Thu, 03 October 2024
Your Visitor Number :-   7228739
SuhisaverSuhisaver Suhisaver

ਪੜ੍ਹੋ ਪੰਜਾਬ: ਕੀ ਖੱਟਿਆ, ਕੀ ਗੁਆਇਆ - ਅਮੋਲਕ ਡੇਲੂਆਣਾ

Posted on:- 26-05-2012

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਨ੍ਹਾਂ ਕੋਈ ਨੋਟਿਸ ਦਿੱਤਿਆ ਅਗਲਾ ਜਾਂ ਢੁੱਕਵਾਂ ਬਦਲ ਤਲਾਸ਼ਣ ਦੀ ਬਜਾਇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ਪੜ੍ਹੋ ਪੰਜਾਬ ਪ੍ਰਾਜੈਕਟ ਨੂੰ ਬੰਦ ਕਰ ਦੇਣ ਨੂੰ ਨਿਰਸੰਦੇਹ ਪੰਜਾਬ ਦੇ ਸਿੱਖਿਆ ਜਗਤ ਦੇ ਇਤਿਹਾਸ ਵਿੱਚੋਂ ਇੱਕ ਵੱਡੀ ਤੇ ਮੰਦਭਾਗੀ ਘਟਨਾ ਵਜੋਂ ਯਾਦ ਰੱਖਿਆ ਜਾਏਗਾ। ਮੀਡੀਆ, ਇੰਟਰਨੈੱਟ, ਬੁੱਧੀਜੀਵੀਆਂ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਇਸ ਨੂੰ ਬੰਦ ਕਰਨ/ਜਾਰੀ ਰੱਖਣ ਬਾਰੇ ਰਲਵਾਂ-ਮਿਲਵਾਂ ਪ੍ਰਤੀਕਰਮ ਮਿਲ ਰਿਹਾ ਹੈ। ਅਸਲ ਵਿੱਚ ਇਹ ਸਾਡੇ ਸਿੱਖਿਆ ਜਗਤ ਦੀ ਵੱਡੀ ਤ੍ਰਾਸਦੀ ਹੈ ਕਿ ਇੱਥੇ ਸਕੀਮਾਂ ਬਣਾਈਆਂ ਵੀ ਏ.ਸੀ. ਰੂਮਾਂ ਵਿੱਚ ਬਹਿ ਕੇ ਜਾਂਦੀਆਂ ਹਨ ਤੇ ਉਥੋਂ ਹੀ ਤੁਗ਼ਲਾਕੀ ਫੁਰਮਾਨ ਜਾਰੀ ਕਰਕੇ ਇਹਨਾਂ ਨੂੰ ਅੱਧ ਵਿਚਾਲੇ ਦਮ ਤੋੜਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਸੱਤਾ/ਸਟੇਟ ਨੂੰ ਇਹ ਢੰਗ ਖੂਬ ਰਾਸ ਆਉਂਦਾ ਹੈ। ਪੂਰੀ ਦੁਨੀਆਂ ਨੂੰ ਕੰਟਰੋਲ ਕਰ ਰਿਹਾ ਕਾਰਪੋਰੇਟ ਜਗਤ ਵੀ ਇਹੀ ਚਾਹੁੰਦਾ ਹੈ ਕਿ ਦੁਨੀਆਂ ਦਾ ਸਿੱਖਿਆ ਢਾਂਚਾ ਏਦਾਂ ਦਾ ਬਣਿਆ ਰਹੇ ਕਿ ਉਸ ਨੂੰ ਆਪਣੀ ਲੋੜ ਲਈ ਲੋੜੀਂਦੇ ਹਰ ਕਿਸਮ ਦੇ ਕਾਮੇ ਮਿਲ ਸਕਣ। ਖੈਰ ਅਸੀਂ ਮੁੜ ਕੇ ਆਪਣੇ ਮੁੱਖ ਨੁਕਤੇ ਪੜ੍ਹੋ ਪੰਜਾਬ ਵੱਲ ਆਉਂਦੇ ਹਾਂ। ਪੜ੍ਹੋ ਪੰਜਾਬ ਪ੍ਰਾਜੈਕਟ ਦੀ ਤ੍ਰਾਸਦੀ ਇਹ ਰਹੀ ਕਿ ਲਗਭਗ ਚਾਰ ਸਾਲਾਂ ਦੀਆਂ ਇਸ ਦੀਆਂ ਕਈ ਪ੍ਰਾਪਤੀਆਂ ਤੋਂ ਬਾਅਦ ਇਸ ਨੂੰ ਇਸ ਤਰ੍ਹਾਂ ਅੱਧ ਵਿਚਾਲੇ ਬੰਦ ਕਰ ਦਿੱਤਾ ਗਿਆ ਕਿ ਇਸ ਦੀਆਂ ਪ੍ਰਾਪਤੀਆਂ ਦੇ ਅਕਸ ਵੀ ਧੁੰਦਲੇ ਨਜ਼ਰ ਆਉਂਦੇ ਹਨ। ਚਾਹੀਦਾ ਇਹ ਸੀ ਕਿ ਇਸ ਦੀਆਂ ਖਾਮੀਆਂ ਦਾ ਸਹੀ ਮੁਲੰਕਣ ਕਰਕੇ ਇਸ ਦਾ ਢੁੱਕਵਾਂ ਬਦਲ ਤਲਾਸ਼ਿਆ ਜਾਂਦਾ।



ਜਦੋਂ 2008 ਵਿੱਚੋਂ ਉਸ ਸਮੇਂ ਦੇ ਡਾਇਰੈਕਟਰ ਜਨਰਲ ਆਫ਼ ਸਕੂਲ ਐਜੂਕੇਸ਼ਨ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਹ ਪ੍ਰਾਜੈਕਟ ਪੰਜਾਬ ਭਰ ਵਿੱਚ ਸ਼ੁਰੂ ਕੀਤਾ ਗਿਆ ਤਾਂ ਭਾਰਤ ਭਰ ਵਿੱਚੋਂ ਉਸ ਸਮੇਂ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਤੇ ਦੂਸਰੇ ਸੂਬਿਆਂ ਦੀ ਨਿਸਚਿਤ ਬਿਹਤਰ ਜੀਵਨ ਸਹੂਲਤਾਂ ਵਾਲੇ ਸੂਬੇ ਪੰਜਾਬ ਦਾ ਸਿੱਖਿਆ ਦੇ ਵਿੱਚ ਭਾਰਤ ਭਰ ਵਿੱਚੋਂ ਸਥਾਨ ਸਤਾਰਵਾਂ ਸੀ। ‘ਅਸਰ' ਨਾਂ ਦੀ ਗੈਰ ਸਰਕਾਰੀ ਸੰਸਥਾ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਸ ਸਮੇਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੂਸਰੀ ਜਮਾਤ ਦਾ ਟੀਚਾ ਵੀ ਕਲੀਅਰ ਨਹੀਂ ਸਨ ਕਰਦੇ। ਪੜ੍ਹੋ ਪੰਜਾਬ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੋ ਸਾਲਾਂ ਵਿੱਚ ਸਤਾਰਵੇਂ ਤੋਂ ਸੱਤਵੇਂ ਸਥਾਨ ’ਤੇ ਪਹੁੰਚ ਗਿਆ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਪਹਿਲੀ ਵਾਰੀ ਬੱਚਿਆਂ ਦੇ ਘੱਟੋ-ਘੱਟ ਸਿੱਖਣ ਪੱਧਰ ਦੇ ਟੀਚੇ ਨਿਰਧਾਰਿਤ ਕੀਤੇ ਗਏ ਤੇ ਪਤਾ ਲਗਾਇਆ ਕਿ ਬੱਚੇ ਕਿਸ ਪੱਧਰ ’ਤੇ ਸਟੈਂਡ ਕਰ ਰਹੇ ਹਨ। ਇਹ ਵੀ ਪਤਾ ਚੱਲਿਆ ਕਿ ਕਿੰਨੇ ਬੱਚੇ ਪੋਸਟਾਂ ਬਚਾਉਣ ਦੀ ਖਾਤਰ ਬੋਗਸ ਭਰਤੀ ਕੀਤੇ ਗਏ ਹਨ ਜਾਂ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੜ੍ਹ ਰਹੇ ਹਨ। ਪੜ੍ਹੋ ਪੰਜਾਬ ਦੀ ਟੀਮ ਵਿੱਚ ਸੀ.ਐੱਮ.ਟੀ., ਬੀ.ਐਮ.ਟੀ. ਅਸਿਸਟੈਂਟ ਤੇ ਜ਼ਿਲ੍ਹਾ ਪੜ੍ਹੋ ਪੰਜਾਬ ਕੋਆਰਡੀਨੇਟਰ ਸੁਤੰਤਰ ਰੂਪ ਵਿੱਚ ਆਪਣਾ ਕੰਮ ਕਰਦੇ ਸਨ ਤੇ ਆਪਣੀ ਰਿਪੋਰਟ ਸਿੱਧੀ ਸਟੇਟ ਹੈੱਡ ਕੁਆਟਰ ਨੂੰ ਭੇਜਦੇ ਸਨ। ਰਵਾਇਤੀ ਚੈਕਿੰਗ ਸਿਸਟਮ ਸੀ.ਐੱਚ.ਟੀ., ਬੀ.ਪੀ.ਈ.ਓ., ਡੀ.ਈ.ਓ., ਸੀ.ਈ.ਓ., ਡੀ.ਪੀ.ਆਈ. ਦੀ ਇਸ ਵਿੱਚ ਦਖ਼ਲ-ਅੰਦਾਜ਼ੀ ਬਿਲਕੁੱਲ ਨਹੀਂ ਸੀ। ਪੜ੍ਹੋ ਪੰਜਾਬ ਦੀ ਸਫਲਤਾਂ ਦਾ ਰਹੱਸ ਵੀ ਇਹੀ ਸੀ। ਭਾਵੇਂ ਕਿ ਪੈਰਲਲ ਚੈਕਿੰਗ ਸਿਸਟਮ ਖੜ੍ਹਾ ਕਰਕੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵਾਲੇ ਤੇਜ਼ ਤਰਾਰ ਆਈ.ਏ.ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਬਹੁਤ ਸਾਰੇ ਬਖੇੜੇ ਖੜ੍ਹੇ ਕਰ ਲਏ, ਕਈ ਥਾਂ ਜ਼ਰੂਰਤ ਤੋਂ ਜ਼ਿਆਦਾ ਦਖ਼ਲ-ਅੰਦਾਜ਼ੀ ਵੀ ਦੇਖਣ ਨੂੰ ਮਿਲੀ, ਪ੍ਰੰਤੂ ਇਸ ਸਿਸਟਮ ਨੇ ਆਊਟ ਪੁੱਟ ਵੀ ਬਹੁਤ ਦਿੱਤੀ। ਇਹ ਗੱਲ ਵੱਖਰੀ ਹੈ ਕਿ ਇਸ ਨਾਲ ਰਵਾਇਤੀ ਚੈਕਿੰਗ ਸਿਸਟਮ ਹੋਰ ਨਿਹੱਥਾ ਤੇ ਸੁਸਤ ਹੋ ਗਿਆ।

ਬੱਚਿਆਂ ਲਈ ਘੱਟ ਤੋਂ ਘੱਟ ਸਿੱਖਣ ਦੇ ਟੀਚੇ ਨਿਰਧਾਰਿਤ ਕਰਨ ਨਾਲ ਢਾਂਚੇ ਵਿੱਚ ਚੁਸਤੀ ਆਈ। ਬੱਚਿਆਂ ਦੀਆਂ ਕਲਾਸਾਂ ਭੰਗ ਕਰਕੇ ਉਹਨਾਂ ਦੇ ਭਾਸ਼ਾ ਤੇ ਗਣਿਤ ਦੇ ਅਨੁਸਾਰ ਦੇ ਮਹਿਲ ਬਣਾ ਦਿੱਤੇ ਗਏ। ਇਸ ਤਰ੍ਹਾਂ ਬੱਚਿਆਂ ਦੀ ਲੋੜ ਅਨੁਸਾਰ ਉਹਨਾਂ ਨੂੰ ਟਰੀਟਮੈਂਟ ਦਿੱਤਾ ਗਿਆ। ਇੱਥੇ ਕਈ ਗੰਭੀਰ ਕੁਤਾਹੀਆਂ ਵੀ ਹੋਈਆਂ ਜਿਵੇਂ ਕਿ ਉਦਾਹਰਨ ਵਜੋਂ ਤੀਸਰੀ, ਚੌਥੀ ਤੇ ਪੰਜਵੀਂ ਦਾ ਭਾਸ਼ਾ ਦਾ ਟੀਚਾ ਇੱਕੋ ਹੀ ਕਹਾਣੀ ਪੜ੍ਹਨਾ ਮਿਥਿਆ ਗਿਆ ਭਾਵ ਜੋ ਬੱਚਾ ਤੀਸਰੀ ਵਿੱਚ ਹੀ ਇਹ ਟੀਚਾ ਗ੍ਰਹਿਣ ਕਰ ਗਿਆ ਉਹ ਅਗਲੇ ਦੋ ਸਾਲ ਮਿੰਨੀ ਮਾਸਟਰ/ਮਨੀਟਰ ਦੀ ਭੂਮਿਕਾ ਹੀ ਨਿਭਾਉਂਦਾ ਰਿਹਾ। ਇਸੇ ਤਰ੍ਹਾਂ ਹਿਸਾਬ ਵਿੱਚ ਤੀਸਰੀ, ਚੌਥੀ ਤੇ ਪੰਜਵੀਂ ਦਾ ਟੀਚਾ ਇੱਕ ਹੀ ਰੱਖਿਆ ਗਿਆ। ਇਸ ਤਰ੍ਹਾਂ ਤੀਸਰੀ ਜਮਾਤ ਵਿੱਚ ਟੀਚਾ ਪ੍ਰਾਪਤ ਬੱਚੇ ਲਈ ਗ੍ਰਹਿਣ ਕਰਨ ਲਈ ਹੋਰ ਕੁਝ ਨਾ ਬਚਿਆ। ਇਸ ਪ੍ਰਾਜੈਕਟ ਦੇ ਪਿਛਲੇਰੇ ਕਾਲ ਵਿੱਚ ਭਾਵੇਂ ਟੀਚਾ ਪ੍ਰਾਪਤ ਕਰ ਚੁੱਕੇ ਬੱਚਿਆਂ ਨੂੰ ਸਿਲੇਬਸ ਨਾਲ ਜੋੜਨ ਦਾ ਯਤਨ ਕੀਤਾ ਗਿਆ, ਪ੍ਰੰਤੂ ਇਸ ਪ੍ਰੋਜੈਕਟ ਦੇ ਕਰਤਾ-ਧਰਤਿਆਂ ਵੱਲੋਂ ਘੱਟੋ-ਘੱਟ ਟੀਚੇ ਪ੍ਰਾਪਤ ਨਾ ਕਰਨ ਦੇ ਕਾਰਨ ਹੋ ਰਹੀਆਂ ਜਵਾਬ-ਤਲਬੀਆਂ ਦੇ ਡਰੋਂ ਅਧਿਆਪਕ ਆਪਣਾ ਸਾਰਾ ਜ਼ੋਰ ਜ਼ਿਆਦਾ ਕਮਜ਼ੋਰ ਬੱਚਿਆਂ ’ਤੇ ਹੀ ਲਾਉਂਦੇ ਰਹੇ। ਇਸ ਤਰ੍ਹਾਂ ਕਮਜ਼ੋਰ ਬੱਚਿਆਂ ਦੀ ਕੀਮਤ ਤੇ ਹੁਸ਼ਿਆਰ ਬੱਚਿਆਂ ਦੀ ਪ੍ਰਤਿਭਾ ਦਾ ਹਨਨ ਹੋਇਆ।

ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਹਰ ਇੱਕ ਅਧਿਆਪਕ ਲਈ ਘੱਟੋ-ਘੱਟ ਸਮਾਂ ਕਲਾਸਾਂ ਵਿੱਚ ਪੜ੍ਹਾਉਣ ਦਾ ਨੀਯਤ ਕਰ ਦਿੱਤਾ ਗਿਆ। ਇਸ ਨਾਲ ਫਰਲੋ ’ਤੇ ਆਨ ਡਿਊਟੀ ਘਟੀ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਅਧਿਆਪਕਾਂ ਦੇ ਟਰੇਨਿੰਗ ਕੈਂਪਾਂ/ਸੈਮੀਨਾਰਾਂ ਵਿੱਚ ਵੰਨ-ਸੁਵੰਨਤਾ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਇਹ ਕੈਂਪ ਮਹਿਜ਼ ਬੁੱਤਾ ਸਾਰਨ ਲਈ ਲਾਏ ਜਾਂਦੇ ਸਨ। ਲੰਮਾਂ ਸਮਾਂ ਪ੍ਰਾਇਮਰੀ ਤੇ ਮਾਸਟਰ ਕੇਡਰ ਦੇ ਅਧਿਆਪਕਾਂ ਦੇ ਕੈਂਪ ਇਕੱਠੇ ਹੀ ਲਗਾਏ ਜਾਂਦੇ ਰਹੇ ਜੋ ਕਿ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਸੀ।

ਪੜ੍ਹੋ ਪੰਜਾਬ ਪ੍ਰਾਜੈਕਟ ਦੀ ਸਭ ਤੋਂ ਵੱਡੀ ਪ੍ਰਾਪਤੀ ਤੇ ਅਹਿਮ ਦੇਣ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲਾਇਬਰੇਰੀਆਂ ਦੀ ਪੁਨਰ-ਸੁਰਜੀਤੀ ਹੈ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਰਵ ਸਿੱਖਿਆ ਅਭਿਆਨ ਵੱਲੋਂ ਵੱਡੀ ਮਾਤਰਾ ਵਿੱਚ ਕਿਤਾਬਾਂ ਸਕੂਲਾਂ ਵਿੱਚ ਭੇਜੀਆਂ ਗਈਆਂ। ਬੱਚਿਆਂ ਲਈ ਲਾਇਬਰੇਰੀ ਵਿੱਚ ਜਾਣ ਦਾ ਸਮਾਂ ਤੇ ਅਧਿਆਪਕ ਨੂੰ ਬੱਚਿਆਂ ਨੂੰ ਸਮੇਂ-ਸਮੇਂ ’ਤੇ ਕਿਤਾਬਾਂ ਜਾਰੀ ਕਰਨ ਦਾ ਸਮਾਂ ਨੀਯਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਕਰਮਾਂ ਵਾਲਾ ਅਧਿਆਪਕ ਬੱਚਿਆਂ ਨੂੰ ਲਾਇਬਰੇਰੀ ’ਚੋਂ ਕਿਤਾਬਾਂ ਪੜ੍ਹਨ ਲਈ ਦਿੰਦਾ ਸੀ। ਵਿਚਾਰੀਆਂ ਕਿਤਾਬਾਂ ਹੰਭ-ਹਾਰ ਕੇ ਅਲਮਾਰੀਆਂ ਵਿੱਚ ਹੀ ਦਮ ਤੋੜ ਦਿੰਦੀਆਂ ਸਨ ਤੇ ਘੁਣ/ਸਿਉਂਕ ਦੀ ਖਾਦ-ਖੁਰਾਕ ਬਣ ਜਾਂਦੀਆਂ ਸਨ। ਇਸੇ ਕੜੀ ਤਹਿਤ ਬਾਹਰਲਾ ਕਲਾਸਿਕ ਸਾਹਿਤ ਵੀ ਅਨੁਵਾਦ ਕਰਕੇ ਸਕੂਲਾਂ ਵਿੱਚ ਭੇਜਿਆ ਗਿਆ। ਇਹ ਗੱਲ ਵੱਖਰੀ ਹੈ ਕਿ ਇਸ ਪ੍ਰਾਜੈਕਟ ਵਿੱਚ ਕੰਮ ਕਰਦੇ ਕਈ ਡਾ.  ਦੇਵਿੰਦਰ ਬੋਹਾ ਵਰਗੇ ਵਿੱਚ ਆਪਣੀ ਪੀਪਨੀ ਵੀ ਵਜਾਉਂਦੇ ਰਹੇ। ਅਜਿਹੇ ਲੇਖਕ ਅਧਿਆਪਕਾਂ ਦੀਆਂ ਨਾ ਤਾਂ ਇਹ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਨਾ ਹੀ ਇਹਨਾਂ ਦੇ ਪ੍ਰਾਜੈਕਟ ਛੱਡਣ ਤੋਂ ਬਾਅਦ ਕੋਈ ਇਹਨਾਂ ਦੀ ਕੋਈ ਬਾਲ ਪੁਸਤਕ ਦੇਖਣ, ਸੁਣਨ, ਪੜ੍ਹਨ ਨੂੰ ਨਹੀਂ ਮਿਲੀ। ਪੜ੍ਹੋ ਪੰਜਾਬ ਪ੍ਰਾਜੈਕਟ ਵੱਲੋਂ ਅਧਿਆਪਕਾਂ ਤੇ ਨੰਨ੍ਹੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ‘ਆਲ਼ੇ-ਭੋਲ਼ੇ’ ਮੈਗਜ਼ੀਨ ਦੀ ਸ਼ੁਰੂਆਤ ਸ਼ਲਾਘਾਯੋਗ ਕਦਮ ਸੀ। ਇਸ ਦੇ ਨਾਲ-ਨਾਲ ਜੇਕਰ ਗੁਰਬਚਨ ਭੁੱਲਰ ਜਿਹੇ ਪੰਜਾਬੀ ਦੇ ਮਹਾਨ ਬਾਲ ਲੇਖਕਾਂ ਦੀਆਂ ਪੁਸਤਕਾਂ ਵੀ ਸਕੂਲਾਂ ਵਿੱਚ ਬੱਚਿਆਂ ਦੇ ਪੜ੍ਹਨ ਲਈ ਭੇਜੀਆਂ ਜਾਂਦੀਆਂ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਣੀ ਸੀ। ਬੱਚਿਆਂ ਦੀ ਵਡੇਰੀ ਲੋੜ ਨੂੰ ਮਹਿਸੂਸ ਕਰਦਿਆਂ ਪੜ੍ਹੋ ਪੰਜਾਬ ਟੀਮ ਵੱਲੋਂ ਬਾਲ ਪ੍ਰਾਇਮਰੀ ਕੋਸ਼ ‘ਗਿਆਨ ਸਰੋਵਰ' ਤਿਆਰ ਕਰਨਾ ਸ਼ਲਾਘਾਯੋਗ ਕਦਮ ਸੀ ਪ੍ਰੰਤੂ ਪ੍ਰਕਾਸ਼ਕ ਦੀ ਗਲਤੀ ਦੇ ਸਿੱਟੇ ਵਜੋਂ ਇਸ ਦੇ ਲੇਖਕਾਂ ਨੂੰ ਸੱਜ ਪਿਛਾਖੜੀਆਂ ਵੱਲੋਂ ਇਸ ਨੂੰ ਫਿਰਕੂ ਰੰਗਤ ਦੇਣ ਤੋਂ ਬਾਅਦ ਇਸ ਦੇ ਵਿਚਾਰੇ ਲੇਖਕ ਇਸ ਕਦਰ ਡਰ ਗਏ ਕਿ ਇਸ ਨੂੰ ਮੁੜ ਸੋਧ ਕੇ ਛਾਪਣ ਦਾ ਹੀਆਂ ਈ ਨਾ ਕਰ ਸਕੇ। ਇਸੇ ਲੜੀ ’ਚ ਥਾਂ-ਥਾਂ ਚਿੱਤਰ ਕਲਾ/ਪੇਟਿੰਗਜ਼/ਬਾਲ ਮੈਗਜ਼ੀਨ ਤਿਆਰ ਕਰਨੇ ਤੇ ਵੰਨ-ਸੁਵੰਨਤਾ ਵਾਲੀਆਂ ਬਾਲ ਸਭਾਵਾਂ ਦੇਖਣ ਨੂੰ ਮਿਲੀਆਂ। ਇਸ ਸਭ ਨਾਲ ਇੰਝ ਜਾਪਣ ਲੱਗ ਪਿਆ ਸੀ ਜੰਗ-ਯੋਧਾਂ ਦੀ ਧਰਤੀ ਪੰਜਾਬ ਦੀ ਅਗਲੀ ਪੀੜ੍ਹੀ ਦੇ ਨਾਇਕ ਸੂਖਮ ਕਲਾਵਾਂ ਵਿੱਚ ਵਿਸ਼ਵ ਪੱਧਰ ਦੇ ਨਾਇਕ ਬਣਨਗੇ।

‘ਪ੍ਰਥਮ' ਨਾਂ ਦੀ ਦੀ ਗੈਰ ਸਰਕਾਰੀ ਸੰਸਥਾ ਨੇ ਇਸ ਪ੍ਰਾਜੈਕਟ ’ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਇਆ। (ਇਸ ਸਵਾਲ ’ਤੇ ਚਰਚਾ ਕਦੇ ਫੇਰ ਕਰਾਂਗੇ ਉਸ ਨੂੰ ਇਸ ਦਾ ਕੀ ਲਾਭ ਹੋਇਆ) ਅਧਿਆਪਕ/ਵਿਦਿਆਰਥੀ ਦੇ ਪੜ੍ਹਨ ਪੜ੍ਹਾਉਣ ਦੇ ਪੱਧਰ ਨੂੰ ਵਧੇਰੇ ਸਰਲ ਤੇ ਰੌਚਿਕ ਬਣਾਉਣ ਲਈ ਇਸ ਸੰਸਥਾ ਨੇ ਟਨਾਂ ਦੇ ਟਨਾਂ ਲਰਨਿੰਗ ਮਟੀਰੀਅਲ ਫਲੈਸ਼ ਕਾਰਡ, ਮਾਡਲ, ਵਰਕ ਬੁਕਸ, ਐਕਟੀਵਿਟੀ ਬੁਕਸ ਆਦਿ ਦੇ ਰੂਪ ਵਿੱਚ ਸਕੂਲਾਂ ਵਿੱਚ ਭੇਜਿਆ। ਬਿਨਾਂ ਸ਼ੱਕ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਦਾ ਭਰਭੂਰ ਲਾਭ ਉਠਾਇਆ ਪ੍ਰੰਤੂ ਇੱਥੇ ਗੌਰ ਕਰਨਯੋਗ ਪਹਿਲੂ ਇਹ ਹੈ ਕਿ ਜਿਸ ਤਰ੍ਹਾਂ ਹਰੀ ਕ੍ਰਾਂਤੀ ਤੋਂ ਬਾਅਦ ਕੀਟਨਾਸ਼ਕਾਂ/ਰਸਾਇਣਿਕ ਖਾਦਾਂ ਦੀ ਬੇਤਹਾਸਾ ਵਰਤੋਂ ਨਾਲ ਪੰਜਾਬ ਦੀ ਧਰਤੀ ਤੇ ਕੁਦਰਤੀ ਖੇਤੀ ਲਗਭਗ ਅਸੰਭਵ ਹੈ ਉਸੇ ਤਰ੍ਹਾਂ ਜਦੋਂ ਹੁਣ ਇਹ ਪ੍ਰਾਜੈਕਟ ਬੰਦ ਹੋ ਗਿਆ ਤਾਂ ਸਾਡੇ ਅਧਿਆਪਕ ਰਵਾਇਤੀ ਪੜ੍ਹਾਉਣ ਦੇ ਢੰਗ ਕਲਮ/ਦਵਾਤ/ਫੱਟੀ ਜਾਂ ਸਲੇਟ/ਬੱਤੀ ਵੱਲ ਨਿਸ਼ਚੇ ਹੀ ਬੜੀ ਔਖ ਨਾਲ ਪਰਤਣਗੇ।

ਪੜ੍ਹੋ ਪੰਜਾਬ ਦੇ ਮੱਥੇ ’ਤੇ ਸਭ ਤੋਂ ਵੱਡਾ ਕਲੰਕ ਪੰਜਾਬ ਦੇ ਪ੍ਰਾਇਮਰੀ ਵਿਭਾਗ ਦੇ ਖੇਡ ਢਾਂਚੇ ਨੂੰ ਤਹਿਸ-ਨਹਿਸ ਕਰਨਾ ਹੈ। ਪੜ੍ਹੋ ਪੰਜਾਬ ਦੇ ਸਡਿਊਲ ਵਿੱਚੋਂ ਬੱਚਿਆਂ ਦੇ ਬੌਧਿਕ ਵਿਕਾਸ  ਲਈ ਤਾਂ ਅਨੇਕਾਂ ਖੇਡਾਂ ਕਿਰਿਆਵਾਂ ਰੱਖੀਆਂ ਗਈਆਂ ਪ੍ਰੰਤੂ ‘ਨਰੋਏ ਸਰੀਰ ਅੰਦਰ ਨਰੋਆ ਮਨ ਹੁੰਦਾ ਹੈ' ਵਾਲੀ ਕਹਾਵਤ ਇੱਥੇ ਠੁੱਸ ਹੋ ਕੇ ਰਹਿ ਗਈ। ਖੋ-ਖੋ, ਕਬੱਡੀ, ਅਥਲੈਟਿਕਸ ਆਦਿ ਖੇਡਾਂ ਲਈ ਇਸ ਪ੍ਰਾਜੈਕਟ ਵਿੱਚ ਕੋਈ ਥਾਂ ਨਾ ਹੋਣ ਕਾਰਨ ਪੰਜਾਬ ਦੇ ਪ੍ਰਾਇਮਰੀ ਵਿਭਾਗ ਦੇ ਖੇਡ ਢਾਂਚੇ ਦਾ ਬੁਰੀ ਤਰ੍ਹਾਂ ਭੱਠਾ ਬੈਠ ਗਿਆ।

ਪੜ੍ਹੋ ਪੰਜਾਬ ਪ੍ਰਾਜੈਕਟ ਦਾ ਇੱਕ ਹੋਰ ਨਾਕਾਰਤਮਕ ਪਹਿਲੂ ਰੱਟਾ ਲਗਾਉ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨਾ ਹੈ ਜਿਵੇਂ ਕਿ ਇਸ ਵਿੱਚ ਵੱਖ-ਵੱਖ ਪੱਧਰਾਂ ’ਤੇ ਬੱਚਿਆਂ ਲਈ ਲਾਗਵੇਂ ਪਹਾੜਿਆਂ ਦੇ ਟੀਚੇ ਮਿੱਥੇ ਗਏ। ਜੇਕਰ ਬੱਚਿਆਂ ਨੂੰ ਅੱਜ ਟੋਕਵੇਂ ਪਹਾੜੇ ਸੁਣੇ ਜਾਣ ਤੇ 80% ਬੱਚੇ ਘੁੰਮਣ-ਘੇਰੀ ਵਿੱਚ ਪੈ ਜਾਣਗੇ। ਇਸੇ ਤਰ੍ਹਾਂ ਹੀ ਅੰਗਰੇਜ਼ੀ ਵਿੱਚ ਕਨਵਰਸ਼ੇਸ਼ਨ ਦਾ ਹਾਲ ਹੋਇਆ। ਅਧਿਆਪਕਾਂ ਨੇ ਇੱਕੋ ਹੱਲੇ ਹੀ ਪੂਰੇ ਸਕੂਲ ਦੇ ਬੱਚਿਆਂ ਨੂੰ Hoe are you ਦਾ ਉੱਤਰ 'I am fine thank you' ਪੰਜ ਮਿੰਟਾਂ ਵਿੱਚ ਪ੍ਰਾਰਥਨਾ ਵਿੱਚ ਹੀ ਸਿਖਾ ਦਿੱਤਾ। ਭਾਵ ਬੱਚੇ ਨੂੰ ਅਜਿਹੇ ਸੁਆਲਾਂ ਦੇ ਪਿੱਛੇ ਕੰਮ ਕਰਦੇ ਪਹਿਲੂਆਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਸਮਝੀ ਗਈ। ਇਸੇ ਤਰ੍ਹਾਂ ਵਕਤੀ/ਲੰਮੇ ਸਮੇਂ ਤੋਂ ਗੈਰਹਾਜ਼ਰ ਤੇ ਚੁਣੌਤੀ ਗ੍ਰਸਤ ਬੱਚਿਆਂ ਦਾ ਰਿਜਲਟ ਅਧਿਆਪਕ ਸਿਰ ਪਾਉਣ ਕੋਈ ਤਰਕਸੰਗਤ ਫੈਸਲਾ ਨਹੀਂ ਸੀ।

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਸਮੇਂ ’ਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਉਹ ਉਸ ਸਮੇਂ ਦੀ ਵੱਡੀ ਲੋੜ ਸੀ ਪ੍ਰੰਤੂ ਨਾਲ ਹੀ ਇਹ ਵੀ ਸੱਚ ਹੈ ਕਿ ਇਸ ਵਿੱਚ ਸਮੇਂ-ਸਮੇਂ ’ਤੇ ਸੁਧਾਰ ਦੀ ਗੁਜਾਇਸ਼ ਵੀ ਪਈ ਸੀ। ਇਸ ਵਿੱਚ ਲੋੜੀਂਦੇ ਸੁਧਾਰ ਕਰਨ ਦੀ ਬਜਾਇ ਇਸ ਨੂੰ ਬੰਦ ਕਰ ਦਿੰਦਾ ਨਿਸ਼ਚੇ ਹੀ ਪੰਜਾਬ ਸਰਕਾਰ ਦਾ ਫੈਸਲਾ ਹੈ। ਇਸ ਸਮੇਂ ਇਸ ਦਾ ਢੁਕਵਾਂ ਬਦਲ ਨਾ ਹੋਣ ਕਰਕੇ ਵਿਚਾਰੇ ਪ੍ਰਾਇਮਰੀ ਅਧਿਆਪਕ ਅਜੀਬ ਦੁਬਿਧਾ ’ਚ ਪੈ ਗਏ ਹਨ ਕਿ ਉਹ ਪੜ੍ਹੋ ਪੰਜਾਬ ਦੇ ਅਨੁਸਾਰ ਬੱਚਿਆਂ ਨੂੰ ਪੜ੍ਹਾਉਣ ਜਾਂ ਇਸ ਤੋਂ ਪਹਿਲਾਂ ਦਾ ਰਵਾਇਤੀ ਪੜ੍ਹਨ-ਪੜ੍ਹਾਉਣ ਦਾ ਢੰਗ ਅਖਤਿਆਰ ਕਰਨ।

ਸੰਪਰਕ:   94640 74736

Comments

Raj Paul Singh

ਬਹੁਤ ਅੱਛਾ ਅਤੇ ਸੰਤੁਲਿਤ ਲੇਖ ਹੈ। ਅਫਸੋਸ ਕਿ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਸਬੰਧ ਰੱਖਣ ਵਾਲੇ ਇਸ ਲੇਖ ਉਪਰ ਅਜੇ ਤੀਕ ਇੱਕ ਵੀ ਕੁਮੈਂਟ ਨਹੀਂ ਆਇਆ ਹੈ।

Jas Brar

bilkul sahi kiha Veer RajPaul ithe te saanu bhardkaoo bhashan chahide ne eho jihe lekhan wal kis da dhiaan jaanda ha .. samaazwaad de haami ya dharma de aagoo sirf ik doosre de kamma ch lat fasaona jaande ne .. asli vikaas wal kise da dhiaan nahi jaanda asli kam te bachian nu sahi education deni hai baaki masle apne aap theek ho jaange ... bahut wadhia nazar maari gayi hai system te .... 5* lekh hai eh te ji

Thaynara

Dude, right on there bretohr.

owedehons

http://onlinecasinouse.com/# online gambling no deposit casino <a href="http://onlinecasinouse.com/# ">best online casino </a> play casino

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ