Sun, 13 October 2024
Your Visitor Number :-   7232288
SuhisaverSuhisaver Suhisaver

ਨਵੇਂ ਵਰ੍ਹੇ ਦੀ ਵੰਗਾਰ, ਫ਼ਿਰਕੂ ਤਾਕਤਾਂ ਦੇ ਟਾਕਰੇ ਲਈ ਹੋਵੋ ਤਿਆਰ - ਰਣਜੀਤ ਲਹਿਰਾ

Posted on:- 13-01-2015

ਸਾਥੀਓ, ਨਵੇਂ ਸਾਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਖ਼ਤਮ ਹੋ ਰਹੇ ਸਾਲ ਦੇ ਆਖ਼ਰੀ ਮਹੀਨੇ ਦੇ ਪਿਛਲੇ ਪੰਦਰਵਾੜੇ ਨੇ ਮਾਨਵਤਾ ਨੂੰ ਅਜਿਹਾ ਗਹਿਰਾ ਜ਼ਖ਼ਮ ਦਿੱਤਾ ਹੈ ਜਿਸਨੂੰ ਪੂਰੀ ਤਰ੍ਹਾਂ ਭਰਨਾ ਸ਼ਾਇਦ ਹੀ ਸੰਭਵ ਹੋਵੇ। ਇਸ ਦਾ ਦਰਦ ਆਉਣ ਵਾਲੀਆਂ ਨਸਲਾਂ ਲੰਬੇ ਸਮੇ ਤੱਕ ਮਹਿਸੂਸ ਕਰਦੀਆਂ ਰਹਿਣਗੀਆਂ। ਪਾਕਿਸਤਾਨ ਦੇ ਫੁੱਲਾਂ ਦੇ ਸ਼ਹਿਰ ਪਿਸ਼ਾਵਰ ਅੰਦਰ ਖਿੜ੍ਹ ਰਹੀ ਫੁਲਵਾੜੀ ਦੇ 132 ਫੁੱਲਾਂ ਨੂੰ ਮਾਨਵਤਾ ਦੇ ਦੁਸ਼ਮਣਾਂ ਨੇ ਜਿਸ ਤਰ੍ਹਾਂ ਰੌਂਦ ਕੇ ਰੱਖ ਦਿੱਤਾ ਉਸ ਨੇ ਪੂਰੀ ਦੁਨੀਆਂ ਦੇ ਸੀਨੇ ਵਿੱਚੋਂ ਰੁੱਗ ਭਰ ਲਿਆ ਹੈ। ਇਹਨਾਂ ਮਾਸੂਮ ਜਿੰਦਾਂ ਨੂੰ ਜਬਾਹ ਕਰਨ ਵਾਲੇ ਦਰਿੰਦਿਆਂ ਨੇ ਵਹਿਸ਼ੀ ਕਾਰਾ ਕਰਨ ਤੋਂ ਪਹਿਲਾਂ ਰਤਾ ਭਰ ਵੀ ਇਹ ਨਹੀਂ ਸੋਚਿਆ ਕਿ ਇਹਨਾਂ ਅਣਭੋਲ ਬੱਚਿਆਂ ਦਾ ਕਸੂਰ ਕੀ ਹੈ? ਘਟਨਾ ਦੀ ਜ਼ਿੰਮੇਵਾਰੀ ਓਟਣ ਵਾਲੇ ਤਾਲਿਬਾਨੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜ ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਕਰਕੇ ਬਦਲੇ ਵਜੋਂ ਉਹਨਾਂ ਨੇ ਵੀ ਸਕੂਲੀ ਬੱਚਿਆਂ ਦਾ ਕਤਲੇ ਆਮ ਕੀਤਾ ਹੈ।

ਹਕੂਮਤੀ ਗੱਦੀ ਹਥਿਆਉਣ ਲਈ ਖ਼ੂਨੀ ਭੇੜ ’ਚ ਪਏ ਤੇ ਅਜਿਹੇ ਕਾਰਿਆਂ ਨੂੰ ਜਹਾਦ ਦਾ ਨਾਂ ਦੇਣ ਵਾਲੇ ਸ਼ਾਇਦ ਇਹ ਨਹੀਂ ਜਾਣਦੇ ਕਿ ਉਹਨਾਂ ਦੀਆਂ ਇਹ ਕਾਰਵਾਈਆਂ ਪਾਕਿਸਤਾਨੀ ਹਾਕਮਾਂ ਅਤੇ ਅਮਰੀਕੀ ਸਾਮਰਾਜ ਨੂੰ ਰਤਾ ਵੀ ਝਰੀਟ ਨਹੀਂ ਮਾਰ ਸਕਣਗੀਆਂ ਸਗੋਂ ਉਹਨਾਂ ਅਤੇ ਆਮ ਲੋਕਾਂ ਉੱਤੇ ਹੋਰ ਵੀ ਜ਼ਿਆਦਾ ਸਖ਼ਤੀ ਨਾਲ ਹਮਲਾ ਕਰਨ ਲਈ ਮੌਕਾ ਮੁਹੱਈਆ ਕਰਨਗੀਆਂ। ਪਾਕਿਸਤਾਨ ਉੱਤੇ ਇਸਤੋਂ ਬਾਹਰਲੀ ਦੁਨੀਆਂ ਦਾ ਦਬਾਅ ਪਾਕਿਸਤਾਨੀ ਹਾਕਮਾਂ ਨੂੰ ਇਸ ਭੇੜ ’ਚ ਤਾਲਿਬਾਨ ਦੇ ਖ਼ਿਲਾਫ਼ ਹੋਰ ਵੱਧ ਕਰੜੇ ਕਦਮ ਚੁੱਕਣ ਲਈ ਮਜ਼ਬੂਰ ਕਰੇਗਾ।
    
ਪਾਕਿਸਤਾਨ ਅੰਦਰ ਮਾਸੂਮ ਬੱਚਿਆਂ ਨੂੰ ਲਹੂ ਦੇ ਦਰਿਆ ਵਿੱਚ ਡੋਬਣ ਲਈ ਸਿਰਫ਼ ਤਾਲਿਬਾਨ ਨੂੰ ਦੋਸ਼ੀ ਠਹਿਰਾਉਣ ਦਾ ਅਰਥ ਇੱਕ ਬਹੁਤ ਹੀ ਗੰਭੀਰ ਸਮੱਸਿਆ ਦਾ ਅਤਿ ਸਰਲੀਕਰਨ ਕਰਨਾ ਹੈ। ਇਸ ਦਾ ਅਸਲ ਜ਼ਿੰਮੇਵਾਰ ਸੰਸਾਰ ਪੱਧਰ ’ਤੇ ਚੱਲ ਰਿਹਾ ਅੱਜ ਦਾ ਮਨੁੱਖ ਦੋਖੀ ਸਾਮਰਾਜੀ ਪ੍ਰਬੰਧ ਹੈ। ਇਸ ਪ੍ਰਬੰਧ ਦਾ ਸਰਗਣਾ ਅਮਰੀਕੀ ਸਾਮਰਾਜ ਤੇ ਇਸਦੀਆਂ ਸਹਿਯੋਗੀ ਤਾਕਤਾਂ ਤੀਸਰੀ ਦੁਨੀਆਂ ਦੇ ਪਛੜੇ ਦੇਸ਼ਾਂ ਅੰਦਰ ਆਪਣੇ ਪਿੱਠੂ ਹੁਕਮਰਾਨਾਂ ਦੀ ਸਹਾਇਤਾ ਨਾਲ ਪੂਰੀ ਦੁਨੀਆਂ ਉੱਤੇ ਦੁੱਖਾਂ ਮੁਸੀਬਤਾਂ ਦੇ ਪਹਾੜ ਲੱਦ ਰਹੇ ਹਨ। ਇਹ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਹੀ ਹੈ ਜਿਸਨੇ ਪਹਿਲਾਂ ਆਪਣੇ ਸੰਸਾਰ ਵਿਆਪੀ ਲੁੱਟ ਅਤੇ ਚੌਧਰ ਦੇ ਤੰਦੂਆ ਜਾਲ ਨੂੰ ਕਾਇਮ ਰੱਖਣ ਅਤੇ ਇਸ ਨੂੰ ਹੋਰ ਫੈਲਾਉਣ ਲਈ ਇਸਲਾਮਿਕ ਕੱਟੜਵਾਦੀਆਂ ਨੂੰ ਪੈਦਾ ਕਰਕੇ ‘ਜਹਾਦੀ’ ਬਣਾਇਆ ਅਤੇ ਫਿਰ ਦਹਿਸ਼ਤਗਰਦੀ ਵਿਰੁੱਧ ਜੰਗ ਦੇ ਨਾਂ ’ਤੇ ਇਰਾਕ, ਅਫਗਾਨਿਸਤਾਨ ਅੰਦਰ ਵੱਡੀ ਪੱਧਰ ’ਤੇ ਕਤਲੇਆਮ ਕੀਤਾ। ਇਹ ਅਮਰੀਕੀ ਸਾਮਰਾਜ ਹੀ ਸੀ ਜਿਸ ਨੇ ਫ਼ਲਸਤੀਨੀ ਲੋਕਾਂ ਦੇ ਕਾਤਿਲ ਇਸਰਾਈਲੀ ਯਹੂਦੀਵਾਦ ਦੀ ਪਿੱਠ ਥਾਪੜਕੇ ਫ਼ਲਸਤੀਨ ਅੰਦਰ ਵੱਡੇ ਪੱਧਰ ’ਤੇ ਖ਼ੂਨ ਦੀ ਹੋਲੀ ਖੇਡੀ। ਫ਼ਲਸਤੀਨ ਅੰਦਰ ਹਮਾਸ, ਲਿਬਨਾਨ ਅੰਦਰ ਹਿੱਜਬੁਲਾ ਅਤੇ ਅਰਬ ਮੁਲਕਾਂ ਅੰਦਰ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਦੇ ਮਨਸ਼ੇ ਨਾਲ ਇਹਨਾਂ ਦੇ ਖ਼ਿਲਾਫ਼ ਭਿਆਨਕ ਜੰਗੀ ਕਾਰਵਾਈਆਂ ਕੀਤੀਆਂ। ਇੰਨਾ ਹੀ ਕਾਫੀ ਨਹੀਂ, ਦੂਸਰੀ ਸੰਸਾਰ ਜੰਗ ਤੋ ਬਾਅਦ ਦਾ ਇਤਿਹਾਸ ਅਮਰੀਕੀ ਸਾਮਰਾਜ ਅਤੇ ਇਸ ਦੇ ਜੋਟੀਦਾਰ ਸਾਮਰਾਜੀ ਮੁਲਕਾਂ ਵੱਲੋਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਅੰਦਰ ਬੱਚਿਆਂ, ਬੁੱਢਿਆਂ ਅਤੇ ਔਰਤਾਂ ਦੇ ਵੱਡੀ ਪੱਧਰ ਤੇ ਕੀਤੇ ਕਤਲੇਆਮ ਦੇ ਖ਼ੂਨੀ ਕਾਂਡਾਂ ਨਾਲ ਭਰਿਆ ਪਿਆ ਹੈ। ਇਹਨਾਂ ਦੇਸ਼ਾਂ ਦੇ ਲੋਕਾਂ ਅੰਦਰ ਸਾਮਰਾਜੀ ਪ੍ਰਬੰਧ ਵਿਸ਼ੇਸ਼ਕਰ ਅਮਰੀਕੀ ਸਾਮਰਾਜ ਵਿਰੱੁਧ ਨਫ਼ਰਤ ਅਤੇ ਬੇਚੈਨੀ ਵੱਧ ਰਹੀ ਹੈ। ਇਸਦਾ ਫ਼ਾਇਦਾ ਉਠਾ ਕੇ ਧਾਰਮਿਕ ਮੂਲਵਾਦੀ ਕੱਟੜ ਅਤੇ ਦਹਿਸ਼ਤਗਰਦ ਤਾਕਤਾਂ ਵੱਧ-ਫੁੱਲ ਰਹੀਆਂ ਹਨ। ਮੋੜਵੇਂ ਰੂਪ ਵਿੱਚ ਧਾਰਮਿਕ ਕੱਟੜਵਾਦੀ ਅਤੇ ਦਹਿਸ਼ਤਗਰਦ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਕੇ ਅਤੇ ਨਿਰਦੋਸ਼ ਲੋਕਾਂ ਦੇ ਕਤਲੇਆਮ ਰਚਾਕੇ ਇਸ ਲੁਟੇਰੇ ਅਤੇ ਧੱਕੜ ਸਾਮਰਾਜੀ ਪ੍ਰਬੰਧ ਨੂੰ ਹੋਰ ਤਕੜਾਈ ਬਖ਼ਸ਼ ਰਹੇ ਹਨ। ਇਸ ਤਰ੍ਹਾਂ ਸਾਮਰਾਜੀ ਤਾਕਤਾਂ ਅਤੇ ਇਸਲਾਮਿਕ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਇੱਕ ਦੂਸਰੇ ਦੀਆਂ ਪੂਰਕ ਸਿੱਧ ਹੋ ਰਹੀਆਂ ਹਨ ਜਿਸ ਕਰਕੇ ਦੋਨਾਂ ਕਿਸਮ ਦੀਆਂ ਤਾਕਤਾਂ ਲੋਕਾਂ ਦੇ ਦੁਸ਼ਮਣਾਂ ਦੀ ਕਤਾਰ ’ਚ ਖੜ੍ਹੀਆਂ ਹੁੰਦੀਆਂ ਹਨ। ਬੇਸ਼ੱਕ ਲੋਕਾਂ ਦਾ ਵੱਡਾ ਦੁਸ਼ਮਣ ਸਾਮਰਾਜੀ ਤਾਕਤਾਂ ਅਤੇ ਇਸ ਦੇ ਸੰਗੀਆਂ ਦੀ ਧਿਰ ਹੈ ਪਰ ਲੋਕਾਂ ਦੇ ਜਾਨਮਾਲ ਦਾ ਘਾਣ ਕਰਨ ਵਾਲੇ ਇਸਲਾਮਿਕ ਦਹਿਸ਼ਤਗਰਦ ਵੀ ਲੋਕਾਂ ਦੀ ਕਿਸੇ ਕਿਸਮ ਦੀ ਹਮਦਰਦੀ ਦੇ ਲਾਇਕ ਨਹੀਂ ਹਨ।
    
ਸਾਮਰਾਜੀ ਤਾਕਤਾਂ ਆਪਣੀਆਂ ਆਰਥਕ ਸਿਆਸੀ ਲੋੜਾਂ ਦੀ ਪੂਰਤੀ ਲਈ ਕਦੇ ਧਾਰਮਿਕ ਮੂਲਵਾਦੀ ਅਤੇ ਦਹਿਸ਼ਤਗਰਦ ਜਥੇਬੰਦੀਆਂ ਨੂੰ ਪੈਦਾ ਕਰਦੀਆਂ ਹਨ ਅਤੇ ਕਦੇ ਜਮਹੂਰੀਅਤ ਦੀ ਰਾਖੀ ਦੇ ਨਾਂ ’ਤੇ ਇਹਨਾਂ ਨੂੰ ਖ਼ਤਮ ਕਰਨ ਦਾ ਪੈਂਤਰਾ ਤਹਿ ਕਰਦੀਆਂ ਹਨ। ਅੱਜ ਸਾਮਰਾਜੀ ਪ੍ਰਬੰਧ ਗਹਿਰੇ ਆਰਥਕ ਸੰਕਟ ਦਾ ਸ਼ਿਕਾਰ ਹੈ ਜਿਸ ਵਿੱਚੋਂ ਨਿਕਲਣ ਲਈ ਉਸ ਵਾਸਤੇ ਜ਼ਰੂਰੀ ਹੈ ਕਿ ਧਾਰਮਿਕ ਮੂਲਵਾਦੀ, ਕੱਟੜ, ਫ਼ਿਰਕੂ ਦਹਿਸ਼ਤਗਰਦ ਅਤੇ ਫਾਸ਼ੀ ਸ਼ਕਤੀਆਂ ਨੂੰ ਪਾਲਿਆ-ਪਲੋਸਿਆ ਜਾਵੇ। ਅਜਿਹੇ ਅਨਸਰਾਂ ਦੀ ਮੱਦਦ ਕਰਕੇ ਜਾਂ ਉਹਨਾਂ ਉੱਤੇ ਹਮਲੇ ਕਰਕੇ ਸਾਮਰਾਜੀ ਦੇਸ਼ ਆਪਣੇ ਸੰਕਟਾਂ ਦਾ ਬੋਝ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਉੱਤੇ ਸੁੱਟਣ ਲਈ ਯਤਨਸ਼ੀਲ ਹਨ। ਹਿੰਦੋਸਤਾਨ ਅੰਦਰ ਹਿੰਦੂ ਫ਼ਿਰਕਾਪ੍ਰਸਤ ਤਾਕਤਾਂ ਨੂੰ ਸ਼ਿੰਗਾਰਨਾ ਅਤੇ ਮੋਦੀ ਸਰਕਾਰ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਪਿੱਛੇ ਸਾਮਰਾਜੀਆਂ ਦੇ ਇਹੀ ਮਨਸੂਬੇ ਕੰਮ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੱਕ ਹਿੰਦੂ ਫ਼ਿਰਕਾਪ੍ਰਸਤਾਂ ਨੂੰ ਛੱਤਰੀ ਮੁਹੱਈਆ ਕਰਨ ਵਾਲੇ ਮੋਦੀ ਨੂੰ ਨਾ ਪਸੰਦ ਕਰਦੇ ਰਹੇ ਸਾਮਰਾਜੀ ਅੱਜ ਉਸਨੂੰ ਗਲੇ ਲਗਾ ਰਹੇ ਹਨ। ਮੋਦੀ ਹਕੂਮਤ ਦੇਸੀ ਵਿਦੇਸ਼ੀ ਕਾਰਪੋਰੇਸ਼ਨਾਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਦੋ ਥੰਮਾਂ ਆਸਰੇ ਖੜੀ ਹੈ। ਸਾਮਰਾਜੀ ਤਾਕਤਾਂ ਦਾ ਅਸ਼ੀਰਵਾਦ ਲੈਕੇ ਮੋਦੀ ਸਰਕਾਰ ਹਿੰਦੂ ਫ਼ਿਰਕਾਪ੍ਰਸਤ ਅਤੇ ਫਾਸ਼ੀ ਰੁਚੀਆਂ ਵਾਲੇ ਅਨਸਰਾਂ ਅਤੇ ਜਥੇਬੰਦੀਆਂ ਨੂੰ ਤਕੜਾਈ ਬਖ਼ਸ਼ਣ ਲਈ ਪੂਰੀ ਖੁੱਲ੍ਹ ਖੇਡਣ ਅਤੇ ਮਨਆਈਆਂ ਕਰਨ ਦੇ ਮੌਕੇ ਮੁਹੱਈਆ ਕਰ ਰਹੀ ਹੈ। ਵਿੱਦਿਆ, ਇਤਿਹਾਸ, ਭੂਗੋਲ, ਕੁਦਰਤੀ ਅਤੇ ਮੈਡੀਕਲ ਸਾਇੰਸ ਅੰਦਰ ਇਹਨਾਂ ਵੱਲੋਂ ਸਿਰੇ ਦੀ ਬੇਹੂਦਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਮੱਧਯੁਗੀ ਤੇ ਗ਼ੈਰ ਵਿਗਿਆਨਕ ਕਦਰਾਂ ਕੀਮਤਾਂ ਦਾ ਸੰਚਾਰ ਕੀਤਾ ਜਾ ਰਿਹਾ ਹੈ। ਥਾਂ ਥਾਂ ’ਤੇ ਫ਼ਿਰਕੂ ਦੰਗੇ ਭੜਕਾਉਣ ਦੇ ਹਾਲਾਤ ਤਿਆਰ ਕੀਤੇ ਗਏ ਹਨ ਅਤੇ ਕਈ ਥਾਂਈ ਫ਼ਿਰਕੂ ਦੰਗੇ ਭੜਕਾਉਣ ’ਚ ਫ਼ਿਰਕੂ ਫਾਸ਼ੀ ਤਾਕਤਾਂ ਕਾਮਯਾਬ ਵੀ ਹੋਈਆਂ ਹਨ।

ਜ਼ਬਰਦਸਤੀ ਧਰਮ ਪ੍ਰੀਵਰਤਣ ਕਰਵਾਉਣ ਦੇ ਹੱਥੋਂ ਦੁਖੀ ਹੋ ਕੇ ਧਰਮ ਬਦਲਣਾ ਚਾਹੁੰਦੇ ਦਲਿਤ ਵਰਗਾਂ ਉੱਪਰ ਕਾਨੂੰਨੀ ਰੋਕ ਲਗਾਈ ਜਾਵੇ। ਇਸ ਤਰ੍ਹਾਂ ਲੋਕਾਂ ਦੇ ਮਨਮਰਜੀ ਦੇ ਧਰਮ ਨੂੰ ਅਪਨਾਉਣ ਦੇ ਹੱਕ ਨੂੰ ਖੋਹਣ ਦੇ ਯਤਨ ਜਾਰੀ ਹਨ। ਇਤਨਾ ਹੀ ਕਾਫ਼ੀ ਨਹੀਂ ਸਮਾਜ ਅੰਦਰ ਰੂੜੀਵਾਦੀ ਅਤੇ ਪਿਛਾਂਹ ਖਿੱਚੂ ਵਿਚਾਰਾਂ ਦਾ ਪਸਾਰਾ ਕਰਦੇ ਹੋਏ ਅਤੇ ਇਉਂ ਇਹਨਾਂ ਵਿਚਾਰਾਂ ਨਾਲ ਗਰੱਸੇ ਲੋਕਾਂ ਅੰਦਰ ਵਧੇ ਆਪਣੇ ਜਨਤਕ ਅਧਾਰ ਦਾ ਫਾਇਦਾ ਉਠਾਉਂਦੇ ਹੋਏ ਲੋਕਾਂ ਦੇ ਗਲ ਲੁੱਟ ਅਤੇ ਜ਼ਬਰ ਦੀ ਪੰਜਾਲੀ ਨੂੰ ਕਸਿਆ ਜਾ ਰਿਹਾ ਹੈ। ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਦੇਸੀ ਵਿਦੇਸ਼ੀ ਸਨਅਤਕਾਰਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਅਤੇ ਦੇਸ਼ ਦੀ ਮੰਡੀ ਤੇ ਕਿਰਤ ਦੀ ਲੁੱਟ ਲਈ ਸਾਜ਼ਗਾਰ ਮੌਕੇ ਮੁਹੱਈਆ ਕਰਨ ਵਾਸਤੇ ਧੜਾ ਧੜ ਨਵੇਂ ਤੋਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਕਿਰਤੀ ਲੋਕਾਂ ਦੀ ਲੁੱਟ ਕਰਨ ਅਤੇ ਉਹਨਾਂ ਦੇ ਜਮਹੂਰੀ ਹੱਕਾਂ ਨੂੰ ਖੋਹਣ ਲਈ ਨਵੇਂ ਕਿਰਤ ਕਾਨੂੰਨਾਂ ਦੀ ਪਟਾਰੀ ਖੋਲ੍ਹੀ ਜਾ ਰਹੀ ਹੈ ਅਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਕਾਂਗਰਸ ਹਕੂਮਤ ਸਮੇਂ ਬਣੇ ਯੂ.ਏ.ਪੀ.ਏ. ਅਤੇ ਅਫਸਪਾ ਵਰਗੇ ਜ਼ਾਬਰ ਕਾਨੂੰਨਾਂ ਨੂੰ ਹੋਰ ਵੀ ਨਿਸੰਗ ਰੂਪ ’ਚ ਵਰਤਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਲੋਕਾਂ ਨੂੰ ਆਪਣੇ ਦੇਸ਼ ਅੰਦਰ ਫਾਸ਼ੀਵਾਦੀ ਖ਼ਤਰੇ ਤੋਂ ਸੁਚੇਤ ਹੁੰਦਿਆਂ ਜਿਥੇ ਮੋਦੀ ਸਰਕਾਰ ਅਤੇ ਇਸਦੇ ਦੁਆਲੇ ਜੁੜੀਆਂ ਫ਼ਿਰਕੂ ਫਾਸ਼ੀ ਸ਼ਕਤੀਆਂ ਖ਼ਿਲਾਫ਼ ਕਮਰਕਸੇ ਕਰਨ ਦੀ ਜ਼ਰੂਰਤ ਹੈ ਉੱਥੇ ਲੋਕਾਂ ਦੇ ਦੁੱਖਾਂ-ਮੁਸੀਬਤਾਂ ਦੀ ਜੜ੍ਹ ਇਸ ਸਾਮਰਾਜੀ ਪ੍ਰਬੰਧ ਨੂੰ ਨੇਸਤਾਨਾਬੂਦ ਕਰਨ ਲਈ ਤਿਆਰ-ਬਰ-ਤਿਆਰ ਹੋ ਜਾਣਾ ਚਾਹੀਦਾ ਹੈ। ਲੋਕਾਂ ਨੂੰ ਇਸ ਵਾਸਤੇ ਤਿਆਰ ਕਰਨ ’ਚ ਇਨਕਲਾਬੀ ਤਾਕਤਾਂ ਹੀ ਮੁਹਰੈਲ ਰੋਲ ਨਿਭਾ ਸਕਦੀਆਂ ਹਨ। ਮਾਰਕਸਵਾਦੀ ਵਿਗਿਆਨ ਨਾਲ ਲੈਸ ਇਹਨਾਂ ਇਨਕਲਾਬੀ ਤਾਕਤਾਂ ਕੋਲ ਹੀ ਇੱਕ ਪਾਸੇ ਸਾਮਰਾਜਵਾਦ, ਇਸਦੇ ਜੋਟੀਦਾਰਾਂ ਅਤੇ ਫ਼ਿਰਕੂਫਾਸ਼ੀ ਤਾਕਤਾਂ ਦੇ ਮੁਕਾਬਲੇ ਦਰੁੱਸਤ ਸਿਆਸੀ ਬਦਲ ਹੈ। ਇਹ ਇਨਕਲਾਬੀ ਸਿਆਸੀ ਬਦਲ ਨੂੰ ਅਪਣਾਕੇ ਹੀ ਮਨੁੱਖਤਾ ਵਾਸਤੇ ਸਦੀਵੀ ਅਮਨ ਅਤੇ ਖੁਸ਼ਹਾਲੀ ਦਾ ਰਸਤਾ ਖੁੱਲ੍ਹ ਸਕਦਾ ਹੈ।
    
ਸ਼ਾਲਾ! ਨਵੇਂ ਸਾਲ ਅੰਦਰ ਮੌਜੂਦਾ ਅੰਧਕਾਰਮਈ ਹਾਲਤ ਨੂੰ ਚੀਰਨ ਵਾਲੇ ਅਤੇ ਮਾਨਵਤਾ ਲਈ ਸੁਨਹਿਰੀ ਸਵੇਰ ਦਾ ਹੋਕਾ ਦੇਣ ਵਾਲੇ ਹੂਟਰਾਂ ਦੀ ਗਰਜ ਹੋਰ ਉੱਚੀ ਉਠੇ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ