Sun, 13 October 2024
Your Visitor Number :-   7232283
SuhisaverSuhisaver Suhisaver

ਇਤਿਹਾਸ ਦੇ ਅਹਿਮ ਪੰਨਿਆਂ 'ਚ ਭਗਤ ਸਿੰਘ

Posted on:- 22-03-2017

suhisaver

ਮੂਲ : ਸੁਧੀਰ ਵਿਦਿਆਰਥੀ
ਅਨੁਵਾਦ : ਮਨਦੀਪ, 98764-42052


ਪਿਛਲੇ ਕੁਝ ਅਰਸੇ ਤੋਂ ਪਾਕਿਸਤਾਨ ਦੀ ਧਰਤੀ 'ਤੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਰਿਹਾ। ਇਹ ਸਾਡੇ ਲਈ ਅਤਿਅੰਤ ਸੁਖਦ ਗੱਲ ਸੀ। ਭਗਤ ਸਿੰਘ ਨੂੰ ਉਸਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ 'ਚ 23 ਮਾਰਚ 1931 ਨੂੰ ਬ੍ਰਿਟਿਸ਼ ਹਕੂਮਤ ਨੇ ਫਾਂਸੀ ਉੱਤੇ ਚਾੜ੍ਹ ਦਿੱਤਾ ਸੀ। 'ਲਾਹੌਰ ਸਾਜ਼ਿਸ਼ ਕੇਸ' ਦੇ ਨਾਮ ਨਾਲ 'ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਉਸਦੇ ਸਾਥੀ ਇਨਕਲਾਬੀਆਂ 'ਤੇ ਮੁਕੱਦਮਾ ਇਸੇ ਸ਼ਹਿਰ 'ਚ ਚੱਲਿਆ ਸੀ। ਇੱਥੇ ਹੀ ਉਨ੍ਹਾਂ ਨੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ 'ਚ ਲਾਲਾ ਲਾਜਪਤ ਰਾਏ ਦੀ ਲਾਠੀਚਾਰਜ ਨਾਲ ਹੋਈ ਮੌਤ ਦਾ ਬਦਲਾ ਲੈਣ ਲਈ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ 'ਤੇ ਗੋਲੀਆਂ ਚਲਾਈਆਂ ਸਨ। ਉਹਨਾਂ ਦਾ ਜਨਮ ਵੀ ਇਸੇ ਪੰਜਾਬ ਪ੍ਰਾਂਤ 'ਚ ਲਾਇਲਪੁਰ ਦੇ ਬੰਗਾ ਪਿੰਡ 'ਚ ਹੋਇਆ ਸੀ। ਦੇਸ਼ ਵੰਡ ਦੇ ਬਾਅਦ ਇਹ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਅਤੇ ਲਾਇਲਪੁਰ ਦਾ ਨਾਮ ਬਦਲਕੇ ਫੈਸਲਾਬਾਦ ਹੋ ਗਿਆ। ਭਗਤ ਸਿੰਘ ਦਾ ਜੱਦੀ ਘਰ ਭਾਰਤ ਦੇ ਪੰਜਾਬ ਸੂਬੇ ਦੇ ਨਵਾਂ ਸ਼ਹਿਰ ਦਾ ਖਟਕੜ ਕਲਾਂ ਪਿੰਡ ਹੈ ਜਿੱਥੇ ਹਰ ਸਾਲ ਇਸ ਸ਼ਹੀਦ ਦੀ ਸਿਮਰਤੀ 'ਚ ਮੇਲਾ ਲੱਗਦਾ ਹੈ।

ਲਾਹੌਰ ਜੇਲ੍ਹ 'ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਿਸ ਥਾਂ ਉੱਤੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਹ ਹਾਲੇ ਵੀ ਜਰਜਰ ਅਤੇ ਘ੍ਰਿਣਿਤ ਹਾਲਤ 'ਚ ਹੈ। ਇਸਦੇ ਦਰਵਾਜ਼ੇ ਅਤੇ ਛੱਤਾਂ ਟੁੱਟ ਗਈਆਂ ਹਨ। ਪਾਕਿਸਤਾਨ ਨੇ ਉੱਥੇ ਇਨ੍ਹਾਂ ਸ਼ਹੀਦਾਂ ਦਾ ਸਮਾਰਕ ਬਣਾਉਣ ਦਾ ਵਾਅਦਾ ਕੁਝ ਸਮਾਂ ਪਹਿਲਾਂ ਕੀਤਾ ਸੀ ਉਹ ਅੱਜ ਤੱਕ ਪੂਰਾ ਨਹੀਂ ਹੋਇਆ। ਸਾਲ 2007 'ਚ ਭਗਤ ਸਿੰਘ ਦੇ ਜਨਮ ਸ਼ਤਾਬਦੀ ਵਰ੍ਹੇ 'ਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਤਤਕਾਲੀਨ ਗਵਰਨਰ ਨੇ ਇਹ ਭਰੋਸਾ ਦਿੱਤਾ ਸੀ ਕਿ ਫਾਂਸੀ ਵਾਲੇ ਉਸ ਸਥਾਨ ਉੱਤੇ ਭਗਤ ਸਿੰਘ ਦਾ ਸਮਾਰਕ ਬਣਾਇਆ ਜਾਵੇਗਾ। ਢਾਈ ਤਿੰਨ ਸਾਲ ਪਹਿਲਾਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਇਕ ਭਾਰਤੀ ਐਨ. ਜੀ. ਓ. ਦੀ ਮੰਗ ਠੁਕਰਾ ਦਿੱਤੀ ਸੀ। 'ਪੀਸ ਸਟੱਡੀਜ਼' ਦੇ ਨਿਰਦੇਸ਼ਕ ਨੇ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ਼ ਨਾਲ 2007 'ਚ ਭਗਤ ਸਿੰਘ ਦੀ 100ਵੀਂ ਜਨਮ ਸ਼ਤਾਬਦੀ 'ਤੇ ਇਹ ਪ੍ਰਸਤਾਵ ਰੱਖਿਆ ਸੀ ਜੋ ਪੂਰਾ ਨਹੀਂ ਹੋਇਆ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਸੇਵਾਮੁਕਤ ਲੈਫਟੀਨੈਂਟ ਜਨਰਲ ਖਾਲਿਦ ਮਕਬੂਲ ਨੇ ਕਿਹਾ ਸੀ ਕਿ ਭਗਤ ਸਿੰਘ ਨੇ ਆਜ਼ਾਦੀ ਦੇ ਲਈ ਲੜਾਈ ਕ੍ਰਾਂਤੀਕਾਰੀ ਤਰੀਕੇ ਨਾਲ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੇ ਨੌਜਵਾਨਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਇਹ ਖ਼ਬਰ ਜਨਰਲ ਮਕਬੂਲ ਦੇ ਹਵਾਲੇ ਨਾਲ 'ਦਾ ਡੇਲੀ ਟਾਈਮਜ਼' ਨੇ ਦਿੱਤੀ ਸੀ। 'ਦਿਆਲ ਸਿੰਘ ਰਿਸਰਚ ਅਤੇ ਸੱਭਿਆਚਾਰਕ ਫੋਰਮ' (ਡੀ ਐਸ ਆਰ ਸੀ ਐਫ)  ਦੇ ਨਿਰਦੇਸ਼ਕ ਡਾ. ਜਾਫ਼ਰ ਚੀਮਾ ਨੇ ਕਿਹਾ ਸੀ ਕਿ ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਭਗਤ ਸਿੰਘ ਨੂੰ ਮੌਲਾਨਾ ਜਾਫ਼ਰ ਅਲੀ ਖਾਨ ਨੇ ਸ਼ਹੀਦ ਦਾ ਖਿਤਾਬ ਦਿੱਤਾ ਸੀ। ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧ ਰੱਖਣ ਦਾ ਦਾਅਵਾ ਕਰਨ ਵਾਲੇ ਮੁਹੰਮਦ ਇਕਬਾਲ ਵਿਰਕ ਨੇ ਕਿਹਾ ਸੀ ਕਿ ਉਹ ਲਾਹੌਰ ਦੇ ਅਜਾਇਬ ਘਰ 'ਚ ਭਗਤ ਸਿੰਘ ਨਾਲ ਜੁੜੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਉਣਗੇ। ਜਨਰਲ ਮਕਬੂਲ ਦਾ ਕਹਿਣਾ ਸੀ ਕਿ ਜਾਂਚ-ਪੜਤਾਲ ਦੇ ਬਾਅਦ ਜੇਕਰ ਵਿਰਕ ਦੇ ਦਾਅਵੇ ਨੂੰ ਸਹੀ ਪਾਇਆ ਗਿਆ ਤਾਂ ਭਗਤ ਸਿੰਘ ਨਾਲ ਜੁੜੀਆਂ ਚੀਜ਼ਾਂ ਨੂੰ ਅਜਾਇਬ ਘਰ 'ਚ ਪੇਸ਼ ਕੀਤਾ ਜਾਵੇਗਾ।

ਲਾਹੌਰ ਦੀ ਇਕ ਪ੍ਰਮੁੱਖ ਵਿਦਿਅਕ ਸੰਸਥਾ ਉਥੋਂ ਦੇ ਬ੍ਰੈਡਲਾ ਹਾਲ ਨੂੰ ਜੋ ਹੁਣ ਖੰਡਰ 'ਚ ਤਬਦੀਲ ਹੋ ਗਿਆ ਹੈ, ਉਸ ਨੂੰ ਉਸਦਾ ਪੁਰਾਣਾ ਗੌਰਵ ਵਾਪਸ ਦੇਣ ਲਈ ਯਤਨਸ਼ੀਲ ਰਿਹਾ। ਭਗਤ ਸਿੰਘ ਅਤੇ ਦੂਸਰੇ ਅਨੇਕਾਂ ਇਨਕਲਾਬੀਆਂ ਦੀ ਯਾਦ ਨਾਲ ਜੁੜੀ ਇਸ ਜਗ੍ਹਾ ਨੂੰ ਲਾਹੌਰ ਦੇ 'ਇੰਸਟੀਚਿਊਟ ਫਾਰ ਸੈਕੂਲਰ ਸਟੱਡੀਜ਼' ਦੀ ਅਗਵਾਈ 'ਚ ਸੰਵਾਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੀ ਮੁਖੀ ਸਾਇਦਾ ਦੀਪ ਹੈ। ਉਹ ਭਗਤ ਸਿੰਘ ਤੋਂ ਬਚਪਨ ਤੋਂ ਹੀ ਪ੍ਰਭਾਵਿਤ ਰਹੀ ਹੈ ਅਤੇ ਭਗਤ ਸਿੰਘ ਨਾਲ ਜੁੜੇ ਸਥਾਨਾਂ ਨੂੰ ਪੁਰਾਣਾ ਗੌਰਵ ਦਿਵਾਉਣ ਦੇ ਲਈ ਸੰਘਰਸ਼ ਕਰ ਰਹੀ ਹੈ। ਲਗਭਗ ਤਿੰਨ ਵਰ੍ਹੇ ਪਹਿਲਾਂ ਪਤਾ ਲੱਗਿਆ ਸੀ ਕਿ 23 ਮਾਰਚ ਨੂੰ ਉੱਥੇ ਭਗਤ ਸਿੰਘ ਦੀ ਯਾਦ 'ਚ ਹੋਣ ਵਾਲੇ ਪ੍ਰੋਗਰਾਮ ਦੀ ਅਗਵਾਈ ਸਾਇਦਾ ਕਰੇਗੀ। ਕਰਾਚੀ ਦੀ ਜਾਣੀ ਪਛਾਣੀ ਲੇਖਿਕਾ ਜਾਹਿਦ ਹਿਨਾ ਨੇ ਆਪਣੇ ਲੇਖ 'ਚ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਭ ਤੋਂ ਮਹਾਨ ਸ਼ਹੀਦ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ 'ਚ ਵੀ ਲੋਕਾਂ ਦੇ ਦਿਲਾਂ 'ਚ ਭਗਤ ਸਿੰਘ ਦੇ ਲਈ ਸਨਮਾਨ 'ਚ ਰੱਤੀ ਭਰ ਵੀ ਕਮੀ ਨਹੀਂ ਆਈ। ਭਗਤ ਸਿੰਘ ਦੇ ਜਨਮ ਸਥਾਨ ਲਾਇਲਪੁਰ (ਹੁਣ ਪਾਕਿਸਤਾਨ ਦਾ ਫੈਸਲਾਬਾਦ) ਦੇ ਪਿੰਡ ਬੰਗਾ ਚੱਕ ਨੰਬਰ 105 ਨੂੰ ਜਾਣ ਵਾਲੀ ਸੜਕ ਦਾ ਨਾਮ 'ਭਗਤ ਸਿੰਘ ਰੋਡ' ਹੈ। ਇਸ ਸੜਕ ਦਾ ਨਾਮਕਰਨ ਫਰਹਾਨ ਖਾਨ ਨੇ ਕੀਤਾ ਸੀ ਜੋ ਸੇਵਾਮੁਕਤ ਤਹਿਸੀਲਦਾਰ ਹੈ। ਉਸਦੀ ਉਮਰ ਹੁਣ 85 ਦੇ ਆਸ-ਪਾਸ ਹੋਵੇਗੀ। ਲਾਹੌਰ 'ਚ ਭਗਤ ਸਿੰਘ ਦੇ ਪਿੰਡ ਵੱਲੋਂ ਜੋ ਸੜਕ ਘੁੰਮਦੀ ਹੈ, ਉੱਥੇ ਭਗਤ ਸਿੰਘ ਦੀ ਇਕ ਤਸਵੀਰ ਲੱਗੀ ਹੋਈ ਹੈ। ਪਾਕਿਸਤਾਨ ਦੇ ਕੁਝ ਬੁੱਧੀਜੀਵੀ 'ਸਾਂਝੇ ਲੋਕ' ਨਾਮ ਦੀ ਇਕ ਵੈਬਸਾਈਟ ਚਲਾਉਂਦੇ ਹਨ ਜਿਸ ਤੇ ਭਗਤ ਸਿੰਘ ਦੀ ਜ਼ਿੰਦਗੀ ਦਾ ਬਿਊਰਾ ਦਰਜ ਹੈ। ਪਾਕਿਸਤਾਨੀ ਕਵੀ ਅਤੇ ਲੇਖਕ ਅਹਿਮਦ ਸਿੰਘ ਨੇ ਪੰਜਾਬੀ ਭਾਸ਼ਾ 'ਚ 'ਕਿਹੜੀ ਮਾਂ ਨੇ ਜੰਮਿਆ ਭਗਤ ਸਿੰਘ' ਲਿਖੀ ਹੈ। ਸਾਇਦਾ ਦੀਪ ਦਾ ਉਦੇਸ਼ ਬ੍ਰੈਡਲਾ ਹਾਲ ਨੂੰ 1947 ਦਾ ਰੂਪ ਦੇਣਾ ਸੀ ਜਦੋਂ ਉਹ ਇਕ ਮਹੱਤਵਪੂਰਨ ਸਿੱਖਿਆ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਇਹ ਕਦੀ ਪੰਜਾਬ ਕਾਂਗਰਸ ਦਾ ਮੁੱਖ ਦਫ਼ਤਰ ਹੋਇਆ ਕਰਦਾ ਸੀ। ਇਸ ਵਿਚ ਸਥਾਪਤ ਨੈਸ਼ਨਲ ਕਾਲਜ 'ਚ ਹੀ ਭਗਤ ਸਿੰਘ ਨੇ ਸਿੱਖਿਆ ਹਾਸਲ ਕੀਤੀ ਸੀ। ਇਹ ਇਮਾਰਤ ਹੁਣ ਜਰਜਰੀ ਹੋ ਚੁੱਕੀ ਹੈ। ਫਿਰ ਵੀ ਇਹ ਸਾਡੀ ਸਾਂਝੀ ਵਿਰਾਸਤ ਅਤੇ ਮੁਕਤੀ ਸੰਘਰਸ਼ ਦਾ ਅਨੇੋਖਾ ਸਮਾਰਕ ਹੈ। ਸੁਣਿਆ ਤਾਂ ਇਹ ਵੀ ਸੀ ਕਿ ਬ੍ਰੈਡਲਾ ਹਾਲ ਨੂੰ ਇਕ ਅਜਿਹੇ ਅਜਾਇਬ ਘਰ ਦਾ ਦਰਜਾ ਦਿੱਤਾ ਜਾਵੇਗਾ ਜੋ ਭਗਤ ਸਿੰਘ ਅਤੇ ਸੁਤੰਤਰਤਾ ਅੰਦੋਲਨ ਨੂੰ ਸਮਰਪਿਤ ਹੋਵੇਗਾ। ਇਸ ਇੰਸਟੀਚਿਊਟ ਦਾ ਨਾਮ ਬਦਲਕੇ ਨਾਲ ਹੀ ਸਾਇਦਾ ਸ਼ਾਦਮਾਨ ਚੌਰਾਹੇ ਦਾ ਨਾਮ ਵੀ ਭਗਤ ਸਿੰਘ ਦੇ ਨਾਮ 'ਤੇ ਰਖਵਾਉਣਾ ਚਾਹੁੰਦੀ ਸੀ ਜਿੱਥੇ ਭਗਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਫਾਂਸੀ 'ਤੇ ਝੁਲਾਇਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਲਾਹੌਰ ਸੈਂਟਰਲ ਜੇਲ੍ਹ ਨੂੰ ਤੁੜਵਾ ਦਿੱਤਾ ਸੀ। ਹੁਣ ਉੱਥੇ ਸ਼ਾਦਮਾਨ ਨਾਮ ਨਾਲ ਇਕ ਕਲੋਨੀ ਸਥਾਪਤ ਹੈ। ਸ਼ਾਦਮਾਨ ਚੌਕ ਵਾਲੇ ਟਰੈਫਿਕ ਚੌਰਾਹੇ 'ਤੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀਆਂ ਦਿੱਤੀਆਂ ਗਈਆਂ ਸਨ। ਸਾਇਦਾ ਦੀਪ ਦੇ ਜਿਹਨ 'ਚ ਦੇਸ਼ ਦੀ ਆਜ਼ਾਦੀ ਦੇ ਲਈ ਇਨ੍ਹਾਂ ਕੁਰਬਾਨੀਆਂ ਦੀ ਖਾਸ ਜਗ੍ਹਾ ਹੈ। ਉਨ੍ਹਾਂ ਨੇ ਇਸ ਸਬੰਧ 'ਚ ਇਕ ਜਾਚਿਕਾ ਵੀ ਦਾਇਰ ਕੀਤੀ। ਇਹ ਜ਼ਿਕਰਯੋਗ ਹੈ ਕਿ ਸਾਇਦਾ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਸ਼ਹੀਦੇ-ਆਜ਼ਮ ਦੀ ਪ੍ਰਸ਼ੰਸਕ ਰਹੀ ਹੈ। ਉਨ੍ਹਾਂ ਨੇ 'ਡੇਲੀ ਟਾਈਮਜ਼' 'ਚ ਸਪੱਸ਼ਟ ਕਿਹਾ ਸੀ ਕਿ ਸਾਲ-ਦਰ-ਸਾਲ ਇੱਥੇ ਭਗਤ ਸਿੰਘ ਦੀ ਅਹਿਮੀਅਤ 'ਚ ਕਮੀ ਆਈ ਹੈ ਜਿਸ ਵਿਚ ਖਾਸ ਭੂਮਿਕਾ ਜਨਰਲ ਜਿਆਉਲ ਹੱਕ ਜਿਹੇ ਹੁਕਮਰਾਨਾਂ ਦੇ ਸ਼ਾਸਨ ਕਾਲ ਦੀ ਰਹੀ ਹੈ। ਜਾਣਨਯੋਗ ਇਹ ਵੀ ਹੈ ਕਿ ਉੱਚ ਅਦਾਲਤ ਦੇ ਵਕੀਲ ਆਬਿਦ ਹਸਨ ਮਿੰਟੋ ਨੇ ਵੀ ਭਗਤ ਸਿੰਘ ਨਾਲ ਜੁੜੇ ਇਸ ਸਥਾਨ ਨੂੰ ਪੁਰਾਣਾ ਗੌਰਵ ਵਾਪਸ ਦੇਣ ਦੇ ਲਈ ਕਾਫ਼ੀ ਯਤਨ ਕੀਤੇ ਹਨ। ਸਾਇਦਾ ਦਾ ਸੁਪਨਾ ਬੰਗਾ 'ਚ ਸ਼ਹੀਦੇ-ਆਜ਼ਮ ਦਾ ਸਮਾਰਕ ਬਣਾਏ ਜਾਣ ਦਾ ਹੈ। ਉਨ੍ਹਾਂ ਦੇ ਇਸ ਅਭਿਆਨ 'ਚ ਉਹ ਲੋਕ ਵੀ ਸਾਂਝ ਕਰਨ ਨੂੰ ਤਿਆਰ ਹਨ ਜੋ ਇਸ ਸਮੇਂ ਭਗਤ ਸਿੰਘ ਦੇ ਘਰ 'ਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਮਾਰਕ ਬਣਾਏ ਜਾਣ ਦੀ ਸਥਿਤੀ 'ਚ ਉਹ ਮਕਾਨ ਤੋਂ ਕਬਜ਼ਾ ਛੱਡ ਦੇਣਗੇ।

ਪਾਕਿਸਤਾਨ ਦੇ ਮੰਨੇ ਪ੍ਰਮੰਨੇ ਵਕੀਰ ਆਬਿਦ ਹਸਨ ਮਿੰਟੋ ਵੀ ਭਗਤ ਸਿੰਘ ਦੇ ਪ੍ਰਸ਼ੰਸਕ ਹਨ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਇਸ ਸ਼ਹੀਦ ਦੇ ਨਾਮ ਨਾਲ ਜੁੜੇ ਸਾਰੇ ਸਥਾਨਾਂ ਨੂੰ ਪੁਰਾਣਾ ਰੂਪ ਮਿਲਣਾ ਚਾਹੀਦਾ ਹੈ। ਇਹ ਇਸ ਕ੍ਰਾਂਤੀਕਾਰੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਹੀ ਨਹੀਂ ਬਲਕਿ ਪਾਕਿਸਤਾਨ ਦਾ ਇਕ ਹੋਰ ਸੰਗਠਨ 'ਵਰਲਡ ਪੰਜਾਬ ਕਾਂਗਰਸ' ਵੀ ਨਿਰੰਤਰ ਇਸ ਗੱਲ ਦੀ ਮੰਗ ਕਰਦਾ ਰਿਹਾ ਹੈ ਕਿ ਸੁਤੰਤਰਤਾ ਸੈਨਾਨੀ ਭਗਤ ਸਿੰਘ ਦਾ ਦੇਸ਼ ਦੇ ਨਾਇਕਾਂ ਦੀ ਤਰ੍ਹਾਂ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਇਕ ਦੇਸ਼ ਜਾਂ ਧਰਮ ਤੱਕ ਸੀਮਿਤ ਨਹੀਂ ਸੀ। ਇਸ ਸੰਗਠਨ ਨੇ ਕਿਹਾ ਹੈ ਕਿ ਭਗਤ ਸਿੰਘ ਨੇ ਜਬਰ, ਚਰਮਪੰਥੀ ਅਤੇ ਤਾਨਾਸ਼ਾਹੀ ਦੇ ਵਿਰੁੱਧ ਸਾਰੀਆਂ ਸੀਮਾਵਾਂ ਦੇ ਪਾਰ ਜਾ ਕੇ ਲੜਾਈ ਲੜੀ। ਇਸ ਸੰਗਠਨ ਦੇ ਪ੍ਰਧਾਨ ਫਾਖਰ ਜਾਮਨ ਦੇ ਅਨੁਸਾਰ ਉਹ ਤਕਰੀਬਨ 20 ਸਾਲਾਂ ਤੋਂ ਸ਼ਹੀਦੇ-ਆਜ਼ਾਮ ਦਾ ਸਮਾਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਮਨ ਫਾਂਸੀ ਸਥਾਨ ਦਾ ਨਾਮ 'ਭਗਤ ਸਿੰਘ ਚੌਕ' ਰੱਖਣ ਦੇ ਪੱਖ 'ਚ ਹਨ ਅਤੇ ਕਹਿੰਦੇ ਹਨ ਕਿ ਇਹ ਸਮਾਂ ਹੈ ਜਦੋਂ ਪੰਜਾਬ ਦੇ ਇਸ ਮਹਾਂਨਾਇਕ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮਾਰਕ ਸਥਾਪਤ ਕਰ ਸਕਦੇ ਹਾਂ। ਇਹ ਸਾਲ ਭਰ ਪਹਿਲਾਂ ਦੀ ਹੀ ਗੱਲ ਹੈ ਜਦੋਂ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਦੋਨਾਂ ਦੇਸ਼ਾਂ ਵਿੱਚ ਮਿੱਤਰਤਾ ਸਬੰਧਾਂ ਦੇ ਲਈ ਕੰਮ ਕਰ ਰਹੇ ਸ਼ਾਂਤੀ ਸਮੂਹ ਅਤੇ ਬੁੱਧੀਜੀਵੀ ਇਸ ਮੁੱਦੇ ਨੂੰ ਉਠਾਉਣ ਲਈ ਭਾਰਤ ਸਰਕਾਰ ਉੱਤੇ ਦਬਾਅ ਬਣਾਉਣਗੇ। ਜਾਮਨ ਨੇ ਉਨ੍ਹੀਂ ਦਿਨੀਂ ਇਹ ਸਵਾਲ ਵੀ ਜ਼ਰੂਰੀ ਤੌਰ 'ਤੇ ਉਠਾਇਆ ਸੀ ਕਿ ਜਦੋਂ ਦੋਨਾਂ ਮੁਲਕਾਂ 'ਚ ਆਵਾਜਾਈ ਦੇ ਲਈ ਵਪਾਰੀਆਂ ਨੂੰ ਬਹੁ-ਪ੍ਰਦੇਸ਼ ਵੀਜ਼ਾ ਮਿਲ ਸਕਦਾ ਹੈ ਤਾਂ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਕਿਉਂ ਨਹੀਂ?

ਇਹ ਸੰਯੋਗ ਹੀ ਹੈ ਕਿ 23 ਮਾਰਚ ਦੀ ਜਿਸ ਤਾਰੀਖ ਨੂੰ ਲਾਹੌਰ 'ਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ 'ਤੇ ਲਟਕਾਇਆ ਗਿਆ ਸੀ, ਉਸੇ ਤਾਰੀਖ ਨੂੰ 1940 'ਚ ਮੁਸਲਿਮ ਲੀਗ ਨੇ ਆਪਣੀ ਲਾਹੌਰ ਇਕੱਤਰਤਾ 'ਚ ਪਾਕਿਸਤਾਨ ਬਣਾਉਣ ਦਾ ਪ੍ਰਸਤਾਵ ਕੀਤਾ ਸੀ। ਹੁਣ ਪਾਕਿਸਤਾਨ 'ਚ 23 ਮਾਰਚ ਨੂੰ 'ਪਾਕਿਸਤਾਨ ਦਿਵਸ' ਮਨਾਇਆ ਜਾਂਦਾ ਹੈ। ਲੇਕਿਨ ਤਿੰਨ ਕੁ ਵਰ੍ਹੇ ਪਹਿਲਾਂ ਇਸ ਇਤਿਹਾਸਕ ਦਿਵਸ 'ਤੇ ਉੱਥੇ ਜੋ ਕੁਝ ਹੋਇਆ ਉਹ ਕੁਝ ਅਲੱਗ ਢੰਗ ਦਾ ਸੀ। ਇਕਦਮ ਬਦਲਿਆ-ਬਦਲਿਆ ਨਜ਼ਾਰਾ। ਸ਼ਾਦਮਾਨ ਚੌਕ 'ਤੇ 30 ਤੋਂ ਜ਼ਿਆਦਾ ਲੋਕ ਤੇਜ਼ ਧੁੱਪ 'ਚ ਘੰਟਿਆਂਬੱਧੀ ਪ੍ਰਦਰਸ਼ਨ ਕਰਦੇ ਰਹੇ। ਇਨ੍ਹਾਂ 'ਚ ਸਮਾਜਿਕ ਕਾਰਕੁੰਨ, ਫੈਕਟਰੀ  ਮਜ਼ਦੂਰ, ਕੁਝ ਖੱਬੇਪੱਖੀ, ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਨਾਲ ਕੁਝ ਇਕ ਬੱਚੇ ਵੀ ਸਨ। ਉਹ ਸਭ 'ਜ਼ਿੰਦਾ ਹੈ, ਭਗਤ ਸਿੰਘ ਜ਼ਿੰਦਾ ਹੈ', 'ਵੀ ਸੈਲਿਊਟ ਭਗਤ ਸਿੰਘ', 'ਹਰ ਜੁਲਮ ਦਾ ਇਕ ਜਵਾਬ, ਇਨਕਲਾਬ ਜਿੰਦਾਬਾਦ' ਜਿਹੇ ਨਾਅਰੇ ਲਗਾ ਰਹੇ ਸੀ। ਉਨ੍ਹਾਂ ਦੀ ਮੰਗ ਵੀ ਇਹੀ ਸੀ ਯਾਨੀ ਸ਼ਾਦਮਾਨ ਚੌਕ ਨੂੰ ਭਗਤ ਸਿੰਘ ਚੌਕ ਘੋਸ਼ਿਤ ਕਰੋ। ਉਹ ਵਾਰ-ਵਾਰ ਕਹਿ ਰਹੇ ਸੀ ਕਿ ਅਨੇਕਾਂ ਸਾਲਾਂ ਤੋਂ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਜਾ ਰਹੀ, ਅਜਿਹੇ 'ਚ ਉਨ੍ਹਾਂ ਨੇ ਖੁਦ ਹੀ ਉਸ ਸਥਾਨ 'ਤੇ ਭਗਤ ਸਿੰਘ ਚੌਕ ਦਾ ਸਾਇਨ ਬੋਰਡ ਲਗਾਉਣ ਦਾ ਫੈਸਲਾ ਕੀਤਾ ਹੈ। ਉਹ ਪ੍ਰਦਰਸ਼ਨਕਾਰੀ ਉੱਥੇ ਸੂਰਜ ਢਲਣ ਦੇ ਬਾਅਦ ਤੱਕ ਡਟੇ ਰਹੇ। ਫਿਰ ਰਾਤ ਨੂੰ ਉਨ੍ਹਾਂ ਨੇ ਮੋਮਬੱਤੀਆਂ ਜਲਾ ਕੇ ਮਾਰਚ ਕੱਢਿਆ। ਬੇਹੱਦ ਉਤਸਾਹਿਤ ਸੀ ਸਭ। ਉੱਥੇ ਮੌਜੂਦ ਸੋਨੀਆ ਕਾਇਰ ਨੇ ਨਿਡਰਤਾ ਨਾਲ ਕਿਹਾ ਕਿ 'ਪਾਕਿਸਤਾਨ 'ਚ ਭਗਤ ਸਿੰਘ ਦੇ ਆਦਰਸ਼ਾਂ ਨੂੰ ਫਿਰ ਤੋਂ ਜਿੰਦਾ ਕਰਨਾ ਬਹੁਤ ਜ਼ਰੂਰੀ ਹੈ। ਉੱਥੇ ਲੋਕ ਗਰੀਬੀ 'ਚ ਜਿਉਂ ਰਹੇ ਹਨ। ਧਾਰਮਿਕ ਕੱਟੜਤਾ ਦੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਭਗਤ ਸਿੰਘ ਦੀ ਵਿਰਾਸਤ ਯਾਦ ਦਿਵਾਉਂਦੀ ਹੈ ਕਿ ਅਸੀਂ ਸਭ ਇਨਸਾਨ ਹਾਂ ਅਤੇ ਅਸੀਂ ਸੋਸ਼ਣ ਤੋਂ ਮੁਕਤ ਹੋਣਾ ਹੈ।'

ਯਾਦ ਆਉਂਦਾ ਹੈ ਪਾਕਿਸਤਾਨ 'ਚ ਇਕ ਨਾਮ ਅਮੀਰ ਜਲਾਲ ਦਾ। ਉਹ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਯੂਨੀਵਰਸਿਟੀ ਸਟੂਡੈਂਟ ਫੈਡਰੇਸ਼ਨ (ਯੂ. ਐਸ. ਐਫ) ਦੇ ਸੰਚਾਲਕ ਵੀ। ਕਦੇ ਉਹ ਸੰਗਠਨ ਉਸ 'ਇਸਲਾਮੀ-ਜਮੀਅਤ-ਏ-ਤੁਲਬਾ' ਦਾ ਵਿਰੋਧ ਕਰਨ ਦੇ ਲਈ ਬਣਿਆ ਸੀ ਕਿਉਂਕਿ ਉਸਦੀ ਸਥਾਨਨਾ ਜਿਆ-ਉਲ-ਹੱਕ ਦੀ ਤਾਨਾਸ਼ਾਹੀ ਦੇ ਸਮੇਂ ਪ੍ਰਗਤੀਸ਼ੀਲ, ਖੱਬੇਪੱਖੀ ਅਤੇ ਅਮਨ ਦੀਆਂ ਹਾਮੀ ਵਿਦਿਆਰਥੀ ਜਥੇਬੰਦੀਆਂ ਨੂੰ ਕੁਚਲਨ ਦੇ ਲਈ ਕੀਤੀ ਗਈ ਸੀ। ਮੈਨੂੰ ਨਹੀਂ ਪਤਾ ਕਿ ਯੂਨੀਵਰਸਿਟੀ ਸਟੂਡੈਂਟ ਫੈਡਰੇਸ਼ਨ ਦੀ ਹੁਣ ਕੀ ਸਥਿਤੀ ਹੈ। ਸ਼ਾਇਦ ਬੰਦ ਪਈ ਹੋਵੇ। ਪਰ 2010 'ਚ 23 ਮਾਰਚ ਨੂੰ ਲਾਹੌਰ 'ਚ ਲਾਪਤਾ ਵਿਅਕਤੀਆਂ ਦੇ ਮੁੱਦੇ 'ਤੇ ਇਕ ਸੈਮੀਨਰ ਆਯੋਜਿਤ ਹੋਇਆ ਜਿਸ 'ਚ ਅਮੀਰ ਜਲਾਲ ਪਹੁੰਚੇ। ਉਸ ਵਕਤ ਉਹ ਭਗਤ ਸਿੰਘ 'ਤੇ ਜ਼ੋਰਦਾਰ ਢੰਗ ਨਾਲ ਬੋਲੇ। ਉਨ੍ਹਾਂ ਦਾ ਕਹਿਣਾ ਸੀ ਕਿ, ''ਭਗਤ ਸਿੰਘ ਵੀ ਲਾਪਤਾ ਹੈ ਅਤੇ ਜੇ ਅਸੀਂ ਖੁਦ ਨੂੰ ਲੱਭਣਾ ਹੈ ਤਾਂ ਸਾਨੂੰ ਉਨ੍ਹਾਂ ਨੂੰ ਲੱਭਣਾ ਹੋਵੇਗਾ। ਜਲਾਲ ਜਿਹੇ ਨੌਜਵਾਨਾਂ ਦੇ ਇਸ ਕਥਨ 'ਤੇ ਸਾਨੂੰ ਧਿਆਨ ਦੇਣਾ ਹੋਵੇਗਾ ਕਿ 'ਯੂ ਐਸ ਐਫ ਨੇ ਧਰਮ ਨਿਰਪੱਖਤਾ, ਬਹੁਲਤਾਵਾਦ ਅਤੇ ਲੋਕਤੰਤਰ ਜਿਹੇ ਮੁੱਲਾਂ ਦਾ ਸਮਰਥਨ ਕੀਤਾ। ਸਾਨੂੰ ਆਪਣੀ ਪ੍ਰੇਰਣਾ ਦੂਸਰਿਆਂ ਦੇ ਇਲਾਵਾ ਭਗਤ ਸਿੰਘ ਦੇ ਆਦਰਸ਼ਾਂ 'ਚੋਂ ਵੀ ਮਿਲੀ। ਅਸੀਂ ਦੋਸਤਾਂ ਦੇ ਨਾਲ ਅਕਸਰ ਉਨ੍ਹਾਂ ਦੀ ਚਰਚਾ ਕਰਦੇ ਹੁੰਦੇ ਸੀ।'

ਖ਼ਬਰ ਬਲੋਚਿਸਤਾਨ ਦੀ ਵੀ ਹੈ। ਉੱਥੇ ਰਾਸ਼ਟਰਵਾਦੀਆਂ ਦੇ ਵਿਰੁੱਧ ਪੰਜ ਸੈਨਾ ਅਭਿਆਨ ਚਲਾਏ ਜਾ ਚੁੱਕੇ ਹਨ ਜਿਸ ਵਿਚ ਹਜ਼ਾਰਾਂ ਬਲੋਚ ਕਾਰਕੁੰਨ ਫੜੇ ਗਏ। ਇਨ੍ਹਾਂ 'ਚੋਂ ਕਈ ਤਾਂ ਗੁੰਮ ਹਨ।  6 ਬਲੋਚ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਭਗਤ ਸਿੰਘ ਦੇ ਪ੍ਰਤੀ ਸ਼ਰਧਾਵਾਨ ਹਨ। ਉਨ੍ਹਾਂ ਨੇ ਵੀ ਸ਼ਾਦਮਾਨ ਚੌਕ 'ਤੇ ਭਗਤ ਸਿੰਘ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਲੋਕਾਂ ਨੂੰ ਯਾਦ ਹੋਵੇਗਾ 2007 ਤੋਂ 2009 ਤੱਕ ਪਾਕਿਸਤਾਨ ਦੇ ਵਕੀਲਾਂ ਨੇ ਸੈਨਿਕ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ। ਪਾਕਿਸਤਾਨ ਦੀ ਧਰਤੀ 'ਤੇ ਇਹ ਇਕ ਅਲੱਗ ਢੰਗ ਦਾ ਅੰਦੋਲਨ ਸੀ। ਇਸ ਰਾਜਨੀਤਕ ਚੇਤਨਾ ਨੇ ਹੀ ਅੰਤ ਮੁਸ਼ੱਰਫ ਦੀ ਵਿਦਾਈ ਦੀ ਪਟਕਥਾ ਲਿਖਣੀ ਸ਼ੁਰੂ ਕੀਤੀ। ਮੈਨੂੰ ਉਦੋਂ ਇਹ ਦੇਖ-ਜਾਣ ਕੇ ਖੁਸ਼ੀ ਹੋਈ ਕਿ ਉਨ੍ਹਾਂ ਪ੍ਰਦਰਸ਼ਨਾਂ 'ਚ ਭਗਤ ਸਿੰਘ ਦੇ ਨਾਅਰੇ ਸੀ ਅਤੇ ਲੋਕਾਂ ਦੀ ਜੁਬਾਨ 'ਤੇ 'ਸਰਫਰੋਸ਼ੀ ਕੀ ਤਮੰਨਾ' ਜਿਹਾ ਕ੍ਰਾਂਤੀਕਾਰੀ ਗੀਤ ਬੋਲ ਰਿਹਾ ਸੀ। ਉਨ੍ਹਾਂ ਰੈਲੀਆਂ 'ਚ ਸ਼ਾਮਲ ਇਕ ਨੌਜਵਾਨ ਵਕੀਲ ਉਮਰ ਚੌਧਰੀ ਦਾ ਕਿਹਾ ਵੇਖੋ 'ਉਪ ਮਹਾਂਦੀਪ ਦੇ ਇਸ ਹਿੱਸੇ 'ਚ ਬ੍ਰਿਟਿਸ਼ ਰਾਜ ਦੇ ਖਿਲਾਫ਼ ਚੱਲੇ ਸੰਘਰਸ਼ 'ਚ ਗੈਰ ਮੁਸਲਮਾਨਾਂ ਦੀ ਭੂਮਿਕਾ ਨੂੰ ਅਸਾਨੀ ਨਾਲ ਭੁੱਲ ਜਾਂਦੇ ਹਨ। ਭਗਤ ਸਿੰਘ ਦੇ ਨਾਲ ਇਵੇਂ ਹੀ ਹੋਇਆ। ਇਹ ਗੱਲ ਪਾਠ ਪੁਸਤਕਾਂ 'ਚ ਕਿਤੇ ਨਜ਼ਰ ਨਹੀਂ ਆਉਂਦੀ ਕਿ ਮੁਹੰਮਦ ਅਲੀ ਜਿਨਾਹ ਭਗਤ ਸਿੰਘ ਦਾ ਸਮਰਥਨ ਕਰਦੇ ਸਨ। ਵੈਸੇ ਇਸ ਵਿਚ ਹੈਰਾਨੀ ਦੀ ਵੀ ਕੋਈ ਗੱਲ ਨਹੀਂ ਹੈ। ਭਗਤ ਸਿੰਘ ਵਿਦਰੋਹ ਦਾ ਪ੍ਰਤੀਕ ਹੈ ਤਾਂ ਉਹ ਉਸ ਸਰਕਾਰ ਦੇ ਲਈ ਹੀਰੋ ਕਿਵੇਂ ਹੋ ਸਕਦਾ ਹੈ ਜੋ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ।'

ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ 'ਚ ਇਕ ਸੰਗਠਨ ਹੈ। 'ਜੰਮੂ-ਕਸ਼ਮੀਰ ਨੈਸ਼ਨਲ ਸਟੂਡੈਂਟਸ ਫੈਡਰੇਸ਼ਨ' (ਜੇ ਕੇ ਐਨ ਐਸ ਐਫ) ਜੋ ਲਗਾਤਾਰ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ਚਲ ਰਹੇ ਜਿਹਾਦੀ ਕੈਂਪਾਂ ਦਾ ਖੁੱਲ੍ਹੇਆਮ ਵਿਰੋਧ ਕਰਦਾ ਹੈ। ਇਸ ਸੰਗਠਨ ਦੀ ਸੋਚ ਅਤੇ ਗਤੀਵਿਧੀਆਂ ਦੀਆਂ ਸੂਚਨਾਵਾਂ ਅਕਸਰ ਮੀਡੀਆ 'ਚ ਦਬਾਅ ਦਿੱਤੀਆਂ ਜਾਂਦੀਆਂ ਹਨ। ਪਾਕਿ ਸਰਕਾਰ ਵੀ ਇਵੇਂ ਹੀ ਚਾਹੁੰਦੀ ਹੈ। ਇਹ ਵੀ ਸੋਚ ਹੈ ਕਿ ਇਸਦੇ ਅਨੇਕਾਂ ਕਾਰਕੁੰਨਾਂ ਨੂੰ ਪਾਕਿਸਤਾਨੀ ਏਜੰਸੀਆਂ ਅਗਵਾ ਕਰ ਚੁੱਕੀਆਂ ਹਨ। ਸਾਡੇ ਲਈ ਇਹ ਜਾਣਨਾ ਸੁਖਦ ਹੈ ਕਿ ਇਸਦੀਆਂ ਰੈਲੀਆਂ 'ਚ ਲਹਿਰਾਉਂਦੇ ਪੋਸਟਰ/ਤਸਵੀਰਾਂ 'ਚ ਭਗਤ ਸਿੰਘ ਅਤੇ ਚੀ-ਗੁਵੇਰਾ ਹੁੰਦੇ ਹਨ। ਸੁਣੋਗੇ ਤੁਸੀਂ ਕਸ਼ਮੀਰ ਵਿਦਿਆਰਥੀ ਦਾਨਿਸ਼ ਖਾਨ ਦਾ ਬਿਆਨ-'ਤੁਹਾਡੇ ਜਿਹੇ ਜ਼ਿਆਦਾਤਰ ਬਾਹਰੀ ਲੋਕਾਂ ਦੇ ਲਈ ਇਹ ਇਕ ਅਨੂਠੀ ਘਟਨਾ ਹੈ ਪਰ ਕਸ਼ਮੀਰ ਦੇ ਨੌਜਵਾਨਾਂ ਦੇ ਲਈ ਭਗਤ ਸਿੰਘ ਦੀ ਜ਼ਿੰਦਗੀ ਅਤੇ ਉਸਦੀ ਲੜਾਈ ਪ੍ਰੇਰਣਾ ਅਤੇ ਹੌਸਲੇ ਦਾ ਸ੍ਰੋਤ ਹੈ। ਉਹ ਪਾਕਿਸਤਾਨ ਨੂੰ ਜਬਰੀ ਕਬਜ਼ਾ ਜਮ੍ਹਾ ਕੇ ਬੈਠੀ ਤਾਕਤ ਦੇ ਰੂਪ 'ਚ ਵੇਖਦੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਭਗਤ ਬ੍ਰਿਟਿਸ਼ ਹਕੂਮਤ ਨੂੰ ਦੇਖਦੇ ਸਨ।'

ਦੇਸ਼ ਵੰਡ ਦੇ 52 ਸਾਲਾਂ ਬਾਅਦ ਪਾਕਿਸਤਾਨ 'ਚ ਸੰਭਾਵਤ ਪਹਿਲੀ ਵਾਰ ਭਗਤ ਸਿੰਘ ਦੀ ਸ਼ਹਾਦਤ ਦੀ ਬਰਸੀ ਮਨਾਈ ਗਈ ਸੀ।  23 ਮਾਰਚ ਨੂੰ ਲਾਹੌਰ 'ਚ ਸੰਪੰਨ ਹੋਏ ਇਸ ਪ੍ਰੋਗਰਾਮ 'ਚ ਰਾਜਨੀਤਕ ਕਾਰਕੁੰਨ, ਲੇਖਕਾਂ, ਪੱਤਰਕਾਰਾਂ, ਸਭਿਆਚਾਰਕ ਕਾਮਿਆਂ ਅਤੇ ਵਿਦਿਆਰਥੀਆਂ ਨੇ ਬੇਹੱਦ ਆਪਣੇਪਣ ਨਾਲ ਹਿੱਸੇਦਾਰ ਹੁੰਦੇ ਹੋਏ ਇਸ ਕ੍ਰਾਂਤੀਕਾਰੀ ਸ਼ਹੀਦ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਪ੍ਰਸਿੱਧ ਇਤਿਹਾਸਕਾਰ ਡਾ. ਲਾਲ ਬਹਾਦਰ ਵਰਮਾ ਵੀ ਉਨ੍ਹਾਂ 'ਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੇ ਮੰਨਿਆ ਕਿ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਹੋਰ ਨੇੜੇ ਲਿਆਉਣ 'ਚ ਭਗਤ ਸਿੰਘ ਦਾ ਵਿਅਕਤੀਤਵ ਅਤੇ ਉਨ੍ਹਾਂ ਦੇ ਵਿਚਾਰ ਇਕ ਪ੍ਰੇਰਣਾ ਸ੍ਰੋਤ ਬਣ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਸਾਲ ਪਹਿਲਾਂ 23 ਮਾਰਚ ਨੂੰ ਲਾਹੌਰ 'ਚ ਏਲਨ ਵੁੱਡਜ਼ ਦੀ ਪ੍ਰਸਿੱਧ ਪੁਸਤਕ 'ਰੀਜਨ ਇਕ ਰਿਵੌਲਟ' ਦੇ ਉਰਦੂ ਸੰਸਕਰਨ ਦੇ ਉਦਘਾਟਨ ਸਮਾਰੋਹ ਦਾ ਵੱਡਾ ਭਾਗ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸੀ ਜਿਸ ਦੀ ਪ੍ਰਧਾਨਗੀ ਉਰਦੂ ਦੈਨਿਕ 'ਜੰਗ' ਦੇ ਪੂਜਨੀਕ ਥੰਮ ਅਤੇ ਅਨੇਕਾਂ ਲੋਕਪ੍ਰਿਆ ਟੀ. ਵੀ. ਸੀਰੀਅਲਾਂ ਦੇ ਲੇਖਕ ਮਨੂੰ ਭਾਈ ਨੇ ਕੀਤੀ ਸੀ। ਮੈਨੂੰ ਇਹ ਵੀ ਪਤਾ ਲੱਗਾ ਕਿ ਪਾਕਿਸਤਾਨ ਦੇ ਸਤਿਕਾਰਤ ਪੰਦਰਵਾੜਾ 'ਜਦੋ ਜਹਿਦ' ਦੇ ਸੰਪਾਦਕ ਮੰਜੂਰ ਅਹਿਮਦ ਨੇ ਇਸ ਮੌਕੇ 'ਤੇ ਕਿਹਾ ਸੀ ਕਿ ਉਨ੍ਹਾਂ ਨੂੰ ਅੱਜ ਇਸ ਗੱਲ 'ਤੇ ਸ਼ਰਮਿੰਦਗੀ ਮਹਿਸੂਸ ਹੈ ਰਹੀ ਹੇ ਕਿ ਉਹ ਉਸੇ ਸ਼ਹਿਰ ਕਸੂਰ ਦੇ ਰਹਿਣ ਵਾਲੇ ਹਨ ਜਿਸ ਦੇ ਬਾਸ਼ਿੰਦੇ ਗੁਲਾਮ ਮੁਹੰਮਦ ਖਾਂ ਨੇ ਭਗਤ ਸਿੰਘ ਅਤੇ ਉਸਦੇ ਦੋ ਸਾਥੀਆਂ ਦੀ ਫਾਂਸੀ ਦੇ ਦਸਤਾਵੇਜ਼ ਉੱਤੇ ਦਸਤਖਤ ਕੀਤੇ ਸੀ ਜਦ ਕਿਸੇ ਦੂਸਰੇ ਹਿੰਦੋਸਤਾਨੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਪਾਕਿਸਤਾਨ 'ਚ ਗੁਲਾਮ ਮੁਹੰਮਦ ਦਾ ਕੋਈ ਨਾਮਲੇਵਾ ਨਹੀਂ ਹੈ ਜਦਕਿ ਭਗਤ ਸਿੰਘ ਨੂੰ ਬਜ਼ੁਰਗ ਪੀੜ੍ਹੀ ਬਹੁਤ ਪਿਆਰ ਅਤੇ ਇੱਜ਼ਤ ਨਾਲ ਯਾਦ ਕਰਦੀ ਹੈ। ਇਹ ਵੀ ਜਾਣਨਯੋਗ ਹੈ ਕਿ 23 ਮਾਰਚ 1931 ਦੀ ਸ਼ਾਮ ਨੂੰ ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਦੀ ਫਾਂਸੀ ਦੇ ਬਾਅਦ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰਕੇ ਸਤਲੁਜ ਦੇ ਕਿਨਾਰੇ ਜਲਾਉਂਦੇ ਸਮੇਂ ਅੰਗਰੇਜ਼ੀ ਫੌਜੀ ਅਫ਼ਸਰ ਜਿਸ ਹਿੰਦੂ ਪੰਡਿਤ ਅਤੇ ਸਿੱਖ ਗ੍ਰੰਥੀ ਨੂੰ ਲੈ ਕੇ ਗਏ ਸੀ, ਉਹ ਵੀ ਕਸੂਰ ਦੇ ਹੀ ਰਹਿਣ ਵਾਲੇ ਸਨ। ਪਾਕਿਸਤਾਨ 'ਚ ਭਗਤ ਸਿੰਘ ਅਤੇ ਉਸਦੇ ਸ਼ਹੀਦ ਸਾਥੀਆਂ ਨੂੰ ਜਾਣਨ ਵਾਲੇ ਸਨ। ਪਾਕਿਸਤਾਨ 'ਚ ਭਗਤ ਸਿੰਘ ਅਤੇ ਉਸਦੇ ਸ਼ਹੀਦ ਸਾਥੀਆਂ ਨੂੰ ਜਾਣਨ ਵਾਲੇ ਅੱਜ ਬਹੁਤ ਥੋੜ੍ਹੇ ਹਨ। ਮੈਨੂੰ ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਗਰਾਮ 'ਚ ਵੀ ਇੱਥੇ ਭਗਤ ਸਿੰਘ ਦੀ ਤਸਵੀਰ ਨਹੀਂ ਸੀ ਪਰ ਭਾਰਤ ਤੋਂ ਪਹੁੰਚੇ ਇਕ ਪ੍ਰਤੀਨਿਧ ਦੇ ਕੋਲ ਇਸ ਸ਼ਹੀਦ ਦਾ ਇਕ ਛੋਟਾ ਚਿੱਤਰ ਸੀ ਜਿਸ ਨੂੰ ਵੱਡਾ ਕਰਕੇ ਉੱਥੇ ਲਗਾਇਆ ਗਿਆ ਸੀ। ਇਹ ਘੱਟ ਸਨਮਾਨਜਨਕ ਨਹੀਂ ਹੈ ਕਿ ਪਾਕਿਸਤਾਨ 'ਚ ਸਿੰਧੀ ਸ਼ਾਇਰ ਸ਼ੇਖ ਅਜਾਜ ਨੇ 'ਇੰਸਟੀਚਿਊਟ ਆਫ਼ ਸਿੰਧੀਆਲੌਜੀ' ਤੋਂ ਪ੍ਰਕਾਸ਼ਿਤ ਆਪਣੀ ਪੁਸਤਕ 'ਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਫਾਂਸੀ 'ਤੇ ਚੜ੍ਹਨ ਤੋਂ ਪਹਿਲਾਂ ਦੇ ਵਿਚਾਰਾਂ 'ਤੇ ਇਕ ਕਾਵਿਕ ਨਾਟਕ ਦੀ ਰਚਨਾ ਕੀਤੀ। ਇਤਿਹਾਸ ਅਤੇ ਸੰਸਕ੍ਰਿਤੀ ਦਾ ਇਹ ਸਵਾਲ ਹੁਣ ਬੇਈਮਾਨੀ ਨਹੀਂ ਹੈ ਕਿ ਸਰਹੱਦ ਪਾਰ ਸ਼ਹੀਦੇ-ਆਜ਼ਮ ਦੀ ਕ੍ਰਾਂਤੀਕਾਰੀ ਚੇਤਨਾ ਅਤੇ ਸ਼ਹਾਦਤ ਦੀ ਯਾਦ ਦੋਨਾਂ ਦੇਸ਼ਾਂ ਦੇ ਵਿਚਕਾਰ ਬਹੁਤ ਸਾਰੇ ਮਸਲਿਆਂ ਨੂੰ ਸੁਲਝਾਉਣ ਦੀ ਦਿਸ਼ਾ 'ਚ ਸਾਨੂੰ ਰੌਸ਼ਨੀ ਵਿਖਾਉਣ ਦਾ ਕੰਮ ਕਰ ਸਕਦੀ ਹੈ। ਭਗਤ ਸਿੰਘ ਸਾਡਾ ਹੈ ਤਾਂ ਤੁਹਾਡਾ ਵੀ ਤਾਂ ਹੈ ਲਾਹੌਰੀਆਂ ਦਾ। ਸਾਲ 2007 'ਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਉਹ ਸ਼ਹੀਦੇ-ਆਜ਼ਮ ਦਾ ਜਨਮ ਸ਼ਤਾਬਦੀ ਸਾਲ ਸੀ। ਉਨ੍ਹਾਂ ਨੇ ਵੀ ਦੱਸਿਆ ਸੀ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਤਤਕਾਲੀਨ ਗਵਰਨਰ ਨੇ ਵਾਅਦਾ ਕੀਤਾ ਸੀ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਵਾਲੀ ਜਗ੍ਹਾ 'ਤੇ ਸ਼ਹੀਦ ਦਾ ਸਮਾਰਕ ਬਣਾਇਆ ਜਾਵੇਗਾ, ਪਰ ਉਹ ਪੂਰਾ ਨਹੀਂ ਹੋਇਆ।

.....ਹੁਣ ਨਵੀਂ ਖ਼ਬਰ ਇਹ ਹੈ ਕਿ ਪਾਕਿ ਦੀ ਧਰਤੀ 'ਤੇ ਭਗਤ ਸਿੰਘ ਦਾ ਸਮਾਰਕ ਬਣਾਏ ਜਾਣ ਦਾ ਸਿਲਸਿਲਾ ਟੁੱਟ ਗਿਆ ਹੈ। ਇਹ ਸੁਣਨਾ ਸਾਡੇ ਲਈ ਅਤਿਅੰਤ ਦੁਖਦ ਹੈ। ਇਸ ਤੋਂ ਪਹਿਲਾਂ ਹੋਇਆ ਇਹ ਸੀ ਕਿ ਇਕ ਸਰਕਾਰੀ ਸੰਮਤੀ (ਪੈਨਲ) ਨੇ 'ਜਮਾਤ-ਉਦ-ਦਾਅਵਾ' (ਜੇ ਯੂ ਡੀ) ਜਿਹੇ ਉਦਾਰਵਾਦੀ ਸੰਗਠਨਾਂ ਦੇ ਤਿੱਖੇ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ ਦਾ ਐਲਾਨ ਕਰ ਦਿੱਤਾ ਸੀ, ਪਰ ਜੇ ਯੂ ਡੀ ਨਾਲ ਜੁੜੇ 'ਤਹਰੀਕ-ਏ-ਹੁਰਮਤ-ਏ-ਰਸੂਲ' ਨੇ ਗੋਲ ਚੱਕਰ ਨੂੰ ਸ਼ਹੀਦੇ-ਆਜ਼ਮ ਦੇ ਨਾਮ 'ਤੇ ਬਣਾਉਣ ਦੇ ਵਿਰੋਧ 'ਚ ਲਾਹੌਰ ਹਾਈਕੋਰਟ 'ਚ ਇਕ ਜਾਚਿਕਾ ਦਾਇਰ ਕੀਤੀ ਜਿਸ ਉੱਤੇ ਜੱਜ ਨਸੀਰ ਸਾਈਦ ਸ਼ੇਖ ਨੇ ਪੰਜਾਬ ਸਰਕਾਰ ਅਤੇ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਤੋਂ 29 ਨਵੰਬਰ 2012 ਤੱਕ ਜਵਾਬ ਮੰਗਦੇ ਹੋਏ ਨਾਮ ਬਦਲੇ ਜਾਣ 'ਤੇ ਰੋਕ ਲਗਾ ਦਿੱਤੀ। ਅੱਤਵਾਦੀ ਸੰਗਠਨ ਇਸ ਦਾ ਵਿਰੋਧ ਪਹਿਲਾਂ ਹੀ ਕਰ ਰਹੇ ਸੀ। ਜਾਚਿਕਾ ਦਾਇਰ ਕਰਨ ਵਾਲੇ ਸਥਾਨਕ ਵਪਾਰੀ ਜਾਹਿਦ ਭੱਟ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਖੁਫੀਆ ਏਜੰਸੀ ਰਾਅ ਨੇ ਇਸ ਮੁੱਦੇ ਨੂੰ ਉਠਾਉਣ ਦੇ ਲਈ 'ਭਗਤ ਸਿੰਘ ਫਾਊਡੇਸ਼ਨ' ਨੂੰ ਧੰਨ ਦਿੱਤਾ ਹੈ। ਉਨ੍ਹਾਂ 'ਚ ਇਹ ਵੀ ਕਹਿਣਾ ਸੀ ਕਿ ਫਾਊਂਡੇਸ਼ਨ ਨੇ 'ਦਿਲਕਸ਼ ਲਾਹੌਰ ਸੰਮਤੀ' ਦੇ ਨਾਲ ਲਾਬਿੰਗ ਕੀਤੀ ਹੈ। ਇਸੇ ਸੰਮਤੀ ਵਲੋਂ ਗੋਲ ਚੱਕਰ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਸਿਫਾਰਸ਼ ਆਈ ਹੈ।

'ਜਮਾਤ-ਉਦ-ਦਾਵਾ' ਦੇ ਨੇਤਾ ਅਤੇ ਤਹਰੀਕ-ਏ-ਹੁਰਮਤ-ਏ-ਰਸੂਲ' ਦੇ ਪ੍ਰਮੁੱਖ ਮੌਲਾਨਾ ਅਮੀਰ ਹਮਜਾ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਉਨ੍ਹਾਂ ਦਾ ਸੰਗਠਨ ਕਿਸੇ ਵੀ ਸਥਾਨ ਦਾ ਨਾਮ ਹਿੰਦੂਆਂ, ਸਿੱਖਾਂ ਜਾਂ ਈਸਾਈਆਂ ਦੇ ਨਾਮ 'ਤੇ ਰੱਖਣ ਦੀ ਮਨਜ਼ੂਰੀ ਨਹੀਂ ਦੇਵੇਗਾ। ਉਨ੍ਹਾਂ ਦਾ ਕਥਨ ਹੈ ਕਿ ਪਾਕਿਸਤਾਨ ਇਕ ਇਸਲਾਮੀ ਦੇਸ਼ ਹੈ ਅਤੇ ਅਜਿਹੇ ਵਿਚਾਰਾਂ ਦੀ ਸਰਾਹਣਾ ਨਹੀਂ ਕੀਤੀ ਜਾ ਸਕਦੀ। 'ਜਮਾਤ-ਉਦ-ਦਾਵਾ' ਨੇ ਇਕ ਪੱਤਰ 'ਚ ਤਿੱਖੇ ਸ਼ਬਦਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਪ੍ਰਮੁੱਖ ਨੁਰੂਲ ਅਮੀਨ ਮੇਂਗਲ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਕ ਹਿੰਦੂ ਸੁਤੰਤਰਤਾ ਸੈਨਾਨੀ ਦੇ ਨਾਮ 'ਤੇ ਉਸ ਸਥਾਨ ਦਾ ਨਾਮਕਰਨ ਕਰਨ ਦੇ ਵਿਰੁੱਧ ਚਿਤਾਵਨੀ ਦਿੱਤੀ। ਮਾਮਲਾ ਅੱਗੇ ਵਧਿਆ ਤਾਂ 'ਦਿਲਕਸ਼ ਲਾਹੌਰ ਸੰਮਤੀ' ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਗੋਲ ਚੱਕਰ ਦਾ ਨਾਮ ਬਿਨਾਂ ਦੇਰੀ ਕੀਤੇ ਬਦਲ ਦਿੱਤਾ ਜਾਏ। ਇਸ ਸਬੰਧ 'ਚ ਸਮਾਜਿਕ ਕਾਰਕੁੰਨਾਂ ਨੇ ਪਾਕਿਸਤਾਨ ਦੀ ਇਕ ਅਦਾਲਤ 'ਚ ਦੋ ਬੇਨਤੀਆਂ ਕਰਕੇ ਉਸ ਸਥਾਨ ਨੂੰ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖੇ ਜਾਣ ਦੀ ਚੁਣੌਤੀ ਦੇਣ ਦੇ ਮਾਮਲੇ 'ਚ ਉਨ੍ਹਾਂ ਨੂੰ ਵੀ ਤਰਫ਼ਦਾਰ ਬਣਾਉਣ ਦੇ ਲਈ ਕਿਹਾ। ਤੈਮੂਰ ਰਹਿਮਾਨ ਅਤੇ ਸਾਇਦਾ ਦੀਪ ਨੇ ਵਕੀਲ ਯਾਸਿਰ ਲਤੀਫ਼ ਹਮਦਾਨੀ ਦੇ ਜ਼ਰੀਏ ਲਾਹੌਰ ਹਾਈਕੋਰਟ 'ਚ ਦੋ ਬੇਨਤੀਆਂ ਕਰਦੇ ਹੋਏ ਜਾਚਿਕਾ ਕਰਤਾ ਦੇ ਇਸ ਤਰਕ ਦਾ ਉੱਤਰ ਦੇਣ ਦਾ ਯਤਨ ਕੀਤਾ ਕਿ ਇਹ ਗਲਤ ਤਸਵੀਰ ਬਣਾਈ ਗਈ ਹੈ ਕਿ ਫੁਹਾਰਾ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣਾ 'ਪਾਕਿਸਤਾਨ ਦੇ ਵਿਰੁੱਧ ਸਾਜ਼ਿਸ਼' ਹੈ। ਬੇਨਤੀ ਪੱਤਰਾਂ 'ਚ ਇਹ ਵੀ ਕਿਹਾ ਗਿਆ ਕਿ ਭਗਤ ਸਿੰਘ ਦੀ ਯਾਦ 'ਚ ਅਜਿਹਾ ਕੀਤਾ ਜਾਣਾ 'ਦੇਸ਼ ਭਗਤੀ ਦਾ ਵੱਡਾ ਕਦਮ' ਹੈ। ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਕਿ ਭਗਤ ਸਿੰਘ ਗੈਰ ਸੰਪ੍ਰਦਾਇਕ ਸੁਤੰਤਰਤਾ ਸੈਨਾਨੀ ਸਨ ਜਿਨ੍ਹਾਂ ਨੇ ਮੁਸਲਮਾਨਾਂ ਸਮੇਤ ਸਾਰਿਆਂ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ। ਇਹ ਜਾਣਨਯੋਗ ਹੈ ਕਿ 'ਤਹਰੀਕ-ਏ-ਹੁਰਮਤ-ਏ-ਰਸੂਲ' ਨੇ ਪਹਿਲਾਂ ਇਸ ਸਥਾਨ ਦਾ ਨਾਮ ਚੌਧਰੀ ਰਹਿਮਤ ਅਲੀ ਦੇ ਨਾਮ 'ਤੇ ਰੱਖੇ ਜਾਣ ਦਾ ਸਮਰਥਨ ਕੀਤਾ ਸੀ ਜਿਸ ਦੇ ਵਿਰੋਧ 'ਚ ਭਗਤ ਸਿੰਘ ਦੇ ਪੱਖੀਆਂ ਨੇ ਇਹ ਦਲੀਲ ਦਿੱਤੀ ਕਿ ਅਲੀ ਅਜਿਹੇ ਲੇਖਕ ਸਨ ਜਿਨ੍ਹਾਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਹਾ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਸਹੀ ਹੈ ਕਿ 'ਪਾਕਿਸਤਾਨ' ਦਾ ਨਾਮ ਅਲੀ ਨੇ ਸੁਝਾਇਆ ਸੀ ਪਰ 1947 'ਚ ਨਵੇਂ ਮੁਲਕ ਦੇ ਬਣਨ ਦੇ ਬਾਅਦ ਹੀ ਉਨ੍ਹਾਂ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਲਏ ਅਤੇ ਉਸਦੇ ਬਾਅਦ ਹਮੇਸ਼ਾ ਬ੍ਰਿਟੇਨ 'ਚ ਰਹੇ ਅਤੇ ਜਿਨਾਹ ਭਾਵ ਮੁਸਲਿਮ ਲੀਗ ਦੇ ਖਿਲਾਫ਼ ਲਿਖਿਆ। ਪਾਕਿਸਤਾਨ ਦੇ 'ਦਾ ਐਕਸਪ੍ਰੈਸ ਟ੍ਰਿਬਿਊਨ' ਨੇ ਇਸ 'ਤੇ ਟਿੱਪਣੀ ਕਰਦੇ ਹੋਏ ਲਿਖਿਆ ਸੀ ਕਿ ਜੋ ਦਲੀਲਾਂ ਭਗਤ ਸਿੰਘ ਦੇ ਵਿਰੋਧ 'ਚ ਦਿੱਤੀਆਂ ਜਾ ਰਹੀਆਂ ਹਨ ਉਸ ਤੋਂ ਇਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਦੂਸਰੇ ਮਜ਼੍ਹਬਾਂ ਦੇ ਪ੍ਰਤੀ ਸਾਡੀ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ ਅਤੇ ਨਾਸਮਝਦੀ ਵਧਦੀ ਜਾ ਰਹੀ ਹੈ। ਹਾਲਾਂਕਿ, ਇਸ ਰਵੱਈਏ ਨੂੰ ਬਦਲਣ ਦੀ ਪੁਰਜ਼ੋਰ ਕੋਸ਼ਿਸ਼ ਹੋਈ ਹੈ। ਸਕੂਲੀ ਕਿਤਾਬਾਂ 'ਚ ਭਗਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਹੁਣ ਵੀ ਮੁਲਕ ਦੀ ਇਕ ਵੱਡੀ ਆਬਾਦੀ ਇਹ ਨਹੀਂ ਜਾਣਦੀ ਕਿ ਭਗਤ ਸਿੰਘ ਸਾਡੇ ਲਈ ਕੁਰਬਾਨ ਹੋ ਗਏ। ਪੰਜਾਬ 'ਚ ਜਾਰਨਵਾਲ ਦੇ ਕੋਲ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਤਾਲੀਮ ਲਾਹੌਰ 'ਚ ਹੀ ਹੋਈ। ਇਸੇ ਮਿੱਟੀ 'ਚ ਉਹ ਖਾਕ ਵੀ ਹੋ ਗਏ। ਅਜਿਹੇ 'ਚ ਅਲੱਗ ਮਜ਼੍ਹਬ ਦੀ ਵਜ੍ਹਾ ਨਾਲ ਹੀ ਕੀ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਨਹੀਂ ਦੇਵਾਂਗੇ?

ਪਰ ਮੈਂ ਨਹੀਂ ਜਾਣਦਾ ਕਿ ਬਾਵਜੂਦ ਇਸਦੇ ਪਾਕਿਸਤਾਨ ਦੇ ਹੁਕਮਰਾਨ, ਉਥੋਂ ਦੀਆਂ ਅਦਾਲਤਾਂ 'ਚ ਬੈਠੇ ਜੱਜ ਉਸ ਮੁਲਕ ਦੀਆਂ ਕੱਟੜਪੰਥੀ ਤਾਕਤਾਂ ਦੇ ਵਿਰੁੱਧ ਕਿਸੇ ਫੈਸਲੇ ਨੂੰ ਅੰਜਾਮ ਦੇਣਗੇ। ਇਹ ਵੀ ਹੈਰਾਨੀਜਨਕ ਹੈ ਕਿ ਭਾਰਤ ਦੇ ਪ੍ਰਗਤੀਸ਼ੀਲਾਂ, ਖੱਬੇਪੱਖੀਆਂ ਅਤੇ ਭਗਤ ਸਿੰਘ ਦੇ ਨਾਮ 'ਤੇ ਸੰਗਠਨ ਚਲਾਉਣ ਵਾਲਿਆਂ ਨੇ ਵੀ ਪਾਕਿ ਦੀਆਂ ਉਨ੍ਹਾਂ ਕੱਟੜਪੰਥੀ ਸ਼ਕਤੀਆਂ ਦੇ ਵਿਰੁੱਧ ਕੋਈ ਬਿਆਨ ਤੱਕ ਜਾਰੀ ਨਹੀਂ ਕੀਤਾ ਜੋ ਲਾਹੌਰ ਦੀ ਧਰਤੀ ਤੇ ਭਗਤ ਸਿੰਘ ਨੂੰ ਜੰਮਦੇ ਹੀ ਮਾਰਨ 'ਤੇ ਉਤਾਰੂ ਹੋ ਗਏ। ਇਹ ਘੱਟ ਨਿਰਾਸ਼ਾਜਨਕ ਸਥਿਤੀ ਨਹੀਂ ਹੈ। ਗਲੋਬਲ ਹੋ ਰਹੀ ਦੁਨੀਆ 'ਚ ਵੀ ਕਿੰਨੇ ਸੰਕੁਚਿਤ ਹਾਂ। ਇਹ ਦੁਖਦ ਹੈ ਕਿ ਪੂਰੀ ਦੁਨੀਆ 'ਚ ਸਾਮਰਾਜਵਾਦ ਦੇ ਖਾਤਮੇ ਦਾ ਸੁਪਨਾ ਦੇਖਣ ਵਾਲੇ ਇਕ ਅਨੋਖੇ ਕ੍ਰਾਂਤੀਕਾਰੀ ਨਾਲ ਉਸਦਾ ਜਨਮ ਸਥਾਨ, ਕਰਮ ਭੂਮੀ ਅਤੇ ਬਲੀਦਾਨ ਦੀ ਧਰਤੀ ਖੋਹ ਕੇ ਉਸਨੂੰ ਦਰ-ਬਦਰ ਕਰ ਦਿੱਤਾ ਗਿਆ। ਪਰ ਇਹ ਸ਼ਹੀਦੇ-ਆਜ਼ਮ ਯੁੱਗਾਂ ਤੱਕ ਆਪਣੀ ਕ੍ਰਾਂਤੀਕਾਰੀ ਚੇਤਨਾ ਦੇ ਨਾਲ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲਾਂ 'ਚ ਹਰ ਪਲ ਧੜਕਦਾ ਰਹੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ