Mon, 09 December 2024
Your Visitor Number :-   7279241
SuhisaverSuhisaver Suhisaver

ਅੱਠ ਮਾਰਚ: ਔਰਤ ਮੁਕਤੀ ਦਾ ਪ੍ਰਤੀਕ -ਅਮਨ ਦਿਓਲ

Posted on:- 08-03-2014

suhisaver

ਅੱਜ ਭਾਰਤ ਵਿੱਚ ਜਿਸ ਰਫ਼ਤਾਰ ਨਾਲ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਸਮੇਂ ਔਰਤ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਔਰਤ ਦਿਵਸ ਦਾ ਆਗ਼ਾਜ਼ ਚਾਹੇ ਯੂਰਪ ਦੀਆਂ ਸੰਘਰਸ਼ਸ਼ੀਲ ਔਰਤਾਂ ਦੇ ਸੰਘਰਸ਼ ਵਿੱਚੋਂ ਹੋਇਆ ਪਰ ਹੌਲੀ-ਹੌਲੀ ਇਹ ਦਿਨ ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਦੀ ਮੁਕਤੀ ਦਾ ਪ੍ਰਤੀਕ ਵਾਲਾ ਦਿਨ ਹੋ ਨਿੱਬੜਿਆ।

ਅੱਠ ਮਾਰਚ 1908 ਨੂੰ ਨਿਊਯਾਰਕ ਵਿੱਚ ‘ਰਟਗਰਸ ਸਕਾਵਾਇਰ` ਵਿੱਚ ਕੱਪੜਾ ਮਿੱਲ ਵਿੱਚ ਔਰਤਾਂ ਨਾਲ ਹੋ ਰਹੇ ਅਣਮਨੁੱਖੀ ਵਰਤਾਓ ਦੇ ਖਿਲਾਫ 15000 ਔਰਤਾਂ ਨੇ ਵਿਸ਼ਾਲ ਰੈਲੀ ਕੱਢੀ ਸੀ ਜਿਸ ਵਿੱਚ ਔਰਤਾਂ ਦੀਆਂ ਦੋ ਮੰਗਾਂ ਨੂੰ ਮੁੱਖ ਰੱਖਿਆ ਗਿਆ ਜਿਸ ਵਿਚ ਪਹਿਲੀ ਮੰਗ 16 ਘੰਟੇ ਦੀ ਥਾਂ 10 ਘੰਟੇ ਕੰਮ ਦਿਹਾੜੀ ਤੇ ਚੰਗੀ ਤਨਖਾਹ ਅਤੇ ਦੂਜੀ ਮੰਗ ਔਰਤਾਂ ਲਈ ਵੋਟ ਦਾ ਅਧਿਕਾਰ ਦੀ ਸੀ। ਇਸੇ ਦਿਨ ਨੂੰ ਯਾਦ ਕਰਦਿਆਂ 1910 ਵਿੱਚ ਡੈਨਮਾਰਕ ਦੇ ਕੋਪਨਹੈਗਨ ਸ਼ਹਿਰ ਵਿੱਚ 17 ਦੇਸ਼ਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ ਅਤੇ ਉਨ੍ਹਾਂ ਨੇ ਕਲਾਰਾ ਜੈਟਕਿਨ ਦੀ ਅਗਵਾਈ ਹੇਠ ਅੱਠ ਮਾਰਚ ਨੂੰ ਅੰਤਰ-ਰਾਸ਼ਟਰੀ ਔਰਤ ਦਿਵਸ ਦੇ ਤੌਰ ਦੇ ਮਨਾਉਣ ਦਾ ਫੈਸਲਾ ਕੀਤਾ ।

ਉਸ ਸਮੇਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਦਾ ਸਿੱਟਾ ਔਰਤਾਂ ਦਾ ਉਪਰੋਕਤ ਵਿਸ਼ਾਲ ਉਭਾਰ ਸੀ। ਇਸ ਸਮੇਂ ਪੂੰਜੀਵਾਦ ਵਿਕਾਸ ਵੱਲ ਵੱਧ ਰਿਹਾ ਸੀ। ਜਿਸ ਕਰਕੇ ਨਵੀਆਂ- ਨਵੀਆਂ ਸਨਅਤਾਂ ਦੇ ਖੁੱਲ੍ਹਣ ਨਾਲ ਵੱਡੇ-ਵੱਡੇ ਸਨਅਤੀ ਘਰਾਣੇ ਸਥਾਪਿਤ ਹੋ ਰਹੇ ਸਨ। ਪੀਟਰਸਬਰਗ ਵਰਗੇ ਸ਼ਹਿਰ ਜੋ ਕਿ ਦੁਨੀਆਂ ਪੱਧਰ ਤੇ ਇਸਪਾਤ ਰਾਜਧਾਨੀ ਵਜੋਂ ਪ੍ਰਚਲਤ ਹੋ ਚੁੱਕੇ ਸਨ। ਇੱਥੇ ਮਜ਼ਦੂਰਾਂ ਨੂੰ 18-18 ਘੰਟਿਆਂ ਤੱਕ ਭਖਦੀਆਂ ਸਾਹਮਣੇ ਕੰਮ ਕਰਨਾ ਪੈਂਦਾ ਸੀ। ਔਰਤਾਂ ਦਾ ਸ਼ੋਸ਼ਣ ਕਿਤੇ ਵੱਧ ਸੀ ਉਨ੍ਹਾਂ ਨੂੰ ਵੱਧ ਘੰਟੇ ਦਿਹਾੜੀ ਅਤੇ ਘੱਟ ਤਨਖਾਹ ਉੱਤੇ ਕੰਮ ਕਰਨਾ ਪੈਂਦਾ ਸੀ। ਲਗਾਤਾਰ ਹੋ ਰਹੀ ਇਸ ਲੁੱਟ ਤੇ ਖਿਲਾਫ ਔਰਤਾਂ ਵੀ ਹੋਰ ਮਜ਼ਦੂਰਾਂ ਨਾਲ ਜਥੇਬੰਦ ਹੋਣੀਆਂ ਸ਼ੁਰੂ ਹੋਈਆਂ ਅਤੇ ਆਪਣੀ ਹਾਲਤ ਨੂੰ ਬਦਲਣ ਵਾਲੇ ਪਾਸੇ ਤੁਰੀਆਂ। ਉਸ ਸਮੇਂ ਤੋਂ ਲੈ ਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਔਰਤਾਂ ਨੇ ਵੱਡੇ-ਵੱਡੇ ਸੰਘਰਸ਼ ਲੜੇ। ਪੂਰੇ ਯੂਰਪ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਖਿਲਾਫ਼ ਮੁਹਿੰਮ ਛੇੜੀ ਅਤੇ 1917 ਵਿੱਚ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ 2 ਮਿਲੀਅਨ ਰੂਸੀ ਸਿਪਾਹੀਆਂ ਦੀ ਮੌਤ ਉਤੇ ਰੂਸੀ ਔਰਤਾਂ ਨੇ ਰੋਟੀ ਅਤੇ ਸ਼ਾਤੀ ਨਾਅਰੇ ਥੱਲੇ ਚਾਰ ਦਿਨਾਂ ਦੀ ਲਗਾਤਾਰ ਹੜਤਾਲ ਕੀਤੀ।

 ਭਾਰਤ ਵਰਗੇ ਮੁਲਕ ਵਿਚ ਔਰਤਾਂ ਖਿਲਾਫ਼ ਹਿੰਸਾ ਦੇ ਖਿਲਾਫ਼ ਬੀਤੇ ਸਾਲ ਬਹੁਤ ਵੱਡਾ ਲੋਕ ਉਭਾਰ ਦੇਖਣ ਨੂੰ ਮਿਲਿਆ। ਇਸ ਲੋਕ ਉਭਾਰ ਵਿਚ ਜਿੱਥੇ ਇਕ ਪਾਸੇ ਔਰਤਾਂ ਦੀ ਸੁੱਰਖਿਆ ਨਾਲ ਸੰਬੰਧਿਤ ਨਾਅਰੇ ਸਨ, ਦੂਜੇ ਪਾਸੇ ਇਸ ਪ੍ਰਬੰਧ ਦੀ ਨਾਕਾਮੀ ਵਿਚੋਂ ‘ਬਸਤੀ ਵਾਦੀ ਪੁਲਿਸ ਪ੍ਰਬੰਧ ਨੂੰ ਭੰਗ ਕਰੋ` ਵਰਗੇ ਨਾਅਰੇ ਵੀ ਇਸ ਲੋਕ ਉਭਾਰ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਹਨਾਂ ਨਾਅਰਿਆਂ ਵਿਚੋਂ ਇਹ ਸਪੱਸ਼ਟ ਹੁੰਦਾ ਹੈ। ਕਿ ਇਸ ਪ੍ਰਬੰਧ ਅੰਦਰ ਔਰਤ ਦੀ ਜ਼ਿੰਦਗੀ ਕੋਈ ਮਨੁੱਖ ਵਾਲੀ ਜ਼ਿੰਦਗੀ ਨਹੀਂ ਹੈ। ਇਸ ਲੋਕ ਉਭਾਰ ਨੇ ਪੂਰੇ ਮੁਲਕ ਦੀਆਂ ਹਰੇਕ ਵਰਗ ਪਰ ਖਾਸ ਕਰਕੇ ਔਰਤਾਂ ਵਿਚ ਖਾਸ ਹਲਚਲ ਦਾ ਕੰਮ ਕੀਤਾ।
   
ਸਮਾਜ ਵਿਚ ਜਿੱਥੇ ਔਰਤਾਂ ਮੁਲਕ ਦੇ ਨਾਗਰਿਕਾਂ ਵਜੋਂ ਸਾਂਝੀਆਂ ਮੁਸ਼ਕਲਾਂ ਦੀਆਂ ਸ਼ਿਕਾਰ ਹਨ ਉਥੇ ਔਰਤਾਂ ਇਕ ਗੁਲਾਮੀ ਅਜਿਹੀ ਵੀ ਭੋਗ ਰਹੀਆਂ ਹਨ ਜੋ ਸਿਰਫ਼ ਉਹਨਾਂ ਦੇ ਔਰਤ ਹੋਣ ਕਰਕੇ ਹੈ। ਸਮੂਹਿਕ ਲਿੰਗਕ ਹਿੰਸਾ, ਘਰੇਲੂ ਹਿੰਸਾ, ਆਦਿ ਔਰਤ ਨਾਲ ਔਰਤ ਹੋਣ ਕਰਕੇ ਹੋਣ ਵਾਲੀ ਹਿੰਸਾ ਹੈ। ਇਸ ਦੀ ਜੜ੍ਹ ਸਾਡੇ ਸਮਾਜ ਦੇ ਆਰਥਿਕ-ਸਮਾਜਿਕ ਅਤੇ ਰਾਜਨੀਤਿਕ ਤਾਣੇ-ਬਾਣੇ ਵਿਚ ਮੌਜੂਦ ਹੈ।
   
ਮੁੱਢਲੇ ਸਾਮਵਾਦ ਵਿਚ ਜਦੋਂ ਮਨੁੱਖ ਕੁਦਰਤ ਤੇ ਨਿਰਭਰ ਸੀ ਔਰਤ ਅਤੇ ਮਰਦ ਵਿਚਕਾਰ ਬਰਾਬਰੀ ਦਾ ਇਨਸਾਨ ਵਾਲਾ ਰਿਸ਼ਤਾ ਸੀ ਪਰ ਸਮਾਂ ਬੀਤਣ ਨਾਲ ਜਦੋਂ ਸਮਾਜ ਵਿਚ ਮਨੁੱਖ ਕੁਦਰਤ ਤੇ ਨਿਰਭਰਤਾ ਘਟਾ ਕੇ ਆਪ ਪੈਦਾ ਕਰਨ ਲੱਗਾ ਤਾਂ ਪੈਦਾਵਾਰ ਵਿਚ ਵਾਧੇ ਹੋਇਆ ਅਤੇ ਵਾਧੂ ਪੈਦਾਵਾਰ ਨੂੰ ਹੜੱਪਣ ਦੇ ਖਿਆਲ ਨੇ ਵੀ ਜਨਮ ਲਿਆ ਇਸ ਨੂੰ ਹੜੱਪਣ ਵਾਸਤੇ ਕਬੀਲਾਈ ਜੰਗਾਂ ਵੀ ਸ਼ੁਰੂ ਹੋਇਆ।
   
ਸਮਾਜ ਦੇ ਅਕਾਰ ਵਿਚ ਵਾਧਾ ਹੋਣ ਕਰਕੇ ਅਤੇ ਪੈਦਾਵਾਰ ਨਾਲ ਜੁੜਨ ਕਰਕੇ ਕੰਮਾਂ ਵਿਚ ਵੀ ਵਾਧਾ ਹੋਇਆ। ਇਸ ਪੜਾਅ ਤੇ ਆ ਕੇ ਕੰਮ ਵੰਡ ਦੀ ਲੋੜ ਨੇ ਜਨਮ ਲਿਆ। ਔਰਤ ਦੇ ਬੱਚੇ ਪੈਦਾ ਕਰਨ ਵਾਲੇ ਰੋਲ ਕਰਕੇ ਘਰੇਲੂ ਕੰਮ ਤੱਕ ਸੀਮਿਤ ਹੋ ਗਈ ਅਤੇ ਮਰਦ ਬਾਹਰਲੇ ਕੰਮਾਂ ਤੇ ਜਾਣ ਲੱਗ ਪਿਆ। ਇਸ ਕੰਮ ਵੰਡ ਨੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਤੱਕ ਮਹਿਦੂਦ ਕਰਕੇ ਉਸਦੀ ਗੁਲਾਮੀ ਦਾ ਮੁੱਢ ਬੰਨਿਆ। ਇਸ ਨਾਲ ਔਰਤ ਪੈਦਾਵਾਰ ਦੀ ਸਰਗਰਮੀ ਨਾਲ ਟੁੱਟ ਕੇ ਬੱਚੇ ਪੈਦਾ ਕਰਨ ਦੀ ਸਰਗਰਮੀ ਤੱਕ ਸੀਮਿਤ ਹੋ ਗਈ। ਪੈਦਾਵਾਰ ਦੀ ਸਰਗਰਮੀ ਵਿਚੋਂ ਬਾਹਰ ਹੋਣ ਕਰਕੇ ਔਰਤ ਦੀ ਪੈਦਾਵਾਰ ਦੇ ਸਾਧਨਾਂ ਤੋਂ ਵੀ ਮਾਲਕੀ ਖਤਮ ਹੋ ਗਈ। ਇਸ ਤਰ੍ਹਾਂ ਔਰਤਾਂ ਦੀ ਆਰਥਿਕ ਅਧੀਨਤਾ ਨੇ ਉਸ ਨੂੰ ਸਮਾਜ ਵਿਚ ਮਰਦ ਦੀ ਅਧੀਨਗੀ ਵਾਲੀ ਸਥਿਤੀ ਵਿਚ ਲੈ ਆਦਾ। ਇਸ ਕਰਕੇ ਔਰਤ ਬਚਪਨ ਤੋਂ ਬੁਢਾਪੇ ਤੱਕ ਮਰਦ ਦੀ ਅਧੀਨਗੀ ਵਾਲੀ ਜ਼ਿੰਦਗੀ ਜਿਊਂਦੀ ਹੈ।
   
ਭਾਰਤ ਵਰਗਾ ਮੁਲਕ ਜਿੱਥੇ ਇਕ ਸਮਾਜ ਤੋਂ ਦੂਜੇ ਸਮਾਜ ਤੱਕ ਦੀ ਤਬਦੀਲੀ ਦਾ ਰੂਪ ਜਮਹੂਰੀ ਨਾਲ ਹਣ ਕਰਕੇ ਇਥੇ ਜਗੀਰੂ ਅਤੇ ਪੂੰਜੀਵਾਦੀ ਪ੍ਰਬੰਧ ਦਾ ਮਿਲਗੋਭਾ ਮੌਜੂਦ ਹੈ। ਭਾਰਤ ਵਿਚ ਜਮਹੂਰੀਅਤ ਦਾ ਕਾਰਟੂਨ ਮੌਜੂਦ ਹੈ ਜਿੱਥੇ ਨਾ ਤਾਂ ਜਗੀਰਦਾਰੀ ਪ੍ਰਬੰਧ ਦਾ ਖਾਤਮਾ ਹੋਇਆ ਅਤੇ ਨਾ ਹੀ ਉਸਤੇ ਬਦਲ ਵਜੋਂ ਪੂੰਜੀਵਾਦ ਪ੍ਰੰਬੰਧ ਸਥਾਪਿਤ ਹੋਇਆ।
   
ਇਸ ਕਰਕੇ ਜਿੰਨਾ ਗੁੰਝਲਦਾਰ ਭਾਰਤ ਦਾ ਆਰਥਿਕ ਪ੍ਰਬੰਧ ਹੈ ਉਸ ਤਰ੍ਹਾਂ ਔਰਤ ਦੀ ਸਥਿਤੀ ਵੀ ਉਸੇ ਤਰ੍ਹਾਂ ਦੀ ਹੀ ਹੈ। ਜੀਨਸ ਪਾ ਕੇ ਦਿਖ ਪੱਖੋਂ ਆਧੁਨਿਕ ਦਿਖਣ ਵਾਲੀ ਔਰਤ ਵੀ ਪਿੱਤਰੀ ਸੱਤਾ ਦਾ ਬੋਝ ਲੈ ਕੇ ਜਿਉਂ ਰਹੀ ਹੈ। ਉਸ ਨੂੰ ਵਿਆਹ ਤੋਂ ਬਾਅਦ ਜੇਕਰ ਮੁੰਡਾ ਪੈਦਾ ਨਹੀਂ ਕਰਦੀ ਤਾਂ ਬੱਚੀ ਨੂੰ ਕੁਖ ਵਿਚ ਕਤਲ ਕਰਵਾਉਣਾ ਪੈਂਦਾ ਹੈ। ਚੰਡੀਗੜ੍ਹ ਵਰਗਾ ਸ਼ਹਿਰ ਜਿਸਨੂੰ ਅਧੁਨਿਕ ਸੱਭਿਆਚਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਉਸ ਦੇ ਕੋਰ ਇਲਾਕੇ ਵਿਚ ਲਿੰਗ ਅਨੁਪਾਤ ਵਿਚ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਆਰਥਿਕ ਖੇਤਰ ਵਿਚ ਹਿੱਸੇਦਾਰੀ ਹੋਣ ਨਾਲ ਵੀ ਔਰਤ ਦੀ ਸਥਿਤੀ ਜਿਉਂ ਦੀ ਤਿਉਂ ਹੈ ਨੌਕਰੀ ਪੇਸ਼ੇ ਵਾਲੀਆਂ ਔਰਤਾਂ ਆਪਣੀ ਮਰਜ਼ੀ ਨਾਲ ਆਪਣੀ ਤਨਖਾਹ ਵੀ ਖਰਚ ਨਹੀਂ ਕਰ ਸਕਦੀਆਂ। ਉਹਨਾਂ ਦੇ ਏ.ਟੀ.ਐਮ ਕਾਰਡ ਜਾਂ ਤਨਖਾਹ ਉਹਨਾਂ ਦੇ ਪਤੀਆਂ ਦੀਆਂ ਜੇਬਾਂ ਅੰਦਰ ਹੁੰਦੀ ਹੈ। ਇਸ ਮਾਮਲਾ ਆਰਥਿਕ ਦੇ ਨਾਲ-ਨਾਲ ਉਸ ਵਿਰੋਧੀ ਸੋਚ ਨੂੰ ਖਤਮ ਕਰਨ ਲਈ ਠੋਸ ਅਤੇ ਲੰਬੇ ਘੋਲ ਨਾਲ ਜੋੜਿਆ ਹੋਇਆ ਹੈ।
   
ਲੜਕੀਆਂ ਦੇ ਅਣਖ ਪਿੱਛੇ ਕਰਤ ਹੋਣਾ, ਔਰਤਾਂ ਦੇ ਬਲਾਤਕਾਰ ਕਰਕੇ ਉਹਨਾਂ ਨੂੰ ਸਾੜ ਦੇਣਾ, ਨੱਕ ਵੱਢ ਦੇਣਾ, ਕੰਨ ਵੱਢ, ਅੱਖਾਂ ਕੱਢਾ ਦੇਣੀਆਂ ਆਦਿ ਔਰਤ ਪ੍ਰਤੀ ਪਸ਼ੂ ਬਿਰਤੀ ਨੂੰ ਉਜਾਗਰ ਕਰਦਾ ਹੈ। ਹਰਿਆਣੇ ਵਿਚ 40 ਦਿਨਾਂ ਤੇ ਅੰਦਰ 19 ਦਲਿਤ ਲੜਕੀਆਂ ਨਾਲ ਗੈਂਗਰੇਪ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ, ਭੰਵਰੀ ਬਾਈ ਦੇ ਬਲਾਤਕਾਰੀਆਂ ਨੂੰ ਇਸ ਕਰਕੇ ਸਜ਼ਾ ਨਾ ਮਿਲਣ ਕਿ ਉੱਚ ਜਾਤੀ ਦੇ ਮਰਦ ਇਹ ਬਲਾਤਕਾਰ ਨਹੀਂ ਕਰ ਸਕਦੇ, ਪੱਛਮੀ ਬੰਗਾਲ ਦੇ ਬੀਰਭੂਮ ਵਿਚ ਹਾਲ ਹੀ ਵਾਪਰੀ ਘਟਨਾ ਵਿਚ ਲੜਕੀ ਦੁਆਰਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੇ ਪੰਚਾਇਤ ਦੁਆਰਾ ਸ਼ਜਾ ਵੱਜੋਂ ਲੜਕੀ ਦਾ ਗੈਂਗਰੇਪ ਕਰਨਾ, ਲੜਕੀਆਂ ਦੇ ਮੂੰਹਾਂ ਤੇ ਤੇਜ਼ਾਬ ਪਾਉਣਾ, ਧੱਕੇ ਨਲ ਚੁੱਕ ਕੇ ਲੈ ਜਾਣਾ, ਖਾਪ ਪਚੰਇਤਾਂ ਦੁਆਰਾ (ਜਿਸ ਦੇ ਨੁਮਾਇਦੇਂ ਮਰਦ ਹਨ) ਔਰਤਾਂ ਦੇ ਰਹਿਣ-ਸਹਿਣ ਦੇ ਨਿਯਮ ਤੈਅ ਕਰਨੇ, ਲੜਕੀ ਅਤੇ ਲੜਕੇ ਨੂੰ ਅੱਲਗ-ਅੱਲਗ ਮਾਪਦੰਡਾਂ ਅੰਦਰ ਪਾਲਣ ਪੋਸ਼ਣ ਕਰਨਾ ਆਦਿ ਸਭ ਸਮਾਜ ਅਤੇ ਸਟੇਟ ਮਸ਼ਨੀਰੀ ਦੇ ਜਗੀਰੂ ਪਿੱਤਰੀ ਸੋਚ ਦੇ ਪ੍ਰਗਟਾਵੇ ਹਨ। ਸਤੀ ਪ੍ਰਥਾ, ਬਾਲ ਵਿਆਹ, ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਵੀ ਔਰਤ ਦੀ ਇਸੇ ਸਥਿਤੀ ਕਰਕੇ ਪੈਦਾ ਹੋਈਆਂ। ਜਿਸ ਕਰਕੇ ਇਸ ਸੋਚ ਦਾ ਆਰਥਿਕ ਅਧਾਰ ਖਤਮ ਕਰਕੇ ਉੱਥੇ ਸੱਭਿਆਚਾਰਕ ਤਬਦੀਲੀ ਲੈ ਕੇ ਆਉਣਾ ਹੈ।
   
ਜੱਜ ਤੋਂ ਲੈ ਕੇ ਪੱਤਰਕਾਰ, ਨੇਤਾ, ਡਾਕਟਰ, ਪੁਲਿਸ ਕਰਮੀ ਅਤੇ ਬਾਬਿਆਂ ਦੁਆਰਾ ਔਰਤ ਪ੍ਰਤੀ ਇਕੋ ਸੋਚ ਅਰਥਾਤ ਉਸਨੂੰ ਭੋਗਣ ਵਾਲੀ ਸਮਝਣਾ ਅਤੇ ਔਰਤਾਂ ਵਿਚ ਹਿੰਸਾ ਦੇ ਕੇਸਾਂ ਵਿਚ ਦੋਸ਼ੀ ਹੋਣਾ ਉਸ ਪਿੱਤਰੀ ਸੋਚ ਕਰਕੇ ਹੈ। ਔਰਤ ਦੇ ਸਰੀਰ ਨੂੰ ਆਧਾਰ ਬਣਾ ਕੇ ਫੈਸ਼ਨ ਦੀ ਇੰਡਸਟਰੀ ਮਨਾਂ ਮੂੰਹੀ ਕਮਾਈ ਕਰ ਰਹੀ ਹੈ। ਲੁਟਣ ਵਾਲੇ ਮੁਲਕ ਆਪਣੀਆਂ ਮੰਡੀਆਂ ਵਿਚ ਉੱਥੇ ਫੈਸ਼ਨ ਮੁਕਾਬਲੇ ਕਰਵਾ ਕੇ ਮੰਡੀ ਦੇ ਹਿੱਤਾ` ਚ ਫਿੱਟ ਬੈਠਦੀਆ ਲੜਕੀਆਂ ਨੂੰ ਚੁਣ ਕੇ ਆਪਣੀਆਂ ਵਸਤਾਂ ਨੂੰ ਵੇਚਦੀਆਂ ਹਨ। ਵੱਡੀਆਂ-ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਆਪਣੀ; ਦਵਾਈਆਂ ਨੂੰ ਟੈਸਟ ਕਰਨ ਲਈ ਪਸ਼ੂਆਂ ਅਤੇ ਆਦਿ ਵਾਸੀ ਗਰੀਬ ਔਰਤਾਂ ਨੂੰ ਡਰਗਜ਼ ਟਰਾਇਲ ਲਈ ਵਰਤਦੀਆਂ ਹਨ। ਗੀਤਾਂ, ਫਿ਼ਲਮਾਂ ਆਦਿ ਵਿਚ ਔਰਤ ਪ੍ਰਤੀ ਜਗੀਰੂ ਅਤੇ ਮੰਡੀ ਦੀ ਸੋਚ ਅਨੁਸਾਰੀ ਔਰਤ ਦੀ ਪੇਸਕਾਰੀ ਸਮਾਜ ਵਿਚ ਲਿੰਗ ਅਰਾਜਕਤਾ ਵਿਚ ਵਾਧਾ ਕਰ ਹੀ ਹੈ। ਗਰੀਬ ਔਰਤਾਂ ਨੂੰ ਪੈਸੇ ਦਾ ਲਾਲਚ ਦੇ ਕੇ ‘ਕਿਰਾਏ ਦੀ ਕੁੱਖ` ਦਾ ਕਾਰੋਬਾਰ ਵੱਡੇ ਪੱਧਰ ਤੇ ਫਲ-ਫੁੱਲ ਰਿਹਾ ਹੈ।

ਔਰਤਾਂ ਦੀ ਇਸ ਹਾਲਤ ਵਿਚ ਇਕ ਸਮਝ ਇਸ ਸਭ ਲਈ ਔਰਤਾਂ ਨੂੰ ਹੀ ਨਸੀਹਤਾਂ ਦਿੰਦਾ ਹੈ। ਜਿਵੇਂ ਕਿ ਔਰਤਾਂ ਨੂੰ ਢੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਔਰਤਾਂ ਦੀ ਸੁਰੱਖਿਆ ਇਸ `ਚ ਹੈ ਕਿ ਉਹ ਦੇਰ ਸ਼ਾਮ ਨੂੰ ਬਾਹਰ ਨਾ ਜਾਵੇ, ਛੋਟੀ ਉਮਰ ਵਿਚ ਵਿਆਹ ਕਰਨ ਦੀਆਂ ਦਲੀਲਾਂ ਵੀ ਉਸ ਸੋਚ ਦਾ ਹੀ ਹਿੱਸਾ ਹਨ। ਸਲੀਕੇਦਾਰ ਕੱਪੜੇ ਮਰਦ ਅਤੇ ਔਰਤ ਦੋਵਾਂ ਨੂੰ ਹੀ ਪਹਿਨਨੇ ਚਾਹੀਦੇ ਹਨ । ਪਰ ਛੋਟੀਆਂ-ਛੋਟੀਆਂ ਬੱਚੀਆਂ ਨਾਲ ਵੀ ਧੱਕਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਬੁਰਕੇ ਨਾਲ ਢੱਕੀਆਂ ਹੋਈਆਂ ਔਰਤਾਂ ਹਨ ਉਹਨਾਂ ਦੇ ਵੀ ਬਲਾਤਕਾਰ ਨਹੀਂ ਰੁਕ ਰਹੇ। ਬਾਕੀ ਜੇਕਰ ਔਰਤਾਂ ਦੇ ਕੱਪੜੇ ਠੀਕ ਨਹੀਂ ਤਾਂ ਮਰਦ ਨੂੰ ਉਸ ਦਾ ਬਲਾਤਕਾਰ ਕਰਨ ਦਾ ਅਧਿਕਾਰ ਨਹੀਂ ਮਿਲ ਜਾਦਾ ਹੈ।
ਦਿੱਲੀ ਲੋਕ ਉਭਾਰ ਵੇਲੇ ਵੀ ਸਰਕਾਰ ਦੁਆਰਾ ਬਿਠਾਏ ਗਏ ਵਰਮਾ ਕਮਿਸ਼ਨ ਨੇ ਇਹ ਤਾਂ ਕਿਹਾ ਕਿ ਔਰਤ ਵਿਰੋਧੀ ਮਾਨਸਿਕਤਾ ਖਤਮ ਕਰਨ ਦੀ ਲੋੜ ਹੈ ਜਿਸ ਵਾਸਤੇ ਜਰੂਰੀ ਹੈ ਇਮਾਨਦਾਰ ਲੋਕ ਸੱਤਾ ਵਿਚ ਆਉਣ। ਜੇਕਰ ਵਿਗਿਆਨਕ ਪਹੁੰਚ ਤੋਂ ੇਵੇਖੀਏ ਤਾਂ ਔਰਤ ਵਿਰੋਧੀ ਮਾਨਸਿਕਤਾ ਕੋਈ ਅਸਮਾਨ ਤੋਂ ਨਹੀਂ ਟਪਕਦੀ ਬਲ ਇੰਨਸਾਨ ਜੋ ਕੁਝ ਗ੍ਰਹਿਣ ਕਰਦਾ ਆਪਣੇ ਆਲੇ ਦੁਆਲੇ ਤੋਂ ਹੀ ਕਰਦਾ ਹੈ। ਇਹ ਸੋਚ ਵੀ ਸਾਡੇ ਸਮਾਜ ਦੀਆਂ ਜੜ੍ਹ ਵਿਚ ਪਈ ਹੈ।
   
ਸੋ ਇਹ ਮਸਲਾ ਔਰਤਾਂ ਦੇਰ ਰਾਤ ਬਾਹਰ ਨਾ ਜਾਣ ਨਾਲ, ਪੂਰੇ ਕੱਪੜੇ ਪਾ ਕੇ ਹੋਣ ਵਾਲਾ ਨਹੀਂ ਬਲਕਿ ਔਰਤ ਵਿਰੋਧੀ ਮਾਨਸਿਕਤਾ ਨੂੰ ਖਤਕ ਕਰਨ ਨਾਲ ਜੁੜਿਆ ਹੋਇਆ ਹੈ। ਜਿਸ ਚਿ ਵੱਡੀ ਇਨਕਲਾਬੀ ਔਰਤ ਲਹਿਰ ਦੀ ਲੋੜ ਹੈ। ਔਰਤਾਂ ਦੀ ਮੁਕਤੀ ਜਮਾਤੀ ਲੜਾਈ ਦਾ ਅਨਿੱਖੜਵਾਂ ਅੰਗ ਹੈ। ਔਰਤ ਦੀ ਗੁਲਾਮੀ ਦਾ ਆਧਾਰ ਨਿੱਜੀ ਜਾਇਦਾਦ ਕਰਕੇ ਬਣਿਆ ਅਤੇ ਸਭ ਤੋਂ ਪਹਿਲਾਂ ਉਸ ਆਧਾਰ ਨੂੰ ਖਤਮ ਕਰਨ ਦੀ ਲੜਾਈ ਔਰਤਾਂ ਦੀ ਮੁੱਖ ਲੜਾਈ ਬਣਦੀ ਹੈ।
   
ਆਓ ਆਪਾਂ ਸਾਰੇ ਅਹਿਦ ਕਰੀਏ ਕਿ ਆਪਣੇ ਨਾਲ ਹੁੰਦੇ ਸਾਰੇ ਧੱਕਿਆਂ ਦੇ ਖਿਲਾਫ਼ ਜੂਝਦੇ ਹੋਏ ਔਰਤ ਲਹਿਰ ਦਾ ਹਿੱਸਾ ਬਣੀਏ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ