Fri, 06 December 2024
Your Visitor Number :-   7277556
SuhisaverSuhisaver Suhisaver

ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲੇ ਸੰਬੰਧੀ ਸੁਚੇਤ ਹੋਣ ਦੀ ਲੋੜ -ਡਾ. ਸ ਸ ਛੀਨਾ

Posted on:- 27-02-2013

suhisaver

1991 ਤੋਂ ਬਾਅਦ ਜਦੋਂ ਦੁਨੀਆਂ ਵਿੱਚ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦਾ ਰੁਝਾਨ ਵਧਿਆ ਤਾਂ ਇਸ ਦੇ ਸਿੱਟੇ ਵਜੋਂ ਵਿੱਦਿਆ ਵਿੱਚ ਵਿੱਚ ਵੀ ਨਿੱਜੀਕਰਨ ਨੂੰ ਉਤਸ਼ਾਹ ਦਿੱਤਾ ਜਾਣ ਲੱਗਾ ਜਾਂ ਸਰਕਾਰ ਵੱਲੋਂ ਵਿੱਦਿਆ ਵੱਲੋਂ ਹੱਥ ਖਿੱਚ ਕੇ ਮਨੁੱਖੀ ਸਾਧਨਾਂ ਦੇ ਵਿਕਾਸ ਲਈ ਲੋੜੀਂਦੀ ਵਿੱਦਿਆ ਅਤੇ ਸਿਖਲਾਈ ਨੂੰ ਵੀ ਨਿੱਜੀ ਹੱਥਾਂ ਵਿੱਚ ਦਿੱਤੇ ਜਾਣ ਨੂੰ ਉਤਸ਼ਾਹਿਤ ਕੀਤਾ ਜਾਣ ਲੱਗਾ। ਦੁਨੀਆਂ ਦੇ ਵਿਕਸਤ ਦੇਸ਼ਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਭਾਰਤ ਵਿੱਚ ਆ ਕੇ ਆਪਣੀਆਂ ਯੂਨੀਵਰਸਿਟੀਆਂ ਬਾਰੇ ਇਸ਼ਤਿਹਾਰਬਾਜ਼ੀ ਕੀਤੀ। ਵਿੱਦਿਆਰਥੀ ਦਾਖ਼ਲ ਕਰਨ ਲਈ ਕਿਸੇ ਕਾਲਜ ਜਾਂ ਆਸ਼ਰਮ ਵਿੱਚ ਨਹੀਂ, ਸਗੋਂ ਹੋਟਲਾਂ ਵਿੱਚ ਇੰਟਰਵਿਊਆਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ।

ਇਨ੍ਹਾਂ ਦਾਖ਼ਲਾ ਟੈਸਟਾਂ ਜਾਂ ਇੰਟਰਵਿਊ ਵਿੱਚ ਕਿਸੇ ਵੀ ਵਿੱਦਿਆਰਥੀ ਨੂੰ ਇਸ ਕਰਕੇ ਤਾਂ ਦਾਖਲਾ ਨਾ ਮਿਲਿਆ, ਕਿਉਂ ਜੋ ਉਸ ਦੀ ਕੋਰਸ ਦੀ ਫੀਸ ਦੇਣ ਲਈ ਆਰਥਕ ਸਮਰੱਥਾ ਨਹੀਂ ਸੀ, ਪਰ ਉਸ ਦੀ ਵਿੱਦਿਅਕ ਯੋਗਤਾ ਉਸ ਦੇ ਦਾਖਲਾ ਲੈਣ ਲਈ ਕੋਈ ਰੁਕਾਵਟ ਨਾ ਬਣੀ ਜਾਂ ਕਿਸੇ ਵਿੱਦਿਆਰਥੀ ਨੂੰ ਇਸ ਕਰਕੇ ਰੱਦ ਨਾ ਕੀਤਾ ਗਿਆ ਕਿ ਉਸ ਨੇ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਨਹੀਂ ਕੀਤੀਆਂ। ਇਹ ਇਸ ਕਰਕੇ ਹੈ ਕਿਉਂ ਜੋ ਉਨ੍ਹਾਂ ਯੂਨੀਵਰਸਿਟੀਆਂ ਦਾ ਮੰਤਵ ਵਿੱਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਮਨੁੱਖੀ ਯੋਗਤਾਵਾਂ ਵਿੱਚ ਵਾਧਾ ਕਰਨਾ ਨਹੀਂ, ਸਗੋਂ ਵੱਧ ਤੋਂ ਵੱਧ ਲਾਭ ਕਮਾਉਣਾ ਹੈ। ਉਹ ਵਿੱਦਿਆਰਥੀਆਂ ਨੂੰ ਆਪਣਾ ਮਾਲ ਵੇਚਣ ਜਾਂ ਵਿੱਦਿਆ ਦੇਣ ਲਈ ਉਸ ਤਰ੍ਹਾਂ ਦੇ ਹੀ ਗਾਹਕ ਸਮਝਦੇ ਹਨ, ਜਿਸ ਤਰ੍ਹਾਂ ਹੋਰ ਵਸਤੂਆਂ ਦੇ ਗਾਹਕ।
    
ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਦੁਨੀਆਂ ਦੇ ਸਿਰਫ ਵਿਕਸਿਤ ਦੇਸ਼, ਜਿਵੇਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਸਪੇਨ ਆਦਿ ਤੋਂ ਹੀ ਇੱਥੇ ਆ ਕੇ ਵਿੱਦਿਆਰਥੀ ਦਾਖਲ ਕਰਨ ਲਈ ਇਸ਼ਤਿਹਾਰਬਾਜ਼ੀ ਕੀਤੀ ਗਈ। ਕਿਉਂ ਜੋ ਉਹ ਭਾਰਤ ਵਰਗੇ ਪਛੜੇ ਦੇਸ਼ਾਂ ਦੇ ਵਿੱਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝਦੇ ਹਨ ਕਿ ਇੱਥੋਂ ਦੇ ਵਿੱਦਿਆਰਥੀ ਵਿਕਸਤ ਦੇਸ਼ਾਂ ਵੱਲ ਜਾਣ ਦੀ ਵੱਡੀ ਰੁਚੀ ਰੱਖਦੇ ਹਨ, ਪਰ ਉਹ ਯੂਨੀਵਰਸਿਟੀਆਂ ਜਿੰਨ੍ਹਾਂ ਦਾ ਕਈਆਂ ਸਦੀਆਂ ਤੋਂ ਵਿੱਦਿਆ ਦੇ ਖੇਤਰ ਵਿੱਚ ਵੱਡਾ ਨਾਮ ਬਣ ਚੁੱਕਿਆ ਹੈ ਅਤੇ ਜਿਨ੍ਹਾਂ ਦੀ ਕੌਮਾਂਤਰੀ ਪੱਧਰ ’ਤੇ ਪਹਿਚਾਣ ਹੈ, ਜਿਵੇਂ ਇੰਗਲੈਂਡ ਦੀ ਆਕਸਫੋਰਡ, ਕੈਮਬਰਿਜ, ਅਮਰੀਕਾ ਦੀ ਬਰਕਲੇ, ਹਾਵਰਡ, ਜਰਮਨੀ ਦੀ ਫਰੈਕਫਰਟ, ਰੂਸ ਦੀ ਮਾਸਕੋ ਯੂਨੀਵਰਸਿਟੀ ਆਦਿ ਕਿਸੇ ਵੀ ਯੂਨੀਵਰਸਿਟੀ ਨੇ ਇਸ ਤਰ੍ਹਾਂ ਦੇ ਦਾਖ਼ਲੇ ਦੇ ਕੋਈ ਨਾ ਇਸ਼ਤਿਹਾਰ ਹੀ ਦਿੱਤੇ ਹਨ ਅਤੇ ਨਾ ਹੀ ਉਨ੍ਹਾਂ ਨੇ ਇੱਥੋਂ ਵਿੱਦਿਆਰਥੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਭਾਵੇਂ ਉਨ੍ਹਾਂ ਯੂਨਿਵਰਸਿਟੀਆਂ ਵਿੱਚ ਦੁਨੀਆਂ ਭਰ ਤੋਂ ਜਾ ਕੇ ਵਿੱਦਿਆਰਥੀ ਪੜ੍ਹਦੇ ਹਨ ਅਤੇ ਉਥੇ ਦਾਖਲਾ ਲੈਣਾ ਵੀ ਉਨ੍ਹਾਂ ਹੀ ਮੁਸ਼ਕਲ ਹੈ, ਜਿੰਨਾ ਪਹਿਲਾਂ ਹੁੰਦਾ ਸੀ, ਕਿਉਂ ਜੋ ਉਨ੍ਹਾਂ ਯੂਨੀਵਰਸਿਟੀਆਂ ਦੇ ਵਿੱਦਿਅਕ ਮਿਆਰ ਵਿੱਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਯੂਨੀਵਰਸਿਟੀਆਂ ਦੇ ਹੁਣ ਵੀ ਉਹੋ ਉਦੇਸ਼ ਚੰਗੀ ਅਤੇ ਮਿਆਰੀ ਵਿੱਦਿਆ ਦੇਣਾ ਹੈ, ਜਿਹੜਾ ਪਹਿਲਾਂ ਸੀ। ਇਸ ਲਈ ਉਹੋ ਜਿਹੀਆਂ ਯੂਨੀਵਰਸਿਟੀਆਂ ਦਾ ਭਾਰਤ ਵਿੱਚ ਆ ਕੇ ਹੋਟਲਾਂ ਵਿੱਚ ਵਿੱਦਿਆਰਥੀਆਂ ਨੂੰ ਬੁਲਾ ਕੇ  ਦਾਖ਼ਲਾ ਦੇਣ ਦੀ ਕੋਈ ਸੰਭਾਵਨੀ ਹੀ ਨਹੀਂ।
    
ਇਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਲੱਖਾਂ ਰੁਪਏ ਦਾਖਲਾ ਫੀਸ ਦੇਣੀ ਪੈਂਦੀ ਹੈ ਅਤੇ ਉੱਥੇ ਰਹਿਣ ਦੇ ਬਹੁਤ ਵੱਡੇ ਖ਼ਰਚੇ ਆਉਂਦੇ ਹਨ। ਇਨ੍ਹਾਂ ਯੂਨੀਵਰਸਿਟੀਆਂ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਉੱਥੇ ਜਾਣ ਵਾਲੇ ਵਿੱਦਿਆਰਥੀ ਬਾਹਰ ਕੰਮ ਕਰਕੇ ਆਪਣੇ ਖ਼ਰਚ ਪੂਰੇ ਕਰ ਸਕਦੇ ਹਨ। ਇਸ ਦੇ ਸਿੱਟੇ ਵਜੋਂ ਭਾਰਤ ਤੋਂ ਜਿਹੜੇ ਵਿੱਦਿਆਰਥੀ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਦਾਖ਼ਲ ਹੋ ਕੇ ਉੱਥੇ ਜਾਂਦੇ ਹਨ, ਉਹ ਉੱਥੇ ਪੱਕੇ ਰਹਿਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਵਿੱਚੋਂ ਜਿਆਦਾਤਰ ਵਿੱਅਿਾਰਥੀਆਂ ਦਾ ਉਦੇਸ਼ ਹੀ ਉੱਥੇ ਪੱਕਿਆਂ ਰਹਿਣ ਦਾ ਹੁੰਦਾ ਹੈ ਅਤੇ ਇਸ ਲਈ ਉਹ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਅਤੇ ਸਫ਼ਲ ਹੋਣ ਦੀ ਸੂਰਤ ਵਿੱਚ ਉਹ ਆਪਣੀ ਪੜ੍ਹਾਈ ਨੂੰ ਉੱਥੇ ਹੀ ਖ਼ਤਮ ਕਰ ਦਿੰਦੇ ਹਨ। ਅਸਲ ਵਿੱਚ ਅਜਿਹੀਆਂ ਯੂਨੀਵਰਸਿਟੀਅੰ ਜਿਨ੍ਹਾਂ ਦਾ ਉਦੇਸ਼ ਹੀ ਪੈਸਾ ਕਮਾਉਣਾ ਹੁੰਦਾ ਹੈ, ਉਨ੍ਹਾਂ ਦੇ ਦਾਖ਼ਲੇ ਦੇ ਆਧਾਰ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਹੁੰਦੀਆਂ ਹਨ। ਆਰਟਸ ਦੇ ਵਿੱਦਿਆਰਥੀਆਂ ਨੂੰ ਸਾਇੰਸ ਵਿੱਚ ਅਤੇ ਸਾਇੰਸ ਦੇ ਵਿੱਦਿਆਰਥੀਆਂ ਨੂੰ ਇੰਜੀਨੀਅਰਿੰਗ ਜਾਂ ਮੈਨੇਜਮੈਂਟ ਦੇ ਕੋਰਸਾਂ ਵਿੱਚ ਦਾਖਲਾ ਦਿੱਤਾ ਜਾਂਦਾ ਹੈ।
    
ਅੱਜ ਦੇ ਸੰਸਾਰੀਕਰਨ ਦੇ ਯੁੱਗ ਵਿੱਚ ਵਿੱਦਿਆ ਦਾ ਕੋਈ ਵੀ ਉਹ ਵਿਸ਼ਾ ਨਹੀਂ ਜਿਹੜਾ ਸਿਰਫ਼ ਇੱਕ ਹੀ ਦੇਸ਼ ਵਿੱਚ ਪੜ੍ਹਿਆ ਜਾਂਦਾ ਹੋਵੇ ਜਾਂ ਜਿਸ ਦੀ ਮੁਹਾਰਤ ਸਿਰਫ ਇੱਕ ਹੀ ਦੇਸ਼ ਜਾਂ ਇੱਕ ਹੀ ਕਾਲਜ ਜਾਂ ਯੂਨੀਵਰਸਿਟੀ ਕੋਲ ਹੋਵੇ। ਇੰਟਰਨੈੱਟ ਦੇ ਇਸ ਯੁੱਗ ਵਿੱਚ ਜਦੋਂ ਕਿ ਸੰਸਾਰ ਇੱਕ ਪਿੰਡ ਬਣ ਚੁੱਕਾ ਹੈ, ਹਰ ਦੇਸ਼ ਅਤੇ ਹਰ ਯੂਨੀਵਰਸਿਟੀ ਹਰ ਉਹ ਵਿਸ਼ਾ ਸ਼ੁਰੂ ਕਰ ਸਕਦੀ ਹੈ, ਜਿਸ ਦਾ ਉਸ ਕੋਲ ਲੋੜੀਂਦਾ ਢਾਂਚਾ ਉਪਲੱਬਧ ਹੋਵੇ। ਭਾਰਤ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਆਈਆਈਟੀ ਰੁੜਕੀ, ਦਿੱਲੀ, ਕਾਨਪੁਰ, ਮੈਨੇਜ਼ਮੈਂਟ ਦੀਅੰ ਬੰਗਲੌਰ ਅਤੇ ਹੈਦਰਾਬਾਦ ਦੀ ਸੰਸਥਾ, ਦਿੱਲੀ ਦੀ ਡਾਕਟਰੀ ਵਿੱਦਿਆ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਆਦਿ ਦੁਨੀਆਂ ਭਰ ਦੀਆਂ ਸੰਸਥਾਵਾਂ ਅਤੇ ਯੂਨੀਵਰਸਿਟੀਅੰ ਦੇ ਬਰਾਬਰ ਵਿੱਦਿਆ ਦੇਣ ਵਿੱਚ ਸਮਰੱਥ ਹਨ। ਇਨ੍ਹਾਂ ਵਕਾਰੀ ਸੰਸਥਾਵਾਂ ਵੱਲੋਂ ਦਾਖ਼ਲੇ ਲਈ ਖਾਸ ਮਿਆਰ ਅਪਣਾਏ ਜਾਂਦੇ ਹਨ ਅਤੇ ਉਹ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਦਾਖ਼ਲਾ ਸੰਭਵ ਹੋ ਸਕਦਾ ਹੈ, ਜਿਸ ਤਰ੍ਹਾਂ ਦੀ ਵਿੱਦਿਆ ਲਈ ਭਾਰਤ ਦੇ ਵਿੱਦਿਆਰਥੀ ਲੱਖਾਂ ਰੁਪਏ ਖ਼ਰਚ ਕਰਕੇ ਵਿਕਸਤ ਦੇਸ਼ਾਂ ਵਿੱਚ ਜਾ ਕੇ ਦਾਖ਼ਲਾ ਲੈਂਦੇ ਹਨ ਅਤੇ ਰਹਿੰਦੇ ਹਨ, ਉਹ ਸਭ ਕੁਝ ਭਾਰਤ ਵਿੱਚ ਹੀ ਉਪਲੱਬਧ ਹੈ।
    
ਵਿੱਦਿਆ ਪ੍ਰਦਾਨ ਕਰਨਾ ਸਰਕਾਰ ਦੇ ਮੁੱਢਲੇ ਫ਼ਰਜ਼ਾਂ ਵਿੱਚੋਂ ਇੱਕ ਹੈ। ਇਸ ’ਤੇ ਮਨੁੱਖੀ ਸਾਧਨਾਂ ਦਾ ਵਿਕਾਸ ਨਿਰਭਰ ਕਰਦਾ ਹੈ। ਬੇਸ਼ੱਕ ਸੰਸਾਰੀਕਰਨ ਦੇ ਇਸ ਯੁੱਗ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਵਿੱਦਿਆਰਥੀ ਦਾਖ਼ਲ ਕਰਨ ’ਤੇ ਕੋਈ ਰੁਕਾਵਟ ਨਹੀਂ, ਪਰ ਪਰ ਵਿੱਦਿਆਰਥੀਆਂ ਨੂੰ ਇਸ ਸੰਬੰਧੀ ਸੁਚੇਤ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖ਼ਲ ਹੋਣ ਦਾ ਕੀ ਉਦੇਸ਼ ਹੈ। ਜੇ ਉਸ ਤਰ੍ਹਾਂ ਦੀ ਹੀ ਵਿੱਦਿਆ, ਕਿਤੇ ਘੱਟ ਫੀਸ ਅਤੇ ਖਰਚ ’ਤੇ ਮਿਲ ਸਕਦੀ ਹੈ ਤਾਂ ਫਿਰ ਲੱਖਾਂ ਰੁਪਏ ਖਰਚ ਕਰਕੇ ਉੱਥੇ ਜਾਣ ਦੀ ਕੀ ਤੁੱਕ ਹੈ। ਸਰਕਾਰ ਅਤੇ ਯੂਨੀਵਰਸਿਟੀਆਂ ਵੱਲੋਂ ਆਪਣੇ ਦੇਸ਼ ਵਿੱਦਿਆਰਥੀਆਂ ਨੂੰ ਭਾਰਤ ਵਿੱਚ ਹਰ ਤਰ੍ਹਾਂ ਦੀ ਮਿਲ ਸਕਦੀ ਮਿਆਰੀ ਸਿੱਖਿਆ ਬਾਰੇ ਸੁਚੇਤ ਕਰਨਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।
    
ਪਿਛਲੇ ਤਕਰੀਬਨ 20 ਸਾਲ ਤੋਂ ਵਿਦੇਸ਼ੀ ਯੂਨੀਵਰਸਿਟੀਆਂ ਵੱਲੋਂ ਦਿੱਤੇ ਜਾਣ ਵਾਲੇ ਦਾਖ਼ਲੇ ਸੰਬੰਧੀ ਹੁਣ ਤੱਕ ਲੇਖਾ-ਜੋਖਾ ਕਰੀਏ ਤਾਂ ਇਸ ਤਰ੍ਹਾਂ ਦੇ ਸਿੱਟੇ ਸਾਹਮਣੇ ਨਹੀਂ ਆਏ ਕਿ ਵੱਡੀ ਮਾਤਰਾ ਵਿੱਚ ਭਾਰਤੀ ਵਿੱਦਿਆਰਥੀ ਆਪਣੀ ਵਿਦੇਸ਼ੀ ਵਿੱਦਿਆ ਪੂਰੀ ਕਰਕੇ ਵਿਸ਼ੇਸ਼ ਯੋਗਤਾਵਾਂ ਵਾਲੇ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹੋਣ, ਹਾਂ ਜ਼ਿਆਦਾਤਰ ਉਹ ਵਿੱਦਿਆਰਥੀ ਉਨ੍ਹਾਂ ਦੇਸ਼ਾਂ ਵਿੱਚ ਸਥਾਪਤ ਹੋਣ ਵਿੱਚ ਸਫ਼ਲ ਜ਼ਰੂਰ ਹੋਏ ਹਨ। ਆਪਣੀਆਂ ਪਿਛਲੀਆਂ ਯੋਗਤਾਵਾਂ ਜਿਵੇਂ ਪ੍ਰੋਫੈਸਰ, ਇੰਜੀਨੀਅਰ ਅਤੇ ਇੱਥੋਂ ਤੱਕ ਡਾਕਟਰਾਂ ਨੇ ਵੀ ਬਾਹਰ ਜਾ ਕੇ ਆਪਣੇ ਪੇਸ਼ੇ ਤੋਂ ਵੱਖਰੇ ਕੰਮ ਕੀਤੇ ਹਨ। ਸਰਕਾਰ, ਯੂਨੀਵਰਸਿਟੀਆਂ, ਰੁਜ਼ਗਾਰ ਵਿਭਾਗ ਅਤੇ ਹੋਰ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਵਿੱਦਿਆਰਥੀਆਂ ਦੀ ਕੱਚੀ ਉਮਰ ਅਤੇ ਮਾਨਸਿਕਤਾ ਕਰਕੇ ਉਨ੍ਹਾਂ ਨੂੰ ਇਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਬਾਰੇ ਸੁਚੇਤ ਕੀਤਾ ਜਾਵੇ।

Comments

Pooran Punjabi

Saareyan de parhanjog lekh

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ