ਸੂਰਬੀਰਾਂ ਦੀ ਧਰਤੀ ਦੇ ਜਾਇਆਂ ਦੀ ਨਿਪੁੰਸਕ ਹੋ ਗਈ ਬਹਾਦਰ ਮਾਨਸਿਕਤਾ? -ਬਲਜਿੰਦਰ ਕੋਟਭਾਰਾ
Posted on:- 31-12-2013
ਬਹੁਤ ਮਾਮਲਿਆਂ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਸੀ। ਇਨਕਲਾਬੀ ਬਗਾਵਤੀ ਲਹਿਰਾਂ, ਮੁਗਲਾਂ, ਅੰਗਰੇਜ਼ਾਂ ਦੇ ਹਮਲਿਆਂ ਦਾ ਸਾਹਮਣਾ, ਬਹਾਦਰੀਆਂ ਦੇ ਸੰਸਾਰ ਭਰ ਵਿੱਚ ਪ੍ਰਚਲਿਤ ਕਿੱਸੇ, ਸੱਤਾ ਪਲਟਣ ਵਿੱਚ ਯੋਗਦਾਨ, ਹੱਡ ਭੰਨਵੀਂ ਮਿਹਨਤ ਨਾਲ ਅੰਨ ਦਾ ਭੰਡਾਰ ਭਰਨ ਤੇ ਪਤਾ ਨਹੀਂ ਹੋਰ ਕਿੰਨੇ ਕੁ ਕੁਰਬਾਨੀਆਂ ਭਰੇ ਕਿੱਸੇ ਜੋ ਉਹਨਾਂ ਆਪਣੇ ਲਹੂਆਂ ਨਾਲ ਰੰਗੇ। ਇਹ ਸਭ ਐਵੇਂ ਨਹੀਂ ਸਨ, ਇਹ ਸਚਮੁੱਚ ਦੇ ਸਨ। ਪੰਜ ਆਬ ਭਾਵ ਪੰਜਾਬ ਦੇ ਬਹਾਦਰ ਸੂਰਬੀਰਾਂ ਦੀ ਬਹਾਦਰੀ ਦੇ ਕਿੱਸੇ ਸਨ। ਕਦੇ ਬਾਬਾ ਨਾਨਕ. . ਕਦੇ ਹਰਗੋਬਿੰਦ. . ਕਦੇ ਅਰਜਨ ਦੇਵ. . ਕਦੇ ਮਤੀ ਦਾਸ. . ਕਦੇ ਭਾਈ ਦਿਆਲਾ .. . ਕਦੇ ਬਾਬਾ ਦੀਪ ਸਿੰਘ. . ਕਦੇ ਹਰੀ ਸਿੰਘ ਨਲੂਆ. . ਕਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ. . ਕਦੇ ਕਰਤਾਰ ਸਿੰਘ ਸਰਾਭਾ . . ਕਦੇ ਸ਼ਹੀਦ ਊਧਮ ਸਿੰਘ. . ਇਹ ਲੜੀਆਂ ਬਹੁਤ ਲੰਬੀਆਂ ਨੇ ਤੇ ਇਹ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਹੈ ।
ਪਰ ਜੇ ਅੱਜ 21ਵੀਂ ਸਦੀ ਦੀ ਗੱਲ ਕਰੀਏ ਤਾਂ ਕੀ ਇਹ ਸਚਮੁੱਚ ਪੰਜਾਬੀ ਇਸ ਕੁਰਬਾਨੀ, ਸੱਤਾ ਨਾਲ ਟੱਕਰ ਲੈਣ ਤੇ ਬਾਬਾ ਨਾਨਕ ਵੱਲੋਂ ਰਾਜਿਆਂ ਨੂੰ ਕੁੱਤੇ ਕਹਿਣ ਦੀ ਹਿੰਮਤ ਰੱਖਦੇ ਵਾਰਿਸਾਂ ਦੀ ਕਤਾਰ ਵਿੱਚ ਖੜ੍ਹੇ ਹਨ? ਬਹੁਤ ਸਾਰੇ ਲੋਕ ਕਹਿਣਗੇ ਕਿ ਨਹੀਂ ਕੁਝ ਹੱਦ ਤੱਕ ਉਹਨਾਂ ਦੀ ਗੱਲ ਸਹੀ ਵੀ ਹੋ ਸਕਦੀ ਹੈ. . ਸਾਨੂੰ ਇਹ ਅੱਕ ਵਰਗਾ ਕੌੜਾ ਸੱਚ ਕਬੂਲ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਕਿ ਇਹ ਅੱਜ ਦੀ ਘੜੀ ਵਿੱਚ ਕੁਝ ਸੱਚ ਵੀ ਹੈ ਕਿ ਬਹਾਦਰ ਪੰਜਾਬੀਆਂ ਦੀ ਮਾਨਸਿਕਤਾ ਨਿਪੁੰਸਕ ਕਰ ਦਿੱਤੀ ਹੈ. . ਕੁਝ ਮੁੱਠੀ ਭਰ ਬਦਮਾਸ਼ ਸੱਤਾ ਦੇ ਹੰਕਾਰ ਵਿੱਚ ਬਹਾਦਰ, ਯੋਧਿਆਂ ਪੰਜਾਬੀਆਂ ਦੀ ਅਣਖ਼ ਨੂੰ ਲਲਕਾਰ ਰਹੇ ਹਨ ਪਰ ਉਹਨਾਂ ਦੀ ਕੁਰਬਾਨੀ ਵਾਲੀ ਮਾਨਸਿਕਤਾ ਖੱਸੀ ਕੀਤੀ ਜਾਂ ਰਹੀ ਹੈ।
ਇੱਕ ਨਹੀਂ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਝੱਲਣੀਆਂ ਪਈਆਂ ਜਿਸ ਤੋਂ ਮਹਿਸੂਸ ਹੋਇਆ ਹੈ ਕਿ ਪੰਜਾਬੀਆਂ ਦੀ ਮਾਨਸਿਕਤਾ ਨਿਪੁੰਸਕ ਹੋ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਸਾਡਾ ਮਹਿਸੂਸ ਕਰਨਾ ਗਲਤ ਹੋਵੇ, ਤੇ ਇਹਨਾਂ ਪੰਜਾਬੀਆਂ ‘‘ਵਿਚਾਰਿਆਂ’’ ਕੋਲ ਭਾਣਾ ਮੰਨਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਇਸ ਦਾ ਦੋਸ਼ ਪੰਜਾਬੀਆਂ ਸਿਰ ਵੀ ਨਹੀਂ ਸਗੋਂ ਉਹ ‘‘ਇਨਕਲਾਬੀਆਂ’’ ਸਿਰ ਵੀ ਆੳਂੁਦਾ ਹੈ ਜਿਹਨਾਂ ਦੇ ਅਖੌਤੀ ਨੇਤਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਨੂੰ ਵੀ ਕਾਹਲੀ ਵਿੱਚ ਹਾਜ਼ਰੀ ਭਰ ਜਾਂਦੇ ਹਨ ਤੇ ਆਪਣੀ ‘‘ਕਾਰਕੁੰਨ’’ ਨੂੰ ਬਚਾਉਣ ਲਈ ਬਹੁਤੀਆਂ ਜਥੇਬੰਦੀਆਂ ਦੀ ਇਨਕਲਾਬੀ ਤਾਕਤ ਇੱਕ ਗਰੀਬ ਲੜਕੀ ਦੇ ਪਰਿਵਾਰ ਵਿਰੁੱਧ ਵਾਰ ਜਾਂਦੇ ਨੇ।
ਤਲਵੰਡੀ ਸਾਬੋ ਤੋਂ ਮਾਨਸਾ ਜ਼ਿਲ੍ਹੇ ਵੱਲ ਪੈਂਦੇ ਬਣਾਂਵਾਲੀ ਥਰਮਲ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਸਿਰੇ ਦੀ ਅਣਗਹਿਲੀ ਜਾਂ ਕਹੇ ਲਵੋ ਕਿ ਪੂੰਜੀ ਬਚਾਉਣ ਲਈ ਬਣਾਏ ਪ੍ਰਬੰਧ ਲਈ ਮਜ਼ਦੂਰਾਂ ਦੀ ਬਲੀ ਦਿੱਤੀ ਗਈ. . ਮਾਰੇ ਗਏ ਮਜ਼ਦੂਰਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਮਜ਼ਦੂਰ ਗੈਰ-ਪੰਜਾਬੀ ਸਨ ਤੇ ਪੰਜਾਬ ਵਾਲਾ ਹੇਠਲੀ ਕਿਸਾਨੀ ਵਿੱਚੋਂ ਹਰਿਆਣਾ ਦੀ ਹੱਦ ਨਾਲ ਲੱਗਦੇ ਕੁਸਲਾ ਪਿੰਡ ਦਾ ਵਾਸੀ 23 ਸਾਲਾ ਗੁਰਦੀਪ ਸਿੰਘ ਸੀ। ਜਦੋਂ ਅਸੀਂ ਉਸ ਦੇ ਸੱਥਰ ’ਤੇ ਬੈਠੇ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੇ ਸਾਂ ਤਾਂ ਉਸ ਦਾ ਪਿਤਾ ਮੁਜਰਮਾਂ ਵਾਂਗ ਹੱਥ ਬੰਨ ਕੇ ਖੜ੍ਹਾ ਹੋ ਗਿਆ . . ‘‘ਦੇਖੋ ਪੁੱਤਰੋ . . ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਸੀਂ ਮੇਰੇ ਪੁੱਤਰਾਂ ਵਰਗੇ ਹੋ. . ਅਸੀਂ ਲੱਖਾਂ ਰੁਪਏ ਦੇ ਕਰਜ਼ਈ ਮਸਾਂ ਵੇਲਾ ਪੂਰਾ ਕਰਕੇ ਜਵਾਕ ਪਾਲ ਰਹੇ ਹਾਂ. .. . . ਕਿਤੇ ਹੋਰ ਕੁਝ ਗਲਤ ਲਿਖ ਕੇ ਸਾਡਾ ਨੁਕਸਾਨ ਨਾ ਕਰ ਦੇੲੀਂ. . ।’’ ਉਸ ਅੰਮਿ੍ਰਤਧਾਰੀ ਬਜ਼ੁਰਗ ਦੇ ਗਾਤਰਾ ਵੀ ਪਾਇਆ ਹੋਇਆ ਸੀ। ਮਗਰਲੇ ਸ਼ਬਦ ਕਿ . . ਕਿਤੇ ਹੋਰ ਕੁਝ ਗਲਤ ਲਿਖ ਕੇ ਸਾਡਾ ਨੁਕਸਾਨ ਨਾ ਕਰ ਦੇਈ. . ’’ ਸੁਣ ਕੇ ਮੇਰਾ ਪਾਰਾ ਚੜ੍ਹ ਗਿਆ। ਮੈਂ ਜੋ ਕਿਹਾ ਇਹ ਪਤਾ ਨਹੀਂ ਠੀਕ ਸੀ ਜਾਂ ਗਲਤ ਪਰ ਮੈਂ ਇਹ ਕਿਹਾ. . ‘‘ਬਾਪੂ ਜੀ ਇਹ ਗਾਤਰੇ ਕਾਹਦੇ ਲਈ ਪਾਏ ਨੇ. . ਤੁਸੀਂ ਉਹਨਾਂ ਗੁਰੂਆਂ ਦੇ ਸਿੰਘ ਹੋ ਜਿਹਨਾਂ ਨੇ ਆਪਣਾ ਪਰਿਵਾਰ ਲੋਕਾਂ ਲਈ ਵਾਰ ਦਿੱਤਾ? ਬੱਸ ਇਹੀ ਧਰਮ ਰਹਿ ਗਿਆ ਕਿ ਦੋ ਚਾਰ ਵਾਰ ਗੁਰਦੂਆਰੇ ਜਾ ਕੇ ਵਾਹਿਗੁਰੂ ਵਾਹਿਗੁਰੂ ਦਾ ਰਟ ਕਰਕੇ ਕੜਾਹ ਖਾ ਕੇ ਮੁੜ ਆਉਂ. . ਤੁਹਾਡਾ ਨੌਜਵਾਨ ਪੁੱਤ ਮਰ ਗਿਆ ਤੇ ਹੋਰ ਤੁਹਾਡਾ ਕੋਈ ਕੀ ਕਰ ਲਵੇਗਾ. . ਉਹ ਤੁਹਾਡਾ ਕੀ ਖੋਹਣ ਲੈਣਗੇ. .।’’ ਪਤਾ ਨਹੀਂ ਹੋਰ ਵੀ ਕੀ ਕੁਝ ਮੇਰੇ ਤੋਂ ਬੋਲਿਆ ਗਿਆ. . । ਮੈਂ ਉਹਨਾਂ ਜਨਤਕ ਜਥੇਬੰਦੀਆਂ ਦੇ ਵਿਰੋਧ ਵਿੱਚ ਵੀ ਲਿਖ ਦਿੱਤਾ ਜੋ ਇਨਕਲਾਬ ਦਾ ਮੁਖੌਟਾ ਪਾ ਕੇ ਮਾਰੇ ਗਏ ਲੋਕਾਂ ’ਤੇ ਕੇਵਲ ਮੁਆਵਜ਼ੇ ਜਾਂ ਨੌਕਰੀ ਦੀ ਗੱਲ ਹੀ ਕਰਦੀਆਂ ਹਨ ਤੇ ਇਹ ਲੜਾਈ ਮੁਆਵਜ਼ੇ ਤੋਂ ਸ਼ੁਰੂ ਹੋ ਕੇ ਮੁਆਵਜ਼ੇ ’ਤੇ ਹੀ ਮੁੱਕ ਗਈ।
ਦੂਜੀ ਘਟਨਾ ਸੀ 4 ਦਸੰਬਰ 2013 ਦੇ ਸ਼ਾਮ ਦੀ। ਕੈਨੇਡਾ ਦੇ ਇੱਕ ਬਜ਼ੁਰਗ ਇਤਿਹਾਸਕਾਰ ਵੱਲੋਂ ਮਹਾਨ ਗ਼ਦਰੀ ਬਾਬਾ ਅਰਜਨ ਸਿੰਘ ਜਗਰਾਓਂ ਬਾਰੇ ਖ਼ੋਜ ਭਰਪੂਰ ਰਿਪੋਰਟ ਤਿਆਰ ਕਰਨ ਲਈ ਉਹਨਾਂ ਦੇ ਪਰਿਵਾਰ ਵਿੱਚੋਂ ਅਮਨਦੀਪ ਹਾਂਸ ਨੂੰ ਕਿਹਾ ਗਿਆ ਜਿਹਨਾਂ ਨੇ ਅੱਗਿਓਂ ਮੇਰੀ ਡਿਊਟੀ ਲਗਾ ਦਿੱਤੀ। ਇਸ ਰਿਪੋਰਟ ਦੇ ਤੱਥ ਇਕੱਠੇ ਕਰਕੇ ਸ਼ਾਮ ਨੂੰ ਪੰਜ ਵਜੇ ਤੋਂ ਮਗਰੋਂ ਬਰਨਾਲਾ ਬੱਸ ਸਟੈਂਡ ਤੋਂ ਬਠਿੰਡਾ ਲਈ ਬਾਦਲਕਿਆਂ ਦੀ ਓਰਬਿਟ ਬੱਸ ਵਿੱਚ ਬੈਠ ਗਿਆ। ਬੱਸ ਅੱਡੇ ਵਿੱਚੋਂ ਨਿਕਲਦਿਆਂ ਸਾਰ ਹੀ ਬੱਸ ਦੇ ਡਰਾਈਵਰ ਨੇ ਐਲ. ਸੀ. ਡੀ. ’ਤੇ ਅਸ਼ਲੀਲ ਗੀਤ ਲਗਾਉਂਦਿਆਂ ਐਸਾ ਕੰਨ ਨਾਲ ਮੋਬਾਇਲ ਫ਼ੋਨ ਲਗਾਇਆ ਕਿ ਬੱਸ ਨੂੰ ਸੜਕ ’ਤੇ ਇਧਰ ਉਧਰ ਲਿਜਾਦਿਆਂ ਬਿਨਾ ਕਿਸੇ ਦੀ ਪਰਵਾਹ ਕੀਤਿਆਂ ਆਪ ਮੁਹਾਰੇ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ। ਕਾਫੀ ਚਿਰ ਦੇਖਣ ਮਗਰੋਂ ਇਸ ਲਾਪਰਵਾਹ ਤੇ ਹੰਕਾਰੀ ਡਰਾਈਵਰ ਦੀ ਫ਼ੋਟੋ ਖਿੱਚ ਲਈ ਪਰ ਫਲੈਸ਼ ਚੱਲਣ ਨਾਲ ‘ਬਹਾਦਰ’ ਪੰਜਾਬੀਆਂ ਦੀ ‘ਬਹਾਦਰੀ’ ਫਲੈਸ਼ ਹੋ ਗਈ। ਇਹ ਫ਼ੋਟੋ ਖਿੱਚਣੀ ਬਹੁਤ ਹੀ ਛੋਟੀ ਗੱਲ ਸੀ ਜਾਂ ਕਹਿ ਲਵੋ ਕਿ ਮਾਮੂਲੀ ਗੱਲ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪਰ ਉਹਨਾਂ ਨੂੰ ਜਾਪਿਆ ਕਿ ਇਸ ਫਲੈਸ਼ ਨੇ ਤਾਂ ਉਹਨਾਂ ਦੀ ਸੱਤਾ ਨੂੰ ਚੈਲੈਂਜ ਕਰ ਦਿੱਤਾ ਹੈ। ਉਹ ਸੂਈ ਕੁੱਤੀ ਵਾਂਗੂ ਗਲ ਪੈ ਗਏ. . ‘‘ ਤੂੰ ਕੌਣ ਹੁੰਦਾ ਏ. . ਫ਼ੋਟੋ ਖਿੱਚਣ ਆਲਾ. ? ਤੇਰੀ ਫ਼ੋਟੋ ਖਿੱਚਣ ਦੀ ਜੁਰੱਅਤ ਕਿਵੇਂ ਪਈ. . ?’’ . . ਤੇਰੇ ਅਰਗੇ ਵੀਹ ਲੰਡੂ ਪੱਤਰਕਾਰ ਭੌਂਕਦੇ ਤੁਰੇ ਫਿਰਦੇ ਨੇ. . ’’ ਇਹ ਕਹਿਣ ’ਤੇ ਕਿ ਮੈਂ ਤਾਂ ਕੁਝ ਬੋਲਿਆ ਵੀ ਨਹੀਂ ਤੇ ਤੁਸੀਂ ਜੋ ਕੁਝ ਕਰਨਾ ਹੈ ਕਾਨੂੰਨੀ ਤੌਰ ’ਤੇ ਕਰ ਲੈਣਾ. . ਤਮੀਜ਼ ਨਾਲ ਗੱਲ ਕਰੋ. . ਤਾਂ ਕਹਿੰਦੇ ਕਿ ਅਸੀਂ ਤਾਂ ਤੇਰੇ ਅਰਗਿਆਂ ਨੂੰ ਤਮੀਜ਼ ਸਿਖਾਉਂਦੇ ਹਾਂ. . ।’’ ਇਸ ਤੋਂ ਅਗਲੀ ਅਗਲਾ ਜੋ ਬਕਵਾਸ ਉਹਨਾਂ ਨੇ ਬਕਿਆ ਉਹ ਸੁਣ ਕੇ ਮੈਂਨੂੰ ਸੁਖਬੀਰ ਬਾਦਲ ਦਾ ਖਚਰਾ ਹਾਸਾ ਹੱਸਦਾ ਚਿਹਰਾ ਨਜ਼ਰ ਆਇਆ. . ਇਹਨਾਂ ਗੁੰਡਿਆਂ ਨੂੰ ਇੱਥੋਂ ਤੱਕ ਖੁੱਲ੍ਹੀਆਂ ਛੁੱਟੀਆਂ. . ‘‘ਅਜੇ ਤਾਂ ਤਿੰਨ ਸਾਲ ਸਰਕਾਰ ਸਾਡੀ ਹੋਰ ਹੈ, ਪੱਟ ਲਓ ਜਿਹੜਾ. . . ਸਾਡਾ ਪੱਟਣਾ. .।’’
ਬੱਸ ਚਾਲਕ ਕੰਡਕਟਰ ਨੂੰ ਝਿੜਕਦਾ ਕਹਿੰਦਾ ਹੈ ਕਿ . . . ’ਭੈ.. ਚੋਅ. . ਇਹੋ ਜਿਹਿਆਂ . . . ਨੂੰ ਬੱਸ ’ਚ ਕਿਉਂ ਚੜ੍ਹਾਇਆ।’’ ਮੇਰਾ ਜਵਾਬ ਹੁੰਦਾ ਹੈ ਕਿ ਬਠਿੰਡਾ ਤੱਕ ਦੇ 60 ਰੁਪਏ ਦਿੱਤੇ ਨੇ. . ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ. . ਉਹ ਹੰਕਾਰਿਆਂ ਡਰਾਈਵਰ ਬੋਲਿਆ ਕਿ ਇਹੋ ਜਿਹਿਆਂ ਨੂੰ ਬੱਸ ਵਿੱਚ ਨਹੀਂ ਸਿੱਧੀ ਗੱਡੀ ਚੜ੍ਹਾਇਆ ਕਰੋ ਤਾਂ ਕਿ ਕਿਸੇ ਨੂੰ ਤੰਗ ਨਾ ਕਰਨ। ਫਿਰ ਉਹ ਤਿੰਨ ਜਣੇ ਖਾ ਜਾਣ ਵਾਲਿਆਂ ਵਾਂਗ ਨੇੜੇ ਆਉਂਦੇ ਕਹਿੰਦੇ ਨੇ ਕਿ ਜਾਂ ਤਾਂ ਫ਼ੋਟੋ ਡਿਲੀਟ ਕਰਦੇ ਨਹੀਂ ਤਾਂ ਤੂੰ ਸੁੱਕਾ ਨਹੀਂ ਜਾਵੇਂਗਾ. . । ਇਹ ਕਹਿਣ ’ਤੇ ਕਿ ਇਹ ਫ਼ੋਟੋ ਡਿਲੀਟ ਨਹੀਂ ਹੋਵੇਗੀ ਮੈਂ ਭਾਵੇਂ ਸੁੱਕਾ ਜਾਵਾਂ ਜਾਂ ਨਹੀਂ ਮੈਂ ਕਦੇ ਥੁੱਕ ਕੇ ਨਹੀਂ ਚੱਟਿਆ. . । ਸੱਤਾ ਦੇ ਹੰਕਾਰ ਵਿੱਚ ਆਫਰਿਆ ਬੱਸ ਚਾਲਕ ਫਿਰ ਇੱਕ ਕੋਝਾ ਹੱਥ ਕੰਡਾ ਅਪਣਾਉਦਾ ਕਹਿੰਦਾ ਹੈ ਕਿ ਇਸ ਨੂੰ ਘੜੀਸ ਕੇ ਬੱਸ ’ਚੋਂ ਬਾਹਰ ਸੁੱਟ ਦਿਓ. . ਕਿਹੜਾ ਸਾਲਾ ਗਵਾਹੀ ਦੇਵੇਗਾ. . । ਜਲਦੀ ਦੇਣੇ ਇਸ ਘਟਨਾ ਦੀ ਸੂਚਨਾ ਇੱਕ ਪੱਤਰਕਾਰ ਨੂੰ ਦਿੱਤੀ ਗਈ. . ।
ਜਦੋਂ ਤਿੰਨ ਜਣਿਆਂ ਨੇ ਝਪਟ ਮਾਰ ਕੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਦੰਦ ਕਿਰਚ ਕੇ ਇਹ ਕਿਹਾ ਗਿਆ ਕਿ ਜੇ ਤੁਸੀਂ ਇਹੋ ਜਿਹੀ ਹਰਕਤ ਕੀਤੀ ਤਾਂ ਜਾਣ ਲਵੋਂ ਇਸ ਦਾ ਰਿਜਲਟ ਬਹੁਤ ਭਿਆਨਕ ਨਿਕਲੂਗਾ ਤੇ ਥੋਨੂੰ ਸੁੱਕਾ ਨਹੀਂ ਛੱਡਣਾ. . । ਇੱਕ ਗੁੰਡਾ ਦੂਜੇ ਨੂੰ ਕਹਿ ਰਿਹਾ ਸੀ ਕਿ ਆਪਣੇ ਬਾਈ ਨੂੰ ਫ਼ੋਨ ਕਰ ਓਏ ਅਗਲੇ ਅੱਡੇ ’ਤੇ ਵੇਖਦੇ ਹਾਂ. . । ਉਹਨਾਂ ਨੇ ਆਪਣੇ ਸਰਗਣੇ ਨੂੰ ਫਟਾਫਟ ਫੋਨ ਕਰਨੇ ਸ਼ੁਰੂ ਕਰ ਦਿੱਤੇ। ਬਿਨਾ ਕਿਸੇ ਕਸੂਰ ਤੋਂ ਇਹ ਗੁੰਡਾਗਰਦੀ ਆਪਣੀ ਮਾਨਸਿਕਤਾ ’ਤੇ ਕਾਫੀ ਚਿਰ ਝੱਲਦਾ ਰਿਹਾ । ਇਹਨਾਂ ਗੰਦੀਆਂ ਗਾਲਾਂ ਦੀ ਵਛਾੜ 40-45 ਸਵਾਰੀਆਂ ਨੂੰ ਵੀ ਸੁਣ ਰਹੀ ਸੀ ਪਰ ਸਭ ਭਾਣਾ ਮੰਨ ਕੇ ਚੁੱਪ ਸਨ। ਸੀਟ ’ਤੇ ਨਾਲ ਬੈਠੇ ਇੱਕ ਬਾਬੂ ਜੀ ਦਾ ਉੱਤਰ ਸੁਣ ਕੇ ਤਾਂ ਮੈਂਨੂੰ ਹੋਰ ਵੀ ਜਹਾਲਤ ਮਹਿਸੂਸ ਹੋਈ, ਬਾਬੂ ਜੀ ਕਹਿ ਰਹੇ ਸਨ. . ‘ਕਾਕਾ ਤੂੰ ਆਪਦੀ ਥਾਂ ਸਹੀ ਏ. . ਇਹ ਆਪਦੀ ਥਾਂ ਸਹੀ ਨੇ. . ਦੇਖੋ ਸ਼ਿਕਾਰ ਹੋਣ ਜਾ ਰਿਹਾ ਸਹਾ ਵੀ ਸਹੀ ਹੈ ਤੇ ਉਸ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੀ ਨੇ. . ਵਾਹ ਕਿਆ ਦਲੀਲ ਸੀ ਤੇ ਫਿਰ ਉਸ ਨੇ ‘ਸਲਾਹ’ ਦਿੰਦਿਆਂ ਕਿਹਾ ਕਿ ਕਾਕਾ ਤੂੰ ਸਰੀਫ਼ ਮੁੰਡਾ ਏ ਤੇ ਇਹ ਗੁੰਡੇ ਨੇ, ਬੱਸ ਚੁੱਪ ਕਰ ਕੇ ਫ਼ੋਟੋ ਡਿਲੀਟ ਕਰਦੇ ਤੇ ਤਪੇ ਉੱਤਰ ਜਾਹ। ਤਪੇ ਬਾਈਪਾਸ ਅੱਡੇ ’ਤੇ ਬੱਸ ਰੋਕਦਿਆਂ ਹੀ ਉਹ ਗੁੰਡੇ ਬਕਵਾਸ ਕਰਨ ਲੱਗੇੇ ਕਿ ਹੇਠਾ ਖਿੱਚੋ ਇਸ ਫ਼ੋਟੋ ਖਿੱਚਣ ਵਾਲੇ ਵੱਡੇ ਪੱਤਰਕਾਰ ਨੂੰ. . ।
ਆਪਣਾ ਆਪ ਬਚਾਉਂਦਿਆਂ ਜਦੋਂ ਬੱਸ ਦਾ ਨੰਬਰ ਹੱਥ ’ਤੇ ਨੋਟ ਕੀਤਾ ਤਾਂ ਉਹ ਤਿੰਨੇ ਗੁੰਡਿਆਂ ਵਾਂਗ ਲਲਕਾਰਦੇ ਫਿਰ ਬੋਲੇ . . ਖ਼ਬਰਾਂ ਲਗਵਾ ਕੇ ਪੱਟ ਲਓ ਜਿਹੜਾ ਸਾਡਾ. . . ਪੱਟਣਾ. . । ਦੋਹੇਂ ਹੱਥਾਂ ਨਾਲ ਡੱਬੇ ਬਣਾ ਕੇ ਬੋਲਣ ਲੱਗੇ ਕਿ ਐਡੀਆਂ ਐਡੀਆਂ ਖ਼ਬਰਾਂ ਲਗਵਾ ਕੇ ਕਰ ਦੇਵੀਂ ਜਿਹੜਾ ਕੁਝ ਕਰਨਾ . . ਜੇ ਜਿਆਦਾ ਖ਼ੁਰਕ ਹੁੰਦੀ ਏ ਤਾਂ ਸਾਡੇ ਦਫ਼ਤਰ ’ਚ ਆ ਜਾਵੀਂ. . ।’’ ਉਸ ਬੱਸ ਅੱਡੇ ’ਤੇ ਵੀ ਮਰਦ ਤੇ ਔਰਤ ਦਰਜਨਾਂ ਸਵਾਰੀਆਂ ਮੌਜੂਦ ਸਨ ਪਰ ਕਿਸੇ ਨੇ ਸਾਹ ਕੱਢਣ ਦੀ ਜੁਰੱਅਤ ਨਹੀਂ ਕੀਤੀ। . . ਇਹ ਗੁੰਡਾਗਰਦੀ ਦੀ ਇੰਤਹਾ ਇੱਥੇ ਹੀ ਨਹੀਂ ਮੁੱਕਦੀ. . ਉਹਨਾਂ ਨੇ ਬੱਸ ਹੌਲੀ ਤੋਰਦਿਆਂ ਮਗਰ ਵੀ ਨਿਗਾਹ ਰੱਖੀ. . ਮੈਂ ਪਿਛਲੀ ਬੱਸ ’ਤੇ ਚੜ੍ਹ ਗਿਆ ਇਹ ਦੇਖੇ ਬਿਨਾ ਕਿ ਇਹ ਵੀ ਸੱਤਾ ਦੇ ਹੰਕਾਰ ਵਿੱਚ ਭੂਸਰੇ ਬਾਦਲਕਿਆਂ ਦੀ ਓਰਬਿਟ ਹੈ. . ਉਹਨਾਂ ਨੇ ਅੱਗੇ ਜਾਂ ਕੇ ਇਸ ਬੱਸ ਮੂਹਰੇ ਆਪਣੀ ਬੱਸ ਲਗਾਉਂਦਿਆਂ ਫਿਰ ਗੁੰਡਾਗਰਦੀ ਸ਼ੁਰੂ ਕਰ ਦਿੱਤੀ. . ਥੱਲੇ ਸੁੱਟੋ ਓਏ ਇਹਨੇ ਵੱਡੇ ਪੱਤਰਕਾਰ ਨੇ ਆਪਣੀ ਬੱਸ ਦੇ ਡਰਾਈਵਰ ਦੀ ਮੋਬਾਇਲ ਸੁਣਦਿਆਂ ਫ਼ੋਟੋ ਖਿੱਚੀ ਏ. . ਦੋ ਬੱਸਾਂ ਦੇ ਗੁੰਡਿਆਂ ਤੋਂ ਬਚਣ ਲਈ ਹੌਲੀ ਹੋਈ ਬੱਸ ਵਿੱਚੋਂ ਛਾਲ ਮਾਰਨੀ ਹੀ ਠੀਕ ਸਮਝੀ.ਖਚਾਖਚ ਭਰੀ ਬੱਸ ਵਿਚ ਇੱਥੇ ਵੀ ਕਿਸੇ ‘ਆਮ ਬੰਦੇ’ ਦੀ ਜੁਰਅਤ ਨਹੀਂ ਪਈ ਕਿ ਕੋਈ ਬੋਲ ਸਕਦਾ। ਇਸ ਗੁੰਡਾਗਰਦੀ ਦੀ ਇੰਤਹਾ ਅੱਗੇ ਵੀ ਜਾਰੀ ਰਹੀ ਇਸ ਤੋਂ ਅਗਲੀ ਬੱਸ ’ਤੇ ਚੜ੍ਹ ਕੇ ਜਦੋਂ ਭੁੱਚੋ ਕੈਂਚੀਆਂ ਚੌਂਕ ’ਤੇ ਪੁੱਜਾ ਤਾਂ ਇਹ ਗੁੰਡੇ ਉੱਥੇ ਵੀ ਬੱਸ ਰੋਕੀ ਖੜ੍ਹੇ ਸਨ।
ਆਪਣੇ ਵਿਰਸੇ ਦੀਆਂ ਵੀਰ ਗਾਥਾਵਾਂ ਸੁਣਾ ਕੇ ਸੁਣਾ ਕੇ ਸੀਨੇ ਚੌੜੇ ਕਰਨ ਵਾਲੇ ਪੰਜਾਬੀਆਂ ਦੀ ਬਹਾਦਰੀ ਪੱਖੋਂ ਮਾਨਸਿਕਤਾ ਖੱਸੀ ਕਰ ਦਿੱਤਾ ਜਾ ਚੁੱਕੀ ਹੈ, ਉਕਤ ਘਟਨਾਵਾਂ ਇਸ ਦੀ ਸ਼ਾਹਦੀ ਭਰਦੀਆਂ ਨੇ। ਉਹਨਾਂ ‘ਇਨਕਲਾਬੀ’ ਧਿਰਾਂ ਨੂੰ ਬਰੀ ਨਹੀਂ ਕੀਤਾ ਜਾਂ ਸਕਦਾ ਜਿਹਨਾਂ ਦੇ ‘ਕਾਮਰੇਡ’ ਕਾਹਲੀ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਨੂੰ ਹਾਜ਼ਰੀ ਲਗਾ ਦਿੰਦਾ ਹੈ ਤੇ ਫਿਰ ਇਕ ‘ਕਾਮਰੇਡ’ ਦੀ ਔਰਤ ਨੂੰ ਬਚਾਉਣ ਲਈ ਦਰਜਨ ਤੋਂ ਵੱਧ ‘ਇਨਕਲਾਬੀ ਜਥੇਬੰਦੀਆਂ’ ਦਾ ਇਨਕਲਾਬ ਸਿਗਰਟ ਦੇ ਧੂੰਏਂ ਦੇ ਛੱਲਿਆਂ ਵਾਂਗ ਖੋਖਲੀ ਹੋਈ ਓਜ਼ੋਨ ਪਰਤ ਵੱਲ ਉਡਾ ਦਿੱਤਾ ਜਾਂਦਾ ਹੈ।
ਇਹਨਾਂ ਵਰਤਾਰਿਆਂ ਮਗਰੋਂ ਇਹ ਫਿਕਰ ਦਿਲ ਵਿਚ ਡੋਬੂ ਪਾਉਣ ਲੱਗਿਆ ਕਿ ਸਰੇਆਮ ਹੋ ਰਹੀ ਗੁੰਡਾਗਰਦੀ ਖਿਲਾਫ ਹੁਣ ਕੋਈ ਆਵਾਜ਼ ਬੁਲੰਦ ਨਹੀਂ ਹੋਵੇਗੀ। ਪਰ ਜਿਸ ਦਿਨ ਬਠਿੰਡੇ ਵਿਚ ਚੌਥੇ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਹੋਣਾ ਸੀ ਉਸ ਦਿਨ ਓਰਬਿਟ ਬੱਸ ਦੇ ਗੁੰਡਿਆਂ ਨੇ ਪੀ. ਆਰ. ਟੀ. ਸੀ. ਦੇ ਇੱਕ ਕੰਡਕਟਰ ਨਾਲ ਹੱਥੋਪਾਈ ਕੀਤੀ, ਤਾਂ ਵਿਰੋਧ ਵਿੱਚ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਬੱਸ ਅੱਡਾ ਜਾਮ ਕਰਕੇ ਜ਼ੋਰਦਾਰ ਆਵਾਜ਼ ਵਿਚ ‘ਬਾਦਲ ਦੇ ਦੱਲੇ ਮੁਰਦਾਬਾਦ’-‘ਸੁਖਬੀਰ ਮਾਮਾ ਮਰ ਗਿਆ- ਮਾਮੀ ਰੰਡੀ ਕਰ ਗਿਆ’ ਦੇ ਨਾਅਰੇ ਬੁਲੰਦ ਕੀਤੇ ਜੋ ਚੁੱਪ ਕੀਤੀ ਬਣਦੀ ਜਾ ਰਹੀ ਪੰਜਾਬੀਆਂ ਦੀ ਮਾਨਕਿਸਤਾ ਨੂੰ ਹਲੂਨਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਉਹ ਨਾਅਰੇ ਤੇ ਬੱਸਾਂ ਟੇਢੀਆਂ ਕਰਕੇ ਬੱਸ ਅੱਡਾ ਰਾਹ ਜਾਮ ਕਰਨ ਦਾ ਵਰਤਾਰਾ ਮੇਰੇ ਜ਼ਿਹਨ ’ਚ ਆਇਆ ਤਾਂ ਕੁਝ ਹੌਸਲਾ ਮਿਲਿਆ ਕਿ ਪੰਜਾਬੀਆਂ ਦੀ ਬਹਾਦਰੀ ਦੀ ਅੱਗ ਮੱਠੀ ਜਰੂਰ ਪਈ ਹੈ, ਪੂਰੀ ਤਰ੍ਹਾਂ ਠਰੀ ਨਹੀਂ ਅਜੇ। ਲੋੜ ਹੈ ਇਸ ਧੁਖ ਰਹੀ ਨੂੰ ਇਨਸਾਫ ਖਾਤਰ ਜ਼ੁਲਮ ਦੇ ਖਿਲਾਫ ਜਗਾਉਣ ਦੀ..।
ਉਕਤ ਵਰਤਾਰੇ ਬਾਰੇ ਸੋਸ਼ਲ ਮੀਡੀਆ ’ਤੇ ਚਰਚਾ ਵੀ ਹੋਈ, ਕਈਆਂ ਨੇ ਦੜ ਵੱਟਣ ਦੀ ਸਲਾਹ ਦਿੱਤੀ ਪਰ ਬਹੁਤਿਆਂ ਨੇ ‘ਲੜਾਂਗੇ ਸਾਥੀ’ ਦਾ ਸੁਨੇਹਾ ਦਿੱਤਾ।