Sat, 12 October 2024
Your Visitor Number :-   7231782
SuhisaverSuhisaver Suhisaver

ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਸਿੱਖਿਆ - ਮਨਜੀਤ ਕੌਰ

Posted on:- 04-12-2015

suhisaver

ਪੰਜਾਬੀ ਦੀ ਇੱਕ ਆਮ ਕਹਾਵਤ ਹੈ ਕਿ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ।ਇਹ ਬਿਲਕੁਲ ਸਹੀ ਉਕਤੀ ਹੈ ਕਿਉਂਕਿ ਜੋ ਵੀ ਮਨੁੱਖ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ ਉਸ ਵਿੱਚ ਕੁਦਰਤੀ ਇੱਛਾ ਹੁੰਦੀ ਹੈ ਕਿ ਉਹ ਸੰਸਾਰ ਦੇ ਹਰ ਨਜ਼ਾਰੇ ਨੂੰ ਆਪਣੀਆਂ ਅੱਖਾਂ ਨਾਲ ਦੇਖੇ ਅਤੇ ਉਸ ਬਾਰੇ ਆਪਣੇ ਵਿਚਾਰ ਪੇਸ਼ ਕਰ ਸਕੇ।ਅੱਖਾਂ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਇੱਕ ਹੈ ਜਿਸ ਦੇ ਸਹਾਰੇ ਮਨੁੱਖ ਬਾਹਰੀ ਸੰਸਾਰ ਦਾ ਸਹੀ ਤੇ ਸ਼ੁੱਧ ਗਿਆਨ ਪ੍ਰਾਪਤ ਕਰਦਾ ਹੈ।ਇਹੀ ਗਿਆਨ ਬਾਕੀ ਦੇ ਲੋਕਾਂ ਲਈ ਭਲਾਈ ਦਾ ਕਾਰਜ ਕਰਦਾ ਹੈ।ਜਿਹੜੇ ਮਨੁੱਖ ਜਮਾਂਦਰੂ ਹੀ ਅੱਖਾਂ ਤੋਂ ਮਹਿਰੂਮ ਰਹਿ ਜਾਂਦੇ ਹਨ ਉਹਨਾਂ ਲਈ ਸੰਸਾਰ ਇੱਕ ਗੁੰਝਲਦਾਰ ਬੁਝਾਰਤ ਬਣ ਜਾਂਦਾ ਹੈ।

ਉਹ ਸੰਸਾਰ ਦਾ ਸਹੀ ਨਕਸ਼ਾ ਕਦੇ ਵੀ ਆਪਣੇ ਮਸਤਕ ਵਿੱਚ ਉਤਾਰ ਨਹੀਂ ਸਕਦੇ।ਜਿੱਥੇ ਉਹ ਸੰਸਾਰ ਦੇ ਗਿਆਨ ਦੀ ਪ੍ਰਾਪੳਤੀ ਤੋਂ ਦੂਜਿਆਂ ਤੋਂ ਪੱਛੜ ਜਾਂਦੇ ਹਨ ਉੱਥੇ ਉਹ ਸਮਾਜ ਵਿੱਚ ਨਿਰਭਰਤਾ ਤੇ ਹੀਣਤਾ ਵਾਲੇ ਭਾਵ ਨਾਲ ਵੀ ਭਰ ਜਾਂਦੇ ਹਨ।ਸਮਾਜ ਵਿੱਚ ਬਹੁਤ ਸਾਰੇ ਨਾਵਾਂ ਨਾਲ ਇਹਨਾਂ ਵਿਕਾਰ-ਗ੍ਰਸਤ ਲੋਕਾਂ ਨੂੰ ਚਿੜਾਇਆ ਜਾਂਦਾ ਹੈ।ਸਮਾਜ ਦੀ ਇਸ ਬੀਮਾਰ ਮਾਨਸਿਕਤਾ ਕਾਰਨ ਬਹੁਤੀ ਵਾਰ ਅਜਿਹੇ ਵਿਕਾਰ ਤੋਂ ਪੀੜਤ ਵਿਅਕਤੀ ਘੋਰ ਮਾਨਸਿਕ ਸਦਮੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਜਿੱਥੇ ਸਥਾਰਨ ਤਬੀਅਤ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵੱਖ-ਵੱਖ ਸਕੂਲ ਖੋਲ੍ਹੇ ਗਏ ਹਨ ਉੱਥੇ ਸਮੇਂ-ਸਮੇਂ ਤੇ ਸਰਕਾਰ ਵੱਲੋਂ ਇਹਨਾਂ ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਵੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।ਅਜਿਹੇ ਸਕੂਲਾਂ ਨੂੰ ਸਰਕਾਰ ਆਪਣੇ ਪੱਧਰ ਤੇ ਚਲਾਉਣ ਦੇ ਨਾਲ-ਨਾਲ ਜ਼ਿਲ੍ਹਾ ਰੈਡ ਕਰਾਸ ਸੁਸਾਇਟੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਰਾਹੀ ਚਲਾ ਰਹੀ ਹੈ।ਅਜਿਹੇ ਸਕੂਲਾਂ ਦਾ ਮੰਤਵ ਵਿਦਿਆਰਥੀ ਨੂੰ ਸਧਾਰਨ ਜ਼ਿੰਦਗੀ ਜਿਉਣ ਦੇ ਯੋਗ ਬਨਾਉਣ ਦੇ ਨਾਲ-ਨਾਲ ਉਸਨੂੰ ਕੁਸ਼ਲ ਤੇ ਗਿਆਨਵਾਨ ਬਨਾਉਣਾ ਵੀ ਹੈ।ਅਜਿਹੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਅਧੀਨ ਵਿਸ਼ੇਸ਼ ਸਾਧਨਾਂ ਦੀ ਸਹਾਇਤਾ ਨਾਲ ਪੜ੍ਹਾਇਆ ਜਾਂਦਾ ਹੈ।ਅਜਿਹੇ ਸਾਧਨਾਂ ਸੀ ਸਹਾਇਤਾ ਨਾਲ ਇਹ ਵਿਦਿਆਰਥੀ ਹਰ ਉਹ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਨ ਜਿਹੜੀ ਕਿ ਸਧਾਰਨ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ।

ਜੇਕਰ ਅਸੀਂ ਨੇਤਰਹੀਣ ਵਿਦਿਆਰਥੀਆਂ ਦੀ ਸਿੱਖਿਆ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਸਮੇਂ ਵਿੱਚ ਵਿਸ਼ਵ ਦੀ ਸਭ ਤੋਂ ਪੁਰਾਣੀ ਮਿਸਰ ਦੀ ਸੱਭਿਅਤਾ ਵਿੱਚ ਅਜਿਹੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ।ਅਜਿਹੇ ਹੀ ਮੁਢਲੇ ਵਿਵਸਥਿਤ ਯਤਨ 1765 ਵਿੱਚ ਈਡਨਬਰਗ ਤੇ ਬਰਿਸਟਨ ਵਿੱਚ ਕੀਤੇ ਗਏ।ਪਰੰਤੂ ਇਸ ਪਾਸੇ ਵਿਸ਼ੇਸ਼ ਤੌਰ ਤੇ ਹੈਨਰੀ ਡੈਨੇਟ ਲਿਵਰਪੂਲ ਵਿੱਚ ਪਹਿਲ਼ੀ ਸੰਸਥਾ ਦਾ ਮੁੱਢ ਬੰਨ੍ਹਿਆ।ਇਸ ਸੰਸਥਾ ਵਿੱਚ ਦ੍ਰਿਸ਼ਟੀਹੀਣ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ।ਇਹ ਇਸ ਪਾਸੇ ਵੱਲ ਪੁੱਟਿਆ ਗਿਆ ਪਹਿਲਾ ਨਿੱਗਰ ਯਤਨ ਕਿਹਾ ਜਾ ਸਕਦਾ ਹੈ।

ਇਸ ਤੋਂ ਬਾਅਦ ਫਰਾਂਸ ਵਿੱਚ 1784 ਵਿੱਚ ਵੈਲੇਨਟਿਨ ਹੇ ਦੁਆਰਾ ਹੋਰ ਦ੍ਰਿੜ ਯਤਨ ਕੀਤਾ ਗਿਆ।ਇਸ ਤਰ੍ਹਾਂ ਦ੍ਰਿਸ਼ਟੀਹੀਣ ਵਿਦਿਆਰਥੀਆਂ ਨੂੰ ਸਭ ਤੋਂ ਵੱਡੀ ਦੇਣ ਦੇਣ ਵਾਲੇ ਲੁਈਸ ਬਰੇਲ ਨੇ ਵੈਲੇਨਟਿਨ ਹੇ ਦੇ ਸਕੂਲ ਨੂੰ ਗ੍ਰਹਿਣ ਕੀਤਾ ਤੇ ਇਸ ਵਿੱਚ ਆਪਣਾ ਬੁਨਿਆਦੀ ਯੋਗਦਾਨ ਪਾਇਆ।ਇਸ ਤਰ੍ਹਾਂ ਇਤਿਹਾਸਕ ਤੌਰ ਤੇ ਪਹਿਲਾ ਸੰਗਠਨਾਤਮਿਕ ਰੂਪ ਵਿੱਚ ਪਹਿਲਾ ਸਕੂਲ ਉਕਤ ਖਿਆਲਾਂ ਦੀ ਰੋਸ਼ਨੀ ਵਿੱਚ 1835 ਵਿੱਚ ਬਰਤਾਨੀਆਂ ਵਿੱਚ ਖੁੱਲ੍ਹਿਆ।ਇਸੇ ਲੜੀ ਵਿੱਚ 1838 ਵਿੱਚ ਲੰਡਨ ਸੁਸਾਇਟੀ ਫਾਰ ਟੀਚਿੰਗ ਦੀ ਬਲਾਈਂਡ ਰੀਡ ਦਾ ਨਿਰਮਾਣ ਹੋਇਆ।ਇਸ ਵਿੱਚ ਸਿੱਖਿਆ ਸ਼ਾਸਤਰੀ ਥੌਮਸ ਲੁਕਾਸ ਨੇ ਲੁਈਸ ਬਰੇਲ ਦੀ ਸਿੱਖਿਆ ਪ੍ਰਣਾਲੀ ਨੂੰ ਅਗਾਂਹ ਵਧਾਇਆ।ਇਸ ਤਰ੍ਹਾਂ 1866 ਵਿੱਚ ਬਾਲਗ ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਵੌਰਕੈਸਟਰ ਵਿੱਚ ਪਹਿਲਾ ਸਕੂਲ ਖੋਲ੍ਹਿਆ ਗਿਆ।

ਜੇਕਰ ਅਸੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਉੱਪਰ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਰਕਾਰ ਦੁਆਰਾ ਜਿਹੜੇ ਮੁੱਢਲੇ ਯਤਨ ਕੀਤੇ ਗਏ ਉਹਨਾਂ ਵਿੱਚ ਲੁਧਿਆਣਾ ਦੇ ਜਮਾਲਪੁਰ ਵਿੱਚ ਪੰਜਾਬ ਸਰਕਾਰ ਦੁਆਰਾ 1968 ਵਿੱਚ ਦ੍ਰਿਸ਼ਟੀਹੀਣ ਵਿਦਿਆਰਥੀਆਂ ਲਈ ਸਕੂਲ ਖੋਲ਼੍ਹਿਆ ਗਿਆ।ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਨਿਪੁੰਨ ਬਨਾਉਣ ਦੇ ਨਾਲ-ਨਾਲ ਉਹਨਾਂ ਨੂੰ ਇੱਕ ਇੱਕ ਚੰਗੇ ਨਾਗਰਿਕ ਤੇ ਸਵੈ ਮਾਨ ਦੀ ਜ਼ਿੰਦਗੀ ਦੇ ਜਿਉਣ ਦੇ ਯੋਗ ਬਨਾਉਣਾ ਵੀ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਸਰਕਾਰੀ ਤੌਰ ਤੇ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿੱਚ ਦ੍ਰਿਸ਼ਟੀਹੀਣ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਵਿਸ਼ੇਸ਼ ਯਤਨ ਕੀਤਾ ਜਾ ਰਿਹਾ ਹੈ।ਪੰਜਾਬ ਵਿੱਚ ਹਰ ਬਲਾਕ ਪੱਧਰ ਤੇ ਚੋਣਵੇਂ ਸਕੂਲਾਂ ਵਿੱਚ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਭਾਵੇਂ ਕਿ ਸਰਕਾਰ ਦੇ ਇਹ ਸਲਾਹੁਣਯੋਗ ਹਨ, ਪਰੰਤੂ ਹਾਲੇ ਬਹੁਤ ਸਾਰੀਆਂ ਕਮੀਆਂ ਹੋਣ ਕਾਰਨ ਦ੍ਰਿਸ਼ਟੀਣ ਵਿਦਿਆਰਥੀਆਂ ਨੂੰ ਉਚਿਤ ਤੇ ਸਹੀ ਸਿੱਖਿਆ ਦੇਣ ਦਾ ਮਾਹੌਲ ਨਹੀਂ ਬਣ ਸਕਿਆ।ਇਸ ਵੱਡਾ ਕਾਰਨ ਇਹ ਹੈ ਕਿ ਇਹਨਾਂ ਸਕੂਲਾਂ ਵਿੱਚ ਜਿਹੜੇ ਅਧਿਆਪਕ ਤਇਨਾਤ ਕੀਤੇ ਗਏ ਹਨ ਉਹਨਾਂ ਦੀ ਮੁਹਾਰਤ ਕਿਸੇ ਖਾਸ ਖੇਤਰ ਵਿੱਚ ਹੈ।ਜਦੋਂ ਕਿ ਇਹਨਾਂ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ।ਇਹਨਾਂ ਵਿੱਚ ਗੂੰਗੇ-ਬੋਲੇ ਤੇ ਮਾਨਸਿਕ ਤੌਰ ਤੇ ਅਪੰਗ ਵਿਦਿਆਰਥੀ ਵੀ ਸ਼ਾਮਲ ਹਨ।ਇਸ ਤਰ੍ਹਾਂ ਇਹਨਾਂ ਨੂੰ ਪੜ੍ਹਾਉਣ ਲਈ ਵੱਖ-ਵੱਖ ਮੁਹਾਰਤ ਵਾਲੇ ਅਧਿਆਪਕ ਭਰਤੀ ਕਰਨੇ ਚਾਹੀਦੇ ਹਨ ਤਾਂ ਤੋਂ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।ਅਧਿਆਪਕਾਂ ਦੀ ਮੁਹਾਰਤ ਅੁਨਸਾਰ ਹੀ ਵਿਦਿਆਰਥੀਆਂ ਦੀ ਵੰਡ ਹੋਣੀ ਚਾਹੀਦੀ ਹੈ।ਦ੍ਰਿਸ਼ਟੀਹੀਣ ਬੱਚਿਆਂ ਲਈ ਵੱਖਰਾ ਰੀਸੋਰਸ ਰੂਮ ਹੋਣਾ ਚਾਹੀਦਾ ਹੈ ਤਾਂ ਹੋ ਸੁਖਾਵੇਂ ਮਹੌਲ ਵਿੱਚ ਇਹਨਾਂ ਨੂੰ ਸਿੱਖਿਆ ਦਿੱਤੀ ਜਾ ਸਕੇ।ਇਹਨਾਂ ਵਿਦਿਆਰਥੀਆਂ ਲਈ ਸਮਾਂ-ਸਾਰਨੀ ਵੀ ਅਲੱਗ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਸਮਰੱਥਾ ਅਨੁਸਾਰ ਪੜ੍ਹਾਇਆ ਜਾ ਸਕੇ।ਇਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਭਰਤੀ ਰੈਗੂਲਰ ਕਰਕੇ ਇਹਨਾਂ ਦੇ ਅਧਿਆਪਕਾਂ ਦਾ ਮਾਨ-ਸਨਮਾਨ ਵੀ ਬਹਾਲ ਕਰਨ ਦੀ ਜ਼ਰੂਰਤ।

ਅਜਿਹੇ ਵਿਦਿਆਰਥੀਆਂ ਲਈ ਆਉਣ ਜਾਣ ਦੀ ਸਹੂਲਤ ਦਾ ਖਾਸ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਸਵੈ ਨਿਰਭਰ ਬਣ ਸਕਣ ਤੇ ਸਮੇਂ ਸਿਰ ਸਕੂਲ ਆ ਸਕਣ।ਅਕਸਰ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਬੱਚਿਆਂ ਨੂੰ ਅਕਸਰ ਇਹਨਾਂ ਦੇ ਮਾਪੇ ਜਾਂ ਸਕੇ ਸਬੰਧੀ ਸਕੂਲ ਛੱਡ ਕੇ ਜਾਂਦੇ ਹਨ ਜਿਸ ਕਾਰਨ ਇਹਨਾਂ ਬੱਚਿਆਂ ਨੂੰ ਕਈ ਵਾਰ ਮੁਸੀਬਤ ਸਾ ਸਾਹਮਣਾ ਕਰਨਾ ਪੈਂਦਾ ਹੈ।ਸੋ ਇਹਨਾਂ ਉਕਤ ਤਰਜੀਹਾਂ ਤੇ ਦਲੀਲਾਂ ਉਪਰ ਗੌਰ ਕਰਕੇ ਹੀ ਦ੍ਰਿਸ਼ਟੀਹੀਣ ਵਿਦਿਆਰਥੀਆਂ ਨੂੰ ਸਹੀ ਤੇ ਮਿਆਰੀ ਸਿੱਖਿਆ ਦਿੱਤੀ ਜਾ ਸਕਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ