Mon, 09 December 2024
Your Visitor Number :-   7279067
SuhisaverSuhisaver Suhisaver

ਸਮਾਜਿਕ-ਆਰਥਿਕ ਸੰਦਰਭ ’ਚ ਪੰਜਾਬ ਦੇ ਸਿਹਤ ਸਰੋਕਾਰ -ਡਾ. ਧਰਮਵੀਰ ਗਾਂਧੀ

Posted on:- 30-11-2014

suhisaver

ਸੰਨ 1946 ਵਿੱਚ ਵਿਸ਼ਵ ਸਿਹਤ ਸੰਸਥਾ ਨੇ ਸਿਹਤ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਸੀ, ”ਮਹਿਜ਼ ਕਿਸੇ ਬੀਮਾਰੀ ਜਾਂ ਅਪੰਗਤਾ ਦਾ ਨਾ ਹੋਣਾ ਹੀ ਸਿਹਤ ਨਹੀਂ ਹੈ ਸਗੋਂ ਇਸ ਤੋਂ ਭਾਵ ਹੈ ਕਿ ਮਨੁੱਖ ਸਰੀਰਕ, ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਵੀ ਮੁਕੰਮਲ ਤੰਦਰੁਸਤ ਹੋਵੇ।” ਸਿਹਤ ਦੀ ਇਹ ਪਰਿਭਾਸ਼ਾ ਤੁਹਾਨੂੰ ਸੁੱਤੇ-ਸਿੱਧ, ਸਿਹਤ ਨੂੰ ਕੇਵਲ ਬੀਮਾਰੀਆਂ ਦੇ ਸੀਮਤ ਤੇ ਸੰਕੀਰਨ ਸੰਕਲਪ ‘ਚੋਂ ਬਾਹਰ ਕੱਢ ਕੇ ਆਰਥਿਕਤਾ, ਸਿਆਸਤ, ਸਮਾਜ ਦੇ ਵਿਸ਼ਾਲ ਵਿਹੜੇ ਵਿੱਚ ਲਿਆ ਖੜ੍ਹਾ ਕਰਦੀ ਹੈ। ਇਸ ਪਰਿਭਾਸ਼ਾ ਦੇ ਵੱਖ-ਵੱਖ ਮਿਆਰਾਂ ਤੇ ਮਾਪਦੰਡਾਂ ਅਨੁਸਾਰ ਪਰਖ ਕੇ ਅਜੋਕੇ ਪੰਜਾਬ ਦੀ ਸਿਹਤ ਨੂੰ ਤਿੰਨ ਕਾਲ-ਖੰਡਾਂ ਵਿੱਚ ਵੰਡ ਕੇ, ਸਿਹਤ ਦੇ ਮਸਲੇ ਨੂੰ ਵੱਖ-ਵੱਖ ਸਮਿਆਂ ਦੀਆਂ ਆਰਥਿਕ, ਸਿਆਸੀ ਤੇ ਸਮਾਜਿਕ ਸੰਰਚਨਾਵਾਂ ਅਤੇ ਇਨ੍ਹਾਂ ਰਾਹੀਂ ਪ੍ਰਭਾਵਿਤ ਤੇ ਤੈਅ ਹੁੰਦੇ ਜੀਵਨ ਪੱਧਰ, ਜੀਵਨ ਸ਼ੈਲੀ, ਜੀਵਨ ਜਾਚ ਤੇ ਜੀਵਨ ਫ਼ਲਸਫ਼ੇ ਵਿੱਚ ਆਈਆਂ ਸਿਫ਼ਤੀ ਤਬਦੀਲੀਆਂ ਦੇ ਪ੍ਰਸੰਗ ਵਿੱਚ ਸਮਝਣ ਦੀ ਜ਼ਰੂਰਤ ਹੈ।

ਕਾਲ ਖੰਡ 1947-1965

ਆਜ਼ਾਦੀ ਤੋਂ ਫ਼ੌਰੀ ਬਾਅਦ ਆਸਾਂ-ਉਮੰਗਾਂ, ਆਸ਼ਾਵਾਦ ਤੇ ਆਦਰਸ਼ਵਾਦ ਨਾਲ ਲਬਰੇਜ਼ ਪੰਜਾਬ ਵਿੱਚ ਸਿਆਸਤ ਤੇ ਪ੍ਰਸ਼ਾਸਨ ਦੋਵੇਂ, ਭਾਵੇਂ ਅੰਸ਼ਕ ਰੂਪ ਵਿੱਚ ਹੀ ਸਹੀ, ਕਲਿਆਣਕਾਰੀ ਸਨ। ਸਿਆਸਤ ਵਿੱਚ ਧੌਂਸ, ਧੱਕੇਸ਼ਾਹੀ, ਗੁੰਡਾਗਰਦੀ ਅਤੇ ਮਾਫ਼ੀਆ ਸੱਭਿਆਚਾਰ ਨਾ ਦੇ ਬਰਾਬਰ ਸੀ। ਲੋਕਾਂ ਦੀ  ਬਹੁਗਿਣਤੀ, ਹੱਡ ਭੰਨਵੀਂ ਕਿਰਤ ਰਾਹੀਂ ਹੱਕ-ਹਲਾਲ ਦੀ ਕਮਾਈ ਕਰਦੀ ਸੀ। ਪੰਜਾਬ ਦੀ ਧਰਤੀ, ਦਰਿਆ ਤੇ ਫ਼ਿਜ਼ਾ, ਨਿਰਮਲ ਤੇ ਪ੍ਰਦੂਸ਼ਨ ਰਹਿਤ ਸੀ। ਨਸ਼ਿਆਂ ਦੀ ਵਰਤੋਂ ਨਾਂ-ਮਾਤਰ ਸੀ ਅਤੇ ਜੋ ਵਰਤਦਾ ਸੀ, ਉਹ ਲੋਕਾਂ ਦੀ ਨਫ਼ਰਤ ਤੇ ਮਜ਼ਾਕ ਦਾ ਪਾਤਰ ਬਣਦਾ ਸੀ। ਸਰਕਾਰ ਨਸ਼ਿਆਂ ਦੀ ਸੌਦਾਗਰ ਨਹੀਂ ਸੀ। ਕਿਸੇ ਮਨੁੱਖ ਦੀ ਕਦਰ ਉਸ ਦੇ ਪੈਸੇ-ਰੁਤਬੇ ਕਾਰਨ ਘੱਟ, ਉਸ ਦੇ ਕਿਰਦਾਰ ਕਰਕੇ ਵੱਧ ਹੁੰਦੀ ਸੀ। ਲੋਕ ਧਾਰਮਿਕ ਸਨ ਪਰ ਜਨੂੰਨੀ ਨਹੀਂ। ਇਸ ਸਮੇਂ ਦੌਰਾਨ ਪੰਜਾਬ ਵਿੱਚ ਸੰਕਰਾਮਕ ਤੇ ਛੂਤ ਦੇ ਰੋਗ ਜ਼ਰੂਰ ਸਨ ਪਰ ਇਨ੍ਹਾਂ ਨੇ ਮਹਾਮਾਰੀਆਂ ਜਿਹੇ ਭਿਆਨਕ ਰੂਪ ਕਦੇ ਅਖ਼ਤਿਆਰ ਨਹੀਂ ਕੀਤੇ ਸਨ। ਪੰਜਾਬੀ ਲੋਕਾਂ ਦੀ ਸਿਹਤ ਦਾ ਇਹ ਸੁਨਹਿਰੀ ਸਮਾਂ ਸੀ।

ਇਸ ਸਮੇਂ ਦੌਰਾਨ ਪੰਜਾਬ ਦੀ ਸਮਾਜਿਕ ਜ਼ਿੰਦਗੀ ਵਿੱਚ ਜਗੀਰੂ ਸੱਭਿਆਚਾਰ ਭਾਰੂ ਰਿਹਾ। ਪੰਜਾਬੀ ਸਮਾਜ ਵਿੱਚ ਜਾਤ-ਪਾਤ, ਔਰਤ ਦੇ ਸਮਾਜ ਵਿੱਚ ਸਥਾਨ ਤੇ ਰੁਤਬੇ, ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੇ ਮਾਮਲੇ ਵਿੱਚ ਕੋਈ ਸਿਫ਼ਤੀ ਤਬਦੀਲੀ ਨਹੀਂ ਆਈ। ਸਿੱਖ ਧਰਮ ਦੇ ਮਾਨਵਤਾਵਾਦੀ ਨਜ਼ਰੀਏ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਅਤੇ ਹਿੰਦੂ ਅੰਨ੍ਹਾ ਤੁਰਕੂ ਕਾਣਾ, ਦੋਹਾਂ ਤੋਂ ਗਿਆਨੀ ਸਿਆਣਾ, ਵਰਗੀਆਂ ਤਰਕ ਤੇ ਸੰਵਾਦ ਯੁਕਤ ਸ਼ਾਨਦਾਰ ਰਵਾਇਤਾਂ ਨੂੰ ਪੰਜਾਬੀ ਲੋਕਾਂ ਅਤੇ ਵਿਸ਼ੇਸ਼ ਕਰਕੇ ਧਾਰਮਿਕ ਰਹਿਨੁਮਾ ਨੇ ਬ੍ਰਾਹਮਣਵਾਦੀ ਤੇ ਕਰਮਕਾਂਡੀ ਧਾਰਮਿਕ ਅਭਿਆਸ ਵਿੱਚ ਦਫ਼ਨ ਕਰ ਦਿੱਤਾ ਸੀ। ਵੱਡੇ ਸਮਾਜਿਕ ਇਨਕਲਾਬ ਦਾ ਸੰਦ ਬਣਨ ਦੀ ਸਮਰੱਥਾ ਰੱਖਣ ਅਤੇ ਸਿਧਾਂਤਕ ਗਤੀਸ਼ੀਲਤਾ ਅਤੇ ਤਬਦੀਲੀਆਂ ਦੇ ਅਲੰਬਰਦਾਰ, ਇਕ ਮਹਾਨ ਫ਼ਲਸਫ਼ੇ ਨੂੰ ਮਹਿਜ਼ ਰੂਹਾਨੀਅਤ ਅਤੇ ਸ਼ਖ਼ਸੀ ਮੁਕਤੀ ਤਕ ਸੀਮਤ ਕਰ ਕੇ, ਇਸ ਦੇ ਸਮਾਜਿਕ ਇਨਕਲਾਬੀ ਪਾਸੇ ਨੂੰ ਛੁਟਿਆ ਕੇ, ਸਾਖੀਆਂ-ਸਤਿਸੰਗਾਂ ਤਕ ਸੀਮਤ ਕਰ ਦਿੱਤਾ ਗਿਆ ਸੀ। ਇਸ ਫ਼ਲਸਫ਼ੇ ਵਿੱਚ, ਸਮੋਈ ਜਾਤ-ਪਾਤ, ਫ਼ਿਰਕਾਪ੍ਰਸਤੀ, ਧਾਰਮਿਕ ਕੱਟੜਤਾ ਤੇ ਅੰਧ-ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਖ਼ਿਲਾਫ਼ ਲੜਨ ਅਤੇ ਸਰਬਸਾਂਝੀਵਾਲਤਾ ‘ਤੇ ਆਧਾਰਿਤ ਇੱਕ ਨਿਆਂਪੂਰਨ ਸਮਾਜ ਸਿਰਜਣ ਲਈ, ਲੋਕਾਂ ਨੂੰ ਜਾਗਰੂਕ ਤੇ ਸੰਗਠਿਤ ਕਰਨ ਦੀ ਬੇਥਾਹ ਸਮਰੱਥਾ ਨੂੰ ਵਰਤ ਕੇ ਪੰਜਾਬੀ ਸਮਾਜ ਵਿੱਚ ਆਧੁਨਿਕਤਾ ਦੀ ਜੋ ਜੋਤ ਜਗਾਈ ਜਾ ਸਕਦੀ ਸੀ ਅਤੇ ਜੋ ਦੇਸ਼ ਦੁਨੀਆਂ ਲਈ ਰਾਹ ਦਰਸਾਊ ਤੇ ਚਾਨਣ ਮੁਨਾਰਾ ਬਣ ਸਕਦੀ ਸੀ; ਉਸ ਇਤਿਹਾਸਕ ਕਾਰਜ ਵਿੱਚ ਪੰਜਾਬ ਦੀ ਸਮਾਜਿਕ-ਧਾਰਮਿਕ ਲੀਡਰਸ਼ਿਪ ਬੁਰੀ ਤਰ੍ਹਾਂ ਨਾਕਾਮ ਰਹੀ। ਅੱਜ ਪੰਜਾਬ ਦੇ ਮੱਥੇ ਭਰੂਣ ਹੱਤਿਆ ਅਤੇ ਅਤਿਵਾਦ ਦਾ ਕਲੰਕ ਵੀ, ਹੋਰਨਾਂ ਕਾਰਨਾਂ ਦੇ ਨਾਲ-ਨਾਲ, ਕਿਸੇ ਹੱਦ ਤਕ ਇਸੇ ਅਣਗਹਿਲੀ ਤੇ ਕੁਤਾਹੀ ਦਾ ਵੀ ਨਤੀਜਾ ਹੈ।

ਇਸ ਸਾਰੇ ਸਮੇਂ ਦੌਰਾਨ ਪੰਜਾਬੀ ਲੋਕਾਂ ਦੀ ਸਮਾਜਿਕ ਸਿਹਤ, ਜਗੀਰੂ ਸੱਭਿਆਚਾਰ ‘ਚ ਗ੍ਰਸੇ ਹੋਣ ਅਤੇ ਆਧੁਨਿਕਤਾ ਤੋਂ ਵਾਂਝੇ ਰਹਿਣ ਦੇ ਬਾਵਜੂਦ ਏਨੀ ਮਾੜੀ ਨਹੀਂ ਸੀ ਭਾਵੇਂ ਇਸ ਨੂੰ ਵਿਗਾੜਨ ਦੀਆਂ ਕੁਝ ਕੋਸ਼ਿਸ਼ਾਂ ਜ਼ਰੂਰ ਹੋਈਆਂ। ਇਨ੍ਹਾਂ ਪਿੱਛੇ ਜਿੱਥੇ ਇੱਕ ਪਾਸੇ ਕੇਂਦਰੀ ਸੱਤਾ ਦੀਆਂ ਚਾਲਾਂ ਤੇ ਖ਼ੁਦਗਰਜ਼ੀ ਸ਼ਾਮਲ ਸੀ, ਉੱਥੇ ਦੂਜੇ ਪਾਸੇ, ਸੂਬੇ ਵਿੱਚ ਨਵੀਂ ਉੱਭਰ ਰਹੀ ਹਾਕਮ ਜਮਾਤ ਦੀ ਨੁਮਾਇੰਦਗੀ ਕਰਦੀ ਇੱਕ ਅਹਿਮ ਸਿਆਸੀ ਪਾਰਟੀ ਵੱਲੋਂ ਬੁਨਿਆਦੀ ਰੂਪ ਵਿੱਚ ਸੱਤਾ ਤੇ ਸਿਆਸਤ ਵਿੱਚ ਵਧੇਰੇ ਭਾਈਵਾਲੀ ਤੇ ਹਿੱਸਾਪੱਤੀ ਹਾਸਲ ਕਰਨ ਲਈ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਚਲਾਇਆ ਜਾ ਰਿਹਾ ਅੰਦੋਲਨ ਵੀ ਸ਼ਾਮਲ ਸੀ। ਇਸ ਅੰਦੋਲਨ ਪਿੱਛੇ, ਪੰਜਾਬ ਦੀ ਆਰਥਿਕਤਾ, ਪੰਜਾਬੀ ਸਮਾਜ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਲਈ ਕੋਈ ਵੱਖਰਾ ਲੋਕ ਪੱਖੀ ਵਿਕਲਪ ਨਾ ਹੋ ਕੇ, ਮਹਿਜ਼ ਸੱਤਾ ‘ਤੇ ਨਿਰੰਤਰ ਬਣੇ ਰਹਿਣ ਦੀ ਲਾਲਸਾ ਸੀ, ਜੋ ਕਿ ਪਿਛਲੇ 40-45 ਸਾਲ ਦੇ ਇਨ੍ਹਾਂ ਦੇ ਕਿਰਦਾਰ ਅਤੇ ਵਿਹਾਰ ਨੇ ਸਿੱਧ ਕਰ ਵਿਖਾਇਆ ਹੈ। ਕੇਂਦਰੀ ਸੱਤਾ ਦੀ ਸ਼ਹਿ ਉੱਤੇ ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਕੀਤੀ ਗ਼ੱਦਾਰੀ ਨੇ, ਬਲਦੀ ‘ਤੇ ਘਿਓ ਦਾ ਕੰਮ ਕੀਤਾ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ ਸਿਆਸੀ-ਸਮਾਜਿਕ ਹਲਚਲ ਤਾਂ ਬਹੁਤ ਹੋਈ ਅਤੇ ਕੁਝ ਅਖ਼ਬਾਰਾਂ ਨੇ ਭੜਕਾਊ ਖ਼ਬਰਾਂ ਤੇ ਲੇਖਾਂ ਰਾਹੀਂ ਪੰਜਾਬ ਦੀ ਸੱਭਿਆਚਾਰਕ ਸਾਂਝ ਤੇ ਸਮਾਜਿਕ ਸਿਹਤ ਵਿਗਾੜਨ ਦੀ ਵਾਹ ਵੀ ਲਾਈ ਪਰ ਹਿੰਦੂਆਂ ਅਤੇ ਸਿੱਖਾਂ ਦੇ ਸਮਾਵੇਸ਼ੀ ਸੱਭਿਆਚਾਰ ਨੇ ਇਨ੍ਹਾਂ ਸਿਆਸੀ, ਧਾਰਮਿਕ ਤੇ ਅਖ਼ਬਾਰੀ ਲੀਡਰਾਂ ਦੀਆਂ ਚਾਲਾਂ ਨੂੰ ਕਾਮਯਾਬ ਨਾ ਹੋਣ ਦਿੱਤਾ। ਇਸ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਦੀ ਮਾਨਸਿਕ ਸਿਹਤ ਬਹੁਤ ਸਥਿਰ ਸੀ। ਈਰਖਾ, ਸਾੜਾ, ਗ਼ੈਰ ਸਿਹਤਮੰਦ ਸ਼ਰੀਕੇਬਾਜ਼ੀ ਬਹੁਤ ਘੱਟ ਸੀ। ਖੰੁਢਾਂ-ਸੱਥਾਂ-ਸਾਂਝਾਂ ਦਾ ਯੁੱਗ ਸੀ। ਲੋਕੀਂ ਨਿਰਸਵਾਰਥ ਢੰਗ ਨਾਲ ਇੱਕ-ਦੂਜੇ ਦੀ ਮਦਦ ਕਰਦੇ ਸਨ। ਜ਼ਿੰਦਗੀ ਦੀ ਤੋਰ ਟਿਕਾਊ ਤੇ ਸਹਿਜ ਸੀ। ਦਿਖਾਵਾ ਤੇ ਫਜ਼ੂਲਖ਼ਰਚੀ ਘੱਟ ਸੀ। ਅਧਿਆਪਨ ਤੇ ਡਾਕਟਰੀ ਵਰਗੇ ਕਿੱਤਿਆਂ ਦੀ ਸੁੱਚਤਾ ਅਤੇ ਸ਼ੁੱਧਤਾ ਕਾਫ਼ੀ ਹੱਦ ਤਕ ਕਾਇਮ ਸੀ। ਯਾਰੀਆਂ, ਦੋਸਤੀਆਂ, ਰਿਸ਼ਤੇਦਾਰੀਆਂ, ਵਪਾਰਕ ਅੰਸ਼ਾਂ ਤੋਂ ਮੁਕਤ ਸਨ। ਪਿੰਡ ਦੀ ਨੂੰਹ, ਧੀ, ਸਭ ਦੀ ਸਾਂਝੀ ਇੱਜ਼ਤ ਸੀ। ਪਿੰਡ ਦਾ ਫ਼ੌਜੀ, ਸਾਰੇ ਪਿੰਡ ਦਾ ਮਾਣ ਹੁੰਦਾ ਸੀ। ਲੋਕਾਂ ਵਿੱਚ ਚੰਗੇਰੀ ਜ਼ਿੰਦਗੀ ਲਈ ਤਾਂਘ ਜ਼ਰੂਰ ਸੀ ਪਰ ਅੱਜ ਵਰਗਾ ਹਲਕਾਅ ਨਹੀਂ ਸੀ। ਹੱਥੀਂ ਕਿਰਤ, ਇਸ ਸਮੇਂ ਦੇ ਸਦਾਚਾਰ ਦਾ ਸੋਮਾ ਵੀ ਸੀ ਅਤੇ ਸਾਊ ਅਤੇ ਨਿਰਛਲ ਸੁਭਾਅ ਦੀ ਬੁਨਿਆਦ ਵੀ।

ਕਾਲ ਖੰਡ 1966-1991

ਇਹ ਢਾਈ ਦਹਾਕੇ, ਭਾਰਤੀ ਹਾਕਮਾਂ ਵੱਲੋਂ ਕਲਿਆਣਕਾਰੀ ਰਾਜ ਦਾ ਮੁਖੌਟਾ ਲਾਹੁਣ ਅਤੇ ਯੋਜਨਾਬੱਧ ਪਲਾਨਿੰਗ ਰਾਹੀਂ ਸਮੂਹਿਕ ਵਿਕਾਸ ਕਰਨ ਦੇ ਕੌਮੀ ਏਜੰਡੇ ਨੂੰ ਹੌਲ਼ੀ-ਹੌਲ਼ੀ ਤਿਆਗਣ ਦਾ ਤਜਰਬਾ ਕਰਨ ਦੇ ਸਾਲ ਸਨ। ਪਬਲਿਕ ਸੈਕਟਰ ਦੀ ਅਹਿਮੀਅਤ ਤੇ ਵਾਜਬੀਅਤ ਨੂੰ ਘਟਾਇਆ ਤੇ ਛੁਟਿਆਇਆ ਜਾਣ ਲੱਗਾ ਸੀ। ਸਾਲ 1947 ਦਾ ਥੁੜ੍ਹ-ਪੂੰਜੀਆ ਪ੍ਰਾਈਵੇਟ ਸੈਕਟਰ, ਜੋ ਹੁਣ ਤਕ ਆਪਣੇ ਵਿਕਾਸ ਲਈ ਲੋਕਾਂ ਦੀਆਂ ਬੱਚਤਾਂ ਨਾਲ ਉੱਸਰੀ ਵੱਡ ਆਕਾਰੀ ਸਰਕਾਰੀ ਸਨਅਤ ‘ਤੇ ਨਿਰਭਰ ਸੀ, ਆਪਣੇ ਖੰਭ ਖਿਲਾਰਨ ਲੱਗਾ ਅਤੇ ਸਰਕਾਰੀ ਨੀਤੀਆਂ ‘ਤੇ ਅਸਰ ਅੰਦਾਜ਼ ਹੋਣ ਲੱਗਾ ਸੀ। ਇਹ ਸਮਾਂ, ਹਾਕਮਾਂ ਦੀ ਲੋਕ ਦੁੱਖੜਿਆਂ ਪ੍ਰਤੀ ਵਧ ਰਹੀ ਬੇਰੁਖ਼ੀ ਤੇ ਉਦਾਸੀਨਤਾ ਅਤੇ ਸਿਹਤ ਤੇ ਵਿੱਦਿਆ ਵਰਗੇ ਬੁਨਿਆਦੀ ਮੁੱਦਿਆਂ ਤੇ ਜ਼ਿੰਮੇਵਾਰੀਆਂ ਤੋਂ ਹੌਲ਼ੀ-ਹੌਲ਼ੀ ਪੈਰ ਖਿੱਚਣ ਅਤੇ ਲੋਕਾਂ ਨੂੰ ਆਪਣੇ ਹਾਲੋ-ਕਰਮ ‘ਤੇ ਛੱਡਣ ਦਾ ਤਜਰਬਾ ਕਾਲ ਹੈ। ਹਾਕਮਾਂ, ਅਫ਼ਸਰਾਂ, ਧਨਾਢਾਂ ਤੇ ਮੱਧ ਵਰਗ ਦੇ ਭ੍ਰਿਸ਼ਟ ਹਿੱਸਿਆਂ ਅਤੇ ਆਮ ਲੋਕਾਂ ਲਈ ਦੋਹਰੀ ਸਿਹਤ ਵਿਵਸਥਾ, ਦੋਹਰੀ ਸਿੱਖਿਆ ਵਿਵਸਥਾ ਅਤੇ ਆਵਾਜਾਈ ਦੇ ਸਾਧਨਾਂ ਵਰਗੀਆਂ ਅਨੇਕਾਂ ਹੋਰ ਦੋਹਰੀਆਂ ਵਿਵਸਥਾਵਾਂ, ਇਨ੍ਹਾਂ ਸਾਲਾਂ ਦੌਰਾਨ ਹੀ ਪ੍ਰਵਾਨ ਚੜ੍ਹੀਆਂ ਤੇ ਪ੍ਰਫੁੱਲਤ ਹੋਈਆਂ। ਲੋਕ, ਆਜ਼ਾਦੀ, ਬਰਾਬਰੀ, ਜਮਹੂਰੀਅਤ, ਵਿਕਾਸ ਅਤੇ ਖ਼ੁਸ਼ਹਾਲੀ ਦੇ ਨਾਂ ‘ਤੇ ਠੱਗੇ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਦੀ ਨਿਰਾਸ਼ਾ, ਗੁੱਸਾ ਤੇ ਰੋਹ ਜਾਇਜ਼ ਸੀ। ਇਹ ਸਾਲ ਟੁੱਟਦੇ ਸੁਫ਼ਨਿਆਂ ਦੇ ਸਾਲ ਵੀ ਸਨ ਤੇ ਵਿਸ਼ਾਲ ਜਨਤਕ ਵਿਰੋਧਾਂ/ਵਿਦਰੋਹਾਂ ਦੇ ਸਾਲ ਵੀ। ਸਿਆਸਤ ਦਾ ਅਪਰਾਧੀਕਰਨ ਤੇ ਅਪਰਾਧ ਦਾ ਸਿਆਸੀਕਰਨ ਵੀ ਮੁੱਖ ਰੂਪ ਵਿੱਚ ਇਸ ਸਮੇਂ ਦੀ ਹੀ ਪੈਦਾਇਸ਼ ਹੈ। ਲੋਕਾਂ ਦਾ ਹਾਕਮਾਂ ਅਤੇ ਹਾਕਮਾਂ ਦਾ ਲੋਕਾਂ ‘ਤੇ ਵਿਸ਼ਵਾਸ ਤਿੜਕ ਰਿਹਾ ਸੀ। ਹਾਕਮਾਂ ਨੇ ਲੋਕ ਰੋਹ ਤੋਂ ਡਰਦਿਆਂ, ਜਿੱਥੇ ਇੱਕ ਪਾਸੇ ਹੋਰ ਵੱਧ ਜਾਬਰ ਤੇ ਕਾਲੇ ਕਾਨੂੰਨ ਘੜਨ ਅਤੇ ਐਮਰਜੈਂਸੀ ਵਰਗੇ ਧੱਕੜ ਕਦਮ ਚੁੱਕਣ ਦਾ ਰਾਹ ਅਖ਼ਤਿਆਰ ਕੀਤਾ, ਉੱਥੇ ਸਿਆਸਤ ਵਿੱਚ ਪੈਸਾ, ਬਾਹੂਬਲ ਅਤੇ ਮਾਫ਼ੀਆ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਇਲਾਕਾਈ, ਜਾਤ-ਪਾਤ ਤੇ ਫ਼ਿਰਕੂ ਸਿਆਸਤ ਦੇ ਪੱਤੇ ਵੀ ਖੁੱਲ੍ਹ ਕੇ ਇਨ੍ਹਾਂ ਸਾਲਾਂ ਵਿੱਚ ਹੀ ਖੇਡਣੇ ਸ਼ੁਰੂ ਕੀਤੇ। ਪੰਜਾਬ ਵਿੱਚ ਅਤਿਵਾਦ, ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਅਤੇ ਵਿਵਾਦਤ ਬਾਬਰੀ ਢਾਂਚੇ ਨੂੰ ਢਾਹੁਣ ਦੀ ਬੁਨਿਆਦ ਇਨ੍ਹਾਂ ਸਾਲਾਂ ਵਿੱਚ ਹੀ ਰੱਖੀ ਗਈ। 70ਵਿਆਂ ਦੇ ਅਖ਼ੀਰਲੇ ਸਾਲਾਂ ਤੋਂ ਲੈ ਕੇ 90ਵਿਆਂ ਦੇ ਅੱਧ ਤਕ ਪੰਜਾਬੀ ਲੋਕਾਂ ਦੀ ਸਮਾਜਿਕ ਤੇ ਮਾਨਸਿਕ ਸਿਹਤ ਦਾ ਜੋ ਘਾਣ ਹੋਇਆ, ਉਸ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ। ਡਰ, ਖ਼ੌਫ਼ ਤੇ ਬੇਵਿਸ਼ਵਾਸੀ ਭਰੇ ਇਹ ਸਾਲ ਅਜੇ ਵੀ ਲੋਕਾਂ ਦੀਆਂ ਯਾਦਾਂ ਵਿੱਚ ਇੱਕ ਡਰਾਉਣੇ ਸੁਫ਼ਨੇ ਵਾਂਗ ਮੌਜੂਦ ਹਨ।

ਸੱਠਵਿਆਂ ਦੇ ਅਖ਼ੀਰਲੇ ਸਾਲਾਂ ਵਿੱਚ ਪੰਜਾਬ ਦੇ ਜ਼ਰਈ ਖੇਤਰ ਵਿੱਚ ਇੱਕ ਅਸਾਧਾਰਨ ਆਰਥਿਕ ਗਤੀਵਿਧੀ, ਹਰੇ ਇਨਕਲਾਬ ਦਾ ਆਗਾਜ਼ ਹੋਇਆ। ਖੇਤੀ ਸੈਕਟਰ ਦੇ ਮਸ਼ੀਨੀਕਰਨ, ਸੁਧਰੇ ਹੋਏ ਹਾਈਬ੍ਰਿਡ ਬੀਜਾਂ, ਰਸਾਇਣਕ ਖਾਦਾਂ, ਨਦੀਨਨਾਸ਼ਕ ਦਵਾਈਆਂ ਅਤੇ ਬਿਹਤਰ ਸਿੰਜਾਈ, ਮੰਡੀਕਰਨ ਤੇ ਬੈਂਕਿੰਗ ਸਹੂਲਤਾਂ ਨੇ ਛੇਤੀ ਹੀ ਮੁਲਕ ਨੂੰ ਮੋਟੇ ਅਨਾਜਾਂ ਦੀ ਪੈਦਾਵਾਰ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾ ਦਿੱਤਾ। ਖੇਤੀ ਸੈਕਟਰ ਦੀ ਇਸ ਇਤਿਹਾਸਕ ਕਾਇਆ ਪਲਟੀ ਨੇ ਜਿੱਥੇ ਪੰਜਾਬ ਦੇ ਪਿੰਡਾਂ, ਮੰਡੀਆਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੁਕਾਬਲਤਨ ਖ਼ੁਸ਼ਹਾਲੀ ਦਾ ਇੱਕ ਨਵਾਂ ਦੌਰ ਲੈ ਕੇ ਆਂਦਾ, ਉੱਥੇ ਬਾਅਦ ਵਿੱਚ ਥੋੜ੍ਹ ਚਿਰੇ ਸਾਬਤ ਹੋਏ ਇਸ ਦੌਰ ਨੇ ਪੰਜਾਬੀ ਲੋਕਾਂ ਦੀ ਜੀਵਨ-ਸ਼ੈਲੀ, ਜੀਵਨ-ਜਾਚ ਅਤੇ ਸਿਹਤ ਵਿੱਚ ਕਈ ਗੰਭੀਰ ਵਿਗਾੜ ਪੈਦਾ ਕੀਤੇ। ਵਿਆਪਕ ਮਸ਼ੀਨੀਕਰਨ ਨੇ ਜਿੱਥੇ ਵਿਹਲ ਪੈਦਾ ਕੀਤੀ, ਉੱਥੇ ਪਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੇਂਡੂ ਮਜ਼ਦੂਰਾਂ ਤੇ ਗ਼ਰੀਬ ਕਿਸਾਨੀ ਨੂੰ ਛੱਡ ਕੇ ਕਿਸਾਨੀ ਦਾ ਵੱਡਾ ਹਿੱਸਾ ਸਰੀਰਕ ਕੰਮ ਨੂੰ ਮੁਕੰਮਲ ਤਿਲਾਂਜਲੀ ਦੇਣ ਦੀ ਹੱਦ ਤਕ ਚਲਾ ਗਿਆ। ਖਾਣ-ਪੀਣ ਤੇ ਨਸ਼ਿਆਂ, ਵਿਸ਼ੇਸ਼ ਕਰਕੇ ਸ਼ਰਾਬ ਦੇ ਮਾਮਲੇ ਵਿੱਚ ਰੱਜ ਕੇ ਬਦਤਮੀਜ਼ੀ ਕੀਤੀ ਗਈ। ਬੀਤੇ ਸਾਲਾਂ ਦੌਰਾਨ ਮੁਲਾਜ਼ਮਤ ਰਾਹੀਂ ਮੱਧ ਵਰਗ ਵਿੱਚ ਸ਼ਾਮਲ ਹੋਈ ਲੋਕਾਈ ਦੇ ਇੱਕ ਹੋਰ ਗਿਣਨਯੋਗ ਹਿੱਸੇ ਨੇ ਵੀ ਇਹੋ ਤਰਜ਼ੇ ਜ਼ਿੰਦਗੀ ਅਪਣਾ ਲਈ। ਇਸ ਦੇ ਸਿੱਟੇ ਵਜੋਂ ਪੰਜਾਬੀ ਵਸੋਂ ਦਾ ਚੋਖਾ ਹਿੱਸਾ, ਸਮੇਤ ਪੇਂਡੂ ਲੋਕਾਂ ਦੇ, ਅੱਜ ਨਵੀਂ ਤਰਜ਼ੇ ਜ਼ਿੰਦਗੀ ਦੇ ਰੋਗਾਂ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ ਆਦਿ ਦਾ ਸ਼ਿਕਾਰ ਹੋ ਚੁੱਕਾ ਹੈ। ਵਰਣਨਯੋਗ ਹੈ ਕਿ ਬਦਲੀ ਤਰਜ਼ੇ ਜ਼ਿੰਦਗੀ ਕਾਰਨ ਪੈਦਾ ਹੋਈਆਂ ਇਨ੍ਹਾਂ ਬਚਾਅ-ਯੋਗ ਬੀਮਾਰੀਆਂ ਦੇ ਇਸ ਜਮ੍ਹਾ-ਜੋੜ ਨੇ ਜਿੱਥੇ 50-60 ਸਾਲ ਪਹਿਲਾਂ ਸਮੁੱਚੇ ਯੂਰਪ, ਅਮਰੀਕਾ, ਜਪਾਨ ਤੇ ਹੋਰ ਵਿਕਸਿਤ ਮੁਲਕਾਂ ਨੂੰ ਆਪਣੀ ਗ੍ਰਿਫ਼ਤ ‘ਚ ਲਿਆ ਸੀ, ਉਹ ਹੁਣ ਸਮੁੱਚੇ ਪੰਜਾਬ ਦੀ ਹਕੀਕਤ ਬਣ ਚੁੱਕਾ ਹੈ।  ਜ਼ਿਕਰਯੋਗ ਹੈ ਕਿ ਵਿਕਸਿਤ ਮੁਲਕਾਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਪ੍ਰਚਾਰ ਸਾਧਨਾਂ ਦੇ ਸਾਂਝੇ ਉੱਦਮਾਂ ਨਾਲ ਇਨ੍ਹਾਂ ਬੀਮਾਰੀਆਂ ਨੂੰ ਪਿੱਛਲ-ਮੋੜਾ ਪੈ ਚੁੱਕਾ ਹੈ ਪਰ ਪੰਜਾਬ ਵਿੱਚ ਅਜਿਹਾ ਕੋਈ ਉੱਦਮ, ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਅੱਜ ਪੰਜਾਬ ਦੀ ਵਸੋਂ ਦਾ ਇੱਕ ਹਿੱਸਾ, ਜਿੱਥੇ ਥੁੜ੍ਹ, ਗੁਰਬਤ ਤੇ ਕੁਪੋਸ਼ਣ ਦੀਆਂ ਬੀਮਾਰੀਆਂ ਨਾਲ ਮਰ ਰਿਹਾ ਹੈ, ਉੱਥੇ ਦੂਜਾ ਹਿੱਸਾ ਬਹੁਲਤਾ, ਅਮੀਰੀ ਤੇ ਬੇਢੰਗੇ ਖਾਣ ਜੀਊਣ ਢੰਗ ਦੀਆਂ ਬੀਮਾਰੀਆਂ ਨਾਲ ਮਰਨ ਲਈ ਸਰਾਪਿਆ ਜਾ ਰਿਹਾ ਹੈ।

ਪੰਜਾਬ ਦੀ ਧਰਤੀ, ਜਲ ਸਰੋਤਾਂ ਤੇ ਵਾਤਾਵਰਨ ਦੇ ਤਸ਼ਬੀਸ਼ਨਾਕ ਹੱਦ ਤਕ ਪ੍ਰਦੂਸ਼ਿਤ ਹੋਣ ਅਤੇ ਸਾਰੇ ਪੰਜਾਬ ਤੇ ਖ਼ਾਸ ਕਰਕੇ ਮਾਲਵੇ ਦੀ ਨਰਮਾ ਪੱਟੀ ਵਿੱਚ ਕੈਂਸਰ, ਹੱਡੀਆਂ-ਜੋੜਾਂ ਅਤੇ ਚਮੜੀ ਰੋਗਾਂ ਵਿੱਚ ਹੋਏ ਅਣਕਿਆਸੇ ਵਾਧੇ ਦੇ ਕਾਰਨ ਇਸ ਬਹੁ-ਚਰਚਿਤ ਹਰੇ ਇਨਕਲਾਬ ਦੇ ਵਿਕਾਸ ਮਾਡਲ ਵਿੱਚ ਪਏ ਹਨ। ਪੰਜਾਬ ਦੇ ਪਾਣੀ ਵਿੱਚ ਚਿੰਤਾਜਨਕ ਹੱਦ ਤਕ ਪਾਈ ਜਾ ਰਹੀ ਯੂਰੇਨੀਅਮ ਦੀ ਮਾਤਰਾ, ਮਾਂ ਦੇ ਦੁੱਧ ਵਿੱਚ ਪਾਏ ਜਾ ਰਹੇ ਕੀਟਨਾਸ਼ਕ ਦਵਾਈਆਂ ਦੇ ਅੰਸ਼ ਅਤੇ ਪੰਜਾਬੀ ਗੱਭਰੂਆਂ ਦੇ ਵੀਰਜ ਵਿੱਚ ਘਟ ਰਹੀ ਸ਼ੁਕਰਾਣੂਆਂ ਦੀ ਗਿਣਤੀ, ਇਨ੍ਹਾਂ ਸਾਰੇ ਖ਼ਤਰਨਾਕ ਰੁਝਾਨਾਂ ਬਾਰੇ ਮੁੱਢਲੀਆਂ ਖੋਜ ਰਿਪੋਰਟਾਂ ਹਰੇ ਇਨਕਲਾਬ ਦੇ ਮਾਰੂ ਪ੍ਰਭਾਵਾਂ ਵੱਲ ਹੀ ਇਸ਼ਾਰਾ ਕਰਦੀਆਂ ਹਨ।

ਹਰੇ ਇਨਕਲਾਬ ਤੇ ਜ਼ਰਈ ਖੇਤਰ ਵਿੱਚ ਪੈਦਾਵਾਰੀ ਢੰਗ ਤੇ ਰਿਸ਼ਤਿਆਂ ਵਿੱਚ ਆਈ ਤਬਦੀਲੀ ਨੇ ਪੰਜਾਬੀ ਸਮਾਜ ਦੀ ਸਮਾਜਿਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਕੀਤਾ ਹੈ ਉਹ ਬਹੁਤ ਹੀ ਦਿਲ-ਕੰਬਾਊ ਤੇ ਭਿਆਨਕ ਹੈ। ਮੰਡੀ ਆਰਥਿਕਤਾ ਤੇ ਖਪਤਕਾਰੀ ਸੱਭਿਆਚਾਰ ਨੇ ਜ਼ਿੰਦਗੀ ਦੀ ਸਹਿਜ ਤੋਰ, ਪਰਿਵਾਰਕ ਤੇ ਭਾਈਚਾਰਕ ਤੰਦਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਗ਼ੈਰ-ਸਿਹਤਮੰਦ ਮੁਕਾਬਲੇਬਾਜ਼ੀ, ਇੱਕ-ਦੂਜੇ ਦੀ ਲਾਸ਼ ‘ਤੇ ਪੈਰ ਧਰ ਕੇ ਉੱਪਰ ਚੜ੍ਹਨ ਦੇ ਸਿਰਵੱਢ ਸਰਮਾਏਦਾਰਾਨਾ ਸੱਭਿਆਚਾਰ ਨੇ ਪੰਜਾਬੀ ਸਮਾਜ ਨੂੰ ਕਰੂਪ ਕਰ ਦਿੱਤਾ ਹੈ। ਪੁਰਾਣੇ ਜ਼ਮੀਨੀ ਰਿਸ਼ਤੇ ਟੁੱਟਣ ਨਾਲ ਪਰਿਵਾਰ ਖਿੰਡ ਰਹੇ ਹਨ, ਸਾਂਝਾਂ-ਸੱਥਾਂ ਖ਼ਤਮ ਹੋ ਰਹੀਆਂ ਹਨ। ਰਿਸ਼ਤੇ ਸੁੰਗੜ ਰਹੇ ਹਨ। ਅਧਿਆਪਨ ਤੇ ਡਾਕਟਰੀ ਵਰਗੇ ਪਵਿੱਤਰ ਕਿੱਤਿਆਂ, ਯਾਰੀਆਂ, ਦੋਸਤੀਆਂ, ਰਿਸ਼ਤੇ-ਨਾਤੇਦਾਰੀਆਂ ਵਿੱਚ ਵਪਾਰਕ ਸੱਭਿਆਚਾਰ ਦੀ ਸੜਾਂਦ ਆਉਂਦੀ ਹੈ। ਪਿਛਲਾ ਸਾਰਾ ਕੁਝ ਸਮੇਤ ਚੰਗੇ-ਮਾੜੇ ਦੇ, ਤੇਜ਼ੀ ਨਾਲ ਟੁੱਟਿਆ ਹੈ ਪਰ ਨਵੇਂ ਸਾਰਥਕ ਤੇ ਤੰਦਰੁਸਤ ਦੀ ਅਣਹੋਂਦ ਕਾਰਨ, ਹਰ ਪਾਸੇ ਭੰਬਲਭੂਸਾ ਹੈ। ਬਜ਼ੁਰਗ ਬੇਬਸ ਤੇ ਉਦਾਸ, ਨੌਜਵਾਨ ਬੇਚੈਨ ਤੇ ਬੱਚੇ ਦਿਸ਼ਾਹੀਣ ਹਨ। ਹਰ ਪੱਧਰ ‘ਤੇ ਰਿਸ਼ਤਿਆਂ ਵਿੱਚ ਤਣਾਅ ਹੈ ਤੇ ਮਾਨਸਿਕ ਰੋਗਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਸਾਦਗੀ, ਸਹਿਯੋਗ, ਸਹਿਣਸ਼ੀਲਤਾ, ਸੰਵੇਦਨਸ਼ੀਲਤਾ, ਭਰਾਤਰੀ ਭਾਵ, ਮਿਲਵਰਤਨ ਅਤੇ ਸਾਂਝੇ ਸਮਾਜਿਕ ਉੱਦਮਾਂ ਵਰਗੇ ਸੁਨੱਖੇ ਸ਼ਬਦ, ਲੋਕਾਂ ਦੇ ਸ਼ਬਦਕੋਸ਼ ‘ਚੋਂ ਗਾਇਬ ਹੋ ਰਹੇ ਜਾਪਦੇ ਹਨ। ਇੰਜ ਲੱਗਦਾ ਹੈ ਕਿ ਪੰਜਾਬ ਸਰਮਾਏਦਾਰ-ਸੱਭਿਆਚਾਰ ਦੀ ਪ੍ਰਯੋਗਸ਼ਾਲਾ ਅਤੇ ਇਸ ਦੀ ਨੁਮਾਇੰਦਾ ਉਦਾਹਰਨ ਬਣਨ ਜਾ ਰਿਹਾ ਹੈ।

ਇਸ ਸਭ ਕਾਸੇ ਦਾ ਹੀ ਇੱਕ ਤਾਰਕਿਕ ਸਿੱਟਾ ਹੈ ਕਿ ਆਰਥਿਕ ਤੰਗੀਆਂ-ਤੁਰਸ਼ੀਆਂ ਦੀ ਮਾਰ ਹੇਠ ਆਈ ਅਤੇ ਮਾੜੀ ਸਰੀਰਕ, ਸਮਾਜਿਕ ਤੇ ਮਾਨਸਿਕ ਸਿਹਤ ਹੰਢਾਉਂਦੀ, ਪੰਜਾਬੀ ਕੌਮ ਦਾ ਤਿੰਨ ਚੌਥਾਈ ਦੇ ਕਰੀਬ ਹਿੱਸਾ ਅੱਜ ਸ਼ਰਾਬ, ਭੁੱਕੀ, ਅਫ਼ੀਮ, ਨਸ਼ੇ ਜਾਂ ਨੀਂਦ ਵਾਲੀਆਂ ਗੋਲੀਆਂ ਖਾ ਕੇ ਸੌਂਦਾ ਹੈ। ਜ਼ਾਹਰ ਹੈ ਕਿ ਨਿੱਜੀ ਜ਼ਿੰਦਗੀ, ਪਰਿਵਾਰ, ਸਰਕਾਰ ਤੇ ਸਮਾਜ, ਹਰ ਪਾਸਿਓਂ ਅਸੰਤੁਸ਼ਟ ਹੈ। ਉਸ ਦੀ ਜੰਮਣ-ਭੋਇੰ ਉਸ ਨੂੰ ਸੰਭਾਲ ਨਹੀਂ ਰਹੀ। ਇਹੋ ਕਾਰਨ ਹੈ ਕਿ ਉਹ ਜੱਦੀ ਜ਼ਮੀਨ ਤੇ ਜਾਨ ਦੀ ਬਾਜ਼ੀ ਲਾ ਕੇ ਘਰੋਂ ਹਜ਼ਾਰਾਂ ਮੀਲ ਦੂਰ, ਯੱਖ ਠੰਢੇ ਸਮੁੰਦਰਾਂ ‘ਚ ਡੁੱਬ ਕੇ ਵੀ, ਵਿਦੇਸ਼ਾਂ ਦੀਆਂ ਹਰੀਆਂ ਚਰਾਗਾਹਾਂ ‘ਚ ਜਾਣ ਲਈ ਉਤਾਵਲਾ ਹੈ। ਬੱਬਰ ਅਕਾਲੀਆਂ, ਕੂਕਿਆਂ, ਗ਼ਦਰੀ ਬਾਬਿਆਂ ਤੇ ਭਗਤ-ਸਰਾਭਿਆਂ ਦਾ ਪੰਜਾਬ ਟਰੱਕਾਂ ‘ਚ ਦੋਹਰੀਆਂ ਛੱਤਾਂ ਪਾ ਕੇ ਸਾਧਾਂ ਦੇ ਡੇਰਿਆਂ ‘ਤੇ ਭੁੱਲਾਂ ਬਖ਼ਸ਼ਾਉਂਦਾ ਤੇ ਅਗਲਾ ਜਨਮ ਸੁਆਰਦਾ ਫਿਰ ਰਿਹਾ ਹੈ।

ਕਾਲ ਖੰਡ 1991-2013

ਇਹ ਕਾਲ ਖੰਡ ਸਤਹੀ ਤੌਰ ’ਤੇ ਵੇਖਣ ਨੂੰ ਤਾਂ ਆਰਥਿਕਤਾ ਅਤੇ ਸਿਆਸਤ ਦੇ ਖੇਤਰ ਵਿੱਚ ਪਿਛਲੇ ਕਾਲ ਖੰਡ ਦਾ ਵਾਧਾ ਮਾਤਰ ਹੀ ਲੱਗਦਾ ਹੈ ਪਰ ਸਾਲ 1991 ਵਿੱਚ ਅਪਣਾਈਆਂ ਗਈਆਂ ਨਵੀਆਂ ਆਰਥਿਕ ਨੀਤੀਆਂ ਤਹਿਤ ਖੁੱਲ੍ਹੀ ਮੰਡੀ ਆਰਥਿਕਤਾ, ਢਾਂਚਾਗਤ ਸੁਧਾਰਾਂ, ਵਿਆਪਕ ਨਿੱਜੀਕਰਨ ਅਤੇ ਸੰਸਾਰੀਕਰਨ ਦੇ ਤੇਜ਼ ਹੋ ਰਹੇ ਅਮਲ ਕਾਰਨ ਭਾਰਤ ਦਾ ਕੌਮਾਂਤਰੀ ਵਿੱਤੀ ਸਰਮਾਏ ਨਾਲ ਪੂਰੀ ਤਰ੍ਹਾਂ ਸਿਰ ਨਰੜ ਹੋਣ ਨਾਲ ਵਿਸ਼ਮਤਾ ਭਰੇ ਇੱਕ ਨਵੇਂ ਭਾਰਤ ਦਾ ‘ਨਿਰਮਾਣ’ ਹੋ ਰਿਹਾ ਹੈ। ਆਰਥਿਕਤਾ ਦੇ ਖੇਤਰ ਵਿੱਚ ਆਈ ਇਸ ਸਿਫ਼ਤੀ ਤੇ ਮਿਕਦਾਰੀ ਤਬਦੀਲੀ ਅਤੇ ਇਸ ਸਮੇਂ ਦੌਰਾਨ ਹੀ ਸੂਚਨਾ ਤਕਨੀਕ ਵਿੱਚ ਆਏ ਵਿਸਫੋਟਕ ਇਨਕਲਾਬ ਨੇ ਭਾਰਤੀ ਤੇ ਪੰਜਾਬੀ ਸਮਾਜ ਦੀਆਂ ਬੁਨਿਆਦਾਂ ਹਿਲਾ ਕੇ ਰੱਖ ਦਿੱਤੀਆਂ ਹਨ।

ਇਨ੍ਹਾਂ ਸਾਲਾਂ ਦੌਰਾਨ ਅਮੀਰ ਤੇ ਗ਼ਰੀਬ ਵਿਚਕਾਰ ਪਾੜੇ ਨੇ ਅਨੁਪਾਤ ਨਾਂ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ। ਰਿਸ਼ਵਤਖੋਰੀ ਦੇ ਅੰਕੜੇ, ਸਕਲ ਘਰੇਲੂ ਉਤਪਾਦ ਦੇ ਅਨੁਪਾਤ ਵਿੱਚ ਆਉਣ ਲੱਗੇ ਹਨ। ਸਿਆਸਤ ਤੇ ਅਪਰਾਧ ਵਿਚਲੇ ਮਿਟ ਰਹੇ ਫ਼ਰਕ ਨੇ ਸੰਸਦ ਤੇ ਅਸੈਂਬਲੀਆਂ ਦੇ ਚਿਹਰੇ ਤੇ ਚਰਿੱਤਰ ਹੀ ਬਦਲ ਦਿੱਤੇ ਹਨ। ਪਿਛਲੇ ਕਾਲ ਖੰਡ ਦੌਰਾਨ ‘ਇੰਡੀਆ’ ਤੇ ‘ਭਾਰਤ’ ਵਿਚਕਾਰ ਰੱਖੀ ਗਈ ਨੀਂਹ ਤੇ ਕੰਧ ਦੀ ਉਸਾਰੀ ਜ਼ੋਰਾਂ-ਸ਼ੋਰਾਂ ਨਾਲ ਚਾਲੂ ਹੈ। ਵਧ ਰਹੀ ਬੇਰੁਜ਼ਗਾਰੀ, ਲਗਾਤਾਰ ਘਟ ਰਹੀਆਂ ਅਸਰਦਾਰ ਉਜਰਤਾਂ, ਵਧ ਰਹੀ ਮਹਿੰਗਾਈ ਅਤੇ ਖੇਤੀ ਦੇ ਘਾਟੇ ਵਾਲਾ ਸੌਦਾ ਹੋਣ ਕਾਰਨ ਪੇਂਡੂ ਖੇਤਰਾਂ ਵਿੱਚੋਂ ਹੋ ਰਹੀ ਨਿਕਾਸੀ ਨੂੰ ਸਨਅਤੀ ਖੇਤਰ ਵੱਲੋਂ ਜਜ਼ਬ ਕਰਨ ਦੀ ਅਸਮਰੱਥਾ ਕਾਰਨ ਦੇਸ਼ ਦੇ ਵੱਡੇ ਹਿੱਸੇ ਵਿੱਚ ਸਦੀਵੀਂ ਭੁੱਖਮਰੀ ਤੇ ਕੁਪੋਸ਼ਣ ਵਰਗੀ ਹਾਲਤ ਪੈਦਾ ਹੋ ਰਹੀ ਹੈ। ਗ਼ਰੀਬਾਂ ਤੇ ਮੱਧ ਵਰਗ ਦੀ ਨਿਮਨ ਵਸੋਂ ਦਾ ਵੱਡਾ ਹਿੱਸਾ ਘੱਟ ਖ਼ੁਰਾਕ ਤੇ ਜੀਵਨ ਲਈ ਜ਼ਰੂਰੀ ਦੂਜੇ ਪੌਸ਼ਟਿਕ ਤੱਤਾਂ ਦੀ ਲਗਾਤਾਰ ਘਟ ਰਹੀ ਉਪਲੱਬਧਤਾ ਕਾਰਨ ਸਰੀਰਕ ਤੌਰ ’ਤੇ ਹੋਰ ਕਮਜ਼ੋਰ ਹੋ ਰਿਹਾ ਹੈ ਤੇ ਹੋਰ ਵੱਧ ਬੀਮਾਰੀਆਂ ਦੀ ਗ੍ਰਿਫ਼ਤ ਵਿੱਚ ਜਕੜੇ ਜਾਣ ਲਈ ਸਰਾਪਿਆ ਜਾ ਰਿਹਾ ਹੈ। ਦੇਸ਼ ਇੱਕ ਗੰਭੀਰ ਆਰਥਿਕ, ਸਿਆਸੀ ਤੇ ਸਮਾਜਿਕ ਉਥਲ-ਪੁਥਲ ਵਿੱਚੋਂ ਲੰਘ ਰਿਹਾ ਹੈ। ਇੱਕ ਪਾਸੇ ਆਰਥਿਕਤਾ ਤੇ ਸਿਆਸਤ ਦੋਵੇਂ ਵੇਸਵਾ ਬਿਰਤੀ ਵਰਗਾ ਰਵੱਈਆ ਤੇ ਕਿਰਦਾਰ ਅਖ਼ਤਿਆਰ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਸਮਾਜ, ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਧਾਰਮਿਕ ਕੱਟੜਵਾਦ ਅਤੇ ਜਾਤਾਂ-ਗੋਤਾਂ ਦੇ ਪਿਛਾਖੜੀ ਵਿਚਾਰਾਂ/ਅਮਲਾਂ ਦੇ ਰਸਾਤਲ ਵਿੱਚ ਹੋਰ ਵੱਧ ਧਸਦਾ ਜਾ ਰਿਹਾ ਹੈ। ‘ਇੰਡੀਆ’ ਤੇ ‘ਭਾਰਤ’ ਦਾ ਨਿਖੇੜਾ, ਲੋਕਾਂ ਤੇ ਹਾਕਮਾਂ ਦਾ ਨਿਖੇੜਾ ਲਗਪਗ ਪੂਰਨ ਹੋਣ ਦੇ ਨੇੜੇ ਹੈ।

ਇਸ ਦੇ ਨਾਲ ਹੀ ਆਰਥਿਕਤਾ ਵਿੱਚ ਇੰਨੀ ਤੇਜ਼ੀ ਨਾਲ ਆਈ ਅਣਕਿਆਸੀ ਤਬਦੀਲੀ ਦੇ ਲਾਜ਼ਮੀ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਦੀ ਬਦਲ ਰਹੀ ਮਾਨਸਿਕਤਾ ਅਤੇ ਪੁਰਾਣੀ ਪੀੜ੍ਹੀ ਦੇ ਪਰੰਪਰਾਵਾਦੀ ਤੇ ਜਗੀਰੂ ਸੰਸਕਾਰਾਂ ਵਿੱਚ ਅਚਨਚੇਤੀ ਪੈਦਾ ਹੋਇਆ ਟਕਰਾਅ ਵੀ ਨਵੀਆਂ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਜੋ ‘ਸੰਤਾਪ’ ਪੰਜਾਬ ਤੋਂ ਪਹਿਲ ਪ੍ਰਿਥਮੇ ਵਿਦੇਸ਼ੀਂ ਗਈ ਪੰਜਾਬੀ ਪੀੜ੍ਹੀ ਨੇ 50ਵਿਆਂ ਵਿੱਚ ਹੰਢਾਇਆ ਸੀ, ਉਹ ‘ਸੰਤਾਪ’ ਅੱਜ ਸਾਰਾ ਪੰਜਾਬ ਹੰਢਾ ਰਿਹਾ ਹੈ। ਲੱਖਾਂ ਪੰਜਾਬੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਵਿਦੇਸ਼ੀਂ ਵੱਸਣ ਅਤੇ ਪੱਛਮੀ ਸੱਭਿਅਤਾ ਦੇ ਕੁਝ ਪ੍ਰਭਾਵ ਕਬੂਲਣ ਕਾਰਨ ਨੌਜਵਾਨ ਪੀੜ੍ਹੀ ਦੇ ਵਿਚਾਰ-ਵਿਹਾਰ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਪ੍ਰਤੀ ਪੰਜਾਬੀ ਸਮਾਜ ਦਾ ਵਤੀਰਾ ਤਾਲਿਬਾਨੀ ਮਾਰਕਾ ਖਾਪ ਪੰਚਾਇਤਾਂ ਵਰਗਾ ਤਾਂ ਨਹੀਂ ਪਰ ਇਸ ਨੂੰ ਜਮਹੂਰੀ ਤੇ ਸਮੇਂ ਦੇ ਹਾਣ ਦਾ ਵੀ ਨਹੀਂ ਕਿਹਾ ਜਾ ਸਕਦਾ। ਤੇਜ਼ੀ ਨਾਲ ਬਦਲ ਰਹੇ ਇਸ ਹਿੰਦੁਸਤਾਨ/ ਪੰਜਾਬ ਵਿੱਚ ਆਮ ਲੋਕਾਂ ਦੀ ਸਰੀਰਕ, ਸਮਾਜਿਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ, ਇਸ ਬਾਰੇ ਸੋਚ ਕੇ ਦਿਲ ਹੀ ਨਹੀਂ, ਦਿਮਾਗ ਵੀ ਦਹਿਲ ਜਾਂਦਾ ਹੈ।

ਪੰਜਾਬ ਦੀ ਸਿਹਤ ਦਾ ਇਹ ਹਸ਼ਰ, ਆਰਥਿਕ, ਸਿਆਸੀ ਤੇ ਸਮਾਜਿਕ ਸੰਰਚਨਾਵਾਂ ਦੀਆਂ ਤਰਤੀਬਬੱਧ ਇਤਿਹਾਸਕ ਕਾਇਆ-ਪਲਟੀਆਂ ਕਾਰਨ ਹੋਇਆ ਹੈ ਅਤੇ ਇਸ ਦਾ ਹੱਲ ਵੀ ਇੱਕ ਹੋਰ ਇਤਿਹਾਸਕ ਕਾਇਆ ਪਲਟੀ, ਜਿਸ ਦੀ ਹੋਣੀ ਹਿੰਦੁਸਤਾਨ ਤੇ ਸ਼ਾਇਦ ਦੁਨੀਆਂ ਨਾਲ ਜੁੜੀ ਹੋਈ ਹੈ, ਰਾਹੀਂ ਹੀ ਸੰਭਵ ਹੋਣਾ ਹੈ।

ਪੰਜਾਬ ਦੀ ਸਿਹਤ ਦੇ ਮਸਲੇ ਨੂੰ ਮਹਿਜ਼ ਖਾਣ-ਪਾਣ ਜਾਂ ਜੀਵਨ ਸ਼ੈਲੀ ਬਦਲਣ ਤਕ ਸੀਮਤ ਕਰਨਾ ਬਹੁਤ ਹੀ ਸੰਕੀਰਨ, ਸਤਹੀ ਤੇ ਖ਼ੁਦਗ਼ਰਜ਼ ਨਜ਼ਰੀਆ ਹੈ। ਸਿਹਤ ਮਸਲੇ ਦੇ ਆਰਥਿਕ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਪਹਿਲੂਆਂ ਨੂੰ ਕੇਂਦਰ ਬਿੰਦੂ ਬਣਾਏ ਬਿਨਾਂ ਇੱਕ ਸਿਹਤਮੰਦ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਕਿਸੇ ਵੀ ਮਸਲੇ ਬਾਰੇ, ਕਿਸੇ ਵੀ ਸਮਾਂ ਵਿਸ਼ੇਸ਼ ਅੰਦਰ ਨਿਭਾਈ ਗਈ ਸਾਡੀ ਭੂਮਿਕਾ ਦਾ ਮੁਲਾਂਕਣ, ਸਾਡੀਆਂ ਡਿਗਰੀਆਂ, ਰੁਤਬਿਆਂ, ਕੁਰਸੀਆਂ ਜਾਂ ਪਦਵੀਆਂ ਕਾਰਨ ਨਹੀਂ ਸਗੋਂ ਸਮੇਂ ਦੇ ਵਿਸ਼ਾਲ ਕੈਨਵਸ ’ਤੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਵਿੱਚ ਸੱਚ ਲੱਭਣ, ਸੱਚ ਨਸ਼ਰ ਕਰਨ ਅਤੇ ਸੱਚ ਸਥਾਪਤ ਕਰਨ ਦੇ ਸਾਡੇ ਉੱਦਮਾਂ-ਉਪਰਾਲਿਆਂ ਰਾਹੀਂ ਇਸ ਧਰਤੀ ਨੂੰ ਹੋਰ ਸੁਨੱਖੀ ਤੇ ਜੀਊਣ-ਜੋਗੀ ਬਣਾਉਣ ਵਿੱਚ ਨਿਭਾਏ ਗਏ ਸਾਡੇ ਯੋਗਦਾਨ ਕਰਕੇ ਹੁੰਦਾ ਹੈ।

ਸਾਨੂੰ ਇੱਕ ਗੱਲ ਪੱਕੇ ਤੌਰ ’ਤੇ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਦਾ ਪੰਜਾਬ 19ਵੀਂ ਜਾਂ 20ਵੀਂ ਸਦੀ ਦਾ ਪੰਜਾਬ ਨਹੀਂ ਹੈ। ਪੰਜਾਬ, ਹਿੰਦੁਸਤਾਨੀ ਆਰਥਿਕਤਾ ਤੇ ਸਿਆਸਤ ਨਾਲ ਜੁੜ ਕੇ ਕੌਮਾਂਤਰੀ ਵਿੱਤੀ ਪ੍ਰਬੰਧ, ਸਿਆਸਤ ਤੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਅਜੋਕੇ ਸਮੇਂ ਵਿੱਚ ਸਿਹਤ ਸਮੇਤ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਕੁੱਲ ਦੇਸ਼ਾਂ ਦੇ ਲੋਕਾਂ ਦੀ ਹੋਣੀ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਦੇ ਵਿਲੱਖਣ ਵਿਰਸੇ, ਸੱਭਿਆਚਾਰ, ਭਾਸ਼ਾ, ਪੌਣ-ਪਾਣੀਆਂ ਤੇ ਧਰਮ ਨੂੰ ਬਚਾਉਣ ਦੀਆਂ ਅਸੀਂ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲਈਏ, ਸੰਸਾਰੀਕਰਨ ਦੇ ਇਸ ਯੁੱਗ ਵਿੱਚ ਇਕੱਲਾ ਪੰਜਾਬ ਆਪਣੀਆਂ ਸਮੱਸਿਆਵਾਂ ਦੇ ਆਰਜ਼ੀ ਜਾਂ ਅੰਸ਼ਕ ਹੱਲ ਤਾਂ ਕੱਢ ਸਕਦਾ ਹੈ ਪਰ ਕਿਸੇ ਵੱਡੀ ਫ਼ੈਸਲਾਕੁਨ ਤਬਦੀਲੀ ਦਾ ਲਖਾਇਕ ਨਹੀਂ ਹੋ ਸਕਦਾ। ਜਿੰਨੀ ਜਲਦੀ ਅਤੇ ਸ਼ਿੱਦਤ ਨਾਲ ਅਸੀਂ ਇਸ ਹਕੀਕਤ ਨੂੰ ਸਮਝ ਲਵਾਂਗੇ, ਉੰਨਾ ਹੀ ਅਸੀਂ ਕਿਸੇ ਹਕੀਕੀ ਤੇ ਸਦੀਵੀਂ ਹੱਲ ਵੱਲ ਆਪਣੇ ਕਦਮ ਪੁੱਟਣ ਦੇ ਯੋਗ ਹੁੰਦੇ ਜਾਵਾਂਗੇ।

ਸੰਪਰਕ: +91 98142 05969

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ