Wed, 04 December 2024
Your Visitor Number :-   7275444
SuhisaverSuhisaver Suhisaver

ਕਿਰਨਜੀਤ ਕੌਰ ਮਹਿਲਕਲਾਂ: ਇਤਿਹਾਸਕ ਲੋਕ-ਘੋਲ (ਭਾਗ-ਪਹਿਲਾ) - ਸਾਹਿਬ ਸਿੰਘ ਬਡਬਰ

Posted on:- 21-08-2016

suhisaver

ਅੱਜ ਤੋਂ 19 ਸਾਲ ਪਹਿਲਾਂ 29 ਜੁਲਾਈ, 1997 ਨੂੰ ਕਾਲਜੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਮਹਿਲਕਲਾਂ ਦੀ +2 ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ, ਮਹਿਲਕਲਾਂ ਦੇ ਬਦਮਾਸ਼ਾਂ ਲਾਲੇ-ਦਲੀਪੇ ਤੇ ਮਲਕੀਤੇ ਦੇ ਪੁੱਤ-ਪੋਤਿਆਂ ਨੇ ਉਹਨਾਂ (ਗੁੰਡਿਆਂ) ਦੇ ਆਪਣੇ ਖੇਤ ਦੇ ਬਰਾਬਰੋਂ ਲੰਘਦੀ ਨੂੰ ਚੱਕ ਕੇ ਅਰਹਰ ਦੇ ਖੇਤ ਵਿੱਚ ਸਿੱਟ ਲਿਆ ਸੀ। ਉਹਨਾਂ ਉਸ ਨਾਲ ਸਮੂਹਕ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰਕੇ ਉਸ ਦੀ ਅਲਫ਼-ਨੰਗੀ ਲਾਸ਼ ਉਸੇ ਅਰਹਰ ਦੇ ਖੇਤ ਵਿੱਚ ਇਕ ਟੋਏ ਵਿੱਚ ਦੱਬ ਦਿੱਤੀ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜਿਹੜਾ ਉਦੋਂ ਹਾਈ ਸਕੂਲ ਹੁੰਦਾ ਸੀ) ਮਹਿਲਕਲਾਂ ਤੋਂ ਦਸਵੀਂ ਕਰਨ ਤੋਂ ਬਾਅਦ ਅੱਗੇ ਪੜ੍ਹਨ ਲਈ ਕਿਰਨਜੀਤ ਨੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਮਹਿਲਕਲਾਂ ਵਿੱਚ ਦਾਖ਼ਲਾ ਲਿਆ।

ਕਿਰਨਜੀਤ ਦੇ ਪਿਤਾ ਮਾਸਟਰ ਦਰਸ਼ਨ ਸਿੰਘ ਦਾ ਘਰ ਉਹਨਾਂ ਦੇ ਆਪਣੇ ਖੇਤ ਵਿੱਚ ਹੈ। ਇਹ ਖੇਤ ਤੇ ਘਰ, ਮਹਿਲਕਲਾਂ ਦੇ ਥਾਣੇ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਹੈ। ਮਹਿਲਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮਗਰਲੇ ਪਾਸਿਓਂ ਤੇ ਥਾਣੇ ਦੇ ਮੂਹਰੋਂ ਇਕ ਪਹਾ ਲੰਘਦਾ ਹੈ ਜਿਹੜਾ ਮਾਸਟਰ ਦਰਸ਼ਨ ਸਿੰਘ ਹੁਰਾਂ ਦੇ ਖੇਤਾਂ ਤੇ ਘਰ ਵੱਲ ਜਾਂਦਾ ਹੈ। ਇਸੇ ਪਹੇ ’ਤੇ ਥਾਣੇ ਦੇ ਬਿਲਕੁਲ ਨਾਲ ਲੱਗਵਾਂ, ਗੁੰਡਾ ਪਰਿਵਾਰ ਦਾ ਘਰ ਹੈ। ਗੁੰਡਿਆਂ ਦੇ ਘਰ ਤੋਂ ਲੈ ਕੇ ਸੂਏ ਤੱਕ ਲਗਭਗ ਇਕ ਕਿਲੋਮੀਟਰ ਤੱਕ, ਪਹੇ ਦੇ ਨਾਲ-ਨਾਲ ਉਸ ਗੁੰਡਾ ਪਰਿਵਾਰ ਦੀ ਹੀ ਜ਼ਮੀਨ ਹੈ।

ਕਾਲਜ ਜਾਂਦੀ ਤੇ ਵਾਪਸ ਆਉਦੀ ਕਿਰਨਜੀਤ ਨੂੰ ਰੋਜ਼ਾਨਾ, ਉਹਨਾਂ ਦੇ ਘਰ ਦੇ ਮੂਹਰੋਂ ਤੇ ਖੇਤਾਂ ਦੇ ਬਰਾਬਰੋਂ ਲੰਘਣਾ ਪੈਂਦਾ ਸੀ। ਕਾਲਜ ਜਾਂਦੀ-ਆਉਂਦੀ ਕਿਰਨਜੀਤ ਨਾਲ, ਬਦਮਾਸ਼ ਪਰਿਵਾਰ ਦੇ ਵਿਗੜੇ ਹੋਏ ਕਾਕੇ ਕਾਫ਼ੀ ਚਿਰ ਤੋਂ ਛੇੜ-ਛਾੜ ਕਰਦੇ ਆ ਰਹੇ ਸਨ। ਪਰ ਉਹਨਾਂ ਦੇ ਚੁੰਗਲ ਵਿੱਚ ਫਸਣ ਦੀ ਬਜਾਏ, ਕਿਰਨਜੀਤ ਨੇ ਕਈ ਵਾਰ ਪੂਰੀ ਦਲੇਰੀ ਅਤੇ ਜੁਰਅਤ ਨਾਲ ਉਹਨਾਂ ਦੀ ਚੰਗੀ ਖੁੰਬ ਠੱਪੀ ਸੀ।

ਸਰਕਾਰੇ-ਦਰਬਾਰੇ ਵੱਡੀ ਪਹੁੰਚ ਵਾਲੇ ਇਸ ਗੁੰਡਾ ਪਰਿਵਾਰ ਦੇ ਵਿਗੜੇ ਕਾਕੇ, ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਣਾ ਆਪਣਾ ਹੱਕ ਸਮਝਦੇ ਸਨ। ਇਸ ਲਈ ਉਹਨਾਂ ਨੂੰ ਇਹ ਬਰਦਾਸ਼ਤ ਕਰਨਾ ਔਖਾ ਲੱਗਦਾ ਸੀ ਕਿ ਕੋਈ ਉਹਨਾਂ ਨੂੰ ਜੁਆਬ ਦੇ ਦੇਵੇ, ਕੋਈ ਉਹਨਾਂ ਦੇ ਮੂਹਰੇ ਧੌਣ ਉੱਚੀ ਕਰਕੇ ਲੰਘ ਜਾਵੇ। ਜਿਸ ਕਰਕੇ ਉਹ, ਕਿਰਨਜੀਤ ਨੂੰ ਸਬਕ ਸਿਖਾਉਣ ਲਈ ਵਿਉਂਤਾਂ ਬਣਾਉਣ ਲੱਗੇ।

ਕਿਰਨਜੀਤ ਆਪਣਾ ਸਾਇਕਲ ਆਪਣੀ ਸਹੇਲੀ ਦੇ ਘਰ ਖੜਾਉਦੀ ਹੁੰਦੀ ਸੀ। ਜਿੱਥੋਂ ਉਹ ਦੋਵੇਂ ਕਾਲਜ ਲਈ ਬੱਸ ਫੜਦੀਆਂ ਸਨ। ਪਹਿਲਾਂ ਕਿਰਨਜੀਤ ਗੁੰਡਿਆਂ ਦੇ ਘਰ ਦੇ ਸਾਹਮਣੇ ਵਾਲੇ ਪਹੇ ਤੋਂ ਦੀ ਹੀ ਲੰਘਦੀ ਹੁੰਦੀ ਸੀ। ਘਟਨਾ ਵਾਪਰਨ ਤੋਂ ਕੋਈ ਹਫ਼ਤਾ ਕੁ ਪਹਿਲਾਂ ਉਸ ਨੇ ਸੂਏ ਦੇ ਨਾਲ-ਨਾਲ ਜਾਂਦੀ ਪਹੀ ਰਾਹੀਂ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਰਸਤਾ ਉਸ ਦੀ ਸਹੇਲੀ ਦੇ ਘਰ ਜਾਣ ਲਈ ਨੇੜੇ ਪੈਂਦਾ ਸੀ। ਇਸ ਰਸਤੇ ’ਤੇ ਬਹੁਤ ਥੋੜੀ ਜਿਹੀ ਆਵਾਜਾਈ ਸੀ ਇਸ ਲਈ ਮਾਸਟਰ ਦਰਸ਼ਨ ਸਿੰਘ ਨੇ ਇਸ ਸੁੰਨੇ ਜਿਹੇ ਰਸਤੇ ਰਾਹੀਂ ਜਾਣ ’ਤੇ ਚਿੰਤਾ ਵੀ ਪ੍ਰਗਟ ਕੀਤੀ। ਪਰ ਦਲੇਰ ਕਿਰਨਜੀਤ ਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਡਰ-ਭੈ ਨਹੀਂ ਸੀ। ਕਿਰਨਜੀਤ ਕੀ ਪਤਾ ਸੀ ਕਿ ਉਸ ਨੂੰ ‘ਸਬਕ ਸਿਖਾਉਣ’ ਦੀਆਂ ਵਿਉਤਾਂ ਬਣਾ ਰਹੇ ਗੁੰਡਾ ਟੋਲੇ ਲਈ ਇਸ ਰਸਤੇ ਜਾਣ ਕਰਕੇ ਉਸਦਾ ਸ਼ਿਕਾਰ ਕਰਨਾ ਸੌਖਾ ਹੋ ਜਾਵੇਗਾ।

29 ਜੁਲਾਈ 1997 ਦੇ ਦਿਨ ਹਲਕਾ-ਹਲਕਾ ਮੀਂਹ ਪੈ ਰਿਹਾ ਸੀ। ਆਪਣੀ ਸਹੇਲੀ ਦੇ ਘਰ ਬੈਠਕੇ ਕੁਝ ਚਿਰ ਮੀਂਹ ਹਟਣ ਦੀ ਉਡੀਕ ਕਰਨ ਤੋਂ ਬਾਅਦ ਉਹ ਆਪਣੇ ਘਰ ਨੂੰ ਚੱਲ ਪਈ। ਜਦੋਂ ਉਹ ਗੁੰਡਾ ਪਰਿਵਾਰ ਦੇ ਅਰਹਰ ਦੇ ਖੇਤ ਦੇ ਬਰਾਬਰ ਪਹੁੰਚੀ ਤਾਂ ਉਸ ਵੇਖਿਆ ਕਿ ਪਹੀ ’ਤੇ ਇਕ ਜੰਡੀ ਵੱਢ ਕੇ ਸਿੱਟੀ ਪਈ ਸੀ। ਜਦੋਂ ਉਹ ਸਾਇਕਲ ਤੋਂ ਉੱਤਰ ਕੇ ਉਸ ਜੰਡੀ ਤੋਂ ਪਾਸੇ ਦੀ ਹੋ ਕੇ ਲੰਘਣ ਲੱਗੀ ਤਾਂ ਕਈ ਜਣੇ ਇਕਦਮ ਉਸ ’ਤੇ ਟੁੱਟ ਕੇ ਪੈ ਗਏ ਤੇ ਉਸ ਨੂੰ ਚੱਕ ਕੇ ਆਪਣੇ ਅਰਹਰ ਦੇ ਖੇਤ ਵਿੱਚ ਲੈ ਗਏ। ਜਿੱਥੇ ਪਹਿਲਾਂ ਹੀ ਤਿਆਰ ਕੀਤੀ ਥਾਂ ’ਤੇ ਲਿਜਾਕੇ, ਉਹਨਾਂ ਸਾਰਿਆਂ ਨੇ ਵਾਰੀ-ਵਾਰੀ ਉਸ ਨਾਲ ਜਬਰ ਜ਼ਿਨਾਹ ਕੀਤਾ। ਫਿਰ ਉਸ ਦੀ ਚੁੰਨੀ ਨਾਲ ਉਸ ਦਾ ਗਲਾ ਦਬਾ ਕੇ ਉਸ ਨੂੰ ਅੱਧ-ਮਰੀ ਹਾਲਤ ਵਿੱਚ ਹੀ ਉੱਥੇ ਨੇੜੇ ਹੀ ਪੁੱਟੇ ਇਕ ਟੋਏ ਵਿੱਚ ਦੱਬ ਦਿੱਤਾ।

ਗੁੰਡਾ ਪਰਿਵਾਰ ਬਾਰੇ ਮੋਟੀ ਜਾਣਕਾਰੀ :- ਪਰਿਵਾਰ ਦੇ ਮੁਖੀ, ਤਿੰਨ ਭਰਾ ਦਲੀਪਾ, ਮਲਕੀਤਾ ਤੇ ਲਾਲਾ।

ਵੱਡੇ ਦਲੀਪੇ ਦਾ ਬੇਟਾ ਬੇਅੰਤ, ਜਿਸ ਦੀ ਸੀਪੀਐੱਮ ਦੇ ਸਾਬਕਾ ਐੱਮਐੱਲਏ ਚੰਦ ਸਿੰਘ ਚੋਪੜੇ ਨਾਲ ਗੂੜ੍ਹੀ ਯਾਰੀ ਸੀ। ਇਸ ਗੂੜ੍ਹੀ ਯਾਰੀ ਦੇ ਸਦਕੇ ਉਸਦੀ ਉਸ ਸਮੇਂ ਦੇ ਕੇਂਦਰੀ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਗ਼ੈਰ-ਭਾਜਪਾ ਕੇਂਦਰ ਸਰਕਾਰਾਂ ਦੇ ‘ਕਿੰਗ-ਮੇਕਰ’ ਵਜੋਂ ਜਾਣੇ ਜਾਂਦੇ ਹਰਕਿਸ਼ਨ ਸੁਰਜੀਤ ਤੱਕ ਵੱਡੀ ਪਹੁੰਚ ਸੀ।

ਵਿਚਕਾਰਲਾ ਮਲਕੀਤਾ, ਮਹਿਲਕਲਾਂ ਦਾ ਸਾਬਕਾ ਸਰਪੰਚ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਤਿ ਨੇੜਲਾ ਸਮਝਿਆ ਜਾਣ ਵਾਲਾ, ਇਲਾਕਾ ਪੱਧਰ ਦਾ ਅਕਾਲੀ ਲੀਡਰ।

ਤੀਜਾ ਲਾਲਾ ਜਿਸ ਦਾ ਘਰ ਥਾਣੇ ਦੇ ਬਿਲਕੁਲ ਨਾਲ ਲੱਗਦਾ ਹੈ। ਲਾਲੇ ਦੇ ਪਰਿਵਾਰਕ ਮੈਂਬਰਾਂ ਦਾ ਥਾਣੇ ਵਿੱਚ ਆਉਣ-ਜਾਣ ਤੇ ਥਾਣੇ ਦੇ ਮੁਲਾਜ਼ਮਾਂ ਦਾ ਲਾਲੇ ਦੇ ਘਰ ਵਿੱਚ ਆਉਣ-ਜਾਣ ਇੰਨਾ ਜ਼ਿਆਦਾ ਸੀ ਕਿ ਲਾਲੇ ਦੇ ਪਰਿਵਾਰ ਨੂੰ ਥਾਣਾ ਵੀ ਆਪਣਾ ਘਰ ਹੀ ਲੱਗਦਾ ਸੀ ਤੇ ਥਾਣੇ ਦੇ ਛੋਟੇ-ਵੱਡੇ ਸਭ ਮੁਲਾਜ਼ਮਾਂ ਨੂੰ ਲਾਲੇ ਦਾ ਘਰ ਥਾਣੇ ਦਾ ਹੀ ਹਿੱਸਾ ਲੱਗਦਾ ਸੀ।

ਇਹਨਾਂ ਦਾ ਇਕ ਭਾਣਜਾ ਦਲਜੀਤ ਮੱਲਾ, ‘ਖ਼ਾਲਿਸਤਾਨੀ ਦਹਿਸ਼ਤਗਰਦ’ ਅਤੇ ਦੂਸਰਾ ਅਵਤਾਰ ਮੱਲਾ, ਉਸ ਸਮੇਂ ਦੇ ਨੌਜਵਾਨ ਅਕਾਲੀ ਐਮ.ਪੀ. ਅਮਰੀਕ ਸਿੰਘ ਆਲੀਵਾਲ ਦਾ ਪੀ.ਏ. ਸੀ।

ਇਹ ਉਹ ਗੁੰਡਾ ਪਰਿਵਾਰ ਹੈ, ਜਿਸ ਦੀਆਂ ਕਈ ਪੁਸ਼ਤਾਂ ਨੇ ਕਤਲੋਗਾਰਤ ਅਤੇ ਲੁੱਟ ਮਾਰ ਦੀਆਂ ਅਨੇਕਾਂ ਵਾਰਦਾਤਾਂ ਕਰਕੇ ਪੂਰੇ ਇਲਾਕੇ ਅੰਦਰ ਆਪਣੀ ਦਹਿਸ਼ਤ ਕਾਇਮ ਕਰ ਰੱਖੀ ਸੀ।

ਇਸ ਤੋਂ ਇਲਾਵਾ ‘ਖ਼ਾਲਿਸਤਾਨੀ ਲਹਿਰ’ ਵੇਲੇ, ਇਹਨਾਂ ਦਾ ‘ਖ਼ਾਲਿਸਤਾਨੀ ਦਹਿਸ਼ਤਗਰਦ’ ਭਾਣਜਾ ਦਲਜੀਤ ਮੱਲਾ ਆਪਣੇ ਹਥਿਆਰਬੰਦ ਸਾਥੀਆਂ ਨਾਲ ਅਕਸਰ ਹੀ ਇੱਥੇ ਗੇੜੇ ਮਾਰਦਾ ਰਹਿੰਦਾ ਸੀ। ਜਿਸ ਕਾਰਨ ਇਹਨਾਂ ਦੇ ਧੱਕੇ-ਧੋੜਿਆਂ ਦੇ ਬਹੁਤੇ ਸ਼ਿਕਾਰ ਡਰਦੇ ਮਾਰੇ ‘ਆਪਣੇ ਮੂੰਹਾਂ ਨੂੰ ਸਿਉ ਲੈਂਦੇ’ ਸਨ।

ਉਸ ਸਮੇਂ (1997 ਵਿੱਚ) ਲੋਕਾਂ ਦੀ ਚਰਚਾ ਮੁਤਾਬਿਕ, ਜਾਇਜ਼-ਨਾਜਾਇਜ਼ ਢੰਗ ਵਰਤਕੇ ਇਹ ਪਰਿਵਾਰ ਡੇਢ ਸੌ ਏਕੜ ਦੇ ਕਰੀਬ ਜ਼ਮੀਨ ਦਾ ਮਾਲਕ ਬਣ ਚੁੱਕਾ ਸੀ।

ਆਪਣੀ ਲਠੈਤ ਤਾਕਤ ਅਤੇ ਇਸ ਤਾਕਤ ਦੇ ਆਸਰੇ ਇਕੱਠੀ ਕੀਤੀ ਜਾਇਦਾਦ, ਧਨ-ਦੌਲਤ ਅਤੇ ਸਰਕਾਰੇ-ਦਰਬਾਰੇ ਆਪਣੀ ਤਕੜੀ ਪੁੱਗਤ ਦੇ ਜ਼ੋਰ ਉਹ ਇਲਾਕੇ ਅੰਦਰ ਕੋਈ ਵੀ ਕੁਕਰਮ ਕਰਨ ਲਈ ਬੇਖ਼ੌਫ਼ ਸਨ ਅਤੇ ਲੋਕਾਂ ਨਾਲ ਹਰ ਤਰ੍ਹਾਂ ਦੇ ਧੱਕੇ-ਧੋੜੇ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ।

ਇਹ ਕਾਰਾ ਕਰਨ ਤੋਂ ਪਹਿਲਾਂ, ਇਸ ਪਰਿਵਾਰ ਦੇ ਜੀਆਂ ’ਤੇ ਕਤਲਾਂ, ਇਰਾਦਾ ਕਤਲਾਂ, ਕੁੱਟਮਾਰ ਕਰਨ, ਦੂਜਿਆਂ ਦੀਆਂ ਜ਼ਮੀਨਾਂ ਦੱਬਣ, ਨਸ਼ੇ ਵੇਚਣ ਆਦਿ ਵਰਗੇ 26 ਕੇਸ ਸਨ। ਇਕ ਤਾਂ ਵੱਡੇ ਸਿਆਸੀ ਲੀਡਰਾਂ ਤੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੂੜ੍ਹੇ ਯਾਰਾਨੇ ਹੋਣ ਕਾਰਨ ਪੁਲਿਸ ਵੱਲੋਂ ਐੱਫ. ਆਈ. ਆਰ. ਲਿਖਣ ਵੇਲੇ ਹੀ ਛੱਡੀਆਂ ਚੋਰ-ਮੋਰੀਆਂ ਕਰਕੇ ਤੇ ਦੂਸਰਾ ਇਸ ਗੁੰਡਾ ਪਰਿਵਾਰ ਦੀ ਇਲਾਕੇ ਵਿੱਚ ਦਹਿਸ਼ਤ ਦੇ ਕਾਰਨ ਬਹੁਤੇ ਗਵਾਹਾਂ ਵੱਲੋਂ ਅਦਾਲਤਾਂ ’ਚ ਜਾ ਕੇ ਆਪਣੇ ਬਿਆਨਾਂ ਤੋਂ ਮੁੱਕਰ ਜਾਣ ਕਰਕੇ ਇਹ ਗੁੰਡੇ ਭਾਵੇਂ ਬਹੁਤੇ ਕੇਸਾਂ ਵਿੱਚੋਂ ਬਰੀ ਹੰੁਦੇ ਰਹੇ। ਪਰ ਫਿਰ ਵੀ ਇਸ ਪਰਿਵਾਰ ਦੇ ਜੀਆਂ ਨੂੰ ਕੁਝ ਕੇਸਾਂ ਵਿੱਚ ਉਮਰ ਕੈਦ, ਕੁਝ ਵਿੱਚ 20 ਸਾਲ, ਕੁਝ ’ਚ ਸੱਤ ਸਾਲ, ਕੁਝ ’ਚ ਪੰਜ ਸਾਲ ਤੇ ਦੋ ਸਾਲ ਦੀ ਕੈਦ ਅਤੇ ਜ਼ੁਰਮਾਨਿਆਂ ਦੀਆਂ ਸਜ਼ਾਵਾਂ ਹੋਈਆਂ ਸਨ।

ਅਜਿਹੇ ਵਹਿਸ਼ੀ ਕਾਂਡਾਂ ਨੂੰ ਸਾਜ਼ਿਸ਼ੀ ਢੰਗ ਨਾਲ ਖ਼ੁਰਦ-ਬੁਰਦ ਕਰਾਉਣ ਤੇ ਉਲਟਾ ਦੂਜਿਆਂ ’ਤੇ ਝੂਠਾ ਕੇਸ ਮੜਾਉਣ ’ਚ ਮੁਹਾਰਤ ਹਾਸਲ ਕਰ ਚੁੱਕੇ ਇਸ ਗੁੰਡਾ ਪਰਿਵਾਰ ਦੇ ਮੋਹਰੀਆਂ ਵੱਲੋਂ ਇਕ ਤੋਂ ਬਾਅਦ ਦੂਜੀ ਚਾਲ ਚੱਲੀ ਗਈ।

ਜਦੋਂ ਕਿਰਨਜੀਤ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਕਿਰਨਜੀਤ ਕੌਰ ਨਾਲ ਜਬਰਜਨਾਹ ਤੇ ਉਸ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਗੁਰਪ੍ਰੀਤ ‘ਚੀਨਾ’, ਕਿਰਨਜੀਤ ਦੇ ਪਰਿਵਾਰ ਦੇ ਹਮਾਇਤੀ ਵਜੋਂ, ਭਾਲ ਕਰਨ ਵਾਲਿਆਂ ਦੇ ਨਾਲ ਸੀ। ਕਿਰਨਜੀਤ ਦੇ ਗੁੰਮ ਹੋਣ ਦੀ ਜਿਹੜੀ ਪਹਿਲੀ ਰਿਪੋਰਟ ਪਰਿਵਾਰ ਵੱਲੋਂ ਥਾਣੇ ਵਿੱਚ ਲਿਖਾਈ ਗਈ ਉਸ ਉੱਤੇ ਉਸ ਦੇ ਵੀ ਦਸਤਖ਼ਤ ਸਨ। ਉਸ ਨੇ ਪੁਲਿਸ ਜਾਂਚ ਸ਼ੁਰੂ ਹੋਣ ਸਾਰ ਹੀ ਚਾਰ-ਪੰਜ ਨੌਜਵਾਨਾਂ ਦੇ ਨਾਂਅ ਲੈ ਦਿੱਤੇ।

ਫਿਰ ਉਹ ਕਈ ਦਿਨ ਮਹਿਲਕਲਾਂ ਥਾਣੇ ਦੀ ਪੁਲੀਸ ਦੀ ਜੀਪ ਵਿੱਚ ਚੜ੍ਹਕੇ ਪੁਲਿਸੀਆਂ ਦੇ ਨਾਲ ਘੁੰਮਦਾ ਰਿਹਾ। ਉਹ ਇਹ ਕਹਿਕੇ ਲੋਕਾਂ ਦੇ ਘਰਾਂ ’ਤੇ ਛਾਪੇ ਮਰਵਾਉਦਾ ਕਿ ਕਿਰਨਜੀਤ ਕੌਰ ਫਲਾਣੇ ਮੁੰਡੇ ਨਾਲ ਭੱਜ ਗਈ ਹੋਣੀ ਹੈ ਜਾਂ ਫਲਾਣੇ ਨੂੰ ਪਤਾ ਹੋਣਾ ਹੈ ਕਿ ਉਹ ਕਿਸ ਨਾਲ ਭੱਜੀ ਹੈ ਤੇ ਕਿੱਥੇ ਹੈ?

ਉਸ ਨੇ ਵੱਖ ਵੱਖ ਕਾਲਜਾਂ-ਸਕੂਲਾਂ ’ਚ ਪੜ੍ਹਦੇ ਲਗਭਗ 40 ਵਿਦਿਆਰਥੀਆਂ ਦੇ ਘਰਾਂ ’ਤੇ ਛਾਪੇ ਮਰਵਾਏ। ਪੁਲਿਸ ਉਹਨਾਂ ਬੇਦੋਸ਼ੇ ਵਿਦਿਆਰਥੀਆਂ ਨੂੰ ਗਿ੍ਰਫ਼ਤਾਰ ਕਰਕੇ ਕੁਟਾਪਾ ਚਾੜ੍ਹਦੀ ਤੇ ਹਜ਼ਾਰਾਂ ਰੁਪਏ ਬਟੋਰ ਕੇ ਛੱਡ ਦਿੰਦੀ ਰਹੀ।

ਕਿਉਂ ਹੋਇਆ ਇਹ ਕਤਲ

ਅਸਲ ਵਿੱਚ ਜਗੀਰੂ ਰਾਜਿਆਂ ਤੇ ਸਰਦਾਰੜਿਆਂ ਦੀ ਸਲਤਨਤ ਵੇਲੇ ਤੋਂ ਹੀ ਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਕੌਡੀ ਮੁੱਲ ਨਹੀਂ ਸੀ। ਇਹ ਤਾਂ ਪੰਜਾਬ ਦੀ ਧਰਤੀ ’ਤੇ ਚੱਲੀਆਂ ਲਹਿਰਾਂ ਦੇ ਕਾਰਨ ਸੀ ਕਿ ਇਥੇ ਉਸ ਕਿਸਮ ਦਾ ਜਬਰ ਨਹੀਂ ਸੀ, ਜਿਵੇਂ ਹੋਰ ਸੂਬਿਆਂ ਵਿੱਚ ਹੁੰਦਾ ਆ ਰਿਹਾ ਹੈ। ਦੇਸ਼ ਦੇ ਹੋਰਾਂ ਸੂਬਿਆਂ ਤੋਂ ਤਾਂ ਪਿਛਲੇ ਕੁਝ ਸਾਲਾਂ ਵਿੱਚ ਹੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਕਿ ਉੱਥੇ ਹਰ ਨਵੀਂ ਵਿਆਹੀ ਦੁਲਹਨ ਨੂੰ ਪਹਿਲੀ ਰਾਤ ਜਗੀਰਦਾਰ ਦੇ ਘਰ ਕੱਟਣੀ ਪੈਂਦੀ ਸੀ। ਭਾਵ ਉਸ ਨੂੰ ਆਪਣੀ ਸੁਹਾਗਰਾਤ ਜਗੀਰਦਾਰ ਨਾਲ ਹੀ ਮਨਾਉਣੀ ਪੈਂਦੀ ਸੀ।

ਇਤਿਹਾਸਕਾਰ ਦੱਸਦੇ ਨੇ ਕਿ ਪਟਿਆਲਾ ਰਿਆਸਤ ਦੇ ਰਾਜੇ ਭੁਪਿੰਦਰ ਸਿੰਘ (ਜਿਸ ਨੂੰ ਆਮ ਲੋਕ ‘ਭੂਪਾ’ ਕਹਿੰਦੇ ਸਨ) ਦੀਆਂ 360 ਰਾਣੀਆਂ ਸਨ। ਇਹ ‘ਰਾਣੀਆਂ’ ਕੋਈ ਹੋਰਾਂ ਰਾਜਿਆਂ ਦੀਆਂ ਬੇਟੀਆਂ ਜਾਂ ਰਾਜਕੁਮਾਰੀਆਂ ਨਹੀਂ ਸਨ। ਸਗੋਂ ਇਹ ਉਸ ਦੀ ਰਿਆਸਤ ਦੇ ਗ਼ਰੀਬਾਂ ਦੀਆਂ ਧੀਆਂ ਸਨ।

ਅਸਲ ਵਿੱਚ ‘ਭੂਪਾ’ ਤੀਆਂ ’ਤੇ ਆਉਦਾ ਤੇ ਜਿਹੜੀ ਵੀ ਕੁੜੀ ਉਸਨੂੰ ਪਸੰਦ ਆਉਦੀ ਉਸ ਨੂੰ ਲੈ ਜਾਂਦਾ ਸੀ। ਉਸ ਕੁੜੀ ਦੇ ਮਾਪਿਆਂ ਦਾ ਮੂੰਹ ਬੰਦ ਕਰਨ ਲਈ ਉਹ, ਉਹਨਾਂ ਨੂੰ ਜ਼ਮੀਨ ਦੇ ਮੁਰੱਬੇ ਦੇ ਜਾਂਦਾ ਸੀ। ਸੁਣਨ ’ਚ ਆਇਆ ਹੈ ਕਿ ਅਜਿਹੇ ਬੇਗ਼ੈਰਤੇ ‘ਮੁਰੱਬਿਆਂ ਦੇ ਮਾਲਕਾਂ’ ਨੂੰ ਲੋਕ ‘ਕੁੜੀ ਸਰਦਾਰ’ ਕਹਿੰਦੇ ਸਨ।

ਜਿਵੇਂ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਦਾਮਿਨੀ ਨਾਲ, ਉਸ ਦੇ ਦੋਸਤ ਦੀਆਂ ਅੱਖਾਂ ਦੇ ਸਾਹਮਣੇ ਸਮੂਹਕ ਜਬਰਜਨਾਹ ਕਰਨ ਵਾਲੇ ਦੋਸ਼ੀਆਂ ਦਾ ਬਾਅਦ ਵਿੱਚ ਕਹਿਣਾ ਸੀ ਕਿ ਅਗਰ ਦਾਮਿਨੀ ਚੁੱਪ ਰਹਿੰਦੀ ਤੇ ਕੋਈ ਵਿਰੋਧ ਨਾਂ ਕਰਦੀ ਤਾਂ ਉਹਨਾਂ ਨੇ ਉਸ ਨੂੰ ਮਾਰਨਾ ਨਹੀਂ ਸੀ। ਪਰ ਉਸ ਵੱਲੋਂ ਤੇ ਉਸ ਦੇ ਦੋਸਤ ਵੱਲੋਂ ਜਿਸਤਰ੍ਹਾਂ ਤਿੱਖਾ ਵਿਰੋਧ ਕੀਤਾ ਗਿਆ ਉਸ ਹਾਲਤ ਵਿੱਚ ‘ਅਸੀਂ ਹੋਰ ਕਰਦੇ ਵੀ ਕੀ?’

ਦਾਮਿਨੀ ਵਾਲੀ ਘਟਨਾ ਵਾਪਰਨ ਤੋਂ ਬਾਅਦ ਸਾਡੇ ਦੇਸ਼ ਦੇ ਇਕ ਬੜੇ ਵੱਡੇ ‘ਸੰਤ-ਮਹਾਂਪੁਰਸ਼’ ਆਸਾ ਰਾਮ ਨੇ ਵੀ ਇਹੀ ਕਿਹਾ ਸੀ ਕਿ ਜੇ ਦਾਮਿਨੀ ਚੁੱਪ ਰਹਿਕੇ ਗੁੰਡਿਆਂ ਨੂੰ ‘ਆਪਣਾ ਕੰਮ’ ਕਰਨ ਦਿੰਦੀ ਤਾਂ ਉਸਦੀ ਜਾਨ ਬਚ ਸਕਦੀ ਸੀ।

ਉਸੇ ਤਰ੍ਹਾਂ ਇਹ ਗੁੰਡੇ ਵੀ ਇਹੀ ਚਾਹੁੰਦੇ ਸਨ ਕਿ ਕਿਰਨਜੀਤ ਚੁੱਪ-ਚਾਪ ਉਹਨਾਂ ਦੀ ‘ਲੱਤ ਹੇਠੋਂ ਲੰਘ ਜਾਵੇ’। ਅਗਰ ਇਕ ਵਾਰ ਕਿਰਨਜੀਤ ਇਸ ਤਰ੍ਹਾਂ ਕਰ ਲੈਂਦੀ ਤਾਂ ਫਿਰ ਉਹਨਾਂ ਲਈ ਉਸ ਨਾਲ ਰੋਜ਼ਾਨਾ ਹੀ ਇਹ ਕੁਕਰਮ ਕਰਨਾ ਬੜਾ ਸੌਖਾ ਹੋ ਜਾਣਾ ਸੀ। ਪਰ ਕਿਰਨਜੀਤ ਉਸ ਮਿੱਟੀ ਦੀ ਬਣੀ ਹੋਈ ਨਹੀਂ ਸੀ ਜਿਸ ਦਾ ਗੁੰਡਿਆਂ ਨੂੰ ਭੁਲੇਖਾ ਸੀ। ਉਸ ਦੀ ਲਾਸ਼ ਮਿਲਣ ਵੇਲੇ ਉਸ ਦੇ ਹੱਥਾਂ ਦੀਆਂ ਉਗਲਾਂ ਵਿੱਚ ਗੁੰਡਿਆਂ ਦੇ ਸਿਰਾਂ ਦੇ ਵਾਲਾਂ ਦੇ ਫਸੇ ਹੋਣ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਉਸ ਨੇ ਆਪਣੀ ਇੱਜ਼ਤ ਬਚਾਉਣ ਦੀ ਹਰ ਵਾਹ ਲਾਈ ਸੀ।
                                                
ਸੰਪਰਕ: +91 98768-68086
[ਸੂਬਾ ਕਮੇਟੀ ਮੈਂਬਰ (ਅਤੇ ਸਕੱਤਰ ਜ਼ਿਲ੍ਹਾ ਕਮੇਟੀ, ਬਰਨਾਲਾ) ਇਨਕਲਾਬੀ ਕੇਂਦਰ ਪੰਜਾਬ]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ