ਸਾਡੀ ਕੌਮੀ ਜ਼ਬਾਨ ਉਰਦੂ ਪੰਜਾਬੀਆਂ ਦੀ ਜਾਨੀ ਦੁਸ਼ਮਣ - ਸੱਯਦ ਆਸਿਫ਼ ਸ਼ਾਹਕਾਰ
Posted on:- 19-04-2012
ਪਾਕਿਸਤਾਨ ਸ਼ੀਤ ਦੁਨੀਆਂ ਦਾ ਇਕੱਲਾ ਦੇਸ਼ ਏ ਜਿਹਦੇ ਮਿਣ, ਤੋਲ, ਮੀਚੇ ਤੇ ਮਿਆਰ ਸਾਰੀ ਦੁਨੀਆਂ ਤੋਂ ਵੱਖਰੇ ਤੇ ਨਿਰਾਲੇ ਨੇ। ਇਨ੍ਹਾਂ ਵਿੱਚ ਕੋਈ ਮੁਨਤਕ ਹੈ ਜਾਂ ਨਹੀਂ ਇਹਦੀ ਪਰਵਾਹ ਨਹੀਂ ਪਰ ਇਹ ਧੱਕੇ ਨਾਲ਼ ਇੱਥੇ ਲਾਗੂ ਕਰ ਦਿੱਤੇ ਗਏ ਨੇ ਤੇ ਇਨ੍ਹਾਂ ਉੱਤੇ ਹਰਫ਼ ਉਠਾਉਣਾ ਕਾਫ਼ਰ ਤੇ ਗ਼ਦਾਰ ਹੋਣ ਦੇ ਬਰਾਬਰ ਏ। ਪਾਕਿਸਤਾਨ ਖ਼ਾਸ ਤੌਰ ’ਤੇ ਪੰਜਾਬ ਵਿੱਚ ਜਦ ਇੱਕ ਬੱਚਾ ਜੰਮਦਾ ਏ ਤੇ ‘ਇਸਲਾਮ, ਨਜ਼ਰੀਆ ਪਾਕਿਸਤਾਨ ਤੇ ਉਰਦੂ’ ਦੇ ਨਾਂ ’ਤੇ ਉਹਦੀ ਦਿਮਾਗ਼ ਧੁਆਈ ਸ਼ੁਰੂ ਹੋ ਜਾਂਦੀ ਏ। ਉਹ ਤਾਕਤਾਂ ਜੋ ਹਰ ਚੌਥੇ ਦਿਨ ‘ਇਸਲਾਮ ਖ਼ਤਰੇ ਵਿੱਚ ਏ’ ਦਾ ਰੌਲ਼ਾ ਪਾਉਂਦੀਆਂ ਨੇ ਇਹੋ ਈ ਆਏ ਦਿਨ ‘ਉਰਦੂ ਨੂੰ ਖ਼ਤਰਾ ਏ ਇਹਨੂੰ ਬਚਾਓ’ ਦੀ ਗੱਲ ਇੰਜ ਕਰਦੀਆਂ ਨੇ ਜਿਵੇਂ ਇਹ ਪਾਕਿਸਤਾਨ ਦੇ ਨਾਲ਼ ਇਸਲਾਮ ਦਾ ਵੀ ਚੌਥਾ ਪਾਵਾ ਹੋਵੇ । ਉਰਦੂ ਨੂੰ ਬਚਾਉਣ ਦੇ ਸਿਲਸਿਲੇ ਵਿੱਚ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਜਾਂਦੀ ਏ ਕਿ ਇਹ ਮੁਸਲਮਾਨਾਂ ਦੀ ਜ਼ਬਾਨ ਏ ਹਕੀਕਤ ਵਿੱਚ ਇਹ ਦਾਵਾ ਈ ਨਿਰਾ ਗ਼ਲਤ ਏ।ਪਹਿਲੀ ਗੱਲ ਤੇ ਇਹ ਹੈ ਕਿ ਹਿੰਦੁਸਤਾਨ ਦੇ ਉਹ ਇਲਾਕੇ ਜਿਵੇਂ ਯੂ.ਪੀ., ਬਿਹਾਰ ,ਹੈਦਰਾਬਾਦ, ਬੰਬਈ ਤੇ ਦਿੱਲੀ ਜਿੱਥੇ ਉਰਦੂ ਬੋਲੀ ਜਾਂਦੀ ਏ ਉੱਥੋਂ ਦੀ ਅਕਸਰੀਅਤ ਮੁਸਲਮਾਨ ਨਹੀਂ ਸਗੋਂ ਹਿੰਦੂ ਏ। ਉਹਦਾ ਇੱਕ ਸਬੂਤ ਇਹ ਵੀ ਏ ਕਿ ਜੇ ਉੱਥੇ ਮੁਸਲਮਾਨਾਂ ਦੀ ਅਕਸਰੀਅਤ ਹੁੰਦੀ ਤਾਂ ਇਹ ਸੂਬੇ ਵੀ ਪਾਕਿਸਤਾਨ ਦਾ ਹਿੱਸਾ ਬਣਦੇ।
ਦੂਜੀ ਗੱਲ ਇਹ ਹੈ ਕਿ ਵੰਡ ਤੋਂ ਪਹਿਲਾਂ ਉਹ ਮੁਸਲਮਾਨ ਜਿਹਨਾਂ ਦੀ ਮਾਂ ਬੋਲੀ ਉਰਦੂ ਨਹੀਂ ਸੀ ਸਗੋਂ ਬੰਗਾਲੀ, ਪੰਜਾਬੀ, ਸਿੰਧੀ ਪਸ਼ਤੋ ਕਸ਼ਮੀਰੀ ਬਲੋਚੀ ਗੁਜਰਾਤੀ ਮਰਾਠੀ ਕਿਲਗੋ , ਤਾਮਿਲ ਜਾਂ ਕੋਈ ਹੋਰ ਜ਼ਬਾਨ ਸੀ ਇਨ੍ਹਾਂ ਦੀ ਗਿਣਤੀ ਉਰਦੂ ਬੋਲਣ ਵਾਲਿਆਂ ਮੁਸਲਮਾਨਾਂ ਤੋਂ ਕਈ ਗੁਣਾ ਵੱਧ ਸੀ। ਜਿੱਥੋਂ ਤੱਕ ਉਰਦੂ ਦਾ ਇਸਲਾਮੀ ਜ਼ਬਾਨ ਹੋਣ ਦਾ ਤਾਅਲੁੱਕ ਏ ਕੁਰਆਨ ਤੇ ਇਬਾਦਤ ਦੀ ਜ਼ਬਾਨ ਅਰਬੀ ਏ ਏਸ ਤੋਂ ਵੱਖ ਨਾ ਤੇ ਕੁਰਆਨ ਵਿੱਚ ਆਇਆ ਏ ਤੇ ਨਾ ਈ ਹਜ਼ਰਤ ਰਸੂਲ ਅੱਲ੍ਹਾ ਨਾ ਕਿਸੇ ਖ਼ਲੀਫ਼ੇ ਜਾਂ ਇਮਾਮ ਆਖਿਆ ਏ ਕਿ ਉਰਦੂ ਇਸਲਾਮ ਦੀ ਜ਼ਬਾਨ ਹੋਵੇਗੀ। ਇਸਲਾਮੀ ਤਾਰੀਖ਼ ਤੇ ਇਹ ਦੱਸਦੀ ਏ ਕਿ ਮੁਸਲਮਾਨ ਜਿੱਥੇ ਵੀ ਇਸਲਾਮ ਫੈਲਾਉਣ ਗਏ ਉਨ੍ਹਾਂ ਕਦੇ ਵੀ ਉੱਥੋਂ ਦੀਆਂ ਜ਼ਬਾਨਾਂ ਨੂੰ ਨਹੀਂ ਵਰਜਿਆ ਤੇ ਉਨ੍ਹਾਂ ਉੱਤੇ ਅਰਬੀ ਜ਼ਬਾਨ ਨੂੰ ਨਹੀਂ ਥੋਪਿਆ । ਇਹਦਾ ਜੀਂਦਾ ਜਾਗਦਾ ਸਬੂਤ ਇਹ ਹੈ ਕਿ ਅੱਜ ਪੂਰੀ ਦੁਨੀਆਂ ਵਿੱਚ ਉਹ ਮੁਸਲਮਾਨ ਜਿਨ੍ਹਾਂ ਦੀ ਮਾਂ ਬੋਲੀ ਅਰਬੀ ਨਹੀਂ ਏ ਉਨ੍ਹਾਂ ਦੀ ਗਿਣਤੀ ਵੱਧ ਏ ।
ਉਰਦੂ ਦੇ ਪਾਕਿਸਤਾਨ ਦੀ ਇਕੱਲੀ ਕੌਮੀ ਜ਼ਬਾਨ ਹੋਣ ਦੇ ਹੱਕ ਵਿੱਚ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਏ ਕਿ ਕ਼ਾਇਦ-ਏ-ਆਜ਼ਮ ਫ਼ਰਮਾਇਆ ਸੀ ਕਿ ਪਾਕਿਸਤਾਨ ਦੀ ਕੱਲੀ ਕੌਮੀ ਜ਼ਬਾਨ ਉਰਦੂ ਹੋਵੇਗੀ। ਇਹ ਵੀ ਇਕ ਦਿਲਚਸਪ ਤੇ ਪਖੰਡੀ ਨਜ਼ਰੀਆ ਏ। ਪਹਿਲੀ ਗੱਲ ਤੇ ਇਹ ਹੈ ਕਿ ਉਰਦੂ ਨੂੰ ਪੜ੍ਹਾਈ ਤੇ ਅੱਧੀ ਕੋ ਸਰਕਾਰੀ ਬਣਾਉਣ ਵਾਲਾ ਕ਼ਾਇਦ-ਏ-ਆਜ਼ਮ ਨਹੀਂ ਸੀ ਸਗੋਂ ਉਹਦੇ ਜੰਮਣ ਤੋਂ ਵੀ ਪਹਿਲਾਂ ਇਹ ਕੰਮ ਅੰਗਰੇਜ਼ਾਂ ਕੀਤਾ ਹੋਇਆ ਸੀ। ਦੂਜੀ ਗੱਲ ਇਹ ਹੈ ਕਿ ਜੋ ਬੰਦਾ ਇਹਨੂੰ ਕੌਮੀ ਜ਼ਬਾਨ ਬਣਾਉਣ ਦਾ ਕਹਿ ਰਿਹਾ ਏ ਉਹਨੂੰ ਤੇ ਆਪ ਵੀ ਇਹ ਬੋਲੀ ਨਹੀਂ ਸੀ ਆਉਂਦੀ। ਸਾਰੀ ਜ਼ਿੰਦਗੀ ਨਾ ਤੇ ਉਸ ਕਦੇ ਉਰਦੂ ਬੋਲੀ ਤੇ ਲਿਖੀ ਤੇ ਨਾ ਈ ਇਹ ਸਿੱਖੀ । ਸਿਆਸੀ ਤੌਰ ’ਤੇ ਏਸ ਗੱਲ ਦਾ ਫ਼ੈਸਲਾ ਕੀਤਾ ਗਿਆ ਸੀ ਕਿ ਪਾਕਿਸਤਾਨ ਇੱਕ ਯੂਨਿਟ ਹੋਵੇਗਾ ਤੇ ਏਸ ਪਾਰੋਂ ਇਹਦੀ ਇੱਕ ਈ ਕੌਮੀ ਜ਼ਬਾਨ ਹੋਵੇਗੀ ਪਰ ਏਸ ਨਜ਼ਰੀਏ ਨੂੰ ਪਾਕਿਸਤਾਨ ਦੇ ਬਣਨ ਦੇ ਨਾਲ਼ ਈ ਬੰਗਾਲੀਆਂ ਠੁੱਡਾ ਮਾਰਿਆ ਤੇ ਚੁੱਕ ਕੇ ਰੂੜ੍ਹੀ ’ਤੇ ਸੁੱਟ ਦਿੱਤਾ ਸੀ। ਉਨ੍ਹਾਂ ਨਾ ਇੱਕ ਯੂਨਿਟ ਨੂੰ ਮੰਨਿਆ ਤੇ ਨਾ ਈ ਇੱਕ ਕੌਮੀ ਜ਼ਬਾਨ ਨੂੰ।
ਪਾਕਿਸਤਾਨ ਦੇ ਹਾਕਮਾਂ ਬੰਗਾਲੀਆਂ ਦੀ ਮੰਗ ਅੱਗੇ ਤੇ ਗੋਡੇ ਟੇਕ ਦਿੱਤੇ ਪਰ ਬਾਕੀ ਸੂਬਿਆਂ ਤੇ ਉਰਦੂ ਨੂੰ ਕੌਮੀ ਜ਼ਬਾਨ ਬਣਾ ਕੇ ਮੜ੍ਹੀ ਰੱਖਣ ਦੀ ਜ਼ਿੱਦ ’ਤੇ ਅੜੇ ਰਹੇ। ਕ਼ਾਇਦ-ਏ-ਆਜ਼ਮ ਦੀ ਹਸਤੀ ਵੀ ਇੱਕ ਝੁਰਲੂ ਬਣ ਗਿਆ ਏ ਜਿੱਥੇ ਉਹਦੀ ਗੱਲ ਨਾ ਪੁੱਜੇ ਉੱਥੇ ਉਹਦੀ ਏਸ ਗੱਲ ਦਾ ਕਿਧਰੇ ਜ਼ਿਕਰ ਨਹੀਂ ਕੀਤਾ ਜਾਂਦਾ ਹੋਰ ਤੇ ਹੋਰ ਉਹਦੀ ਗੱਲ ਨੂੰ ਤਾਰੀਖ਼ ਦੀਆਂ ਕਿਤਾਬਾਂ ਵਿੱਚੋਂ ਵੀ ਸੰਸੱਰ ਕਰ ਕੇ ਕੱਢ ਦਿੱਤਾ ਜਾਂਦਾ ਏ ਜਿਹਦੀ ਵੱਡੀ ਮਿਸਾਲ ਪਾਕਿਸਤਾਨ ਦਾ ਕੌਮੀ ਮਜ਼੍ਹਹਬ ਏ। ਜਦੋਂ ਤੱਕ ਉਹ ਜੀਂਦਾ ਰਿਹਾ ਇਹ ਗੱਲ ਕਹਿ ਕਹਿ ਕੇ ਉਹਦਾ ਸੰਘ ਬਹਿ ਗਿਆ ਕਿ ਪਾਕਿਸਤਾਨ ਦਾ ਕੌਮੀ ਤੇ ਸਰਕਾਰੀ ਮਜ਼੍ਹਹਬ ਕੋਈ ਨਹੀਂ ਹੋਵੇਗਾ ਤੇ ਇਹ ਤੁਰਕੀ ਤੇ ਕਈ ਹੋਰ ਮੁਸਲਮਾਨ ਮੁਲਕਾਂ ਵਾਂਗੂੰ ਇੱਕ ਸੈਕੂਲਰ ਰਿਆਸਤ ਹੋਵੇਗੀ, ਦੱਸ ਦਿਓ ਜੇ ਉਹਦੇ ਮਰਨ ਮਗਰੋਂ ਅੱਜ ਤੱਕ ਕਿਸੇ ਪਾਕਿਸਤਾਨੀ ਸਿਆਸੀ ਲੀਡਰ ਏਸ ਗੱਲ ਦਾ ਜ਼ਿਕਰ ਕੀਤਾ ਹੋਵੇ ਜਾਂ ਤਾਰੀਖ਼ ਦੀ ਕਿਸੇ ਕਿਤਾਬ ਵਿੱਚ ਉਹਦੀਆਂ ਇਹ ਗੱਲਾਂ ਦਰਜ ਹੋਣ। ਜਿੱਥੋਂ ਤੱਕ ਉਰਦੂ ਨੂੰ ਪਾਕਿਸਤਾਨ ਦੀ ਕੌਮੀ ਜ਼ਬਾਨ ਬਣਾਉਣ ਦਾ ਤਾਅਲੁੱਕ ਏ ਇਹਦੇ ਪਿੱਛੇ ਵੀ ਨਿਰਾਲੀ ਮਨਤਕ ਏ । ਸਾਰੀ ਦੁਨੀਆਂ ਦਾ ਇਹ ਇੱਕ ਮੱਠ ਅਸੂਲ ਏ ਕਿ ਕਿਸੇ ਦੇਸ਼ ਦੀ ਕੌਮ ਇੱਥੋਂ ਦੇ ਲੋਕ ਹੁੰਦੇ ਤੇ ਏਸ ਮੁਲਕ ਦੀ ਕੌਮੀ ਜ਼ਬਾਨ ਇੱਥੋਂ ਦੇ ਲੋਕਾਂ ਦੀ ਵੱਡੀ ਗਿਣਤੀ ਦੀ ਜ਼ਬਾਨ ਹੁੰਦੀ ਏ ਇਹ ਨਾ ਕਦੇ ਹੁੰਦਾ ਏ ਕਿ ਕਿਸੇ ਦੇਸ਼ ਵਿੱਚ ਕੌਮੀ ਜ਼ਬਾਨ ਦੇ ਨਾਂ ਦੀ ਕੋਈ ਨੈਸ਼ਨਲਟੀ ਈ ਨਾ ਹੋਵੇ ਤੇ ਇੱਕ ਆਜ਼ਾਦ ਮੁਲਕ ਹਜ਼ਾਰਾਂ ਮੀਲਾਂ ਤੋਂ ਕੋਈ ਓਪਰੀ ਜ਼ਬਾਨ ਚੁੱਕ ਕੇ ਲਿਆ ਕੇ ਲੋਕਾਂ ਉੱਤੇ ਕੌਮੀ ਜ਼ਬਾਨ ਦੇ ਤੌਰ ’ਤੇ ਥੋਪ ਦੇਵੇ। ਇਹ ਗੱਲ ਇੰਜ ਈ ਜਿਵੇਂ ਚੀਨ ਅਫ਼ਰੀਕਾ ਤੋਂ ਕੋਈ ਜ਼ਬਾਨ ਲਿਆ ਕੇ ਚੀਨੀ ਲੋਕਾਂ ’ਤੇ ਥੋਪ ਦੇਵੇ । ਕਾਲੋਨੀਆਂ ਦੇ ਜ਼ਮਾਨੇ ਵਿੱਚ ਤੇ ਇਹ ਧੱਕਾ ਚਲਦਾ ਸੀ ਕਿਉਂ ਜੇ ਇੱਕ ਕਾਲੋਨੀ ਦੇਸ਼ ਆਜ਼ਾਦ ਨਹੀਂ ਸੀ ਪਰ ਪਾਕਿਸਤਾਨ ਤੇ ਇੱਕ ਆਜ਼ਾਦ ਮੁਲਕ ਏ।
ਅਸਲ ਗੱਲ ਇਹ ਹੈ ਕਿ ਪਾਕਿਸਤਾਨ ਸਿਰਫ਼ ਨਾਂ ਦਾ ਆਜ਼ਾਦ ਏ ਅਮਲੀ ਤੌਰ ’ਤੇ ਇਹ ਹਾਲੇ ਵੀ ਅੰਗਰੇਜ਼ਾਂ ਤੇ ਅਮਰੀਕਨਾਂ ਦੀ ਕਾਲੋਨੀ ਏ। ਹਰ ਸਾਮਰਾਜੀ ਤਾਕਤ ਆਪਣੇ ਰਾਜ ਦੇ ਦੋ ਵੱਡੇ ਦੁਸ਼ਮਣ ਸਮਝਦੀ ਸੀ ਪਹਿਲਾ ਕੌਮਪ੍ਰਸਤੀ ਦੂਜਾ ਲੋਕਾਂ ਵਿੱਚ ਜਾਗਰਤੀ । ਦੋਹਾਂ ਗੱਲਾਂ ਦਾ ਮੁੱਢ ਬੋਲੀ ਏ ਸੋ ਏਸ ਖ਼ਤਰੇ ਦਾ ਮੁੱਢ ਵੀ ਬੋਲੀ ਏ। ਏਸ ਖ਼ਤਰੇ ਦਾ ਮੱਕੂ ਠੱਪਣ ਲਈ ਉਰਦੂ ਲੱਭੀ ਇਹਦੇ ਵਿੱਚੋਂ ਅਰਬੀ ਫ਼ਾਰਸੀ ਦੇ ਲਫ਼ਜ਼ ਕੱਢ ਕੇ ਵਿੱਚ ਸੰਸਕ੍ਰਿਤ ਵਾੜ ਕੇ ਇਹਦਾ ਨਾਂ ਹਿੰਦੀ ਬਣਾ ਦਿੱਤਾ ਤੇ ਇਹਨੂੰ ਹਿੰਦੂਆਂ ’ਤੇ ਮੜ੍ਹ ਦਿੱਤਾ। ਮੁਸਲਮਾਨਾਂ ਦੇ ਹਿੱਸੇ ਵਿਚ ਉਰਦੂ ਆਈ। ਜਿਹਦਾ ਵੱਡਾ ਸਬੂਤ ਸਾਡੇ ਸਾਹਮਣੇ ਏ । ਉਰਦੂ ਨੂੰ ਪਾਕਿਸਤਾਨ ਦੀ ਕੌਮੀ ਤੇ ਤਾਲੀਮੀ ਜ਼ਬਾਨ ਬਣਾਉਣ ਦਾ ਤੋਹਫ਼ਾ ਅੰਗਰੇਜ਼ਾਂ ਦਾ ਦਿੱਤਾ ਹੋਇਆ ਏ ਤੇ ਇਹਦੇ ਦੋ ਮਕਸਦ ਸਨ। ਪਹਿਲਾ ਇਹ ਸੀ ਕਿ ਇੱਕ ਐਸੀ ਗੁਮਾਸ਼ਤਾ ਜ਼ਬਾਨ ਤਿਆਰ ਕੀਤੀ ਜਾਵੇ ਜਿਹਦੇ ਰਾਹੀਂ ਰਾਜ ਕੀਤਾ ਜਾ ਸਕੇ ( ਇਹ ਕੋਈ ਖ਼ੁਫ਼ੀਆ ਗੱਲ ਨਹੀਂ ਏ ਏਸ ਦੇ ਸਬੂਤ ਅੰਗਰੇਜ਼ਾਂ ਦੇ ਪੁਰਾਣੇ ਦਸਤਾਵੇਜ਼ੀ ਰਿਕਾਰਡ ਵਿੱਚ ਮੌਜੂਦ ਨੇ) ਏਸ ਮਕਸਦ ਲਈ ਜਿਤਨਾ ਉਨ੍ਹਾਂ ਉਰਦੂ ਦੇ ਵਾਧੇ ਲਈ ਜ਼ੋਰ ਲਾਇਆ ਇਤਨਾ ਨਾ ਤੇ ਕਿਸੇ ਮੁਸਲਮਾਨ ਤੇ ਨਾ ਈ ਕਿਸੇ ਹੋਰ ਬੋਲੀ ਲਈ ਲਾਇਆ। ਏਸ ਤੋਂ ਵੱਖ ਆਪਣੇ ਨਿਜ਼ਾਮ ਨੂੰ ਚਲਾਉਣ ਲਈ ਉਨ੍ਹਾਂ ਜੋ ਕਾਰਿੰਦੇ ਪੈਦਾ ਕੀਤੇ ਇਹ ਦਿੱਲੀ ਯੂ.ਪੀ. ਤੇ ਬਿਹਾਰ ਦੇ ਉਰਦੂ ਬੋਲਣ ਵਾਲੇ ਲੋਕ ਸਨ । ਦੂਜਾ ਮਕਸਦ ਇਹ ਸੀ ਕਿ ਮੁਕਾਮੀ ਕਦੀਮੀ ਸਾਮਰਾਜ ਦੁਸ਼ਮਣ ਪੜ੍ਹਾਈ ਦੇ ਨਤਾਮ ਨੂੰ ਤਬਾਹ ਕਰ ਕੇ ਨਵੇਂ ਨਤਾਮ ਰਾਹੀਂ ਤਾਲੀਮ ਦੀ ਸ਼ਰ੍ਹਾ ਨੂੰ ਘਟਾਇਆ ਜਾਵੇ ਤੇ ਅਨਪੜ੍ਹਤਾ ਨੂੰ ਵਧਾਇਆ ਜਾਵੇ । ਇਹਦਾ ਇਕ ਸਬੂਤ ਪੰਜਾਬ ਏ। ਇੱਥੇ ਅੰਗਰੇਜ਼ਾਂ ਦੇ ਉਰਦੂ ਰਾਹੀਂ ਲਾਗੂ ਕੀਤੇ ਪੜ੍ਹਾਈ ਦੇ ਨਿਜ਼ਾਮ ਤੋਂ ਪਹਿਲਾਂ ਤਾਲੀਮ ਦੀ ਸ਼ਰ੍ਹਾ ਨੱਬੇ ਫ਼ੀਸਦੀ ਸੀ ਜੋ ਘੱਟ ਕੇ ਇੱਕ ਦੋ ਫ਼ੀਸਦੀ ਰਹਿ ਗਈ । ਉਰਦੂ ਦੇ ਏਸ ਕਮਾਲ ਦਾ ਇੱਕ ਜੀਂਦਾ ਜਾਗਦਾ ਇੱਕ ਤੇ ਸਬੂਤ ਬੰਗਲਾ ਦੇਸ਼ ਏ ਜਦ ਇਹ ਮਸ਼ਰਕੀ ਪਾਕਿਸਤਾਨ ਹੁੰਦਾ ਸੀ ਤੇ ਭਾਵੇਂ ਮੁਆਸ਼ੀ ਤੌਰ ’ਤੇ ਪੰਜਾਬ ਦੇ ਮੁਕਾਬਲੇ ਵਿੱਚ ਕਈ ਗੁਣਾ ਗ਼ਰੀਬ ਹੋਣ ਦੇ ਬਾਵਜੂਦ ਉੱਥੇ ਤਾਲੀਮ ਦੀ ਸ਼ਰ੍ਹਾ ਪੰਜਾਬ ਤੋਂ ਕਈ ਗੁਣਾ ਵੱਧ ਹੁੰਦੀ ਸੀ ਅੱਜ ਤੇ ਖ਼ੈਰ ਏਸ ਸ਼ਰ੍ਹਾ ਦਾ ਮੁਕਾਬਲਾ ਕਰਨਾ ਪੰਜਾਬੀਆਂ ਲਈ ਸ਼ਰਮ ਨਾਲ਼ ਡੁੱਬ ਮਰਨ ਵਾਲੀ ਗੱਲ ਏ। ਦੂਜਾ ਸਬੂਤ ਮਸ਼ਰਕੀ ਪੰਜਾਬ ਏ। ਵੰਡ ਤੋਂ ਪਹਿਲਾਂ ਇੱਥੇ ਵੀ ਸ਼ਰ੍ਹਾ ਤਾਲੀਮ ਪਾਕਿਸਤਾਨੀ ਪੰਜਾਬ ਜਿਤਨੀ ਸੀ ਜਦ ਉਨ੍ਹਾਂ ਉਰਦੂ ਨੂੰ ਹਟਾ ਕੇ ਪੰਜਾਬੀ ਲਾਗੂ ਕੀਤੀ ਤੇ ਉੱਥੇ ਸ਼ਰ੍ਹਾ ਤਾਲੀਮ ਰਾਕਟ ਦੀ ਰਫ਼ਤਾਰ ਨਾਲ਼ ਵਧੀ ਤੇ ਅੱਜ ਉਹ ਤਾਲੀਮੀ ਲਿਹਾਜ਼ ਨਾਲ਼ ਪਾਕਿਸਤਾਨੀ ਪੰਜਾਬ ਤੋਂ ਘੱਟੋ ਘੱਟ ਸੌ ਸਾਲ ਅੱਗੇ ਤੁਰ ਗਿਆ ਏ। ਉੱਥੇ ਇੱਟ ਪੁਟੋ ਤੇ ਥੱਲੋਂ ਦਸ ਪੀ ਐਚ ਡੀ ਨਿਕਲਦੇ ਨੇ ।
ਦੁਨੀਆਂ ਦੇ ਹਰ ਮੁਲਕ ਵਿੱਚ ਬੱਚੇ ਨੂੰ ਪਹਿਲੇ ਪੜ੍ਹਨਾ ਲਿਖਣਾ ਉਹਦੀ ਮਾਂ ਬੋਲੀ ਵਿਚ ਸਿਖਾਇਆ ਜਾਂਦਾ ਏ ਫਿਰ ਕੋਈ ਓਪਰੀ ਬੋਲੀ ਸਿਖਾਈ ਜਾਂਦੀ ਏ ਵਾਰੇ-ਵਾਰੇ ਜਾਈਏ ਪਾਕਿਸਤਾਨੀ ਪੰਜਾਬ ਤੋਂ ਜਿੱਥੇ ਪਹਿਲੇ ਮਾਸਟਰ ਬੱਚਿਆਂ ਨੂੰ ਕੁੱਟ ਕੁੱਟ ਕੇ ਉਰਦੂ ਸਿਖਾਂਦਾ ਤੇ ਫਿਰ ਪੜ੍ਹਨਾ ਲਿਖਣਾ ਨਾਲ਼ ਉਨ੍ਹਾਂ ਨੂੰ ਸਕੂਲ ਛੱਡ ਕੇ ਭੱਜਣ ’ਤੇ ਮਜਬੂਰ ਕਰਦਾ ਏ । ਦੁਨੀਆਂ ਦੇ ਹਰ ਮੁਲਕ ਦੀ ਕੌਮੀ ਜ਼ਬਾਨ ਇਸ ਮੁਲਕ ਦੀ ਤਰੱਕੀ ਵਿੱਚ ਮੱਦਦ ਕਰਦੀ ਏ ਸਾਡੀ ਕੌਮੀ ਜ਼ਬਾਨ ਤਰੱਕੀ ਵਿੱਚ ਡੱਕੇ ਲਾਉਂਦੀ ਏ । ਦੁਨੀਆਂ ਦੇ ਹਰ ਇਨਸਾਨ ਦਾ ਉਹਦੀ ਮਾਂ ਬੋਲੀ ਵਿਚ ਇਨਸਾਫ਼ ਮੰਗਣ ਦਾ ਹੱਕ ਏ ਸਿਵਾਏ ਪਾਕਿਸਤਾਨੀ ਪੰਜਾਬੀ ਦੇ ਜਿਹਨੂੰ ਇਹ ਇਨਸਾਫ਼ ਇੱਕ ਓਪਰੀ ਜ਼ਬਾਨ ਵਿੱਚ ਦਿੱਤਾ ਜਾਂਦਾ ਏ । ਸਾਡੀ ਏਸ ਕੌਮੀ ਜ਼ਬਾਨ ਨੂੰ ਲੋਕਾਂ ਦੀ ਦਿਮਾਗ਼ ਧੁਆਈ ਕਰਕੇ ਉਨ੍ਹਾਂ ਨੂੰ ਅਹਿਸਾਸ-ਏ-ਕਮਤਰੀ ਦੇਣ ਵਿੱਚ ਵੀ ਕਮਾਲ ਹਾਸਲ ਏ। ਅੱਜ ਪਾਕਿਸਤਾਨੀ ਪੰਜਾਬ ਵਿੱਚ ਸ਼ਾਇਦ ਈ ਕੋਈ ਪੜ੍ਹਿਆ ਲਿਖਿਆ ਪੰਜਾਬੀ ਹੋਵੇਗਾ ਜੋ ਆਪਣੇ ਬਾਲਾਂ ਨੂੰ ਪੰਜਾਬੀ ਬੋਲਣ ਦੀ ਇਜਾਜ਼ਤ ਦਿੰਦਾ ਏ ਕਿਉਂ ਜੇ ਹਰ ਪੰਜਾਬੀ ਨੂੰ ਇਹ ਯਕੀਨ ਦਵਾ ਦਿੱਤਾ ਗਿਆ ਕਿ ਪੰਜਾਬੀ ਅਨਪੜ੍ਹਾਂ, ਜਾਹਲਾਂ ,ਗੰਵਾਰਾਂ ਤੇ ਗ਼ੈਰ ਮਹਜ਼੍ਹਬ ਲੋਕਾਂ ਦੀ ਜ਼ਬਾਨ ਏ। ਵਾਰੇ-ਵਾਰੇ ਜਾਈਏ ਏਸ ਕੌਮੀ ਜ਼ਬਾਨ ਦੇ ਜੋ ਬੜੀ ਕਾਮਯਾਬੀ ਨਾਲ਼ ਕਰੋੜਾਂ ਪੰਜਾਬੀਆਂ ਦੀ ਜ਼ਬਾਨ ਨੂੰ ਮੁਕਾਉਣ ’ਤੇ ਲੱਗੀ ਹੋਈ ਏ। ਮੇਰੀਆਂ ਇਹ ਗੱਲਾਂ ਪੜ੍ਹ ਕੇ ਕਈ ‘ਮੋਮਨ, ਮੁਹਿਬ-ਏ-ਵਤਨ ਤੇ ਉਰਦੂ ਦੇ ਪ੍ਰਸਤਾਰ’ ਮੈਨੂੰ ਕਾਫ਼ਰ ਤੇ ਗ਼ਦਾਰ ਕਹਿਣਗੇ ਜੇ ਮੇਰੀਆਂ ਇਹ ਗੱਲਾਂ ਦਰੁਸਤ ਨੇ ਤੇ ਮੈਨੂੰ ਕਾਫ਼ਰ ਤੇ ਗ਼ਦਾਰ ਬਣਨ ਵਿੱਚ ਕੋਈ ਇਤਰਾਜ਼ ਨਹੀਂ ਏ।
[email protected]
ਦਰੁਸਤ ਕਿਹਾ ਜੀ ਤੁਸੀ