ਸਭਿਆਚਾਰ ਬਚਾਉਣ ਦੀ ਬਜਾਏ ਇਸ ਨੂੰ ਬਦਲਣ ਦੀ ਲੋੜ ਹੈ - ਰਾਜਪਾਲ ਸਿੰਘ
Posted on:- 02-01-2014
ਅੱਜ ਕੱਲ ਪੰਜਾਬ ਦੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਵਰਗ ਵਿੱਚ ਸਭ ਤੋਂ ਵੱਧ ਰੋਣ ਪਿੱਟਣ ਸਾਡੇ ਸਭਿਆਚਾਰ ਵਿੱਚ ਵਾਪਰ ਰਹੀਆਂ ਤਬਦੀਲੀਆਂ ਬਾਰੇ ਕੀਤਾ ਜਾ ਰਿਹਾ ਹੈ।ਹਰ ਹਫਤੇ ਸਾਰੇ ਅਖਬਾਰਾਂ ਰਸਾਲਿਆਂ ਵਿੱਚ ਦੋ ਚਾਰ ਅਜਿਹੇ ਆਰਟੀਕਲ ਛਪੇ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਸਾਡੇ ਸਭਿਆਚਾਰ ਨੂੰ ਪੱਛਮੀ ਹਨੇਰੀ ਤੋਂ ਬਚਾਉਣ, ਸਭਿਆਚਾਰ ਨੂੰ ਵਿਸ਼ਵੀਕਰਨ ਦੇ ਅਸਰਾਂ ਤੋਂ ਬਚਾਉਣ ਜਾਂ ਆਪਣੇ ਚੱਲੀਆਂ ਆਉਂਦੀਆਂ ਸਭਿਆਚਾਰਕ ਪ੍ਰੰਪਰਾਵਾਂ ਨੂੰ ਚਿੰਬੜੇ ਰਹਿਣ ਦੀ ਦੁਹਾਈ ਦਿੱਤੀ ਹੁੰਦੀ ਹੈ।
ਅਫਸੋਸ ਦੀ ਗੱਲ ਹੈ ਇਨ੍ਹਾਂ ਵਿੱਚ ਉਹ ਕਥਿਤ ਅਗਾਂਹਵਧੂ ਬੁੱਧੀਜੀਵੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੈਂਕੜੇ ਕਿਤਾਬਾਂ ਵਿਚੋਂ ਇਹ ਪੜ੍ਹਿਆ ਅਤੇ ਦਰਜਨਾਂ ਗੋਸ਼ਟੀਆਂ ਵਿਚੋਂ ਇਹ ਸੁਣਿਆ ਹੁੰਦਾ ਹੈ ਕਿ ਸਭਿਆਚਾਰ ਗਤੀਸ਼ੀਲ ਵਰਤਾਰਾ ਹੈ, ਇਹ ਪੈਦਾਵਾਰੀ ਸਾਧਨਾਂ ਦੇ ਬਦਲਣ ਨਾਲ ਬਦਲਦਾ ਜਾਂਦਾ ਹੈ, ਦੁਨੀਆਂ ਗਰਕਣ ਨਹੀਂ ਜਾ ਰਹੀ, ਸਗੋਂ ਮਨੁੱਖਤਾ ਦਾ ਸਫਰ ਚੰਗੇਰੇ ਭਵਿੱਖ ਵੱਲ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਸਾਰਾ ਦਿਨ ਪੱਛਮੀ ਦੇਸ਼ਾਂ ਦੇ ਗੁਣ ਗਾਉਂਦੇ ਹਨ, ਉਥੋਂ ਦੇ ਪ੍ਰਬੰਧ ਦੀਆਂ ਤਾਰੀਫਾਂ ਕਰਦੇ ਨਹੀਂ ਥਕਦੇ, ਉਥੋਂ ਦੇ ਲੋਕਾਂ ਦੀ ਮਿਹਨਤ ਅਤੇ ਨੈਤਿਕਤਾ ਦੀਆਂ ਸਿਫਤਾਂ ਕਰਦੇ ਹਨ, ਆਪ ਉਥੇ ਜਾਣ ਅਤੇ ਆਪਣੇ ਬੱਚਿਆਂ ਨੂੰ ਓਧਰ ਸੈੱਟ ਕਰਨ ਦੀ ਹਰ ਚੰਗੀ ਮਾੜੀ ਕੋਸਿ਼ਸ ਕਰਦੇ ਹਨ, ਪਰ ਕਿਤੇ ਸਾਡੇ ਪੱਛਮੀ ਸਭਿਆਚਾਰ ਨਾ ਆ ਜਾਵੇ ਇਸ ਤੋਂ ਡਰਦੇ ਹਨ।
ਸ਼ਾਇਦ ਉਹ ਪੱਛਮੀ ਦੇਸ਼ਾਂ ਦੀ ਤਰੱਕੀ ਅਤੇ ਚੰਗੇ ਪ੍ਰਬੰਧ ਨੂੰ ਉਥੋਂ ਦੇ ਸਭਿਆਚਾਰ ਨਾਲੋਂ ਕੋਈ ਵੱਖਰੀ ਚੀਜ਼ ਸਮਝਦੇ ਹਨ।ਬਾਕੀ ਇਸ ਚੀਕ ਚਿਹਾੜੇ ਵਿੱਚ ਉਨ੍ਹਾਂ ਲੋਕਾਂ ਨੇ ਤਾਂ ਸ਼ਾਮਲ ਹੋਣਾ ਹੀ ਹੈ, ਜਿਨ੍ਹਾਂ ਨੂੰ ਇਥੋਂ ਦਾ ਉਜੱਡ, ਜਗੀਰੂ, ਘੁਟਣ ਭਰਿਆ, ਜਾਤਾਂ ਪਾਤਾਂ ਦੀਆਂ ਵੰਡੀਆਂ ਪਾਉਂਦਾ, ਫਿਰਕਿਆਂ ਦੇ ਆਧਾਰ ਤੇ ਬੰਦਿਆਂ ਨੂੰ ਵਢਦਾ ਟੁਕਦਾ, ਬੱਚੀਆਂ ਨੂੰ ਮਾਰਦਾ, ਔਰਤਾਂ ਨੂੰ ਸਾੜਦਾ, ਦੂਜਿਆਂ ਦੀਆਂ ਨੂੰ ਤਕਾਉਂਦਾ ਆਪਣੀਆਂ ਨੂੰ ਲੁਕਾਉਂਦਾ, ਨਾ ਮਿਹਨਤ ਕਰਨ ਦਾ ਗੁਣ ਪੈਦਾ ਕਰਦਾ ਨਾ ਐਸ਼ ਕਰਨ ਦੀ ਇਜਾਜ਼ਤ ਦਿੰਦਾ, ਲਾਈਲੱਗ ਪ੍ਰਵਿਰਤੀਆਂ ਦਾ ਸਿਰਜਕ, ਸੂਖਮ ਭਾਵਾਂ, ਕਲਾਵਾਂ ਤੇ ਅਹਿਸਾਸਾਂ ਤੋਂ ਕੋਰਾ ਸਭਿਆਚਾਰ ਬਹੁਤ ਮਹਾਨ ਲਗਦਾ ਹੈ।
ਭਾਵਨਾਤਮਿਕ ਪੱਧਰ ਤੇ ਹਰ ਕਿਸੇ ਨੂੰ ਆਪਣਾ ਸਭਿਆਚਾਰ ਵਧੀਆ ਲਗਦਾ ਹੈ ਕਿਉਂਕਿ ਉਹ ਖੁਦ ਉਸੇ ਸਭਿਆਚਾਰ ਦੀ ਪੈਦਾਵਾਰ ਹੁੰਦਾ ਹੈ, ਉਸ ਦਾ ਜਿਉਣ ਢੰਗ ਅਤੇ ਸੋਚਣ ਢੰਗ ਉਸ ਸਭਿਆਚਾਰ ਦੇ ਅਨੁਸਾਰ ਹੀ ਬਣਿਆ ਅਤੇ ਢਲਿਆ ਹੁੰਦਾ ਹੈ, ਪਰ ਜਦ ਅਸੀਂ ਸਭਿਆਚਾਰਕ ਤਬਦੀਲੀ ਬਾਰੇ ਜਾਂ ਸਭਿਆਚਾਰਕ ਆਦਾਨ ਪ੍ਰਦਾਨ ਬਾਰੇ ਸਮਾਜ ਵਿਗਿਆਨਕ ਪੱਖ ਤੋਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਲੋੜ ਹੁੰਦੀ ਹੈ ਕਿ ਆਪਣੇ ਜਾਂ ਪਰਾਏ ਕਿਸੇ ਵੀ ਸਭਿਆਚਾਰ ਬਾਰੇ ਭਾਵਨਾਵਾਂ ਨੂੰ ਪਾਸੇ ਰੱਖ ਕੇ ਬੌਧਿਕ ਪੱਧਰ ਤੇ ਸੰਤੁਲਿਤ ਮੁਲਅੰਕਣ ਕੀਤਾ ਜਾਵੇ।
ਇਤਹਾਸਕ ਪੱਖ ਤੋਂ ਵੇਖਿਆਂ ਸਾਡਾ ਬਕਾਇਦਾ ਇਤਹਾਸ ਸਿਕੰਦਰ ਦੇ ਹਮਲੇ ਤੋਂ ਸ਼ੁਰੂ ਕੀਤਾ ਜਾਂਦਾ ਹੈ ਕਿਉਂਕਿ ਸਾਡਾ ਇਤਹਾਸ ਵੀ ਬਾਹਰੋਂ ਆਏ ਹਮਲਾਵਰਾਂ ਨੇ ਹੀ ਲਿਖਣਾ ਸ਼ੁਰੂ ਕੀਤਾ। ਸਾਡੇ ਵੱਡ ਵਡੇਰਿਆਂ ਨੂੰ ਤਾਂ ਮਿਥਿਹਾਸਕ ਕਥਾਵਾਂ ਘੜਨ ਦੀ ਕਲਾ ਹੀ ਆਉਂਦੀ ਸੀ। ਇਤਹਾਸਕ ਵਿਵਰਣ ਲਿਖਣੇ ਉਨ੍ਹਾਂ ਨੂੰ ਕੰਮ ਦੀ ਗੱਲ ਨਹੀਂ ਲਗਦੀ ਸੀ।ਇਥੋਂ ਗੱਲ ਸ਼ੁਰੂ ਕੀਤੀ ਜਾਵੇ ਤਾਂ ਸਾਡੇ ਕੋਲ ਉਸ ਦੌਰ ਦਾ ਵੱਡੇ ਤੋਂ ਵੱਡਾ ਮਾਅਰਕਾ ਪੋਰਸ ਦਾ ਇੱਕ ਡਾਇਲਾਗ ਹੀ ਕਿ ਜਦ ਪੋਰਸ ਨੂੰ ਬੰਦੀ ਬਨਾਉਣ ਤੋਂ ਬਾਅਦ ਸਿਕੰਦਰ ਨੇ ਉਸਨੂੰ ਪੁਛਿਆ ਕਿ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਕਿਹਾ ਕਿ ਜਿਹੋ ਜਿਹਾ ਇੱਕ ਰਾਜਾ ਦੂਸਰੇ ਰਾਜਾ ਨਾਲ ਕਰਦਾ ਹੈ।
ਹੁਣ ਇਹ ਡਾਇਲਾਗ ਬੋਲਣ ਨਾਲ ਹੀ ਪੋਰਸ ਦੀ ਬਹਾਦਰੀ ਕਿਵੇਂ ਸਿੱਧ ਹੋ ਗਈ ਇਸ ਗੱਲ ਦੀ ਘੱਟੋ ਘੱਟ ਇਸ ਲੇਖਕ ਨੂੰ ਤਾਂ ਕਦੇ ਸਮਝ ਨਹੀਂ ਆਈ ਪਰ ਫੇਰ ਵੀ ਇਸ ਗੱਲ ਦਾ ਬੜਾ ਮਾਣ ਕੀਤਾ ਜਾਂਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਅੱਗੋਂ ਉਪਰੋਕਤ ਜਵਾਬ ਦਿੱਤਾ।ਉਸ ਤੋਂ ਬਾਅਦ ਵਿਦੇਸ਼ੀ ਆਉਂਦੇ ਰਹੇ ਅਤੇ ਆਰਾਮ ਨਾਲ ਹੀ ਜਿੱਤ ਕੇ ਲੁੱਟ ਪੁੱਟ ਕੇ ਮੁੜ ਜਾਂਦੇ ਜਾਂ ਇਥੇ ਹੀ ਆਪਣਾ ਰਾਜ ਸਥਾਪਤ ਕਰ ਲੈਂਦੇ ਯਾਨੀ ਆਪਣੀ ਧਰਤੀ ਅਤੇ ਕੁਦਰਤੀ ਖਜ਼ਾਨਿਆਂ ਦੀ ਰਾਖੀ ਖਾਤਰ ਬਹਾਦਰੀ ਨਾਲ ਲੜ ਸਕਣਾ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਸੀ, ਛੋਟੇ ਛੋਟੇ ਲਾਲਚਾਂ ਪਿੱਛੇ ਆਪਣੇ ਹਮਵਤਨਾਂ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਮਿਲ ਜਾਣ ਦੀਆਂ ਸੈਂਕੜੇ ਉਦਾਹਰਣਾਂ ਜ਼ਰੂਰ ਮਿਲ ਜਾਂਦੀਆਂ ਹਨ।
ਹਾਲ ਇਥੋਂ ਤੱਕ ਮਾੜਾ ਸੀ ਕਿ ਕਲਾਈਵ ਵਰਗੇ ਆਪਣੀ ਤਿੰਨ ਹਜ਼ਾਰ ਦੀ ਫੌਜ ਨਾਲ ਹੀ ਸਿਰਾਜਓਦੌਲਾ ਵਰਗਿਆਂ ਦੀ ਪੰਜਾਹ ਹਜ਼ਾਰ ਫੌਜ ਨੂੰ ਅੱਗੇ ਲਾ ਲੈਂਦੇ ਸਨ।ਉਂਜ ਲੜਾਈਆਂ ਲੜਨੀਆਂ ਕੋਈ ਬਹੁਤਾ ਵਧੀਆ ਮਨੁੱਖੀ ਗੁਣ ਨਹੀਂ ਅਤੇ ਸਾਰੇ ਸਮਾਜ ਵਿਗਿਆਨੀ ਇਹ ਵੀ ਜਾਣਦੇ ਹਨ ਕਿ ਹਿੰਦੁਸਤਾਨੀਆਂ ਵਿੱਚ ਇਹ ਗੁਣ ਵਿਕਸਿਤ ਨਾ ਹੋਣ ਦਾ ਕਾਰਣ ਇਥੋਂ ਦੀ ਉਪਜਾਊ ਭੂਮੀ ਅਤੇ ਕੁਦਰਤੀ ਸਾਧਨਾਂ ਦੀ ਭਰਪੂਰਤਾ ਸੀ। ਰੱਜੇ ਪੁੱਜੇ ਲੋਕ ਲੜਾਈ ਝਗੜੇ ਦੇ ਬਹੁਤੇ ਮਾਹਰ ਨਹੀਂ ਹੁੰਦੇ ਅਤੇ ਸਾਡੇ ਪੁਰਖੇ ਵੀ ਕੋਈ ਬਹੁਤੇ ਬਹਾਦਰ ਵਿਅਕਤੀ ਨਹੀਂ ਸਨ।ਐਨਾ ਕੁ ਇਤਹਾਸਕ ਪ੍ਰਸੰਗ ਛੇੜਨ ਦਾ ਮਕਸਦ ਇਹ ਸੀ ਕਿ ਜਦ ਵਰਤਮਾਨ ਕਮਜ਼ੋਰੀਆਂ ਦੀ ਗੱਲ ਛਿੜੇ ਤਾਂ ਦੁਨੀਆਂ ਦੀ ਇਸ ਪੁਰਾਤਨ ਸਭਿਅਤਾ ਦੇ ਕਥਿਤ ਇਤਹਾਸਕ ਗੌਰਵ ਦਾ ਆਸਰਾ ਨਾ ਲੈ ਲਿਆ ਜਾਵੇ।
ਹੁਣ ਸਾਡੇ ਅੱਗੇ ਮਸਲੇ ਹਨ ਕਿ ਸਭਿਆਚਾਰ ਦਾ ਵਿਸ਼ਵੀਕਰਨ ਹੋ ਰਿਹਾ ਹੈ, ਇਸ ਤਹਿਤ ਇਥੇ ਪੱਛਮੀ ਸਭਿਆਚਾਰ ਵਿਚੋਂ ਕਾਫੀ ਤੱਤ ਆ ਰਹੇ ਹਨ, ਪੁਰਾਤਨ ਸਭਿਆਚਾਰਕ ਬੰਧੇਜ ਟੁੱਟ ਰਹੇ ਹਨ, ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਾਡੇ ਚਿੰਤਕ ਹੱਦੋਂ ਵੱਧ ਚਿੰਤਾ ਕਰ ਰਹੇ ਹਨ।
ਇਨ੍ਹਾਂ ਮਸਲਿਆਂ ਨੂੰ ਸੰਬੋਧਤ ਹੋਣ ਸਮੇਂ ਸਾਨੂੰ ਇੱਕ ਬੁਨਿਆਦੀ ਗੱਲ ਸਾਫ ਹੋਣੀ ਚਾਹੀਦੀ ਹੈ ਕਿ ਜਿਵੇਂ ਜਿਵੇਂ ਕਿਸੇ ਸਮਾਜ ਵਿਚਲੇ ਪੈਦਾਵਾਰ ਦੇ ਸਾਧਨ ਅਤੇ ਉਸ ਤੇ ਆਧਾਰਿਤ ਆਰਥਿਕ ਪ੍ਰਬੰਧ ਬਦਲਦਾ ਹੈ ਉਸ ਦੇ ਅਨੁਸਾਰ ਹੀ ਸਮਾਜਿਕ ਰਾਜਨੀਤਕ ਤਬਦੀਲੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਸਾਰੀਆਂ ਤਬਦੀਲੀਆਂ ਨਾਲ ਬੇਮੇਲ ਸਭਿਆਚਾਰਕ ਕਦਰਾਂ ਕੀਮਤਾਂ ਟੁਟਦੀਆਂ ਜਾਂਦੀਆਂ ਹਨ ਅਤੇ ਨਵੀਆਂ ਉਸਰਦੀਆਂ ਜਾਂਦੀਆਂ ਹਨ। ਇਹੀ ਕੁਝ ਮੌਜੂਦਾ ਸਮੇਂ ਵਿੱਚ ਸਾਡੇ ਸਮਾਜ ਅੰਦਰ ਵਾਪਰ ਰਿਹਾ ਹੈ। ਖੇਤੀਬਾੜੀ ਸਮੇਤ ਸਾਰੀ ਪੈਦਾਵਾਰ ਦਾ ਮਸ਼ੀਨੀਕਰਨ ਹੋ ਗਿਆ ਹੈ, ਜਿਸਦੇ ਅਨੁਸਾਰ ਨਵਾਂ ਸਭਿਆਚਾਰ ਉਸਰ ਰਿਹਾ ਹੈ। ਇਹ ਨਵਾਂ ਸਭਿਆਚਾਰ ਮੌਜੂਦਾ ਪੱਛਮੀ ਸਭਿਆਚਾਰ ਤੋਂ ਬਹੁਤਾ ਵੱਖਰਾ ਨਹੀਂ ਹੋਣ ਲੱਗਾ ਕਿਉਂਕਿ ਪੱਛਮ ਤਕਨੀਕੀ ਤਰੱਕੀ ਵਿੱਚ ਅੱਗੇ ਹੋਣ ਕਰਕੇ ਉਥੇ ਅਜਿਹਾ ਸਭਿਆਚਾਰ ਪਹਿਲਾਂ ਉਸਰ ਗਿਆ।ਉਂਜ ਸਾਰੇ ਪੱਛਮ ਵਿੱਚ ਵੀ ਇਕੋ ਸਭਿਆਚਾਰ ਨਹੀਂ ਹੈ, ਅਮਰੀਕੀ ਸਭਿਆਚਾਰ ਯੌਰਪੀ ਸਭਿਆਚਾਰ ਨਾਲੋਂ ਵੱਖਰੀਆਂ ਕਦਰਾਂ ਕੀਮਤਾਂ ਰਖਦਾ ਹੈ ਅਤੇ ਇਵੇਂ ਸਾਡਾ ਨਵਾਂ ਸਭਿਆਚਾਰ ਵੀ ਆਪਣੇ ਕੁਝ ਕੁਝ ਨਿਵੇਕਲੇ ਰੰਗ ਰੱਖੇਗਾ ਪਰ ਇਹਨਾਂ ਸਾਰੇ ਸਭਿਆਚਾਰਾਂ ਦੇ ਬੁਨਿਆਦੀ ਤੱਤ ਮਿਲਦੇ ਜੁਲਦੇ ਹੋਣਗੇ। ਸਨਅਤੀ ਯੁੱਗ ਵਿੱਚ ਜਗੀਰੂ ਕਦਰਾਂ ਕੀਮਤਾਂ ਕਿਤੇ ਵੀ ਕਾਇਮ ਨਹੀਂ ਰਹਿ ਸਕਣੀਆਂ ਭਾਂਵੇਂ ਉਹ ਪੂਰਬ ਹੋਵੇ ਤੇ ਭਾਂਵੇਂ ਪੱਛਮ।ਇਸੇ ਤਰਾਂ ਸੂਚਨਾ ਤਕਨਾਲੋਜੀ ਵਿਚਲੀ ਆਥਾਹ ਤਰੱਕੀ ਨੇ ਸੰਸਾਰ ਦੀਆਂ ਭੁਗੋਲਿਕ ਵਿੱਥਾਂ ਨੂੰ ਬੇਅਸਰ ਕਰ ਦਿੱਤਾ ਹੈ, ਜਿਸਦੇ ਸਿੱਟੇ ਵਜੋਂ ਸੰਸਾਰ ਦੇ ਵੱਖ ਵੱਖ ਖਿਤਿਆਂ ਦੇ ਸਭਿਆਚਾਰ ਇੱਕ ਦੂਜੇ ਤੋਂ ਕਟੇ ਹੋਏ ਨਹੀਂ ਰਹਿ ਸਕਦੇ ਅਤੇ ਆਪਸੀ ਆਦਾਨ ਪ੍ਰਦਾਨ ਨੇ ਸਭਿਆਚਾਰ ਦੇ ਵਿਸ਼ਵੀਕਰਨ ਵੱਲ ਵਧਣਾ ਹੀ ਵਧਣਾ ਹੈ ਚਾਹੇ ਇਸਤੋਂ ਕਿਸੇ ਨੂੰ ਖੁਸ਼ੀ ਹੋਵੇ ਚਾਹੇ ਨਾ।ਇਵੇਂ ਜੋ ਪੁਰਾਤਨ ਸਮੇਂ ਵਿੱਚ ਸਭਿਆਚਾਰਕ ਬੰਧੇਜ ਬਣੇ ਉਹ ਉਸ ਦੌਰ ਦੇ ਮਨੁੱਖ ਦੀਆਂ ਕੁਦਰਤੀ ਅਤੇ ਪਦਾਰਥਕ ਸੀਮਤਾਈਆਂ ਵਿਚੋਂ ਉਪਜੇ ਤਾਂ ਜੋ ਉਨ੍ਹਾਂ ਮਨੁੱਖੀ ਸੀਮਤਾਈਆਂ ਨੂੰ ਮਾਨਸਿਕ ਤੌਰ ਤੇ ਸਹਿਣਯੋਗ ਬਣਾਇਆ ਜਾ ਸਕੇ।ਜਦ ਮਨੁੱਖੀ ਤਰੱਕੀ ਨਾਲ ਉਨ੍ਹਾਂ ਸੀਮਤਾਈਆਂ ਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਉਹ ਸਭਿਆਚਾਰਕ ਬੰਧੇਜ ਬੇਲੋੜੇ ਹੋਕੇ ਖਤਮ ਹੋਣ ਲਗਦੇ ਹਨ।ਇਸਦੀ ਇੱਕ ਉਘੜਵੀਂ ਉਦਾਹਰਣ ਸੈਕਸ ਕ੍ਰਿਆ ਦੇ ਸਿੱਟੇ ਵਜੋਂ ਅਣਚਾਹੀ ਸੰਤਾਨ ਉਤਪਤੀ ਨੂੰ ਤਕਨੀਕੀ ਢੰਗਾਂ ਨਾਲ ਰੋਕ ਸਕਣ ਦੀ ਸਮਰੱਥਾ ਹਾਸਲ ਹੋ ਜਾਣ ਨਾਲ ਔਰਤ ਮਰਦ ਸਬੰਧਾਂ ਤੋਂ ਅਜਿਹੇ ਬਹੁਤ ਸਾਰੇ ਬੰਧੇਜਾਂ ਦਾ ਢਿੱਲੇ ਪੈ ਜਾਣਾ ਹੈ ਜੋ ਹਰ ਸਭਿਆਚਾਰ ਵਿੱਚ ਬੇਸਹਾਰਾ ਬੱਚਿਆਂ ਦੀ ਬਹੁਤਾਤ ਨੂੰ ਰੋਕਣ ਲਈ ਬਣਾਏ ਗਏ ਸਨ।
ਅਸਲ ਵਿੱਚ ਇਥੋਂ ਦੀ ਭੂਮੀ ਅਤੇ ਤਰ ਗਰਮ ਮੌਸਮ ਕੁਦਰਤੀ ਢੰਗ ਨਾਲ ਕੀਤੀ ਜਾਣ ਵਾਲੀ ਖੇਤੀਬਾੜੀ ਦੇ ਬਹੁਤ ਅਨਕੂਲ ਸੀ।ਖਾਣ ਜੋਗਾ ਕੁਝ ਨਾ ਕੁਝ ਪੈਦਾ ਹੋ ਜਾਂਦਾ ਸੀ ਅਤੇ ਕੱਪੜਿਆਂ ਦੀ ਬਹੁਤੀ ਲੋੜ ਸਰਦੀ ਦੇ ਕੁਝ ਮਹੀਨੇ ਹੀ ਹੁੰਦੀ ਸੀ। ਘੱਟੋ ਘੱਟ ਮਨੁੱਖੀ ਜੀਵਨ ਦੀ ਹੋਂਦ ਨੂੰ ਬਹੁਤਾ ਖਤਰਾ ਨਹੀਂ ਖੜਾ ਹੁੰਦਾ ਸੀ। ਸਿੱਟੇ ਵਜੋਂ ਇਥੋਂ ਦੇ ਬਹੁਤੇ ਲੋਕ ‘ਰੱਬ ਦੀਆਂ ਦਿੱਤੀਆਂ‘ ਖਾਣ ਵਾਲੇ ਪੱਧਰ ਤੇ ਹੀ ਜਿਉਂਦੇ ਰਹੇ ਅਤੇ ਇਸ ਦੇ ਅਨੁਸਾਰੀ ਹੀ ਇਥੋਂ ਦਾ ਸਭਿਆਚਾਰ ਵਿਕਸਿਤ ਹੋਇਆ। ਇਸ ਸਭਿਆਚਾਰ ਵਿੱਚ ਨਾ ਤਾਂ ਮਨੁੱਖ ਦੀਆਂ ਸਮਰਥਾਵਾਂ ਨੂੰ ਹੋਰ ਵੱਧ ਵਿਕਸਿਤ ਕਰਨ ਦੇ ਯਤਨ ਹੋਏ ਅਤੇ ਨਾ ਹੀ ਮਨੁੱਖੀ ਜੀਵਨ ਨੂੰ ਭਰਪੂਰਤਾ ਨਾਲ ਮਾਨਣ ਦੀਆਂ ਇਛਾਵਾਂ ਪਨਪਣ ਦਿੱਤੀਆਂ ਗਈਆਂ।ਮਨੁੱਖ ਦਾ ਜੀਵਨ ਪੱਧਰ ਉਚਾ ਚੁੱਕਣ ਅਤੇ ਜੀਵਨ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਉਪਰਾਲੇ ਕਰਨ ਦੀ ਥਾਂ ਸਾਡੇ ਸਭਿਆਚਾਰ ਵਿੱਚ ਇੱਛਾਵਾਂ ਨੂੰ ਮਾਰਨ ਦੀ ਗੱਲ ਭਾਰੂ ਹੁੰਦੀ ਗਈ ਅਤੇ ਇੱਕ ਬੰਦਸ਼ਾਂ ਵਾਲਾ ਸਮਾਜ ਬਣਦਾ ਗਿਆ।ਦੂਜੇ ਪਾਸੇ ਪੱਛਮ ਦੀਆਂ ਕਠਿਨ ਭੁਗੋਲਿਕ ਅਤੇ ਵਾਤਾਵਰਣੀ ਹਾਲਤਾਂ ਨੇ ਉਹਨਾਂ ਨੂੰ ਕੁਦਰਤ ਨਾਲ ਸੰਘਰਸ਼ ਦੇ ਰਾਹ ਪਾਇਆ ਜਿਸ ਵਿਚੋਂ ਅਜਿਹਾ ਸਭਿਆਚਾਰ ਪੈਦਾ ਹੋਇਆ ਜੋ ਮਨੁੱਖੀ ਸਮਰਥਾਵਾਂ ਵਿੱਚ ਭਰੋਸਾ ਜਗਾਉਂਦਾ ਸੀ, ਮਨੁੱਖੀ ਯੋਗਤਾਵਾਂ ਨੂੰ ਵਿਕਸਿਤ ਕਰਦਾ ਸੀ ਅਤੇ ਮਨੁੱਖੀ ਜੀਵਨ ਦਾ ਭਰਪੂਰ ਆਨੰਦ ਲੈਣ ਦੀਆਂ ਹਾਲਤਾਂ ਪੈਦਾ ਕਰਦਾ ਸੀ।
ਮਾਰਕਸੀ ਦ੍ਰਿਸ਼ਟੀਕੋਣ ਤੋਂ ਵੇਖਿਆਂ ਕਿਹਾ ਜਾ ਸਕਦਾ ਹੈ ਕਿ ਸਾਡੇ ਇਥੇ ਜਗੀਰੂ ਦੌਰ ਦਾ ਕਲਚਰ ਭਾਰੂ ਹੈ ਜਦ ਕਿ ਪੱਛਮ ਵਿੱਚ ਸਰਮਾਏਦਾਰੀ ਦੌਰ ਦੇ ਅਨੁਸਾਰੀ ਕਲਚਰ ਹੈ।ਚਾਹੇ ਹਰ ਸਭਿਆਚਾਰਕ ਸਿਸਟਮ ਦੀਆਂ ਆਪਣੀਆਂ ਸੀਮਾਵਾਂ ਅਤੇ ਸਮੱਸਿਆਵਾਂ ਹੁੰਦੀਆਂ ਹਨ ਪਰ ਇਹ ਗੱਲ ਸਪਸ਼ਟ ਹੈ ਕਿ ਸਰਮਾਏਦਾਰੀ ਕਲਚਰ ਜਗੀਰੂ ਦੌਰ ਦੇ ਸਭਿਆਚਾਰ ਤੋਂ ਵੱਧ ਵਿਕਸਿਤ ਦੌਰ ਦਾ ਸਭਿਆਚਾਰ ਹੈ ਜੋ ਮਨੁੱਖੀ ਜਿ਼ੰਦਗੀ ਲਈ ਜਗੀਰੂ ਸਭਿਆਚਾਰ ਨਾਲੋਂ ਸੈਂਕੜੇ ਗੁਣਾਂ ਬਿਹਤਰ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੱਛਮੀ ਸਭਿਆਚਾਰ ਵਿੱਚ ਕੀ ਮਾੜਾ ਹੈ ਜਿਸ ਕਰਕੇ ਉਸ ਤੋਂ ਬਚਣਾ ਜ਼ਰੂਰੀ ਹੈ ਅਤੇ ਸਾਡੇ ਸਭਿਆਚਾਰ ਵਿੱਚ ਕੀ ਕੁਝ ਵਧੀਆ ਹੈ ਜਿਸ ਕਰਕੇ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।ਪੱਛਮੀ ਸਭਿਆਚਾਰ ਦਾ ਵਿਰੋਧ ਕਰਨ ਵਾਲੇ ਵੀ ਇਹ ਤਾਂ ਮੰਨਦੇ ਹਨ ਕਿ ਸਾਡੇ ਮੁਕਾਬਲੇ ਪੱਛਮੀ ਦੇਸ਼ਾਂ ਦਾ ਸਮਾਜਿਕ ਪ੍ਰਬੰਧ ਵਧੀਆ ਹੈ। ਉਹ ਵੀ ਇਹ ਤਾਂ ਚਾਹੁੰਦੇ ਹਨ ਕਿ ਸਾਡੇ ਦਫਤਰਾਂ ਵਿੱਚ ਪੱਛਮੀ ਦੇਸ਼ਾਂ ਵਾਂਗੂੰ ਕੰਮ ਹੋਵੇ, ਕੰਮ ਦੀ ਕਦਰ ਹੋਵੇ, ਨਿਯਮਾਂ ਦੀ ਪਾਲਣਾ ਹੋਵੇ, ਸੜਕਾਂ ਤੇ ਟਰੈਫਿਕ ਨਿਯਮਬੱਧ ਹੋਵੇ, ਆਰਥਿਕ ਖੇਤਰ ਵਿੱਚ ਉਹੋ ਜਿਹੀ ਤਰੱਕੀ ਹੋਵੇ, ਰਾਜਨੀਤਕ ਖੇਤਰ ਵਿੱਚ ਉਥੋਂ ਵਾਂਗ ਨੀਤੀਆਂ ਦੀ ਗੱਲ ਹੋਵੇ, ਉਥੋਂ ਜਿਹੀਆਂ ਸਹੂਲਤਾਂ ਹੋਣ, ਬੇਈਮਾਨੀ ਭ੍ਰਿਸ਼ਟਾਚਾਰ ਨਾ ਹੋਵੇ। ਉਹ ਚਾਹੁੰਦੇ ਹਨ ਕਿ ਸਾਡੇ ਲੋਕ ਵੀ, ਖਾਸ ਕਰ ਸਾਡੀ ਨਵੀਂ ਪੀੜ੍ਹੀ, ਪੱਛਮੀ ਦੇਸ਼ਾਂ ਦੇ ਲੋਕਾਂ ਵਾਂਗੂੰ ਮਿਹਨਤ ਕਰੇ, ਵੱਡੀਆਂ ਪ੍ਰਾਪਤੀਆਂ ਕਰੇ। ਪਰ ਇਸਦੇ ਨਾਲ ਉਹ ਇਹ ਵੀ ਚਾਹੁੰਦੇ ਹਨ ਕਿ ਨੌਜਵਾਨ ਆਪਣੀ ਮਰਜ਼ੀ ਦੇ ਕੱਪੜੇ ਨਾ ਪਾਉਣ, ਆਪ ਨੂੰ ਚੰਗੇ ਲਗਦੇ ਗੀਤ ਨਾ ਗਾਉਣ, ਨਾਚ ਨਾ ਕਰਨ, ਕੁੜੀਆਂ ਮੁੰਡੇ ਆਪਸ ਵਿੱਚ ਨਾ ਮਿਲਣ, ਜੇ ਮਿਲ ਵੀ ਪੈਣ ਤਾਂ ਜਿਥੇ ਉਨ੍ਹਾਂ ਦਾ ਦਿਲ ਹੈ ਉਥੇ ਵਿਆਹ ਨਾ ਕਰਵਾਉਣ, ਕਿਉਂਕਿ ਇਹਦੇ ਨਾਲ ਸਭਿਆਚਾਰ “ਖਰਾਬ” ਹੋ ਜਾਂਦਾ ਹੈ।
ਸਭਿਆਚਾਰਕ ਤਬਦੀਲੀ ਵਿਚ ਕੋਈ ਅਜਿਹੀ ਛਾਨਣੀ ਨਹੀਂ ਲਗਾਈ ਜਾ ਸਕਦੀ ਜੋ ਕੁਝ ਖਾਸ ਗੱਲਾਂ ਨੂੰ ਤਾਂ ਆਉਣ ਦੇਵੇ ਪਰ ਬਾਕੀਆਂ ਨੂੰ ਰੋਕੀ ਰੱਖੇ।ਸਭਿਆਚਾਰ ਦੇ ਸਾਰੇ ਪੱਖ ਇੱਕ ਦੂਜੇ ਨਾਲ ਅੰਤਰ ਸੰਬਧਿਤ ਹੁੰਦੇ ਹਨ। ਨਾ ਸਿਰਫ ਸਭਿਆਚਾਰ ਦੇ ਵੱਖ ਵੱਖ ਪਹਿਲੂ ਬਲਕਿ ਆਰਥਿਕ ਅਤੇ ਰਾਜਨੀਤਕ ਪੱਖ ਵੀ ਸਮਾਜਿਕ ਸਭਿਆਚਾਰਕ ਸਿਸਟਮ ਨਾਲ ਜੁੜੇ ਹੋਏ ਹੁੰਦੇ ਹਨ। ਇਉਂ ਨਹੀਂ ਹੋ ਸਕਦਾ ਹੁੰਦਾ ਕਿ ਆਰਥਿਕਤਾ ਅਮਰੀਕਾ ਵਾਲੀ ਹੋਵੇ, ਰਾਜਨੀਤਕ ਪ੍ਰਬੰਧ ਚੀਨ ਵਾਲਾ, ਸਮਾਜ ਫਰਾਂਸ ਵਾਲਾ ਅਤੇ ਸਭਿਆਚਾਰ ਭਾਰਤ ਵਾਲਾ ਹੋਵੇ। ਜੇ ਕੋਈ ਸਭਿਆਚਾਰਕ ਪ੍ਰਬੰਧ ਕੰਮ ਸਮੇਂ ਸਖਤ ਮਿਹਨਤ ਦੀ ਭਾਵਨਾ ਭਰਦਾ ਹੈ ਤਾਂ ਉਹ ਉਸ ਮਿਹਨਤ ਦੇ ਫਲ ਨੂੰ ਮਾਨਣ ਭਾਵ ਜ਼ਿੰਦਗੀ ਦਾ ਆਨੰਦ ਲੈਣ ਵਾਲੀ ਮਾਨਸਿਕਤਾ ਵੀ ਪੈਦਾ ਕਰੇਗਾ ਹੀ। ਇਹ ਭਾਰਤੀ ਸਭਿਆਚਾਰ ਦੇ ਰਖਵਾਲਿਆਂ ਦੀ ਬੜੀ ਗੈਰਅਮਲੀ ਸੋਚ ਹੈ ਕਿ ਲੋਕ ਕੰਮ ਤਾਂ ਉਵੇਂ ਕਰਨ ਪਰ ਆਪਣੀਆਂ ਸਰੀਰਕ ਅਤੇ ਮਾਨਸਿਕ ਇਛਾਵਾਂ ਨਾ ਪੂਰੀਆਂ ਕਰਨ।ਕਰਮ ਕਰੋ ਪਰ ਫਲ ਦੀ ਇੱਛਾ ਨਾ ਰੱਖੋ ਵਾਲਾ ਭਾਰਤੀ ਆਦਰਸ਼ ਅਮਲੀ ਰੂਪ ਵਿੱਚ ਬਿਲਕੁਲ ਹੀ ਲਾਗੂ ਹੋਣ ਯੋਗ ਨਹੀਂ ਹੈ।
ਵੈਸੇ ਤਾਂ ਜੋ ਆ ਰਹੇ ਨਵੇਂ ਸਭਿਆਚਾਰ ਦਾ ਵਿਰੋਧ ਕਰ ਰਹੇ ਹਨ ਉਹਨਾਂ ਕੋਲ ਕਹਿਣ ਨੂੰ ਕੋਈ ਖਾਸ ਠੋਸ ਦਲੀਲਾਂ ਨਹੀਂ ਹਨ ਬਹੁਤਾ ਤਾਂ ਐਵੇਂ ਸਭਿਆਚਾਰਕ ਹੇਰਵੇ ਦੇ ਵੈਣ ਹੀ ਹੁੰਦੇ ਹਨ ਜਿਸ ਵਿੱਚ ਚਰਖੇ, ਚੱਕੀਆਂ, ਘੱਗਰੇ, ਫੁਲਕਾਰੀਆਂ, ਖੁੰਢਾਂ, ਛੱਪੜਾਂ ਨੂੰ ਯਾਦ ਕੀਤਾ ਹੁੰਦਾ ਹੈ ਜੋ ਉਹ ਖੁਦ ਵੀ ਛੱਡ ਚੁੱਕੇ ਹੰੁਦੇ ਹਨ।ਯਾਦ ਕਰਨਾ ਮਾੜਾ ਨਹੀਂ ਪਰ ਇਨ੍ਹਾਂ ਨੂੰ ਚਿੰਬੜੇ ਰਹਿਣ ਦੀ ਇੱਛਾ ਕਰਨੀ ਮਾੜੀ ਹੈ। ਫਿਰ ਵੀ ਜੇ ਪੱਛਮੀ ਸਭਿਆਚਾਰ ਦੇ ਵਿਰੋਧ ਵਿੱਚ ਆਉਂਦੇ ਵਿਚਾਰਾਂ ਨੂੰ ਵਾਚਿਆ ਜਾਵੇ ਤਾਂ ਦੋ ਤਿੰਨ ਗੱਲਾਂ ਹੀ ਨਿਕਲਦੀਆਂ ਹਨ।ਇੱਕ ਤਾਂ ਇਹ ਕਿ ਪੱਛਮੀ ਸਭਿਆਚਾਰ ਵਿੱਚ ਬੰਦਾ ਵਿਅਕਤੀਵਾਦੀ ਹੋ ਜਾਂਦਾ ਹੈ, ਉਸਦੇ ਸਮਾਜਿਕ ਸਰੋਕਾਰ ਨਹੀਂ ਰਹਿੰਦੇ, ਬੰਦਾ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਪੈ ਜਾਂਦਾ ਹੈ ਅਤੇ ਇਹ ਕਿ ਉਸ ਸਮਾਜ ਵਿੱਚ ਵਿਰੋਧੀ ਲਿੰਗਾਂ ਦੇ ਮੇਲਜੋਲ ਤੇ ਕੋਈ ਰੋਕ ਨਹੀਂ ਹੈ।
ਬਿਨਾਂ ਸ਼ੱਕ ਕਿਸੇ ਵੀ ਪੱਖ ਦਾ ਅੱਤ ਤੱਕ ਵਧ ਜਾਣਾ ਸਮਾਜ ਲਈ ਮਾੜਾ ਹੁੰਦਾ ਹੈ ਅਤੇ ਉਪਰੋਕਤ ਗੱਲਾਂ ਵੀ ਆਪਣੇ ਅਤਿ ਰੂਪ ਵਿੱਚ ਮਾੜੀਆਂ ਹਨ।ਪਰ ਪੱਛਮੀ ਸਭਿਆਚਾਰ ਦੇ ਇਹਨਾਂ ਪੱਖਾਂ ਬਾਰੇ ਸਾਡੀਆਂ ਬਹੁਤੀਆਂ ਧਾਰਨਾਵਾਂ ਇੱਕਪਾਸੜ ਹਨ।ਵਿਅਕਤੀਵਾਦੀ ਮੰਨੇ ਜਾਂਦੇ ਪੱਛਮੀ ਲੋਕ ਅਸਲ ਵਿੱਚ ਸਮਾਜਿਕ ਮਸਲਿਆਂ ਪ੍ਰਤੀ ਜਿੰਨੇ ਚੇਤੰਨ ਹਨ ਉਨੇ ਹੋਰ ਕਿਤੋਂ ਦੇ ਵੀ ਲੋਕ ਨਹੀਂ ਹਨ।ਯੌਰਪੀ ਦੇਸ਼ਾਂ ਦੇ ਲੋਕਾਂ ਨੇ ਇੱਕ ਇੱਕ ਸਮਾਜਿਕ ਮਸਲੇ ਤੇ ਵੱਡੀਆਂ ਲੜਾਈਆਂ ਲੜੀਆਂ ਹਨ ਭਾਂਵੇਂ ਇਹ ਜਮਹੂਰੀ ਹੱਕਾਂ ਦਾ ਮਸਲਾ ਹੋਵੇ ਅਤੇ ਭਾਵੇਂ ਔਰਤ ਦੀ ਬਰਾਬਰੀ ਦਾ। ਇਸੇ ਕਰਕੇ ਇਹ ਗੱਲਾਂ ਉਨ੍ਹਾਂ ਦੀ ਆਮ ਸੂਝ ਵਿੱਚ ਸ਼ਾਮਲ ਹੋਕੇ ਉਨ੍ਹਾਂ ਦੇ ਸਭਿਆਚਾਰ ਦਾ ਅੰਗ ਬਣ ਗਈਆਂ ਹਨ ਨਾ ਕਿ ਸਾਡੇ ਵਾਂਗੂ ਜਿੱਥੇ ਕੇਵਲ ਗੱਲੀਂ ਬਾਤੀਂ ਹੀ ਕੰਮ ਸਾਰਿਆ ਜਾਂਦਾ ਹੈ।ਇਵੇਂ ਹੁਣ ਉਥੇ ਵਾਤਾਵਰਣ ਦੇ ਮੁੱਦੇ ਤੇ ਬਣੀਆਂ ਗਰੀਨ ਪਾਰਟੀਆਂ ਇੱਕ ਸ਼ਕਤੀ ਬਣ ਕੇ ਉਭਰੀਆਂ ਹਨ ਜੋ ਉਨ੍ਹਾਂ ਲੋਕਾਂ ਦੀ ਅਜਿਹੇ ਸਾਂਝੇ ਮਸਲਿਆਂ ਪ੍ਰਤੀ ਫਿਕਰਮੰਦੀ ਨੂੰ ਜ਼ਾਹਰ ਕਰਦੀ ਹੈ।ਉਨ੍ਹਾਂ ਦੇ ਆਪਣੇ ਦੇਸ਼ਾਂ ਨਾਲ ਸੰਬਧਿਤ ਮਸਲਿਆਂ ਤੋਂ ਇਲਾਵਾ ਦੂਜੇ ਦੇਸ਼ਾਂ ਵਿੱਚ ਹੁੰਦੀਆਂ ਗੈਰ ਮਾਨਵੀ ਘਟਨਾਵਾਂ ਖਿਲਾਫ ਵੀ ਉਨ੍ਹਾਂ ਦੇਸ਼ਾਂ ਦੇ ਲੋਕਾਂ ਵੱਲੋਂ ਆਵਾਜ ਬੁਲੰਦ ਕਰਨ ਦੀਆਂ ਅਨੇਕਾਂ ਸ਼ਾਨਦਾਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।ਕੁਝ ਸਾਲ ਪਹਿਲਾਂ ਡੈਨਮਾਰਕ ਵਿੱਚ ਸਿਆਸੀ ਪਨਾਹ ਲੈਣ ਆਏ ਸ੍ਰੀਲੰਕਾ ਦੇ ਇੱਕ ਤਾਮਿਲ ਖਾੜਕੂ ਨੂੰ ਡੈਨਿਸ਼ ਸਰਕਾਰ ਦੇ ਆਦੇਸ਼ਾਂ ਤੇ ਲੰਕਾ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਹ ਸਰਕਾਰੀ ਫੌਜਾਂ ਹੱਥੋਂ ਮਾਰਿਆ ਗਿਆ।ਡੈਨਮਾਰਕ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਸਲਾ ਚੁਕਿਆ ਕਿ ਉਸ ਤਾਮਿਲ ਖਾੜਕੂ ਦੀ ਮੌਤ ਲਈ ਡੈਨਿਸ਼ ਸਰਕਾਰ ਜੁਮੇਂਵਾਰ ਹੈ ਜਿਸਨੇ ਉਸਨੂੰ ਮੁੜ ਮੌਤ ਦੇ ਮੂੰਹ ਵਿੱਚ ਧੱਕਿਆ।ਆਖਰ ਇਸਦਾ ਐਨਾ ਸ਼ੋਰ ਮੱਚਿਆ ਕਿ ਸਰਕਾਰ ਨੂੰ ਅਸਤੀਫਾ ਦੇਣਾ ਪਿਆ।ਇਹ ਉਸੇ ਯੌਰਪ ਦੀ ਗੱਲ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਉਸਦਾ ਸਭਿਆਚਾਰ ਬੰਦੇ ਨੂੰ ਆਪਣੇ ਆਪ ਤੱਕ ਸੀਮਿਤ ਕਰ ਦਿੰਦਾ ਹੈ।(ਉਪਰੋਕਤ ਉਦਾਹਰਣ ਸ਼੍ਰੀ ਹਰਭਜਨ ਹਲਵਾਰਵੀ ਦੇ ਸਫਰਨਾਮੇ ਵਿਚੋਂ ਲਈ ਗਈ ਹੈ।) ਇਸ ਪੱਖੋਂ ਫਰਾਂਸ ਦੇ ਲੋਕਾਂ ਬਾਰੇ ਤਾਂ ਟੋਟਕਾ ਬਣਿਆ ਹੋਇਆ ਹੈ ਕਿ ਠੰਢੀ ਹਵਾ ਅਫਰੀਕਾ ਵਿੱਚ ਚੱਲੇ ਤਾਂ ਜ਼ੁਕਾਮ ਫਰਾਂਸੀਸੀਆਂ ਨੂੰ ਹੋ ਜਾਂਦਾ ਹੈ।ਇਥੇ ਗੱਲ ਯੂਰਪੀ ਲੋਕਾਂ ਦੇ ਸਭਿਆਚਾਰ ਦੀ ਹੈ ਨਾਕਿ ਉਥੋਂ ਦੀਆਂ ਸਰਕਾਰਾਂ ਦੀ।
ਇਸ ਦੇ ਮੁਕਾਬਲੇ ਸਾਡੇ ਦੇਸ਼ ਦੇ ਲੋਕਾਂ ਦੇ ਸਮਾਜਿਕ ਸਰੋਕਾਰ ਅਤੇ ਭਾਈਚਾਰੇ ਦੇ ਮੋਹ ਪਿਆਰ ਵਿੱਚ ਬੱਝੇ ਲੋਕ ਕੀ ਕਰਦੇ ਹਨ ;ਵਸ ਉਹ ਸਾਰਾ ਦਿਨ ਇਹ ਨੋਟ ਕਰਦੇ ਰਹਿਣਗੇ ਕਿ ਫਲਾਣੇ ਦੇ ਘਰ ਕੌਣ ਆਉਂਦਾ ਹੈ, ਉਹ ਕੀ ਕਰਦਾ ਹੈ ;ਵਸ ਕਿਤੇ ਸਭਿਆਚਾਰ ਤਾਂ ‘ਖਰਾਬ‘ ਨਹੀਂ ਕਰ ਰਿਹਾ;ਵਸ ਕੀਹਦੇ ਕੋਈ ਬਿਮਾਰ ਪਿਆ ਹੈ, ਕਿਤੇ ਉਹਦਾ ਪਤਾ ਲੈਣੋ ਨਾ ਰਹਿ ਜਾਈਏ, (ਮਰੀਜ ਦੀ ਸੰਭਾਲ ਨਾਲੋਂ ਪਤਾ ਲੈਣ ਵਾਲਿਆਂ ਦੇ ਚਾਹ ਪਾਣੀ ਦਾ ਕੰਮ ਵੱਡਾ ਬਣਿਆ ਰਹਿੰਦਾ ਹੈ) ਇਵੇਂ ਕਿਸੇ ਦੇ ਵਿਆਹ ਮਰਨੇ ਦੌਰਾਨ ਕੋਈ ਰਸਮ ਰਿਵਾਜ ਹੋਣ ਤੋਂ ਨਾ ਰਹਿ ਜਾਵੇ, ਜੇ ਰਹਿ ਜਾਵੇ ਤਾਂ ਫਿਰ ਉਸਦੀਆਂ ਚਿੱਥ ਚਿੱਥ ਕੇ ਗੱਲਾਂ ਕੀਤੀਆਂ ਜਾਣ।ਇਹੋ ਜਿਹੇ ‘ਸਮਾਜਕ ਕਾਰਜ’ ਸਾਡੇ ਸਭਿਆਚਾਰ ਦਾ ਖਾਸ ਅੰਗ ਹਨ ਜੋ ਨਾ ਸਮਾਜ ਦਾ ਅਤੇ ਨਾ ਵਿਅਕਤੀ ਦਾ ਕੱਖ ਸੁਆਰਦੇ ਹਨ।ਸੋ ਇਹੋ ਜਿਹੀ ਸਮਾਜਕਿਤਾ ਨਾਲੋਂ ਪੱਛਮੀ ਵਿਅਕਤੀਵਾਦਿਤਾ ਸੌ ਗੁਣਾਂ ਚੰਗੀ ਹੈ।
ਬਾਕੀ ਕਬੀਲਾਦਾਰੀ ਦੌਰ ਵਿੱਚ ਵਿਅਕਤੀ ਦੇ ਮੁਕਾਬਲੇ ਕਬੀਲੇ ਦੇ ਹਿਤ ਪ੍ਰਮੁੱਖ ਹੁੰਦੇ ਸਨ ਅਤੇ ਜਾਗੀਰਦਾਰੀ ਦੌਰ ਵਿੱਚ ਸਾਂਝੇ ਪਰਿਵਾਰ ਦੇ ਹਿਤ ਵੱਡੇ ਮੰਨੇ ਜਾਂਦੇ ਰਹੇ ਹਨ।ਇਨ੍ਹਾਂ ਦੌਰਾਂ ਵਿੱਚ ਵਿਅਕਤੀ ਦੀਆਂ ਨਿੱਜੀ ਖਾਹਿਸ਼ਾਂ, ਰੀਝਾਂ ਅਕਸਰ ਕਬੀਲੇ ਜਾਂ ਪਰਿਵਾਰ ਦੇ ਹਿਤਾਂ ਅੱਗੇ ਬਲੀ ਚੜ੍ਹਦੀਆਂ ਰਹਿੰਦੀਆਂ ਸਨ।ਇਸਤੋਂ ਬਾਅਦ ਇਕਹਰੇ ਪਰਿਵਾਰ ਦਾ ਯੁਗ ਆਇਆ ਜਿਸ ਵਿੱਚ ਵਿਅਕਤੀ ਦੀਆਂ ਲੋੜਾਂ ਅਤੇ ਖਾਹਿਸ਼ਾਂ ਨੂੰ ਪੂਰਾ ਕਰ ਸਕਣ ਦੀ ਕੁਝ ਵਧੇਰੇ ਖੁੱਲ੍ਹ ਮਿਲੀ।ਵਿਗਿਆਨਕ ਤਰੱਕੀ ਅਤੇ ਸਮਾਜਿਕ ਵਿਕਾਸ ਦੇ ਸਦਕਾ ਹੁਣ ਅਜਿਹਾ ਦੌਰ ਆ ਰਿਹਾ ਹੈ ਜਦ ਵਿਅਕਤੀ ਸਮਾਜ ਨੂੰ ਕੋਈ ਹਾਨੀ ਪਹੁੰਚਾਏ ਬਗੈਰ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਜਿਉਂ ਸਕਦਾ ਹੈ।ਇਸ ਵਿੱਚ ਵਿਅਕਤੀ ਆਪਣੀ ਆਜਾਦੀ ਉਤੇ ਘੱਟੋ ਘੱਟ ਬੰਧਨ ਲਗਾਕੇ ਵੀ ਸਮਾਜ ਵਿੱਚ ਉਪਯੋਗੀ ਹਿੱਸਾ ਪਾਉਂਦਾ ਹੈ।ਨਵਾਂ ਸਭਿਆਚਾਰ ਇਸੇ ਪਾਸੇ ਵੱਲ ਲਿਜਾਵੇਗਾ।ਪਰ ਸਾਡੇ ਪੁਰਾਤਨ ਸਭਿਆਚਾਰ ਦੇ ਰਖਵਾਲਿਆਂ ਨੂੰ ਇਉਂ ਜਾਪਦਾ ਹੈ ਕਿ ਵਿਅਕਤੀ ਉਤੇ ਵੱਧ ਤੋਂ ਵੱਧ ਬੰਧਨ ਲਗਾ ਕੇ ਹੀ ਸਮਾਜ ਦਾ ਭਲਾ ਕੀਤਾ ਜਾ ਸਕਦਾ ਹੈ।
ਚਾਹੇ ਪਰਿਵਰਤਨ ਦੇ ਵਿਰੋਧੀ ਕੁਝ ਲੋਕਾਂ ਵੱਲੋਂ ‘ ਪੱਛਮੀ ਸਭਿਆਚਾਰਕ ਹਨੇਰੀ‘ ਵਰਗੇ ਸ਼ਬਦ ਵਰਤੇ ਜਾ ਰਹੇ ਹਨ ਪਰ ਸਾਡੀ ਸਭਿਆਚਾਰਕ ਤਬਦੀਲੀ ਐਨੀ ਤੇਜੀ ਨਾਲ ਨਹੀਂ ਵਾਪਰ ਰਹੀ ਕਿ ਇਸਨੂੰ ਠੱਲ੍ਹ ਪਾਉਣ ਦੀ ਕੋਸ਼ਿਸ ਕੀਤੀ ਜਾਵੇ।ਅਜੇ ਤਾਂ ਨਵੀਂ ਪੀੜ੍ਹੀ ਵੱਲੋਂ ਜਾਤ ਪਾਤ ਦੀ ਹੱਦ ਉਲੰਘ ਕੇ ਕਰਵਾਏ ਜਾਂਦੇ ਹਰ ਇੱਕ ਵਿਆਹ ਤੇ ਕਤਲਾਂ ਤੱਕ ਦੀ ਨੌਬਤ ਆ ਜਾਂਦੀ ਹੈ। ਅਜੇ ਤਾਂ ਸਾਧਾਂ ਦੇ ਡੇਰਿਆਂ ਜਾਂ ਹੋਰ ਧਾਰਮਿਕ ਸਥਾਨਾਂ ਤੇ ਬੇਥਾਹ ਭੀੜ ਜੁੜਦੀ ਹੈ ਕਿਉਂਕਿ ਇਸ ਸਭਿਆਚਾਰ ਹੇਠ ਦੱਬੀਆਂ ਇਛਾਵਾਂ ਦੇ ਪ੍ਰਗਟਾ ਕਰਨ ਦੇ ਜਾਂ ੳਨ੍ਹਾਂ ਨੂੰ ਕਿਸੇ ਵਿੰਗੇ ਟੇਢੇ ਢੰਗ ਨਾਲ ਪੂਰਾ ਕਰਨ ਦੇ ਮੌਕੇ ਅਜਿਹੀਆਂ ਥਾਵਾਂ ਤੇ ਹੀ ਮਿਲਦੇ ਹਨ।ਅਜੇ ਤਾਂ ਸੁੱਚੇ ਸੂਰਮੇ ਨੂੰ ਨਾਇਕ ਮੰਨਕੇ ਉਸਦਾ ਕਿੱਸਾ ਗਾਇਆ ਜਾਂਦਾ ਹੈ ਜਦ ਕਿ ਉਸਦੀ ਸੂਰਮਗਤੀ ਐਨੀ ਕੁ ਸੀ ਕਿ ਉਸਨੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਨਰੈਣੇ ਨਾਲ ਆਪਣੇ ਨਰੜ ਨੂੰ ਭੋਗਣ ਦੀ ਬਜਾਏ ਆਪਣੇ ਰੂਹ ਦੇ ਹਾਣੀ ਨਾਲ ਸਬੰਧ ਰੱਖਣਾ ਲੋਚਦੀ ਸੀ।ਅਜੇ ਤਾਂ ਬੰਦੇ ਨੂੰ ਆਪਣੀ ਸ਼ਕਲ ਸੂਰਤ ਵੀ ਆਪਣੀ ਮਰਜੀ ਦੀ ਬਨਾਉਣ ਦਾ ਅਧਿਕਾਰ ਦੇਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਜਾਂਦੀ ਹੈ।ਜੇ ਨਵੀਂ ਪੀੜ੍ਹੀ ਇਸਨੂੰ ਬਦਲਣ ਦੀ ਕੋਸ਼ਿਸ ਕਰ ਰਹੀ ਹੈ ਤਾਂ ਉਸਦਾ ਸਮਰਥਨ ਕੀਤਾ ਜਾਣਾ ਬਣਦਾ ਹੈ।
ਨੌਜਵਾਨ ਪੀੜ੍ਹੀ ਨੂੰ ਵੈਸੇ ਤਾਂ ਸਦਾ ਹੀ ਪੁਰਾਣੀ ਪੀੜ੍ਹੀ ਵੱਲੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਪਰ ਅੱਜ ਕੱਲ ਇਸ ਨਵੀਂ ਪੀੜ੍ਹੀ ਨੂੰ ਕੋਸਣ ਦਾ ਰਿਵਾਜ ਕੁਝ ਜਿਆਦਾ ਹੀ ਚੱਲ ਰਿਹਾ ਹੈ। ਕਲਮਾਂ ਤੇ ਕਾਬਜ ਅਧਖੜ੍ਹ ਪੀੜ੍ਹੀ ਨੂੰ ਜਾਪਦਾ ਹੈ ਕਿ ਅਸੀਂ ਬੜੇ ਚੰਗੇ ਸਾਂ, ਸਮਾਜ ਲਈ ਬੜਾ ਕੁਝ ਕਰਦੇ ਸੀ ਪਰ ਨਵੀਂ ਪੀੜ੍ਹੀ ਪੁਛਦੀ ਹੈ ਕਿ ਤੁਸੀਂ ਭਲਾ ਸਮਾਜ ਨੂੰ ਕਿੰਨਾਂ ਕੁ ਅੱਗੇ ਲੈ ਗਏ।ਜੋ ਕੁਝ ਨਵੇਂ ਸਭਿਆਚਾਰ ਦੇ ਜੁੰਮੇ ਲਾਇਆ ਜਾਂਦਾ ਹੈ ਇਹਦੇ ਵਿਚੋਂ ਬਹੁਤਾ ਕੁਝ ਪਹਿਲਾਂ ਵੀ ਚਲਦਾ ਸੀ ਕਿਉਂਕਿ ਇਹ ਮਾੜੇ ਕਹੇ ਜਾਂਦੇ ਕਾਰਜ ਮਨੁੱਖੀ ਫਿਤਰਤ ਦਾ ਹਿੱਸਾ ਹਨ, ਵਿਅਕਤੀ ਇਨ੍ਹਾਂ ਨੂੰ ਕਰਦੇ ਰਹਿੰਦੇ ਹਨ ਅਤੇ ਸਮਾਜ ਇਨ੍ਹਾਂ ਨੂੰ ਰੋਕਣ ਲਈ ਵਾਹ ਲਾਉਂਦਾ ਰਹਿੰਦਾ ਹੈ।ਪਹਿਲਾਂ ਲੋਕੀਂ ਔਰਤ ਦਾ ਮੇਕਅੱਪ ਕਰਕੇ ਨੱਚਦੇ ਬੰਦੇ (ਨਾਚਾਰ) ਨੂੰ ਵੇਖਕੇ ਕਮਲੇ ਹੋਏ ਰਹਿੰਦੇ ਸਨ, ਹੁਣ ਸੱਚੀਂਮੁੱਚੀ ਦੀ ਔਰਤ (ਡਾਂਸਰ) ਨੱਚਦੀ ਵੇਖ ਲੈਂਦੇ ਹਨ। ਔਰਤ ਬਣੇ ਬੰਦੇ ਨੂੰ ਨੱਚਦਾ ਵੇਖਣ ਨਾਲੋਂ ਅਸਲੀ ਔਰਤ ਨੂੰ ਨੱਚਦੀ ਵੇਖ ਲੈਣਾ ਜਿਆਦਾ ਮਾੜਾ ਕਿਵੇਂ ਹੈ ;ਵਸ ਮਨੁੱਖ ਦੇ ਕਾਮੁਕ ਵੇਗ ਦਾ ਪ੍ਰਗਟਾਅ ਕਰਨ ਲਈ ਪਹਿਲਾਂ ਵੀ ਹਜਾਰਾਂ ਇਹੋ ਜਿਹੀਆਂ ਬੋਲੀਆਂ ਜੋੜੀਆਂ ਗਈਆਂ ਅਤ਼ੇ ਮਾਘੀ ਸਿੰਘ ਵਰਗੇ ਮਸ਼ਹੂਰ ਕਿੱਸਾਕਾਰਾਂ ਨੇ ਛੰਦ ਜੋੜੇ ਹੋਏ ਸਨ ਜੋ ਮੌਜੂਦਾ ਗੀਤਾਂ ਨਾਲੋਂ ਕਿਤੇ ਵੱਧ ਅਸ਼ਲੀਲ ਸਨ ਫਰਕ ਸਿਰਫ ਐਨਾ ਹੀ ਹੈ ਕਿ ਹੁਣ ਉਨ੍ਹਾਂ ਦਾ ਲਿਖਤੀ ਜਾਂ ਆਵਾਜ ਦੇ ਰੂਪ ਵਿੱਚ ਰਿਕਾਰਡ ਹੋਣ ਕਰਕੇ ਸਬੂਤ ਬਣ ਜਾਂਦਾ ਹੈ ਅਤੇ ਉਹ ਵੱਡੇ ਘੇਰੇ ਤੱਕ ਚਲੇ ਜਾਂਦੇ ਹਨ।ਵਿਆਹੋਂ ਪਹਿਲੇ ਅਤੇ ਵਿਆਹੋਂ ਬਾਹਰੇ ਸਬੰਧ ਪਹਿਲਾਂ ਵੀ ਹੁੰਦੇ ਸਨ, ਫਰਕ ਸਿਰਫ ਐਨਾ ਹੈ ਉਸ ਵਕਤ ਮਿਲਣ ਜੁਲਣ ਦੇ ਮੌਕੇ ਘੱਟ ਹੁੰਦੇ ਸਨ, ਅਣਚਾਹਿਆ ਗਰਭ ਠਹਿਰਣ ਦੀ ਮੁਸ਼ਕਿਲ ਬਹੁਤ ਵੱਡੀ ਸੀ, ਥੋੜ੍ਹੇ ਆਨੰਦ ਦੇ ਇਵਜ਼ਾਨੇ ਵਿੱਚ ਸਮਾਜਿਕ ਪੱਖੋਂ ਦੁੱਖ ਵਧੇਰੇ ਝੱਲਣਾ ਪੈਂਦਾ ਸੀ, ਸੋ ਇਹ ਗਿਣਤੀ ਪੱਖੋਂ ਘੱਟ ਸੀ ਅੱਜ ਉਪਰੋਕਤ ਹਾਲਤਾਂ ਬਦਲਣ ਨਾਲ ਇਹ ਵੱਧ ਜਾਹਰਾ ਹੋ ਗਏ ਹਨ।ਇਹ ਐਂਵੇ ਗੱਲਾਂ ਹੀ ਬਣੀਆਂ ਹੋਈਆਂ ਹਨ ਪਹਿਲਾਂ ਨੌਜਵਾਨ ਪਿੰਡ ਦੀ ਹਰ ਕੁੜੀ ਨੂੰ ਭੈਣ ਕਰਕੇ ਵੇਖਦੇ ਸਨ।ਇਵੇਂ ਪਹਿਲਾਂ ਲੋਕੀਂ ਮੇਲਿਆਂ ਦੇ ਅਖੀਰ ਵਿੱਚ ਡਾਂਗਾਂ ਨਾਲ ਇੱਕ ਦੂਜੇ ਦਾ ਸਿਰ ਪਾੜਦੇ ਸਨ ਹੁਣ ਸਿਆਸੀ ਲੀਡਰਾਂ ਦੇ ਭਾਸ਼ਨੀ ਭੇੜ ਸੁਣ ਕੇ ਮੁੜ ਪੈਂਦੇ ਹਨ, ਤਾਂ ਮਾੜਾ ਕੀ ਹੋ ਗਿਆ ;ਵਸ ਪਹਿਲਾਂ ਲਾਗੀ ਕਿਸੇ ਕੁੜੀ ਦਾ ਰਿਸ਼ਤਾ ਕਿਸੇ ਮੁੰਡੇ ਨਾਲ ਪੱਕਾ ਕਰ ਆਉਂਦਾ ਸੀ, ਕੀ ਇਹ ਠੀਕ ਤਰੀਕਾ ਸੀ ਜਾਂ ਹੁਣ ਮੁੰਡੇ ਕੁੜੀ ਵੱਲੋਂ ਇੱਕ ਦੂਜੇ ਨੂੰ ਮਿਲ ਕੇ ਆਪਣਾ ਜੀਵਨ ਸਾਥੀ ਚੁਨਣ ਦਾ ਹੱਕ ਪ੍ਰਾਪਤ ਕਰਨ ਦੀ ਕੋਸ਼ਿਸ ਠੀਕ ਹੈ ;ਵਸ ਇਸ ਤਰ੍ਹਾਂ ਦੇ ਸੋੈਂਕੜੇ ਸਵਾਲ ਹਨ ਜਿਨ੍ਹਾਂ ਬਾਰੇ ਪੁਰਾਤਨ ਸਭਿਆਚਾਰ ਦੇ ਰਖਵਾਲਿਆਂ ਨੂੰ ਸੋਚਣ ਦੀ ਲੋੜ ਹੈ।
ਅਖਬਾਰੀ ਲੇਖਾਂ ਵਿੱਚ ਭਾਵਕ ਢੰਗ ਨਾਲ ਲਿਖਿਆ ਜਾ ਰਿਹਾ ਹੈ ਜਿਹੜੀਆਂ ਕੌਮਾਂ ਆਪਣਾ ਸਭਿਆਚਾਰ ਛੱਡ ਦਿੰਦੀਆਂ ਹਨ ਉਹ ਜਿਉਂਦੀਆਂ ਨਹੀਂ ਰਹਿੰਦੀਆਂ। ਗੱਲ ਬੜੀ ਜੋਰਦਾਰ ਲਗਦੀ ਹੈ ਪਰ ਅਸਲੀਅਤ ਇਹ ਹੈ ਕਿ ਜਿਹੜੀ ਕੌਮ ਸਭਿਆਚਾਰ ਨੂੰ ਤਬਦੀਲ ਨਾ ਹੋਣ ਦੇਵੇ ਉਹ ਜਿਉਂਦੀ ਨਹੀਂ ਰਹਿੰਦੀ, ਬਲਕਿ ਵਧੇਰੇ ਠੀਕ ਤਾਂ ਇਹ ਹੈ ਕਿ ਉਹ ਕੌਮ ਜਿਉਂਦੀ ਹੀ ਨਹੀਂ ਹੁੰਦੀ।
ਉਪਰੋਕਤ ਵਿਚਾਰਾਂ ਨੂੰ ਤੱਤ ਰੂਪ ਵਿੱਚ ਪੇਸ਼ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਸਾਡਾ ਸਭਿਆਚਾਰ ਕੁਦਰਤੀ ਖੇਤੀਬਾੜੀ ਦੇ ਦੌਰ ਦੀਆਂ ਸੀਮਤਾਈਆਂ ਵਿਚੋਂ ਉਪਜਿਆ ਸਭਿਆਚਾਰ ਹੈ ਜੋ ਮੌਜੂਦਾ ਸਨਅਤੀ ਦੌਰ ਨਾਲ ਉਕਾ ਹੀ ਬੇਮੇਲ ਹੈ।ਇਹ ਸਾਡੀ ਆਰਥਿਕ ਸਮਾਜਿਕ ਤਰੱਕੀ ਦੇ ਰਾਹ ਵਿੱਚ ਰੋੜਾ ਹੈ।ਇਹ ਇਛਾਵਾਂ ਦੀ ਪੂਰਤੀ ਲਈ ਮਨੁੱਖੀ ਸਮਰਥਾਵਾਂ ਨੂੰ ਵਿਕਸਿਤ ਕਰਨ ਦੀ ਬਜਾਏ ਬੇਲੋੜੇ ਬੰਧਨ ਲਗਾ ਕੇ ਇਛਾਵਾਂ ਨੂੰ ਦਬਾਉਣ ਨੂੰ ਤਰਜੀਹ ਦਿੰਦਾ ਹੈ।ਬਿਹਤਰ ਜ਼ਿੰਦਗੀ ਲਈ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਵਿੱਚ ਅੜਿੱਕਾ ਬਨਣ ਵਾਲੇ ਇਸ ਸਭਿਆਚਾਰ ਨੂੰ ਤੇਜੀ ਨਾਲ ਤਬਦੀਲ ਕਰਨ ਦੀ ਲੋੜ ਹੈ।
ਪੱਛਮੀ ਸਭਿਆਚਾਰ ਜਾਂ ਸਭਿਆਚਾਰ ਦੇ ਵਿਸ਼ਵੀਕਰਣ ਨੂੰ ਹਊਆ ਬਣਾਕੇ ਨਿੰਦੀ ਜਾਣ ਦੀ ਬਜਾਏ ਇਨ੍ਹਾਂ ਪ੍ਰਤੀ ਸੰਤੁਲਿਤ ਪਹੁੰਚ ਅਪਣਾਕੇ ਸਾਡੇ ਸਮਾਜ ਲਈ ਲੋੜੀਂਦੀਆਂ ਤਬਦੀਲੀਆਂ ਕਰਨ ਵਿੱਚ ਇਹਨਾਂ ਦੀ ਇਤਹਾਸਕ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।ਸਭਿਆਚਾਰਕ ਤਬਦੀਲੀਆਂ ਤੋਂ ਡਰਨ ਦੀ ਬਜਾਏ ਇਹਨਾਂ ਨੂੰ ਠੀਕ ਸੇਧ ਦਿੰਦੇ ਹੋਏ ਅਪਨਾਉਣ ਦੀ ਲੋੜ ਹੈ।
ਸੰਪਰਕ: +91 98767 10809
Onkarpreet
Well written, thought provoking write-up.