Thu, 12 September 2024
Your Visitor Number :-   7220784
SuhisaverSuhisaver Suhisaver

ਬੁਲਟ ਟਰੇਨ ਦਾ ਸੁਪਨਾ ਤੇ ਭਾਰਤੀ ਰੇਲਵੇ ਦੀ ਦੁਰਦਸ਼ਾ - ਨਿਰਮਲ ਰਾਣੀ

Posted on:- 17-07-2014

ਐਨਡੀਏ ਨੇ ਪਹਿਲਾ ਰੇਲ ਬਜਟ ਸੰਸਦ ਵਿਚ ਪੇਸ਼ ਕਰ ਦਿੱਤਾ ਹੈ। ਹਰੇਕ ਸਰਕਾਰ ਦੁਆਰਾ ਪੇਸ਼ ਕੀਤੇ ਗਏ ਰੇਟ ਬਜਟ ਦੀ ਤਰ੍ਹਾਂ ਇਸ ਬਜਟ ਵਿਚ ਵੀ ਕਈ ਨਵੀਆਂ ਰੇਲ ਗੱਡੀਆਂ ਚਲਾਏ ਜਾਣ ਦਾ ਪ੍ਰਸਤਾਵ ਹੈ। 2014-15 ਦੇ ਦੌਰਾਨ 5 ਨਵੀਆਂ ਪ੍ਰੀਮੀਅਮ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਅਤੇ ਛੇ ਏਸੀ ਐਕਸਪ੍ਰੈਸ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੌਰਾਨ 27 ਹੋਰ ਐਕਸਪ੍ਰੈਸ ਰੇਲ ਗੱਡੀਅ ਅਤੇ 8 ਯਾਤਰੀ ਰੇਲ ਗੱਡੀਆਂ ਸਟੇਸ਼ਨ ਬਣਾਏ ਜਾਣ ਦੀ ਯੋਜਨਾ ਹੈ।

ਚਾਲੂ ਯੋਜਨਾਵਾਂ ਦੇ ਲਈ ਸਰਕਾਰ ਨੂੰ ਪੰਜ ਲੱਖ ਕਰੋੜ ਰੁਪਏ ਦੀ ਲੋੜ ਪਵੇਗੀ। ਰੇਲ ਮੰਤਰੀ ਸਦਾ ਨੰਦ ਗੌੜਾ ਦੁਆਰਾ ਪੇਸ਼ ਕੀਤੇ ਗਏ ਇਸ ਬਜਟ ਦੀ ਇਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਸੰਸਦ ਵਿਚ ਰੇਲ ਬਜਟ ਪੇਸ਼ ਕੀਤੇ ਜਾਣ ਦੌਰਾਨ ਸਨਸੈਕਸ ਵਿਚ 518 ਅੰਕਾਂ ਦੀ ਭਾਰੀ ਗਿਰਾਵਟ ਹੋਈ ਅਤੇ ਇਸ ਗਿਰਾਵਟ ਦੇ ਨਾਲ ਸਨਸੈਕਸ 25582 ਦੇ ਪੱਧਰ ’ਤੇ ਬੰਦ ਹੋਇਆ। ਪਿਛਲੇ ਦਸ ਮਹੀਨਿਆਂ ਵਿਚ ਇਕ ਦਿਨ ਵਿਚ ਹੋਈ ਇਹ ਸਾਰਿਆਂ ਤੋਂ ਵੱਡੀ ਗਿਰਾਵਟ ਸੀ। ਇਸ ਤਰ੍ਹਾਂ ਰੇਲ ਬਜਟ ਪੇਸ਼ ਕਰਨ ਦੇ ਦਿਨ 8 ਜੁਲਾਈ ਨੂੰ ਹੀ ਨਿਫਟੀ ਵਿਚ 2.11 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ 164 ਅੰਕਾਂ ਦੀ ਗਿਰਾਵਟ ਤੋਂ ਬਾਅਦ 7623 ਦੇ ਪੱਧਰ ’ਤੇ ਬੰਦ ਹੋਇਆ। ਰੇਲ ਬਜਟ ਵਿਚ ਪ੍ਰਸਤਾਵਿਤ ਖਰਚ ਵਿਚ ਹੋਏ ਮਾਮੂਲੀ ਵਾਧੇ ਕਾਰਨ ਰੇਲਵੇ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ।

ਆਪਣੇ ਭਾਸ਼ਣ ਦੇ ਦੌਰਾਨ ਰੇਲ ਮੰਤਰੀ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਇਸ ਵਾਰ ਰੇਲ ਕਿਰਾਇਆ ਤੇ ਮਾਲ ਭਾੜੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਹੈਰਾਨੀ ਦੀ ਗੱਲ ਪਿਛਲੇ ਜੂਨ ਮਹੀਨੇ ਰੇਲ ਕਿਰਾਏ ਤੇ ਮਾਲ ਭਾੜੇ ਵਿਚ ਪੰਦਰਾਂ ਫੀਸਦੀ ਤੋਂ ਜ਼ਿਆਦਾ ਵਾਧਾ ਕੀਤਾ ਗਿਆ। ਠੀਕ ਉਸੇ ਤਰ੍ਹਾਂ ਜਿਵੇਂ ਕਿ ਦੇਸ਼ ਦੀ ਜਨਤਾ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਨਰੇਂਦਰ ਮੋਦੀ ਦੀ ਸੁਪਨਾ ਦੇਸ਼ ਵਿਚ ਬੁਲਟ ਟਰੇਨ ਚਲਾਉਣ ਦਾ ਹੈ। ਜਦ ਕਿ ਅਸਲ ਵਿਚ ਤੇਜ਼ ਰਫ਼ਤਾਰ ਵਾਲੀਆਂ ਰੇਲ ਗੱਡੀਆਂ ਲਿਆਉਣ ਦੀ ਯੋਜਨਾ ਲਗਭਗ ਇਕ ਦਹਾਕੇ ਪਹਿਲਾਂ ਯੂਪੀਏ ਸਰਕਾਰ ਦੇ ਸ਼ਾਸਨ ਕਾਲ ਵਿਚ ਸ਼ੁਰੂ ਹੋ ਚੁੱਕੀ ਹੈ। ਇਸ ਯੋਜਨਾ ਦੀ ਚਰਚਾ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਦੁਆਰਾ ਛੇੜੀ ਗਈ ਸੀ। ਪਰ ਜਨਤਾ ਨੂੰ ਮੀਡੀਆ ਰਾਹੀਂ ਗੁਮਰਾਹ ਕੀਤਾ ਜਾ ਰਿਹਾ ਹੈ। ਜਦ ਕਿ ਨਰੇਂਦਰ ਮੋਦੀ ਦੀ ਕਥਿਤ ਵਿਕਾਸ ਗਾਥਾ ਦੀ ਇਕ ਕੌੜੀ ਸੱਚਾਈ ਇਹ ਹੈ ਕਿ ਸੰਨ 2004 ਵਿਚ ਉਨ੍ਹਾਂ ਨੇ ਆਪਣੇ ਰਾਜ ਗੁਜਰਾਤ ਵਿਚ ਅਹਿਮਦਾਬਾਦ ’ਚ ਮੈਟਰੋ ਟਰੇਨ ਚਲਾਏ ਜਾਣ ਦਾ ਸੁਪਨਾ ਗੁਜਰਾਤ ਵਾਸੀਆਂ ਨੂੰ ਦਿਖਾਇਆ ਸੀ। ਪਰ ਦਸ ਸਾਲ ਬੀਤ ਜਾਣ ਦੇ ਬਾਵਜੂਦ ਇਸ ਯੋਜਨਾ ’ਤੇ ਕੋਈ ਕੰਮ ਨਹੀਂ ਹੁੰਦਾ ਦਿਖਾਈ ਦੇ ਰਿਹਾ।

ਰੇਲ ਮੰਤਰੀ ਗੌੜਾ ਦੁਆਰਾ ਪੇਸ਼ ਕੀਤੇ ਗਏ ਰੇਲ ਬਜਟ ਵਿਚ ਦੇਸ਼ ’ਚ ਨੌਂ ਮੁੱਖ ਰੂਟਾਂ ’ਤੇ 160 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਬੁਲਟ ਟਰੇਨ ਚਲਾਏ ਜਾਣ ਦੇ ਐਲਾਨ ਤੋਂ ਬਾਅਦ ਸੱਤਾਧਾਰੀ ਪੱਖ ਤੇ ਲੋਕਾਂ ਨੇ ਸੰਸਦ ਵਿਚ ਮੇਜ ਥਪਥਪਾ ਕੇ ਜ਼ੋਰਦਾਰ ਸਵਾਗਤ ਕੀਤਾ। ਰੇਲ ਬਜਟ ਆਉਣ ਦੇ ਇਕ ਹਫ਼ਤਾ ਪਹਿਲਾਂ ਹੀ ਮੀਡੀਆ ਦੁਆਰਾ ਬੜੇ ਜ਼ੋਰ-ਸ਼ੋਰ ਨਾਲ ਇਹ ਖ਼ਬਰ ਪ੍ਰਚਾਰਿਤ ਕੀਤੀ ਗਈ ਕਿ ਦੇਸ਼ ਵਿਚ ਸੈਮੀਬੁਲਟ ਟਰੇਨ ਦਾ ਟਰਾਇਲ ਦਿੱਲੀ-ਆਗਰਾ ਰੂਟ ਦੇ ਵਿਚਕਾਰ ਕੀਤਾ ਗਿਆ। ਇਹ ਖ਼ਬਰ ਰੇਲ ਮੰਤਰਾਲੇ ਦੇ ਯਤਨਾਂ ਨਾਲ ਜਨਤਾ ਦਾ ਧਿਆਨ ਖਿੱਚਣ ਅਤੇ ਲੋਕ ਲੁਭਾਊ ਵਿਕਾਸ ਗਾਥਾ ਨੂੰ ਪ੍ਰਚਾਰ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਬੁਲਟ ਟਰੇਨ ਦੇ ਨਾਂ ’ਤੇ ਜਿਸ ਰੇਲ ਗੱਡੀ ਨੂੰ ਸਿਰਫ਼ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਮ ਟਰੈਕ ’ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਨਾ ਤਾਂ ਉਸ ਵਿਚ ਬੁਲਟ ਟਰੇਨ ਦੇ ਲਈ ਵਰਤੋਂ ਵਿਚ ਲਿਆਂਦਾ ਜਾਣ ਵਾਲਾ ਇੰਜਣ ਸੀ, ਨਾ ਹੀ ਡੱਬੇ ਤੇ ਨਾ ਹੀ ਨਿਰਧਾਰਤ ਰੇਲਵੇ ਟਰੈਕ। ਸਗੋਂ ਇੰਜਣ ਸਮੇਤ ਇਸ ਕਥਿਤ ਬੁਲਟ ਟਰੇਨ ਦਾ ਟਰੈਕ ਪੁਰਾਣਾ ਸੀ, ਜੋ ਦੇਸ਼ ਵਿਚ ਵੱਖ-ਵੱਖ ਮਾਰਗਾਂ ’ਤੇ ਚੱਲਣ ਵਾਲੀ ਸ਼ਤਾਬਦੀ ਅਤੇ ਸਵਰਨ ਸ਼ਤਾਬਦੀ ਰੇਲ ਗੱਡੀਆਂ ’ਚ ਵਰਤਿਆ ਜਾ ਰਿਹਾ ਹੈ। ਸਭ ਤੋਂ ਤੇਜ਼ ਐਕਸਪ੍ਰੈਸ ਰੇਲ ਗੱਡੀਆਂ ’ਚ ਭੁਪਾਲ ਸ਼ਤਾਬਦੀ ਐਕਸਪ੍ਰੈਸ ਹੈ, ਜਿਸ ਦੀ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਹੈ। ਹੁਣ ਜ਼ਰਾ ਸੋਚੋ ਕਿ ਦਸ ਕਿਲੋਮੀਟਰ ਪ੍ਰਤੀ ਘੰਟਾ ਸਪੀਡ ਵਧਾਉਣ ਨਾਲ ਉਹੀ ਇੰਜਣ ਤੇ ਰੈਕ ਨੂੰ ਉਸੇ ਟਰੈਕ ’ਤੇ ਭਜਾਉਣ ਦੀ ਪ੍ਰਕਿਰਿਆ ਨੂੰ ਆਖਰ ਸੈਮੀ ਬੁਲਟ ਟਰੇਨ ਦੇ ਟਰਾਇਲ ਦਾ ਨਾਂ ਕਿਵੇਂ ਦਿੱਤਾ ਜਾ ਸਕਦਾ ਹੈ। ਚੀਨ ਵਿਚ ਸ਼ੰਘਾਈ, ਬੀਜਿੰਗ, ਗਮਾਗਜੂ-ਸ਼ੇਨਜੇਨ ਵਰਗੇ ਮੁੱਖ ਮਹਾਂਨਗਰਾਂ ਵਿਚ ਬੁਲਟ ਟਰੇਨ ਚਲਾਈ ਜਾ ਰਹੀ ਹੈ, ਜਿਨ੍ਹਾਂ ਦੀ ਔਸਤ ਸਪੀਡ 200 ਕਿਲੋਮੀਟਰ ਤੋਂ ਲੈ ਕੇ 360 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਹੈ। ਮੈਗਲੇਵ ਟਰੇਨ 431 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸ਼ੰਘਾਈ ਵਿਚ ਚਲਾਈ ਜਾ ਰਹੀ ਹੈ। ਬੁਲਟ ਟਰੇਨ ਦਾ ਅਲੱਗ ਰੇਲ ਟਰੈਕ ਹੈ ਅਤੇ ਇੰਜਣ ਡੱਬੇ ਵੀ ਵੱਖਰੀ ਤਕਨੀਕ ਬਣਾਏ ਜਾਂਦੇ ਹਨ। ਸਟੇਸ਼ਨ ਤੋਂ ਲੈ ਕੇ ਪੂਰੇ ਰੇਲ ਰੂਟ ਤੱਕ ਕੋਈ ਵੀ ਆਦਮੀ ਜਾਂ ਜਾਨਵਰ ਟਰੈਕ ’ਤੇ ਅਤੇ ਸਟੇਸ਼ਨ ਤੱਕ ਪ੍ਰਵੇਸ਼ ਨਹੀਂ ਕਰ ਸਕਦਾ। ਕੇਵਲ ਨਿਰਧਾਰਤ ਟਰੇਨ ਦਾ ਹੀ ਅਧਿਕਾਰਤ ਯਾਤਰੀ ਟਰੇਨ ਦੇ ਨਿਸ਼ਚਿਤ ਸਮੇਂ ’ਤੇ ਨਿਰਧਾਰਤ ਪਲੇਟ ਫਾਰਮ ’ਤੇ ਪ੍ਰਵੇਸ਼ ਕਰ ਸਕਦਾ ਹੈ।

ਸਾਡੇ ਦੇਸ਼ ਦੇ ਜ਼ਿਆਦਾਤਰ ਰੇਲਵੇ ਸਟੇਸ਼ਨ ਸਾਧੂ, ਸ਼ਰਾਬੀ ਤੇ ਪਾਖੰਡੀ ਬਾਬਿਆਂ ਦੀ ਪਕੜ ਵਿਚ ਹਨ। ਰੇਲ ਕਰਮਚਾਰੀ ਤੇ ਰੇਲ ਸੁਰੱਖਿਆ ਕਰਮੀ ਅਤੇ ਚੋਰ-ਲੁਟੇਰੇ ਮਿਲ ਕੇ ਰੇਲਵੇ ਦੀ ਸੰਪਤੀ ਦੀ ਚੋਰੀ ਕਰ ਰਹੇ ਹਨ। ਅਹਿਮਦਾਬਾਦ ਸਮੇਤ ਦੇਸ਼ ਦੇ ਜ਼ਿਆਦਾਤਰ ਸਟੇਸ਼ਨ ਅਜਿਹੇ ਹਨ, ਜਿੱਥੇ ਨੱਕ ਬੰਦ ਕਰਕੇ ਖੜ੍ਹੇ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਰੇਲਵੇ ਕੈਟਰਿੰਗ ਅਤੇ ਪੈਂਟਰੀ ਕਾਰ ਵਿਚ ਮਾੜਾ ਖਾਣਾ ਯਾਤਰੀਆਂ ਨੂੰ ਪਰੋਸਣ ਦਾ ਖੁਲਾਸਾ ਮੀਡੀਆ ਦੁਆਰਾ ਕਈ ਵਾਰ ਕੀਤਾ ਜਾ ਚੁੱਕਿਆ ਹੈ। ਸਿੰਥੈਟਿਕ ਦੁੱਧ ਦੀ ਬਣੀ ਚਾਹ ਰੇਲਵੇ ਯਾਤਰੀ ਪੀਣ ਲਈ ਮਜਬੂਰ ਹਨ। ਚੱਲਦੀ ਟਰੇਨ ਵਿਚ ਅਤੇ ਪਲੇਟਫਾਰਮ ’ਤੇ ਯਾਤਰੀਆਂ ਨੂੰ ਠੱਗੀਆਂ ਦਾ ਸ਼ਿਕਾਰ ਬਣਾਏ ਜਾਣ ਦੀਆਂ ਘਟਨਾਵਾਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨ ਅਤੇ ਰੇਲ ਗੱਡੀਆਂ ਨਾਲ ਜੁੜੀਆਂ ਹਨ। ਰੇਲ ਟਰੈਕ ਨੂੰ ਬਰੂਦ ਨਾਲ ਉਡਾਉਣ, ਰੇਲ ਗੱਡੀਆਂ ਦੇ ਪਟੜੀਆਂ ਤੋਂ ਉਤਰਨ ਵਰਗੀਆਂ ਘਟਨਾਵਾਂ ਤਾਂ ਅਸੀਂ ਆਮ ਸੁਣਦੇ ਹਾਂ। ਕਈ ਸਟੇਸ਼ਨਾਂ ’ਤੇ ਪਾਣੀ ਦੀ ਘਾਟ ਹੈ। ਕਈਆਂ ’ਤੇ ਪਾਖਾਨੇ ਨਹੀਂ ਹਨ। ਅਜਿਹੀਆਂ ਅਣਗਿਣਤ ਸਮੱਸਿਆਵਾਂ ਨਾਲ ਭਾਰਤੀ ਰੇਲ ਯਾਤਰੀ ਜੂਝ ਰਹੇ ਹਨ ਅਤੇ ਕਈ ਥਾਵਾਂ ’ਤੇ ਪਾਣੀ ਹੈ ਤਾਂ ਉਸ ਨੂੰ ਜਾਣਬੁੱਝ ਕੇ ਹੀ ਬੰਦ ਕਰ ਦਿੱਤਾ ਜਾਂਦਾ ਹੈ।

ਉਪਰੋਕਤ ਹਾਲਾਤ ਵਿਚ ਇਹ ਸੋਚਣਾ ਬੇਹੱਦ ਜ਼ਰੂਰੀ ਹੈ ਕਿ ਆਖਿਰ ਦੇਸ਼ ਦੇ ਰੇਲ ਯਾਤਰੀਆਂ ਨੂੰ ਸਭ ਤੋਂ ਪਹਿਲਾਂ ਕਾਹਦੀ ਜ਼ਰੂਰਤ ਹੈ। ਮੌਜੂਦਾ ਰੇਲ ਸਿਸਟਮ, ਰੇਲ ਸੰਚਾਲਣ ਅਤੇ ਰੇਲ ਸੁਰੱਖਿਆ ਨੂੰ ਵਧੀਆ ਬਣਾਉਣਾ ਕਿ ਅਹਿਮਦਾਬਾਦ ਮੈਟਰੋ ਯੋਜਨਾ ਦੀ ਤਰ੍ਹਾਂ ਬੁਲਟ ਟਰੇਨ ਚਲਾਉਣ ਦੇ ਐਲਾਨ ਦੇ ਬਹਾਨੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨਾ। ਸੱਤਾ ਵਿਚ ਆਉਣ ਲਈ ਝੂਠ-ਸੱਚ, ਮੱਕਾਰੀ ਅਤੇ ਸੁਪਨੇ ਦਿਖਾਉਣ ਵਰਗੀਆਂ ਗੱਲਾਂ ਨੇ ਤਾਂ ਨਿਸ਼ਚਿਤ ਰੂਪ ਵਿਚ ਆਪਣਾ ਰੰਗ ਬਾਖੂਬੀ ਦਿਖਾਇਆ। ਪਰ ਇਸ ਰਾਹ ’ਤੇ ਚੱਲਦੇ ਹੋਏ ਸੱਤਾ ’ਤੇ ਸਿੰਘਾਸਣ ’ਤੇ ਬੈਠਣ ਤੋਂ ਬਾਅਦ ਹੁਣ ਵੀ ਸਿਰਫ਼ ਸੁਪਨੇ ਵੇਚਣ ਦਾ ਖੇਲ ਖੇਡਦੇ ਰਹਿਣਾ ਮੁਨਾਸਿਬ ਨਹੀਂ ਹੈ। ਦੇਸ਼ ਦੇ ਮਾਤਰ ਪੰਜ-ਦਸ ਫ਼ੀਸਦ ਉਚ ਸ਼ੇ੍ਰਣੀ ਦੇ ਰੇਲ ਯਾਤਰੀਆਂ ਲਈ ਬੁਲਟ ਟਰੇਨ ਦੇ ਅਸਲ ਤੇ ਨਿਰਧਾਰਤ ਢਾਂਚੇ ’ਤੇ ਖ਼ਰਬਾਂ ਰੁਪਏ ਖ਼ਰਚ ਕਰਕੇ ਬੁਲਟ ਟਰੇਨ ਚਲਾਉਣਾ ਜ਼ਰੂਰੀ ਹੈ ਜਾਂ ਮੌਜੂਦਾ ਭਾਰਤੀ ਰੇਲ ਦੀ ਦੁਰਦਸ਼ਾ ’ਚ ਸੁਧਾਰ ਕਰਨਾ?

ਸੰਪਰਕ: +91 97292 29728

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ