Wed, 04 December 2024
Your Visitor Number :-   7275397
SuhisaverSuhisaver Suhisaver

ਖ਼ੁਦਕੁਸ਼ੀਆਂ ਦਾ ਰੁਝਾਨ ਚਿੰਤਾਜਨਕ -ਗੁਰਤੇਜ ਸਿੱਧੂ

Posted on:- 12-09-2015

suhisaver

ਜ਼ਿੰਦਗੀ ਦੀ ਭੱਜ-ਦੌੜ ਦੀ ਆਖ਼ਰੀ ਮੰਜ਼ਿਲ ਸਫ਼ਲਤਾ ਨੂੰ ਸਰ ਕਰਨਾ ਹੁੰਦੀ ਹੈ। ਜ਼ਿੰਦਗੀ ਦੀ ਕਸ਼ਮਕਸ਼ ਦਾ ਧੁਰਾ ਸਿਰਫ਼ ਸਫ਼ਲਤਾ ਦੇ ਆਲ਼ੇ-ਦੁਆਲ਼ੇ ਘੁੰਮਦਾ ਹੈ। ਅਜੋਕੇ ਸਮੇਂ ਵਿੱਚ ਹਰ ਇਨਸਾਨ ਦੀ ਇੱਛਾ ਸਫ਼ਲ ਅਤੇ ਕਾਮਯਾਬ ਇਨਸਾਨ ਬਣਨ ਦੀ ਹੈ ਜੋ ਹੋਣੀ ਲਾਜ਼ਮੀ ਵੀ ਹੈ। ਮਨੁੱਖੀ ਸੁਭਾਅ ਆਰਥਿਕ, aਸਮਾਜਿਕ ਤੇ ਧਾਰਮਿਕ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਤਾਂਘ ਉਸ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ ਅਤੇ ਸਮਾਜ ਵਿੱਚ ਹਰ ਤਰ੍ਹਾਂ ਦੀ ਆਜ਼ਾਦੀ ਮਾਨਣ ਲਈ ਉਸ ਨੂੰ ਦੁਨੀਆਂ ਤੋਂ ਵੱਖਰਾ ਕਰ ਗੁਜ਼ਰਨ ਲਈ ਪ੍ਰੇਰਿਤ ਕਰਦੀ ਹੈ। ਆਪਣੀ ਮੰਜ਼ਿਲ ‘ਤੇ ਪੁੱਜਣ ਲਈ ਰਾਹੀ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਜ਼ਿਲਾਂ ‘ਤੇ ਸਦਾ ਉਹ ਵਿਅਕਤੀ ਹੀ ਪਹੁੰਚਦੇ ਹਨ ਜੋ ਆਈਆਂ ਮੁਸੀਬਤਾਂ ਨੂੰ ਖਿੜ੍ਹੇ ਮੱਥੇ ਸਵੀਕਾਰਦੇ ਹਨ। ਸਫ਼ਲਤਾ- ਅਸਫ਼ਲਤਾ ਤੋਂ ਉੱਪਰ ਉੱਠ ਕੇ ਕੀਤੀ ਮਿਹਨਤ ਦਾ ਸੁਆਦ ਹੀ ਵੱਖਰਾ ਹੁੰਦਾ ਹੈ ਤੇ ਫਿਰ ਅਸਫ਼ਲਤਾ ਨਿਰਾਸ਼ ਨਹੀਂ ਕਰਦੀ ਸਗੋਂ ਹੋਰ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੀ ਹੈ।

ਉਦਾਸੀ, ਨਿਰਾਸ਼ਤਾ ਨੂੰ ਜਨਮ ਦਿੰਦੀ ਹੈ ਅਤੇ ਨਿਰਾਸ਼ਤਾ ਆਦਮੀ ਨੂੰ ਆਤਮਹੱਤਿਆ ਲਈ ਪ੍ਰੇਰਦੀ ਹੈ। ਜਦੋਂ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਹੁਣ ਸਾਰੇ ਰਾਹ ਬੰਦ ਹੋ ਗਏ ਹਨ ਤਾਂ ਉਹ ਮੌਤ ਨੂੰ ਹਮਸਫ਼ਰ ਬਣਾ ਲੈਂਦਾ ਹੈ। ਅਜੋਕੇ ਅਗਾਂਹਵਧੂ ਅਤੇ ਤਕਨਾਲੋਜੀ ਦੇ ਸਮੇਂ ਵਿੱਚ ਖ਼ੁਦਕੁਸ਼ੀਆਂ ਦਾ ਰੁਝਾਨ ਆਲਮੀ ਪੱਧਰ ‘ਤੇ ਵਧ ਰਿਹਾ ਹੈ। ਇੱਕੀਵੀਂ ਸਦੀ ਵਿੱਚ ਇਹ ਵਰਤਾਰਾ ਆਮ ਹੋ ਗਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਮੁਕਾਬਲੇ ਦੇ ਯੁੱਗ ਵਿੱਚ ਇੱਕ-ਦੂਜੇ ਨੂੰ ਪਛਾੜ ਕੇ ਅੱਗੇਨਿਕਲਣ ਦੀ ਹੋੜ ਨੇ ਅਜੋਕੇ ਇਨਸਾਨ ਨੂੰ ਮਸ਼ੀਨ ਬਣਨ ਲਈ ਮਜਬੂਰ ਕਰ ਦਿੱਤਾ ਹੈ। ਇਹ ਵਰਤਾਰਾ ਇਨਸਾਨ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮਾਪੇ ਇਹ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਬੱਚੇ ਲਈ ਕਮਾਈ ਦਾ ਚੰਗਾ ਖੇਤਰ ਕਿਹੜਾ ਰਹੇਗਾ। ਬੱਚੇ ਨੂੰ ਪੈਸੇ ਦੀ ਮਸ਼ੀਨ ਬਣਾਉਣਾ, ਇਹ ਖ਼ਿਆਲ ਜ਼ਿਆਦਾਤਰ ਮਾਪਿਆਂ ਦੇ ਮਨਾਂ ‘ਤੇ ਭਾਰੂ ਹੈ। ਜਦੋਂ ਕੋਈ ਵਿਅਕਤੀ ਦੁਨੀਆਂ ਦੀ ਦੌੜ ਵਿੱਚੋਂ ਪਛੜ ਜਾਂਦਾ ਹੈ ਤਾਂ ਉਹ ਨਮੋਸ਼ੀ ਮੰਨ ਕੇ ਆਤਮਹੱਤਿਆ ਨੂੰ ਗਲੇ ਲਗਾ ਲੈਂਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਡਾਇਰੈਕਟਰ ਡਾ. ਕੈਥਰੀਨ ਲੇ ਕੈਮਸ ਅਨੁਸਾਰ ਵਿਸ਼ਵ ਵਿੱਚ ਜੰਗਾਂ ਅਤੇ ਮਹਾਂਮਾਰੀਆਂ ਦੇ ਮੁਕਾਬਲੇ ਆਤਮਹੱਤਿਆ ਕਾਰਨ ਜ਼ਿਆਦਾ ਲੋਕ ਮਰਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਡਿਪਰੈਸ਼ਨ ਇੱਕੀਵੀਂ ਸਦੀ ਦੀ ਨੰਬਰ ਇੱਕ ਬੀਮਾਰੀ ਹੈ। 69 ਫ਼ੀਸਦੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ। ਵਿਸ਼ਵ ਵਿਆਪੀ ਤੌਰ ‘ਤੇ ਡਾਕਟਰ ਕੋਲ ਜਾਣ ਵਾਲੇ ਪੰਜ ਜਣਿਆਂ ਵਿੱਚੋਂ ਤਿੰਨ ਤਣਾਅ ਦੇ ਸ਼ਿਕਾਰ ਹੁੰਦੇ ਹਨ। ਦੁਨੀਆਂ ਵਿੱਚ ਸਾਲਾਨਾ ਅੱਠ ਲੱਖ ਲੋਕ ਆਤਮਹੱਤਿਆ ਕਰਦੇ ਹਨ। ਹਰ ਚਾਲੀ ਸੈਕਿੰਡ ਵਿੱਚ ਇੱਕ ਜ਼ਿੰਦਗੀ ਆਤਮਹੱਤਿਆ ਦੀ ਭੇਟ ਚੜ੍ਹ ਰਹੀ ਹੈ। ਸਾਲ 1987-2007 ਵਿਚਕਾਰ ਆਤਮਹੱਤਿਆ ਅਨੁਪਾਤ 7.9:100,000 ਤੋਂ ਵਧ ਕੇ 10.3: 1,00,000 ਹੋ ਗਿਆ ਹੈ। ਵਿਦਿਆਰਥੀਆਂ ਵਿੱਚ ਇਹ ਪ੍ਰਵਿਰਤੀ ਜ਼ਿਆਦਾ ਹੈ।
ਅੰਤਰਰਾਸ਼ਟਰੀ ਲੇਬਰ ਸੰਗਠਨ ਦੀ ਖੋਜ ਅਨੁਸਾਰ ਸਾਲ 2004-2008 ਤਕ 16,000 ਵਿਦਿਆਰਥੀਆਂ ਨੇ ਆਤਮਦਾਹ ਕੀਤਾ ਅਤੇ ਸਾਲ 2006 ਵਿੱਚ 5857 ਵਿਦਿਆਰਥੀਆਂ ਨੇ ਇਮਤਿਹਾਨ ਸਮੇਂ ਖ਼ੁਦਕੁਸ਼ੀ ਕਰ ਲਈ। ਆਲਮੀ ਤੌਰ ‘ਤੇ ਦਸ ਵਿਦਿਆਰਥੀਆਂ ਵਿੱਚੋਂ ਇੱਕ ਤਣਾਅ ਦਾ ਸ਼ਿਕਾਰ ਹੈ। ਲਾਂਸੇਟ ਮੈਡੀਕਲ ਜਨਰਲ ‘ਚ ਛਪੀ ਰਿਪੋਰਟ ਅਨੁਸਾਰ 15-29 ਸਾਲ ਉਮਰ ਗਰੁੱਪ ‘ਚ ਆਤਮਹੱਤਿਆ ਦਰ ਸਭ ਤੋਂ ਉੱਚੀ ਹੈ। ਅਮਰੀਕਾ ਦੇ ਮੁਕਾਬਲੇ ਭਾਰਤ ਵਿੱਚ ਆਤਮਹੱਤਿਆ ਦਰ ਕਾਫ਼ੀ ਵੱਧ ਹੈ। ਅਮਰੀਕਾ ਵਿੱਚ ਇਹ ਅਨੁਪਾਤ 12.2: 1000,00 ਅਤੇ ਭਾਰਤ ਵਿੱਚ 16: 100,000 ਹੈ।ਭਾਰਤ ਵਿੱਚ ਇਹ ਸਮੱਸਿਆ ਬੜੀ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਮੁਲਕ ਵਿੱਚ 1,35,445 ਲੋਕਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਦੇਸ਼ ਵਿੱਚ ਇੱਕ ਘੰਟੇ ਵਿੱਚ 15 ਅਤੇ ਇੱਕ ਦਿਨ ਵਿੱਚ 371 ਖ਼ੁਦਕੁਸ਼ੀਆਂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ 242 ਮਰਦ ਅਤੇ 129 ਔਰਤਾਂ ਸ਼ਾਮਲ ਹਨ। ਮੁਲਕ ਦਾ ਤਾਮਿਲਨਾਡੂ ਸੂਬਾ ਆਤਮਦਾਹ ਕਰਨ ਕਰਕੇ ਦੇਸ਼ ਦੇ ਬਾਕੀ ਸੂਬਿਆਂ ਤੋਂ ਸਿਖਰ ‘ਤੇ ਹੈ, ਜਿੱਥੇ ਹਰ ਸਾਲ ਔਸਤਨ 16927 ਲੋਕ ਖ਼ੁਦਕੁਸ਼ੀਆਂ ਕਰਦੇ ਹਨ ਜਦੋਂਕਿ ਮਹਾਂਰਾਸ਼ਟਰ ‘ਚ 16112 ਅਤੇ ਆਂਧਰਾ ਪ੍ਰਦੇਸ਼ ਵਿੱਚ 14328 ਲੋਕ ਹਰ ਸਾਲ ਆਤਮਦਾਹ ਕਰਦੇ ਹਨ। ਮਹਾਂਨਗਰਾਂ ਵਿੱਚ ਚੇਨੱਈ ਸਿਖਰ ‘ਤੇ ਹੈ ਜਿੱਥੇ 2183 ਲੋਕ ਹਰ ਸਾਲ ਆਤਮਦਾਹ ਕਰਦੇ ਹਨ ਜਦੋਂਕਿ ਦਿੱਲੀ ਵਿੱਚ ਇਹ ਗਿਣਤੀ 1899 ਹੈ। ਹੱਤਿਆ ਕਰਨ ਵਾਲਿਆਂ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਵੱਧ ਹੈ। ਛੇ ਖ਼ੁਦਕੁਸ਼ੀਆਂ ਵਿੱਚੋਂ ਇੱਕ ਘਰੇਲੂ ਔਰਤ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੁਲਕ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਵੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਆਰਥਿਕਤਾ ਵਿੱਚ ਭਾਵੇਂ ਅਜੋਕੇ ਸਮੇਂ ਵਿੱਚ ਖੇਤੀਬਾੜੀ ਦਾ ਯੋਗਦਾਨ ਘਟ ਗਿਆ ਹੈ ਪਰ ਖੇਤੀਬਾੜੀ ਨੂੰ ਸਦਾ ਹੀ ਮੁਲਕ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਕਿਉਂਕਿ ਮੁਲਕ ਦੀ 60 ਫ਼ੀਸਦੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ। ਸਰਕਾਰਾਂ ਦੀ ਨਾਲਾਇਕੀ ਤੇ ਅਣਗਹਿਲੀ ਕਾਰਨ ਮੁਲਕ ਦਾ ਅੰਨਦਾਤਾ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੈ। ਖੇਤੀ ਹੇਠਲੇ ਘੱਟ ਰਕਬੇ ਤੇ ਮਹਿੰਗਾਈ ਦੀ ਮਾਰ ਨੇ ਕਿਸਾਨੀ ਦੀ ਕਮਰ ਤੋੜ ਦਿੱਤੀ ਹੈ। ਕੁਦਰਤੀ ਆਫ਼ਤਾਂ ਅਤੇ ਆਪਣੀ ਉਪਜ ਦਾ ਸਹੀ ਮੁੱਲ ਨਾ ਮਿਲਣ ਕਾਰਨ ਸ਼ਾਹੂਕਾਰਾਂ ਤੇ ਬੈਂਕਾਂ ਦਾ ਕਰਜ਼ਾਈ ਕਿਸਾਨ ਆਤਮਹੱਤਿਆ ਦੇ ਰਾਹ ਤੁਰ ਪਿਆ ਹੈ। ਦਿਹਾਤੀ ਮਜ਼ਦੂਰਾਂ ਦੀ ਹਾਲਤ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ।

ਮਾਹਿਰਾਂ ਅਨੁਸਾਰ ਖੇਤੀਬਾੜੀ ਵਿਕਾਸ ਦਰ 4.8 ਫ਼ੀਸਦੀ ਤੋਂ ਘਟ ਕੇ 02 ਫ਼ੀਸਦੀ ਰਹਿ ਗਈ ਹੈ। ਖੇਤੀਬਾੜੀ ਦਾ ਜੀ.ਡੀ.ਪੀ. ‘ਚ ਯੋਗਦਾਨ ਕੇਵਲ 18 ਫ਼ੀਸਦੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2012 ਦੇ ਅੰਕੜਿਆਂ ਅਨੁਸਾਰ ਦੇਸ਼ ਦੇ 13754 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਦੇਸ਼ ਵਿੱਚ ਹੋ ਰਹੀਆਂ ਕੁੱਲ ਖ਼ੁਦਕੁਸ਼ੀਆਂ ਦਾ ਇਹ 11.2 ਫ਼ੀਸਦੀ ਹੈ। ਹਰ 33 ਮਿੰਟ ਵਿੱਚ ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ਹੈ। ਸਾਬਕਾ ਮੰਤਰੀ ਸ਼ਰਦ ਪਵਾਰ ਅਨੁਸਾਰ ਸਾਲ 1997-2005 ਤਕ 1.5 ਲੱਖ ਕਿਸਾਨਾਂ ਨੇ ਆਤਮਦਾਹ ਕੀਤਾ ਹੈ। ਲੋਕ ਸਭਾ ਵਿੱਚ ਭਾਰਤ ਵਿੱਚ ਦੁਰਘਟਨਾ, ਮੌਤ ਅਤੇ ਆਤਮ ਹੱਤਿਆ ਰਿਪੋਰਟ ‘ਤੇ ਬੋਲਦਿਆਂ ਸਾਬਕਾ ਖੇਤੀਬਾੜੀ ਮੰਤਰੀ ਸੰਜੀਵ ਕੁਮਾਰ ਬਲਿਆਣ ਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਡਾਟੇ ਨੂੰ ਆਧਾਰ ਬਣਾ ਕੇ ਦੱਸਿਆ ਕਿ ਕਿਸਾਨਾਂ ਦੀਆਂ ਆਤਮਹੱਤਿਆਵਾਂ ਦੇ ਕੇਸਾਂ ‘ਚ ਕਮੀ ਆਈ ਹੈ। ਸੰਨ 2013 ‘ਚ ਖ਼ੁਦਕੁਸ਼ੀਆਂ ਦੇ 11772 ਮਾਮਲੇ ਸਾਹਮਣੇ ਆਏ ਜਦੋਂਕਿ ਸਾਲ 2012 ਵਿੱਚ ਇਨ੍ਹਾਂ ਦੀ ਗਿਣਤੀ 13754 ਸੀ। ਇੱਥੇ ਅੰਕੜਿਆਂ ਦੇ ਹੇਰ-ਫੇਰ ਨਾਲ ਸਰਕਾਰਾਂ ਇਸ ਮਸਲੇ ‘ਤੇ ਸੰਜੀਦਗੀ ਦਿਖਾਉਣ ਦੀ ਜਗ੍ਹਾ ਇਸ ‘ਤੇ ਪਰਦਾ ਪਾ ਰਹੀਆਂ ਹਨ।

ਆਲਮੀ ਪੱਧਰ ‘ਤੇ ਵਧ ਰਹੇ ਇਸ ਵਰਤਾਰੇ ਨੇ ਬੁੱਧੀਜੀਵੀਆਂ, ਚਿੰਤਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਪੂਰੀ ਦੁਨੀਆਂ ਦੇ ਲੋਕ ਇਸ ਵਰਤਾਰੇ ਵਿੱਚ ਸ਼ਾਮਲ ਹੋ ਰਹੇ ਹਨ। ਕਾਰਨ ਤਾਂ ਬਹੁਤ ਹਨ ਪਰ ਜਦੋਂ ਤਕ ਇਨਸਾਨ ਆਪਣੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਵਧਾਉਂਦਾ ਉਦੋਂ ਤਕ ਉਹ ਖ਼ੁਦਕੁਸ਼ੀਆਂ ਦੇ ਰਾਹ ਪੈਂਦਾ ਰਹੇਗਾ। ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਸਹਿਜਤਾ ਨਾਲ ਲਿਆ ਜਾਣਾ ਚਾਹੀਦਾ ਹੈ। ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ।

ਜੋ ਸੁੱਖ-ਸਾਧਨ ਮੌਜੂਦ ਹਨ, ਉਨ੍ਹਾਂ ਦਾ ਆਨੰਦ ਲਿਆ ਜਾਵੇ ਤੇ ਜੋ ਕੁਝ ਨਹੀਂ ਹੈ ਉਸ ਦੀ ਪ੍ਰਾਪਤੀ ਲਈ ਮਿਹਨਤ ਕੀਤੀ ਜਾਵੇ। ਅਜੋਕੇ ਮਨੁੱਖ ਦੀ ਇਹ ਵਿਡੰਬਨਾ ਹੈ ਕਿ ਉਹ ਭਵਿੱਖ ਦੀ ਤਿਆਰੀ ‘ਚ ਆਪਣਾ ਵਰਤਮਾਨ ਨਸ਼ਟ ਕਰ ਲੈਂਦਾ ਹੈ ਅਤੇ ਵਰਤਮਾਨ ਦਾ ਅਸਰ ਭਵਿੱਖ ‘ਤੇ ਪੈਂਦਾ ਹੈ। ਧਾਰਮਿਕ ਲੋਕ ਇਸੇ ਕਰਕੇ ਸੰਤੁਸ਼ਟ ਹੁੰਦੇ ਹਨ ਕਿ ਉਹ ਹਰ ਪ੍ਰਸਥਿਤੀ ਨੂੰ ਰੱਬ ਦਾ ਭਾਣਾ ਮੰਨ ਕੇ ਹੱਸ ਕੇ ਜਰਦੇ ਹਨ। ਮਨੁੱਖ ਦੂਜੇ ਸਫ਼ਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਾਂਗ ਸਫ਼ਲ ਹੋਣਾ ਤਾਂ ਲੋਚਦਾ ਹੈ ਪਰ ਉਨ੍ਹਾਂ ਸਫ਼ਲ ਲੋਕਾਂ ਦਾ ਸੰਘਰਸ਼, ਅਸਫ਼ਲਤਾ ਦੇ ਲੱਗੇ ਕਈ ਝਟਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਜਦੋਂ ਉਸ ਨੂੰ ਮਨਚਾਹੀ ਸਫ਼ਲਤਾ ਨਹੀਂ ਮਿਲਦੀ ਤਾਂ ਆਤਮਦਾਹ ਕਰ ਕੇ ਜ਼ਿੰਦਗੀ ਰੂਪੀ ਜੰਗ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਦਾਸੀ-ਨਿਰਾਸ਼ਤਾ ਤੋਂ ਬਚਣ ਲਈ ਆਸਵੰਦ ਹੋਣਾ ਚਾਹੀਦਾ ਹੈ ਤੇ ਆਸਵੰਦ ਹੋਣ ਲਈ ਚੰਗਾ ਸਾਹਿਤ ਪੜ੍ਹਨਾ ਜ਼ੂਰਰੀ ਹੈ। ਮਨੁੱਖ ਨੂੰ ਇਹ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ਼ ਜਿਊਣ ਦਾ ਨਹੀਂ ਸਗੋਂ ਹੰਢਾਉਣ ਦਾ ਨਾਂ ਹੈ।

                                                            ਸੰਪਰਕ: +91 94641 72783
                                       

Comments

gurlabh singh

bahut badhia ji

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ