Sun, 08 September 2024
Your Visitor Number :-   7219706
SuhisaverSuhisaver Suhisaver

ਘੁਟਾਲਿਆਂ ਦਾ ਦੇਸ ਬਣ ਕੇ ਰਹਿ ਗਿਐ ਭਾਰਤ ਦੇਸ ਮਹਾਨ -ਗੁਰਮੀਤ ਪਲਾਹੀ

Posted on:- 04-06-2013

ਕੋਈ ਦਿਨ ਵੀ ਤਾਂ ਇਹੋ ਜਿਹਾ ਨਹੀਂ ਲੰਘਦਾ ਜਦੋਂ ਭਾਰਤ ਦੇਸ ਮਹਾਨ ’ਚ ਕਿਸੇ ਨਾ ਕਿਸੇ ਕਿਸਮ ਦਾ ਘੁਟਾਲਾ ਅਖ਼ਬਾਰਾਂ, ਇਲੈਕਟ੍ਰੋਨਿਕ ਮੀਡੀਆ ਦੀਆਂ ਸੁਰਖ਼ੀਆਂ ਨਾ ਬਣਦਾ ਹੋਵੇ। ਕਦੇ ਕੋਲਾ ਖਾਣਾਂ ਮੂੰਹ ਕਾਲ਼ਾ ਕਰਦੀਆਂ ਹਨ ਰਾਜਨੀਤੀਵਾਨਾਂ ਦਾ ਅਤੇ ਕਦੇ ਰੇਤ-ਬਜਰੀ ਦਾ ਘੁਟਾਲਾ ਨੇਤਾਵਾਂ ਨੂੰ ਨੱਕੋਂ ਚਨੇ ਚਬਾ ਰਿਹਾ ਦਿਸਦਾ ਹੈ। ਬੋਫ਼ਰਜ਼ ਤੋਪਾਂ ਦਾ ਘੁਟਾਲਾ ਹਾਲੇ ਹਵਾ ’ਚ ਹੀ ਤਰਦਾ ਫਿਰਦਾ ਸੀ ਕਿ ਕਫ਼ਨਾਂ ਦੇ ਘੁਟਾਲੇ ਨੇ ਚਿੱਟ ਕੱਪੜੀਏ ਨੇਤਾਵਾਂ ਦੇ ਕੱਪੜੇ ਲੀਰੋ ਲੀਰ ਕਰ ਦਿੱਤੇ। ਸਪੈਕਟਰਮ ਦੋ ਦੇ ਘੁਟਾਲਿਆਂ ਨੇ ਤਾਂ ਜਿਵੇਂ ਛੋਟੀ ਕੁਰਸੀ ਤੋਂ ਲੈ ਕੇ ਵੱਡੀ ਕੁਰਸੀ ਤੱਕ ਐਸੀ ਕੰਬਣੀ ਛੇੜੀ ਕਿ ਮੇਤਾ ਲੋਕਾਂ ਨੂੰ ਆਪਣਾ ਮੂੰਹ ਛੁਪਾਉਣਾ ਵੀ ਔਖਾ ਹੋ ਗਿਆ। ਖਚਰੇ ਦਲਾਲਾਂ ਨੇ ਐਸੀਆਂ ਬੋਲੀਆਂ ਲਗਾ ਕੇ, ਸਬਜ਼ ਬਾਗ਼ ਦਿਖਾ ਕੇ, ਨੇਤਾਵਾਂ ਦੀਆਂ ਐਸੀਆਂ ਪੁਸ਼ਤਾਂ ਤਾਰੀਆਂ ਕਿ ਕੁਨਬਾਪ੍ਰਸਤੀ ਰਿਸ਼ਵਤਖੋਰੀ ਦੇ ਪੈਮਾਨਿਆਂ ਦੇ ਹੱਦਾਂ ਬੰਨੇ ਟੱਪ ਕੇ, ਜਿਵੇਂ ਨਵੇਂ ਰਿਕਾਰਡ ਕਾਇਮ ਕਰ ਦਿੱਤੇ। ਚੱਲੋ, ਜਿਊਂਦੇ ਜਾਗਦੇ ਨੇਤਾਵਾਂ ਉੱਤੇ ਤਾਂ ਚਿੱਕੜ ਡਿੱਗਣਾ ਹੀ ਸੀ, ਪਰ ਕਬਰਾਂ ’ਚ ਅਰਾਮ ਕਰ ਰਹੀਆਂ ਰੂਹਾਂ ਵੀ ਇਨ੍ਹਾਂ ਘੁਟਾਲਿਆਂ ਦੀਆਂ ਖ਼ਬਰਾਂ ਸੁਣਕੇ ਬੇਆਰਾਮ ਹੋ ਗਈਆਂ।

ਕੋਲੇ ਦੀਆਂ ਖਾਣਾਂ ਦੀ ਨਿਲਾਮੀ ਦੀ ਥਾਂ ਚਹੇਤਿਆਂ ਨੂੰ ਅਲਾਟਮੈਂਟ ਕਰਨ ਨਾਲ 34 ਬਿਲੀਅਨ ਡਾਲਰਾਂ ਦਾ ਕੌਮੀ ਨੁਕਸਾਨ ਹੋਇਆ (ਕਾਂਗਰਸ ਜ਼ੁੰਮੇਵਾਰ), ਜਦ ਕਿ ਕਰਨਾਟਕ ਦੇ ਵਰਫ਼ ਬੋਰਡ ਜ਼ਮੀਨ ਦੇ ਸਕੈਂਡਲ ਨਾਲ ਤਾਂ 37 ਬਿਲੀਅਨ ਡਾਲਰਾਂ ਦਾ ਲੋਕਾਂ ਦਾ ਨੁਕਸਾਨ ਹੋਣਾ ਲੱਭਿਆ ਗਿਆ (ਭਾਜਪਾ ਜ਼ੁੰਮੇਵਾਰ)। ਸਾਲ 2012 ਵਿੱਚ ਹੀ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ’ਚ ਯੂ.ਪੀ. ਵਿੱਚ ਜੋ ਘੁਟਾਲਾ ਹੋਇਆ ਉਸ ’ਚ 1.8 ਬਿਲੀਅਨ ਡਾਲਰ ਨੁਕਸਾਨ ਹੋਇਆ ਦੱਸਿਆ ਜਾਂਦੈ (ਬਹੁਜਨ ਸਮਾਜ ਪਾਰਟੀ ਜ਼ੁੰਮੇਵਾਰ) ਜਦ ਕਿ 2010 ਵਿੱਚ 2 ਜੀ ਸਪੈਕਟਰਮ ਘੁਟਾਲੇ ਵਿੱਚ 32 ਬਿਲੀਅਨ ਡਾਲਰ ਦਾ ਨੁਕਸਾਨ ਅੰਕਿਤ ਕੀਤਾ ਗਿਆ (ਜ਼ੁੰਮੇਵਾਰੀ ਦੱਖਣੀ ਭਾਰਤੀ ਏ. ਰਾਜਾ ਮੰਤਰੀ ਮਨਮੋਹਨ ਸਿੰਘ ਸਰਕਾਰ) ਜਦ ਕਿ 2003 ’ਚ 6.4 ਬਿਲੀਅਨ ਡਾਲਰ ਦੇ ਅਨਾਜ ਦਾ ਘਪਲਾ ਸਾਹਮਣੇ ਆਇਆ ਜਿਹੜਾ ਕਿ ਗ਼ਰੀਬਾਂ ਨੂੰ ਮਿਲਣਾ ਸੀ, ਪਰ ਖੁੱਲ੍ਹੀ ਮੰਡੀ ਵਿੱਚ ਵੇਚ ਦਿੱਤਾ ਗਿਆ, ਜਿਸ ਦੀ ਜ਼ੁੰਮੇਵਾਰੀ ਕਪਿਲ ਸਿੱਬਲ, ਮਾਇਆਵਤੀ, ਮੁਲਾਇਮ ਸਿੰਘ ਉੱਤੇ ਤੈਅ ਹੋਈ।

ਉਪਰੰਤ ਡਾਇਲ ਘੁਟਾਲਾ, ਤਾਮਿਲਨਾਡੂ ਦਾ ਗਰੇਨਾਈਟ ਪੱਥਰ ਸਕੈਮ, ਹਾਇਵੇ ਦਾ ਘੁਟਾਲਾ, ਨਰਸਿਮ੍ਹਾ ਰਾਓ ਦਾ ਵੋਟ ਖਰੀਦਣ ਦਾ ਘੁਟਾਲਾ, ਤਾਜਾ ਕੋਰੀਡੋਰ ਸਕੈਂਡਲ, ਬੋਫਰਜ਼ ਤੋਪਾਂ ਦਾ ਦਲਾਲੀ ਮਸਲਾ, ਬਿਹਾਰ ਦਾ ਚਾਰਾ ਘੁਟਾਲਾ, ਸ਼ਾਰਦਾ ਗਰੁੱਪ ਦਾ 20,000 ਕਰੋੜ ਰੁਪਏ ਦਾ ਘਪਲਾ ਤਾਂ ਕੁਝ ਇਹੋ ਜਿਹੇ ਘੁਟਾਲੇ ਹਨ, ਜਿੰਨਾਂ ਵਿੱਚ ਦੇਸ਼ ਦੀ ਲਗਭਗ ਹਰ ਰਾਜਨੀਤਿਕ ਪਾਰਟੀ, ਉਸਦੇ ਆਗੂ, ਦਲਾਲਾਂ ਦਾ ਸ਼ਿਕਾਰ ਹੋ ਕੇ ਆਪਣੇ ਬੋਝੇ ਭਰਨ ਦੇ ਨਾਲ-ਨਾਲ ਦੇਸ ਨੂੰ ਕਲੰਕ ਲਾਉਣ ਦੇ ਜ਼ੁੰਮੇਵਾਰ ਹਨ।

1948 ਤੋਂ ਜੀਪਾਂ ਦੀ ਖ਼ਰੀਦ ਤੋਂ ਲੈ ਕੇ, ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤੇ ਵੱਡੇ ਘਪਲੇ, 1981 ’ਚ ਏ.ਆਰ. ਅੰਤੁਲੇ ਵੱਲੋਂ ਸੀਮਿੰਟ ਦੇ ਘਪਲੇ ਭਾਰਤੀ ਨੇਤਾਵਾਂ ਨੂੰ ਸ਼ਰਮਸਾਰ ਕਰਦੇ ਰਹੇ ਹਨ। ਹਰਸ਼ਦ ਮਹਿਤਾ ਦਾ ਅਰਬਾਂ ਰੁਪਏ ਦਾ ਸਕਿੳੂਰਟੀ ਸਕੈਂਡਲ, ਇੰਡੀਅਨ ਬੈਂਕ ਦਾ 13 ਅਰਬ ਰੁਪਏ ਦਾ ਘਪਲਾ, 1995 ’ਚ ਮੇਘਾਲਿਆ ’ਚ ਹੋਇਆ ਜੰਗਲਾਂ ਦੀ ਲੱਕੜ ਦਾ ਸਕੈਂਡਲ ਅਤੇ ਕਾਂਗਰਸੀ ਆਗੂ ਸੁੱਖ ਰਾਮ ਦਾ ਟੈਲੀਕਾਮ ਘਪਲਾ ਅਤੇ 200 ਅਰਬ ਰੁਪਏ ਦੀ ਸਟੈਂਪ ਡਿੳੂਟੀ ਦੀ ਚੋਰੀ ਨੇ ਭਾਰਤ ਸਰਕਾਰ ਦੀਆਂ ਸਮੇਂ-ਸਮੇਂ ਜੜ੍ਹਾਂ ਤਾਂ ਖੋਖਲੀਆਂ ਕੀਤੀਆਂ ਹੀ, ਸਗੋਂ ਦੁਨੀਆਂ ਭਰ ਦੇ ਲੋਕਾਂ ’ਚ ਚਾਰ ਬਾਜ਼ਾਰੀ, ਰਿਸ਼ਵਤਖੋਰੀ, ਘਪਲਿਆਂ, ਘੁਟਾਲਿਆਂ ’ਚ ਆਪਣਾ ਨਾਮ ਪਹਿਲੀਆਂ ਕਤਾਰਾਂ ’ਚ ਲੈ ਆਂਦਾ। ਵੱਡੇ-ਵੱਡੇ ਘਪਲਿਆਂ ’ਚ ਮੌਜੂਦਾ ਕਾਂਗਰਸੀ ਆਗੂ, ਭਾਜਪਾ, ਸਮਾਜਵਾਦੀ ਪਾਰਟੀ, ਬਸਪਾ, ਡੀ.ਐਮ.ਕੇ., ਅੰਨਾ ਡੀ,ਐਮ.ਕੇ. ਪਾਰਟੀਆਂ ਦੇ ਉੱਚ ਨੇਤਾ ਇਸ ਢੰਗ ਨਾਲ ਜੁੜੇ ਹੋਏ ਹਨ ਕਿ ਸੀ.ਬੀ.ਆਈ. ਵੱਲੋਂ ਡਰ ਦੇਕੇ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੇਕਣ ਲਈ ਕਿਸੇ ਵੇਲੇ ਵੀ ਜੇਲ੍ਹ ਅੰਦਰ ਠੋਸਣ ਦੀਆਂ ਧਮਕੀਆਂ ਦੇ ਕੇ ਗ਼ੈਰ-ਅਸੂਲੀਕੰਮਾਂ ਲਈ ਸਮਰਥਨ ਲੈਣ ਲਈ ਵਰਤਿਆ ਜਾਂਦਾ ਹੈ। ਆਡਿਟ ਕਰਨ ਵਾਲੀਆਂ ਏਜੰਸੀਆਂ ਵੱਲੋਂ ਜੇਕਰ ਕਿਧਰੇ ਅਸਲ ਤੱਥਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਯਤਨ ਹੁੰਦਾ ਵੀ ਹੈ, ਉਹ ਲੋਕ ਸਭਾ, ਰਾਜ ਸਭਾ ਦੀਆਂ ਉੱਚੀਆਂ ਕੰਧਾਂ ’ਤੇ ਚਾਰਦੀਵਾਰੀ ’ਚ ਪਾਰਲੀਮਾਨੀ ਕਮੇਟੀਆਂ ਬਣਾ ਕੇ ਹੀ ਦਫ਼ਨ ਕਰ ਦਿੱਤਾ ਜਾਂਦਾ ਹੈ ਅਤੇ ਕਵਾਤਰੋਚਾ ਵਰਗੇ ਇਟਲੀ ਦੇ ਦਲਾਲ ਨੂੰ ਰਾਤੋ-ਰਾਤ ਦੇਸ ਦੇ ਵਾਈ ਅੱਡਿਆਂ ਤੋਂ ਚੁੱਪ-ਚੁੱਪੀਤੇ ਜਹਾਜ਼ ਚੜ੍ਹਾ ਦਿੱਤਾ ਜਾਂਦਾ ਹੈ। ਇਲੈੱਕਟ੍ਰਾਨਿਕ ਮੀਡੀਆ, ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਸਫ਼ਿਆਂ ਦੇ ਸਫ਼ੇ ਸਕੈਂਡਲਾਂ ਬਾਰੇ ਛੱਪਦੇ ਹਨ, ਰਿਪੋਰਟਾਂ ਬਣਦੀਆਂ ਹਨ, ਪਰ ਸਮਾਂ ਪਾਕੇ ਅਦਾਲਤਾਂ ਦੀ ਸ਼ਰਨ ਜਾ ਕੇ , ਫਸਟ ਕਲਾਸ ਜੇਲ੍ਹ ਦੀ ਹਵਾ ਖਾ ਕੇ, ਕਾਨੂੰਨ ੀਆਂ ਬਰੀਕੀਆਂ ਦੇ ਜਾਣੂਆਂ ਰਾਹੀਂ ਜਮਾਨਤਾਂ ਕਰਵਾ ਕੇ ਮੁੜ ਨੇਤਾਵਾਂ ਦੀਆਂ ਕਤਾਰਾਂ ’ਚ ਆ ਖੜ੍ਹਦੇ ਹਨ। ਇੱਕ ਸਾਧਾਰਨ ਚੋਰ ਤਾਂ ਜੇਲ ਦੀਆਂ ਸੀਖਾਂ ਅੰਦਰ ਸੜਦਾ ਹੈ, ਪਰ ਕਰੋੜਾਂ ਦੇ ਘਪਲਿਆਂ ਦਾ ਦੋਸ਼ੀ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਫਾਇਦਾ ਲੈ ਕੇ ਜ਼ਮਾਨਤਾਂ ਕਰਵਾਕੇ ਮੁੜ ਆਪਣੇ ਆਲੀਸ਼ਾਨ ਮਹਿਲਾਂ ’ਚ ਜ਼ਿੰਦਗੀ ਹੀ ਨਹੀਂ ਕੱਟਦਾ, ਸਗੋਂ ਲੋਕਾਂ ਦਾ ਨੇਤਾ, ਮੋਹਰੀ ਬਣਕੇ ਰਾਜਨੀਤਕ ਗੱਦੀਆਂ ਤੇ ਸੁੱਖਾਂ ਦਾ ਅਨੰਦ ਮਾਣਦਾ ਹੈ।

ਦੁਨੀਆਂ ਭਰ ਦੇ ਲਗਭਗ ਹਰ ਦੇਸ ਵਿੱਚ ਚਾਹੇ ਉਹ ਵੱਡਾ ਹੈ, ਚਾਹੇ ਛੋਟਾ, ਕੁਝ ਇੱਕ ਨੂੰ ਛੱਡ ਕੇ ਬਾਕੀ ਦੇਸਾਂ ’ਚ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਸਕੈਂਡਲ ਹੋਏ ਹਨ। ਇਨ੍ਹਾਂ ਸਕੈਂਡਲਾਂ ਵਿੱਚ ਵਾਟਰਗੇਟ ਵਰਗੇ ਸਕੈਂਡਲ ਨੇ ਅਮਰੀਕਾ ਦੀ ਸਰਕਾਰ ਹਿਲਾ ਦਿੱਤੀ ਸੀ ਤੇ ਰਾਸ਼ਟਰਪਤੀ ਨੂੰ ਅਸਤੀਫ਼ਾ ਦੇਣਾ ਪਿਆ ਸੀ। ਪਰ ਸਦਕੇ ਜਾਈਏ ਭਾਰਤ ਦੇਸ ਮਹਾਨ ਦੇ ਜਿੱਥੇ ਨੇਤਾ ਲੋਕ ਘਪਲੇ ਕਰਦੇ ਹਨ, ਫੜੇ ਵੀ ਜਾਂਦੇ ਹਨ, ਚੋਣਾਂ ’ਚ ਖੜ੍ਹਦੇ ਹਨ, ਪੈਸੇ ਦੇ ਜ਼ੋਰ ਜਿੱਤਦੇ ਹਨ, ਧੱਕੇ ਨਾਲ ਮੁੜ ਮੰਤਰੀ ਬਣਦੇ ਹਨ ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਕਾਨੂੰਨ ਵੀ ਇਹੋ ਜਿਹੇ ਬਣਾਉਂਦੇ ਹਨ ਕਿ ਉਨ੍ਹਾਂ ਦੀ ਹਵਾ ਵੱਲ ਵੀ ਕੋਈ ਵੇਖ ਨਾ ਸਕੇ। ਗੱਦੀ ਜਾਂਦੀ ਵੇਖ ਐਮਰਜੈਂਸੀ ਵੀ ਲਾਉਂਦੇ ਹਨ, ਆਪਣੀ ਹੋਂਦ ਦਿਖਾਉਣ ਲਈ ਫਿਰਕੂ ਦੰਗੇ ਤਾਂ ਫੈਲਾਉਂਦੇ ਹੀ ਹਨ, ਕਤਲੇਆਮ ਰਵਾਉਣ ਤੋਂ ਵੀ ਨਹੀਂ ਝਿਜਕਦੇ ਅਤੇ ਇਹ ਗੱਲ ਕਹਿੰਦਿਆਂ ਵੀ ਸ਼ਰਮ ਨਹੀਂ ਕਰਦੇ ਕਿ ‘‘ਜਦੋਂ ਕੋਈ ਦਰਖ਼ਤ ਡਿੱਗਦਾ ਹੈ, ਕੁਝ ਨਾ ਕੁਝ ਤਾਂ ਵਾਪਰਦਾ ਹੀ ਹੈ’’ ਅਤੇ ਸਕੈਂਡਲ ਲੋਕਾਂ ਦੀਆਂ ਨਜ਼ਰਾਂ ’ਚ ਆਉਣ ’ਤੇ ਉਸ ਉੱਪਰ ਪਰਦਾ ਪਾਉਣ ਤੋਂ ਵੀ ਸੰਕੋਚ ਨਹੀਂ ਕਰਦੇ, ਸ਼ਰਮ ਵੀ ਨਹੀਂ ਮੰਨਦੇ। ਹੁਣ ਦੀ ਸਰਕਾਰ ਸਮੇਂ ਜਿੰਨੇ ਘਪਲੇ ਲੋਕਾਂ ਸਾਹਮਣੇ ਆਏ ਹਨ, ਕਰੋੜਾਂ ਅਰਬਾਂ ਦੇ ਸਕੈਂਡਲ, ਰਿਸ਼ਵਤਖੋਰੀ, ਚੋਰ ਬਾਜ਼ਾਰੀ, ਸੀਨਾਜ਼ੋਰੀ, ਮੀਡੀਆ ਚ ਆਏ ਹਨ। ਕੀ ਇਸ ਤੋਂ ਬਾਅਦ ਇਹ ਸਰਕਾਰ ਇਖਲਾਕੀ ਤੌਰ ’ਤੇ ਸਰਕਾਰ ਵਜੋਂ ਬਣੇ ਰਹਿਣ ਦੀ ਹੱਕਦਾਰ ਵੀ ਹੈ?

ਸਰਕਾਰ ਦਾ ਮੁਖੀ, ਜੋ ਆਪਣੇ ਮੱਥੇ ਉੱਤ ਇਮਾਨਦਾਰੀ ਦੀ ਤਖ਼ਤੀ ਲਟਕਾ ਕੇ, ਆਪਣੀ ਪੂਰੀ ਭਿ੍ਰਸ਼ਟਾਚਾਰੀ ਟੀਮ ਦਾ ਬਚਾਅ ਕਰਨ ਲੱਗਿਆਂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ, ਕੀ ਇਮਾਨਦਾਰ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ?
ਜਦ ਦੇਸ਼ ਦੇ ਆਗੂਆਂ ਦਾ ਨੈਤਿਕ ਕਿਰਦਾਰ ਇਸ ਹੱਦ ਤੱਕ ਡਿੱਗ ਚੁੱਕਾ ਹੋਵੇ, ਤਾਂ ਆਮ ਆਦਮੀ ਦੀ ਸੋਚ, ਉਸਦਾ ਕਿਰਦਾਰ ਉਸ ਦੀ ਸਮਝ, ਉਸਦੇ ਅਮਲ ਕਿਸ ਦਿਸ਼ਾ ਵੱਲ ਚੱਲਣਗੇ, ਇਸ ਨੂੰ ਬਹੁਤ ਆਰਾਮ ਨਾਲ ਸਮਝਿਆ ਜਾ ਸਕਦਾ ਹੈ।

ਅੱਜ ਸਮਾਜ ਦੇ ਇੱਕ ਵਰਗ ਦਾ ਵੱਡਾ ਹਿੱਸਾ ਸਿਆਸੀ ਲੋਕਾਂ ਦੀਆਂ ਕਾਰਗੁਜ਼ਾਰੀਆਂ, ਸ਼ੈਤਾਨੀਆਂ, ਕੁਕਰਮਾਂ ਚਾਲਾਂ ਦਾ ਸ਼ਿਕਾਰ ਹੋ ਕੇ ਭਿ੍ਰਸ਼ਟ ਲੋਕਾਂ ਦੇ ਢਹੇ ਚੜ੍ਹ ਕੇ ਉਹੋ ਜਿਹਾ ਬੀ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਘਪਲਿਆਂ, ਕੁਰੱਪਸ਼ਨ, ਘੁਟਾਲਿਆਂ ਦੇ ਵਿਰੁੱਧ ਉੱਠੀਆਂ ਅੰਨਾ, ਕੇਜਰੀਵਾਲ, ਬਾਬੇ ਰਾਮਦੇਵ ਦੀਆਂ ਲਹਿਰਾਂ ਵਾਵਰੋਲਿਆਂ ਵਾਂਗਰ ਕੁਝ ਸਮੇਂ ਲਈ ਉੱਠੀਆਂ ਅਤੇ ਫਿਰ ਦਫ਼ ਹੁੰਦੀਆਂ ਰਹੀਆਂ ਹਨ। ਇਸ ਸੱਚ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ ਕਿ ਸਾਡੇ ਲੋਕਾਂ ਦਾ ਦੋਧਾਰੀ ਵਰਤਾਰਾ, ਸਾਡੇ ਮਨਾਂ ’ਚ ਫੈਲਿਆ ਕੋਹੜ, ਧੱਕੇ ਧੌਂਸ ਵਿਰੁੱਧ ਨਾ ਖੜ੍ਹਨ ਦੀ ਬਿਰਤੀ ਅਤੇ ਸਾਡੀ ਹੳੂ ਪਰ੍ਹੇ ਕਰਨ ਦੀ ਬਣ ਚੁੱਕੀ ਸੋਚ, ਸਾਡੇ ਰਾਸ਼ਟਰੀ ਆਚਰਨ ਨੂੰ ਨਸ਼ਟ ਕਰ ਰਹੀ ਹੈ। ਤਦੇ ਤਾਂ ਭਾਰਤੀ ਸਮਾਜ ਵਿਚਲੇ ਭਿ੍ਰਸ਼ਟ ਅਨਸਰ ਲਗਾਤਾਰ ਵੱਧ ਰਹੇ ਹਨ ਤੇ ਬੇਖੌਫ਼ ਹੋ ਆਪਣੀ ਕੋਝੀਆਂ ਚਾਲਾਂ ’ਚ ਕਾਮਯਾਬੀ ਹਾਸਲ ਕਰ ਰਹੇ ਹਨ।

ਦਲਾਲਾਂ ਦੇ ਕਿਰਦਾਰ ਨੰਗੇ ਕਰਨ ਤੇ ਘਪਲਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ, ਜਦ ਤੱਕ ਸਹੀ ਸੋਚ ਵਾਲੇ ਲੋਕ ਨਿਸੁਆਰਥ ਹੋ ਕੇ ਅੱਗੇ ਨਹੀਂ ਆਉਣਗੇ ਤੱਦ ਤੱਕ ਭਾਰਤ ਦੇਸ ਮਹਾਨ ਘਪਲਿਆਂ ਸਕੈਂਡਲਾਂ , ਘੁਟਾਲਿਆਂ ਦੀ ਧਰਤੀ ਬਣਿਆ ਰਹੇਗਾ ਅਤੇ ਦੱਸ ਦਾ ਆਮ ਆਦਮੀ ਇਵੇਂ ਹੀ ਲੁੱਟਿਆ ਜਾਂਦਾ ਰਹੇਗਾ।

ਸੰਪਰਕ:  98158-02070

Comments

Julian

Your posting is ablusotely on the point!

Open

Knocked my socks off with knwelodge!

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ