Thu, 12 September 2024
Your Visitor Number :-   7220775
SuhisaverSuhisaver Suhisaver

ਅੱਜ ਤੋਂ ਵੀਹ ਸਾਲ ਪਹਿਲਾਂ ਇੰਝ ਡੁੱਬੀ ਸੀ ਪੰਜਾਬ ਦੀ ਜਵਾਨੀ - ਸੁੱਚਾ ਸਿੰਘ ਨਰ

Posted on:- 25-12-2016

24 ਦਸੰਬਰ 1996 ਦੀ ਰਾਤ ਨੂੰ ਸਾਰੇ ਸੰਸਾਰ ਵਿੱਚ ਕ੍ਰਿਸਮਿਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ । ਇੱਕ ਦੂਜੇ ਨੂੰ ਮਿੱਤਰ, ਸੁਨੇਹੀ 'ਤੇ ਰਿਸ਼ਤੇਦਾਰ ਕ੍ਰਿਸਮਿਸ ਦੀਆਂ ਵਧਾਈਆਂ ਦੇ ਰਹੇ ਸਨ । ਸਾਰੇ ਸੰਸਾਰ ਵਿੱਚ ਇਨ੍ਹਾਂ ਛੁੱਟੀਆਂ ਦਾ ਅਨੰਦ ਮਾਣਿਆ ਜਾ ਰਿਹਾ ਸੀ । ਪਰ ਭਾਰਤ ਖ਼ਾਸ ਕਰ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਆਪਣੇ ਵਿਦੇਸ਼ ਭੇਜੇ ਜਿਗਰ ਦੇ ਟੋਟਿਆਂ ਦਾ ਕੋਈ ਥਹੁ ਪਤਾ ਨਾ ਲੱਗਣ ਕਰਕੇ ਵਿੱਚੋ-ਵਿੱਚ ਦਬੜੂ-ਘੁਸੜੂ ਹੋਈ ਬੈਠੇ ਸਨ । ਉਹ ਕਿਸੇ ਨਾਲ ਗੱਲ ਕਰਨ ਜੋਗੇ ਵੀ ਨਹੀਂ ਸਨ, ਕਿਉਂਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਵਿਦੇਸ਼ ਸ਼ਰੀਕਾਂ ਤੋਂ ਚੋਰੀ ਭੇਜਿਆ ਸੀ 'ਤੇ ਹੁਣ ਧੁਰ ਪਹੁੰਚਿਆਂ ਦੀਆਂ ਚਿੱਠੀਆਂ 'ਤੇ ਫੋਨ ਉਡੀਕ ਰਹੇ ਸਨ ।                     
                                   
ਪਰ ਉਹ ਇਸ ਸਭ ਕਾਸੇ ਤੋਂ ਅਣਜਾਣ ਸਨ ਕਿ ਉਨ੍ਹਾਂ ਦੇ ਜਿਗਰ ਦੇ ਟੋਟੇ ਆਪ ਭੁੱਖੇ ਰਹਿ ਰਹਿਕੇ  ਤੰਗੀਆਂ ਤੁਰਸ਼ੀਆਂ ਕੱਟ  ਕੱਟਕੇ ਪਾਲ਼ੇ ਪੁੱਤਰ ਤਾਂ 24-25 ਦਸੰਬਰ ਦੀ ਮਨਹੂਸ ਰਾਤ ਨੂੰ ਗਰੀਸ ਤੋਂ ਚੋਰੀ ਇਟਲੀ ਨੂੰ ਲਿਜਾਂਦਿਆਂ ਭਿਆਨਕ ਹਾਦਸੇ ਦਾ ਸ਼ਿਕਾਰ ਹੋਕੇ ਮੁੜ ਕਦੇ ਵੀ ਨਾ ਵਤਨ ਪਰਤਣ ਲਈ ਕੁਦਰਤ ਰਾਣੀ ਦੀ ਗੋਦ ਵਿੱਚ ਜਾ ਬਿਰਾਜੇ ਹਨ । ਇਨ੍ਹਾਂ ਸਤਰਾਂ ਦਾ ਛੋਟਾ ਵੀਰ ਜੋ ਕਿ ਦਸੰਬਰ ਵਿੱਚ ਦਿੱਲੀ ਤੋਂ ਸਾਈਪ੍ਰਸ ( ਇਟਲੀ ਨੇੜੇ ਟਾਪੂ ) ਨੂੰ ਫਲਾਈਟ ਕਰ ਗਿਆ ਸੀ ; ਦੇ ਇਟਲੀ ਪਹੁੰਚਣ ਦਾ ਵੀ ਕੁੱਝ ਥਹੁ ਪਤਾ ਨਹੀਂ ਸੀ ਲੱਗ ਰਿਹਾ ।

5 ਜਨਵਰੀ ਨੂੰ ਦੁਪਿਹਰ ਜਦੋਂ ਮੈਂ ਕੰਮ ਤੋਂ ਆਇਆ ਤਾਂ ਰੋਟੀ ਖਾਣ ਤੋਂ ਬਾਦ ਪਤਨੀ ਨੇ ਦੱਸਿਆ ਕਿ ਇੰਡੀਆ ਤੋਂ ਸਤਨਾਮ ( ਛੋਟਾ ਭਰਾ ) ਦਾ ਗੋਲੇਵਾਲ ਤੋਂ ਫੋਨ ਆਇਆ ਹੈ ਨਾਲ਼ੇ ਫੋਨ ਨੰਬਰ ਲਿਖਾਇਆ ਹੈ । ਬਹੁਤ ਓਦਰਿਆ ਹੋਇਆ ਸੀ ਕਹਿੰਦਾ  ਸ਼ਿੰਦੇ ( ਸੁਰਿੰਦਰ ਮੰਗੂਵਾਲ ) ਦਾ ਕੁੱਝ ਪਤਾ ਨਹੀਂ ਲੱਗਦਾ । ਕੁੱਝ ਮੁੰਡੇ ਠੰਡ ਨਾਲ਼ ਮਾਰੇ ਗਏ ਹਨ  ਗਰੀਸ ਵਿੱਚ, ਸ਼ਾਇਦ ਉੁਹ ਵੀ ਉਨ੍ਹਾਂ ਵਿੱਚ ਹੀ ਸੀ । ਮੈਂ ਉਸੇ ਵੇਲੇ ਗੋਲੇਵਾਲ ( ਗੜ੍ਹਸ਼ੰਕਰ ਨੇੜੇ ) ਫੋਨ ਕੀਤਾ । ਉਨ੍ਹਾਂ ਕਿਹਾ ਸਾਡੇ ਮੁੰਡੇ ਦਾ ਪਤਾ ਤਾਂ ਲੱਗ ਗਿਆ, ਉਹ ਪੂਰਾ ਹੋ ਗਿਆ ਹੈ । ਇੱਕ ਅਲੀਪੁਰ ਦਾ ਮੁੰਡਾ 'ਤੇ ਸ਼ਿੰਦੇ ਬਾਰੇ ਹਾਲੇ ਏਜੰਟ ਕੁੱਝ ਵੀ ਨਹੀਂ ਦੱਸਦਾ । ਅਸੀਂ ਏਜੰਟ ਕੋਲ਼ ਲਗਾਤਾਰ ਜਾ ਰਹੇ ਹਾਂ ।

ਫਿਰ ਦੂਸਰੇ ਦਿੱਨ ਰਾਤ ਨੂੰ 9 ਵਜੇ (ਇੰਗਲੈਂਡ ਦੇ 8 ਵਜੇ ) ਦੀਆਂ ਖ਼ਬਰਾਂ ਵਿੱਚ ਜ਼ੀ ਟੀ ਵਾਲ਼ਿਆਂ 280 ਬੰਦਿਆਂ ਦੇ ਗਰੀਸ 'ਤੇ ਇਟਲੀ ਵਿਚਕਾਰ ਦੋਂਹ ਸ਼ਿਪਾਂ ਦੇ ਆਪਸ ਵਿੱਚ ਟਕਰਾਉਣ ਨਾਲ਼ ਮਾਰੇ ਜਾਣ ਦੀ ਖ਼ਬਰ ਦਿੱਤੀ । ਉਨ੍ਹਾਂ ਕੁੱਝ ਪੰਜਾਬੀ ਬੰਦਿਆਂ ਦੀ ਫੋਟੋ ਵੀ ਦਿੱਤੀ , ਜੋ ਉਸ ਖੂਨੀ ਕਿਸ਼ਤੀ ਵਿੱਚੋਂ ਬਚ ਨਿੱਕਲੇ ਸਨ ।
ਮਨ ਨੂੰ ਅੱਚੋਤਾਈ ਲੱਗ ਗਈ ਇਸ ਖ਼ਬਰ ਦੀ ਪੁਸ਼ਟੀ  ਕਰਨ ਦੀ ਅਤੇ ਆਪਣੇ ਵੀਰ ਦਾ ਥਹੁ ਪਤਾ ਕਰਨ ਦੀ । ਗਰੀਸ ਵਿੱਚ ਰਹਿੰਦੀ ਆਪਣੀ ਪਤਨੀ ਦੀ ਸਹੇਲੀ ਸੁਮਨ ਨੂੰ ਫੋਨ ਕੀਤਾ ਤਾਂ ਉਸਨੇ ਵੀ ਇਹੀ ਦੱਸਿਆ ਜੋ ਜ਼ੀ ਟੀ ਵੀ ਨੇ ਖ਼ਬਰ ਦਿੱਤੀ ਸੀ । ਦੂਜੇ ਦਿੱਨ ਸੁਮਨ ਨੂੰ ਕਿਸੇ ਨੇ ਗੁਰਦੀਪ ਸਿੰਘ ਬਾਰੇ, ਜੋ ਕਿ ਕਿਸੇ ਤਰ੍ਹਾਂ ਰੱਸੇ ਨੂੰ ਫੜ੍ਹ ਕੇ ਬਾਹਰ ਸ਼ਿਪ ਵਿੱਚ ਚੜ੍ਹਨ ਕਰਕੇ ਬਚਣ ਵਿੱਚ ਕਾਮਯਾਬ ਹੋ ਗਿਆ ਸੀ ਦੱਸਿਆ । ਸੁਮਨ ਨੇ ਆਪਣੇ ਪਤੀ ਨੂੰ ਉਸ ਕੋਲੋਂ ਸਿੰਦੇ ਮੰਗੂਵਾਲ ਦਾ ਪਤਾ ਕਰਨ ਲਈ ਭੇਜਿਆ । ਪਰ ਗਰਦੀਪ ਏਨਾਂ ਡਰਿਆ ਹੋਇਆ ਸੀ ਕਿ ਉਹ ਕਦੇ ਕੁੱਝ ਬੋਲ ਦਿੰਦਾ ਸੀ ਤੇ ਕਦੇ ਕੁੱਝ । ਕਦੇ ਪਹਿਲਾਂ ਕਹੀ ਹੋਈ ਗੱਲ ਤੋਂ ਮੁੱਕਰ ਜਾਂਦਾ ਸੀ ਤੇ ਕਦੇ ਕੋਈ ਨਵੀਂ ਗੱਲ ਦੱਸ ਦਿੰਦਾ ਸੀ । ਫਿਰ ਉਸ ਨੇ ਦੱਸਿਆ ਕਿ ਸੁਰਿੰਦਰ ਮੁੰਡਾ ਸੀ ਇੱਕ, ਬੰਗਿਆਂ ਕੋਲ ਦਾ, ਸ਼ਾਇਦ ਉਹੀ ਹੋਵੇ, ਉਹ ਰਾਮ ਲਾਲ ਨਾਂ ਦੇ ਮੁੰਡੇ ਕੋਲ ਰਹਿੰਦਾ ਹੈ ਕੋਈ ਤਿੰਨ ਮਹੀਨੇ ਤੋਂ ਉਹ ਇਕੱਠੇ ਹੀ ਰਹਿ ਰਹੇ ਹਨ । ਮੇਰੇ ਦਿੱਲ ਨੂੰ ਇਹ ਗੱਲ ਨਾ ਲੱਗੀ ਕਿਉਂਕਿ ਸ਼ਿੰਦਾ ਤਾਂ ਸਿਰਫ ਇੱਕ ਮਹੀਨਾ ਪਹਿਲਾਂ ਹੀ ਇੰਡੀਆ ਤੋਂ ਤੁਰਿਆ ਸੀ ।
ਅਗਲੇ ਦਿੱਨ ਸੁਮਨ ਨੇ ਸਾਨੂੰ ਇਹ ਮੁੰਡਾ ਗੁਰਦੀਪ ਸਿੰਘ ਜੋ ਕਿ ਕੁਰਾਲੀ ਦਾ ਰਹਿਣ ਵਾਲਾ ਹੈ, ਜਿੱਥੇ ਠਹਿਰਿਆ ਸੀ ਉੱਥੇ ਦਾ ਫੋਨ ਨੰਬਰ ਤੇ ਇੱਕ ਸ: ਅਲੋਕ ਸਿੰਘ ਜੋ ਕਿ ਉੱਥੇ ਦੀ ਕਮੇਟੀ ਦਾ ਪ੍ਰਧਾਨ ਹੈ, ਸ਼ਾਇਦ ਉਸ ਦਾ ਫੋਨ ਨੰਬਰ ਦਿੱਤਾ ਤੇ ਨਾਲ ਹੀ ਇਹ ਵੀ ਦੱਸਿਆ ਕਿ ਇੱਥੇ ਜੋ ਮੁੰਡੇ ਬਚੇ ਹਨ ਜਾਂ ਮਾਰੇ ਗਏ ਹਨ, ਉਨਾਂ ਦੀ ਦੇਖ-ਰੇਖ ਕਰਨ ਲਈ ਇਹ ਕਮੇਟੀ ਬਣਾਈ ਗਈ ਹੈ ਤਾਂ ਕਿ ਕਮੇਟੀ ਦਾ ਪ੍ਰਧਾਨ ਜੇਲ੍ਹ ਵਿੱਚ ਜਾ ਕੇ ਵੀ ਨਾਵਾਂ ਦੀ ਸੂਚੀ ਤੇ ਹੋਰ ਮਿਲੀ ਜਾਣਕਾਰੀ ਬਾਹਰ ਦੇ ਸਕੇ ।
ਉਸ ਫੋਨ ਨੰਬਰ 'ਤੇ ਮੇਰੀ ਪਤਨੀ ਨੇ ਫੋਨ ਕੀਤਾ ਤਾਂ ਉਨ੍ਹਾਂ ਅੱਗੋਂ ਸ਼ਿੰਦੇ ਦੀ ਉਸ ਕਿਸ਼ਤੀ ਵਿੱਚ ਡੁੱਬ ਕੇ ਮਰ ਜਾਣ ਦੀ ਪੁਸ਼ਟੀ ਕਰ ਦਿੱਤੀ । ਰਾਤ ਜਦੋਂ ਮੈਂ ਕੰਮ ਤੋਂ ਅਇਆ ਤਾਂ ਅੱਗੋਂ ਪਤਨੀ ਦੀਆਂ ਸਿਸਕੀਆਂ ਦੀ ਅਵਾਜ਼ ਆਈ, ਉਹ ਪੁੱਛਣ ਤੇ ਵੀ ਕੁੱਝ ਨਹੀਂ ਸੀ ਦੱਸ ਰਹੀ ਪਰ ਰੋਈ ਜਾ ਰਹੀ ਸੀ । ਫਿਰ ਹੌਲੀ ਹੌਲੀ ਕਮੇਟੀ ਦੇ ਪ੍ਰਧਾਨ ਵਲੋਂ ਸਾਰੀ ਦੱਸੀ ਗੱਲ ਦੱਸ ਦਿੱਤੀ ।

ਮੈਂ ਸਵੇਰੇ ਉੱਠ ਕੇ ਪਹਿਲਾਂ ਸ਼ਿੰਦੇ ਦੇ ਏਜੰਟ ਫਿਲੌਰ ਨੇੜੇ ਅੱਪਰੇ ਕੋਲ ਗੜ੍ਹੀ ਮਹਾਂ ਸਿੰਘ ਦੇ ਸੋਹਣ ਸਿੰਘ ਨੂੰ ਫੋਨ ਕੀਤਾ ਕਿ," ਮੈਂ ਸ਼ਿੰਦੇ ਮੰਗੂਵਾਲ ਦਾ ਵੱਡਾ ਭਰਾ ਜਰਮਨ ਤੋਂ ਬੋਲ ਰਿਹਾ ਹਾਂ । ਤੁਸੀਂ ਘਰ ਦਿਆਂ ਨੂੰ ਉਸ ਦੇ ਬਚਣ ਜਾਂ ਨਾ ਬਚਣ ਬਾਰੇ ਕਿਉਂ ਨਹੀਂ ਦੱਸਦੇ ?'' ਤਾਂ ਉਹ ਅੱਗਿਓਂ ਬੋਲਿਆ ," ਮੁੰਡੇ ਠੀਕ ਠਾਕ ਹਨ,ਦੋ ਸੌ ਬੰਦਾ ਇਟਲੀ ਜੇਲ੍ਹ ਵਿੱਚ ਹੈ । ਬਾਰਾਂ ਬੰਦੇ ਹੋਰ ਗਰੀਸ ਵਿੱਚ ਲੱਭ ਪਏ ਹਨ ।'' ਮੈਂ ਕਿਹਾ ," ਉਹ ਤਾਂ ਉਸ ਡੁੱਬਣ ਵਾਲੀ ਕਿਸ਼ਤੀ ਵਿੱਚ ਹੀ ਸੀ ਮੈਂ ਗਰੀਸ ਤੋਂ ਪਤਾ ਕੀਤਾ ਹੈ ਨਾਲ਼ੇ ਜ਼ੀ ਟੀ ਵੀ 'ਤੇ ਖਬ਼ਰ ਆਈ ਹੈ ਇੰਗਲੈਂਡ ਤੋਂ ਕਿ ਦੋ ਸੌ ਅੱਸੀ ਬੰਦੇ ਮਾਰੇ ਗਏ ਹਨ ।'' ਉਹ ਅੱਗਿਓਂ ਔਖਾ ਭਾਰਾ ਹੋ ਕੇ ਬੋਲਿਆ," ਐਵੀਂ ਕਿਸੇ ਨੇ ਜ਼ੀ ਟੀ ਵੀ ਵਾਲਿਆਂ ਨੂੰ ਫੋਨ ਕਰ ਦਿੱਤਾ ਹੋਣਾ ਤੁਸੀਂ ਚਾਰ ਪੰਜ ਦਿਨਾਂਹ ਬਾਦ ਫੋਨ ਕਰਿਓ ।''
             
ਉਸ ਵਕ਼ਤ ਹੀ ਮੈਂ ਫਿਰ ਗਰੀਸ ਨੂੰ ਸ: ਅਲੋਕ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਝੱਟ ਹੀ ਕਹਿ ਦਿੱਤਾ," ਰਾਤੀਂ ਮੈਂ ਤੁਹਾਡੀ ਪਤਨੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ ।'' " ਮੈਂ ਕਿਹਾ ਕਿ ਮੈਂ ਹੋਰ ਪਤਾ ਕਰਨਾ ਚਹੁੰਦਾ ਹਾਂ ।''ਤਾਂ ਉਨ੍ਹਾਂ ਭਰੇ ਹੋਏ ਗਲ਼ੇ ਨਾਲ ਦੁੱਖੀ ਲਹਿਜੇ ਵਿੱਚ ਕਿਹਾ," ਕਿ ਵੀਰ ਕਹਿਣ ਨੂੰ ਤਾਂ ਦਿੱਲ ਨਹੀਂ ਕਰਦਾ,ਨੁਕਸਾਨ ਬਹੁਤ ਹੋ ਗਿਆ ਹ," ਕਿ ਵੀਰ ਕਹਿਣ ਨੂੰ ਤਾਂ ਦਿੱਲ ਨਹੀਂ ਕਰਦਾ,ਨੁਕਸਾਨ ਬਹੁਤ ਹੋ ਗਿਆ ਹੈ, ਪੰਜਾਬੀ ਮੁੰਡੇ 166 ਦੇ ਕਰੀਬ ਮਾਰੇ ਗਏ ਹਨ । ਪਰ ਜੇ ਹੁਣ ਅਸੀਂ ਨਾ ਦੱਸੀਏ ਤਾਂ ਤੁਹਾਨੂੰ ਪਤਾ ਕਿਥੋਂ ਲੱਗੇਗਾ ? ਤੁਹਾਡਾ ਭਰਾ ਸੁਰਿੰਦਰ ਸਿੰਘ ਵੀ ਉਨ੍ਹਾਂ ਕਿਸ਼ਤੀ ਵਿੱਚ ਡੁੱਬਣ ਵਾਲਿਆਂ ਵਿੱਚ ਹੀ ਸੀ ।'' “ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਫਿਰ ਵੀ ਸਾਰੀ ਜਾਣਕਾਰੀ ਲੈਣੀ ਚਹੁੰਦਾ ਹਾਂ । ਉਨ੍ਹਾਂ ਕਿਹਾ ਕਿ ਤੁਸੀਂ ਫੇਰ ਫੋਨ ਕਰ ਲੈਣਾ ਮੈਂ ਇਸ ਵੇਲੇ ਘਰ ਹੀ ਹੁੰਦਾ ਹਾਂ,ਇੱਕ ਘੰਟੇ ਦੀ ਰਿਸਟ ਹੁੰਦੀ ਹੈ ਮੈਂਨੂੰ ਕੰਮ ਤੋਂ ।
ਇੰਡੀਆ ਤੋਂ ਫੋਨ ਕਰਨ ਕਰਾਉਣ ਦਾ ਤਾਂਤਾ ਬੱਝ ਗਿਆ । ਛੋਟੇ ਭਰਾ ਨਾਲ ਗੱਲ ਹੋਈ, ਜਦ ਪਿਤਾ ਜੀ ਨਾਲ ਗੱਲ ਕਰਨ ਲੱਗਾ ਤਾਂ ਉਹ ਇੱਕ ਦਮ ਰੋਣ ਲੱਗ ਪਏ ਉਨ੍ਹਾਂ ਇੰਨਾ ਹੀ ਕਿਹਾ ਕਿ । " ਸੁੱਚੇ ਮੈਂ ਪੰਜ ਦਿੱਨ੍ਹਾਂ ਤੋਂ ਰੋਟੀ ਵੀ ਨਹੀਂ ਖਾਧੀ ।''ਮੈਂ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣਾ ਚਹੁੰਦਾ ਸੀ । ਮੈਨੂੰ ਸਾਡੇ ਪਿੰਡ ਦੇ ਮੁੰਡੇ ਨੇ ਜੋ ਕਿ ਗਰੀਸ ਵਿੱਚ ਰਹਿ ਰਿਹਾ ਹੈ ; ਨੇ ਇਸ ਸਾਰੀ  ਘਟਨਾ ਵਾਰੇ ਦੱਸਿਆ ਕਿ ਗੁਰਦੀਪ ਅਜੇ ਵੀ ਬੜਾ ਹੀ ਸਹਿਮਿਆ ਹੋਇਆ ਹੈ । ਉਹ ਆਪ ਤਾਂ ਇਸ ਡੁੱਬ ਰਹੀ ਕਿਸ਼ਤੀ ਵਿੱਚੋਂ ਰੱਸਾ ਫੜ੍ਹ ਕੇ ਬਚ ਕੇ ਨਿੱਕਲ ਆਇਆ ਹੈ ਪਰ ਆਪਣਾ ਸਕਾ ਭਣੋਈਆ ਅਤੇ ਸਕਾ ਭਤੀਜਾ ਆਪਣੇ ਸਾਹਮਣੇ ਹੀ ਡੁੱਬਦੀ ਕਿਸ਼ਤੀ ਵਿੱਚ ਆਪਣੀ ਜਾਨ ਬਚਾਉਂਦਾ ਛੱਡ ਅਇਆ ਸਾਰੀ ਜ਼ਿੰਦਗੀ ਤੜਪਣ ਲਈ ।
           
ਮੈਂ ਉਸ ਨਾਲ 14 ਜਨਵਰੀ ਮੰਗਲਵਾਰ ਗੱਲ ਕਰਨ ਲਈ ਫੋਨ ਕੀਤਾ , ਤਾਂ ਉੱਥੇ ਕੋਈ ਹੋਰ ਪੰਜਾਬੀ ਨੌਜਵਾਨ ਸੀ ਤਾਂ ਉਸ ਨੇ ਦੱਸਿਆ ਕਿ ਗੁਰਦੀਪ ਬਾਹਰ ਗਿਆ ਹੋਇਆ ਹੈ । ਮੈਂ ਸ਼ਾਮੀਂ ਜਰਮਨ ਦੇ 7 ਕੁ ਵਜੇ ਫੇਰ ਫੋਨ ਕੀਤਾ ਤਾਂ ਅੱਗਿਓਂ ਕਿਸੇ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਗੁਰਦੀਪ ਕਿਤੇ ਬਾਹਰ ਚਲਾ ਗਿਆ ਹੈ,ਤੁਸੀਂ ਸਵੇਰੇ ਨੌਂ ਕੁ ਵਜੇ ਫੋਨ ਕਰਿਓ । ਮੈਂ ਕਿਹਾ ਕਿ ਮੇਰੀ ਕਿਸੇ ਪੰਜਾਬੀ ਨਾਲ ਗੱਲ ਕਰਾ ਦਿਓ ।'' ਉਸ ਨੇ ਇੱਕ ਪੰਜਾਬੀ ਨੌਜਵਾਨ ਸੱਦਿਆ ਜਿਸ ਨਾਲ ਮੇਰੀ ਗੱਲ ਇਸ ਤਰਾਂ ਹੋਈ, ਮੈਂ ਕਿਹਾ, “ਭਾ ਜੀ ਮੈਨ ਜਰਮਨ ਤੋਂ ਸੁੱਚਾ ਸਿੰਘ ਫੋਨ ਕਰਦਾਂ ਹਾਂ, ਜਿਹੜੇ ਮੁੰਡੇ ਕਿਸ਼ਤੀ ਵਿੱਚ ਡੁੱਬੇ ਹਨ ਉਨ੍ਹਾਂ ਵਿੱਚ ਮੇਰਾ ਛੋਟਾ ਭਰਾ ਸੁਰਿੰਦਰ ਮੰਗੂਵਾਲ ਵੀ ਸੀ ਬੰਗਿਆਂ ਦੇ ਕੋ਼ਲ ਦਾ । ਮੈਂ ਇੱਕ ਪੰਜਾਬੀ ਲਿਖਾਰੀ ਹਾਂ ਇਸ ਕਰਕੇ ਮੈਨੂੰ ਇਸ ਘਟਨਾ ਵਾਰੇ ਪੂਰੀ ਜਾਣਕਾਰੀ ਚਾਹੀਦੀ ਹੈ । ਡੁੱਬ ਗਏ ਮੁੰਡਿਆਂ ਵਾਰੇ ਮੈਂ ਇੱਕ ਗੀਤ ਵੀ ਲਿਖਿਆ ਹੈ । ਉਸ ਨੇ ਅੱਗੋਂ ਕਿਹਾ, "ਅੱਛਾ ਜੀ । ਅਸੀਂ ਇੱਕ ਫੋਨ ਲਿਖਾਉਂਦੇ ਹਾਂ, ਇਸ ਫੋਨ 'ਤੇ ਸੁਰਿੰਦਰ ਸਿੰਘ ਰਹਿ ਰਿਹਾ ਹੈ, ਇਹ ਫੋਨ --- ਸਿੰਘ ਦਾ ਹੈ ਸ਼ਾਇਦ ਆਪ ਨੂੰ ਇੱਥੋਂ ਜਾਣਕਾਰੀ ਮਿਲ ਸਕੇ । ਕੀ ਤੁਹਾਡੇ ਕੋਲ ਟਾਇਮ ਹੈ ਥੋੜ੍ਹੀ ਜਿਹੀ ਵਿਸਥਾਰ ਨਾਲ ਗੱਲ ਕਰਨ ਲਈ ?'' "ਹਾਂ ਜੀ ਹੈਗਾ,ਤੁਸੀਂ ਪੁੱਛੋ ਜੋ ਕੁੱਝ ਪੁੱਛਣਾ ।'' ਉਸ ਨੌਜਵਾਨ ਨੇ ਬੜ੍ਹੇ ਹੀ ਇਤਮੀਨਾਨ ਨਾਲ ਜਵਾਬ ਦਿੱਤਾ । ਨੌਜਵਾਨ ਕਈ ਵਾਰ ਫੋਨ 'ਤੇ ਰੁਕ ਜਾਂਦਾ ਸੀ, ਮੈਨੂੰ ਲੱਗਾ ਕਿ ਗੁਰਦੀਪ ਸਿੰਘ ਵੀ ਉੱਥੇ ਹੀ ਮੌਜੂਦ ਹੈ । ਪਰ ਡਰਿਆ ਹੋਣ ਕਰਕੇ ਬਾਹਰਲੇ ਬੰਦੇ ਨਾਲ ਗੱਲ ਨਹੀਂ ਸੀ ਕਰ ਰਿਹਾ । ਖੈਰ ਮੈਂ ਉਸ ਨੌਜਵਾਨ ਨਾਲ ਗੱਲ ਜਾਰੀ ਰੱਖੀ ।
ਸਵਾਲ ? "ਤੁਸੀਂ ਦੱਸੋਗੇ ਕਿ ਘਟਨਾ ਕਿੰਨੀ ਤਰੀਕ ਨੂੰ ਕਿੰਨੇ ਕੁ ਵਜੇ ਹੋਈ ? ਜਵਾਬ - ਜੀ ਇਹ ਘਟਨਾ 24 - 25 ਤਰੀਕ ਨੂੰ ਰਾਤ ਦੋ ਕੁ ਵਜੇ ਦੇ ਕਰੀਬ ਵਾਪਰੀ । ਗੱਲ ਅਸਲ ਵਿੱਚ ਕਿਦਾਂ ਹੋਈ ? - ਗੱਲ ਇਸ ਤਰਾਂ ਹੈ । ਮੁੰਡੇ ਸ਼ਿਪ ਵਿੱਚ ਡੱਕੇ ਹੋਏ ਸਨ ਕੋਈ ਚਾਰ ਪੰਜ ਮਹੀਨਿਆਂ ਤੋਂ । ਕੋਈ ਤੁਰਕੀ, ਮਾਲਟਾ, ਲਿਬਨਾਨ ਸਾਰੇ ਥਾਵਾਂ ਤੋਂ ਏਜੰਟਾਂ ਨੇ ਇਕੱਠੇ ਕੀਤੇ ਹੋਏ ਸਨ । ਉਸ ਰਾਤ ਇਹ ਵੱਡੇ ਸ਼ਿਪ ਤੋਂ ਲਾਹ ਕੇ ਛੋਟੀ ਕਿਸ਼ਤੀ 'ਤੇ ਚੜ੍ਹਾਉਣੇ ਸਨ । ਸ਼ਿਪ ਵਿੱਚ 464 ਬੰਦੇ ਇੰਡੀਅਨ, ਸ੍ਰੀ ਲੰਕਾ ਅਤੇ ਪਾਕਿਸਤਾਨ ਦੇ ਸਨ । ਉਨ੍ਹਾਂ ਵਿੱਚੋਂ 318 ਬੰਦਿਆਂ ਦੇ ਕਰੀਬ ਕਿਸ਼ਤੀ ਵਿੱਚ ਚੜ੍ਹਾ ਲਏ 'ਤੇ ਕਿਸ਼ਤੀ ਸ਼ਿਪ ਦੇ ਆਲ਼ੇ ਦੁਆਲ਼ੇ ਘੁੰਮਾ ਰਹੇ ਸੀ ਤਾਂ ਕਿਸ਼ਤੀ ਸ਼ਿਪ ਨਾਲ ਟਕਰਾਅ ਗਈ । - ਇਹ ਮੁੰਡੇ ਆਪ ਚੜ੍ਹੇ ਸਨ ਜਾਂ ਉਨ੍ਹਾਂ ਨੇ ਚੜ੍ਹਾਏ ਸਨ ਏਨੇ ? - ਜੀ ਉਨ੍ਹਾਂ ਨੇ ਆਪਣੀ ਮਰਜੀ ਨਾਲ ਏਨੇ ਚੜ੍ਹਾਏ ਸਨ । - ਸ਼ਿਪ ਦੁਆਲ਼ੇ ਕਿਉਂ ਘੁੰਮਾਉਂਦੇ ਸਨ ਕਿਸ਼ਤੀ ਨੂੰ ? - ਕਿਸ਼ਤੀ ਦਾ ਮਾਲਕ ਪੈਸਿਆਂ ਦੀ ਗੱਲ ਕਰ ਰਿਹਾ ਸੀ ਸ਼ਿਪ ਵਾਲਿਆਂ ਨਾਲ । - ਸ਼ਿਪ ਨਾਲ ਟਕਰਾਉਣ ਨਾਲ ਕਿਸ਼ਤੀ ਨੂੰ ਕੀ ਹੋਇਆ ? - ਕਿਸ਼ਤੀ ਜਦੋਂ ਸ਼ਿਪ ਨਾਲ ਟਕਰਾਈ ਤਾਂ ਕਿਸ਼ਤੀ ਵਿੱਚ ਸੁਰਾਖ਼ ਹੋ ਗਿਆ, ਜਿਸ ਨਾਲ ਕਿਸ਼ਤੀ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਪੈਣ ਲੱਗ ਪਿਆ । -ਉਨ੍ਹਾਂ ਮਾਲਕਾਂ ਨੂੰ ਪਤਾ ਲੱਗ ਗਿਆ ਸੀ ਇਸ ਬਾਰੇ ? - ਜੀ ਹਾਂ ਉਨ੍ਹਾਂ ਪਾਣੀ ਪੈਂਦਾ ਦੇਖ ਲਿਆ ਸੀ ਪਰ ਉਹ ਸ਼ਰਾਬ ਨਾਲ ਰੱਜੇ ਹੋਏ ਸਨ । ਦੇਖ ਕੇ ਕਹਿੰਦੇ ਕੋਈ ਗੱਲ ਨਹੀਂ, ਸੱਭ ਠੀਕ ਹੈ 'ਤੇ ਇਟਲੀ ਵੱਲ ਨੂੰ ਤੁਰ ਪਏ । ਫਿਰ ਕਿਸ਼ਤੀ ਡੁੱਬੀ ਕਦ ? - ਕੋਈ ਦੋ ਕੁ ਘੰਟੇ ਚੱਲੀ ਹੋਏਗੀ ਕਿਸ਼ਤੀ । ਉਸ ਵਿੱਚ ਪਾਣੀ ਵਧੀ ਜਾ ਰਿਹਾ ਸੀ, ਮੁੰਡੇ ਆਪਣੇ ਕੱਪੜਿਆਂ ਨਾਲ ਸੁਰਾਖ਼ ਬੰਦ ਕਰਦੇ ਰਹੇ ਪਰ ਕਰ ਨਹੀਂ ਸਕੇ । ਫਿਰ ਪੀਪੀਆਂ ਨਾਲ ਪਾਣੀ ਬਾਹਰ ਸੁੱਟਣ ਲੱਗ ਪਏ । ਜਦੋਂ ਪਾਣੀ ਜ਼ਿਆਦਾ ਭਰ ਗਿਆ ਤਾਂ ਕਿਸ਼ਤੀ ਵਾਲਿਆਂ ਸ਼ਿਪ ਦੇ ਕੈਪਟਨ ਨਾਲ ਵਾਇਰਲੈਸ 'ਤੇ ਸੰਪਰਕ ਕਰਕੇ ਸ਼ਿਪ ਸੱਦ ਲਿਆ । -ਸ਼ਿਪ ਕਿਸ਼ਤੀ ਕੋਲ ਪਹੁੰਚ ਗਿਆ ਸੀ ? - ਹਾਂ ਜੀ, ਸ਼ਿਪ ਹੌਲ਼ੀ ਹੌਲ਼ੀ ਪਹੁੰਚਿਆ, ਕਿਸ਼ਤੀ ਛੋਟੀ ਹੋਣ ਕਰਕੇ ਤੇਜ ਚਲ ਰਹੀ ਸੀ । - ਫਿਰ ਕੀ ਹੋਇਆ ? - ਜਦ ਸ਼ਿਪ ਪਹੁੰਚਿਆ ਤਾਂ ਕਿਸ਼ਤੀ ਸ਼ਿਪ ਕੋਲ਼ ਲਿਆਉਣ ਲੱਗੇ ਤਾਂ ਇਕ ਵਾਰ ਫੇਰ ਕਿਸ਼ਤੀ ਸ਼ਿਪ ਨਾਲ ਟਕਰਾ ਗਈ 'ਤੇ ਇੱਕ ਪਾਸੇ ਟੇਢੀ ਹੋਣ ਕਰਕੇ ਉੱਪਰ ਵੀ ਪਾਣੀ ਭਰ ਗਿਆ 'ਤੇ ਥਾਂ ਹੀ ਬਹਿ ਗਈ ।

- ਜਿਹੜੇ ਮੁੰਡੇ ਬਚੇ; ਇਹ ਕਿੰਨੇ ਸਨ 'ਤੇ ਕਿਸ ਤਰਾਂ ਬਚ ਗਏ ? ਇਹ ਸਤਾਰਾਂ ਮੁੰਡੇ ਕਿਸ਼ਤੀ ਚੋਂ ਨਿੱਕਲ ਸਮੁੰਦਰ ਵਿਚ ਡਿੱਗ ਪਏ । ਸ਼ਿਪ ਵਿੱਚਲੇ ਮੁੰਡਿਆਂ 'ਤੇ ਕੈਪਟਨ ਨੇ ਜਲਦੀ ਨਾਲ ਰੱਸੇ ਅਤੇ ਫੱਟੇ ਸੁੱਟੇ, ਉਨ੍ਹਾਂ ਨੂੰ ਫੜ ਕੇ ਮੁੰਡੇ ਸ਼ਿਪ ਵਿੱਚ ਚੜ੍ਹ ਗਏ । ਪੰਦਰਾਂ ਮੁੰਡੇ ਠੀਕ ਠਾਕ ਸਨ ਦੋਂ ਨੂੰ ਜਿਆਦਾ ਠੰਡ ਲੱਗ ਗਈ ਸੀ । ਇੱਕ ਨੂੰ ਤਾਂ ਸ਼ਰਾਬ ਪਿਆ ਕੇ ਠੀਕ ਕਰ ਲਿਆ ਗਿਆ । ਦੂਜਾ ਜੋ ਕੋਈ ਕੋਈ ਸਾਹ ਲੈ ਰਿਹਾ ਸੀ, ਉਸ ਨੂੰ ਕੈਪਟਨ ਨੇ ਆਪਣੇ ਕਮਰੇ ਵਿੱਚ ਲਿਟਾ ਲਿਆ 'ਤੇ ਮੌਕਾ ਦੇਖ ਕੇ ਉਸ ਨੂੰ ਵੀ ਸਮੁੰਦਰ ਵਿੱਚ ਸੁੱਟ ਦਿੱਤਾ, ਕਹਿੰਦਾ ਕਿ "ਇਸ ਨੇ ਸਾਨੂੰ ਵੀ ਫਸਾ ਦੇਣਾ ਹੈ ।''- ਫਿਰ ਸ਼ਿਪ ਵਾਲ਼ਿਆਂ ਕੀ ਕੀਤਾ, ਉੱਥੋਂ ਭੱਜ ਗਏ ? - ਹਾਂ ਜੀ ਉਨ੍ਹਾਂ ਸ਼ਿਪ ਭਜਾ ਲਿਆ । ਕੁੱਝ ਮੁੰਡੇ ਪਾਣੀ ਵਿੱਚ ਤਰ ਰਹੇ ਸਨ 'ਤੇ ਬਚਾਓ-ਬਚਾਓ, ਹੈਲਪ-ਹੈਲਪ ਕਰ ਰਹੇ ਸਨ । -ਸ਼ਿਪ ਗਰੀਸ ਕਦ ਪਹੁੰਚਾ ? -ਕੈਪਟਨ ਕਹਿੰਦਾ ਸਾਨੂੰ ਦੋ ਦਿੱਨ ਲੱਗਣਗੇ ਪਰ ਉਨ੍ਹਾਂ ਨੇ ਸ਼ਿਪ 3 ਤਰੀਕ ਨੂੰ ਲਾਇਆ । ਫਿਰ ਕੁੱਝ ਮੁੰਡੇ ਦੌੜ੍ਹ ਗਏ ਸਨ 'ਤੇ ਕੁੱਝ ਪੁਲੀਸ ਨੇ ਫੜ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੇ ।

ਹੁਣ 12 ਜਨਵਰੀ ਦੀ ਪੰਜਾਬੀ ਅਖ਼ਬਾਰ ਵੀ ਮੇਰੇ ਸਾਹਮਣੇ ਪਈ ਹੈ । ਇਸ ਵਿੱਚ ਮੇਰੇ ਛੋਟੇ ਵੀਰ ਸੁਰਿੰਦਰ ਮੰਗੂਵਾਲ ਦੇ ਨਾਮ ਨਾਲ ਸਤਾਹਟ ( 67 ) ਹੋਰ ਪੰਜਾਬੀ ਮੁੰਡਿਆਂ ਦੇ ਨਾਂ ਦਰਜ ਹਨ ਜੋ ਕਿ ਇਸ ਦੁਰਘਟਨਾ ਵਿੱਚ ਮਾਰੇ ਗਏ 166 ਪੰਜਾਬੀਆਂ ਵਿੱਚੋਂ ਹਨ । ਜੇ ਹੁਣ ਇਸ ਸਾਰੀ ਸਥਿਤੀ 'ਤੇ ਇੱਕ ਮੋਟੀ ਜਿਹੀ ਝਾਤ ਮਾਰੀਏ, ਜੋ ਕਿਸ਼ਤੀ ਦੀ ਦੁਰਘਟਨਾ ਨੂੰ ਉਜਾਗਰ ਕਰਦੀ ਹੈ ਤਾਂ ਜਿਆਦਾ ਚਾਣਸ ਹਨ ਕਿ ਕਿਸ਼ਤੀ ਨੂੰ ਜਾਣ ਬੁੱਝ ਕੇ ਡਬੋਇਆ ਗਿਆ ਹੈ ।

( 1) ਜਦੋਂ ਸ਼ਿਪ ਵਿੱਚੋਂ ਛੋਟੀ ਕਿਸ਼ਤੀ ਜੋ ਕਿ ਮਸਾਂ ਹੀ ਸੌ ਬੰਦਿਆਂ ਲਈ ਜਾਇਜ ਸੀ ਤਾਂ ਉਸ ਵਿੱਚ 218 ਦੇ ਕਰੀਬ ਬੰਦੇ ਚਾੜ੍ਹੇ, ਜਿੰਨੇ ਤੂੜ੍ਹ ਹੋ ਕੇ ਭਰ ਹੋ ਗਏ ਭਰ ਲਏ । ਇਹ ਸ਼ੰਕਾ ਜਾਹਰ ਕਰਦਾ ਹੈ ਕਿ ਜਾਣ-ਬੁੱਝ ਕੇ ਇੰਨੇ ਬੰਦੇ ਚੜ੍ਹਾਏ ਸਿਰਫ ਡੋਬਣ ਲਈ । ਨ੍ਹਹੀਂ ਤਾਂ ਦੋ ਤਿੰਨ ਗੇੜ੍ਹੇ ਵੀ ਲਾਏ ਜਾ ਸਕਦੇ ਸਨ।
( 2 ) ਉਨ੍ਹਾਂ ਸ਼ਰਾਬ ਪੀ ਕੇ ਆਪਣੇ ਦਿੱਲ ਵਧਾਏ ਹੋਏ ਸਨ ਇੰਨੇ ਜ਼ਿਆਦਾ ਬੰਦੇ ਡੋਬ ਕੇ ਮਾਰਨ ਵਾਸਤੇ ।
( 3 ) ਉਹ ਪੈਸਿਆਂ ਦੀ ਗੱਲ ਦੇ ਬਹਾਨੇ ਕਿਸ਼ਤੀ ਸ਼ਿਪ ਦੇ ਦੁਆਲ਼ੇ ਘੁੰਮਾ ਰਹੇ ਸਨ ਕਿਸ਼ਤੀ ਨੂੰ ਸ਼ਿਪ ਵਿੱਚ ਮਾਰਨ ਲਈ ਨਹੀਂ ਤਾਂ ਪੈਸਿਆਂ ਦੀ ਗੱਲ ਤਾਂ ਇਨ੍ਹਾਂ ਨੇ ਪਹਿਲਾਂ ਹੀ ਤਹਿ ਕੀਤੀ ਹੁੰਦੀ ਹੈ ।
( 4 ) ਹੋ ਸਕਦਾ ਹੈ ਕਿ ਇਹ ਛੇਕ ਕਿਸ਼ਤੀ ਵਿੱਚ ਪਹਿਲਾਂ ਹੀ ਕੀਤਾ ਹੋਇਆ ਹੋਵੇ, ਜੋ ਹੌਲ਼ੀ ਹੌਲ਼ੀ ਵੱਡਾ ਹੁੰਦਾ ਗਿਆ । ਹੋ ਸਕਦਾ ਹੈ ਕਿ ਸ਼ਿਪ ਦੁਆਲ਼ੇ ਕਿਸ਼ਤੀ ਇਸ ਕਰਕੇ ਘੁੰਮਾ ਰਹੇ ਹੋਣ ਕਿ ਪਾਣੀ ਪੈਂਦੇ ਦਾ ਅੰਦਾਜ਼ਾ ਲਾਉਂਦੇ ਹੋਣ ।
( 5 ) ਫਿਰ ਹੋਰ ਵੀ ਸ਼ਿਪ ਕੋਲ਼ੋਂ ਲੰਘਦੇ ਸਨ ( ਅਖ਼ਬਾਰਾਂ ਦੀ ਖਬ਼ਰ ਮੁਤਾਬਿਕ ) ਤਾਂ ਉਨ੍ਹਾਂ ਨੂੰ ਕਿਓਂ ਨਹੀਂ ਬੁਲਾਇਆ ਗਿਆ ?
( 6 ) ਫਿਰ ਭਰੀ ਹੋਈ ਕਿਸ਼ਤੀ ਦੁਬਾਰਾ ਸ਼ਿਪ ਨਾਲ ਟਕਰਾਉਣ ਦਾ ਕੀ ਕਾਰਣ ਹੈ ? ਉਹ ਟਕਰਾਈ ਹੀ ਇਸ ਹਿਸਾਬ ਨਾਲ ਕਿ ਉਸ ਦਾ ਇੱਕ ਪਾਸਾ ਪਾਣੀ ਵਿੱਚ ਡੁੱਬ ਗਿਆ 'ਤੇ ਉਹ ਥਾਂ 'ਤੇ ਹੀ ਬਹਿ ਗਈ ।

ਇੱਥੇ ਜਰਮਨ 'ਚ ਇੱਕ ਮੁੰਡਾ ਆਇਆ ਹੈ ਇੰਡੀਆ ਤੋਂ, ਉਸ ਮੁਤਾਬਿਕ ਇਹ ਕਿਸ਼ਤੀ ਇੱਕ ਟਰਾਲੀ ਦੀ ਤਰਾਂ ਹੁੰਦੀ ਹੈ, ਮੂਹਰੇ ਚਾਲਕ ਦੇ ਬੈਠਣ ਲਈ ਇੱਕ ਛੱਤ ਵਾਲੀ ਛੰਨ ਜਿਹੀ ਬਣਾਈ ਹੁੰਦੀ ਹੈ, ਜਿਸ ਹੇਠਾਂ ਬੈਠ ਕੇ ਇਹ ( ਇੰਜਣ ਵਾਲੀ ) ਕਿਸ਼ਤੀ ਚਲਾਉਂਦੇ ਹਨ, 'ਤੇ ਹੇਠਲੇ ਹਿੱਸੇ ਵਿੱਚ ਜੋ ਕਿ ਪਾਣੀ ਵਿੱਚ ਡੁੱਬਿਆ ਹੋਇਆ ਹੁੰਦਾ ਹੈ । ਉਸ ਵਿੱਚ ਬੰਦੇ ਵਾੜਿਓ ਹੁੰਦੇ ਹਨ, 'ਤੇ ਉਹ ਇੱਕ ਤਰਾਂ ਦੀ ਬਾਰੀ ਵਿੱਚੋਂ ਹੀ ਅੰਦਰ ਜਾਂਦੇ ਹਨ । ਉਸ ਵਿੱਚੀਂ ਇੱਕ ਬੰਦਾ ਹੀ ਅੰਦਰ ਜਾ ਸਕਦਾ ਹੈ ਅਤੇ ਇੱਕ ਹੀ ਬਾਹਰ ਆ ਸਕਦਾ ਹੈ ।  ਸੋ, ਹੋ ਸਕਦਾ ਹੈ ਕਿ ਜਿੰਨੇ ਕੁ ਬੰਦੇ ਉਸ ਡੁੱਬਦੀ-ਡੁੱਬਦੀ ਕਿਸ਼ਤੀ ਦੀ ਬਾਰੀ ਵਿੱਚੋਂ ਨਿੱਕਲ ਸਕੇ ਉਹ ਨਿੱਕਲ ਆਏ 'ਤੇ ਬਾਕੀ ਵਿਚਾਰੇ ਮਾਵਾਂ ਦੇ ਜਾਏ, ਭੈਣਾਂ ਦੇ ਸੁੱਖਾਂ ਲੱਧੇ ਵੀਰ ਉੱਥੇ ਥਾਂ ਪਰ ਹੀ ਬੰਦ ਕਿਸ਼ਤੀ ਸਣੇ ਸਮੁੰਦਰ ਵਿੱਚ ਲਹਿ ਗਏ ਹੋਣ ।
( 7 ) ਹੋ ਸਕਦਾ ਕ੍ਰਿਸਮਿਸ ਵਾਲਾ ਦਿੱਨ ਵੀ ਇਨ੍ਹਾਂ ਇਸ ਕਰਕੇ ਹੀ ਚੁਣਿਆ ਕਿ ਪੁਲੀਸ,ਪ੍ਰਸ਼ਾਸਨ, 'ਤੇ ਪ੍ਰਬੰਧਕੀ ਅਮਲਾ ਉਸ ਦਿੱਨ ਹਰਕਤ ਵਿੱਚ ਨਹੀਂ ਹੋਵੇਗਾ ।
( 8 ) ਫਿਰ ਕਿਸ਼ਤੀ ਡੁੱਬਣ ਬਾਦ ਵਾਇਰਲੈਸ ਰਾਹੀਂ ਹੋਰ ਬਚਾਓ ਵਾਲਿਆਂ ਨੂੰ ਨਾ ਸੱਦਣਾ ਜਿੱਥੇ ਇਨ੍ਹਾਂ ਦੇ ਜਾਅਲੀ ਕੰਮਾਂ ਨੂੰ ਦਰਸਾਉਂਦਾ ਹੈ, ਉਥੇ ਇਨ੍ਹਾਂ ਦੀ ਭੈੜੀ ਖੋਟੀ ਨੀਅਤ ਨੂੰ ਜਿਆਦਾ ਉਜਾਗਰ ਕਰਦਾ ਹੈ ।

( 9 ) ਇੰਡੀਆ ਗਰੀਸ ਦੇ ਏਜੰਟ ਜਾਂ ਤਾਂ ਪਹਿਲਾਂ ਹੀ ਰੂਪੋਸ਼ ਹੋ ਗਏ ਜਾਂ ਫਿਰ ਅਗਾਊਂ ਹੀ ਵਾਰੰਟਾਂ ਦੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ । ਸੱਭ ਕੁੱਝ ਜਾਣਦੇ ਹੋਏ ਵੀ ਕਿ ਕਿਸ਼ਤੀ ਡੁੱਬੀ 'ਤੇ ਕਿੰਨੇ ਬੰਦੇ ਡੁੱਬ ਗਏ ਹਨ !!! ਇਨ੍ਹਾਂ ਨੂੰ ਮਿੰਟ ਮਿੰਟ ਤੇ ਆਪਣੇ ਮੁਬਾਇਲ ਫੋਨਾਂ ਰਾਹੀਂ ਖਬ਼ਰ ਮਿਲਦੀ ਰਹਿੰਦੀ ਹੈ ਕਿ ਕਦੋਂ ਡੌਂਕੀ ( ਜੋ ਕਿ ਇਨ੍ਹਾਂ ਦਾ ਕੋਡ ਵਰਡ ਹੈ,ਜਦੋਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਗੁਪਤ ਰਾਸਤੇ ਪਹੁੰਚਣਾ ਹੁੰਦਾ ਹੈ ) ਲਾਉਣੀ ਹੈ । ਇਨ੍ਹਾਂ ਇੰਡੀਆ ਵਾਲ਼ੇ ਏਜੰਟਾਂ ਦਾ ਬਾਹਰ ਬੈਠੇ ਗਰੀਸ ਤੇ ਇਟਲੀ ਪੰਜਾਬੀ ਏਜੰਟਾਂ ਨਾਲ ਰਾਬਤਾ ਕਾਇਮ ਹੈ । ਜਦੋਂ ਗਰੀਸ ਜਾਂ ਹੋਰ ਕਿਸੇ ਦੇਸ਼ ਤੋਂ ਸ਼ਿਪ ਰਬਾਨਾ ਹੁੰਦਾ ਹੈ ਤਾਂ ਮੂਹਰੇ ਬੈਠੇ ਇਟਲੀ ਵਾਲ਼ੇ ਏਜੰਟ ਨੂੰ ਕਿਸ਼ਤੀ ਪਹੁੰਚਣ ਦਾ ਸਮਾਂ ਠੀਕ-ਠੀਕ ਦੱਸਿਆ ਜਾਂਦਾ ਹੈ । ਅਤੇ ਉਹ ਆਸੇ-ਪਾਸੇ ਆਪਣੇ ਗੈਰ ਕਨੂੰਨੀ ਅਮਲੇ-ਫੈਲੇ ਨਾਲ ਇੰਤਜਾਰ ਕਰ ਰਿਹਾ ਹੁੰਦਾ ਹੈ ।
ਇਹ ਵੀ ਪਤਾ ਲੱਗਾ ਹੈ  ਕਿ ਇਹ ਕਿਸ਼ਤੀ ਵਿੱਚ ਬੰਦੇ ਵਾੜ ਕੇ ਕੋਈ 20-25 ਕਿਲੋਮੀਟਰ ਤੋਂ ਨੱਕ ਦੀ ਸੇਧ ਕਰਕੇ ਕਿਸੇ ਸੁੰਨ-ਮਸਾਨ ਸਮੁੰਦਰੀ ਕੰਢੇ ਵੱਲ ਨੂੰ ਕਿਸ਼ਤੀ ਚਲਾ ਕੇ ਛੱਡ ਦਿੰਦੇ ਹਨ । ਫਿਰ ਭਰੀ ਹੋਈ ਕਿਸ਼ਤੀ ਸਮੁੰਦਰ ਕੰਢੇ ਪਾਣੀ ਘੱਟ ਹੋਣ ਕਰਕੇ ਆਪ ਹੀ ਰੁੱਕ ਜਾਂਦੀ ਹੈ । ਬਾਦ ਵਿੱਚ ਇਹ ਕਿਸੇ ਹੋਰ ਛੋਟੀ ਜਿਹੀ ਕਿਸ਼ਤ ਰਾਹੀਂ ਜਾ ਕੇ ਖਾਲੀ ਹੋਈ ਉਹ ਕਿਸ਼ਤੀ ਮੁੜ ਲੈ ਆਉਂਦੇ ਹਨ । ਆਖਰ ਜਿਸ ਸਿੱਟੇ 'ਤੇ ਮੈਂ ਪਹੁੰਚਾ ਹਾਂ, ਉਹ ਤਾਂ ਇਹ ਹੀ ਹੈ ਕਿ ਇਹ ਕਿਸ਼ਤੀ ਜਾਣ-ਬੁੱਝ ਕੇ ਡਬੋਈ ਗਈ ਹੈ । ਹੋ ਸਕਦਾ ਹੈ ਕਿ ਇਨ੍ਹਾਂ ਕਿਸ਼ਤੀ ਵਾਲਿਆਂ ਤੇ ਸ਼ਿਪ ਵਾਲਿਆਂ ਕਿਸੇ ਪ੍ਰਮੁੱਖ ਸ਼ਕਤੀ ਕੋਲੋਂ ਲੱਖਾਂ ਡਾਲਰਾਂ ਜਾਂ ਪੌਂਡਾਂ ਵਿੱਚ ਹੱਥ ਮਾਰ ਲਿਆ ਹੋਵੇ, ਇਹ ਘਟੀਆ ਤੇ ਮਨਹੂਸ ਕਾਰਾ ਕਰਨ ਵਾਸਤੇ ।
ਇਸ ਕਿਸ਼ਤੀ ਦੇ ਡੁੱਬਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਵੀ ਇੱਕ ਸ਼ਿਪ ਨੂੰ ਅੱਗ ਲਾ ਕੇ ਕੈਪਟਨ ਆਪ ਸ਼ਿਪ ਵਿੱਚੋਂ ਨਿੱਕਲ ਗਏ ਸਨ ਜਿਸ ਵਿੱਚ 12 ਪੰਜਾਬੀ ਮੁੰਡੇ ਮਾਰੇ ਗਏ ਸਨ । ਬਾਕੀਆਂ ਨੇ ਮਸਾਂ ਹੀ ਆਪਣੀਆਂ ਕੀਮਤੀ ਜਾਨਾਂ ਬਚਾਈਆਂ ਸਨ । ਕਾਰਣ ਇਹ ਸੀ ਕਿ ਅੱਗੋਂ ਪੁਲੀਸ ਵਲੋਂ ਸ਼ਿਪ ਆਪਣੀ ਰੇਂਜ ਵਿੱਚ ਆਇਆ ਦੇਖ ਕੇ ਛਾਪਾ ਮਾਰ ਲਿਆ ਸੀ । ਇਸ ਵੱਡੀ ਦੁਰਘਟਨਾ ਵਿੱਚ ਆਪਣੇ ਇੰਡੀਅਨ ਏਜੰਟਾਂ ਦਾ ਵੀ ਹੱਥ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਨੇ ਵੀ ਚੋਖੇ ਪੈਸੇ ਬਣਾ ਕੇ ਉਮਰਾਂ ਦੀਆਂ ਰੋਟੀਆਂ ਗਰੀਬ, ਕਿਰਤੀ ਕਿਸਾਨਾਂ ਦੇ ਸਿਰੋਂ ਕਮਾ ਲਈਆਂ ਹਨ, 'ਤੇ ਹੁਣ ਆਪਣੇ ਇਸ ਸਿਰ ਦਰਦੀ ਵਾਲੇ ਕੰਮ ਨੂੰ ਮੂਹਰੇ ਚੰਗੀ ਤਰ੍ਹਾਂ ਨੇਪਰੇ ਨਾ ਚੜ੍ਹਦਾ ਦੇਖ ਕੇ ਬੰਦ ਕਰਨਾ ਹੀ ਚਹੁੰਦੇ ਹੋਣ ।

ਇਸ ਵੇਲੇ ਯੂਰਪ ਦੇ ਦੇਸ਼ਾਂ ਨੇ ਪੂਰੀ ਚੌਕਸੀ ਕਰ ਦਿੱਤੀ ਹੈ । ਏਸ਼ੀਆ ਅਤੇ ਅਫਰੀਕਾ ਦਾ ਹਰ ਰਸਤਾ ਬੰਦ ਕੀਤਾ ਹੋਇਆ ਹੈ । ਦੂਸਰੀ ਸੰਸਾਰ ਜੰਗ ਮੌਕੇ ਜਦੋਂ ਇਥੋਂ ਦੇ ਬਹੁਤੇ ਲੋਕੀ ਮਾਰੇ ਗਏ ਸਨ ਤੇ ਅਰਥਚਾਰਾ, ਸੰਪਤੀ ਸਾਰਾ ਕੁੱਝ ਹੀ ਤਬਾਹ ਹੋ ਗਿਆ ਸੀ । ਉਦੋਂ ਇਨ੍ਹਾਂ ਨੂੰ ਬਾਹਰਲੇ ਤੀਜੀ ਦੁੱਨੀਆਂ ਦੇ ਜਾਂ ਪਛੜੇ ਦੇਸ਼ਾ ਤੋਂ ਮਜ਼ਦੂਰਾਂ ਦੀ ਜ਼ਰੂਰਤ ਸੀ, ਜੋ ਕਿ ਇਨ੍ਹੀਂ ਵਰਕ ਪਰਮਿਟਾਂ 'ਤੇ ਮੰਗਾ ਕੇ ਘਾਟ ਪੂਰੀ ਕਰ ਲਈ ਸੀ । ਹੁਣ ਕਈ ਯੂਰਪੀ ਦੇਸ਼ਾਂ ਦੀ ਹਾਲਤ "ਆਪੇ ਫਾਥੜੀਏ ਤੈਨੂੰ ਕੌਣ ਛਡਾਵੇ '' ਵਾਲੀ ਹੋ ਗਈ ਹੈ । ਇਨ੍ਹਾਂ ਬਾਹਰੋਂ ਆਏ ਕਾਮਿਆਂ ਨੇ ਜਿੱਥੇ ਆਪਣੀ ਹੱਡ-ਭੰਨਵੀਂ ਮਿਹਨਤ ਨਾਲ ਇਨ੍ਹਾਂ ਦੇਸ਼ਾਂ ਦੀ ਹਾਲਤ ਮੁੜ ਸਥਿਰ ਕੀਤੀ ਉੱਥੇ ਆਪਣੇ ਪਿਛਲੇ ਦੇਸ਼ਾਂ ਦੀ ਮਾਇਕ ਸਹਾਇਤਾ ਨਾਲ ਹਾਲਤ ਸੁਧਾਰੀ 'ਤੇ ਨਾਲ਼ ਨਾਲ਼ ਇੱਥੇ ਯੂਰਪੀ ਦੇਸ਼ਾਂ ਵਿੱਚ ਆਪਣੇ ਪਰਿਵਾਰ ਮੰਗਵਾ ਕੇ ਅਪਣੇ ਦੇਸ਼ਾਂ ਦੇ ਪੈਰ ਚਿੰਨ੍ਹਾਂ ਤੇ ਚੱਲਦਿਆਂ ਅੱਠ-ਅੱਠ / ਦਸ-ਦਸ ਬੱਚੇ ਵੀ ਬਣਾ ਦਿੱਤੇ । ਹੁਣ ਉਹੀ ਵਿਦੇਸ਼ੀਆਂ ਦੀ ਵਧੀ ਜਨ ਸੰਖਿਆ ਤੇ ਆਪਣੇ ਦੇਸ਼ਾਂ ਵਿੱਚ ਅੰਨੀ ਬੇਰੁਜ਼ਗਾਰੀ ਵਧਣ ਕਰਕੇ ਇਨ੍ਹਾਂ ਵਿਕਸਿਤ ਦੇਸ਼ਾਂ ਦੀ ਸਿਰ ਦਰਦੀ ਬਣੀ ਹੋਈ ਆ । ਬਾਹਰੋਂ ਆਏ ਪਨਾਹਗੀਰਾਂ ਲਈ ਵੀ ਇਨ੍ਹਾਂ ਦੇ ਹੱਥ ਖੜ੍ਹੇ ਹਨ । ਇੰਗਲੈਂਡ ਵਿੱਚ ਇਸ ਸਾਲ ਤੋਂ ਰੋਟੀ ਪਾਣੀ ਦਿੱਤੇ ਜਾਣ ਵਾਲੇ ਵਾਲੇ ਖਰਚੇ ਨੂੰ ਬਿਲਕੁੱਲ ਬੰਦ ਕਰ ਦੇਣਾ ਹੈ 'ਤੇ ਹੋਰ ਦੇਸ਼ਾਂ ਦਾ ਵੀ ਇਹੀ ਹਾਲ ਹੈ । ਜਰਮਨੀ ਵਿੱਚ ਨਵੇਂ ਆਏ ਪਨਾਹਗੀਰਾਂ ਨੂੰ ਇੱਕ ਕੈਦ-ਨੁਮਾ ਵੱਡੇ ਵੱਡੇ ਹਾਲਾਂ ਵਿੱਚ ਰੱਖਿਆ ਜਾਂਦਾ ਹੈ 'ਤੇ ਦੋ ਟਾਇਮ ਬਰੈਡ ਨਾਲ ਉੱਬਲੇੇ ਹੋਏ ਆਲੂ ਦਿੱਤੇ ਜਾਂਦੇ ਹਨ । ਚੋਰੀ ਕੰਮ ਤੇ ਰੱਖਣ ਵਾਲ਼ੇ ਮਾਲਕ ਨੂੰ ਕਈ ਹਜਾਰਾਂ ਮਾਰਕ ਜਰਮਾਨਾ ਰੱਖ ਦਿੱਤਾ ਹੈ । ਦੋ ਕੁ ਸਾਲ ਪਹਿਲਾਂ ਬੈਲਜੀਅਮ ਦੇ ਇੱਕ ਮਾਲਕ ਨੇ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਉਸ ਦੇ ਖੇਤਾਂ ਵਿੱਚ ਗੈਰ-ਕਨੂੰਨੀ ਕੰਮ ਕਰਦੇ 50 ਬੰਦੇ ਪੁਲੀਸ ਨੇ ਫੜ੍ਹ ਲਏ ਸਨ ।

ਇਸ ਵੇਲੇ ਬਾਹਰ ਏਸ਼ੀਅਨ ਏਜੰਟਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ । ਇਹ ਅੱਗੋਂ ਆਉਣ ਵਾਲੇ ਨੌਜਵਾਨਾਂ ਨੂੰ ਭੁੱਖੇ ਤ੍ਰਿਹਾਏ ਰੱਖ ਕੇ, ਮਾਰ ਦੇਣ ਤੱਕ ਦੀਆਂ ਧਮਕੀਆਂ ਦੇ ਕੇ ਆਪਣੇ ਮਣਸ਼ਿਆਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਨ ਪਰ ਉਹ ਸਫਲ ਨਹੀਂ ਹੋ ਰਹੇ । ਮਾਸਕੋ ਅਤੇ ਇਸ ਦੇ ਨੇੜ੍ਹੇ ਹੋਰ ਸਟੇਟਾਂ ਜਿਵੇਂ ਕੀਵ ਬਗੈਰਾ ਹਨ ਵਿੱਚ ਪੰਜ ਛੇ ਹਜ਼ਾਰ ਨੌਜਵਾਨ ਫਸਿਆ ਬੈਠਾ ਹੈ । ਜਿਨ੍ਹਾਂ ਵਿੱਚ ਕਈ ਖ਼ਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋਈ ਬੈਠੇ ਹਨ । ਭੁੱਖੇ ਤੇ ਤੰਗ ਕਮਰਿਆਂ ਵਿੱਚ ਰਹਿ-ਰਹਿ ਕੇ ਆਪਣੇ ਡੈਂਕੀ, ਪੈਂਕੀ ਅਤੇ ਟੋਨੀ ਜਿਹੇ ਨਾਵਾਂ ਵਾਲੇ ( ਜੋ ਕਿ ਸੱਭ ਜਾਅਲੀ ਹਨ ) ਏਜੰਟਾਂ ਤੋੋਂ ਇੱਕ-ਅੱਧ ਬਰੈਡ ਦੇ ਨਾਲ ਰੋਜ਼ ਚਪੇੜਾਂ ਵੀ ਖਾ ਰਹੇ ਹਨ, ਜਿਨ੍ਹਾਂ ਦਾ ਕਿਸੇ ਪਾਸੇ ਧੁਰ ਪਹੁੰਚਣ ਦਾ ਚਾਰਾ ਵੀ ਨਹੀਂ ਦਿਸਦਾ ।
ਸੋ ਇਸ ਦੁਖਦਾਈ  ਹਾਦਸੇ ਨੂੰ ਜੇ ਇਸ ਵਿੱਚ ਮੇਰਾ ਛੋਟਾ ਪਿਆਰਾ ਵੀਰ ਸੁਰਿੰਦਰ ਮੰਗੂਵਾਲ ਨਾ ਹੁੰਦਾ ਤਾਂ ਬਾਕੀਆਂ ਦੀ ਤਰ੍ਹਾਂ ਜਿਵੇਂ ਬਾਹਰਲੇ ਦੇਸ਼ਾਂ 'ਤੇ ਭਾਰਤ ਵਿੱਚ ਰਹਿ ਰਹੇ ਸਧਾਰਨ ਵਿਆਕਤੀ ਤੋਂ ਲੈ ਕੇ ਮਨਿਸਟਰਾਂ ਤੱਕ "ਬਹੁਤ ਮਾੜਾ ਹੋਇਆ'' ਕਹਿ ਕੇ ਦੜ੍ਹ ਵੱਟ ਜਾਣਾ ਸੀ, ਉਸ ਤਰ੍ਹਾਂ ਮੈਂ ਵੀ ਚੁੱਪ ਕਰ ਜਾਣਾ ਸੀ । ਸੋ ਜਦੋਂ ਤੱਕ ਭਾਰਤ ਵਰਗੇ ਦੇਸ਼ ਵਿੱਚ ਸਹੀ ਰਾਜ ਪ੍ਰਬੰਧ ਲਿਆ ਕੇ ਕਿਸੇ ਧਰਮ-ਨਿਰਪੱਖ ਪਾਰਟੀ ਨੂੰ ਸਫਲ ਨਹੀਂ ਬਣਾਇਆ ਜਾਂਦਾ, ਜਦੋਂ ਤੱਕ ਵਿਦਿਆਰਥੀ ਜਥੇਬੰਧੀਆਂ ਆਪਣੇ ਭਵਿੱਖ ਲਈ ਸੁਚੇਤ ਹੋ ਕੇ ਅਪਣੇ ਹੱਕਾਂ ਲਈ ਨਹੀਂ ਲੜਦੀਆਂ ਤਦ ਤੱਕ ਨੌਜਵਾਨਾਂ ਦਾ ਭਵਿੱਖ ਇਸ ਤਰ੍ਹਾਂ ਹੀ ਧੁੰਦਲਾ ਰਹੇਗਾ । ਪੰਜਾਬ ਅਸੰਬਲੀ ਦੀਆਂ ਚੋਣਾਂ ਫਰਵਰੀ ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਰਾਜ ਕਰਦੀਆਂ ਪਾਰਟੀਆਂ ਤੇ ਦੂਸਰੀਆਂ ਕਈ ਧਾਰਮਿਕ ਪਾਰਟੀਆਂ ਸ਼ਰਮ ਹਿਆ ਦਾ ਪੱਲੂ ਝਾੜ ਕੇ ਬੇ ਨਿਯਮੇਂ ਗੱਠ-ਜੋੜ ਕਰ ਰਹੀਆਂ ਹਨ । ਇਨ੍ਹਾਂ ਤੋਂ ਸਾਫ਼ ਜ਼ਾਹਿਰ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਵਾਸੀਆਂ ਲਈ, ਖਾਸ ਕਰਕੇ ਬੇਰੁਜ਼ਗਾਰ ਨੌਜਵਾਨਾਂ ਲਈ ਹੋਰ ਵੀ ਕਠਨਾਈਆਂ ਭਰਿਆ ਹੋਵੇਗਾ ।

ਇਨ੍ਹਾਂ ਪਾਰਟੀਆਂ ਵਲੋਂ ਜੋ ਸਬਜਬਾਗ ਲੋਕਾਂ ਨੂੰ ਦਿਖਾਏ ਜਾ ਰਹੇ ਹਨ ਕਿ ਅਸੀਂ ਮਕਾਨ ਮੁਫ਼ਤ ਬਣਾ ਕੇ ਦੇਵਾਂਗੇ, ਬਿਜਲੀ ਤੇ ਪਾਣੀ ( ਜਦ ਕਿ ਬਿਜਲੀ ਤਾਂ 24 ਘੰਟਿਆਂ 'ਚ ਆਉਂਦੀ ਹੀ ਕਦੇ-ਕਦਾਈਂ ਝਮੱਕੇ ਮਾਰ ਕੇ ਹੈ ) ਮੁਫ਼ਤ ਮਹੱਈਆ ਕਰਾਂਗੇ । ਕੋਈ ਮੰਦਰ ਢਾਹ ਕੇ ਮਸਜਦ ਤੇ ਕੋਈ ਮਸਜਦ ਢਾਹ ਕੇ ਮੰਦਰ ਉਸਾਰਨ ਵਰਗੇ ਘਟੀਆ ਲਾਰੇ ਲਾ ਰਹੇ ਹਨ । ਸੋ ਜਦੋਂ ਤੱਕ ਭਾਰਤ ਵਰਗੇ ਦੇਸ਼ ਦੇ ਵਿਦਿਅਰਥੀ ਅਪਣੀਆਂ ਮੰਗਾਂ ਪ੍ਰਤੀ ਜਾਂ ਵਿੱਦਿਆ ਪ੍ਰਣਾਲੀ ਵਿੱਚ ਹੋ ਰਹੇ ਘਪਲਿਆਂ ਸਬੰਧੀ ਸੁਚੇਤ ਨਹੀਂ ਹੁੰਦੇ ਤਾਂ ਭਾਰਤੀ ਨੌਜਵਾਨ ਇਸ ਤਰ੍ਹਾਂ ਹੀ ਵਿਦੇਸ਼ਾਂ ਦੀ ਖਾਕ ਲਈ ਮਜ਼ਬੂਰ ਹੋ ਕੇ ਮੌਕਾਪ੍ਰਸਤ ਤੇ ਸਵਾਰਥੀ ਲੀਡਰਾਂ ਦੇ ਮੂੰਹ 'ਤੇ ਕਾਲਖ਼ ਮਲਦੇ ਰਹਿਣਗੇ

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ