Wed, 04 December 2024
Your Visitor Number :-   7275454
SuhisaverSuhisaver Suhisaver

ਵੱਧਦਾ ਅੱਤਵਾਦ ਦੁਨੀਆਂ ਲਈ ਵੱਡਾ ਖ਼ਤਰਾ -ਗੁਰਤੇਜ ਸਿੰਘ

Posted on:- 21-09-2016

suhisaver

ਅੱਤਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ ਟੈਰਿਜਮੇ ਤੋਂ ਬਣਿਆ ਹੈ, 1793-94 ‘ਚ ਫਰੈਂਚ ਸਰਕਾਰ ਨੇ ਅੱਤਵਾਦੀ ਲਫਜ਼ ਵਰਤਣਾ ਸ਼ੁਰੂ ਕੀਤਾ ਸੀ, ਜਿਸਦਾ ਭਾਵ ਸੀ ਬੇਦੋਸ਼ਿਆਂ ਦਾ ਖੂਨ ਕਰਨ ਵਾਲਾ। ਇਸ ਤੋਂ ਬਾਅਦ ਸੰਸਾਰ ਵਿੱਚ ਇਹ ਅਲਫਾਜ਼ ਸ਼ੁਰੂ ਹੋ ਗਿਆ ਅਤੇ ਦਿਨੋ ਦਿਨ ਅੱਤਵਾਦੀ ਘਟਨਾਵਾਂ ਵਿੱਚ ਬੇਤਹਾਸ਼ਾ ਵਾਧਾ ਹੋਣ ਲੱਗਿਆ।ਸੰਸਾਰੀਕਰਣ ਦੀ ਦੌੜ ਅਤੇ ਵਿਕਸਿਤ ਦੇਸ਼ਾਂ ਨੇ ਪੂਰੇ ਸੰਸਾਰ ‘ਤੇ ਆਪਣੀ ਚੌਧਰ ਰੂਪੀ ਲੱਤ ਰੱਖਣ ਲਈ ਕੁਝ ਗਰੀਬ ਮੁਲਕਾਂ ‘ਚ ਇਸ ਅਜਗਰ ਨੂੰ ਪਾਲਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ।ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੇ ਇਸਨੂੰ ਆਪਣੇ ‘ਤੇ ਵਿਕਸਿਤ ਦੇਸ਼ਾਂ ਦਾ ਰਹਿਮੋ ਕਰਮ ਸਮਝਿਆ ਤੇ ਚੰਦ ਸਿਕਿਆਂ ਦੇ ਲਾਲਚ ਅਤੇ ਕੁਰਸੀ ਖਾਤਿਰ ਉੱਥੋਂ ਦੇ ਕੁਝ ਲੋਕਾਂ ਨੇ ਆਪਣਾ ਈਮਾਨ ਗਹਿਣੇ ਰੱਖਿਆ।

ਸਮੇਂ ਦੇ ਗੇੜ ਨੇ ਉਨ੍ਹਾਂ ਨੂੰ ਵੀ ਉਸ ਥਾਂ ‘ਤੇ ਲਿਆ ਖੜਾ ਕੀਤਾ, ਜਿੱਥੇ ਉਹ ਪੂਰੀ ਦੁਨੀਆਂ ਨੂੰ ਰੱਖ ਕੇ ਬਾਦਸ਼ਾਹਤ ਦੇ ਰੰਗੀਨ ਖੁਆਬ ਦੇਖਦੇ ਸਨ।ਵਿਕਸਿਤ ਦੇਸ਼ਾਂ ਦੀ ਇਸ ਗਹਿਰੀ ਚਾਲ ਦਾ ਸ਼ਿਕਾਰ ਸਾਰਾ ਸੰਸਾਰ ਹੈ ਅਤੇ ਉਨ੍ਹਾਂ ਵੱਲੋਂ ਬੀਜੇ ਕੰਡੇ ਚੁਗਣ ਲਈ ਮਜਬੂਰ ਹੈ।ਬਾਰੂਦ ਦੇ ਢੇਰ ‘ਤੇ ਬੈਠੀ ਦੁਨੀਆਂ ਵੱਲ ਅੱਤਵਾਦ ਰੂਪੀ ਅਜਗਰ ਅੱਗ ਦੇ ਫੁੰਕਾਰੇ ਮਾਰ ਰਿਹਾ ਹੈ।ਹਰ ਦਿਨ ਕਿਤੋਂ ਨਾ ਕਿਤੋਂ ਇਸ ਅਜਗਰ ਦੁਆਰਾ ਮਨੁੱਖਤਾ ਨੂੰ ਨਿਗਲਣ ਦੀਆਂ ਖਬਰਾਂ ਨਸ਼ਰ ਹੁੰਦੀਆਂ ਹਨ।

18 ਸਤੰਬਰ ਨੂੰ ਜੰਮੂ ਦੇ ਉੜੀ ਵਿੱਚ ਅੱਤਵਾਦੀਆਂ ਦੁਆਰਾ ਫੌਜ ਦੇ ਕੈਂਪ ‘ਤੇ ਆਤਮਘਾਤੀ ਹਮਲਾ ਕੀਤਾ ਗਿਆ ਜਿਸ ‘ਚ ਫੌਜ ਦੇ 17 ਜਵਾਨ ਸ਼ਹੀਦ ਹੋ ਗਏ ਸਨ।ਇਹ ਹਮਲਾ ਪਹਿਲਾ ਨਹੀਂ ਹੈ ਤੇ ਸ਼ਾਇਦ ਆਖਰੀ ਵੀ ਨਹੀਂ ਹੈ।ਇਸ ਹਮਲੇ ਦਾ ਸਬੰਧ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਨਾਲ ਹੈ ਤੇ ਅੱਵਾਦੀਆਂ ਕੋਲੋਂ ਪਾਕਿਸਤਾਨ ‘ਚ ਬਣੇ ਹਥਿਆਰਾਂ ਦੀ ਬਰਾਮਦਗੀ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਅੱਤਵਾਦ ਅਤੇ ਇਸਦੇ ਸਰਗਨਾ ਪਾਕਿਸਤਾਨੀ ਜ਼ਮੀਨ ‘ਤੇ ਰਹਿ ਕੇ ਅਜਿਹੀ ਘਿਨੌਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।ਲੰਘੀ 8 ਜੁਲਾਈ ਨੂੰ ਇੱਕ ਅੱਤਵਾਦੀ ਬੁਰਾਨੀ ਫੌਜ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ ਉਸਦੀ ਮੌਤ ਨੇ ਘਾਟੀ ‘ਚ ਹਿੰਸਾ ਉਪਜਾਇਆ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਘਾਟੀ ਦੇ ਅਣਗਿਣਤ ਨੌਜਵਾਨਾਂ ਨੂੰ ਅੱਤਵਾਦੀ ਸੰਗਠਨ ਭਾਰਤ ‘ਚ ਦਹਿਸ਼ਤ ਫੈਲਾਉਣ ਲਈ ਉਕਸਾ ਰਹੇ ਹਨ।ਹਾਜ਼ਾਰਾਂ ਨੌਜਵਾਨ ਇਨ੍ਹਾਂ ਦਹਿਸਤਗਰਦੀ ਗੁੱਟਾਂ ‘ਚ ਸ਼ਾਮਿਲ ਹੋ ਰਹੇ ਹਨ ਜੋ ਆਉਣ ਵਾਲੇ ਸਮੇ ‘ਚ ਦੇਸ਼ ਅੰਦਰ ਕੋਹਰਾਮ ਮਚਾਉਣ ਲਈ ਤਿਆਰ ਹੋ ਰਹੇ ਹਨ।ਅਜਿਹੀਆਂ ਘਟਨਾਵਾਂ ਸਿਰਫ ਭਾਰਤ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆਂ ‘ਚ ਹੋ ਰਹੀਆਂ ਹਨ ਤੇ ਖੁਦ ਪਾਕਿਸਤਾਨ ਵੀ ਇਸ ਤੋਂ ਨਹੀਂ ਬਚ ਸਕਿਆ।

ਵੀਹ ਜਨਵਰੀ 2016 ਨੂੰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਬਾਚਾ ਖਾਨ ਯੂਨੀਵਰਸਿਟੀ ‘ਤੇ ਚਾਰ ਅੱਤਵਾਦੀਆਂ ਦੁਆਰਾ ਆਤਮਘਾਤੀ ਹਮਲਾ ਕੀਤਾ ਗਿਆ ਸੀ।ਇਸ ਵਿੱਚ ਬੇਦੋਸ਼ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸਦੇ ਚੱਲਦੇ 18 ਵਿਦਿਆਰਥੀਆਂ,ਇੱਕ ਪ੍ਰਫੈਸਰ ਅਤੇ ਇੱਕ ਹੋਰ ਸਖਸ਼ ਦੀ ਮੌਤ ਹੋ ਗਈ ਸੀ।ਤਿੰਨ ਦਰਜਨ ਵਿਦਿਆਰਥੀ ਜਖਮੀ ਹੋ ਗਏ ਸਨ।ਇਸ ਤੋਂ ਪਹਿਲਾਂ 16 ਦਸੰਬਰ 2014 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਦੇ ਆਰਮੀ ਸਕੂਲ ‘ਤੇ ਭਿਆਨਕ ਹਮਲਾ ਹੋਇਆ ਸੀ ਜਿਸਦੇ ਫਲਸਰੂਪ 134 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਬੱਚੇ ਤੇ ਸਕੂਲ ਦੇ ਕਰਮਚਾਰੀ ਜ਼ਖਮੀ ਹੋ ਗਏ ਸਨ।ਇਨ੍ਹਾਂ ਦੋਨਾਂ ਘਟਨਾਵਾਂ ਦੀ ਜਿੰਮੇਵਾਰੀ ਤਹਿਰੀਕੇ ਤਾਲਿਬਾਨ ਗੁੱਟ ਨੇ ਲਈ ਸੀ।ਉਸ ਵਕਤ ਇਸ ਘਿਨੌਣੀ ਹਰਕਤ ਦਾ ਆਲਮੀ ਪੱਧਰ ‘ਤੇ ਬਹੁਤ ਵਿਰੋਧ ਹੋਇਆ ਸੀ।ਅਗਰ ਸਮਾ ਰਹਿੰਦੇ ਠੋਸ ਕਾਰਵਾਈ ਕੀਤੀ ਜਾਦੀ ਤਾਂ ਸ਼ਾਇਦ ਕਿੰਨੀਆਂ ਦਹਿਸ਼ਤੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਕਾਰਵਾਈ ਕਰਨ ਲਈ ਦ੍ਰਿੜ ਇੱਛਾ ਸ਼ਕਤੀ ਦੀ ਜਰੂਰਤ ਹੁੰਦੀ ਹੈ ਜੋ ਪਾਕਿਸਤਾਨੀ ਸਰਕਾਰ ਅਤੇ ਫੌਜ ਕੋਲ ਨਹੀਂ ਹੈ।ਫੌਜ ਦੇ ਕਈ ਅਧਿਕਾਰੀ ਇਨ੍ਹਾਂ ਗੁੱਟਾਂ ਨਾਲ ਡੂੰਘੀ ਹਮਦਰਦੀ ਰੱਖਦੇ ਹਨ।ਪਾਕਿਸਤਾਨ ਦੀ ਸਰਜ਼ਮੀਨ ਅੱਤਵਾਦੀਆਂ ਦੀ ਪਨਾਹਗਾਹ ਹੈ ਜਿੱਥੇ ਖਤਰਨਾਕ ਅੱਤਵਾਦੀਆਂ ਗੁੱਟਾਂ ਦੇ ਆਕਾ ਬੇਖੌਫ ਘੁੰਮਦੇ ਹਨ।ਜਿਨ੍ਹਾਂ ਦੀ ਸਰਪ੍ਰਸਤੀ ਪਾਕਿਸਤਾਨੀ ਸਰਕਾਰ ਤੇ ਫੌਜ ਕਰ ਰਹੀ ਹੈ ਉਹੀ ਅੱਤਵਾਦੀ ਸੰਗਠਨ ਉਸ ਦੇਸ਼ ਦੀ ਜ਼ਮੀਨ ਨੂੰ ਵੀ ਨਹੀਂ ਬਖਸ਼ਦੇ, ਜਿਸਨੇ ਇਹ ਸਾਬਿਤ ਕਰ ਦਿੱਤਾ ਕਿ ਅੱਤਵਾਦ ਦਾ ਕੋਈ ਧਰਮ, ਦੇਸ਼, ਜਾਤ ਨਹੀਂ ਹੁੰਦੀ।

ਭਾਰਤ ਦੁਨੀਆਂ ਦਾ ਛੇਵਾਂ ਅੱਤਵਾਦ ਨਾਲ ਬੁਰੀ ਤਰ੍ਹਾਂ ਪੀੜਿਤ ਦੇਸ਼ ਹੈ।ਸੰਸਾਰ ਦੇ 43 ਸਰਗਰਮ ਅੱਤਵਾਦੀ ਸੰਗਠਨਾਂ ‘ਚੋਂ ਜ਼ਿਆਦਾਤਰ ਭਾਰਤ ਵਿੱਚ ਵੀ ਸਰਗਰਮ ਹਨ ਜੋ ਦੇਸ਼ ਅੰਦਰ ਦਹਿਸ਼ਤੀ ਹਮਲੇ ਕਰਦੇ ਹਨ।ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਭਾਰਤ ਵਿੱਚ ਗੜਬੜੀ ਫੈਲਾਉਣ ਦੀ ਤਾਕ ਵਿੱਚ ਰਹਿੰਦੀ ਹੈ।ਨੌਜਵਾਨਾਂ ਨੂੰ ਧਰਮ ਦੇ ਨਾਮ ‘ਤੇ ਭਰਮਾ ਕੇ ਇਸ ਦਰਿੰਦਾ ਮੁਹਿੰਮ ‘ਚ ਸ਼ਾਮਿਲ ਕਰ ਲਿਆ ਜਾਂਦਾ ਹੈ।ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿੱਚ ਸ਼ਰੇਆਮ ਅੱਤਵਾਦੀ ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੋਂ ਉਹ ਭਾਰਤ ‘ਚ ਘੁਸਪੈਠ ਕਰਕੇ ਆਪਣੇ ਗੰਦੇ ਇਰਾਦਿਆਂ ਨੂੰ ਅੰਜਾਮ ਦਿੰਦੇ ਹਨ।ਪੰਜਾਬ ਦੀ ਸਰਹੱਦ ਰਾਹੀ ਅੱਤਵਾਦੀ ਘੁਸਪੈਠ ਅਤੇ ਨਸ਼ਿਆਂ ਦੀ ਸਮੱਗਲਿੰਗ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੀਆਂ ਹਨ।ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ‘ਤੇ ਹਮਲੇ ਸਮੇ ਅੱਤਵਾਦੀ ਇਸੇ ਰਸਤੇ ਹੀ ਪਹੁੰਚੇ ਸਨ ਤੇ ਤਬਾਹੀ ਮਚਾਈ।ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਫੀਆ ਤੰਤਰ ਦੀ ਸੂਚਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ ਸੀ।ਵੱਡੀ ਗੱਲ ਸੁਰੱਖਿਆ ਅਧਿਕਾਰੀਆਂ ‘ਚ ਕੌਮੀ ਚਰਿੱਤਰ ਦੀ ਘਾਟ ਜਿਸਨੇ ਉਨ੍ਹਾਂ ਨੂੰ ਆਪਣਾ ਜ਼ਮੀਰ ਦੁਸ਼ਮਣ ਨੂੰ ਵੇਚਣ ਲਈ ਮਜਬੂਰ ਕੀਤਾ।

ਦੇਸ਼ ਦੀ ਸੰਸਦ ਅਤੇ ਤਾਜ ਹੋਟਲ ਹਮਲੇ ਸਮੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲੀ ਸੀ।ਮੁਲਕ ‘ਚ ਫੈਲੇ ਭ੍ਰਿਸ਼ਟਾਚਾਰ ਦਾ ਕਰੂਪ ਚਿਹਰਾ ਉਸ ਸਮੇ ਜੱਗ ਜ਼ਾਹਿਰ ਹੋ ਗਿਆ ਸੀ ਕਿਉਂਕਿ ਘਟੀਆ ਗੁਣਵੱਤਾ ਵਾਲੇ ਸਾਜੋ ਸਮਾਨ ਕਾਰਨ ਦੇਸ ਦੇ ਜਾਂਬਾਜ਼ ਅਫਸਰ ਸ਼ਹੀਦ ਹੋ ਗਏ ਸਨ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ।ਦੇਸ਼ ਦੇ ਪੰਜਾਬ ਸੂਬੇ ਨੇ ਵੀ ਦੋ ਦਹਾਕਿਆਂ ਤੱਕ ਅੱਤਵਾਦ ਦਾ ਸੰਤਾਪ ਹੰਢਾਇਆ ਹੈ।ਇਸ ਕਾਲੇ ਸਮੇ ਦੌਰਾਨ ਲੋਕਾਂ ਨੂੰ ਦੋਹਰੀ ਮਾਰ ਪਈ ਅੱਤਵਾਦੀਆਂ ਅਤੇ ਪੁਲਿਸ ਤੋਂ।ਅੱਤਵਾਦੀਆਂ ਦੇ ਨਾਂਅ ‘ਤੇ ਪੁਲਿਸ ਨੇ ਨਿਰਦੋਸ਼ਾਂ ਦਾ ਬਹੁਤ ਖੂਨ ਵਹਾਇਆ।ਦੋ ਦਹਾਕਿਆਂ ਦੌਰਾਨ ਢਾਈ ਲੱਖ ਲੋਕ ਸਿੱਧੇ ਅਸਿੱਧੇ ਤੌਰ ‘ਤੇ ਅੱਤਵਾਦ ਨਾਲ ਪ੍ਰਭਾਵਿਤ ਹੋਏ।ਇੱਕ ਰਿਪੋਰਟ ਅਨੁਸਾਰ ਦੇਸ਼ ਅੰਦਰ 800 ਥਾਵਾਂ ਤੋਂ ਅੱਤਵਾਦੀ ਗਤੀਵਿਧੀਆਂ ਚੱਲ ਰਹੀਆਂ ਹਨ ਤੇ ਦੇਸ਼ ਦੇ 608 ਜ਼ਿਲ੍ਹੇ ਅੱਤਵਾਦ, ਨਕਸਲਵਾਦ ਤੋਂ ਬੁਰੀ ਤਰ੍ਹਾਂ ਪੀੜਿਤ ਹਨ।

ਦੁਨੀਆਂ ਦੀ ਨੰਬਰ ਇੱਕ ਮਹਾਂਸ਼ਕਤੀ ਵਜੋਂ ਜਾਣੇ ਜਾਦੇ ਅਮਰੀਕਾ ਜੋ ਕਿ ਪਾਕਿਸਤਾਨ ਦਾ ਬਹੁਤ ਵੱਡਾ ਹਿਤੈਸ਼ੀ ਹੈ ਜਿਸਦੀ ਸਰਪ੍ਰਸਤੀ ਹੇਠ ਅੱਤਵਾਦ ਉੱਥੇ ਵਧਿਆ ਫੁੱਲਿਆ ਹੈ।ਹੌਲੀ ਹੌਲੀ ਅੱਤਵਾਦ ਨੇ ਉਨ੍ਹਾਂ ਖਿਲਾਫ ਹੀ ਝੰਡਾ ਬੁਲੰਦ ਕਰ ਦਿੱਤਾ ਜਿਸਦਾ ਖਾਮਿਆਜਾ 11 ਸਤੰਬਰ 2001 ਵਿੱਚ ਹਜਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਕੇ ਭੁਗਤਿਆ ਸੀ।ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਾਪਿਤ ਵਰਲਡ ਟਰੇਡ ਸੈਂਟਰ ‘ਤੇ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ।ਅੱਤਵਾਦੀਆਂ ਨੇ ਬੜੇ ਅਜੀਬ ਤਰੀਕੇ ਨਾਲ ਉੱਥੋਂ ਦੇ ਹੀ ਜਹਾਜ ਵਰਤ ਕੇ ਵਰਲਡ ਟਰੇਡ ਸੈਂਟਰ ਦੀ ਇਮਾਰਤ ਅਜਿਹੇ ਕਿ ਪਲਾਂ ‘ਚ ਸਭ ਕੁਝ ਖਾਕ ਹੋ ਗਿਆ।ਸ਼ਾਇਦ ਅਮਰੀਕਾ ਨੂੰ ਉਸ ਦਿਨ ਅਹਿਸਾਸ ਤਾਂ ਜ਼ਰੂਰ ਹੋਇਆ ਹੋਵੇਗਾ ਕਿ ਦੂਜਿਆਂ ਲਈ ਪੁੱਟਿਆ ਟੋਆ ਕਿਸ ਤਰ੍ਹਾਂ ਆਪਣੇ ਲਈ ਖੂਹ ਹੋ ਨਿੱਬੜਦਾ ਹੈ।ਨਿਰਦੋਸ਼ ਲੋਕਾਂ ਦੀ ਮੌਤ ਦੇ ਨਾਲ ਉੱਥੇ ਵਸਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅੱਤਵਾਦੀ ਸਮਝ ਕੇ ਲੋਕਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ।ਨਸਲੀ ਹਮਲਿਆਂ ਨੇ ਅੱਜ ਵੀ ਇਨ੍ਹਾਂ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।

ਗਲੋਬਲ ਅੱਤਵਾਦ ਇਨਡੈਕਸ ਅਨੁਸਾਰ ਵਿਸ਼ਵ ਵਿਆਪੀ ਤੌਰ ‘ਤੇ ਅੱਤਵਾਦ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 61 ਫੀਸਦੀ ਵਾਧਾ ਹੋਇਆ ਹੈ।ਇਰਾਕ,ਅਫਗਾਨਿਸਤਾਨ,ਪਾਕਿਸਤਾਨ,ਨਾਈਜੀਰੀਆ ਤੇ ਸੀਰੀਆ ਵਿੱਚ ਸੰਨ 2013 ‘ਚ 80 ਫੀਸਦੀ ਮੌਤਾਂ ਦਾ ਕਾਰਨ ਅੱਤਵਾਦ ਹੈ।ਸੰਨ 2000-14 ਤੱਕ ਵਿਸ਼ਵ ਅੰਦਰ 48000 ਅੱਤਵਾਦੀ ਘਟਨਾਵਾਂ ਹੋਈਆਂ ਜਿਨ੍ਹਾਂ ‘ਚ ਇੱਕ ਲੱਖ ਸੱਤ ਹਜ਼ਾਰ ਲੋਕ ਮਾਰੇ ਗਏ।ਇਕੱਲੇ ਸੰਨ 2013 ਵਿੱਚ ਸੰਸਾਰ ਅੰਦਰ ਦਸ ਹਜਾਰ ਅੱਤਵਾਦੀ ਘਟਨਾਵਾਂ ਹੋਈਆਂ ਜਿਸ ਵਿੱਚ ਅਠਾਰਾਂ ਹਜਾਰ ਲੋਕਾਂ ਦੀ ਮੌਤ ਹੋਈ।ਇਨ੍ਹਾਂ ਘਟਨਾਵਾਂ ‘ਚੋਂ 60 ਫੀਸਦੀ ਭਾਵ ਛੇ ਹਜਾਰ ਘਟਨਾਵਾਂ ਇਰਾਕ ,ਅਫਗਾਨਿਸਤਾਨ, ਪਾਕਿਸਤਾਨ, ਸੀਰੀਆ ਅਤੇ ਨਾਈਜੀਰੀਆ ‘ਚ ਹੋਈਆਂ।ਇਨ੍ਹਾਂ ਪੰਜ ਪ੍ਰਭਾਵਿਤ ਦੇਸ਼ਾਂ ਵਿੱਚ ਪਿਛਲੇ 14 ਸਾਲਾਂ ਦੌਰਾਨ ਅੱਤਵਾਦੀ ਹਮਲਿਆਂ ‘ਚ 180 ਫੀਸਦੀ ਵਾਧਾ ਹੋਇਆ ਹੈ।

ਸੱਚਮੁੱਚ ਅੱਤਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ।ਸੰਸਾਰ ਅੰਦਰ ਧਾਰਮਿਕ,ਰਾਜਨੀਤਕ ਅਤੇ ਦੇਸ਼ਵਾਦ ਆਦਿ ਰੂਪ ਵਿੱਚ ਅੱਤਵਾਦ ਦਿਨੋ ਦਿਨ ਪੈਰ ਪਸਾਰ ਰਿਹਾ ਹੈ।ਸੋਸ਼ਲ ਮੀਡੀਆ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਿੱਥੇ ਲੋਕਾਂ ਨੂੰ ਧਾਰਮਿਕ ਜਾਂ ਹੋਰ ਤਰੀਕੇ ਨਾਲ ਭਾਵਨਾਵਾਂ ਭੜਕਾ ਕੇ ਵਰਗਲਾ ਲਿਆ ਜਾਂਦਾ ਹੈ,ਤੇ ਲੋਕ ਅੱਤਵਾਦ ਦੇ ਰਾਹੇ ਪੈ ਜਾਂਦੇ ਹਨ।ਇਸਲਾਮਿਕ ਸਟੇਟਸ ਅੱਤਵਾਦੀ ਸੰਗਠਨ ਵਿੱਚ ਪੜੇ ਲਿਖੇ ਨੌਜਵਾਨ ਸੋਸ਼ਲ ਸਾਈਟਸ ਦੇ ਜ਼ਰੀਏ ਲਗਾਤਾਰ ਸ਼ਾਮਿਲ ਹੋ ਰਹੇ ਹਨ ਅਤੇ ਇਸਲਾਮਿਕ ਸਟੇਟਸ ਮੁਖੀ ਬਗਦਾਦੀ ਨੇ ਔਰਤਾਂ ਅਤੇ ਬੱਚਿਆ ਦੀ ਖਾਸ ਫੌਜ ਤਿਆਰ ਕੀਤੀ ਹੈ।ਇਸ ਕਰਕੇ ਇਨ੍ਹਾਂ ਸੋਸ਼ਲ ਸਾਈਟਸ ‘ਤੇ ਨਜ਼ਰਸਾਨੀ ਜ਼ਰੂਰੀ ਹੈ।ਸੁਰੱਖਿਆ ਨਾਲ ਜੁੜੇ ਲੋਕ ਵੀ ਇਨ੍ਹਾਂ ਦੇ ਰਾਹੀ ਹੀ ਗੁੰਮਰਾਹ ਹੁੰਦੇ ਹਨ।ਬੇਰੁਜ਼ਗਾਰੀ, ਗਰੀਬੀ ਅਤੇ ਰਾਤੋ ਰਾਤ ਅਮੀਰ ਹੋਣ ਦੀ ਹੋੜ ਨੇ ਲੋਕਾਂ ਨੂੰ ਇਸ ਪਾਸੇ ਰੁਖ ਕਰਨ ਲਈ ਮਜਬੂਰ ਕੀਤਾ ਹੈ।ਸੌੜੇ ਸਿਆਸੀ ਹਿਤਾਂ ਦੀ ਪੂਰਤੀ ਅਤੇ ਚੌਧਰ ਕਾਇਮ ਕਰਨ ਲਈ ਵੀ ਅੱਤਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ।ਸੁਰੱਖਿਆ ਏਜੰਸੀਆਂ ਦੇ ਨਾਲ ਲੋਕਾਂ ‘ਚ ਵੀ ਕੌਮੀ ਚਰਿੱਤਰ ਨਿਰਮਾਣ ਦੀ ਬਹੁਤ ਲੋੜ ਹੈ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ