Sun, 08 September 2024
Your Visitor Number :-   7219726
SuhisaverSuhisaver Suhisaver

ਕਿਉਂ ਉੱਲਰ ਰਹੇ ਨੇ ਪਰਵਾਸੀ ਪੰਜਾਬੀ ਕੇਜਰੀਵਾਲ਼ ਦੀ ‘ਆਪ’ ਵੱਲੀਂ -ਇਕਬਾਲ ਰਾਮੂਵਾਲੀਆ

Posted on:- 09-03-2014

suhisaver

ਸੰਨ 2014 ਦੀਆਂ ਪਹਿਲੀਆਂ ਅੰਗੜਾਈਆਂ ਦੌਰਾਨ, ਦਿੱਲੀ ਵਿੱਚ ਬਣੀ, ਕੇਜਰੀਵਾਲ ਦੀ ਸਰਕਾਰ ਨੇ ਜਿੱਥੇ ਸਮੁੱਚੇ ਭਾਰਤ ਦੇ ਲੋਕ ‘ਆਮ ਆਦਮੀ ਪਾਰਟੀ’ (ਆਪ) ਵੱਲ ਆਕਰਸ਼ਤ ਕੀਤੇ ਹਨ, ਉੱਥੇ ‘ਆਪ’ ਦੀ ਟੀਮ ਦੇ ਚੁੰਭਕ ਨੇ ਬਦੇਸ਼ਾਂ `ਚ ਵਸਦੇ ਪੰਜਾਬੀਆਂ ਦੀਆਂ ਅੱਖਾਂ ਵੀ ਕੇਜਰੀਵਾਲ਼ ਵੱਲੀਂ ਘੁੰਮਾਅ ਦਿੱਤੀਆਂ ਹਨ। ਭਰਵੀਂ ਪੰਜਾਬੀ ਵਸੋਂ ਵਾਲ਼ੇ ਕੈਨੇਡਾ, ਅਮਰੀਕਾ, ਅਤੇ ਖ਼ਾਸ ਤੌਰ `ਤੇ ਟਰਾਂਟੋ ਵਰਗੇ ਸ਼ਹਿਰ ਵਿੱਚ ਚੌਵੀ ਘੰਟੇ ਇੱਕੋ ਸਮੇਂ ਪੰਜਾਬੀ ਦੇ ਛੇ ਛੇ ਪ੍ਰੋਗਰਾਮ ਇੱਕ ਦੂਜੇ ਦੇ ਪੈਰਲਲ ਚਲਦੇ ਹਨ, ਜਿਨ੍ਹਾਂ ਵਿੱਚ ਸੰਗੀਤ ਦੀ ਥਾਂ ਪੰਜਾਬ ਤੋਂ ਨਾਮਵਰ ਪੱਤਰਕਾਰ ਹਰ ਰੋਜ਼ ਲੋਕਾਂ ਨੂੰ ਪੰਜਾਬ ਵਿਚਲੀਆਂ ਰਾਜਨੀਤਕ ਘਟਨਾਵਾਂ ਨਾਲ਼ ਜੋੜਦੇ ਹਨ।

ਸ੍ਰੋਤੇ ਆਪਣੇ ਫ਼ੋਨਾਂ ਰਾਹੀਂ, ਇਹਨਾਂ ਪੱਤਰਕਾਰਾਂ ਨਾਲ਼, ਪੰਜਾਬ ਦੇ ਰਾਜਨੀਤਕ ਹਾਲਾਤ ਬਾਰੇ, ਜਿਹੜਾ ਪ੍ਰਤੀਕਰਮ ਸਾਂਝਾ ਕਰਦੇ ਹਨ ਉਸ ਦੀ ਸੁਰ ਸਪਸ਼ਟ ਸੰਕੇਤ ਦਿੰਦੀ ਹੈ ਕਿ ਪਰਵਾਸੀ ਪੰਜਾਬੀ, ਕਾਂਗਰਸ ਤੇ ਭਾਰਤੀ ਜੰਤਾ ਪਾਰਟੀ ਦੀ ਬੀਤੇ 65-67 ਸਾਲ ਦੀ ਕਾਰਗੁਜ਼ਾਰੀ ਤੋਂ, ਪੂਰੀ ਤਰ੍ਹਾਂ ਨਾਰਾਜ਼/ਨਿਰਾਸ਼ ਅਤੇ ਖ਼ਫ਼ਾ ਹੋ ਕੇ ਸੋਚਣ ਲੱਗ ਪਏ ਸਨ ਕਿ ਇਸ ਦੇਸ਼ ਦਾ ਸੁਧਾਰ ਕਦੇ ਹੋ ਹੀ ਨਹੀਂ ਸਕਣਾ। ਉਹਨਾਂ ਦਾ ਖ਼ਦਸ਼ਾ ਜਾਇਜ਼ ਵੀ ਸੀ ਕਿਉਂਕਿ ਜਿਸ ਭਾਰਤ `ਚ ਲੋਕਰਾਜ ਦਾ ਸੰਪੂਰਨ ਵਪਾਰੀਕਰਣ, ਅਪਰਾਧੀਕਰਣ, ਅਤੇ ਪਰਵਾਰੀਕਰਣ ਕਰ ਦਿੱਤਾ ਗਿਆ ਹੈ, ਉਸ ਦੇਸ਼ ਦੀ ਸਿਆਸਤ `ਚ ਕਿਸੇ ਈਮਾਨਦਾਰ, ਬੇਗ਼ਰਜ਼ ਤੇ ਅਸੂਲਪ੍ਰਸਤ ਵਿਅਕਤੀ ਦੇ ਪੈਰ ਲੱਗਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਸੀ। ਹਰ ਸ਼ੋਅਬੇ `ਚ ਕੈਂਸਰ ਵਾਂਗ ਫੈਲੇ ਭ੍ਰਿਸ਼ਟਾਰ, ਬੇਇਨਸਾਫ਼ੀ, ਧੱਕੇਖੋਰੀ, ਰਿਸ਼ਵਤਖੋਰੀ ਅਤੇ ਬੇਰੁਜ਼ਗਾਰੀ ਤੋਂ ਤੰਗ ਆਈ ਭਾਰਤ-ਪੰਜਾਬ ਦੀ ਜੰਤਾ ਬੇਵਸੀ ਦੇ ਆਲਮ `ਚ ਨਿੱਸਲ਼ ਹੋਈ ਪਈ ਸੀ। ਲਾਚਾਰ ਹੋਇਆ ਆਮ ਆਦਮੀ ਕਿਸਮਤਵਾਦ ਦੀ ਦਲਦਲ `ਚ ਖੁੱਭ ਕੇ ਆਪਣੇ ਸੁਪਨੇ ਹੀ ਮਾਰੀ ਬੈਠਾ ਸੀ।

ਤੇ ਕਵੀ ਪਾਸ਼ ਦੇ ਸ਼ਬਦਾਂ `ਚ, ‘ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ!’ ਬਦੇਸ਼ੀ ਪੰਜਾਬੀਆਂ ਦੇ ਸੁਪਨਿਆਂ ਵਿੱਚ ਮੋਮਬੱਤੀਆਂ ਜਗਣ ਲੱਗ ਪਈਆਂ ਹਨ। ਬੀਤੇ ਦੋ ਮਹੀਨਿਆਂ ਦੌਰਾਨ, ਬਦੇਸ਼ੀ ਪੰਜਾਬੀਆਂ ਅੰਦਰ ਪੰਜਾਬ ਦੀਆਂ ਕਾਂਗਰਸ, ਅਕਾਲੀ, ਬੀਜੇਪੀ ਪਾਰਟੀਆਂ ਖਿ਼ਲਾਫ਼ ਗੁੱਸੇ ਤੇ ਰੋਹ ਦੀ ਜਿਹੜੀ ਸੁਰ ਅਚਾਨਕ ਹੀ ਬੁਲੰਦ ਹੋਈ ਹੈ, ਉਹ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਅੰਦਰ ਝਾਕੇ ਬਗ਼ੈਰ ਸਮਝੀ ਨਹੀਂ ਜਾ ਸਕਦੀ। ਬਦੇਸ਼ੀ ਪੰਜਾਬੀ ਜਿਨ੍ਹਾਂ ਮੁਲਕਾਂ ਵਿੱਚ ਵਸਦੇ ਹਨ ਉੱਥੋਂ ਦੇ ਸਾਫ਼-ਸੁਥਰੇ ਰਾਜ-ਪ੍ਰਬੰਧ ਵਿੱਚ ਨਾ ਤਾਂ ਪੁਲਸ ਦੀਆਂ ਜਿ਼ਆਦਤੀਆਂ ਹਨ, ਤੇ ਨਾ ਹੀ ਸਰਕਾਰੀ ਦਫ਼ਤਰਾਂ ਵਿੱਚ ਨਿੱਕੇ-ਵੱਡੇ ਕੰਮ ਕਰਾਉਣ ਲਈ ਜ਼ਲਾਲਤ। ਨਾ ਇਹਨਾਂ ਮੁਲਕਾਂ ਵਿੱਚ ਪੰਜਾਬ-ਭਾਰਤ ਵਰਗੀਆਂ ਵਗਾਰਾਂ ਹਨ, ਨਾ ਆਮ ਜੰਤਾ ਦੇ ਪੱਧਰ ਉੱਤੇ ਕੋਈ ਭ੍ਰਿਸ਼ਟਾਚਾਰ, ਨਾ ਰਿਸ਼ਵਤਖੋਰੀ ਤੇ ਨਾ ਸਿਫ਼ਾਰਸ਼ਵਾਦ। ਇਥੋਂ ਦੀਆਂ ਪਾਰਟੀਆਂ ਅਤੇ ਲੀਡਰ ਵੋਟਾਂ ਭਰੋਟਣ ਲਈ ਨਾ ਨਸ਼ੇ ਵਰਤਾਉਂਦੇ ਹਨ, ਨਾ ਪੈਸਾ ਵੰਡਦੇ ਹਨ, ਤੇ ਨਾ ਹੀ ਪੰਜਾਬ ਵਾਂਗ ਝੂਠੇ ਕੇਸਾਂ `ਚ ਫਸਾਅ ਕੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਬੇਈਮਾਨ ਸਿਆਸਤਦਾਨਾਂ ਨੇ ਸਾਡੇ ਲੋਕਾਂ ਨੂੰ ਤਾਂ ਮੰਦਰਾਂ, ਮਸਜਿਦਾਂ, ਤੇ ਗੁਰਦਵਾਰਿਆਂ ਦੇ ਮਾਮਲਿਆਂ `ਚ ਹੀ ਉਲਝਾਈ ਰੱਖਿਆ ਹੈ। ਯੂ ਪੀ `ਚ ਲੋਕਾਂ ਨੂੰ ਭਰਮਾਉਣ ਲਈ 2600 ਕਰੋੜ ਰੁਪੈ ਦੇ ਸੰਗਮਰਮਰੀ ਹਾਥੀ ਲੁਆ ਦਿੱਤੇ, ਤੇ ਓਧਰ ਗੁਜਰਾਤ ਵਿੱਚ ਸਰਦਾਰ ਪਟੇਲ ਦੇ ਬੁੱਤ ਉੱਤੇ 2000 ਕਰੋੜ ਰੁਪੈ ਜ਼ਾਇਆ ਕਰ ਸੁੱਟੇ: ਇਹ ਢਕੌਂਸਲਾ ਬਦੇਸ਼ਾਂ ਵਿੱਚ ਕਦੀ ਵੀ ਚਲਾਇਆ ਜਾਂਦਾ।

ਪੰਜਾਬ ਦੇ ਸਰਕਾਰੀ ਅਫ਼ਸਰ ਤਾਂ ਰਾਜਸੀ ਪਾਰਟੀਆਂ ਦੇ ਬੰਧੂ ਬਣ ਕੇ ਰਹਿ ਗਏ ਹਨ, ਪ੍ਰੰਤੂ ਬਦੇਸ਼ਾਂ ਵਿੱਚ ਕਿਸੇ ਵੀ ਚੀਫ ਮਨਿਸਟਰ ਤੇ ਪ੍ਰਧਾਨ ਮੰਤਰੀ ਤੀਕਰ ਦੀ ਇਹ ਹਿੰਮਤ ਨਹੀਂ ਕਿ ਆਪਣੇ ਰਾਜਸੀ ਦਾਬੇ ਨਾਲ਼ ਅਫ਼ਸਰਾਂ ਤੋਂ ਨਾਜਾਇਜ਼ ਕੰਮ ਕਰਵਾਉਂਦਾ ਫਿਰੇ। ਇੱਥੋਂ ਦੀ ਪੁਲਸ ਤਾਂ ਟਰੈਫਿ਼ਕ ਦੀ ਉਲੰਘਣਾ ਕਰਨ ਵਾਲ਼ੇ ਕਿਸੇ ਵਜ਼ੀਰ ਨੂੰ ਵੀ ਨਹੀਂ ਬਖ਼ਸ਼ਦੀ। ਨਾ ਹੀ ਪੰਜਾਬ ਵਾਂਗ ਫ਼ੋਕੀ ਟੌਹਰ ਲਈ ਮੰਤਰੀਆਂ ਦੀਆਂ ਕਾਰਾਂ ਨਾਲ਼ ਪੰਜਾਹ ਪੰਜਾਹ ਪੁਲਸੀਏ ਘੂੰ-ਘੂੰ ਕਰ ਕੇ ਲੰਘਦੇ ਹਨ। ਪੰਜਾਬ ਵਾਂਗ ਜਣਾ-ਖਣਾ ਹੀ ਆਪਣੀ ਕਾਰ ਉੱਪਰ ਲਾਲ ਬੱਤੀ ਨਹੀਂ ਟੁੰਗੀ ਫਿਰਦਾ। ਬਾਹਰਲੇ ਮੁਲਕਾਂ `ਚ ਸਰਕਾਰ ਦਾ ਕੰਮ ਹੈ ਕਾਨੂੰਨ ਪਾਸ ਕਰਨੇ ਤੇ ਪੁਲਸ ਅਤੇ ਬਾਕੀ ਪ੍ਰਸ਼ਾਸਨ ਦਾ ਕੰਮ ਹੈ ਇਹਨਾਂ ਕਾਨੂੰਨਾਂ ਨੂੰ ਆਜ਼ਾਦਾਨਾ ਤੌਰ `ਤੇ ਲਾਗੂ ਕਰਨਾ ਤੇ ਪਬਲਿਕ ਦੀ ਮਦਦ ਕਰਨੀ। ਕਿਸੇ ਚੀਫ਼ ਮਨਿਸਟਰ ਤੀਕ ਦੀ ਵੀ ਇਹ ਹਿੰਮਤ ਨਹੀਂ ਕਿ ਜੁਰਮ ਵਿਚ ਫਸੇ ਵਿਅਕਤੀ ਨੂੰ ਛੁਡਾਉਣ ਲਈ ਜਾਂ ਕਿਸੇ ਦੀ ਬਦਲੀ ਕਰਾਉਣ ਲਈ ਤੇ ਜਾਂ ਕਿਸੇ ਨੂੰ ਨੌਕਰੀ `ਤੇ ਰਖਾਉਣ ਦੀ ਸਿਫ਼ਾਰਸ਼ ਕਰ ਦੇਵੇ। ਇਥੇ ਪੰਜਾਬ ਵਾਂਗੂੰ ਵੱਡੇ ਵੱਡੇ ਪੁਲਸ ਅਫ਼ਸਰ ਤੇ ਪ੍ਰਸ਼ਾਸਨੀ ਅਫ਼ਸਰ ਨਿੱਕੇ ਨਿੱਕੇ ਰਾਜਸੀ ਲੀਡਰਾਂ ਤੇ ‘ਹਲਕਾ ਇੰਚਾਰਜਾਂ’ ਮੂਹਰੇ ਮੇਮਣੇ ਨਹੀਂ ਬਣਦੇ।

ਜੇ ਆਮ ਜਿ਼ੰਦਗੀ ਉੱਪਰ ਨਜ਼ਰ ਮਾਰੀਏ ਤਾਂ ਲੋਕਾਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਨਹੀਂ: ਬਾਰਾਂ ਗਰੇਡ ਤੀਕ ਫਾਈਵ-ਸਟਾਰ ਹੋਟਲਾਂ ਵਾਂਗ ਲਿਸ਼ਕਦੇ ਸਕੂਲਾਂ, ਕਿਤਾਬਾਂ ਨਾਲ਼ ਲੱਦੀਆਂ ਲਾਇਬਰੇਰੀਆਂ, ਅਤੇ ਕੰਪਿਊਟਰ ਲੈਬਾਂ ਵਿੱਚ ਹਰ ਬੱਚੇ ਨੂੰ ਮੁਫ਼ਤ ਵਿੱਦਿਆ ਦੇਣੀ ਤੇ ਸ਼ਾਨਦਾਰ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੇ ਨਾਲ਼ ਨਾਲ਼ ਡਾਕਟਰਾਂ ਕੋਲ਼ ਇਲਾਜ ਲਈ ਜਾਣ ਦਾ ਕੋਈ ਪੈਸਾ ਨਹੀ ਵਸੂਲਿਆ ਜਾਂਦਾ! ਬੇਰੁਜ਼ਗਾਰਾਂ ਲਈ ਤੇ ਸੀਨੀਅਰ ਸ਼ਹਿਰੀਆਂ ਲਈ ਦਵਾਈ ਵੀ ਮੁਫ਼ਤ। ਬੇਰੁਜ਼ਗਾਰਾਂ ਲਈ ਚੰਗਾ ਨਿਰਬਾਹ ਕਰਨਯੋਗ ਭੱਤਾ, ਹਰ ਸ਼ਹਿਰੀ ਲਈ ਸਸਤੀ ਪਬਲਿਕ ਟਰਾਂਸਪੋਰਟੇਸ਼ਨ, ਤੇ ਬੱਸਾਂ-ਟਰੇਨਾਂ ਮੁਕਲਾਵੇ ਆਈ ਨੂੰਹ ਵਾਂਗ ਸਜੀਆਂ ਹੋਈਆਂ। ਗੋਲ਼ੀਆਂ ਨਾਲ਼ ਛਲਣੀ ਕੀਤੀਆਂ ਲਾਸ਼ਾਂ ਵਰਗੀਆਂ ਪੰਜਾਬ ਦੀਆਂ ਸੜਕਾਂ ਕਿਧਰੇ ਵੀ ਨਜ਼ਰ ਨਹੀ ਆਉਂਦੀਆਂ! ਨਾ ਕਿਤੇ ਕੋਈ ਮੱਖੀ ਭਿਣਕਦੀ ਹੈ, ਤੇ ਨਾ ਹੀ ਕੰਨਾਂ ਦੇ ਉਦਾਲੇ ਮੱਛਰ ਟੀਂ-ਟੀਂ ਕਰਦਾ ਹੈ। ਭੂਮਾਫ਼ੀਆ ਨਾਮ ਦੀ ਕੋਈ ਚੀਜ਼ ਹੀ ਨਹੀਂ ਏਥੇ। ਵਿਰਲੇ ਵਿਰਲੇ ਘਪਲੇ ਜ਼ਰੂਰ ਹੁੰਦੇ ਹਨ, ਪਰ ਘਪਲਾਬਾਜ਼, ਭਾਰਤ ਦੇ ਘਪਲੀਆਂ ਵਾਂਗ ਪੈਸੇ ਤੇ ਰਾਜਸੀ ਪਹੁੰਚ ਨਾਲ਼ ਸੁੱਕਾ ਨਹੀਂ ਨਿੱਕਲ਼ ਸਕਦਾ।

ਇਸ ਸਾਰੇ ਸੀਨ ਵਿੱਚ ਵਸਦੇ ਪਰਵਾਸੀ ਪੰਜਾਬੀ ਖਿਝਦੇ ਹਨ ਕਿ ਕਨੇਡਾ ਅਮਰੀਕਾ ਵਰਗਾ ਸਾਫ਼-ਸੁਥਰਾ ਰਾਜ ਪ੍ਰਬੰਧ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ। ਪਰਵਾਸੀ ਪੰਜਾਬੀ ਜਦੋਂ ਚਾਵਾਂ ਨਾਲ਼ ਪੰਜਾਬ ਗੇੜਾ ਮਾਰਨ ਆਉਂਦੇ ਹਨ ਤਾਂ ਜਿਹੜੀ ਜ਼ਲਾਲਤ ਉਹਨਾਂ ਨੂੰ ਪੁਲਸ, ਕਚਹਿਰੀਆਂ, ਪਟਵਾਰੀਆਂ ਤੇ ਤਸੀਲਦਾਰਾਂ ਦੇ ਹੱਥੋਂ, ਅਤੇ ਐਸ ਡੀ ਐਮਾਂ ਤੇ ਹੋਰ ਉੱਚ ਅਧਿਕਾਰੀਆਂ ਹੱਥੋਂ ਝੱਲਣੀ ਪੈਂਦੀ ਹੈ, ਉਹ ਪੰਜਾਬ ਦੀ ਮਿੱਟੀ ਦੀ ਮਹਿਕ ਸੁੰਘਣ ਆਏ ਪੰਜਾਬੀਆਂ ਨੂੰ ਧੁਰ ਤੀਕਰ ਭੰਨ ਸੁਟਦੀ ਹੈ। ਜਿੱਥੇ ਇੱਕ ਪਾਸੇ ਗੰਦਗੀ ਤੇ ਮੱਖੀ-ਮੱਛਰ ਅਤੇ ਖੱਡੇਦਾਰ ਸੜਕਾਂ, ਵਤਨ ਆਏ ਪੰਜਾਬੀਆਂ ਦੀ ਰੂਹ ਨੂੰ ਤਰੇੜਾਂ ਕਰ ਸੁਟਦੀਆਂ ਹਨ, ਓਥੇ ਪੁਲਸ, ਮਾਲ ਮਹਿਕਮੇ ਅਤੇ ਰਾਜਸੀ ਲੀਡਰਾਂ ਦੀ ਮਿਲ਼ੀ-ਭੁਗਤ ਰਾਹੀਂ, ਪਰਵਾਸੀਆਂ ਦੇ ਪੰਜਾਬ ਵਸਦੇ ਸਕੇ ਸੰਬੰਧੀ ਹੀ ਜਾਅਲੀ ਮੁਖਤਿਆਰਨਾਮੇ ਬਣਾ ਕੇ ਤੇ ਜਾਅਲੀ ਰਜਿਸਟਰੀਆਂ ਕਰਾ ਕੇ ਜਾਇਦਾਦਾਂ ਹੜੱਪ ਲੈਂਦੇ ਹਨ।

ਆਪਣੀਆਂ ਜਾਇਦਾਦਾਂ ਨੂੰ ਵਾਪਿਸ ਲੈਣ ਲਈ ਚਾਰਾਜੋਈ ਕਰਨ ਵਾਲ਼ਾ ਪਰਵਾਸੀ, ਭ੍ਰਿਸ਼ਟ ਸਿਸਟਮ `ਚ ਪੋਟਾ ਪੋਟਾ ਮਰਦਾ ਹੈ। ਇਨਸਾਫ਼ ਦਾ ਕੋਈ ਛਿੱਜਿਆ ਹੋਇਆ ਪਰਛਾਵਾਂ ਵੀ ਉਸ ਦੀ ਚੇਤਨਾ `ਚ ਨਹੀਂ ਜੁੜਦਾ। ਰਾਜਸੀ ਸ਼ਹਿ `ਤੇ ਹੀ ਉਸ ਦੇ ਖਿ਼ਲਾਫ਼ ਝੂਠੇ ਪੁਲਸ ਕੇਸ ਬਣਾ ਦਿੱਤੇ ਜਾਂਦੇ ਹਨ, ਅਫ਼ਸਰਸ਼ਾਹੀ ਤੇ ਪੁਲਸ ਨਾਲ਼ ਮਿਲ ਕੇ ਸੁਪਾਰੀਆਂ ਦੇ ਕੇ ਕਤਲ ਕਰਵਾ ਦਿੱਤਾ ਜਾਂਦਾ ਹੈ। ਪਰਵਾਸੀ ਲੋਕ ਜਿਹੜਾ ਪੰਜਾਬ ਚਾਲੀ ਪੰਜਾਹ ਸਾਲ ਪਹਿਲਾਂ ਛੱਡ ਕੇ ਗਏ ਸਨ, ਭ੍ਰਿਸ਼ਟ ਰਾਜਸੀ ਲੀਡਰਾਂ ਵੱਲੋਂ ਵਲੂੰਧਰੇ ਉਸਦੇ ਹੁਲੀਏ ਨੂੰ ਦੇਖ ਕੇ ਉਹ ਪੀੜ ਪੀੜ ਹੋ ਜਾਂਦੇ ਹਨ। ਪਰਵਾਸੀ ਪੰਜਾਬੀ ਇਸ ਆਪਾ-ਧਾਪੀ ਦੇ ਆਦੀ ਨਹੀਂ ਹਨ। ਇਸ ਲਈ ਪਰਵਾਸੀ ਬੀਮਾਰ, ਅੱਧਮੋਏ ਪੰਜਾਬ ਦੀ ਤਸਵੀਰ ਪੰਜਾਬੀਆਂ ਨੂੰ ਉਦਾਸ, ਦੁਖੀ, ਅਤੇ ਖ਼ਫ਼ਾ ਕਰਦੀ ਹੈ। ਉਹ ਪੰਜਾਬ ਦੀ ਬੇਰੁ਼ਜ਼ਗਾਰੀ, ਗਰੀਬੀ, ਨਸ਼ਾਖੋਰੀ ਅਤੇ ਹੋਰ ਅਲਾਮਤਾਂ ਦੇਖ ਕੇ ਝੂਰਦੇ ਹਨ। ਉਹ ਚਾਹੁੰਦੇ ਹਨ ਉਨ੍ਹਾਂ ਦੇ ਬੱਚਿਆਂ ਅੰਦਰ ਪੰਜਾਬ ਜਾਣ ਦੀ ਤੀਬਰ ਤਲਬ ਉੱਠੇ, ਪਰ ਜਿਹੜਾ ਬੱਚਾ ਇੱਕ ਵਾਰੀ ਪੰਜਾਬ ਆ ਗਿਆ ਉਹ ਮੁੜਕੇ ਪੰਜਾਬ ਦਾ ਨਾਮ ਲੈਣ ਤੋਂ ਵੀ ਤ੍ਰਭਕਦਾ ਹੈ। ਪਰਵਾਸੀ ਪੰਜਾਬੀਆਂ ਅੰਦਰ ਆਪਣੇ ਪੰਜਾਬ ਨੂੰ ਕਨੇਡਾ ਅਮਰੀਕਾ ਜਰਮਨੀ ਆਸਟਰੇਲੀਆ ਵਰਗਾ ਦੇਖਣ ਦੀ ਚਾਹਤ ਹੈ। ਲੇਕਿਨ ਸੰਚਾਰ ਸਾਧਨਾ ਦੀ ਬਹੁਤਾਤ ਨੇ ਪੰਜਾਬ ਤੇ ਭਾਰਤ `ਚ ਘਟਦੀ ਹਰ ਘਟਨਾ ਤੋਂ ਦੁਨੀਆਂ ਭਰ `ਚ ਵਸਦੇ ਪੰਜਾਬੀਆਂ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਪੰਜਾਬ-ਭਾਰਤ ਵਿੱਚ ਓਨੀ ਦੇਰ ਪੱਛਮੀਂ ਮੁਲਕਾਂ ਵਰਗਾ ਸਾਫ਼ ਸੁਥਰਾ ਰਾਜ ਨਹੀਂ ਆ ਸਕਦਾ ਜਦੋਂ ਤੀਕ ਉਥੋਂ ਦੇ ਸਰਕਾਰੀ ਨਿਜ਼ਾਮ ਦੀ ਵਾਗਡੋਰ ਕਿਸੇ ਅਸਲੋਂ ਹੀ ਈਮਾਨਦਾਰ ਵਿਅਕਤੀ ਅਤੇ ਸਾਫ਼ ਸੁਥਰੀ ਪਾਰਟੀ ਦੇ ਹੱਥ ਵਿੱਚ ਨਹੀਂ ਆ ਜਾਂਦੀ।

ਪਰਵਾਸੀ ਪੰਜਾਬੀਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਕਾਂਗਰਸ, ਬੀਜੇਪੀ ਤੇ ਅਕਾਲੀਆਂ ਨੇ ਪੰਜਾਬੀਆਂ ਨੂੰ ਧਰਮਾਂ, ਬੋਲੀਆਂ, ਤੇ ਜਾਤ-ਪਾਤ ਦੇ ਨਾਮ ਉੱਤੇ ਪਾੜ ਕੇ, ਅਸਲ ਆਰਥਿਕ ਮੁੱਦਿਆਂ ਤੋਂ ਭਟਕਾਉਣ ਤੋਂ ਇਲਾਵਾ ਕੀਤਾ ਹੀ ਕੁਝ ਨਹੀਂ। ਪਰਵਾਸੀ ਪੰਜਾਬੀ ਜਾਣ ਗਿਆ ਹੈ ਕਿ ਸਿਆਸਤਦਾਨਾਂ ਨੇ ਆਪਣੇ ਖੀਸੇ ਭਰ ਕੇ, ਪੰਜਾਬ ਦਾ ਸਤਿਆਨਾਸ ਕਰ ਸੁੱਟਿਆ ਹੈ। ਪਰਵਾਸੀ ਪੰਜਾਬੀ ਇਹ ਗੱਲ ਬੜੀ ਸਿ਼ੱਦਤ ਨਾਲ਼ ਮਹਿਸੂਸ ਕਰਨ ਲੱਗ ਪਏ ਹਨ ਕਿ ਦੇਸ਼ ਵਿੱਚੋਂ ਜਿੰਨੀ ਦੇਰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਸਿਫ਼ਾਰਸ਼ਵਾਦ ਦੀਆਂ ਜੜ੍ਹਾਂ ਨਹੀਂ ਉਖਾੜੀਆਂ ਜਾਂਦੀਆਂ, ਦੇਸ਼ ਕਦੇ ਵੀ ਪੱਛਮੀਂ ਦੇਸ਼ਾਂ ਵਾਂਗ ਖੁਸ਼ਹਾਲ ਨਹੀਂ ਹੋ ਸਕਦਾ। ਦਿੱਲੀ `ਚ ਦੋਹਾਂ ਵੱਡੀਆਂ ਪਾਰਟੀਆਂ ਵੱਲੋਂ ਤੇ ਮੀਡੀਏ ਵੱਲੋਂ ਕੇਜਰੀਵਾਲ਼ ਨੂੰ ਨਿੱਸਲ਼ ਕਰਨ ਲਈ ਜਿਸ ਬੇਸ਼ਰਮੀ ਦਾ ਖੁਲ੍ਹਾ ਪਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਬਦੇਸ਼ਾਂ `ਚ ਵਸਦੇ ਪੰਜਾਬੀ ਇਸ ਵਿਚਾਰ ਦੇ ਹੋ ਗਏ ਹਨ ਕਿ ਰਵਾਇਤੀ ਪਾਰਟੀਆਂ ਨੇ ਸੱਤਾ `ਚ ਰਹਿਣ ਲਈ ਜੋੜ-ਤੋੜ ਹੀ ਕੀਤੇ ਹਨ; ਭਾਰਤ ਦੀ ਦਿਨੋ-ਦਿਨ ਵਿਗੜ ਰਹੀ ਆਰਥਕਤਾ, ਗੁੰਡਾਗਰਦੀ, ਬੇਰੁਜ਼ਗਾਰੀ, ਬੇਇਨਸਾਫ਼ੀ ਅਤੇ ਹੋਰ ਬੁਰਾਈਆਂ ਦਾ ਰੱਤੀ ਭਰ ਫਿ਼ਕਰ ਵੀ ਕਿਸੇ ਰਵਾਇਤੀ ਪਾਰਟੀ ਨੂੰ ਨਹੀਂ ਹੈ। ਖੱਬੇ ਪੱਖੀ ਪਾਰਟੀਆਂ ਦੀ ਮੌਕਾਪ੍ਰਸਤੀ ਵੀ ਸਿਰਫ਼ ਰਾਜਸੱਤਾ `ਚ ਭਾਈਵਾਲੀ ਪ੍ਰਾਪਤ ਕਰਨ ਲਈ, ਭ੍ਰਿਸ਼ਟ ਪਾਰਟੀਆਂ ਨਾਲ਼ ਸਾਂਝ ਪਾਉਣ ਤੀਕ ਸੀਮਤ ਹੋ ਕੇ ਰਹਿ ਗਈ ਹੈ।

ਪਰ ਜਦੋਂ ਕੇਜਰੀਵਾਲ ਨੇ ਆਮ ਆਦਮੀ ਦੇ ਦੁੱਖਾਂ-ਦਰਦਾਂ ਨੂੰ ਹਰਨ ਲਈ, ਈਮਾਨਦਾਰੀ, ਦ੍ਰਿੜਤਾ, ਬੇਗ਼ਰਜ਼ੀ, ਅਤੇ ਬੇਖੌਫ਼ਤਾ ਦਾ ਮੁਜ਼ਾਹਰਾ ਕਰਦਿਆਂ, ਸਿਰਫ਼ ਕੁਰਸੀ ਨਾਲ਼ ਚਿੰਬੜੇ ਰਹਿਣ ਦੀ ਥਾਂ, ਭ੍ਰਿਸ਼ਟਾਚਾਰ ਮੂਹਰੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੱਤਾ , ਤਾਂ ਪਰਵਾਸੀ ਪੰਜਾਬੀਆਂ ਦੇ ਮਨਾਂ ਅੰਦਰ ਇਕ ਤੂਫ਼ਾਨੀ ਜੋਸ਼ ਉੱਮੜ ਪਿਆ। ਪਰਵਾਸੀ ਪੰਜਾਬੀ ਹੁਣ ਖੁਲ੍ਹ ਕੇ ਇਹ ਕਹਿ ਰਹੇ ਹਨ ਕਿ ਭਾਰਤ ਦੇ ਲੋਕਾਂ ਨੇ ਅਗਰ ਕੇਜਰੀਵਾਲ ਵਰਗੇ ਠੋਸ, ਈਮਾਨਦਾਰ, ਬੇਗ਼ਰਜ, ਦੂਰਸਰਸ਼ੀ਼ ਤੇ ਬੇਖੌਫ਼ ਨੇਤਾ ਨੂੰ ਗੁਆ ਲਿਆ, ਤਾਂ ਇਸ ਦਾ ਖ਼ਮਿਆਜ਼ਾ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਇਹੀ ਕਾਰਨ ਹੈ ਕਿ ਪਰਵਾਸੀ ਪੰਜਾਬੀ, ਫ਼ੋਨਾਂ ਰਾਹੀਂ, ਪੰਜਾਬ ਵਿਚਲੇ ਆਪਣੇ ਸਕੇ-ਸੰਬੰਧੀਆਂ, ਸਨੇਹੀਆਂ ਅਤੇ ਮਿੱਤਰਾਂ ਨੂੰ ‘ਆਪ’ਨਾਲ਼ ਜੁੜਨ ਦੀ ਪ੍ਰੇਰਨਾ ਦੇ ਰਹੇ ਹਨ।

ਸੰਪਰਕ : 001 905-792 7357

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ