Thu, 03 October 2024
Your Visitor Number :-   7228748
SuhisaverSuhisaver Suhisaver

ਕਦੇ ਵੀ ਫਿਰਕੂ ਅੱਗ ’ਚ ਲੂਹੇ ਜਾ ਸਕਦੇ ਨੇ ਯੂ. ਪੀ. ਦੇ ਲੋਕ - ਪਾਵੇਲ

Posted on:- 17-07-2016

suhisaver

ਯੂ. ਪੀ. ’ਚ ਜਿਉਂ ਜਿਉਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਿਉਂ ਤਿਉਂ ਹਾਕਮ ਜਮਾਤੀ ਵੋਟ ਪਾਰਟੀਆਂ ਧਾਰਮਿਕ ਤੇ ਜਾਤਪਾਤੀ ਤੁਅੱਸਬਾਂ ਨੂੰ ਹਵਾ ਦੇ ਕੇ ਭੜਕਾਉਣ ਦੇ ਯਤਨਾਂ ਨੂੰ ਤੇਜ਼ ਕਰ ਰਹੀਆਂ ਹਨ। ਇਹਨਾਂ ’ਚ ਸਭ ਤੋਂ ਅੱਗੇ ਭਾਜਪਾ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਹਿੰਦੂ-ਮੁਸਲਮਾਨ ਫਿਰਕਿਆਂ ’ਚ ਤਣਾਅ ਪੈਦਾ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਸਮੇਂ ਵਾਂਗੂੰ ਹੁਣ ਇੱਕ ਹੋਰ ਮੁਜ਼ੱਫਰਨਗਰ ਬਣਾ ਕੇ, ਹਿੰਦੂ ਤਬਕੇ ਦੇ ਧਾਰਮਿਕ ਜਜ਼ਬਾਤਾਂ ਦਾ ਉਬਾਲ ਖੜ੍ਹਾ ਕਰਕੇ ਯੂ. ਪੀ. ਵਿਧਾਨ ਸਭਾ ਚੋਣਾਂ ਜਿੱਤਣ ਦੇ ਸੁਪਨੇ ਸਜਾਏ ਜਾ ਰਹੇ ਹਨ।

ਪਿਛਲੇ ਸਾਲ ਦਾਦਰੀ ’ਚ ਇੱਕ ਮੁਸਲਮਾਨ ਦਾ ਭੀੜ ਹੱਥੋਂ ਕਤਲ ਕਰਵਾ ਕੇ ਅਜਿਹਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ ਤਾਂ ਇਸ ਵਾਰ ਇੱਕ ਨਵੀਂ ਤਰਕੀਬ ਲਾਈ ਗਈ ਹੈ।

ਉੱਤਰ ਪ੍ਰਦੇਸ਼ ਤੋਂ ਭਾਜਪਾ ਐਮ. ਪੀ. ਹੁਕਮ ਸਿੰਘ ਨੇ ਨਵਾਂ ਸ਼ੋਸ਼ਾ ਛੱਡਿਆ ਤੇ ਬਾਕੀ ਸਾਰੇ ਲੀਡਰਾਂ ਨੇ ਰਲ਼ਕੇ ਧੁਮਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਮਲੀ ਜ਼ਿਲ੍ਹੇ ਦੇ ਕਿਰਾਨਾ ਕਸਬੇ ’ਚੋਂ ਮੁਸਲਮਾਨਾਂ ਦੇ ਦਬਾਅ ਤੇ ਧੱਕੇਸ਼ਾਹੀ ਦੇ ਨਤੀਜੇ ਵਜੋਂ ਹਿੰਦੂ ਆਬਾਦੀ ਹਿਜਰਤ ਕਰ ਰਹੀ ਹੈ। ਉਹਨੇ 346 ਹਿੰਦੂ ਪਰਿਵਾਰਾਂ ਦੀ ਸੂਚੀ ਬਾਕਾਇਦਾ ਪ੍ਰੈੱਸ ਲਈ ਜਾਰੀ ਕੀਤੀ ਜਿਹੜੇ ਮੁਸਲਮਾਨਾਂ ਦੀਆਂ ਧਮਕੀਆਂ ਕਾਰਨ ਇੱਥੋਂ ਚਲੇ ਗਏ ਹਨ। ਹੁਕਮ ਸਿੰਘ ਦੇ ਅਜਿਹੇ ਦਾਅਵਿਆਂ ਨੇ ਮੀਡੀਏ ਤੇ ਸਿਆਸੀ ਪਾਰਟੀਆਂ ਦਾ ਧਿਆਨ ਖਿੱਚਿਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਯੂ. ਪੀ. ਸਰਕਾਰ ਨੂੰ ਇਸ ਮੁੱਦੇ ’ਤੇ ਨੋਟਿਸ ਜਾਰੀ ਕਰ ਦਿੱਤਾ ਅਤੇ ਯੂ. ਪੀ. ਸਰਕਾਰ ਨੇ ਆਪਣੇ ਤੌਰ ’ਤੇ ਵੀ ਮੁੱਦੇ ਦੀ ਜਾਂਚ ਦੇ ਹੁਕਮ ਦੇ ਦਿੱਤੇ। ਗਿਣੀ ਮਿਥੀ ਸਕੀਮ ਤਹਿਤ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਝੱਟ ਐਲਾਨ ਕਰ ਦਿੱਤਾ ਕਿ ਇਹ ਹਿੰਸਾ ਬਹੁਤ ਹੀ ਗੰਭੀਰ ਮਾਮਲਾ ਹੈ (ਹਾਲਾਂਕਿ ਏਥੇ ਹਿੰਸਾ ਦੀ ਕਿਸੇ ਘਟਨਾ ਦਾ ਜ਼ਿਕਰ ਨਹੀਂ ਹੋਇਆ ਸੀ) ਤੇ ਯੂ. ਪੀ. ਸਰਕਾਰ ਇਸਨੂੰ ਹਲਕੇ ਢੰਗ ਨਾਲ ਨਾ ਲਵੇ। ਇਹ ਸਧਾਰਨ ਘਟਨਾ ਨਹੀਂ ਹੈ। ਉਹਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਤੁਸੀਂ ਇਹ ਹਿਜਰਤ ਰੋਕਣੀ ਚਾਹੁੰਦੇ ਹੋ ਤਾਂ ਭਾਜਪਾ ਨੂੰ ਸੱਤ੍ਹਾ ਸੌਂਪੋ। ਉਹਨੇ ਅਲਾਹਾਬਾਦ ’ਚ ਹੋਈ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਇਹ ਮੁੱਦਾ ਰੱਖਿਆ ਤੇ ਦੱਸਿਆ ਕਿ ਉਥੇ ਹਿੰਸਾ ਦਾ ਮਾਹੌਲ ਹੈ। ਬੀ. ਜੇ. ਪੀ. ਦੇ ਹੋਰਨਾਂ ਲੀਡਰਾਂ ਨੇ ਵੀ ਫਿਰਕੂ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਤੇ ਕਈਆਂ ਨੇ ਮਸਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਵੀ ਰੱਖ ਦਿੱਤੀ। ਮੇਨਕਾ ਗਾਂਧੀ (ਕੇਂਦਰੀ ਮੰਤਰੀ) ਨੇ ਯੂ. ਪੀ. ਸਰਕਾਰ ਦੀ ਜ਼ੋਰਦਾਰ ਆਲੋਚਨਾ ਕਰ ਦਿੱਤੀ। ਹਿੰਦੂ ਫਿਰਕਾਪ੍ਰਸਤਾਂ ਦੇ ਝੋਲੀਚੁੱਕ ਦੈਨਿਕ ਜਾਗਰਣ ਨੇ ਸਭ ਤੋਂ ਪਹਿਲਾਂ ਹੁਕਮ ਸਿੰਘ ਦੇ ਇਸ ਸ਼ੋਸ਼ੇ ਨੂੰ ਅਹਿਮ ਖ਼ਬਰ ਬਣਾ ਕੇ ਪ੍ਰਚਾਰਨਾ ਸ਼ੁਰੂ ਕੀਤਾ। ਮਗਰੋਂ ਜ਼ੀ ਨਿਊਜ਼ ਤੇ ਹੋਰ ਕਈ ਚੈਨਲ ਵੀ ਅਜਿਹੀਆਂ ਕਹਾਣੀਆਂ ਧੁਮਾਉਣ ਲੱਗੇ ਹਾਲਾਂਕਿ ਕਿਸੇ ਨੇ ਆਪ ਉਥੋਂ ਦੀਆਂ ਜ਼ਮੀਨੀ ਹਕੀਕਤਾਂ ਦੀ ਪੜਤਾਲ ਨਹੀਂ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਦਾ ਬਿਆਨ ਵੀ ਆ ਗਿਆ ਕਿ ਏਥੇ ਜਹਾਦੀਆਂ ਨੂੰ ਆਪਣੀਆਂ ਸਰਗਰਮੀਆਂ ਚਲਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਉਂ ਫ਼ਿਰਕੂ ਪਾਲਾਬੰਦੀ ਖੜ੍ਹੀ ਕਰਨ ਦੀ ਮਿਥੀ ਸਕੀਮ ਅਧੀਨ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਲਈ ਬਿਆਨਬਾਜ਼ੀ ਸ਼ੁਰੂ ਹੋ ਗਈ। ਭਾਜਪਾ ਦੀ ਯੂ. ਪੀ. ਇਕਾਈ ਵੱਲੋਂ ਇੱਕ ਟੀਮ ਪੜਤਾਲ ਲਈ ਬਾਕਾਇਦਾ ਕਿਰਾਨਾ ਭੇਜੀ ਗਈ। ਹੁਕਮ ਸਿੰਘ ਨੇ ਫਿਰ ਇਸਦੀ ਤੁਲਨਾ ਕਸ਼ਮੀਰ ਘਾਟੀ ’ਚੋਂ ਚਲੇ ਗਏ ਕਸ਼ਮੀਰੀ ਪੰਡਤਾਂ ਨਾਲ ਕਰਕੇ ਚੁਆਤੀ ਲਾਉਣ ਦੀ ਵਾਹ ਲਾਈ। ਭਾਜਪਾ ਨੇ ਕਈ ਮਾਰਚ ਕਰਕੇ ਹਿੰਦੂ ਪਰਿਵਾਰਾਂ ਦਾ ਉਜਾੜਾ ਰੋਕਣ ਦੀ ਮੰਗਉਠਾਈ। ਇਸ ਵਿਉਂਤ ਦਾ ਅਹਿਮ ਪਾਤਰ ਹੁਕਮ ਸਿੰਘ ਉਹੀ ਹੈ ਜੀਹਦਾ ਮੁਜ਼ੱਫਰਨਗਰ ਕਤਲੇਆਮ ਦੇ ਮੁੱਖ ਦੋਸ਼ੀਆਂ ’ਚ ਨਾਮ ਬੋਲਦਾ ਹੈ। ਯਾਦ ਰਹੇ ਕਿ 2013 ’ਚ ਮੁਜ਼ੱਫਰਨਗਰ ’ਚ ਭਾਜਪਾ ਵੱਲੋਂ ਕਰਵਾਏ ਦੰਗਿਆਂ ਦੌਰਾਨ ਉਭਾਰੇ ਗਏ ਹਿੰਦੂ ਧਾਰਮਿਕ ਜਜ਼ਬਾਤਾਂ ਦੇ ਵਹਿਣ ’ਤੇ ਸਵਾਰ ਹੋ ਕੇ ਹੀ ਭਾਜਪਾ ਯੂ. ਪੀ. ਦੀਆਂ 80 ਲੋਕ ਸਭਾ ਸੀਟਾਂ ’ਚੋਂ 71 ਸੀਟਾਂ ਜਿੱਤੀ ਸੀ ਜੀਹਦੇ ’ਚ ਹੁਕਮ ਸਿੰਘ ਵੀ ਸ਼ਾਮਲ ਸੀ। ਇਹਨਾਂ ਦੰਗਿਆਂ ਦੌਰਾਨ 60 ਨਿਰਦੋਸ਼ ਵਿਅਕਤੀ ਮਰੇ ਸਨ, ਸੈਂਕੜਿਆਂ ਦੇ ਘਰ ਉੱਜੜੇ ਸਨ ਤੇ ਲੋਕ ਮਹੀਨਿਆਂ ਬੱਧੀ ਕੈਂਪਾਂ ’ਚ ਰੁਲੇ ਸਨ। ਹੁਣ ਫਿਰ ਇੱਕ ਹੋਰ ਮੁਜ਼ੱਫਰਨਗਰ ਦੁਹਰਾਉਣ ਦੀ ਵਿਉਂਤ ਲਾਗੂ ਕਰਨ ਦੇ ਯਤਨ ਹੋ ਰਹੇ ਹਨ। ਕੁੱਝ ਦਿਨਾਂ ’ਚ ਹੀ ਇੱਕ ਹੋਰ ਨੇੜਲੇ ਕਸਬੇ ਕਾਂਡਲਾ ਬਾਰੇ ਵੀ ਅਜਿਹੀ ਹੀ ਸੂਚੀ ਜਾਰੀ ਕਰ ਦਿੱਤੀ ਗਈ ਜੀਹਦੇ ’ਚ 163 ਪਰਿਵਾਰ ਦਰਸਾਏ ਗਏ ਸਨ।

ਭਾਜਪਾ ਦੇ ਇਸ ਫਿਰਕੂ ਪ੍ਰਚਾਰ ਨੇ ਕਈ ਜਮਹੂਰੀ ਹੱਕਾਂ ਦੇ ਪਲੇਟਫਾਰਮਾਂ ਅਤੇ ਹੋਰ ਲੋਕ ਪੱਖੀ ਹਿੱਸਿਆਂ ਦਾ ਧਿਆਨ ਖਿੱਚਿਆ। ਕਈ ਲੋਕ ਪੱਖੀ ਪੱਤਰਕਾਰਾਂ ਨੇ ਆਪਣਾ ਰੋਲ਼ ਪਛਾਣਿਆ ਤੇ ਕਿਰਾਨਾ ਦੀਆਂ ਹਕੀਕਤਾਂ ਲੋਕਾਂ ਸਾਹਮਣੇ ਲਿਆਉਣ ਦੇ ਯਤਨ ਕੀਤੇ। ਯੂ. ਪੀ. ਸਰਕਾਰ ਦੇ ਕੁੱਝ ਅਧਿਕਾਰੀਆਂ ਨੇ ਵੀ ਹਾਲਤ ਦੇ ਕੁੱਝ ਪੱਖਾਂ ਤੋਂ ਪਰਦਾ ਚੁੱਕਿਆ। ਮਿੱਲੀ ਗੈਜ਼ਟ ਨਾਂ ਦੀ ਸੰਸਥਾ ਵੱਲੋਂ ਭੇਜੀ ਇੱਕ ਟੀਮ ਨੇ ਵੀ ਪੜਤਾਲੀਆ ਰਿਪੋਰਟ ਜਾਰੀ ਕੀਤੀ। ਇਹਨਾਂ ਸਭਨਾਂ ਹਿੱਸਿਆਂ ਵੱਲੋਂ ਉਭਾਰੇ ਤੱਥਾਂ ਨੇ ਹੁਕਮ ਸਿੰਘ ਤੇ ਬੀ. ਜੇ ਪੀ. ਦੇ ਫਿਰਕੂ ਮਨਸੂਬਿਆਂ ਨੂੰ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ। ਹੁਕਮ ਸਿੰਘ ਵੱਲੋਂ ਜਾਰੀ ਸੂਚੀ ਦਾ ਫਰੇਬ ਜਲਦੀ ਹੀ ਸਾਹਮਣੇ ਆ ਗਿਆ। ਇਸ ਸੂਚੀ ’ਚ ਕਈ ਮਰ ਚੁੱਕੇ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ। 68 ਪਰਿਵਾਰ ਅਜਿਹੇ ਸਨ ਜਿਹੜੇ ਲੰਮਾ ਅਰਸਾ (10-15 ਸਾਲ) ਪਹਿਲਾਂ ਕਿਰਾਨਾ ਛੱਡ ਕੇ ਚਲੇ ਗਏ ਸਨ। 28 ਪਰਿਵਾਰ ਅਜਿਹੇ ਸਨ ਜਿਹੜੇ ਅਜੇ ਵੀ ਉਥੇ ਹੀ ਰਹਿ ਰਹੇ ਸਨ। 7 ਪਰਿਵਾਰਾਂ ਦਾ ਜ਼ਿਕਰ ਦੋ ਵਾਰ ਕੀਤਾ ਹੋਇਆ ਹੈ। ਬਾਕੀ ਜਿਹੜੇ ਇਸ ਅਰਸੇ ਦੌਰਾਨ ਗਏ ਵੀ ਹਨ ਉਹਨਾਂ ਦਾ ਕਾਰਨ ਮੁਸਲਮਾਨਾਂ ਦੇ ਜ਼ੁਲਮ ਤੇ ਧਮਕੀਆਂ ਨਹੀਂ ਸਨ, ਸਗੋਂ ਵੱਖਰੇ ਕਾਰਨ ਸਨ। ਹਿਜਰਤ ਦੇ ਇਹਨਾਂ ਕਾਰਨਾਂ ਪਿੱਛੇ ਮੁੱਖ ਤੌਰ ’ਤੇ ਆਰਥਿਕਤਾ ਹੈ। ਕੁੱਝ ਪਰਿਵਾਰ ਤਾਂ ਰੁਜ਼ਗਾਰ ਦੀ ਤਲਾਸ਼ ’ਚ ਸ਼ਹਿਰਾਂ ਨੂੰ ਤਬਦੀਲ ਹੋ ਰਹੇ ਆਮ ਪੇਂਡੂ ਪਰਿਵਾਰਾਂ ਵਾਂਗ ਹੀ ਗਏ ਹਨ, ਕੁੱਝ ਨੂੰ ਸ਼ਹਿਰ ’ਚ ਮਿਲ ਗਈਆਂ ਸਰਕਾਰੀ ਨੌਕਰੀਆਂ ਕਾਰਣ ਜਾਣਾ ਪਿਆ ਹੈ। ਕੁੱਝ ਪਰਿਵਾਰਾਂ ਨੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਵੱਡੇ ਸ਼ਹਿਰਾਂ ਦਾ ਰੁਖ਼ ਕੀਤਾ। ਇੱਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਸੋਕਾ ਪਿਆ ਹੋਣ ਕਾਰਨ ਕਈ ਵਾਰ ਰੁਜ਼ਗਾਰ ਦੀ ਤਲਾਸ਼’ਚ ਹੋਰਨਾਂ ਖੇਤਰਾਂ ’ਚ ਆਰਜ਼ੀ ਤੌਰ ’ਤੇ ਗਏ ਹਨ ਜਿੰਨ੍ਹਾਂ ਦੇ ਘਰ-ਘਾਟ ਦੀ ਦੇਖ-ਰੇਖ ਆਂਢੀ ਗੁਆਂਢੀ ਕਰ ਰਹੇ ਹਨ। ਸ਼ਾਮਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਆਪਣੀ ਰਿਪੋਰਟ ’ਚ ਕਿਹਾ ਕਿ 188 ਪਰਿਵਾਰ ਤਾਂ 5 ਸਾਲ ਪਹਿਲਾਂ ਹੀ ਕਸਬਾ ਛੱਡ ਗਏ ਸਨ। ਮਗਰੋਂ ਸਮਾਜਵਾਦੀ ਪਾਰਟੀ ਨੇ ਵੀ ਭਾਜਪਾ ਖਿਲਾਫ਼ ਹੱਲਾ ਬੋਲਣ ਲਈ ਰਿਪੋਰਟ ਜਾਰੀ ਕੀਤੀ ਕਿ 190 ਮੁਸਲਮਾਨ ਪਰਿਵਾਰ ਵੀ ਪਿਛਲੇ 10 ਸਾਲਾਂ ਦੌਰਾਨ ਹਿਜਰਤ ਕਰ ਗਏ ਹਨ।

ਇਹ ਕਸਬਾ ਤੇ ਇਲਾਕਾ ਅਜਿਹਾ ਹੈ ਜਿੱਥੇ 80.74 ਫ਼ੀਸਦੀ ਮੁਸਲਮਾਨ ਤੇ 18.34 ਫ਼ੀਸਦੀ ਹਿੰਦੂ ਆਬਾਦੀ ਹੈ ਤੇ ਬਾਕੀ ਹੋਰਨਾਂ ਧਰਮਾਂ ਨਾਲ ਸਬੰਧਤ ਹਨ। ਪਰ ਏਥੇ ਫਿਰਕੂ ਜ਼ਹਿਰ ਦਾ ਪਸਾਰਾ ਯੂ. ਪੀ. ਦੇ ਹੋਰਨਾਂ ਖੇਤਰਾਂ ਵਾਂਗ ਨਹੀਂ ਹੋਇਆ ਹੈ। ਮੁਜ਼ੱਫਰਨਗਰ ਦੰਗਿਆਂ ਦੌਰਾਨ ਵੀ ਇਸ ਕਸਬੇ’ਚ ਸਦਭਾਵਨਾ ਵਾਲਾ ਮਾਹੌਲ ਕਾਇਮ ਰਿਹਾ ਸੀ। ਸਗੋਂ ਹੋਰਨਾਂ ਖੇਤਰਾਂ ’ਚੋਂ ਉੱਜੜੇ ਲੋਕਾਂ ਨੂੰ ਏਥੇ ਹੀ ਆਰਜ਼ੀ ਰਾਹਤ ਕੈਂਪਾਂ ’ਚ ਰੱਖਿਆ ਗਿਆ ਸੀ। 1992 ’ਚ ਬਾਬਰੀ ਮਸਜਿਦ ਢਾਹੁਣ ਮੌਕੇ ਕਰਾਏ ਗਏ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਵੀ ਇਹ ਕਸਬਾ ਸ਼ਾਂਤ ਰਿਹਾ ਸੀ। ਹੁਣ ਵੀ ਜਦੋਂ ਪੱਤਰਕਾਰਾਂ ਦੀ ਟੀਮ ਨੇ ਦੌਰਾ ਕੀਤਾ ਤਾਂ ਦੇਖਿਆ ਕਿ ਉਥੇ ਜਨਤਕ ਥਾਵਾਂ ’ਤੇ ਕੋਈ ਤਣਾਅ ਜਾਂ ਭੈਅ ਦਾ ਮਾਹੌਲ ਨਹੀਂ ਸੀ, ਸਗੋਂ ਲੋਕ ਅਮਨ-ਅਮਾਨ ਨਾਲ ਰਹਿ ਰਹੇ ਹਨ। ਲੋਕਾਂ ਦੇ ਵੱਖ ਵੱਖ ਹਿੱਸਿਆਂ ਨੇ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਏਥੇ ਹਿੰਦੂ-ਮੁਸਲਮਾਨ ਰਲ਼ਕੇ ਇੱਕ ਦੂਜੇ ਦੇ ਧਰਮਾਂ ਦੇ ਤਿਉਹਾਰ ਮਨਾਉਂਦੇ ਹਨ। ਕੁੱਝ ਹਿੰਦੂ ਪਰਿਵਾਰਾਂ ਨੇ ਕਿਹਾ ਕਿ ਭਾਜਪਾ ਸ਼ਰੇਆਮ ਝੂਠ ਬੋਲ ਰਹੀ ਹੈ। ਇਸ ਦੌਰਾਨ ਜਿਹੜੀ ਇੱਕ ਹੋਰ ਸਮੱਸਿਆ ਉੱਭਰ ਕੇ ਸਾਹਮਣੇ ਆਈ ਕਿ ਇਸ ਇਲਾਕੇ ’ਚ ਕਈ ਗੁੰਡਾ-ਗ੍ਰੋਹ ਸਰਗਰਮ ਹਨ ਤੇ ਉਹ ਲੋਕਾਂ ਤੋਂ ਜਬਰੀ ਵਸੂਲੀਆਂ ਕਰਦੇ ਹਨ। ਇਸ ਕਾਰਨ ਕੁੱਝ ਦੁਕਾਨਦਾਰ ਇਹ ਕਸਬਾ ਛੱਡ ਕੇ ਹੋਰਨਾਂ ਥਾਵਾਂ ’ਤੇ ਗਏ ਹਨ, ਪਰ ਇਸ ’ਚ ਧਰਮ ਦਾ ਕੋਈ ਦਖ਼ਲ ਨਹੀਂ ਹੈ। ਇਹਨਾਂ ਗੁੰਡਾ ਗਰੋਹਾਂ ਦਾ ਕੋਈ ਧਰਮ ਨਹੀਂ ਹੈ, ਸਗੋਂ ਇਹਨਾਂ ਨੂੰ ਸਭਨਾਂ ਧਰਮਾਂ ਦੇ ਮੌਕਾਪ੍ਰਸਤ ਸਿਆਸਤਦਾਨਾਂ ਦੀ ਡਟਵੀਂ ਹਮਾਇਤ ਹੈ। ਇਹਨਾਂ ਦੇ ਜ਼ੋਰ ’ਤੇ ਹੀ ਸਿਆਸਤਦਾਨਾਂ ਦਾ ਸਿੱਕਾ ਚੱਲਦਾ ਹੈ ਤੇ ਇਹ ਸਿਆਸਤਦਾਨਾਂ ਦੀ ਹਮਾਇਤ ਨਾਲ ਹੀ ਆਮ ਲੋਕਾਂ ’ਤੇ ਧੌਂਸ ਜਮਾਉਂਦੇ ਹਨ ਤੇ ਉਗਰਾਹੀਆਂ ਕਰਦੇ ਹਨ।

ਜਦੋਂ ਇਉਂ ਹਕੀਕਤ ਸਾਫ਼ ਹੋਣ ਲੱਗੀ ਤਾਂ ਭਾਜਪਾ ਨੂੰ ਛਿੱਥੀ ਪੈਣਾ ਪਿਆ। ਹੁਕਮ ਸਿੰਘ ਨੇ ਪਿਛਲ ਮੋੜਾ ਕੱਟਦਿਆਂ ਕਿਹਾ ਕਿ ਮੇਰੀ ਟੀਮ ਦੇ ਇੱਕ ਮੈਂਬਰ ਤੋਂ ਗਲਤੀ ਨਾਲ ਹਿੰਦੂ ਪਰਿਵਾਰ ਹੀ ਦਰਜ ਹੋ ਗਏ ਸਨ। ਮੈਂ ਉਹਨਾਂ ਨੂੰ ਗਲਤੀ ਠੀਕ ਕਰਨ ਲਈ ਕਿਹਾ ਹੈ। ਮੈਂ ਆਪਣੇ ਸਟੈਂਡ ’ਤੇ ਕਾਇਮ ਹਾਂ ਕਿ ਇਹ ਹਿੰਦੂ ਮੁਸਲਮਾਨ ਮੁੱਦਾ ਨਹੀਂ ਹੈ। ਇਹ ਫਿਰਕੂ ਮਸਲਾ ਨਹੀਂ ਹੈ ਸਗੋਂ ਅਮਨ ਕਾਨੂੰਨ ਦੀ ਸਮੱਸਿਆ ਹੈ। ਪਰ ਫਿਰ ਵੀ ਉਹ ਫਿਰਕੂ ਜ਼ਹਿਰ ਪਸਾਰੇ ਦਾ ਕਾਰਜ ਹੱਥੋਂ ਛੱਡਣ ਲਈ ਤਿਆਰ ਨਹੀਂ ਹੈ। ਉਹਨੇ ਕਿਹਾ ਕਿ ਇਲਾਕੇ ’ਚ ਸਰਗਰਮ ਗੁੰਡਾ-ਗ੍ਰੋਹ ਮੁਸਲਮਾਨ ਹਨ ਤੇ ਉਹਨਾਂ ਦੇ ਦਬਾਅ ਕਾਰਨ ਜੋ ਘਰ ਛੱਡ ਕੇ ਗਏ ਹਨ, ਉਹ ਹਿੰਦੂ ਹਨ।

ਪੱਛਮੀ ਯੂ. ਪੀ. ਦੇ ਇਸ ਹਿੱਸੇ ’ਚ ਗੁੰਡਾਗਰਦੀ ਦਾ ਵਰਾਤਰਾ ਇੱਕ ਅਹਿਮ ਮੁੱਦਾ ਹੈ ਪਰ ਭਾਜਪਾ ਨੇ ਇਹਨੂੰ ਫਿਰਕੂ ਰੰਗਤ ਦੇਣ ਦੇ ਯਤਨ ਕੀਤੇ ਹਨ। ਭਾਜਪਾ ਨੇ ਵੱਖ-ਵੱਖ ਥਾਵਾਂ ’ਤੇ ਮਾਰਚ ਸ਼ੁਰੂ ਕਰ ਦਿੱਤੇ ਤੇ ਸਾਰੀਆਂ ਹਿੰਦੂ ਫਿਰਕਾਪ੍ਰਸਤ ਜਨੂੰਨੀ ਤਾਕਤਾਂ ਲਾਮਬੰਦ ਕੀਤੀਆਂ ਗਈਆਂ। ਮੁਜ਼ੱਫਰਨਗਰ ਦੰਗਿਆਂ ਦੇ ਦੋਸ਼ੀਆਂ ’ਚ ਸ਼ੁਮਾਰ ਭਾਜਪਾ ਦਾ ਐੱਮ. ਐੱਲ. ਏ. ਸੰਗੀਤ ਸੋਮ (ਜਿਹੜਾ ਦਾਦਰੀ ਕਾਂਡ ’ਚ ਵੀ ਸ਼ਾਮਲ ਹੈ) ਲਾਮਬੰਦੀ ’ਚ ਜੁਟਿਆ ਰਿਹਾ। ਭਾਵੇਂ ਭਾਜਪਾ ਦੇ ਫਿਰਕੂ ਮਨਸੂਬੇ ਜੱਗ ਜ਼ਾਹਰ ਹੋ ਜਾਣ ਅਤੇ ਉਸ ਵੱਲੋਂ ਖੜ੍ਹੀ ਕੀਤੀ ਗਈ ਦੰਭੀ ਕਹਾਣੀ ਦੇ ਡਿੱਗ ਪੈਣ ਨੇ ਉਹਦੀਆਂ ਤਿਆਰੀਆਂ ’ਤੇ ਅਸਰ ਤਾਂ ਪਾਇਆ ਹੈ, ਪਰ ਉਹਦੀ ਫਿਰਕੂ ਪਾਲਾਬੰਦੀ ਦੀ ਵਡੇਰੀ ਵਿਉਂਤ ਬਰਕਰਾਰ ਹੈ। ਪਾਰਟੀ ਦੀ ਰਾਜ ਇਕਾਈ ਦੇ ਪ੍ਰਧਾਨ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਕਿਹਾ ਕਿ ਅਸੀਂ ਅਜਿਹੀਆਂ ਹੋਰ ਥਾਵਾਂ ਵੀ ਵੇਖ ਰਹੇ ਹਾਂ ਜਿੱਥੋਂ ਹਿਜਰਤ ਹੋ ਰਹੀ ਹੈ। ਅਸੀਂ ਇਹ ਮਸਲਾ ਉਠਾਵਾਂਗੇ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੇ ਵੀ ਮੁਜ਼ੱਫਰਨਗਰ ਵਾਂਗ ਇਹ ਮੌਕਾ ਅਜਾਈਂ ਨਹੀਂ ਜਾਣ ਦਿੱਤਾ। ਉਸ ਨੇ ਝੱਟ ਮੁਸਲਮਾਨ ਵੋਟਾਂ ਪੱਕੀਆਂ ਕਰਨ ਦਾ ਕਾਰਜ ਆਰੰਭ ਲਿਆ। ਜੇਕਰ ਸੰਗੀਤ ਸੋਮ ਨੇ ‘ਨਿਰਭੈ ਯਾਤਰਾ’ ਕੱਢੀ ਤਾਂ ਸਮਾਜਵਾਦੀ ਪਾਰਟੀ ਦੇ ਐਮ. ਐਲ. ਏ. ਅਤੁਲ ਪ੍ਰਧਾਨ ਨੇ ‘ਸਵੈ-ਅਭਿਮਾਨ’ ਰੈਲੀ ਕੀਤੀ। ਦੋਹਾਂ ਨੇ ਫਿਰਕੂ ਜ਼ਹਿਰ ਦਾ ਛਿੱਟਾ ਦੇਣ ’ਚ ਕੋਈ ਕਸਰ ਨਹੀਂ ਛੱਡੀ।
ਯੂ. ਪੀ. ਚੋਣਾਂ ਜਿੱਤਣ ਲਈ ਭਾਜਪਾ ਦੀ ਟੇਕ ਪੂਰੀ ਤਰ੍ਹਾਂ ਫਿਰਕੂ ਪੱਤੇ ’ਤੇ ਹੈ ਕਿਉਂਕਿ ਉਸਦੇ ‘ਵਿਕਾਸ’ਦਾ ਮਾਵਾ ਤਾਂ ਲਹਿ ਚੁਕਿਆ ਹੈ। ਏਸੇ ਲਈ ਹੁਣ ਮੁੜ ਰਾਮ ਮੰਦਰ ਦਾ ਮੁੱਦਾ ਭਖਾਇਆ ਜਾ ਰਿਹਾ ਹੈ ਅਤੇ ਮੰਦਰ ਬਣਾਉਣ ਦੀਆਂ ਤਿਆਰੀਆਂ ਦਾ ਪ੍ਰਭਾਵ ਸਿਰਜਣ ਲਈ ਸਾਜੋ-ਸਾਮਾਨ ਇਕੱਠਾ ਕਰਨ ਦਾ ਢਕਵੰਜ ਕੀਤਾ ਜਾ ਰਿਹਾ ਹੈ। ਹਰ ਘਟਨਾ ਨੂੰ ਫਿਰਕੂ ਰੰਗ ਚਾੜ੍ਹਨ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਜਿਵੇਂ ਇੱਕ ਪੁਲਿਸ ਅਧਿਕਾਰੀ ਨੇ ਮੰਨਿਆ ਕਿ ਔਰਤ ਨਾਲ ਬਲਾਤਕਾਰ ਤੇ ਕਤਲ ਕਰ ਦੇਣ ਦੀ ਘਟਨਾ ਦੇ ਦੋਸ਼ੀਆਂ ਵਜੋਂ ਦੋ ਹਿੰਦੂ ਮੁੰਡਿਆਂ ’ਤੇ ਕੇਸ ਦਰਜ ਕੀਤਾ ਗਿਆ ਸੀ ਪਰ ਸਿਆਸੀ ਦਬਾਅ ਕਾਰਨ ਇਸ ਕੇਸ ’ਚੋਂ ਉਹਨਾਂ ਦੇ ਨਾਂ ਕੱਢ ਕੇ ਮੁਸਲਮਾਨ ਮੁੰਡਿਆਂ ਦੇ ਨਾਂ ਪਾ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਆ ਰਹੀ ਵਿਧਾਨ ਸਭਾ ਚੋਣਾਂ ਤੱਕ ਯੂ. ਪੀ. ਦੇ ਲੋਕਾਂ ’ਤੇ ਸਾੜ੍ਹਸਤੀ ਦਾ ਖਤਰਾ ਮੰਡਰਾ ਰਿਹਾ ਹੈ। ਸੱਤ੍ਹਾ ਹਥਿਆਉਣ ਲਈ ਭੁੱਖੇ ਸਿਆਸਤਦਾਨਾਂ ਅਤੇ ਫਿਰਕੂ ਜ਼ਹਿਰ ਦੇ ਵਣਜਾਰਿਆਂ ਦੀਆਂ ਲਾਲਸਾਵਾਂ ਦੀ ਕੀਮਤ ਲੋਕਾਂ ਦੀਆਂ ਜਿੰਦਗੀਆਂ ਦੇ ਘਾਣ ਨਾਲ ਚੁਕਾਈ ਜਾਣੀ ਹੈ। ਯੂ. ਪੀ. ਦੇ ਲੋਕ ਮੁੜ ਕਦੇ ਵੀ ਫਿਰਕੂ ਅੱਗ ਦੀਆਂ ਲਾਟਾਂ ’ਚ ਲੂਹੇ ਜਾ ਸਕਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ