Sun, 08 September 2024
Your Visitor Number :-   7219738
SuhisaverSuhisaver Suhisaver

ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਅਪੀਲ

Posted on:- 02-07-2016

ਸਾਥੀਓ,

11 ਜੁਲਾਈ ਤੋਂ ਰੇਲ ਮਜ਼ਦੂਰਾਂ ਦੀ ਦੇਸ਼ਵਿਆਪੀ, ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋਣ ਵਾਲੀ ਹੈ, ਜਿਸ 'ਚ 13 ਲੱਖ ਰੇਲਵੇ ਮੁਲਾਜ਼ਮ ਹਿੱਸਾ ਲੈਣਗੇ, 1974 ਮਗਰੋਂ ਇਹ ਪਹਿਲੀ ਦੇਸ਼ਵਿਆਪੀ, ਅਣਮਿੱਥੇ ਸਮੇਂ ਲਈ ਹੜਤਾਲ ਹੋਵੇਗੀ। ਹੜਤਾਲ ਦੀਆਂ ਫੌਰੀ ਅਤੇ ਪ੍ਰਮੁੱਖ ਮੰਗਾਂ ਹਨ: ਸੱਤਵੇਂ ਵੇਤਨ ਆਯੋਗ ਦੀਆਂ ਸਿਫ਼ਾਰਿਸ਼ਾਂ ਅਤੇ ਨਵੀਂ ਪੈਂਸ਼ਨ ਨੀਤੀ 'ਤੇ ਮੁੜਵਿਚਾਰ, ਘੱਟੋ-ਘੱਟ ਵੇਤਨ 18 ਹਜ਼ਾਰ ਤੋਂ ਵਧਾ ਕੇ 26 ਹਜ਼ਾਰ ਅਤੇ ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ 'ਤੇ ਨਿਯੁਕਤੀਆਂ, ਰੱਖਿਆ ਅਤੇ ਡਾਕ-ਤਾਰ ਸਣੇ ਕੁਝ ਹੋਰ ਖੇਤਰਾਂ 'ਚ ਵੀ ਮੁਲਾਜ਼ਮਾਂ ਨੇ ਇਸ ਹੜਤਾਲ 'ਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ਼ ਹੜਤਾਲੀਆਂ ਦੀ ਕੁੱਲ ਗਿਣਤੀ 35 ਲੱਖ ਦੇ ਪਾਰ ਜਾ ਸਕਦੀ ਹੈ।

ਇਸ ਦ੍ਰਿਸ਼ਟੀ ਨਾਲ਼ 11 ਜੁਲਾਈ ਦੀ ਇਹ ਹੜਤਾਲ, ਬਹੁਤ ਮਹੱਤਵਪੂਰਨ ਹੈ। ਇਹ ਹੜਤਾਲ, ਪੂੰਜੀਵਾਦੀ ਸਰਕਾਰ ਦੀ ਚੂਲ ਹਲਾ ਸਕਦੀ ਹੈ, ਉਸਨੂੰ ਗੋਡਿਆਂ 'ਤੇ ਲਿਆ ਸਕਦੀ ਹੈ ਅਤੇ ਸਰਮਾਏਦਾਰਾਂ ਦੀ ਅਗਵਾਈ ਵਾਲੀ ਸੱਤਾ ਲਈ ਮਜ਼ਦੂਰ ਜਮਾਤ ਵੱਲੋਂ ਵੱਡੀ ਚੁਣੌਤੀ ਬਣ ਸਕਦੀ ਹੈ।

ਇਸ ਉਦੇਸ਼ ਨੂੰ ਹਾਸਿਲ ਕਰਨ ਲਈ, ਹੜਤਾਲ ਨੂੰ ਸਭ ਤੋਂ ਵਿਆਪਕ ਅਧਾਰ ਦੇਣਾ ਹੋਵੇਗਾ, ਇਸਨੂੰ ਅਲਗ-ਥਲਗ ਪੈਣ ਤੋਂ ਬਚਾਉਣ ਅਤੇ ਪ੍ਰਭਾਵੀ ਬਣਾਉਣ ਲਈ, ਮਜ਼ਦੂਰਾਂ, ਮੁਲਾਜਮਾਂ ਦੇ ਵੱਧ ਤੋਂ ਵੱਧ ਹਿੱਸਿਆਂ ਨੂੰ, ਖਾਸ ਤੌਰ 'ਤੇ ਯੁੱਧਨੀਤਕ ਤੌਰ 'ਤੇ ਮਹੱਤਵਪੂਰਨ ਸਨਅਤਾਂ ਅਤੇ ਸੇਵਾਵਾਂ 'ਚ ਲੱਗੇ ਮਜ਼ਦੂਰਾਂ ਨੂੰ, ਇਸ ਹੜਤਾਲ 'ਚ ਖਿੱਚਿਆ ਜਾਣਾ ਚਾਹੀਦਾ ਹੈ। ਇਸ ਲਈ ਦੇਸ਼ ਭਰ 'ਚ ਮਜ਼ਦੂਰਾਂ, ਮੁਲਾਜਮਾਂ ਦੇ ਦੂਜੇ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਲਈ ਆਮ ਆਰਥਿਕ, ਸਿਆਸੀ ਮੰਗਾਂ ਨੂੰ ਜੋੜਦੇ, ਉਠਾਉਂਦੇ ਹੋਏ ਹੜਤਾਲ ਨੂੰ ਆਮ ਸਿਆਸੀ ਹੜਤਾਲ 'ਚ ਬਦਲਦੇ ਹੋਏ, ਪੂੰਜੀਵਾਦੀ ਸਰਕਾਰ ਵਿਰੁੱਧ ਇਨਕਲਾਬੀ ਸੰਘਰਸ਼ ਵੱਲ ਮੋੜਿਆ ਜਾਣਾ ਚਾਹੀਦਾ ਹੈ।

2008 ਦੇ ਅੰਤ ਨਾਲ਼ ਸ਼ੁਰੂ ਹੋਇਆ ਸੰਕਟ ਦਾ ਨਵਾਂ ਦੌਰ ਜਿਸਨੇ ਸੰਸਾਰ-ਸਰਮਾਏਦਾਰੀ ਨੂੰ ਫਿਰ ਤੋਂ ਅਸੰਤੁਲਿਤ ਕਰ ਦਿੱਤਾ ਹੈ, ਪੂਰੀ ਦੁਨੀਆ 'ਚ ਮਜ਼ਦੂਰ ਜਮਾਤ ਨੂੰ ਅੰਦੋਲਿਤ ਕਰ ਰਿਹਾ ਹੈ। ਅਮਰੀਕਾ ਤੋਂ ਯੂਰਪ ਅਤੇ ਲੈਟਿਨ ਅਮਰੀਕਾ ਤੋਂ ਮੱਧ-ਪੂਰਬ ਤੱਕ, ਮਜ਼ਦੂਰ-ਜਮਾਤ ਸੰਘਰਸ਼ ਵੱਲ ਮੁਡ਼ ਰਹੀ ਹੈ। ਭਾਰਤ ਦੇ ਬੰਗਲੋਰ 'ਚ ਗਾਰਮੈਂਟ ਮਜ਼ਦੂਰਾਂ ਦਾ ਤਾਜ਼ਾ ਸੰਘਰਸ਼, ਮਜ਼ਦੂਰਾਂ ਦੇ ਸੰਘਰਸ਼ਾਂ ਦੇ ਇਸੇ ਨਵੇਂ ਯੁੱਗ ਦਾ ਸੰਕੇਤਕ ਹੈ।

ਅੱਜ ਜਦੋਂ ਕਿ ਦੁਨੀਆ ਦੇ ਸਰਮਾਏਦਾਰ ਆਰਥਿਕ ਸੰਕਟ ਵਿੱਚ ਘਿਰੇ ਹਨ, ਤਾਂ ਹਮੇਸ਼ਾਂ ਵਾਂਗ ਇਹਨਾਂ ਸਰਕਾਰਾਂ ਦੀ ਭਰਪੂਰ ਕੋਸ਼ਿਸ਼ ਹੈ ਕਿ ਇਸ ਸੰਕਟ ਦਾ ਸਾਰਾ ਬੋਝ ਕਿਰਤੀ ਲੋਕਾਂ ਦੇ ਮੋਢਿਆਂ 'ਤੇ ਲੱਦ ਦਿੱਤਾ ਜਾਏ। ਜਿਸਦੇ ਚਲਦੇ, ਸਾਰੇ ਪੂੰਜੀਵਾਦੀ ਦੇਸ਼ਾਂ 'ਚ ਕਿਰਤੀ ਲੋਕਾਂ ਅਤੇ ਉਹਨਾਂ ਦੇ ਜੀਵਨ ਪੱਧਰ 'ਤੇ ਹਮਲੇ ਵੱਧ ਤੋਂ ਵੱਧ ਤਿੱਖੇ ਹੁੰਦੇ ਜਾ ਰਹੇ ਹਨ।

ਭਾਰਤ 'ਚ ਸੱਤਾ 'ਤੇ ਕਾਬਜ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਜੇਪੱਖੀ ਭਗਵਾ ਸਰਕਾਰ, ਮਜ਼ਦੂਰਾਂ-ਕਿਰਤੀਆਂ 'ਤੇ ਹਮਲਿਆਂ 'ਚ ਵਿਸ਼ੇਸ਼ ਰੂਪ ਨਾਲ਼ ਅੱਗੇ ਰਹੀ ਹੈ। ਮੋਦੀ ਸਰਕਾਰ ਨੇ ਕਾਂਗਰਸ ਸਣੇ ਸਾਰੀਆਂ ਦੂਜੀਆਂ ਸੱਜਪੱਖੀ ਸਰਕਾਰਾਂ ਨੂੰ ਇਸ ਮਾਮਲੇ 'ਚ ਪਿਛੇ ਛੱਡ ਦਿੱਤਾ ਹੈ। ਮੋਦੀ ਸਰਕਾਰ ਤਹਿਤ ਫਿਰਕੂ ਧਰੂਵੀਕਰਨ ਅਤੇ ਮਜ਼ਦੂਰ ਵਿਰੋਧੀ ਪੂੰਜੀਪ੍ਰਸਤ ਨੀਤੀਆਂ ਨੂੰ ਸਿਖਰ 'ਤੇ ਪਹੁੰਚਿਆ ਜਾ ਰਿਹਾ ਹੈ।

ਪਹਿਲਾਂ ਕਾਂਗਰਸ ਅਤੇ ਫਿਰ ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ, ਭਾਰਤ ਨੂੰ ਅਮਰੀਕਾ ਦੀ ਅਗਵਾਈ ਵਾਲੇ ਜੰਗੀ ਗਿਰੋਅ ਨਾਟੋ ਪਿੱਛੇ ਬੰਨ ਕੇ ਸੰਸਾਰ-ਪੂੰਜੀ ਦੀਆਂ ਹਿੰਸਕ ਮੁਹਿੰਮਾਂ ਅਤੇ ਅਰੁੱਕ ਜੰਗਾਂ ਦਾ ਸਹਿਭਾਗੀ ਬਣਾ ਦਿੱਤਾ ਹੈ, ਜਿਸਦਾ ਉਦੇਸ਼ ਭਾਰਤ ਦੇ ਸਰਮਾਏਦਾਰਾਂ ਦੇ ਖੇਤਰੀ ਸਾਮਰਾਜਵਾਦੀ ਮਨਸੂਬਿਆਂ ਦੀ ਪੂਰਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਦੇਸ਼ਾਂ ਅਤੇ ਦੁਨੀਆ 'ਤੇ ਰਾਜ ਕਰ ਰਹੇ ਸਰਮਾਏਦਾਰ ਅਤੇ ਉਹਨਾਂ ਦੀਆਂ ਕਠਪੁਤਲੀ ਸਰਕਾਰਾਂ, ਜੋ ਕਿਰਤੀ ਲੋਕਾਂ ਦੀ ਅਸੀਮਤ ਲੁੱਟ ਅਤੇ ਦਾਬੇ ਦਾ ਔਜ਼ਾਰ ਭਰ ਹਨ, ਸੰਕਟ ਦੇ ਇਸ ਦੌਰ 'ਚ ਵੱਧ ਤੋਂ ਵੱਧ ਜੰਗ, ਹਿੰਸਾ, ਜ਼ਬਰ ਅਤੇ ਖ਼ੂਨਖਰਾਬੇ ਦਾ ਸਹਾਰਾ ਲੈ ਰਹੀਆਂ ਹਨ। ਅਮਰੀਕਾ ਦੀ ਅਗਵਾਈ 'ਚ ਦੁਨੀਆ ਦੇ ਸਰਮਾਏਦਾਰ ਗਿਰੋਹਾਂ ਨੇ, ਮੱਧ-ਪੂਰਬ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ 'ਦਹਿਸ਼ਤ-ਵਿਰੋਧੀ ਜੰਗ' ਦੇ ਨਾਂ 'ਤੇ ਵਿਨਾਸ਼ ਅਤੇ ਹਿੰਸਾ ਦਾ ਤਾਂਡਵ ਛੇੜਿਆ ਹੋਇਆ ਹੈ। ਸੰਸਾਰ-ਸਰਮਾਏਦਾਰੀ ਅਤੇ ਉਸਦੇ ਇਹਨਾਂ ਕੌਮੀ ਹੱਥਠੋਕਿਆਂ ਨੇ ਦੁਨੀਆ ਨੂੰ ਬੇਅੰਤ ਜੰਗ ਦੀ ਭੱਠੀ 'ਚ ਸੁੱਟ ਛੱਡਿਆ ਹੈ ਜੋ ਕਿਸੇ ਵੀ ਪਲ ਨਿਊਕਲੀ ਸੰਸਾਰ ਜੰਗ ਦੀ ਉਥਲ-ਪੁਥਲ 'ਚ ਬਦਲੇਗਾ। ਵਾਤਾਵਰਨ ਨੂੰ ਪੂੰਜੀਵਾਦੀ ਲੁੱਟ ਅਤੇ ਮੁਨਾਫਿਆਂ ਦੀ ਅੰਨ੍ਹੀ ਦੌੜ ਨੇ ਪਹਿਲਾਂ ਹੀ ਨਾ ਪੂਰਾ ਹੋਣ ਵਾਲਾ ਘਾਟਾ ਪੁਹੰਚਾ ਦਿੱਤਾ ਹੈ।

ਦੱਖਣੀ ਏਸ਼ੀਆ 'ਚ ਕਿਰਤੀ ਲੋਕਾਂ ਦੀਆਂ ਜੀਵਨ ਸਥਿਤੀਆਂ ਖਾਸ ਰੂਪ ਨਾਲ਼ ਦੋਜਖ਼ ਵਾਲੀਆਂ ਹਨ। ਭਾਰਤ, ਪਾਕਿਸਤਾਨ, ਬਾਂਗਲਾਦੇਸ਼, ਸ਼੍ਰੀਲੰਕਾ, ਨੇਪਾਲ ਵਰਗੇ ਦੇਸ਼ ਦੁਨੀਆ 'ਚ ਸਭ ਤੋਂ ਵੱਧ ਅਨਪੜ, ਬਿਮਾਰ, ਭੁੱਖੇ, ਗਰੀਬ ਅਤੇ ਕੁਪੋਸ਼ਿਤ ਲੋਕਾਂ ਨਾਲ਼ ਖਚਾਖਚ ਭਰੇ ਪਏ ਹਨ। ਇਸ ਸਭ ਤੋਂ ਅੱਖ ਮੀਚ ਕੇ, ਇਹਨਾਂ ਦੇਸ਼ਾਂ ਦੀਆਂ ਪੂੰਜੀਵਾਦੀ ਸਰਕਾਰਾਂ ਸਾਮਰਾਜਵਾਦੀ ਧਰੁਵਾਂ ਨਾਲ਼ ਚਿਪਕੀਆਂ ਹੋਈਆਂ, ਕੌਮੀ ਸਰੋਤਾਂ ਦਾ ਵੱਡਾ ਹਿੱਸਾ ਹਥਿਆਰਾਂ ਦੀ ਬੇਕਾਬੂ ਅਤੇ ਅੰਨੀ ਦੌੜ 'ਚ ਫੂਕ ਰਹੀਆਂ ਹਨ। ਇਹ ਸਰਕਾਰਾਂ ਆਪਣੇ ਦੇਸ਼ਾਂ ਦੇ ਕੁਦਰਤੀ ਅਤੇ ਮਾਨਵੀ ਸਰੋਤਾਂ ਨੂੰ ਸੰਸਾਰ-ਸਰਮਾਏਦਾਰੀ ਦੇ ਸਪੁਰਦ ਕਰਕੇ, ਬੇਕਾਬੂ ਕੌਮਾਂਤਰੀ ਲੁੱਟ ਅਤੇ ਸ਼ੋਸ਼ਣ ਲਈ ਦਰਵਾਜੇ ਖੁੱਲੇ ਛੱਡ ਰਹੀਆਂ ਹਨ।

ਇਹਨਾਂ ਅਸਹਿ ਅਤੇ ਪਾਸ਼ਵਿਕ ਜੀਵਨ ਹਾਲਤਾਂ ਨੂੰ, ਜਿਹਨਾਂ 'ਚ ਭਾਰਤ, ਦੱਖਣੀ-ਏਸ਼ੀਆ ਅਤੇ ਦੁਨੀਆ ਦੇ ਕਰੌੜਾਂ-ਕਰੌੜ ਕਿਰਤੀ ਲੋਕ ਘਿਰੇ ਹਨ, ਸਰਮਾਏਦਾਰੀ ਨੇ ਉਤਪੰਨ ਕੀਤਾ ਹੈ। ਮਜ਼ਦੂਰ ਜਮਾਤ ਦਾ ਸਿਆਸੀ ਮਿਸ਼ਨ, ਇਹਨਾਂ ਹਾਲਤਾਂ ਨੂੰ ਬਦਲਣ ਅਤੇ ਇਹਨਾਂ ਦੇ ਸਰੋਤ, ਸਰਮਾਏਦਾਰੀ ਨੂੰ ਨਸ਼ਟ ਕਰਨ ਲਈ ਸੇਧਿਤ ਹੈ। ਮਜ਼ਦੂਰ ਜਮਾਤ ਦਾ ਇਤਿਹਾਸਿਕ ਉਦੇਸ਼ ਹੈ- ਸਰਮਾਏਦਾਰ ਜਮਾਤ ਅਤੇ ਉਸਦੀਆਂ ਦਲਾਲ ਸਰਕਾਰਾਂ ਨੂੰ ਉਲਟਾਉਣਾ ਅਤੇ ਉਹਨਾਂ ਦੀ ਜਗ੍ਹਾ ਮਜ਼ਦੂਰ ਜਮਾਤ ਦੀ ਅਗਵਾਈ ਵਾਲੀਆਂ ਮਜ਼ਦੂਰ-ਕਿਸਾਨ ਸਰਕਾਰਾਂ ਦੀ ਸਥਾਪਨਾ। ਸਰਮਾਏਦਾਰੀ ਨੂੰ ਢਹਿ-ਢੇਰੀ ਕਰਨਾ ਅਤੇ ਸਮਾਜਵਾਦ ਦੀ ਸਥਾਪਨਾ। ਮਜ਼ਦੂਰ ਜਮਾਤ ਦਾ ਹਰ ਸੰਘਰਸ਼, ਹਰ ਹੜਤਾਲ, ਸਚੇਤ ਰੂਪ ਨਾਲ਼ ਇਸੇ ਦਿਸ਼ਾ 'ਚ ਨਿਰਦੇਸ਼ਿਤ ਹੋਣਾ ਚਾਹੀਦਾ ਹੈ।

ਮਜ਼ਦੂਰ ਜਮਾਤ ਨੇ ਇਹਨਾਂ ਸਥਿਤੀਆਂ ਨੂੰ ਬਦਲਣ, ਉਲਟਣ ਲਈ ਨਿਰੰਤਰ ਸੰਘਰਸ਼ ਕੀਤਾ ਹੈ। ਪਰ ਝੂਠੇ ਅਤੇ ਮੌਕਾਪ੍ਰਸਤ ਆਗੂਆਂ ਨੇ ਉਸਨੂੰ ਹਰ ਵਾਰੀ ਧੋਖਾ ਦਿੱਤਾ ਹੈ ਅਤੇ ਇਹਨਾਂ ਸੰਘਰਸ਼ਾਂ ਨੂੰ ਹਰਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸਦੀ ਲੀਡਰਸ਼ੀਪ ਵਾਲੀਆਂ ਟ੍ਰੇਡ-ਯੂਨੀਅਨਾਂ, ਪੂੰਜੀ-ਪ੍ਰਸਤ ਸੱਤਾ ਵੱਲੋਂ ਲਗਾਤਾਰ ਵੱਧਦੇ ਹਮਲਿਆਂ ਵਿਰੁੱਧ, ਸਧਾਰਨ ਮਜ਼ਦੂਰਾਂ, ਮੁਲਜਮਾਂ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਨਾ ਸਿਰਫ਼ ਅਸਮਰਥ ਰਹੀਆਂ ਹਨ, ਸਗੋਂ ਉਹਨਾਂ ਨੇ ਮਜ਼ਦੂਰਾਂ ਲਈ ਸੰਘਰਸ਼ ਕਰਨ ਦੀ ਬਜਾਏ ਉਹਨਾਂ ਨੂੰ ਸੰਘਰਸ਼ ਤੋਂ ਕੁਰਾਹਾ ਪਾਇਆ ਹੈ ਅਤੇ ਉਹਨਾਂ ਨੂੰ ਪੂੰਜੀਵਾਦੀ ਸੱਤਾ ਵਿਰੁੱਧ ਮੋਰਚਾ ਖੋਲਣ ਤੋਂ ਰੋਕਿਆ ਹੈ। ਉਹਨਾਂ ਦੇ ਮੌਕਾਪ੍ਰਸਤ ਆਗੂ ਸੱਤਾ ਅਦਾਰਿਆਂ ਨਾਲ਼ ਨੱਥੀ ਰਹੇ ਹਨ ਅਤੇ ਉਹਨਾਂ ਨੇ ਮਜ਼ਦੂਰਾਂ ਨੂੰ ਉਸ ਪਿੱਛੇ ਬੰਨ ਰੱਖਿਆ ਹੈ। ਨਵੀਂਆਂ ਪੀੜੀਆਂ ਨੂੰ ਸੰਘਰਸ਼ਾਂ ਤੋਂ ਪੂਰੀ ਤਰਾਂ ਕੱਟ ਦਿੱਤਾ ਗਿਆ ਅਤੇ ਹੜਤਾਲਾਂ ਨੂੰ ਅਪਸ਼ਬਦ ਬਣਾ ਦਿੱਤਾ ਗਿਆ ਹੈ।

ਦੁਨੀਆ ਭਰ 'ਚ ਟ੍ਰੇਡ ਯੂਨੀਅਨਾਂ ਅਤੇ ਇਹਨਾਂ ਦੇ ਆਗੂਆਂ ਦੀ ਭੂਮਿਕਾ ਵੱਧ ਤੋਂ ਵੱਧ ਮਜ਼ਦੂਰ ਵਿਰੋਧੀ ਹੁੰਦੀ ਗਈ ਹੈ ਅਤੇ ਉਹਨਾਂ ਦੀ ਅਗਵਾਈ 'ਚ ਮਜ਼ਦੂਰ ਜਮਾਤ ਹਤਾਸ਼, ਨਿਰਾਸ਼ ਅਤੇ ਹਾਰਦੀ ਗਈ ਹੈ। ਇਹਨਾਂ ਟ੍ਰੇਡ-ਯੁਨੀਅਨਾਂ ਦੇ ਜ਼ਿਆਦਾਤਰ ਆਗੂ ਮਜ਼ਦੂਰ ਜਮਾਤ ਤੋਂ ਹਨ ਹੀ ਨਹੀਂ, ਸਗੋਂ ਉਹ ਪੇਸ਼ੇਵਰ ਲੋਕ ਹਨ ਜਿਹਨਾਂ ਨੇ ਸੱਤਾ ਨਾਲ਼ ਸਾਂਢਾ-ਗਾਂਢਾ ਅਤੇ ਸਧਾਰਨ ਮਜ਼ਦੂਰਾਂ ਦੇ ਹਿਤਾਂ ਨਾਲ਼ ਗੱਦਾਰੀ ਕਰਦੇ ਹੋਏ, ਆਪਣੇ ਲਈ ਕਾਰ-ਕੋਠੀ-ਅਹੁਦਿਆਂ ਵਾਲਾ ਸੁਵਿਧਾਭੋਗੀ ਜੀਵਨ ਬਣਾ ਲਿਆ ਹੈ ਅਤੇ ਸਧਾਰਨ ਮਜ਼ਦੂਰਾਂ ਨੂੰ ਮਰਦੇ-ਕੁੱਟ ਖਾਂਦੇ ਰਹਿਣ ਲਈ ਛੱਡ ਦਿੱਤਾ ਹੈ, ਸਧਾਰਨ ਮਜ਼ਦੂਰਾਂ ਨਾਲ਼ ਇਹਨਾਂ ਦਾ ਰਿਸ਼ਤਾ ਸਿਰਫ਼ ਚੰਦੇ ਬਟੋਰਨ ਤੱਕ ਸੀਮਤ ਰਹਿ ਗਿਆ ਹੈ।

ਝੂਠੇ, ਮੌਕਾਪ੍ਰਸਤ ਖੱਬੇ ਪੱਖ, ਜਿਸ 'ਚ ਰੰਗ-ਬਿਰੰਗੀਆਂ ਪਾਰਟੀਆਂ ਸਤਾਲਿਵਾਦੀ ਕਮਿਉਨਿਸਟ ਪਾਰਟੀਆਂ ਅਤੇ ਉਹਨਾਂ ਦੀ ਲੀਡਰਸ਼ਿੱਪ ਵਾਲੀਆਂ ਟਰੇਡ-ਯੂਨੀਅਨਾਂ ਸ਼ਾਮਿਲ ਹਨ, ਕਿਸੇ ਨਾ ਕਿਸੇ ਬਹਾਨੇ ਦੁਨੀਆ ਭਰ 'ਚ ਪੂੰਜੀਪ੍ਰਸਤ ਪਾਰਟੀਆਂ ਅਤੇ ਆਗੂਆਂ ਨਾਲ਼ ਚਿੰਬੜਿਆ ਰਿਹਾ ਹੈ ਅਤੇ ਸਰਮਾਏਦਾਰੀ ਨੂੰ ਚੁਣੌਤੀ ਦੇਣ ਦੀ ਬਜਾਏ ਉਸਨੇ ਇਸਦੀ ਸੱਤਾ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਉਸਨੂੰ ਕਿੰਨੇ ਹੀ ਸੰਕਟਾਂ ਤੋਂ ਨਿਜਾਤ ਪਾਉਣ ਲਈ ਮਦਦ ਕੀਤੀ ਹੈ।

ਪਿਛਲੇ ਸਾਲ, 2 ਸਤੰਬਰ ਨੂੰ 12 ਕੇਂਦਰੀ ਟ੍ਰੇਡ-ਯੂਨੀਅਨਾਂ ਦੁਆਰਾ ਇੱਕ ਰੋਜ਼ਾ ਦੇਸ਼ਵਿਆਪੀ ਹੜਤਾਲ ਦੀ ਸਲਾਨਾ ਰਸਮੀ ਅਪੀਲ ਨੂੰ ਮਜ਼ਦੂਰਾਂ, ਮੁਲਾਜ਼ਮਾਂ ਵੱਲੋਂ ਵੱਡੀ ਹਿਮਾਇਤ ਮਿਲੀ ਸੀ, ਪਰ ਟ੍ਰੇਡ-ਯੂਨੀਅਨ ਆਗੂਆਂ ਨੇ ਇਸ ਹਿਮਾਇਤ ਨੂੰ ਸਰਮਾਏਦਾਰਾਂ ਦੀ ਸੱਤਾ ਅਤੇ ਸਰਮਾਏਦਾਰੀ ਦੀ ਵਿਵਸਥਾ ਵਿਰੁੱਧ ਮੋੜਨ ਤੋਂ ਇਨਕਾਰ ਕਰਦੇ ਹੋਏ ਇਸਨੂੰ ਵਿਅਰਥ ਕਰ ਦਿੱਤਾ ਸੀ।

ਸਧਾਰਨ ਮਜ਼ਦੂਰਾਂ ਦਰਮਿਆਨ ਵੱਧਦੇ ਰੋਸ਼ ਅਤੇ ਹੇਠਾਂ ਤੋਂ ਵੱਧਦੇ ਦਬਾਅ ਦੌਰਾਨ, ਟ੍ਰੇਡ-ਯੂਨੀਅਨਾਂ ਨੂੰ ਇਹ ਹੜਤਾਲ ਐਲਾਨਣੀ ਪਈ ਹੈ ਪਰ ਉਹ ਸਰਕਾਰ ਨਾਲ਼ ਸਮਝੌਤੇ ਲਈ ਤਰਲੋ-ਮੱਛੀ ਹੈ। ਇਹਨਾਂ ਆਗੂਆਂ ਨੇ ਹੜਤਾਲ ਲਈ ਸੰਜੀਦਗੀ ਨਾਲ਼ ਕੋਈ ਤਿਆਰੀ ਨਹੀਂ ਕੀਤੀ ਹੈ, ਉਸ ਲਈ ਮਜ਼ਦੂਰਾਂ, ਮੁਲਾਜਮਾਂ ਦਰਮਿਆਨ ਕੋਈ ਲਾਮਬੰਦੀ ਨਹੀਂ ਕੀਤੀ ਹੈ। ਹੜਤਾਲ ਨੂੰ ਘੱਟੋ-ਘੱਟ ਆਰਥਿਕ ਮੰਗਾਂ ਤੱਕ ਹੀ ਸੀਮਤ ਰੱਖਿਆ ਗਿਆ ਹੈ। ਸਰਮਾਏਦਾਰਾਂ ਦੀ ਸੱਤਾ ਨੂੰ ਕੋਈ ਸਿੱਧੀ ਚੁਣੌਤੀ ਨਹੀਂ ਦਿੱਤੀ ਗਈ ਹੈ, ਕੋਈ ਸਿਆਸੀ ਮੰਗਾਂ ਨਹੀਂ ਰੱਖੀਆਂ ਗਈਆਂ ਹਨ। ਇਹ ਸਪਸ਼ਟ ਹੈ ਕਿ ਇਹਨਾਂ ਦਾ ਫੋਕਸ, ਬੇਦਮ ਅਤੇ ਬੇਮਨ ਨਾਲ਼ ਐਲਾਨੀ ਗਈ ਇਸ ਹੜਤਾਲ ਨੂੰ ਜਲਦੀ ਤੋਂ ਜਲਦੀ ਕੋਈ ਸਮਝੌਤਾ ਕਰਕੇ ਖਤਮ ਕਰਾਉਣ 'ਤੇ ਰਹੇਗਾ।

ਫਿਰ ਵੀ ਨਾ ਤਾਂ ਸਰਕਾਰ ਅਤੇ ਨਾ ਟ੍ਰੇਡ-ਯੂਨੀਅਨ ਆਗੂ ਇਸ ਹੜਤਾਲ ਨੂੰ ਇਹਨਾਂ ਮੰਗਾਂ ਦਾ ਘੇਰਾ ਤੋੜਨ ਅਤੇ ਇਨਕਲਾਬੀ ਰਾਹ 'ਤੇ ਵਧਣ ਤੋਂ ਰੋਕ ਸਕਦੇ ਹਨ। ਚੌਪਾਸੀਉਂ ਵੱਧਦੀ ਮਹਿੰਗਾਈ ਅਤੇ ਨਤੀਜੇ ਵਜੋਂ ਡਿੱਗਦੇ ਜੀਵਨ-ਪੱਧਰ ਨਾਲ਼ ਜੂਝਦੇ ਮਜ਼ਦੂਰਾਂ, ਮੁਲਾਜਮਾਂ, ਕਿਰਤੀਆਂ ਕੋਲ਼ ਇਹਨਾਂ ਅਸਾਂਵੀ ਜੀਵਨ ਹਾਲਤਾਂ ਵਿਰੁੱਧ ਸੰਘਰਸ਼ ਤੋਂ ਬਿਨਾਂ ਦੂਜਾ ਕੋਈ ਬਦਲ ਹੈ ਹੀ ਨਹੀਂ। ਇਹ ਹੜਤਾਲ, ਕਿਰਤੀ ਲੋਕਾਂ ਦਰਮਿਆਨ ਮੌਜੂਦ ਇਸ ਵਿਆਪਕ ਰੋਸ਼ ਦਾ ਮੁਜਾਹਰਾ ਅਤੇ ਸੰਘਰਸ਼ ਦਾ ਇੱਕ ਪੜਾਅ ਹੈ।

ਸੰਘਰਸ਼ਾਂ 'ਚ ਜਿੱਤ ਹਾਸਿਲ ਕਰਨ ਲਈ ਮਜ਼ਦੂਰ ਜਮਾਤ ਨੂੰ ਇਸ ਦਲਾਲ ਟ੍ਰੇਡ-ਯੂਨੀਅਨ ਨੌਕਰਸ਼ਾਹੀ ਤੋਂ ਪੱਲਾ ਛੁਡਾਉਣਾ ਪਏਗਾ ਅਤੇ ਹੇਠਾਂ ਤੋਂ ਸਧਾਰਨ ਮਜ਼ਦੂਰਾਂ ਦੀ ਅਜਾਦਾਨਾ ਅਤੇ ਜੁਝਾਰੂ ਪਹਿਲਕਦਮੀ 'ਤੇ ਅੰਦੋਲਨ ਨੂੰ ਅਧਾਰਿਤ ਕਰਨਾ ਹੋਵੇਗਾ। ਉਹਨਾਂ ਮੰਗਾਂ ਨਾਲ਼ ਸ਼ੁਰੂ ਕਰਕੇ ਜਿਹਨਾਂ ਨੂੰ ਇਸ ਹੜਤਾਲ ਨੇ ਫੌਰੀ ਤੌਰ 'ਤੇ ਮੂਹਰੇ ਰੱਖਿਆ ਹੈ, ਇਸ ਹੜਤਾਲ ਨੂੰ ਸਰਮਾਏਦਾਰ ਜਮਾਤ ਅਤੇ ਉਸਦੀ ਸੱਤਾ ਵਿਰੁੱਧ ਇਨਕਲਾਬੀ ਮੰਚ 'ਚ ਬਦਲਣਾ ਹੋਵੇਗਾ। ਇਹਨਾਂ ਮੰਗਾਂ ਤੋਂ ਅੱਗੇ ਵੱਧ ਕੇ, ਮਜ਼ਦੂਰ-ਕਿਸਾਨ ਸਰਕਾਰ ਦੀ ਸਥਾਪਨਾ ਲਈ ਲੜਨਾ ਹੋਵੇਗਾ।

ਇਸ ਉਦੇਸ਼ ਨਾਲ਼ ਅਸੀਂ ਮਜ਼ਦੂਰ ਜਮਾਤ ਦੇ ਆਗੂ ਤੱਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਸਾਰੇ ਸ਼ਹਿਰਾਂ 'ਚ ਮਜ਼ਦੂਰਾਂ ਦਰਮਿਆਨ ਸਭ ਤੋਂ ਜੁਝਾਰੂ ਮਜ਼ਦੂਰਾਂ ਨੂੰ ਨਾਲ਼ ਲੈ ਕੇ, ਹੜਤਾਲ ਕਮੇਟੀਆਂ ਜਥੇਬੰਦ ਕਰਨ, ਮਜ਼ਦੂਰਾਂ ਨੂੰ ਉਹਨਾਂ ਦੁਆਲੇ ਜਥੇਬੰਦ ਕਰਨ, ਸਧਾਰਨ ਮਜ਼ਦੂਰਾਂ ਦੀ ਸਹਿਮਤੀ ਨਾਲ਼ ਮੰਗ-ਪੱਤਰ ਤਿਆਰ ਕਰਨ, ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਹਿਮਾਇਤ ਕਰਨ, ਉਸ ਨਾਲ਼ ਜੁੜਨ, ਅਤੇ ਉਸ 'ਚ ਸ਼ਾਮਿਲ ਹੋ ਕੇ ਹੜਤਾਲ ਦੇ ਕੇਂਦਰੀ ਨਾਅਰੇ ਵੱਲ ਮੋੜਨ ਲਈ ਸਹਿਯੋਗ ਦਿਉ- ''ਸਰਮਾਏਦਾਰੀ ਦਾ ਨਾਸ਼ ਹੋਵੇ!

ਮਜ਼ਦੂਰ ਕਿਸਾਨ ਸਰਕਾਰ ਦੀ ਸਥਾਪਨਾ ਲਈ ਸੰਘਰਸ਼ ਜ਼ਿੰਦਾਬਾਦ!!''

ਵਰਕਰਜ਼ ਸੋਸ਼ਲਿਸਟ ਪਾਰਟੀ


ਈ-ਮੇਲ: [email protected]  

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ