ਵਿੱਦਿਆ ਦੇ ਨਾਂ ’ਤੇ ਲੁੱਟੇ ਜਾਂਦੇ ਗ਼ਰੀਬ ਲੋਕ - ਗੁਰਚਰਨ ਪੱਖੋਕਲਾਂ
Posted on:- 31-12-2013
ਦੇਸ਼ ਦੀ ਰਾਜਸੱਤਾ ਤੇ ਕਾਬਜ ਅਮੀਰ ਵਰਗ ਅਤੇ ਮੁਲਾਜ਼ਮ ਵਰਗ ਹਰ ਉਸ ਨੀਤੀ ਨੂੰ ਲਾਗੂ ਕਰ ਰਿਹਾ ਹੈ, ਜੋ ਨੀਤੀ ਗ਼ਰੀਬਾਂ ਨੂੰ ਦੇਸ ਦੇ ਪਰਬੰਧਨ ਵਿਭਾਗ ਭਾਵ ਸਰਕਾਰੀਆਂ ਨੌਕਰੀਆਂ ਵੱਲ ਲਿਜਾਂਦੀ ਹੈ। ਪਿਛਲੇ ਸਮਿਆਂ ਵਿੱਚ ਜਦ ਗਰੀਬ ਲੋਕ ਆਪਣੇ ਬੱਚਿਆਂ ਨੂੰ ਵਿੱਦਿਆਂ ਨਹੀਂ ਦਿਵਾਉਂਦੇ ਸਨ ਤਦ ਸਰਕਾਰੀ ਨੌਕਰੀਆਂ ਲਈ ਕੋਈ ਟੈਸਟ ਨਹੀਂ ਹੁੰਦੇ ਸਨ ਕਿਸੇ ਵੀ ਵਿਦਿਆਰਥੀ ਨੂੰ ਉਸ ਦੀਆਂ ਡਿਗਰੀਆਂ ਅਨੁਸਾਰ ਸਰਕਾਰੀ ਸੇਵਾ ਵਿੱਚ ਜਾਣ ਦੀ ਖੁੱਲ ਸੀ ਪਰ ਪਿੱਛਲੇ ਕੁੱਝ ਕੁ ਸਾਲਾਂ ਤੋਂ ਗਰੀਬ ਘਰਾਂ ਦੇ ਬੱਚੇ ਸਕੂਲਾਂ ਕਾਲਜਾਂ ਵਿੱਚ ਵਿਦਿਆ ਹਾਸਲ ਕਰਨ ਲੱਗੇ ਹਨ ।
ਗ਼ਰੀਬ ਘਰਾਂ ਦੇ ਬੱਚਿਆਂ ਨੇ ਪੜਾਈ ਵਿੱਚ ਅਮੀਰ ਲੋਕਾਂ ਦੇ ਬੱਚਿਆਂ ਨੂੰ ਟੱਕਰ ਵੀ ਦੇਣੀ ਸੁਰੂ ਕੀਤੀ ਹੈ । ਅਮੀਰਾਂ ਦੇ ਐਸਪ੍ਰਸਤ ਬੱਚਿਆਂ ਨਾਲੋਂ ਮਿਹਨਤੀ ਗਰੀਬ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਪਿੱਛੇ ਵੀ ਛੱਡਣਾਂ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਅਮੀਰ ਲੋਕਾਂ ਦੇ ਮੱਥਿਆਂ ਤੇ ਵੱਟ ਪੈਣੇ ਸ਼ੁਰੂ ਹੋ ਗਏ ਹਨ। ਰਾਜਨੀਤਕ ਅਤੇ ਅਮੀਰ ਬਾਬੂਸ਼ਾਹੀ ਨੇ ਗਰੀਬ ਘਰਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਬੇਦਖਲ ਕਰਨ ਦੀਆਂ ਨਵੀਆਂ ਸਕੀਮਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ ।
ਅੱਜ ਕੱਲ੍ਹ ਮੈਟਰਿਕ ਗਰੈਜੂਏਸ਼ਨ ਆਦਿ ਦੇ ਨੰਬਰਾਂ ਦੀ ਕੀਮਤ ਕੋਈ ਨਹੀਂ ਲਾਉਂਦਾ ਬਲਕਿ ਇਹਨਾਂ ਪਰੀਖਿਆਵਾਂ ਦੇ ਵਿੱਚ ਹਾਸਲ ਕੀਤੇ ਉੱਚ ਨੰਬਰਾਂ ਨੂੰ ਦਰਕਿਨਾਰ ਕਰਕੇ ਨਵੇਂ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ, ਜੋ ਵਿਦਿਆਰਥੀ ਇਹਨਾਂ ਟੈਸਟ ਵਿੱਚ ਟੌਪ ਕਰਦਾ ਹੈ ਉਸਨੂੰ ਹੀ ਅੱਗੇ ਦਾਖਲਾਂ ਮਿਲਦਾ ਹੈ।
ਇਹਨਾਂ ਟੈਸਟਾਂ ਨੂੰ ਪਾਸ ਕਰਨ ਲਈ ਸਰਕਾਰੀ ਅਦਾਰਿਆਂ ਵਿੱਚ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ, ਪਰ ਪਰਾਈਵੇਟ ਅਦਾਰਿਆਂ ਅਕੈਡਮੀਆਂ ਦੀਆਂ ਮਹਿੰਗੀਆਂ ਫੀਸਾਂ ਭਰਨ ਵਾਲੇ ਲੋਕ ਹੀ ਆਪਣੇ ਬੱਚਿਆਂ ਨੂੰ ਇਹਨਾਂ ਵਿੱਚ ਭੇਜ ਸਕਦੇ ਹਨ, ਜਿਹਨਾਂ ਨੂੰ ਇਹਨਾਂ ਟੈਸਟਾਂ ਨੂੰ ਪਾਸ ਕਰਨ ਦੇ ਸੰਖੇਪ ਤਰੀਕੇ ਸਿਖਾਏ ਜਾਂਦੇ ਹਨ । ਗਰੀਬ ਅਤੇ ਆਮ ਲੋਕ ਇਹਨਾਂ ਮਹਿੰਗੇ ਅਦਾਰਿਆਂ ਦੀਆਂ ਫੀਸਾਂ ਭਰਨ ਦੇ ਯੋਗ ਨਹੀਂ ਹੁੰਦੇ। ਸੋ ਇਸ ਕਾਰਨ ਆਪਣੇ ਹੁਸ਼ਿਆਰ ਬੱਚਿਆਂ ਨੂੰ ਵੀ ਇੱਥੇ ਨਹੀਂ ਭੇਜ ਸਕਦੇ । ਅਮੀਰ ਲੋਕ ਅਤੇ ਬਾਬੂਸ਼ਾਹੀ ਦੀ ਔਲਾਦ ਦੇਸ ਦੀ ਹੁਸ਼ਿਆਰ ਗਰੀਬ ਜਮਾਤ ਨੂੰ ਇੱਕ ਵਾਰ ਫਿਰ ਆਮ ਲੋਕ ਦੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਸਾਮਲ ਹੋਣ ਤੋਂ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ।
ਜਦ ਦੇਸ ਦੀਆਂ ਸਰਕਾਰਾਂ ਵਿੱਚ ਤਿਆਗੀ ਸਮਾਜ ਸੁਧਾਰਕਾਂ ਦੀ ਥਾਂ ਅਪਰਾਧੀ ਅਤੇ ਪੈਸੇ ਦੇ ਭੁੱਖੇ ਲੋਕ ਸ਼ਾਮਲ ਹੋ ਜਾਂਦੇ ਹਨ ਅਤੇ ਇਸ ਤਰਾਂ ਦੇ ਰਾਜਨੀਤਕ ਲੋਕ ਬਾਬੂਸ਼ਾਹੀ ਤੇ ਹੀ ਨਿਰਭਰ ਹੁੰਦੇ ਹਨ । ਪੈਸੇ ਦੇ ਭੁੱਖੇ ਲੋਕਾਂ ਕੋਲ ਦੂਸਰਿਆਂ ਦੀ ਭਲਾਈ ਵਾਲ ਦਿਮਾਗ ਹੀ ਨਹੀਂ ਹੁੰਦਾ । ਬਾਬੂਸ਼ਾਹੀ ਦਾ ਵੱਡਾ ਹਿੱਸਾ ਵੀ ਧਨ ਦਾ ਗੁਲਾਮ ਅਤੇ ਆਪਣੇ ਪਰਿਵਾਰਾਂ ਦਾ ਹੀ ਹੋ ਜਾਂਦਾ ਹੈ ਅਤੇ ਇਸ ਰਾਹ ਤੇ ਤੁਰੀ ਬਾਬੂਸ਼ਾਹੀ ਕਦੇ ਵੀ ਉਹ ਰਾਇ ਰਾਜਨੀਤਕਾਂ ਨੂੰ ਨਹੀਂ ਦਿੰਦੀ, ਜਿਸ ਨਾਲ ਸਮਾਜ ਦੇ ਗਰੀਬ ਲੋਕਾਂ ਦਾ ਭਲਾ ਹੁੰਦਾ ਹੋਵੇ । ਸੋ ਇਸ ਤਰਾਂ ਦੇ ਗੋਲਮਾਲ ਵਿੱਚ ਆਮ ਲੋਕਾਂ ਦਾ ਹਰ ਰਾਹ ਤਰੱਕੀ ਦਾ ਬੰਦ ਕੀਤਾ ਜਾਂਦਾ ਹੈ ਜਿਸ ਨਾਲ ਦੇਸ ਦਾ ਭਵਿੱਖ ਸਿਆਣੇ ਅਤੇ ਹੁਸ਼ਿਆਰ ਵਰਗ ਦੀਆਂ ਸੇਵਾਵਾਂ ਤੋਂ ਵੀ ਵਾਂਝਾ ਹੁੰਦਾ ਤੁਰਿਆ ਜਾਂਦਾ ਹੈ।
ਜਿਸ ਨਾਲ ਦੇਸ ਦਾ ਭਵਿੱਖ ਵੀ ਕੋਈ ਬਹੁਤਾ ਚੰਗਾ ਨਹੀਂ ਹੋ ਸਕਦਾ । ਜਿਹੜੇ ਵਿਦਿਆਰਥੀ ਹੁਸ਼ਿਆਰ ਹੁੰਦੇ ਹਨ, ਉਹਨਾਂ ਵਿੱਚ ਬਚਪਨ ਤੋਂ ਹੀ ਇਹ ਵਰਤਾਰਾ ਕੁਦਰਤ ਦੀ ਦੇਣ ਹੁੰਦਾ ਹੈ। ਇਸ ਤਰਾਂ ਦੇ ਬੱਚੇ ਬਹੁਤੀ ਵਾਰ ਪੜਾਈ ਵਿੱਚ ਉੱਚ ਨੰਬਰ ਜਾਂ ਉੱਚ ਗਰੇਡ ਹੀ ਹਾਸਲ ਕਰਦੇ ਹਨ ਪਰ ਟੈਸਟਾਂ ਵਿੱਚ ਉੱਚ ਗਰੇਡ ਹਾਸਲ ਕਰਨ ਲਈ ਤਿਕੜਮਾਂ ਵਰਤੀਆਂ ਜਾਂਦੀਆਂ ਹਨ, ਜੋ ਕਿ ਸਿਰਫ ਵਪਾਰਕ ਮਹਿੰਗੇ ਸਕੂਲਾਂ ਜਾਂ ਅਕੈਡਮੀਆਂ ਵਿੱਚ ਸਿਖਾਈਆਂ ਜਾਂਦੀਆਂ ਹਨ ਜਾਂ ਪੇਸਾਵਰ ਲੋਕ ਮਹਿੰਗੀਆਂ ਫੀਸਾਂ ਲੈ ਕੇ ਇਹ ਸਿਖਾਉਂਦੇ ਹਨ।
ਇਸ ਤਰਾਂ ਦਾ ਗਿਆਨ ਆਮ ਗਰੀਬ ਲੋਕ ਬਹੁਤ ਹੀ ਘੱਟ ਹਾਸਲ ਕਰ ਪਾਉਂਦੇ ਹਨ ਪਰ ਜੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣ ਤਦ ਉਹ ਵੀ ਅਮੀਰਾਂ ਦੇ ਬੱਚਿਆਂ ਨੂੰ ਟੱਕਰ ਦੇ ਸਕਦੇ ਹਨ । ਅਸਲ ਵਿੱਚ ਅਮੀਰ ਲੋਕ ਪੁਰਾਤਨ ਯੁੱਗ ਦੀਆਂ ਰਵਾਇਤਾਂ ਵਾਂਗ ਅੱਜ ਵੀ ਆਮ ਲੋਕਾਂ ਨੂੰ ਆਪਣੇ ਗੁਲਾਮ ਹੀ ਬਣਾਈ ਰੱਖਣਾ ਲੋਚਦੇ ਹਨ ਜਿਸ ਕਾਰਨ ਹਰ ਉਹ ਤਰੀਕਾ ਵਰਤਿਆ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੇ ਬੱਚੇ ਦੇਸ ਦੇ ਪਰਬੰਧਕੀ ਢਾਚੇਂ ਵਿੱਚ ਨਾ ਵੜ ਸਕਣ ।
ਇੱਕ ਵੱਡਾ ਕਾਰਨ ਦੇਸ ਦੀਆਂ ਸਰਕਾਰਾਂ ਵੱਲੋਂ ਵਿੱਦਿਆਂ ਦੇਣ ਵਾਲੇ ਅਦਾਰਿਆਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ । ਸਰਕਾਰੀ ਅਦਾਰਿਆਂ ਦਾ ਵਿਕਾਸ ਰੋਕਿਆ ਜਾ ਰਿਹਾ ਹੈ ਵਪਾਰੀ ਕਿਸਮ ਦੇ ਲੋਕ ਵਿਦਿਅਕ ਅਦਾਰਿਆਂ ਦੇ ਮਾਲਕ ਬਣ ਰਹੇ ਹਨ । ਦੇਸ ਦੇ ਅਯੋਗ ਰਾਜਨੀਤਕਾਂ ਨੂੰ ਪੈਸਿਆਂ ਦਾ ਅਤੇ ਵੋਟਾਂ ਦਾ ਲਾਲਚ ਦੇਕੇ ਕੋਈ ਅਮੀਰ ਜਾਂ ਧਾਰਮਿਕ ਅਦਾਰਾ ਆਪਣੀ ਵਿਦਿਅਕ ਸੰਸਥਾਂ ਸਕੂਲ ਤੋਂ ਯੂਨੀਵਰਸਿਟੀ ਤੱਕ ਖੋਲ ਸਕਦਾ ਹੈ ਜਿਸ ਤੋਂ ਗਰੀਬ ਲੋਕ ਤਾਂ ਲੁੱਟੇ ਹੀ ਜਾਂਦੇ ਹਨ ਅਤੇ ਅਮੀਰ ਲੋਕ ਇੰਹਨਾਂ ਦੀਆਂ ਮਹਿੰਗੀਆਂ ਸੀਟਾਂ ਹਾਸਲ ਕਰਕੇ ਆਪਣਾਂ ਰੁਤਬਾ ਦਿਖਾਉਂਦੇ ਹਨ।
ਲੱਖਾਂ ਦੀਆਂ ਫੀਸਾਂ ਭਰਨਾਂ ਤਾਂ ਮਿਡਲ ਕਲਾਸ ਦੀ ਵੀ ਸਮੱਰਥਾਂ ਤੋਂ ਬਾਹਰ ਹੋ ਰਿਹਾ ਹੈ। ਦੇਸ ਵਿੱਚ ਅੰਗਰੇਜ਼ਾਂ ਦੀ ਨੀਤੀ ਅਤੇ ਪੁਰਾਤਨ ਯੁੱਗ ਦੀ ਨੀਤੀ ਵਾਂਗ ਉੱਚ ਸਿੱਖਿਆਂ ਅਤੇ ਮਹਿੰਗੀ ਸਿੱਖਿਆ ਨੂੰ ਹਾਸਲ ਕਰ ਪਾਉਣਾਂ ਸਿਰਫ ਅਮੀਰ ਲੋਕਾਂ ਤੱਕ ਹੀ ਮਹਿਦੂਦ ਕਰਨ ਦੀ ਕੋਸਿਸ ਨੇਪਰੇ ਚੜਾਈ ਜਾ ਰਹੀ ਹੈ। ਲੱਖਾਂ ਡਿਗਰੀ ਧਾਰਕ ਹੁਸ਼ਿਆਰ ਬੱਚਿਆਂ ਨੂੰ ਨੌਕਰੀ ਤੋਂ ਪਹਿਲਾਂ ਕੋਈ ਨਾ ਕੋਈ ਟੈਸਟ ਪਾਸ ਕਰਨਾ ਹੀ ਜ਼ਰੂਰੀ ਕਰਕੇ ਰੋਕ ਲਾ ਦਿੱਤੀ ਗਈ ਹੈ। ਇੱਕ ਉਦਾਹਰਣ ਦੇਖੋ ਜਿਵੇਂ ਲੱਖਾਂ ਲੋਕ ਵਿੱਦਿਆਂ ਦੇਣ ਦੀ ਡਿਗਰੀ ਬੀ ਐਡ ਜਾਂ ਈਟੀਟੀ ਆਦਿ ਜਾਂ ਹੋਰ ਲੱਖਾਂ ਦੇ ਖਰਚ ਕਰਕੇ ਹਾਸਲ ਕਰੀ ਫਿਰਦੇ ਹਨ ਪਰ ਨੌਕਰੀ ਹਾਸਲ ਕਰਨ ਲਈ ਟੀਈਟੀ ਟੈਸਟ ਪਾਸ ਕਰਨ ਦੀ ਸ਼ਰਤ ਲਾ ਦਿੱਤੀ ਗਈ ਹੈ ਜਦੋਂ ਕਿ ਇਸਦਾ ਸਿਲੇਬਸ ਹੀ ਕੋਈ ਨਹੀਂ ।
ਇਸ ਟੈਸਟ ਵਿੱਚ ਪਾਸ ਹੋਣ ਦੀ ਯੋਗਤਾ ਕਿਸੇ ਪਰਸੈਂਟ ਦੇ ਅਧਾਰ ਤੇ ਨਹੀਂ ਸਰਕਾਰ ਦੀ ਮਰਜ਼ੀ ਤੇ ਹੈ ਕਿ ਜਿੰਨੇ ਕੁ ਅਧਿਆਪਕ ਰੱਖਣੇ ਹਨ ਉਨੇਂ ਕੁ ਪਾਸ ਕਰ ਦਿੱਤੇ ਜਾਂਦੇ ਹਨ ਬਾਕੀ ਬਚਦਿਆਂ ਨੂੰ ਫਿਰ ਦੁਬਾਰਾ ਫੀਸਾਂ ਭਰਕੇ ਸਰਕਾਰੀ ਖਜ਼ਾਨੇ ਭਰਨ ਦਾ ਅਦੇਸ ਅਤੇ ਟੈਸਟ ਪਾਸ ਕਰਨ ਦੀ ਸਰਤ ਰੱਖ ਦਿੱਤੀ ਜਾਂਦੀ ਹੈ। ਇਸ ਤਰਾਂ ਹੀ ਦੂਸਰੀਆਂ ਸਰਕਾਰੀ ਨੌਕਰੀਆਂ ਲਈ ਕੀਤਾ ਜਾ ਰਿਹਾ ਹੈ । ਵਿਦਿਅਕ ਡਿਗਰੀਆਂ ਫੇਲ ਕਰਕੇ ਟੈਸਟ ਪਾਸ ਕਰੋ ਦੀ ਸਰਤ ਰੱਖ ਦਿੱਤੀ ਜਾਂਦੀ ਹੈ । ਜੇ ਨੌਕਰੀਆਂ ਟੈਸਟ ਹਾਸਲ ਕਰਨ ਤੇ ਹੀ ਮਿਲਣੀਆਂ ਹਨ ਫਿਰ ਮੈਟਿ੍ਰਕ ਤੋਂ ਬਾਅਦ ਹੀ ਟੈਸਟ ਜ਼ਰੂਰੀ ਕਰ ਦਿਉ ਜਾਂ ਨਿਮਨ ਵਿਦਿਅਕ ਯੋਗਤਾ ਰੱਖੋ ਜਿਸ ਤੋਂ ਬਾਅਦ ਕੋਈ ਵਿਦਿਆਰਥੀ ਟੈਸਟ ਪਾਸ ਕਰੇ ਅਤੇ ਉਸ ਤੋਂ ਬਾਅਦ ਹੀ ਇਸ ਸਬੰਧੀ ਵਿਦਿਅਕ ਕੋਰਸ ਪਾਸ ਕਰੇ ਅਤੇ ਆਪਣੀ ਦੂਹਰੀ ਲੁੱਟ ਤਂ ਬਚ ਜਾਵੇ।
ਪਹਿਲਾਂ ਵਿਦਿਅਕ ਕੋਰਸਾਂ ਡਿਗਰੀਆਂ ਹਾਸਲ ਕਰਨ ਤੇ ਲੁੱਟ ਲਏ ਜਾਂਦੇ ਹਨ ਆਮ ਲੋਕ ਪਰ ਬਅਦ ਵਿੱਚ ਟੈਸਟਾਂ ਵਿੱਚੋਂ ਫੇਲ ਕਰਕੇ ਸਦਾ ਲਈ ਰੱਦ ਕਰ ਦਿੱਤੇ ਜਾਂਦੇ ਹਨ । ਬਿਨਾਂ ਪੜਿਆਂ ਕੁਰਸੀਆਂ ਮੱਲਣ ਵਾਲੇ ਰਾਜਨੀਤਕ ਕਿਵੇਂ ਸਮਝ ਸਕਦੇ ਹਨ ਰਾਤਾਂ ਨੂੰ ਅਨੀਂਦਰੇ ਰਹਿਕੇ ਪੜਨ ਵਾਲਿਆਂ ਦੀਆਂ ਅਤੇ ਗਰੀਬ ਮਾਪਿਆਂ ਦੀਆਂ ਸਭ ਕੁਝ ਲੁਟਾ ਹੋ ਜਾਣ ਦੀਆਂ ਤਕਲੀਫਾਂ ? ਬਾਬੂਸ਼ਾਹੀ ਦੀਆਂ ਦੇਸ ਦੀ ਨੌਜਵਾਨੀ ਨੂੰ ਪਾਗਲਪਣ ਵੱਲ ਤੋਰਨ ਦੀਆਂ ਨੀਤੀਆਂ ਅਤਿ ਖਤਰਨਾਕ ਹਨ।
ਜੇ ਦੇਸ ਦੀ ਵਰਤਮਾਨ ਬਾਬੂਸਾਹੀ ਨੂੰ ਟੈਸਟ ਪਾਸ ਕਰਨ ਦੀ ਸਰਤ ਤੋਂ ਬਿਨਾਂ ਨੌਕਰੀ ਕਰਨ ਦੀ ਖੁੱਲ ਹੈ ਤਦ ਵਰਤਮਾਨ ਵਿਦਿਆਰਥੀਆਂ ਤੇ ਇਹ ਸਰਤ ਲਾਉਣਾਂ ਬਹੁਤ ਹੀ ਘਟੀਆਂ ਹੁਕਮ ਹੈ ਜਾਂ ਫਿਰ ਦੇਸ ਦੀ ਵਰਤਮਾਨ ਬਾਬੂਸਾਹੀ ਤੋਂ ਵੀ ਇਹ ਟੈਸਟ ਲੈਣੇ ਚਾਹੀਦੇ ਹਨ ਜਿਸ ਨਾਲ ਸਾਇਦ ਦੇਸ ਦੇ ਸਮੱਚੇ ਮੁਲਾਜ਼ਮ ਵਰਗ ਵਿੱਚੋਂ ਇੱਕ ਪਰਸੈਂਟ ਵੀ ਪਾਸ ਨਹੀਂ ਕਰ ਸਕਣਗੇ ਅਤੇ ਦੇਸ ਦੇ ਲੋਕਾਂ ਦਾ ਅਯੋਗ ਬਾਬੂਸਾਹੀ ਤੋਂ ਵੀ ਛੁਟਕਾਰਾ ਹੋ ਜਾਵੇਗਾ। ਸਮਾਨਤਾ ਦਾ ਕਾਨੂੰਨ ਸਭ ਤੇ ਲਾਗੂ ਹੋਣਾਂ ਚਾਹੀਦਾ ਹੈ । ਦੇਸ ਦੀਆਂ ਬਾਬੂਸ਼ਾਹੀ ਦੀਆਂ ਗਲਤ ਨੀਤੀਆਂ ਅਤਿ ਨਿੰਦਣ ਯੋਗ ਹਨ, ਜੋ ਗਰੀਬ ਲੋਕਾਂ ਦੀ ਲੁੱਟ ਅਤੇ ਆਪਣਿਆਂ ਨੂੰ ਹੀ ਅੱਗੇ ਲਿਆਉਣ ਦਾ ਸਾਧਨ ਬਣਦੀਆਂ ਹਨ।
ਸੰਪਰਕ: +91 94177 27245