਜ ਪ੍ਰਤੀ ਜ਼ਿੰਦਗੀ ਭਰ ਵਚਨਬੱਧਤਾ ਰੱਖਣ ਵਾਲੇ ਇਹ ਮਨੁੱਖ ਕਿੰਨੇ ਕੱਦਾਵਰ ਸਨ। ਸੌੜੀ ਦਿ੍ਰਸ਼ਟੀ ਵਾਲੇ ਉਨ੍ਹਾਂ ਬੌਣਿਆਂ ਦੀ ਤੁਲਨਾ ’ਚ ਇਨ੍ਹਾਂ ਦਾ ਕੱਦ ਕਿੰਨਾ ਉੱਚਾ ਹੈ ਜੋ ਅੱਜ ਇਸ ਮੁਲਕ ਦੇ ਵਾਰਸ ਬਣੇ ਬੈਠੇ ਹਨ ਅਤੇ ਉਹ ਖੱਬੇ ਵੀ ਇਸ ਤੋਂ ਬਾਹਰ ਨਹੀਂ ਹਨ ਜੋ ਇਨ੍ਹਾਂ ਦੇ ਸੱਚੇ ਵਾਰਸ ਹੋਣ ਦੇ ਦਾਅਵੇ ਕਰਦੇ ਹਨ ਜਾਂ ਵਾਰਸ ਸਮਝੇ ਜਾਂਦੇ ਹਨ।

ਲੰਮੇ ਸਮੇਂ ਤੋਂ ਸੰਤਾਪ ਭੋਗ ਰਹੀ ਇਹ ਮਿੱਟੀ, ਜੋ ਅੱਜ ਬਹੁਤ ਹਾਰ-ਹੰਭ ਗਈ ਹੈ, ਇਸ ਵਿੱਚੋਂ ਹੁਣ ਅਜਿਹੇ ਦਿਲ-ਗੁਰਦੇ ਵਾਲੇ ਇਨਸਾਨ ਜਨਮ ਨਹੀਂ ਲੈਂਦੇ। ਜੇ ਸਾਡੇ ਲੋਕਾਂ ਨੇ ਪੰਜਾਬ ਵਿੱਚ ਜਾਂ ਕਿਤੇ ਵੀ ਇਸ ਮੁਲਕ ਨੂੰ ਮੁੜ ਲੀਹ ’ਤੇ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਇਹ ਇਨਕਲਾਬੀ ਰਵਾਇਤ ਚੇਤੇ ਕਰਨੀ ਹੋਵੇਗੀ ਅਤੇ ਇਸ ਨੂੰ ਸੰਭਾਲਣਾ ਪਵੇਗਾ ਅਤੇ ਇਸ ਰਵਾਇਤ ਦੇ ਲਾਇਕ ਬਣਨਾ ਪਵੇਗਾ।

ਗ਼ਦਰ ਲਹਿਰ ਦੇ ਵਰਤਾਰੇ ਦਾ ‘ਵਿਸ਼ਲੇਸ਼ਣ ਕਰਨ ਅਤੇ ਨਿਚੋੜ ਕੱਢਣ’ ਦੇ ਯਤਨ ਕੀਤੇ ਗਏ ਹਨ। ਪਰ ਮੇਰਾ ਵਿਚਾਰ ਹੈ ਕਿ ਇਹ ਉਦੋਂ ਹੀ ਸਹੀ ਹੁੰਦਾ ਹੈ ਜਦੋਂ ਕਿਸੇ ਲਹਿਰ ਦੀ ਜਿੱਤ ਹਾਰ ਦਾ ਅੰਤਮ ਨਿਤਾਰਾ ਹੋ ਗਿਆ ਹੋਵੇ। ਮੇਰੇ ਹਿਸਾਬ ਨਾਲ ਗ਼ਦਰ ਲਹਿਰ ਜਿੱਤ ਨਹੀਂ ਸਕੀ ਇਹ ਤਾਂ ਤੈਅ ਹੈ ਪਰ ਇਸ ਦੀ ਅੰਤਿਮ ਹਾਰ ਵੀ ਨਹੀਂ ਹੋਈ- ਇਸਦੀ ਜੱਦੋਜਹਿਦ ਹਾਲੇ ਵੀ ਜਾਰੀ ਹੈ। ਮੁੱਖ ਮੰਤਵ ਅੰਤਮ ਨਿਚੋੜ ਕੱਢਣਾ ਨਹੀਂ ਹੋਣਾ ਚਾਹੀਦਾ ਸਗੋਂ ਇਸ ਦੇ ਜ਼ਰੂਰੀ ਸਬਕਾਂ, ਇਸ ਦੇ ਲਾਜ਼ਮੀ ਅਰਥਾਂ ਨੂੰ ਸਮਝਣਾ ਅਤੇ ਅੱਜ ਦੇ ਸੰਘਰਸ਼ ਨੂੰ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਇਸ ਤੋਂ ਪ੍ਰੇਰਨਾ ਲੈਣ ਦਾ ਹੋਣਾ ਚਾਹੀਦਾ ਹੈ। ਅੱਜ 45 ਸਾਲ ਬਾਅਦ ਇਹ ਨਾ ਦੇਖੀਏ ਕਿ 1947 ਵਿੱਚ ਕੀ ਹੋਇਆ ਸੀ, ਸਗੋਂ ਜੋ ਨਹੀਂ ਹੋ ਸਕਿਆ, ਉਸ ਨੂੰ ਤੇ ਉਸਦੇ ਸਿੱਟਿਆਂ ਨੂੰ ਦੇਖੀਏ, ਯਾਨੀ ਭਾਰਤ ਵਿੱਚੋਂ ਅੰਗਰੇਜ਼ਾਂ ਦੇ ਰਾਜ ਦਾ ਇਨਕਲਾਬੀ ਤਖ਼ਤਾਪਲਟ ਜੋ ਗ਼ਦਰੀਆਂ ਨੇ ਕਰਨਾ ਚਾਹਿਆ ਸੀ।

ਅਕਸਰ ਹੀ ਗ਼ਦਰੀ ਇਨਕਲਾਬੀਆਂ ਤੇ ਉਨ੍ਹਾਂ ਵੱਲੋਂ ਕੀਤੇ ਬਗ਼ਾਵਤ ਦੇ ਯਤਨ ਬਾਰੇ ‘ਵਿਦਵਾਨ’ ਜਾਂ ‘ਵਿਗਿਆਨਕ’ ਰਵੱਈਏ ਵਾਲੇ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ ਕਿ ਉਨ੍ਹਾਂ ’ਚ ‘ਸਿਧਾਂਤ ਦੀ ਅਣਹੋਂਦ’ ਸੀ ਅਤੇ ਉਨ੍ਹਾਂ ਦੀ ‘ਇਤਿਹਾਸਕ ਹਾਲਤ ਉੱਪਰ ਪਕੜ ਮਜ਼ਬੂਤ’ ਨਹੀਂ ਸੀ, ‘ਹਾਲਤ ਪ੍ਰਪੱਕ’ ਨਹੀਂ ਸਨ, ਹਥਿਆਰਬੰਦ ਕਾਰਵਾਈਆਂ ‘ਨਾਵਾਜਬ’ ਸਨ, ਉਨ੍ਹਾਂ ’ਚ ‘ਕਿਸਾਨੀਪੁਣਾ’ ਅਤੇ ਐਸਾ ‘ਨੀਮ ਬੁਰਜ਼ੂਆ ਰੋਮਾਂਸਵਾਦ’ ਭਾਰੂ ਸੀ ਜਿੱਥੇ ਸਿਆਸਤ ਉੱਪਰ ‘ਸੂਝ’ ਦੀ ਥਾਂ ‘ਭਾਵਨਾਵਾਂ ਅਤੇ ਜਜ਼ਬਾਤ’ ਭਾਰੂ ਹੋ ਜਾਂਦੇ ਹਨ। ਮੈਨੂੰ ਲੱਗਦੈ ਕਿ ਇਸ ਮਾਮਲੇ ’ਚ ਵਿਦਵਾਨ ਆਮ ਤੌਰ ’ਤੇ ਇਨਕਲਾਬੀ ਸਿਆਸਤ ਦੀ ਜਿਸ ਮੁੱਖ ਚੀਜ਼ ਨੂੰ ਸਮਝਣ ਜਾਂ ਮੁਲੰਕਣ ਕਰਨ ਵਿੱਚ ਨਾਕਾਮ ਰਹਿੰਦੇ ਹਨਉਹ ਹੈ ਇਨਕਲਾਬੀਆਂ ਦੀ ਵਚਨਬਧਤਾ ਤੇ ਆਦਰਸ਼ਵਾਦ। ਇਨ੍ਹਾਂ ਵਿਦਵਾਨਾਂ ਦੀ ਅਕਾਦਮਿਕ ਸੇਧ ਸਮਕਾਲੀ ਸਮਾਜ ਦੀਆਂ ਭਾਰੂ ਰਵਾਇਤਾਂ ਅਤੇ ਮਿਕਦਾਰੀ ਤੱਕੜੀ ’ਚ ਤੋਲਣ ਦੇ ਅਭਿਆਸਵਾਦੀ ਸਰੋਕਾਰ ਵਾਲੀ ਹੋਣ ਕਾਰਨ ਇਨ੍ਹਾਂ ’ਚ ਉਨ੍ਹਾਂ ਅਮੂਰਤ ਪੱਖਾਂ ਨੂੰ ਮਹਿਸੂਸ ਕਰਨ ਦੀ ਰੂਚੀ ਨਹੀਂ ਹੁੰਦੀ ਹੈ ਜੋ ਇਨਕਲਾਬੀਆਂ ਦੀ ਜ਼ਿੰਦਗੀ ਅਤੇ ਕਾਰਵਾਈ ਦੇ ਜਲੌਅ ਨੂੰ ਪ੍ਰੀਭਾਸ਼ਤ ਕਰਦੇ ਹਨ ਅਤੇ ਇਨ੍ਹਾਂ ਦੀ ਚਾਲਕ ਸ਼ਕਤੀ ਹੁੰਦੇ ਹਨਖ਼ਾਸ ਤਰ੍ਹਾਂ ਦਾ ਜਨੂੰਨ ਅਤੇ ਇਖ਼ਲਾਕੀ ਜਜ਼ਬਾ, ਸਮਾਜ ਦੀਆਂ ਧੱਕੇਸ਼ਾਹੀਆਂ, ਇਸਦੇ ਕੁਕਰਮਾਂ ਅਤੇ ਬੇਇਨਸਾਫ਼ੀਆਂ ਪ੍ਰਤੀ ਅਤੇ ਇਹ ਕੁੱਝ ਕਰਨ ਵਾਲੀਆਂ ਤਾਕਤਾਂ ਪ੍ਰਤੀ ਅੱਥਰਾ ਰੋਹ ਅਤੇ ਦੁਸ਼ਮਣੀ, ਸੰਜੋਏ ‘ਸੁਪਨੇ’ ਦਾ ਲੋਹੜੇ ਦਾ ਇਖ਼ਲਾਕੀ ਅਤੇ ਭਾਵਨਾਤਮਕ ਜੋਸ਼। ਜਿਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਦੀ ਹਸਤੀ ਇਨਕਲਾਬੀ ਹੁੰਦੀ ਹੈ ਅਤੇ ਜੋ ਹਾਰਾਂ ਅਤੇ ਜਿੱਤਾਂ ਦਰਮਿਆਨ ਅਸੰਭਵ ਨੂੰ ਸੰਭਵ ਬਣਾਉਣ ਲਈ ਉਕਸਾਉਦੇ ਹਨ, ਜੋ ਉਨ੍ਹਾਂ ਨੂੰ ਉਸ ਕੀਮਤ ਤੋਂ ਬੇਪਰਵਾਹ ਬਣਾਉਦੇ ਹਨ ਜੋ ਉਨ੍ਹਾਂ ਨੂੰ ਇਸ ਖ਼ਾਤਰ ਤਾਰਨੀ ਪੈਂਦੀ ਹੈ। ਖੋਜੀ ਇਹ ਮਾਮੂਲੀ ਗੱਲ ਸਮਝਣ ’ਚ ਅਸਫ਼ਲ ਰਹਿੰਦੇ ਹਨ ਕਿ ‘ਸਿਆਣੇ’, ‘ਸੂਝਵਾਨ’ ਤੇ ‘ਹਿਸਾਬੀ-ਕਿਤਾਬੀ’ ਬੰਦੇ ਇਨਕਲਾਬ ਨਹੀਂ ਲਿਆਉਦੇ ਹੁੰਦੇ। ਇਸ ਨੂੰ ਲਿਆਉਣ ਵਾਲੇ ਤਾਂ ਹੋਰ ਹੀ ਹੁੰਦੇ ਹਨ, ਇਨਕਲਾਬੀ ਆਦਰਸ਼ਵਾਦੀ ਅਤੇ ਸੁਪਨੇ ਲੈਣ ਵਾਲੇ ਮਰਦ ਤੇ ਔਰਤਾਂ। ਸੁਪਨੇ, ਪਰ ਹਕੀਕਤ ’ਚੋਂ ਪੈਦਾ ਹੋਏ ਸੁਪਨੇ। ਇਹੀ ਸੱਚਾ ਮਨੁੱਖੀ ਅਤੇ ਜਿਉਦਾ-ਜਾਗਦਾ, ਮੌਤ ਨੂੰ ਮਖੌਲਾਂ ਕਰਨ ਵਾਲਾ ਯਥਾਰਵਾਦ ਹੈ ਜੋ ਇਨਕਲਾਬੀਆਂ ਨੂੰ ਅਸੰਭਵ ਨੂੰ ਹੱਥ ਪਾਉਣ ਯਾਨੀ ਇਨਕਲਾਬ ਲਿਆਉਣ ਲਈ ਤਿਆਰ ਕਰਦਾ ਹੈ।

ਗ਼ਦਰੀ ਇਨਕਲਾਬੀਆਂ ਨੇ, ਭਾਰਤੀ ਲੋਕਾਂ ਦੇ ਹਿਤਾਂ ਦੇ ਲਗਾਤਾਰ ਸਰੋਕਾਰ ’ਚੋਂ, ਕਾਰਲ ਮਾਰਕਸ ਦੇ ਇਨਕਲਾਬੀ ਸਮਾਜਵਾਦ ਨੂੰ ਅਪਣਾਇਆ। ਉਨ੍ਹਾਂ ਦਾ ਅਜਿਹਾ ਕਰਨਾ ਬਹੁਤ ਹੀ ਸੁਭਾਵਕ ਸੀ ਕਿਉਕਿ ਇਸ ਵਿੱਚ ਉਨ੍ਹਾਂ ਨੂੰ ਆਪਣੇ ਵਰਗਾ ‘ਲੜਾਕੂ’ ਜਜ਼ਬਾ ਨਜ਼ਰੀ ਪੈਂਦਾ  ਤੇ ਮਹਿਸੂਸ ਹੁੰਦਾ ਸੀ। ਜਿਵੇਂ ਮਾਰਕਸ ਦੇ ਮਾਮਲੇ ’ਚ, ਐਂਗਲਜ਼ ਇਸ ਨੂੰ ਪੇਸ਼ ਕਰਦੇ ਹਨ: ‘ਸਭ ਕਾਸੇ ਤੋਂ ਪਹਿਲਾਂ ਮਾਰਕਸ ਇਕ ਇਨਕਲਾਬੀ ਸੀ... ... ਉਸਦਾ ਅਸਲਾ ਜੱਦੋਜਹਿਦ ਸੀ। ਉਸ ਨੇ ਜਿਸ ਜੋਸ਼, ਸਿਰੜ ਅਤੇ ਕਾਮਯਾਬੀ ਨਾਲ ਜੱਦੋਜਹਿਦ ਕੀਤੀ ਉਸਦਾ ਸਾਨੀ ਕੋਈ ਵਿਰਲਾ ਹੀ ਹੋਵੇਗਾ।’ ਮਾਰਕਸ ਵੱਲੋਂ ਆਪਣੀ ਜ਼ਿੰਦਗੀ ਦੇ ਸ਼ੁਰੂ ’ਚ ਹੀ ਸਮਾਜਵਾਦੀ ਇਨਕਲਾਬ ਨਾਲ ਬਣਾਈ ਇਹ ਜੁਝਾਰੂ ਵਚਨਬੱਧਤਾ ਅਤੇ ਇਸ ਨਾਲ ਪ੍ਰਛਾਵੇਂ ਵਾਂਗ ਜੁੜਿਆ ਇਖ਼ਲਾਕੀ ਜਜ਼ਬਾ ਹੀ ਜਿਸ ਤੋਂ ਅਸੀਂ ਉਸ ਦੀ ਜ਼ਿੰਦਗੀ ਦੀ ਥਾਹ ਪਾ ਸਕਦੇ ਹਾਂ-ਇਕ ਇਨਕਲਾਬੀ ਦੀ ਜ਼ਿੰਦਗੀ ਜੋ ਕੁੱਲ ਔਕੜਾਂ ਤੇ ਦੁਸ਼ਵਾਰੀਆਂ, ਸਿਆਸੀ ਹਾਰਾਂ, ਗੁੱਟਬੰਦਕ ਲੜਾਈਆਂ ਨਾਲ ਲਬਰੇਜ਼ ਹੁੰਦੀ ਹੈ ਜਿੱਥੇ ਵਾਰ ਵਾਰ ਆਸਾਂ ’ਤੇ ਪਾਣੀ ਫਿਰਦਾ ਹੈ ਅਤੇ ਜਿੱਥੇ ਨਿੱਜੀ ਗ਼ਰੀਬੀ ਤੇ ਤੰਗੀ-ਤੁਰਸ਼ੀ, ਜ਼ਲਾਲਤ, ਸੰਤਾਪ ਅਤੇ ਦਹਿਸ਼ਤ, ‘ਨੀਮ-ਦੁਖਿਆਰੇ ਵਾਲੀ ਹਾਲਤ’ ਦੇ ਰੂਪ ’ਚ ਮਹਿਜ਼ ਜਿਸਮਾਨੀ ਹੋਂਦ ਲਈ ਸੰਘਰਸ਼ ਹੁੰਦਾ ਹੈ ਜਿਸ ਨੇ ਉਸ ਦੀ ਉਸਦੀ ਪਤਨੀ ਦੀ ਸਿਹਤ ਨੂੰ ਘੋਰ ਨੁਕਸਾਨ ਪਹੁੰਚਾਇਆ ਅਤੇ ਉਸਦੀ ਇਕ ਧੀ ਅਤੇ ਦੋ ਪੁੱਤਰਾਂ ਦੀ ਮੌਤ ਦਾ ਕਾਰਨ ਬਣਿਆ, ਜਿਨ੍ਹਾਂ ਵਕਤਾਂ ’ਚ ਉਸ ਕੋਲ ਕਿਰਾਇਆ ਦੇਣ ਜਾਂ ਦਵਾਈ ਲੈਣ ਜਾਂ ਮਿ੍ਰਤਕ ਬੱਚੇ ਦੇ ਕੱਫਣ ਲਈ ਪੈਸੇ ਨਹੀਂ ਸਨ, ਜਦੋਂ ਉਸ ਦੀਆਂ ਧੀਆਂ ਸਕੂਲ ਜਾਣ ਦੀ ਥਾਂ ਘਰ ਬੈਠੀਆਂ ਰਹਿੰਦੀਆਂ ਸਨ ਕਿਉਕਿ ਉਨ੍ਹਾਂ ਦੇ ਸਿਆਲ ਨੂੰ ਪਾਉਣ ਵਾਲੇ ਜੁੱਤੇ ਪਾਨ ਵਾਲੇ ਕੋਲ ਗਹਿਣੇ ਧਰੇ ਹੋਏ ਸਨ, ਜਦੋਂ ਪਰਿਵਾਰ ਨੂੰ ਰੋਟੀ ਅਤੇ ਆਲੂਆਂ ਨਾਲ ਹੀ ਢਿੱਡ ਨੂੰ ਝੁਲਕਾ ਦੇਣਾ ਪੈਂਦਾ ਸੀ ਅਤੇ ਕਦੇ ਕਦੇ ਤਾਂ ਇਹ ਵੀ ਨਹੀਂ ਸੀ ਹੁੰਦਾ.....ਇਹ ਸਾਰਾ ਕੁੱਝ ਉਦੋਂ ਹੋਇਆ ਜਦੋਂ ਮਾਰਕਸ ਨੇ ਸੁਖਾਲਿਆਂ ਹੀ ਹਾਸਲ ਹੋਣ ਵਾਲੀਆਂ ‘ਖ਼ੁਸ਼ਗਵਾਰ ਤਰਜੀਹਾਂ’ ਠੁਕਰਾ ਦਿੱਤੀਆਂ ਸਨ। ਰਵਾਇਤੀ ਵਿਦਵਤਾ, ‘ਵਿਗਿਆਨ’, ‘ਸੂਝ’ ਜਾਂ ‘ਇਤਿਹਾਸਕ ਵਿਕਾਸ ਦੇ ਕਿਸੇ ਸਿਧਾਂਤ’, ਕਿਸੇ ‘ਖ਼ਾਲਸ ਤਰਕ’ ਦੇ ਹਿਸਾਬ ਨਾਲ ਇਸ ਜ਼ਿੰਦਗੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਜ਼ਿੰਦਗੀ ਦਾ ਤਰਕ ਪੂਰੀ ਤਰ੍ਹਾਂ ਨਿਆਰਾ ਸੀ, ਜੋ ਮਾਰਕਸ ਦੀ ਘਾਲਣਾ ਅਤੇ ਉਸ ਦੀ ਪੂਰੀ ਜ਼ਿੰਦਗੀ ਦੇ ਸੰਘਰਸ਼ ਦੀ ਬੁਨਿਆਦ ਹੈ, ਇਨਕਲਾਬੀ ਵਚਨਬੱਧਤਾ, ਸਾਫ਼ ਦਿ੍ਰਸ਼ਟੀ ਵਾਲੀ ਚੋਣ ਦਾ ਤਰਕ, ਚੋਣ ਜੋ ਮਾਰਕਸ ਨੇ ਲੋਕਾਂ ਅਤੇ ਉਨ੍ਹਾਂ ਨੂੰ ਲੁੱਟਣ ਅਤੇ ਦਬਾਉਣ ਵਾਲਿਆਂ ਦਰਮਿਆਨ ਲੜਾਈ ’ਚ ਕੀਤੀ ਸੀ ਅਤੇ ਉਸਨੇ ਲੋਕਾਂ ਦੀ ਧਿਰ ਨਾਲ ਖੜ੍ਹਨ ਦਾ ਰਾਹ ਚੁਣਿਆ ਸੀ।

ਗ਼ਦਰ ਪਾਰਟੀ ਵਾਲੇ ਉੱਚ ਕੋਟੀ ਦੇ ਇਨਕਲਾਬੀ ਸਨ। ਧੁਰ ਅੰਦਰੋਂ ਧਰਮ-ਨਿਰਪੱਖ ਅਤੇ ਜਮਹੂਰੀ। ਸ਼ਬਦ ਦੇ ਬਿਹਤਰੀਨ ਮਾਅਨਿਆਂ ’ਚ ਦੇਸ਼ਭਗਤ ਇਹ ਮਨੁੱਖ ਵਿਦਰੋਹੀ ਸਿਆਸਤ, ਭਾਰਤ ਵਿੱਚੋਂ ਅੰਗਰੇਜ਼ਾਂ ਦੇ ਰਾਜ ਨੂੰ ਇਨਕਲਾਬੀ ਢੰਗ ਨਾਲ ਉਲਟਾਉਣ ਨੂੰ ਪ੍ਰਣਾਏ ਕੌਮਪ੍ਰਸਤ ਸਨ, ਜਿਸ ਨੂੰ ਨਿਆਂਕਾਰੀ ਸਮਾਜ ਵੱਲ ਪਹਿਲਾ ਕਦਮ ਸਮਝਦੇ ਸਨ। ਉਹ ਇਸ ਸਮਾਜ ਨੂੰ ਲੁੱਟ ਅਤੇ ਦਾਬੇ ਤੋਂ ਮੁਕਤ, ਸਾਰੇ ਸ਼ਹਿਰੀਆਂ ਲਈ ਬਰਾਬਰੀ, ਭਾਈਚਾਰੇ ਅਤੇ ਸਮਾਜੀ ਨਿਆਂ ਵਾਲੇ ਸਮਾਜ ਵਜੋਂ ਤਸੱਵਰ ਕਰਦੇ ਸਨ। ਇਸੇ ਦਿ੍ਰਸ਼ਟੀ ਕਾਰਨ ਬਾਅਦ ’ਚ ਉਨ੍ਹਾਂ ਦਾ ਮਾਰਕਸ ਦੇ ਇਨਕਲਾਬੀ ਸਮਾਜਵਾਦ ਦੇ ਲੜ ਲੱਗਣਾ ਲਗਭਗ ਸੁਭਾਵਕ ਵਿਕਾਸ ਹੋ ਨਿਬੜਦਾ ਹੈ। ਉਨ੍ਹਾਂ ਦੇ ਸਿਧਾਂਤ ਅਤੇ ਅਮਲ ਦੀਆਂ ਕੋਈ ਵੀ ਘਾਟਾਂ ਹੋਣ-ਅਤੇ ਜਿਵੇਂ ਅਸੀਂ ਇਸ ਤੋਂ ਪਿੱਛੋਂ ਦੀਆਂ ਇਨਕਲਾਬੀ ਲਹਿਰਾਂ ਸਬੰਧੀ ਆਪਣੇ ਤਜ਼ਰਬੇ ਅਤੇ ਜਾਣਕਾਰੀ ਦੀ ਰੋਸ਼ਨੀ ’ਚ ਜਾਣਦੇ ਹਾਂ ਕਿ ਕਈ ਘਾਟਾਂ ਹੈਗੀਆਂ ਸਨ-ਗ਼ਦਰੀ ਆਪਣੇ ਸਮਿਆਂ ਦੇ ਖ਼ਾਸ ਸਮਾਜੀ ਤੇ ਇਤਿਹਾਸਕ ਪ੍ਰਸੰਗ ਅੰਦਰ ਕਮਾਲ ਦੇ ਜ਼ਹੀਨ ਇਨਕਲਾਬੀ ਸਨ। ਗ਼ਦਰੀ ਇਨਕਲਾਬੀ ਸਿਆਸਤ ਦੇ ਤਿੰਨ ਡੂੰਘੇ ਅੰਤਰ-ਸਬੰਧਤ ਪਹਿਲੂ ਗੌਰ ਕਰਨ ਵਾਲੇ ਹਨ।

ਪਹਿਲਾ, ਗ਼ਦਰੀ ਇਨਕਲਾਬੀਆਂ ਦੇ ਸਿਧਾਂਤ, ਜਥੇਬੰਦੀ ਅਤੇ ਦਾਅਪੇਚਾਂ ਦੀਆਂ ਸਮੱਸਿਆਵਾਂ ਕੁੱਝ ਵੀ ਹੋਣ ਅਤੇ ਇਹ ਸਮੱਸਿਆਵਾਂ ਸਦਾ ਅਹਿਮ ਹੁੰਦੀਆਂ ਹਨ, ਸਭ ਤੋਂ ਅਹਿਮ ਸੁਆਲ ਭਾਵ ਆਪਣੇ ਯੁੱਧਨੀਤਕ ਨਿਸ਼ਾਨੇ ਬਾਰੇ ਉਹ ਬਿਲਕੁਲ ਸਪੱਸ਼ਟ ਸਨ। ਭਾਰਤ ਵਿੱਚ ਅੰਗਰੇਜ਼ ਸਾਮਰਾਜ ਮੁੱਖ ਦੁਸ਼ਮਣ ਸੀ ਅਤੇ ਗ਼ਦਰੀ ਇਸ ਨੂੰ ਇਨਕਲਾਬੀ ਢੰਗ ਨਾਲ ਉਲਟਾਉਣਾ ਚਾਹੁੰਦੇ ਸਨ। ਉਨ੍ਹਾਂ ਦਾ ਸੰਘਰਸ਼ ਇਸ ਮਕਸਦ ਵੱਲ ਸੇਧਤ ਸੀ, ਕੁੱਲ ਸਰਗਰਮੀਆਂ ਇਸ ਯੁੱਧਨੀਤਕ ਨਿਸ਼ਾਨੇ ਦੇ ਮਤਹਿਤ ਸਨ। ਦੂਜਾ-ਇਕ ਵਾਰ ਫਿਰ, ਉਨ੍ਹਾਂ ਦੀ ਹਥਿਆਰਬੰਦ ਬਗ਼ਾਵਤ ਦੀ ਸਿਆਸਤ ਨਾਲ ਸਬੰਧਤ ਸਿਧਾਂਤਕ ਤੇ ਵਿਹਾਰਕ ਸਮੱਸਿਆਵਾਂ ਕੁੱਝ ਵੀ ਹੋਣ, ਉਹ ਇਸ ਨੂੰ ਇਕ ਆਜ਼ਾਦ ਤੇ ਮੁਤਬਾਦਲ ਸਿਆਸਤ ਸਮਝਦੇ ਸਨ। ਉਨ੍ਹਾਂ ਦੀ ਸਿਆਸਤ ਸਮੇਂ ਦੀ ਮੁੱਖ ਧਾਰਾ ਬੁਰਜ਼ੂਆ ਕੌਮਵਾਦੀ ਸਿਆਸਤ, ਜਿਸ ਦੀ ਨੁਮਾਇੰਦਗੀ ਇੰਡੀਅਨ ਨੈਸ਼ਨਲ ਕਾਂਗਰਸ ਕਰਦੀ ਸੀ ਨਾਲੋਂ ਸਪੱਸ਼ਟ ਨਿਖੇੜਾ ਕਰਦੀ ਸੀ ਅਤੇ ਇਸ ਦੇ ਵਿਰੋਧ ’ਚ ਸੀ। ਇਹ ਚਾਹੇ ਉਦਾਰਵਾਦੀਆਂ ਦਾ ‘ਸੰਵਿਧਾਨਵਾਦ’ ਹੋਵੇ ਜਾਂ ਗਾਂਧੀ ਦੀ ਉੱਭਰ ਰਹੀ ਲੋਕ ਲੁਭਾਉਣੀ ਪਰ ਸੁਧਾਰਵਾਦੀ ‘ਅਹਿੰਸਾ’ ਹੋਵੇ। ਉਨ੍ਹਾਂ ਦੀ ਸਿਆਸਤ ਪ੍ਰਤੀ ਬੇਭਰੋਸਗੀ ਸੱਚੀ ਸੀ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਕਵਿਤਾ ਵਿੱਚ ਖ਼ੂਬ ਹੋਇਆ। ਭਾਵੇਂ ਉਨ੍ਹਾਂ ਦੀ ਆਪਣੀ ਵਿਦਰੋਹੀ ਸਿਆਸਤ ਅਸਫ਼ਲ ਰਹੀ, ਪਰ ਇਹ ਬੇਭਰੋਸਗੀ ਪੂਰੀ ਤਰ੍ਹਾਂ ਜਾਇਜ਼ ਸੀ; ਜਿਸ ਢੰਗ ਨਾਲ ਅੰਗਰੇਜ਼ ਸਾਮਰਾਜ ਨਾਲ ਸਮਝੌਤਾ ਅਤੇ ਸੌਦੇਬਾਜੀ ਕਰਕੇ ਭਾਰਤ ਨੂੰ ਆਜ਼ਾਦੀ ਮਿਲੀ, ਮੁਲਕ ਦੀ ਵੰਡ ਹੋਈ ਜਿਸ ਦੇ ਸਿੱਟੇ, ਸਰਹੱਦਾਂ ਦੇ ਦੋਵਾਂ ਪਾਸਿਆਂ ਦੇ ਆਮ ਲੋਕਾਂ ਲਈ ਤਬਾਹਕੁਨ ਨਿਕਲੇ ਅਤੇ ਇਨ੍ਹਾਂ ਪੰਜਤਾਲੀ ਸਾਲਾਂ ਦੇ ਅਖ਼ੀਰ ’ਚ ਇਸ ਆਜ਼ਾਦੀ ਦਾ ਜੋ ਨਤੀਜਾ ਸਾਹਮਣੇ ਹੈ, ਉਹ ਇਸ ਬੇਭਰੋਸਗੀ ਨੂੰ ਸਹੀ ਸਾਬਤ ਕਰਦੇ ਹਨ। ਤੀਜਾਜਿਸ ਦੀ ਤਾਈਦ ਨਿਸਚਿਤ ਤੌਰ ’ਤੇ ਪਹਿਲੇ ਦੋਵੇਂ ਪਹਿਲੂ ਕਰਦੇ ਹਨ, ਕਾਬਲੇਗ਼ੌਰ ਆਖ਼ਰੀ ਪਹਿਲੂ ਹੈ ਗ਼ਦਰੀ ਇਨਕਲਾਬੀਆਂ ਦਾ ਜੋਸ਼ ਅਤੇ ਜਾਹੋ-ਜਲਾਲ। ਜਿਸ ਦਾ ਇਜ਼ਹਾਰ ਨਾ ਸਿਰਫ਼ ਬਗ਼ਾਵਤ ਤੋਂ ਪਿੱਛੋਂ ਚਲਾਏ ਗਏ ਮੁਕੱਦਮਿਆਂ, ਫਾਂਸੀ ਦੇ ਤਖ਼ਤਿਆਂ ਅਤੇ ਅੰਡੇਮਾਨ ਦੀਆਂ ਕਾਲ-ਕੋਠੜੀਆਂ ਅਤੇ ਪਿੰਜਰਿਆਂ ’ਚ ਹੋਇਆ ਸਗੋਂ ਉਨ੍ਹਾਂ ਗ਼ਦਰੀਆਂ ਦੀ ਜ਼ਿੰਦਗੀ ਅਤੇ ਵਤੀਰੇ ’ਚ ਹੋਰ ਵੀ ਵੱਧ ਹੋਇਆ ਜੋ ਫਾਂਸੀਆਂ ਤੋਂ ਬਚ ਗਏ ਅਤੇ ਜਿਨ੍ਹਾਂ ਨੇ ਆਖ਼ਰੀ ਦਮ ਤੱਕ ਸੰਘਰਸ਼ ਜਾਰੀ ਰੱਖਿਆ, ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਿੱਛੋਂ ਨਵੇਂ ਹਾਕਮਾਂ ਵਿਰੁੱਧ ਵੀ।

ਇਹ ਤਿੰਨੋ ਪਹਿਲੂ ਕਿਤੇ ਵੀ, ਕਿਸੇ ਵੀ, ਜਾਨਦਾਰ ਅਤੇ ਜੋਸ਼ੀਲੀ ਇਨਕਲਾਬੀ ਲਹਿਰ ਦੀਆਂ ਸਭ ਤੋਂ ਅਹਿਮ ਮੁੱਢਲੀਆਂ ਸ਼ਰਤਾਂ ਹਨ। ਅੱਜ, ਇਹ ਧਿਆਨ ਦੇਣਾ ਜ਼ਰੂਰੀ ਹੈ, ਜਿਸ ਮੁੱਖਧਾਰਾ ਕਮਿਊਨਿਸਟ ਲਹਿਰ ਅੰਦਰ ਗ਼ਦਰੀ ਬਗ਼ਾਵਤ ਦੇ ਬਚੇ ਹੋਏ ਇਨਕਲਾਬੀਆਂ ਅਤੇ ਉਨ੍ਹਾਂ ਦੇ ਜਾਨਸ਼ੀਨਾਂ ਨੇ ਲੰਮਾ ਸਮਾਂ ਕੰਮ ਕੀਤਾ ਅਤੇ ਜੋ ਗ਼ਦਰੀ ਰਵਾਇਤ ਦੀ ਵਾਰਸ ਹੋਣ ਦਾ ਦਾਅਵਾ ਕਰਦੀ ਹੈ ਜਾਂ ਵਾਰਸ ਸਮਝੀ ਜਾਂਦੀ ਹੈ, ਇਸ ਦੀ ਹਾਲਤ ਸਗੋਂ ਇਨ੍ਹਾਂ ਤਿੰਨਾਂ ਹੀ ਪਹਿਲੂਆਂ ਤੋਂ ਤਰਸਯੋਗ ਹੈ। ਸਪੱਸ਼ਟ ਯੁੱਧਨੀਤਕ ਨਿਸ਼ਾਨਾ, ਆਜ਼ਾਦ ਮੁਤਬਾਦਲ ਸਿਆਸਤ ਅਤੇ ਇਨਕਲਾਬੀ ਲਹਿਰ ਵਾਲਾ ਜੋਸ਼ ਇਹ ਸਭ ਕਿਤੇ ਪੈਂਡੇ ਦੌਰਾਨ ਹੀ ਗੁੰਮ ਹੋ ਗਏ ਜਾਪਦੇ ਹਨ।

ਜਦੋਂ ਮੈਂ ਪਾਰਟੀ ’ਚ ਹੁੰਦਾ ਸੀ, ਇਸਦੇ ਮਾਰਕਸਵਾਦੀ ਵਿਗਿਆਨਕ ਨਜ਼ਰੀਏ ਦਾ ਧਾਰਨੀ ਹੋਣ ਕਾਰਨ ਮੈਨੂੰ ਸਦਾ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਇਸ ਵਿੱਚ ਇਨਕਲਾਬੀਆਂ ਅਤੇ ਵਿਰਸੇ ਵਿੱਚ ਮਿਲੀਆਂ ਇਨਕਲਾਬੀ ਰਵਾਇਤਾਂ ਪ੍ਰਤੀ ਸਹੀ ਵਤੀਰੇ, ਉਨ੍ਹਾਂ ਇਨਕਲਾਬੀ ਇਖ਼ਲਾਕੀ ਕਦਰਾਂ ਅਤੇ ਸੱਭਿਆਚਾਰ ’ਚ ਗੜੁੱਚ ਹੋਣ ਦੀ ਘਾਟ ਹੈ ਜੋ ਗ਼ਦਰੀਆਂ, ਭਗਤ ਸਿੰਘ ਦੇ ਸਾਥੀਆਂ ਤੇ ‘ਇਨਕਲਾਬੀ ਦਹਿਸ਼ਤਪਸੰਦੀ’ ਦੀਆਂ ਵੱਖੋ-ਵੱਖ ਧਾਰਾਵਾਂ ਨੇ ਲਹਿਰ ਨੂੰ ਦਿੱਤੇ ਸਨ। ਵੱਕਾਰ ਬਣਾਉਣ ਲਈ ਇਨ੍ਹਾਂ ਰਵਾਇਤਾਂ ਨੂੰ ਸਾਧਨ ਵਜੋਂ ਵਰਤਿਆ ਗਿਆ ਅਤੇ ਜੋ ਥੋੜਾ ਜਿਹਾ ਰੰਗ ਚੜ੍ਹਿਆ ਸੀ ਜਾਪਦਾ ਹੈ ਉਹ ਲਹਿਰ ਦੇ ਸੁਧਾਰਵਾਦੀ ਪਟੜੀ ’ਤੇ ਚੜ੍ਹ ਜਾਣ ਨਾਲ ਕਿਤੇ ਰਾਹ ਵਿੱਚ ਹੀ ਗੁੰਮ ਹੋ ਗਿਆ ਹੈ। ਗੱਭਰੂ ਗ਼ਦਰੀ ਬੁੱਢੇ ਹੋ ਕੇ ਬਾਬੇ ਬਣ ਗਏ ਅਤੇ ਨਾਲ ਹੀ ਆਪਣੀ ਇਨਕਲਾਬੀ ਵਚਨਬੱਧਤਾ ਪੱਖੋਂ ਕੱਦਾਵਰ ਇਨਸਾਨ ਬਣਕੇ ਉੱਭਰੇ ਪਰ ਉਨ੍ਹਾਂ ਦੇ ਵਾਰਸ ਬੁਰਜ਼ੂਆ ਸਿਆਸਤ ਦੇ ਧਰਾਤਲ ਉੱਪਰ ਬੌਣਿਆਂ ’ਚ ਗੁੰਮ ਹੋ ਕੇ ਰਹਿ ਗਏ ਹਨ।


ਮੇਰੀ ਦਲੀਲ ਹੈ ਕਿ ਕਮਿਊਨਿਸਟ ਖੱਬੀ ਧਿਰ ਵੱਲੋਂ ਆਜ਼ਾਦੀ ਤੋਂ ਪਿੱਛੋਂ ਦੇ ਦੌਰ ’ਚ ਇਕ ਸਿੱਧੜ ਤੇ ਬੇਸਮਝ, ਅਸਲ ’ਚ ਗ਼ੈਰ-ਇਤਿਹਾਸਕ ਕੌਮਵਾਦ ਨੂੰ, ਮਾਰਕਸਵਾਦੀ ਭਵਿੱਖਨਕਸ਼ੇ ਦੀ ਥਾਂ ਕੌਮਵਾਦੀ ਭਵਿੱਖਨਕਸ਼ੇ ਨੂੰ ਆਪਣੇ ਸਿਧਾਂਤ ਤੇ ਅਮਲ ਵਿੱਚ ਸ਼ਾਮਲ ਕਰ ਲਿਆ। ਇਸ ਦਾ ਸੁਭਾਵਿਕ ਸਿੱਟਾ ਮੁਲਕ ਵਿੱਚ ਇਕ ਆਜ਼ਾਦ ਮੁਤਬਾਦਲ ਸਿਆਸਤ ਉਭਾਰਨ ’ਚ ਅਸਫ਼ਲ ਰਹਿਣ ’ਚ ਨਿਕਲਿਆ ਹੈ ਜੋ ਭਾਰਤੀ ਸਮਾਜ ਦੀ ਇਨਕਲਾਬੀ ਕਾਇਆਪਲਟੀ ਦੇ ਨਿਸ਼ਾਨੇ ਵਾਲੀ ਜਮਾਤ ਆਧਾਰਤ ਲੋਕ ਸਿਆਸਤ ਹੀ ਹੋ ਸਕਦੀ ਹੈ। ਇਨ੍ਹਾਂ ਦੋ ਕੁਤਾਹੀਆਂ ਦਾ ਤਕਰੀਬਨ ਅਟੱਲ ਸਿੱਟਾ ਭਾਰਤ ਦੀ ਮੁੱਖਧਾਰਾ ਖੱਬੀ ਧਿਰ ਦੇ ਇਨਕਲਾਬੀ ਜੋਸ਼ ਦੇ ਸਹਿਜੇ ਸਹਿਜੇ ਖ਼ਤਮ ਹੋ ਜਾਣ ’ਚ ਨਿਕਲਿਆ ਹੈ, ਕਿਉਕਿ ਇਹ ਜੋਸ਼ ਇਕ ਆਜ਼ਾਦ ਇਨਕਲਾਬੀ ਯੁੱਧਨੀਤੀ ਅਤੇ ਸਿਆਸਤ ਦੀ ਅਣਹੋਂਦ ’ਚ ਸੰਭਵ ਹੀ ਨਹੀਂ ਹੈ।

ਕੌਮਵਾਦ, ਜੋ ਗ਼ਦਰੀ ਇਨਕਲਾਬੀਆਂ ਦੇ ਸਰੋਕਾਰਾਂ ਲਈ ਵੀ ਬੁਨਿਆਦੀ ਸੀ। ਗ਼ਦਰੀ ਇਨਕਲਾਬੀਆਂ ਦੇ ਇਤਿਹਾਸਕ ਪ੍ਰਸੰਗ ’ਚ ਜੋਸ਼ੀਲਾ ਇਨਕਲਾਬੀ ਕੌਮਵਾਦ ਉਨ੍ਹਾਂ ਦੀ ਤਾਕਤ ਦਾ ਸੋਮਾ ਸੀ ਕਿਉਕਿ ਇਸਨੇ ਭਾਰਤੀ ਸਮਾਜ ਦੇ ਉਨ੍ਹਾਂ ਸਮਿਆਂ ਦੇ ਅੰਤਰ ਵਿਰੋਧਾਂ ਨੂੰ ਆਤਮਸਾਤ ਕੀਤਾ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ ਸਮਿਆਂ ਦੇ ਬਦਲੇ ਹੋਏ ਇਤਿਹਾਸਕ ਪ੍ਰਸੰਗ ’ਚ ਇਕ ਗ਼ੈਰਇਤਿਹਾਸਕ ਅਤੇ ਤਕਰੀਬਨ ਬਿਨਾਂ ਸੋਚੇ ਸਮਝੇ ਅਪਣਾਇਆ ਕੌਮਵਾਦ ਇਨ੍ਹਾਂ ਸਮਿਆਂ ਦੀ ਬਚੀ-ਖੁਚੀ ਕਮਿਊਨਿਸਟ ਖੱਬੀ ਧਿਰ ਦੀ ਕਮਜ਼ੋਰੀ ਦਾ ਵੱਡਾ ਸੋਮਾ ਰਿਹਾ ਹੈ ਕਿਉਕਿ ਇਸ ਕਾਰਨ ਕਮਿਊਨਿਸਟ ਧਿਰ 1947 ਤੋਂ ਬਾਅਦ ਭਾਰਤੀ ਸਮਾਜ ਦੇ ਬੁਨਿਆਦੀ ਅੰਤਰ ਵਿਰੋਧਾਂ ਨੂੰ ਆਤਮਸਾਤ ਕਰਨ ’ਚ ਅਸਫ਼ਲ ਰਹੀ। ਇਹ ਸੱਚ ਹੈ ਕਿ ਅਜੇ ਵੀ ਸਾਡੇ ਪੱਲੇ ਕੌਮਵਾਦ ਦਾ ਇਕ ਤਸੱਲੀਬਖ਼ਸ਼, ਮਾਰਕਸਵਾਦੀ ਜਾਂ ਕੋਈ ਹੋਰ ਸਿਧਾਂਤ ਨਹੀਂ ਹੈਇਹ ‘ਇਕ ਬੇਯਕੀਨੀ ਪਛਾਣ’ ਬਣਿਆ ਹੋਇਆ ਹੈ।

ਕੌਮਵਾਦ ਹਾਲੇ ਵੀ, ਇਕ ਖ਼ਾਸ ਜਮਾਤ ਅਤੇ ਸਮਾਜ ਆਧਾਰਤ ਖ਼ਾਸੇ, ਸੰਭਾਵਨਾਵਾਂ ਤੇ ਸੀਮਤਾਈਆਂ ਵਾਲਾ ਇਕ ਇਤਿਹਾਸਕ ਵਰਤਾਰਾ ਹੈ। ਇਹ ਵੰਨ-ਸੁਵੰਨੀਆਂ ਸ਼ਕਲਾਂ ਅਖ਼ਤਿਆਰ ਕਰਦਾ ਹੈ ਅਤੇ ਇਨ੍ਹਾਂ ਸ਼ਕਲਾਂ ਰਾਹੀਂ ਆਪਣਾ ਇਜ਼ਹਾਰ ਕਰਨ ਦੇ ਸਮਰੱਥ ਹੈ। ਅਸੀਂ ਤੀਜੀ ਦੁਨੀਆਂ ਵਿੱਚੋਂ ਹਾਂ ਅਤੇ ਸਾਮਰਾਜਵਾਦ ਵਿਰੁੱਧ ਲੰਮੇ ਸੰਘਰਸ਼ ਦੀਆਂ ਯਾਦਾਂ ਤੇਜ਼ੀ ਨਾਲ ਮਿਟ ਰਹੀਆਂ ਹੋਣ ਦੇ ਬਾਵਜੂਦ ਹਾਲੇ ਵੀ ਜਿੰਦਾ ਹਨ। ਇਸ ਕਰਕੇ ਇਸ ਮੁਲਕ ’ਚ ਰਵਾਇਤੀ ਤੌਰ ’ਤੇ ਸਾਡਾ ਝੁਕਾਅ ਕੌਮਵਾਦ ਨੂੰ ਇਕ ਮੁਕਤੀਦਾਤਾ ਤਾਕਤ ਜਾਂ ਵਿਚਾਰਧਾਰਾ ਵਜੋਂ ਵੇਖਣ ਦਾ ਹੈ। ਪਰ ਸਾਨੂੰ ਚੰਗੀ ਤਰ੍ਹਾਂ ਚੇਤੇ ਹੋਵੇਗਾ ਕਿ ਇਸੇ ਅਰਸੇ ਦੌਰਾਨ ਸਾਮਰਾਜੀ ਮੁਲਕਾਂ ਦੀਆਂ ਹਾਕਮ ਜਮਾਤਾਂ ਨੇ ਬੁੱਝ ਲਿਆ ਕਿ ਕੌਮਵਾਦ ਨਾ ਸਿਰਫ਼ ਆਪਣੇ ਰਾਜ ਨੂੰ ਆਪਣੇ ਮੁਲਕ ’ਚ ਪੱਕੇ ਪੈਰੀਂ ਕਰਨ ਲਈ ਸਗੋਂ ਮੁਲਕ ਤੋਂ ਬਾਹਰ ਆਪਣੇ ਹਮਲੇ ਅਤੇ ਗ਼ਲਬੇ ਦੀ ਵਜਾਹਤ ਕਰਨ ਅਤੇ ਇਸ ਨੂੰ ਜਾਇਜ਼ ਠਹਿਰਾਉਣ ਲਈ ਕਿੰਨਾ ਲਾਹੇਵੰਦਾ ਹੈ। ਸੰਸਾਰ ਪੱਧਰ ’ਤੇ, ਅਸੀਂ ਹਾਕਮ ਜਮਾਤੀ ਸਿਆਸਤਦਾਨਾਂ ਵੱਲੋਂ ਕੌਮਵਾਦ ਦੀ ਅਜਿਹੀ ਸਿਆਸੀ-ਵਿਚਾਰਧਾਰਕ ਵਰਤੋਂ ਦੇ ਕਈ ਮਾਮਲੇ ਅੱਖੀ ਡਿੱਠੇ ਹਨ। ਸਾਡੇ ਆਪਣੇ ਮੁਲਕ ’ਚ ਰਾਜੀਵ ਗਾਂਧੀ ਨੇ, 1984 ’ਚ, ਜ਼ੋਰਦਾਰ ਹਿੰਦੂ ਸ਼ਾਵਨਵਾਦੀ, ਇਥੋਂ ਤੱਕ ਕਿ ਸਿੱਖ ਵਿਰੋਧੀ ਸੁਰ ਵਾਲੇ ਕੌਮਵਾਦ ਦੇ ਮੰਚ ਤੋਂ ਚੋਣਾਂ ’ਚ ਬੇਮਿਸਾਲ ਜਿੱਤ ਹਾਸਲ ਕੀਤੀ ਸੀ। ਜਦੋਂ ਹਾਕਮ ਜਮਾਤਾਂ ਆਮ ਹਾਲਤ ’ਚ ਆਪਣੇ ਹਿੱਤਾਂ ਦੀ ਦੌੜ ’ਚ ਜੁਟੀਆਂ ਹੁੰਦੀਆਂ ਹਨ ਜਾਂ ਜਦੋਂ ਉਹ ਸਿਆਸੀ ਸੰਕਟ ਵਾਲੇ ਹਾਲਾਤ ’ਚ ਘਿਰੀਆਂ ਹੁੰਦੀਆਂ ਹਨ, ਕੌਮਵਾਦ ਅਕਸਰ ਹੀ ਹਰ ਤਰ੍ਹਾਂ ਦਾ ਲੋਕ ਵਿਰੋਧੀ ਨਿਰੰਕੁਸ਼ਵਾਦੀ ਜਾਂ ਨਸਲਵਾਦੀ ਜਾਂ ਫ਼ਾਸ਼ੀਵਾਦੀ ਜਾਂ ਸਾਮਰਾਜਵਾਦੀ ਰੂਪ ਅਖ਼ਤਿਆਰ ਕਰਕੇ, ਪਿਛਾਖੜੀ ਆਪਾਸ਼ਾਹ ਰਾਜਾਂ ਦੇ ਉੱਭਰਨ ਲਈ ਵਿਚਾਰਧਾਰਕ ਢੋਈ ਜਾਂ ਓਹਲਾ ਮੁਹੱਈਆ ਕਰਦਾ ਰਿਹਾ ਹੈ। ਇੰਞ, ਇਤਿਹਾਸਕ ਪੱਖੋਂ ਦੇਖਿਆਂ, ਕੌਮਵਾਦ ਖ਼ੁਦ-ਬ-ਖ਼ੁਦ ਹੀ ਅਗਾਂਹਵਧੂ ਜਾਂ ਪਿਛਾਂਹਖਿੱਚੂ, ਧਰਮਨਿਰਪੱਖ ਜਾਂ ਫਿਰਕਾਪ੍ਰਸਤ, ਜਮਹੂਰੀ ਜਾਂ ਆਪਾਸ਼ਾਹ, ਕੋਈ ਬਿਹਤਰ ਜਾਂ ਬਦਤਰ ਚੀਜ਼ ਨਹੀਂ ਹੈ।

ਅੱਜ ਕੌਮਵਾਦ ਜਾਂ ਕੌਮਵਾਦੀ ਭਵਿੱਖ-ਨਕਸ਼ਾ - ਇਸ ਦੀਆਂ ਸਹਾਇਕ ਧਾਰਨਾਵਾਂ ਜਿਵੇਂ ‘ਕੌਮੀ ਆਰਥਕਤਾ’ ਜਾਂ ‘ਕੌਮੀ ਵਿਕਾਸ’, ‘ਕੌਮ ਉਸਾਰੀ’ ਜਾਂ ‘ਰਾਜ ਉਸਾਰੀ’, ‘ਕੌਮੀ ਮੁੱਖਧਾਰਾ’, ‘ਕੌਮੀ ਅਖੰਡਤਾ’ ਵਗ਼ੈਰਾ ਦੇ ਵਿਸ਼ਾਲ ਸਿਲਸਿਲੇ ਤਹਿਤ ਭਾਰਤ ਦੀ ਸਮਾਜੀ ਹਕੀਕਤ ਦੇ ਲਾਜ਼ਮੀ ਕਿਰਦਾਰ ’ਤੇ ਪਰਦਾ ਪਾਉਣ ਦਾ ਕੰਮ ਕਰਦੇ ਹਨ ਜੋ ਭਾਰਤ ਦੇ ਖ਼ਾਸ ਪੂੰਜੀਵਾਦ ਦੇ ਵਿਕਾਸ ਦੇ ਸਿੱਟੇ ਵਜੋਂ ਹੋਂਦ ਵਿੱਚ ਆਇਆ ਹੈ। ਕੌਮਵਾਦ ਸਿਰਫ਼ ਭਾਰਤ ਦੀਆਂ ਬਸਤੀਵਾਦ ਤੋਂ ਬਾਅਦ ਦੀਆਂ ਹਾਕਮ ਜਮਾਤਾਂ ਦੀ ਇਤਿਹਾਸਕ ਕੁਤਾਹੀ ’ਤੇ ਪਰਦਾ ਪਾਉਣ ਜਾਂ ਢੁੱਚਰਾਂ ਡਾਹੁਣ ਦਾ ਹੀ ਕੰਮ ਨਹੀਂ ਕਰਦਾ, ਇਹ ਇਨ੍ਹਾਂ ਜਮਾਤਾਂ ਲਈ ਆਪਣੇ ਆਰਥਕ ਅਤੇ ਸਿਆਸੀ ਗ਼ਲਬੇ ਦਾ ਪੱਖ ਪੂਰਨ ਅਤੇ ਇਸ ਨੂੰ ਬਚਾਉਣ ਦੀ ਲੋੜ ਵੇਲੇ ਇਸ ਨੂੰ ਵਾਜਬੀਅਤ ਬਖ਼ਸ਼ਣ ਵਾਲੀ ਵਿਚਾਰਧਾਰਾ ਵੀ ਬਣ ਜਾਂਦਾ ਹੈ।

ਆਪਣੇ ਮਹਾਂਦੀਪੀ ਪਸਾਰਾਂ ਅਤੇ ਆਰਥਕ ਤੇ ਸਮਾਜੀ ਜ਼ਿੰਦਗੀ ਦੀ ਅਸਾਧਾਰਨ ਵੰਨ-ਸੁਵੰਨਤਾ, ਲੰਮੇ ਮੁਕਾਬਲਤਨ ਲਗਾਤਾਰਤਾ ਵਾਲੇ ਇਤਿਹਾਸ, ਬਸਤੀਵਾਦੀ ਵਿਰਾਸਤ, ਅਤੇ ਬੀਤੇ ਦੀ ਹਰ ਤਰ੍ਹਾਂ ਦੀ ਪਦਾਰਥਕ, ਸਭਿਆਚਾਰਕ ਤੇ ਵਿਚਾਰਧਾਰਕ ਰਹਿੰਦ-ਖੂੰਹਦ ਵਗ਼ੈਰਾ ਵਾਲੀ ਭਾਰਤੀ ਸਮਾਜੀ ਬਣਤਰ ਸੰਭਵ ਤੌਰ ’ਤੇ ਦੁਨੀਆਂ ਦੀ ਸਭ ਤੋਂ ਪੇਚੀਦਾ ਬਣਤਰ ਹੈ।

ਬਸਤੀਵਾਦ ਤੋਂ ਬਾਅਦ ਦੇ ਇਨ੍ਹਾਂ ਪੰਜਤਾਲੀ ਸਾਲਾਂ ਵਿੱਚ ਜੇ ਸਰਮਾਏਦਾਰੀ ਤੇਜ਼ੀ ਨਾਲ ਵਧੀ-ਫੁੱਲੀ ਹੈ ਅਤੇ ਸਮੁੱਚੇ ਤੌਰ ’ਤੇ ਭਾਰਤੀ ਆਰਥਕਤਾ ਵਿੱਚ ਸਰਵਉੱਚ ਬਣਕੇ ਛਾ ਗਈ ਹੈ, ਨਾਲ ਹੀ ਪਛੇਤੇ ਸਰਮਾਏਦਾਰਾ ਵਿਕਾਸ ਦਾ ਵਿਸ਼ੇਸ਼ ਰੂਪ ਵੀ ਰਹੀ ਹੈ। ਖ਼ਾਸ ਜਾਇਦਾਦ ਮਾਲਕ (ਲੋਟੂ) ਜਮਾਤਾਂ, ਵੱਡੀ ਬੁਰਜ਼ੂਆਜੀ ਤੇ ਕੁਲਕ-ਕਮ-ਸਰਮਾਏਦਾਰ ਧਨੀ ਫਾਰਮਰ, ਵਾਲੀ ਇਸ ਸਰਮਾਏਦਾਰੀ ਭਾਰਤੀ ਆਰਥਕਤਾ ਦੇ ਸਨਅਤੀ ਅਤੇ ਜ਼ਰੱਈ ਖ਼ੇਤਰਾਂ ’ਚ ਬੋਲਬਾਲਾ ਹੈ। ਇਨ੍ਹਾਂ ਦੇ ਆਲੇ-ਦੁਆਲੇ ਮੁੱਖ ਲਾਹਾ ਲੈਣ ਵਾਲੇ ਹੋਰ ਹਿੱਸਿਆਂ ਦਾ ਗੱਠਜੋੜ ਵੀ ਉੱਭਰਿਆ ਹੈ ਜਿਸ ਵਿੱਚ ਸ਼ਾਮਲ ਹਨ ਨੀਮ-ਜਗੀਰੂ ਭੋਇੰ ਮਾਲਕ ਅਤੇ ਸੱਟੇਬਾਜ ਕਾਰੋਬਾਰੀ, ਸਿਵਲ ਤੇ ਫ਼ੌਜੀ ਮਹਿਕਮਿਆਂ ਦੀਆਂ ਉਤਲੀਆਂ ਪਰਤਾਂ ਸਮੇਤ ਸਰਕਾਰੀ ਅਤੇ ਨਿੱਜੀ ਖੇਤਰਾਂ ਦੇ ਪੇਸ਼ੇਵਰ, ਜਥੇਬੰਦ ਚਿੱਟ ਕਾਲਰੀਏ ਕਾਮੇ ਅਤੇ ‘ਸਿਆਸੀ ਜਮਾਤ’ ਜਿਸਨੇ, ਖ਼ੁਦ ਸਿਆਸਤ ਨੂੰ ਹੀ ਤਕਰੀਬਨ ਖ਼ਾਨਦਾਨੀ, ਲੁੰਪਨ ਪਰ ਬਹੁਤ ਹੀ ਮੁਨਾਫ਼ੇਦਾਰ ਸੰਘਣੀ ਪੂੰਜੀ ਵਾਲਾ ਧੰਦਾ ਬਣਾ ਲਿਆ ਹੈ। ਮੋਟੀ ਠੁੱਲ੍ਹੀ ਗੱਲ ਕਰੀਏ ਤਾਂ ਇਹ ਸਭ ਰਲ-ਮਿਲਕੇ ਹੁਕਮਰਾਨ ਸੱਤਾ ਢਾਂਚਾ ਬਣਦੇ ਹਨ।

ਅੰਗਰੇਜ਼ ਸਾਮਰਾਜ ਦੇ ਢਾਂਚਾਗਤ ਤਰਕ ਦਾ ਮਤਲਬ ਸੀ ਇੰਗਲੈਂਡ ਅੰਦਰ ਧਨ-ਦੌਲਤ ਦੇ ਅੰਬਾਰ ਜੁੜਦੇ ਜਾਣਾ ਤੇ ਭਾਰਤ ਵਿੱਚ ਗ਼ਰੀਬੀ ਦਾ ਵਧਦਾ ਜਾਣਾ। ਅੱਜ ਭਾਰਤੀ ਸਰਮਾਏਦਾਰੀ ਢਾਂਚਾਗਤ ਤਰਕ ਦਾ ਸਭ ਤੋਂ ਵੱਧ ਇਜ਼ਹਾਰ ਹੈ ਮੁਲਕ ਅੰਦਰ ਕਾਣੇ ਅਤੇ ਅਸਾਵੇਂ ਵਿਕਾਸ ਨਾਲ ਇਥੇ ‘ਦੋ ਕੌਮਾਂ’ ਦੇ ਉੱਭਰਨ ਦੇ ਰੂਪ ਵਿੱਚ ਹੋਇਆ ਹੈ। ਹੁਣ ਇਥੇ ‘ਦੋ-ਭਾਰਤ’ ਹਨ ਅਤੇ ਮੁਲਕ ਦੇ ਵਧੇਰੇ ਪਛੜੇ ਹਿੱਸਿਆਂ ’ਚ ਇਕ ਖ਼ਾਸ ‘ਅੰਦਰੂਨੀ ਬਸਤੀਵਾਦ’ ਹੈ। ਇਸ ਦੀ ਇਤਿਹਾਸਕ ਵਿਸ਼ੇਸ਼ਤਾ ਨੇ ਇਸ ਨੂੰ ਮਜ਼ਬੂਤ ਦਲਾਲ ਅਤੇ ਲੁੰਪਨ ਕਿਰਦਾਰ ਬਖ਼ਸ਼ਿਆ ਹੈ। ਇਸ ਦੀ ਕਰਤਾ-ਧਰਤਾ ਬੁਰਜ਼ੂਆਜੀ ਜੰਮੀ ਹੀ ਬੁੱਢੀ ਹੈ ਜਿਸ ਨੇ ਕਦੇ ਜਵਾਨੀ ਨਹੀਂ ਤੱਕੀ। ਇਸ ਵਿੱਚ ਜਵਾਨੀ ਵਾਲੀ ਇਕ ਵੀ ਖ਼ੂਬੀ ਨਹੀਂ ਹੈ ਪਰ ਇਹ ਬੁਢਾਪੇ ਦੇ ਸਾਰੇ ਔਗੁਣਾਂ ਦੀ ਮਾਲਕ ਹੈ। ਇੱਥੇ ਪਛੇਤੇ ਪੂੰਜੀਵਾਦੀ ਵਿਕਾਸ ਦੇ ਕੁੱਲ ਲੋਟੂ ਅਤੇ ਜਾਬਰ ਭੈੜ, ਨੀਮ-ਜਗੀਰਦਾਰੀ, ਨੌਕਰਸ਼ਾਹੀ ਦਾ ਭਿ੍ਰਸ਼ਟ ਬਣਾਇਆ ਪਬਲਿਕ ਸੈਕਟਰ ਅਤੇ ਘੁਮੰਡੀ ਬੁਰਜ਼ੂਆ ਸਿਆਸਤ ਨਿੱਤ ਘਿਉ-ਖਿਚੜੀ ਹੋ ਕੇ ਵਿਚਰਦੇ ਹਨ ਅਤੇ ਇਕ ਦੂਜੇ ਨੂੰ ਤਕੜਾਈ ਬਖ਼ਸ਼ਦੇ ਹਨ। ਸਮਾਂਤਰ ਆਰਥਕਤਾ ਵਜੋਂ ਵਧ-ਫੁੱਲ ਰਿਹਾ ਸਰਵਸ਼ਕਤੀਮਾਨ ਕਾਲਾ ਧਨ, ਘੁਟਾਲਿਆਂ ਅਤੇ ਜਾਅਲਸਾਜ਼ੀਆਂ ਦੇ ਚਿੱਟੇ ਧਨ ਦੇ ਢਾਂਚਾਗਤ ਪੱਖਪਾਤਾਂ ਨੂੰ ਹੋਰ ਪ੍ਰਚੰਡ ਕਰਦਾ ਹੈ। ਇਹ ਸਿਆਸਤਦਾਨਾਂ, ਪੁਲਸੀਆਂ ਅਤੇ ਰਾਜ ਦੇ ਨਿੱਕਸੁੱਕ ਅਹਿਲਕਾਰਾਂ ਦੀ ਮਦਦ ਨਾਲ ਲਾਜ਼ਮੀ ਤੌਰ ’ਤੇ ਗ਼ੈਰ-ਕਾਨੂੰਨੀ, ਧਰਮ-ਨਿਰਪੱਖ ਜਾਂ ਫਿਰਕੂ ਮਾਫੀਆ ਦੀ ਸਮਾਂਤਰ ਸਿਆਸਤ ਨੂੰ ਟਿਕਾਊ ਬਣਾਉਣ ਦਾ ਕੰਮ ਵੀ ਕਰਦਾ ਹੈ। ਜਿਸ ਨੇ ਅੱਜ ਮੁਲਕ ਦੇ ਜ਼ਿਆਦਾਤਰ ਹਿੱਸਿਆਂ, ਖ਼ਾਸ ਕਰਕੇ ਸ਼ਹਿਰਾਂ ਵਿੱਚ, ਰਸਮੀ ਕਾਨੂੰਨੀ ਰਾਜ ਦੇ ਸਮਾਂਤਰ ਇਸ ਵਜੂਦ ਨੂੰ ਤਕਰੀਬਨ ਵਾਜਬੀਅਤ ਬਖ਼ਸ਼ ਦਿੱਤੀ ਹੈ। ਸਰਕਾਰੀ ਸਹਾਇਤਾ ਦੇਣ ਵਾਲੀ ਸਰਮਾਏਦਾਰੀ ਤੋਂ ਸ਼ਰੇਆਮ ਮੰਡੀ ਹਿਤੈਸ਼ੀ ਸਰਮਾਏਦਾਰੀ ਵੱਲ ਤਾਜ਼ਾ ਮੋੜਾ ਕੱਟਣ ਦਾ ਮਤਲਬ ਸਿਰਫ਼ ਇਹ ਹੈ ਕਿ ਭਾਰਤੀ ਸਰਮਾਏਦਾਰੀ ਦਾ ਧਾੜਵੀ ਤੇ ਦਲਾਲ ਲੁੰਪਨ ਕਿਰਦਾਰ ਹੁਣ ਹੋਰ ਵੀ ਖੁੱਲ੍ਹ ਕੇ ਸਾਹਮਣੇ ਆਵੇਗਾ। ਨਵੀਂ ਆਰਥਕ ਨੀਤੀ ਦਾ ਅਰਥ ਹੈ ਕਿ ਸਾਡੀ ਕੌਮੀ ਆਰਥਕਤਾ ਦੇ ‘ਕਾਮਯਾਬ’ ਵਰਗ ਜਿਸ ਨੂੰ ਅੱਜਕੱਲ੍ਹ ‘ਮਲਾਈਦਾਰ ਪਰਤ’ ਜਾਂ ‘ਸੁੱਖ-ਸਹੂਲਤਾਂ ਵਾਲਾ ਵਰਗ’ ਵੀ ਕਿਹਾ ਜਾਂਦਾ ਹੈ ਨੇ ਹੋਰ ਥਾਈਂ ਸਰਮਾਏਦਾਰੀ ਵਰਗ ਦੇ ਆਪਣੇ ਜੋਟੀਦਾਰਾਂ ਵਾਂਗ ਬਾਕੀ ਵਤਨ ਵਾਸੀਆਂ ਤੋਂ ਸ਼ਰੇਆਮ ਤੋੜ-ਵਿਛੋੜਾ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਪਰ ਇਸ ‘ਕਾਮਯਾਬ ਹਿੱਸੇ ਦੇ ਅੱਡ ਹੋਣ’ ਦਾ ਆਮ ਭਾਰਤੀ ਲੋਕਾਂ, ਭਾਰਤੀ ਸਮਾਜ ਦੇ ‘ਨਾਕਾਮਯਾਬ ਹਿੱਸੇ’ ਲਈ ਘੱਟੋ-ਘੱਟ ਇਕ ਫ਼ਾਇਦਾ ਜ਼ਰੂਰ ਹੈ। ਜਿਸ ਹੱਦ ਤੱਕ ਨਵੀਂਆਂ ਆਰਥਕ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ, ਇਸ ਨਾਲ ਭਾਰਤੀ ਆਰਥਕਤਾ ਅਤੇ ਸਿਆਸਤ ਦੇ ਅਸਲ ਮੁੱਦੇ ਜਿੰਨੇ ਸਪੱਸ਼ਟ ਹੋਣਗੇ ਓਨੇ ਹੋਰ ਕਿਸੇ ਤਰ੍ਹਾਂ ਨਹੀਂ ਹੋ ਸਕਦੇ। ਨਵੀਂ ਸਰਕਾਰ ਹੇਠ, ‘ਖੁੱਲ੍ਹੀ’ ਮੰਡੀ ਦੇ ਸਿੱਟੇ ਵਜੋਂ ਭਾਰਤੀ ਆਰਥਕਤਾ ਵਿੱਚ ਹੋਰ ਵੀ ਵੱਡੀਆਂ ਨਾਬਰਾਬਰੀਆਂ ਪੈਦਾ ਹੋਣਗੀਆਂ। ਇਸ ਦੀਆਂ ਬੁਨਿਆਦੀ ਵਿਰੋਧਤਾਈਆਂ ਹੋਰ ਵੀ ਤਿੱਖੀਆਂ ਅਤੇ ਉੱਘੜਵੀਂਆਂ ਬਣ ਜਾਣਗੀਆਂ ਜਿੰਨੀਆਂ ਪਹਿਲਾਂ ਕਦੇ ਨਹੀਂ ਹੋਈਆਂ। ਰਾਜ ਵੱਲੋਂ ‘ਸਮਾਜਵਾਦੀ’ ਲਫ਼ਾਜੀ ਤੇ ਨਿਆਂਪੂਰਨ ਵੰਡ ਤੇ ਨਿਆਂ ਦੇਣ ਦੇ ਸੰਕੇਤਕ ਸਰੋਕਾਰਾਂ ਤੋਂ ਵੀ ਮੂੰਹ ਭਵਾਂ ਲੈਣ ਨਾਲ ਪ੍ਰਬੰਧ ਦੀ ਉਸ ਵਾਜਬੀਅਤ ਨੂੰ ਹੋਰ ਵੀ ਖੋਰਾ ਲੱਗੇਗਾ ਜਿੰਨੀ ਕੁ ਇਸ ਸਮੇਂ ਬਚੀ ਹੋਈ ਹੈ। ਭਾਰਤੀ ਆਰਥਕਤਾ ਤੇ ਇਸਦੀ ਸਿਆਸਤ, ਅਤੇ ਹੋਰ ਬਹੁਤ ਕੁਝ ਦੇ ਆਲਮੀਕਰਨ ਦੇ ਸਿੱਟੇ ਵਜੋਂ ਆਖ਼ਰ ਭਾਰਤੀ ਲੋਕਾਂ ਅੱਗੇ ਇਹੀ ਚੋਣ ਰਹਿ ਜਾਵੇਗੀ :

ਸਮਾਜਵਾਦ ਲਿਆਓ ਜਾਂ ਫਿਰ ਆਲਮੀ ਸਰਮਾਏਦਾਰੀ ਪ੍ਰਬੰਧ ਅੰਦਰ ਖੂੰਜੇ ਲੱਗ ਜਾਵੋ। ਅਜਿਹੀ ਹਾਲਤ ’ਚ ਜਮਾਤੀ ਮੁੱਦੇ ਹੋਰ ਵੀ ਸਪੱਸ਼ਟਤਾ ਨਾਲ ਉੱਭਰਕੇ ਸਾਹਮਣੇ ਆਉਣਗੇ, ਇਸ ਨਾਲ ਭਾਰਤੀ ਸਮਾਜ ਅੰਦਰ ਜਮਾਤੀ ਸੰਘਰਸ਼ ਵੱਧ ਆਮ ਬਣ ਜਾਣਗੇ। ਜਮਾਤ ਆਧਾਰਤ ਲੋਕ ਸਿਆਸਤ ਨਾ ਸਿਰਫ਼ ਵੱਧ ਜ਼ਰੂਰੀ ਸਗੋਂ ਵੱਧ ਸੰਭਵ ਵੀ ਹੋ ਜਾਵੇਗੀ।

ਸੋਵੀਅਤ ਯੂਨੀਅਨ ਦਾ ਪਤਨ ਨਿਸਚੇ ਹੀ ਹਰ ਥਾਂ ਅਵਾਮ ਦੇ ਘੋਲਾਂ ਲਈ ਪਛਾੜ ਹੈ। ਇਸ ਦਾ ‘ਅਸਲ ਸਮਾਜਵਾਦ’, ਕਲਾਸੀਕਲ ਮਾਰਕਸਵਾਦ ’ਚ ਤਸੱਵਰ ਕੀਤੇ ਸਮਾਜਵਾਦ ਦਾ ਕੋਝਾ ਰੂਪ ਹੁੰਦਿਆਂ ਹੋਇਆਂ ਵੀ ਸੰਭਾਵਨਾ, ਲਾਜ਼ਮੀ ਤੌਰ ’ਤੇ ਧਾੜਵੀ ਸਰਮਾਏਦਾਰੀ ਪ੍ਰਬੰਧ ਤੋਂ ਬਚਣ ਦੀ ਸੰਭਾਵਨਾ ਦਾ ਪ੍ਰਤੀਕ ਸੀ। ਪਰ ਭਾਰਤ ਸਮੇਤ ਹਰ ਥਾਂ ਦੀਆਂ ਇਨਕਲਾਬੀ ਸਮਾਜਵਾਦੀ ਲਹਿਰਾਂ ਲਈ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਦੇ ਫ਼ਾਇਦੇ ਵੀ ਹਨ। ਉਨ੍ਹਾਂ ਨੂੰ ਹੁਣ ਕਰੂਪ ਤੇ ਨਿੱਘਰੇ ਹੋਏ ‘ਸਮਾਜਵਾਦ’ ਦਾ ਪੱਥਰ ਢੋਣ ਦੀ ਲੋੜ ਨਹੀਂ, ਉਹ ਹੁਣ ਇਸ ਦੇ ਘਿਣਾਉਣੇਪਣ ਅਤੇ ਜ਼ੁਲਮਾਂ ਲਈ ਜਵਾਬਦੇਹ ਨਹੀਂ - ਹਾਲਾਂਕਿ ਇਸ ਪਤਨ ਦੀ ਸੱਚੀ, ਮਾਰਕਸਵਾਦੀ ਵਿਆਖਿਆ ਹਾਲੇ ਵੀ ਦੇਣੀ ਪਵੇਗੀ।

ਅੱਜਕੱਲ੍ਹ ਸਾਡੇ ਮੁਲਕ ’ਚ ਤਕਰੀਬਨ ਜਣਾ-ਖਣਾ, ਬਾਜ਼ਾਰੂ ਸਿਆਸਤਦਾਨ ਤੋਂ ਲੈਕੇ ਨਾਮ ਨਿਹਾਦ ਬੁੱਧੀਜੀਵੀ ਤੱਕ, ਖੱਬੀ ਧਿਰ ਵਾਲਾ ਤੇ ਸੱਜੇ ਪੱਖੀ ਵੀ, ਸਭ ਨੂੰ ਖ਼ਾਸ ਮਨੋਕਲਪਿਤ ‘ਕੌਮੀ ਮੁੱਖਧਾਰਾ’ ਵਿੱਚ ਸ਼ਾਮਲ ਹੋਣ ਦੀ ਦੁਹਾਈ ਦੇਣ ’ਚ ਜੁਟਿਆ ਹੋਇਆ ਹੈ। ਮਨੋਕਲਪਿਤ ਇਸ ਲਈ ਕਿ ਕਿਉਕਿ ਕਿਸੇ ਨੇ ਵੀ ਸਾਨੂੰ ਅੱਜ ਤੱਕ ਇਹ ਨਹੀਂ ਦੱਸਿਆ ਕਿ ਇਹ ਕੀ ਬਲਾ ਹੈ ਤੇ ਕਿਥੋਂ ਪੈਦਾ ਹੁੰਦੀ ਹੈ। ਇਸ ਦੇ ਨਾਲ ‘ਕੌਮੀ ਅਖੰਡਤਾ’ ਲਈ ਡੂੰਘੀ ਚਿੰਤਾ ਤੇ ਸਰੋਕਾਰ ਦਿਖਾਕੇ, ਨਿੱਤ ਇਸ ਨੂੰ ਪ੍ਰਫੁੱਲਿਤ ਤੇ ਮਜ਼ਬੂਤ ਕਰਨ ਦੀ ਖ਼ੂਬ ਦੁਹਾਈ ਦਿੱਤੀ ਜਾਂਦੀ ਹੈ। ਇਹ ਭੁਲਾ ਦਿੱਤਾ ਜਾਂਦਾ ਹੈ ਕਿ ਅੱਜ ਭਾਰਤ ਦੀ ਸਮਾਜੀ ਜ਼ਿੰਦਗੀ ਹਰ ਪਹਿਲੂ ਨੂੰ ਸਰਮਾਏਦਾਰੀ ਵਿਕਾਸ ਦੇ ਖ਼ਾਸ ਤੌਰ ’ਤੇ ਇਸ ਇਤਿਹਾਸਕ ਤੌਰ ’ਤੇ ਖ਼ਾਸ ਰੂਪ ਦੀਆਂ ਅਲਾਮਤਾਂ ਚਿੰਬੜੀਆਂ ਹੋਈਆਂ ਹਨ। ਸਾਡੇ ਇਖ਼ਲਾਕ, ਸਾਡੇ ਸਭਿਆਚਾਰ, ਹਰ ਚੀਜ਼, ਹਰ ਥਾਂ ਉੱਪਰ ਇਸ ਦੀ ਛਾਪ ਹੈ। ਇਸ ਲਈ ਇਥੇ ਜੇ ਕੋਈ ‘ਮੁੱਖਧਾਰਾ’ ਹੈ, ਉਹ ਭਿ੍ਰਸ਼ਟ, ਫਿਰਕੂ ਤੇ ਅਪਰਾਧੀ ਰੰਗ ’ਚ ਰੰਗੀ, ਇਕ ਜਾਬਰ ਹਮ-ਨਸਲੀ ਰੂਪ ਅਖ਼ਤਿਆਰ ਚੁੱਕੀ ਮੁੱਖਧਾਰਾ ਹੈ। ਜਿਸ ਉੱਪਰ ਭਾਰਤ ਦੇ ਭਿ੍ਰਸ਼ਟ ਅਤੇ ਭਿ੍ਰਸ਼ਟ ਬਣਾ ਰਹੇ, ਇਕ ਤਰ੍ਹਾਂ ਦੇ ਲੁੰਪਨ ਸਰਮਾਏਦਾਰਾ ਵਿਕਾਸ, ਇਕ ਨੀਚ ਧੰਦੇ ਦੀ ਛਾਪ ਹੈ। ਇਥੇ ਅਫ਼ਸੋਸਨਾਕ ਤੱਥ ਇਹ ਨਹੀਂ ਕਿ ਅਸੀਂ ਆਪੋ ਵਿੱਚ ਜੁੜੇ ਹੋਏ ਨਹੀਂ ਹਾਂ ਸਗੋਂ ਇਹ ਹੈ ਕਿ ਅਸੀਂ ਪੂੰਜੀਵਾਦੀ ਢੰਗ ਨਾਲ ਜੁੜੇ ਹੋਏ ਹਾਂ ਜਿਸ ਵਿੱਚ ਆਪਣੇ ਕਾਣੇ ਅਤੇ ਅਸਾਵੇਂ ਵਿਕਾਸ, ਆਪਣੀਆਂ ‘ਦੋ ਕੌਮਾਂ’, ‘ਅੰਦਰੂਨੀ ਬਸਤੀਵਾਦ’ ਅਤੇ ਲੋਕਾਂ ਨੂੰ ਲੁੱਟਣ ਅਤੇ ਦਬਾਉਣ ਦੇ ਹੋਰ ਬਹੁਤ ਸਾਰੇ ਢੰਗਾਂ ਕਰਕੇ ਟੋਟੇ ਟੋਟੇ ਹੋਣ ਦੀਆਂ ਮਜ਼ਬੂਤ ਰੂਚੀਆਂ ਮੌਜੂਦ ਹਨ। ਅੱਜ ਭਾਰਤੀ ਸਮਾਜ ਦੀ ਜਮਾਤ, ਜਾਤ ਜਾਂ ਧਰਮ, ਬੋਲੀ, ਇਲਾਕਾ, ਨਸਲੀ-ਸਭਿਆਚਾਰਕ ਜਾਂ ਕੌਮੀਅਤ ਵਗ਼ੈਰਾ ’ਤੇ ਆਧਾਰਤ ਕੁੱਲ ਪਾਟੋਧਾੜ ਅਤੇ ਪਾਟਕਾਂ ਦੇ ਤਿੱਖੇ ਤੇ ਵਿਸਫੋਟਕ ਸੰਭਾਵਨਾ ਵਾਲੇ ਬਣ ਜਾਣ ਦੀ ਮੂਲ ਵਜ੍ਹਾ ਇਥੇ ਪਈ ਹੈ।

ਇਥੇ ਮੈਂ ਸੁਝਾਅ ਦੇਣਾ ਚਾਹਾਂਗਾ ਕਿ ਰਾਜ ਨੂੰ ਪ੍ਰਮੁੱਖ ਤੌਰ ’ਤੇ ‘ਇਕ ਸੰਦ’ ਜਾਂ ‘ਇਕ ਅੰਗ’ ਵਜੋਂ ਬਿਆਨ ਕਰਨਾ ਕਾਫ਼ੀ ਨਹੀਂ ਹੈ, ਜਿਵੇਂ ਕਮਿਊਨਿਸਟ ਖੱਬੀ ਧਿਰ ਰਵਾਇਤੀ ਤੌਰ ’ਤੇ ਕਰਦੀ ਆ ਰਹੀ ਹੈ -ਇਸ ਨਾਲ ਆਧੁਨਿਕ ਰਾਜ ਦਾ ਵੱਧ ਤੋਂ ਵੱਧ ਇਕੋ ਹੀ ਪਹਿਲੂ ਸਮਝ ਆਉਦਾ ਹੈ, ਹਾਲਾਂਕਿ ਇਹ ਅਹਿਮ ਪਹਿਲੂ ਹੈ। ਇਕ ਪਾਸੇ ਸਾਨੂੰ ਜਮਾਤੀ ਗ਼ਲਬੇ ਦੇ ਪ੍ਰਤੱਖ ਤੌਰ ’ਤੇ ਬਹੁਪਰਤੀ ਸੁਭਾਅ ਨੂੰ ਸਮਝਣ ਦੀ ਲੋੜ ਹੈ, ਜਿਥੇ ਅਸੀਂ ਦੇਖਦੇ ਹਾਂ ਕਿ ਤਕਰੀਬਨ ਹਮੇਸ਼ਾਂ ਹੀ, ਹਿਤਾਂ ਦੇ ਸੱਚੇ, ਇੱਥੋਂ ਤੱਕ ਗ਼ੈਰ-ਦੁਸ਼ਮਣਾਨਾ ਟਕਰਾਅ ਵਾਲੀਆਂ ਹਾਕਮ ਜਮਾਤਾਂ ਦਾ ਗੱਠਜੋੜ ਜਾਂ ਬਹੁ-ਪਾਰਟੀ ਸਾਂਝ ਬਣੀ ਰਹਿੰਦੀ ਹੈ ਅਤੇ ਦੂਜੇ ਪਾਸੇ, ਆਧੁਨਿਕ ਰਾਜ ਦੇ ਪਦਾਰਥਕ ਤੇ ਵਿਚਾਰਧਾਰਕ ਢਾਂਚੇ ਹਨ ਜੋ ਬਹੁਤ ਜ਼ਿਆਦਾ ਤੇ ਵਿਆਪਕ ਤੌਰ ’ਤੇ ਵੰਨ-ਸੁਵੰਨੇ ਹਨ ਅਤੇ ਹਰ ਪਾਸੇ ਖੜ੍ਹਵੇਂ ਤੇ ਲੇਟਵੇਂ ਰੁੱਖ ਬਿਖਰੇ ਹੋਏ ਹਨ। ਇਤਫ਼ਾਕ ਨਾਲ ਜੋ ਖ਼ੁਦ ਰਾਜ ਨੂੰ ਹੀ ‘ਜਮਾਤੀ ਘੋਲ’ ਦਾ ਸੰਭਵ ਅਖਾੜਾ ਬਣਾ ਦਿੰਦੇ ਹਨ। ਬਹੁਤ ਹੀ ਅੰਸ਼ਕ ਹੋਣ ਕਰਕੇ ‘ਸੰਦ’ ਜਾਂ ‘ਅੰਗ’ ਦੇ ਅਲੰਕਾਰ ਅਸਲੋਂ ਹੀ ਗੁੰਮਰਾਹਕੁਨ ਹੋ ਸਕਦੇ ਹਨ।

ਨਿਸਚੇ ਹੀ ਖ਼ਤਰਨਾਕ ਥਿੜਕਣਾਂ ਜਾਂ ਉਲੰਘਨਾਵਾਂ ਦੇ ਬਾਵਜੂਦ, ਸਾਡੇ ਇਥੇ ਹੁਣ ਤੱਕ ਜਮਹੂਰੀਅਤ ਅਤੇ ਜਮਹੂਰੀ ਸਿਆਸਤ ਰਹੀ ਹੈ। ਭਾਰਤ ਵਿੱਚ ਜਮਹੂਰੀਅਤ ਦੀਆਂ ਕੋਈ ਵੀ ਸੀਮਤਾਈਆਂ ਹੋਣ ਅਤੇ ਇਹ ਕਿੰਨੀ ਵੀ ਕਮਜ਼ੋਰ ਤੇ ਨਿਤਾਣੀ ਕਿਉ ਨਾ ਹੋਵੇ, ਇਹ ਭਾਰਤੀ ਲੋਕਾਂ ਦੀ ਲਹੂ-ਵੀਟਵੀਂ ਪ੍ਰਾਪਤੀ ਹੈ ਅਤੇ ਉਨ੍ਹਾਂ ਨੂੰ ਸੱਚਮੁੱਚ ਹਾਕਮ ਜਮਾਤਾਂ ਨਾਲੋਂ ਇਸ ਦੀ ਵਧੇਰੇ ਲੋੜ ਹੈ। ਯਕੀਨਨ ਹੀ ਇਸਨੇ ਭਾਰਤੀ ਆਰਥਕਤਾ ਆਪਾਸ਼ਾਹ ਰਾਜਸੀ ਤਰਕ ਨੂੰ ਕੁੱਝ ਹੱਦ ਤੱਕ ਠੱਲ ਪਾਉਣ ਦੀ ਭੂਮਿਕਾ ਨਿਭਾਈ ਹੈ ਅਤੇ ਇਸ ਨਾਲ ਆਮ ਭਾਰਤੀ ਲੋਕਾਂ ਨੂੰ ਫ਼ਾਇਦੇ ਹੋਏ ਹਨ, ਚਾਹੇ ਇਹ ਕਿੰਨੇ ਵੀ ਨਿਗੂਣੇ ਕਿਉ ਨਾ ਹੋਣ। ਯਕੀਨਨ ਹੀ ਇਨ੍ਹਾਂ ਦੀ ਰਾਖੀ ਕਰਨ, ਇਨ੍ਹਾਂ ਦੀ ਸੰਭਾਲ ਕਰਨ ਅਤੇ ਇਨ੍ਹਾਂ ਦਾ ਵਿਸਤਾਰ ਕਰਨ ਲਈ ਸੰਘਰਸ਼ ਕਰਨ ਦੀ ਲੋੜ ਹੈ। ਪ੍ਰਤੱਖ ਤੌਰ ’ਤੇ ਜਮਹੂਰੀਅਤ ਦਾ ਅਰਥ ਭਾਰਤੀ ਲੋਕਾਂ ਲਈ ਅਸਰਦਾਰ ਰਾਜਸੀ ਸੱਤਾ ਨਹੀਂ ਹੈ। ਜਮਹੂਰੀਅਤ ਦੇ ਬਾਵਜੂਦ, ਸੱਤਾ ਦੀ ‘ਹਕੀਕਤ’ ਨਾ ਸਿਰਫ਼ ਭਾਰਤ ਵਿੱਚ ਸਗੋਂ ਹੋਰ ਥਾਈਂ ਵੀ ਹਾਕਮ ਜਮਾਤਾਂ ਦੇ ਹੱਕ ’ਚ ਰਹੀ ਹੈ। ਜਮਹੂਰੀਅਤ ਦਾ ਅਰਥ ਲੋਕਾਂ ਅਤੇ ਸਿਆਸੀ ਸੱਤਾ ਦਰਮਿਆਨ ਵਿਸ਼ਾਲ ਖਾਈ ਬਣਕੇ ਰਹਿ ਜਾਣਾ, ਸਮਕਾਲੀ ਸਰਮਾਏਦਾਰਾ ਜਮਹੂਰੀ ਪ੍ਰਬੰਧਾਂ ’ਚ ਨਾ ਸਿਰਫ਼ ਸਰਵਵਿਆਪਕ ਤੌਰ ’ਤੇ ਪ੍ਰਵਾਨਤ ਹੈ, ਦਰਅਸਲ ਬੁਰਜ਼ੂਆ ਸਮਾਜ ਸ਼ਾਸਤਰ ’ਚ ਇਸਦੀ ਹਮਾਇਤ ਕੀਤੀ ਜਾਂਦੀ ਹੈ ਅਤੇ ‘ਜਮਹੂਰੀਅਤ’ ਵਜੋਂ ਇਸਦੀਆਂ ਸਿਫ਼ਤਾਂ ਦੇ ਪੁਲ ਵੀ ਬੰਨ੍ਹੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਜਮਹੂਰੀਅਤ ਦੇ ਮਾਮਲੇ ਵਿੱਚ ਜਿੱਥੇ ਲੋਕ ਅਸਫ਼ਲ ਰਹੇ ਹਨ, ਹਰ ਥਾਂ ਹਾਕਮ ਉੱਘੜਵੇਂ ਤੌਰ ’ਤੇ ਸਫ਼ਲ ਰਹੇ ਹਨ।

ਉਹ ਜਮਹੂਰੀਅਤ ਨੂੰ ‘ਆਪਣੇ ਹਿਤਾਂ ਨੂੰ ਅੱਗੇ ਵਧਾਉਣ ਲਈ’ ਇਸਤੇਮਾਲ ਕਰਨ ’ਚ ਸਫ਼ਲ ਰਹੇ ਹਨ। ਬਹੁਤ ਸੰਖੇਪ ’ਚ ਕਹਿਣਾ ਹੋਵੇ, ਇਹ ਇਸ ਕਰਕੇ ਵਾਪਰਿਆ ਹੈ ਕਿ ਜਮਹੂਰੀਅਤ ਹਾਕਮ ਜਮਾਤਾਂ ਲਈ ਖ਼ਾਸ ਕਰਕੇ ਦੋ ਤਰੀਕਿਆਂ ਨਾਲ ਫ਼ਾਇਦੇਮੰਦ ਹੈ: ਇਹ ਉਨ੍ਹਾਂ ਦੇ ਜਮਾਤੀ ਗਲਬੇ ਨੂੰ ਬੇਜੋੜ ਰੂਪ ’ਚ ਜਾਇਜ਼ ਠਹਿਰਾਉਦਿਆਂ ਸਮਾਜ ਵਿੱਚ ਉਨ੍ਹਾਂ ਦੀ ਧੌਂਸ ਨੂੰ ਯਕੀਨੀ ਬਣਾਉਣ ’ਚ ਸਹਾਇਤਾ ਕਰਦੀ ਹੈ, ਕਿਉਕਿ ਹੁਣ ਉਹ ਲੋਕਾਂ ਦੀ ਸਹਿਮਤੀ ਲੈਕੇ ਉਨ੍ਹਾਂ ਨੂੰ ਲੁੱਟਦੇ ਅਤੇ ਉਨ੍ਹਾਂ ਉੱਪਰ ਰਾਜ ਕਰਦੇ ਹਨ; ਦੂਜਾ ਇਹ ਹਾਕਮ ਜਮਾਤਾਂ ਦੇ ਹਿਤਾਂ ਦੇ ਅਟੱਲ ਅੰਦਰੂਨੀ ਟਕਰਾਅ ਨੂੰ ਸਪੱਸ਼ਟਤਾ ਨਾਲ ਰੱਖਣ ਅਤੇ ਹੱਲ ਕਰਨ ਲਈ ਉਨ੍ਹਾਂ ਨੂੰ ਇਕ ਐਸਾ ਸੰਦ ਮੁਹੱਈਆ ਕਰਦੀ ਹੈ ਜੋ ਵਿਅਕਤੀਗਤ ਅਤੇ ਆਪਹੁਦਰਾ ਨਹੀਂ ਹੁੰਦਾ, ਹਾਲਾਂਕਿ ਸਮੁੱਚੇ ਤੌਰ ’ਤੇ ਜਮਹੂਰੀ ਰਾਜ ਇਨ੍ਹਾਂ ਹੀ ਹਿਤਾਂ ਨੂੰ ਅੱਗੇ ਵਧਾਉਂਦਾ ਹੈ।

ਭਾਰਤ ਦੀ ‘ਕੌਮੀ ਆਰਥਕਤਾ’ ਵਿਸਫੋਟਕ ਸੰਭਾਵਨਾ ਵਾਲੇ ਬੇਸ਼ੁਮਾਰ ਮੁੱਦੇ ਪੈਦਾ ਕਰ ਰਹੀ ਹੈ, ਪਿਛਲੇ ਸਾਲਾਂ ਤੋਂ ਹਾਕਮ ਜਮਾਤਾਂ ਵੱਲੋਂ ਅਪਣਾਈ ਸਿਆਸਤ ਇਨ੍ਹਾਂ ਮੁੱਦਿਆਂ ਨੂੰ ਲਗਾਤਾਰ ਮਸਲੇ, ਮਸਲਿਆਂ ਨੂੰ ਲੋਕਾਂ ਲਈ ਜਖ਼ਮ ਅਤੇ ਜਖ਼ਮਾਂ ਨੂੰ ਤ੍ਰਾਸਦੀਆਂ ਬਣਾਈ ਜਾ ਰਹੀ ਹੈ। ਸਾਡੇ ਮੁਲਕ ਵਿੱਚ ਇਕ ਆਜ਼ਾਦ ਖੱਬੀ ਸਿਆਸਤ ਦੀ ਅਣਹੋਂਦ ਦਾ ਭਾਵ ਹੈ ਕਿ ਸਮਾਜ ਅੰਦਰ ਸੜਾਂਦ ਮਾਰ ਰਿਹਾ ਆਰਥਕ, ਸਮਾਜੀ ਤੇ ਇਖ਼ਲਾਕੀ ਸੰਕਟ ਜਿਸਨੇ ਸਾਰੇ ਅੰਦਰੂਨੀ ਟਕਰਾਵਾਂ ਅਤੇ ਵਿਰੋਧਤਾਈਆਂ ਨੂੰ ਤੇਜ਼ ਕਰ ਦਿੱਤਾ ਹੈ। ਇਹ ਸੰਕਟ ਅਜਿਹੇ ਸਿਆਸੀ ਪ੍ਰਬੰਧ ਨਾਲ ਜੁੜਕੇ ਆਇਆ ਹੈ ਜੋ ਭਾਵੇਂ ਕਦੇ ਕਿੰਨੇ ਚੰਗੇ ਢੰਗ ਨਾਲ ਕੰਮ ਕਰਦਾ ਰਿਹਾ ਹੋਵੇ, ਸਿਰ ਤੋਂ ਪੈਰਾਂ ਤੱਕ ਮਾਫ਼ੀਆ ਵਾਂਗ ਨਿੱਘਰਿਆ ਇਹ ਪ੍ਰਬੰਧ ਸਮੱਸਿਆਵਾਂ ਹੀ ਖੜੀਆਂ ਕਰ ਸਕਦਾ ਹੈ ਪਰ ਕੋਈ ਪ੍ਰਭਾਵਸ਼ਾਲੀ ਹੱਲ ਨਹੀਂ ਤਲਾਸ਼ ਸਕਦਾ। ਇਸ ਦੀ ਵੋਟ ਸਿਆਸਤ ਦੀ ਭਰਮਾਊ ਚਾਲ ਦੀਆਂ ਉਸਾਰੂ ਸੰਭਾਵਨਾਵਾਂ ਤਕਰੀਬਨ ਖ਼ਤਮ ਹੋ ਚੁੱਕੀਆਂ ਹਨ, ਇਸ ਨੇ ਸਿਰਫ਼ ਪ੍ਰਬੰਧ ਦੀ ਸਿਆਸੀ ਖੜੋਤ ’ਤੇ ਪਰਦਾ ਪਾਇਆ ਹੋਇਆ ਹੈ ਜੋ ਸਾਡੇ ਸਮਾਜ ਨੂੰ ਹੋਰ ਵੀ ਖੜੋਤ ਵਿੱਚ ਸੁੱਟ ਰਹੀ ਹੈ। ਭਾਰਤ ਦੀ ਸਮਾਜੀ ਹਕੀਕਤ ਨੂੰ ਇਸ ਦੇ ‘ਸਾਲਮ ਵਿਆਪਕ ਅੰਤਰ-ਸਬੰਧਾਂ’ ’ਚ ਵੇਖਣ, ਇਸ ਦੇ ਮੁੱਦਿਆਂ, ਅਮਲਾਂ ਤੇ ਮਸਲਿਆਂ ਨੂੰ ‘ਆਰਥਕ ਆਧਾਰ’ ਨਾਲ ਅਤੇ ਇਕ ਦੂਜੇ ਨਾਲ ਅਤੇ ‘ਸਮੁੱਚੇ’ ਨਾਲ ਜੋੜਕੇ ਦੇਖਣ, ‘ਹਿੱਸਿਆਂ ਦੀ ਢਾਂਚਾਗਤ ਆਪਸੀ ਨਿਰਭਰਤਾ’ ਭਾਵ ਭਾਰਤੀ ਸਮਾਜ ਨਾਲ ਇਨ੍ਹਾਂ ਦੇ ਹਕੀਕੀ ਰਿਸ਼ਤਿਆਂ ਦੀ ਪਛਾਣ ਕਰਨ ’ਚ ਅਸਫ਼ਲਤਾ ਪ੍ਰਤੱਖ ਹੈ। ਇਸੇ ਕਾਰਨ ਖੱਬੀ ਧਿਰ ਆਪਣੀ ਇਕ ਆਜ਼ਾਦ, ਬਦਲਵੀਂ ਸਿਆਸਤ ਵਿਕਸਤ ਕਰਨ ’ਚ ਅਸਫ਼ਲ ਰਹੀ ਹੈ। ਕਮਿਊਨਿਸਟ ਖੱਬੀ ਧਿਰ ਨੂੰ ਇਕ ਇਨਕਲਾਬੀ ਲਹਿਰ ਵਜੋਂ ਆਪਣੀ ਲਾਜ਼ਮੀ ਖ਼ਾਸੀਅਤ ਮੁੜ ਹਾਸਲ ਕਰਨ ਲਈ ਆਪਣੇ ਸਿੱਧੜ, ਗ਼ੈਰ-ਇਤਿਹਾਸਕ ਕੌਮਵਾਦ ਅਤੇ ਅਧਿਆਤਮਵਾਦੀ ਸੋਚਣ ਢੰਗ ਤੋਂ ਕਿਨਾਰਾ ਕਰਨਾ ਪਵੇਗਾ ਅਤੇ ਮਾਰਕਸਵਾਦ ਵੱਲ ਮੁੜਨਾ ਪਵੇਗਾ। ਇਸ ਮੁਲਕ ਵਿੱਚ ਸਮਾਜਵਾਦ, ਜਾਂ ਹੋਰ ਵੀ ਸਹੀ ਕਹਿਣਾ ਹੋਵੇ ਸਮਾਜਵਾਦ ਵੱਲ ਤਬਦੀਲੀ ਵਿਚੋਂ ਲੰਘ ਰਹੇ ਸਮਾਜ ਸੰਘਰਸ਼ ਦਾ ਖੇਤਰ ਹਾਲੇ ਵੀ ਬਹੁਤ ਵਸੀਹ ਹੈ। ਸਾਡੇ ਲੋਕਾਂ ਦੇ ਲੰਮੇ ਸਮੇਂ ਤੋਂ ਵਾਂਝੇ ਪਰ ਹੁਣ ਜਾਗਰੂਕ ਹੋ ਰਹੇ ਵਾਂਝੇ ਹਿੱਸਿਆਂ - ਨਿੱਕੀਆਂ ਕੌਮੀਅਤਾਂ, ਦਲਿਤਾਂ, ਔਰਤਾਂ, ਧਾਰਮਿਕ ਤੇ ਨਸਲੀ-ਸਭਿਆਚਾਰਕ ਘੱਟਗਿਣਤੀਆਂ ਆਦਿ ਸਮੇਤ ‘ਨਵੀਆਂ ਸਮਾਜੀ ਲਹਿਰਾਂ’ ਜੋ ਆਪਣੇ ਖ਼ੁਦ ਦੇ ਅਨੁਭਵ ’ਚੋਂ ਜਮਾਤ ਆਧਾਰਤ ਲੋਕ ਸਿਆਸਤ ਤਹਿਤ ਆਪਣੇ ਸੰਘਰਸ਼ਾਂ ਨੂੰ ਤਰਾਸ਼ਣ ਦੀ ਲੋੜ ਪਛਾਣਨ ਲੱਗ ਜਾਣਗੀਆਂ। ਇਥੇ ਵੱਧ ਹਾਂ ਪੱਖੀ ਅਤੇ ਉਮੀਦ ਦਾ ਰਾਹ ਤੱਕ ਰਹੇ ਮਜ਼ਦੂਰਾਂ ਅਤੇ ਕਿਸਾਨਾਂ, ਨੌਜਵਾਨੀ ਅਤੇ ਬੁੱਧੀਜੀਵੀਆਂ ਦੇ ਖਾੜਕੂ ਹਿੱਸੇ ਹਨ। ਕਮਿਊਨਿਸਟ ਖੱਬੀ ਧਿਰ ਨੂੰ ਲੋੜ ਹੈ ਆਪਣੇ ਯੁੱਧਨੀਤਕ ਨਿਸ਼ਾਨੇ ਬਾਰੇ ਮੁੜ ਸਪੱਸ਼ਟਤਾ ਹਾਸਲ ਕਰਨ ਦੀ, ਆਪਣਾ ਲੋਕ ਸਿਆਸਤ ਦਾ ਬਦਲਵਾਂ ਧਰਾਤਲ ਵਿਕਸਤ ਕਰਨ ਦੀ ਅਤੇ ਇੰਞ ਆਮ ਭਾਰਤੀ ਲੋਕਾਂ ਦੇ ਹਿਤਾਂ ਲਈ ਸੰਘਰਸ਼ ਕਰਨ ਵਾਲੀ ਇਨਕਲਾਬੀ ਲਹਿਰ ਵਾਲੀ ਇਖ਼ਲਾਕੀ ਬੁਲੰਦੀ ਮੁੜ ਹਾਸਲ ਕਰਨ ਦੀ। ਇਹ ਕਾਰਜ ਮੁਸ਼ਕਲ ਜ਼ਰੂਰ ਹੈ ਪਰ ਅਸੰਭਵ ਨਹੀਂ। ਇਹ ਹਾਲਤ ਦਾ ਅਤੇ ਨਾਲ ਗ਼ਦਰੀਆਂ ਦੀ ਉਸ ਸੂਰਬੀਰ ਇਨਕਲਾਬੀ ਰਵਾਇਤ ਦਾ ਤਕਾਜ਼ਾ ਵੀ ਹੈ ਜਿਨ੍ਹਾਂ ਦੇ ਵਾਰਸ ਹੋਣ ਦਾ ਕਮਿਊਨਿਸਟ ਖੱਬੀ ਧਿਰ ਦਾਅਵਾ ਕਰਦੀ ਹੈ ਅਤੇ ਜਿਸ ਦੇ ਲਾਇਕ ਬਣਨ ਦੀ ਅੱਜ ਲੋੜ ਹੈ।

ਅੱਜ ਸਾਡੇ ਲੋਕਾਂ ਨੂੰ ਬੇਹੱਦ ਖ਼ਤਰਨਾਕ ਸੰਭਾਵਨਾਵਾਂ ਵਾਲੀ ਬੇਮਿਸਾਲ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਘੋਲਾਂ ਦੀ ਅਗਵਾਈ ਕਰਨਾ ਚਾਹੁੰਦੇ ਕਮਿਊਨਿਸਟਾਂ ਸਾਹਮਣੇ ਮੌਜੂਦਾ ਰਾਹ ਅਸਲ ਵਿੱਚ ਅਣਗਾਹਿਆ ਖੇਤਰ ਹੈ, ਕਿਸੇ ਵੀ ਹਾਲਤ ’ਚ ਕੋਈ ਸੁਖਾਲਾ ਹੱਲ ਜਾਂ ਘੜੇ-ਘੜਾਏ ਜਵਾਬ ਮੌਜੂਦ ਨਹੀਂ ਹਨ। ਪਰ ਲੰਮੇ ਸਮੇਂ ਪਿੱਛੋਂ, ਹਾਲਾਤ ਨੇ ਮਾਰਕਸਵਾਦ ਦੇ ਬਿਹਤਰ ਇਨਕਲਾਬੀ ਅਭਿਆਸ ਲਈ, ਇਨਕਲਾਬੀ ਮਾਰਕਸਵਾਦ ਦੀ ਅਨੁਸਾਰ ਬਹਾਦਰ ਤੇ ਸਵੈ-ਵਿਸ਼ਵਾਸੀ, ਸੱਚੀਓਂ ਜੁਗਤੀ ਤੇ ਗ਼ੈਰ-ਸੰਕੀਰਣ ਖੱਬੀ ਸਿਆਸਤ ਦੇ ਹਿਤ ’ਚ ਇਨ੍ਹਾਂ ਦੀ ਬੰਦ-ਖ਼ਲਾਸੀ ਵੀ ਕਰ ਦਿੱਤੀ ਹੈ। ਇਸ ਦਾ ਬਦਲ ਹੈ ਇਨਕਲਾਬੀ ਲਹਿਰ ਵਜੋਂ ਆਪਣੀ ਆਪਣੀ ਪਛਾਣ ਦਾ ਖੱਪਾ ਪੂਰਨਾ। ਇਨ੍ਹਾਂ ਨੂੰ ਇਹ ਮੌਕਾ ਲਾਜ਼ਮੀ ਸਾਂਭਣਾ ਚਾਹੀਦਾ ਹੈ। ਉਨ੍ਹਾਂ ਸਿਰ ਇਨਕਲਾਬੀ ਵਿਰਾਸਤ, ਜਾਂਬਾਜ਼ ਗ਼ਦਰੀਆਂ ਸਮੇਤ ਆਪਣੀ ਲਹਿਰ ਦੇ ਸ਼ਹੀਦਾਂ ਦੀ ਯਾਦ ਦਾ ਇਹੀ ਕਰਜ਼ ਹੈ।

Comments

OnvJC

Medicines information leaflet. What side effects? <a href="https://prednisone4u.top">can i get prednisone pills</a> in USA. All what you want to know about pills. Read information here. <a href=http://www.puna.kr/nmprogram/board/default.asp?mod=o&pc=cumboard&se=176&ct=&st=&op=&key=&word=&idx=176&page=8>Everything trends of medication.</a> <a href=https://contentfuel.co/pitch-letter-examples/#comment-667>Some information about medicine.</a> <a href=https://bibo-log.blog.ss-blog.jp/2013-05-16-4?comment_success=2021-01-10T08:20:20&time=1610234420>Actual trends of medicament.</a> 1d5cdbd

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ