ਬਾਦਲ ਰਾਜ ਵਿੱਚ ਨਵੀਂ ਪੀੜ੍ਹੀ ਹੋਈ ਭਾਰੂ - ਫ਼ਤਿਹ ਪ੍ਰਭਾਕਰ
Posted on:- 18-12-2013
ਸ.ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਦੇ ਹੰਢੇ ਵਰਤੇ ਖਿਡਾਰੀ ਹਨ। ਉਹਨ੍ਹਾਂ ਆਪਣੇ ਰਾਜਨੀਤਿਕ ਦਾਅ ਪੇਚ ਵਰਤਦਿਆਂ ਜਿਥੇ ਸ੍ਰੋਮਣੀ ਅਕਾਲੀ ਦਲ ਤੇ ਕਬਜ਼ਾ ਜਮਾਇਆ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਨੇਤਾਵਾਂ ਨੂੰ ਰਾਜਨੀਤਿਕ ਪਲਟੀ ਮਾਰਦਿਆਂ ਗੱਦੀਓਂ ਉਤਾਰ ਕੇ ਕੱਖੋਂ ਹੌਲੇ ਕਰਕੇ ਛੱਡਿਆ। ਸ.ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ.ਸੁਰਜੀਤ ਸਿੰਘ ਬਰਨਾਲਾ ਜਿਹੜੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ ਨੂੰ ਗੱਦੀਓਂ ਉਤਾਰਕੇ ਘਰ ਦੇ ਰਾਹ ਤੋਰ ਦਿਤਾ ਸੀ।
ਹੌਲੀ ਹੌਲੀ ਸ.ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨਗੀ ਤੋਂ ਵੀ ਲਾਭੇ ਕਰਦਿਆਂ ਪਾਰਟੀ ਦੀ ਕਮਾਂਡ ਆਪਣੇ ਹੱਥ ਲੈ ਲਈ ਤੇ ਫੇਰ ਸ.ਸੁਰਜੀਤ ਸਿੰਘ ਬਰਨਾਲਾ ਆਪਣੇ ਵਫਾਦਾਰਾਂ ਨੂੰ ਅਧਵਾਟੇ ਛੱਡਕੇ ਖੁੱਦ ਗਵਰਨਰੀ ਦਾ ਆਨੰਦ ਲੈਣ ਲੱਗ ਪਏ। ਸ.ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦੀ ਸਿਆਸਤ ਵਿਚੋਂ ਸ.ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਖਦੇੜਿਆ ਕਿ ਹੁਣ ਸ.ਬਰਨਾਲਾ ਆਪਣੇ ਦਲ ਦੀ ਕੁਝ ਬਚੀ ਖੁਚੀ ਤਾਕਤ ਨੂੰ ਇਕੱਠੀ ਕਰਕੇ ਦਿਖਾਵਾਂ ਮਾਤਰ ਰਾਜਨੀਤੀ ਕਰਨ ਤੋ ਵੱਧ ਕੁਝ ਵੀ ਕਰਨ ਯੋਗ ਨਹੀਂ ਰਹੇ।
ਲੰਮਾਂ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵ.ਜ.ਗੁਰਚਰਨ ਸਿੰਘ ਟੌਹੜਾ ਵੀ ਇਕ ਵਾਰ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਰਾਏ ਦੇ ਬੈਠੇ ਸਨ ਕਿ ਤੁਹਾਡੇ ਪਾਸ ਦੋ ਅਹੁੱਦੇ ਹਨ। ਇਕ ਪਾਸੇ ਮੁੱਖ ਮੰਤਰੀ ਦਾ ਤੇ ਦੂਸਰੇ ਪਾਸੇ ਪਾਰਟੀ ਪ੍ਰਧਾਨਗੀ ਤੁਸੀ ਪਾਰਟੀ ਦੇ ਕੰਮਾਂ ਕਾਰਾਂ ਲਈ ਕੋਈ ਕਾਰਜਕਾਰੀ ਪ੍ਰਧਾਨ ਬਣਾ ਲੋ। ਇਸ ਗੱਲ ਵਿਚੋਂ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਸਮਝ ਪੈ ਗਈ ਕਿ ਸ.ਗੁਰਚਰਨ ਸਿੰਘ ਟੌਹੜਾ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਨਾਲ ਹੁਣ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਚਾਹੁੰਦੇ ਹਨ। ਬਸ ਫੇਰ ਕੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਅਜਿਹਾ ਤੋੜਿਆ ਕਿ ਜ.ਗੁਰਚਰਨ ਸਿੰਘ ਟੌਹੜਾ ਹੱਥੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਖੋਹ ਲਈ ਤੇ ਸ੍ਰੋਮਣੀ ਅਕਾਲੀ ਦਲ ਤੋ ਬਾਹਰ ਦਾ ਰਸਤਾ ਦਿਖਾ ਦਿਤਾ। ਜ.ਗੁਰਚਰਨ ਸਿੰਘ ਟੌਹੜਾ ਭਾਵੇਂ ਬਹੁਤ ਹੰਢੇ ਵਰਤੇ ਆਗੂ ਸਨ ਤੇ ਪੰਜਾਬ ਅੰਦਰ ਉਹਨਾਂ ਦੇ ਸਾਫ ਸੁਥਰੇ ਅਕਸ ਕਰਕੇ ਚੰਗਾ ਪ੍ਰਭਾਵ ਵੀ ਸੀ ਪਰ ਉਹ ਵੱਖਰੀ ਰਾਜਨੀਤਿਕ ਪਾਰਟੀ ਬਣਾਕੇ ਵੀ ਸ.ਪ੍ਰਕਾਸ਼ ਸਿੰਘ ਬਾਦਲ ਦਾ ਕੁਝ ਨਾਂ ਵਿਗਾੜ ਸਕੇ, ਆਖਰ ਸ.ਪ੍ਰਕਾਸ ਸਿੰਘ ਬਾਦਲ ਨਾਲ ਸਮਝੌਤਾ ਕਰਨ ਵਿਚ ਹੀ ਭਲਾਈ ਸਮਝੀ।
ਇਸ ਤੋਂ ਪਿਛਲੀ ਟਰਮ ਵਿਚ ਸ.ਪ੍ਰਕਾਸ ਸਿੰਘ ਬਾਦਲ ਨੇ ਆਪਣੇ ਬੇਟੇ ਸ.ਸੁਖਬੀਰ ਸਿੰਘ ਬਾਦਲ ਨੂੰ ਪਹਿਲਾ ਸ੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਤੇ ਚੋਣ ਪ੍ਰਚਾਰ ਵਿਚ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ। ਉਸ ਸਮੇਂ ਸ.ਸੁਖਬੀਰ ਸਿੰਘ ਬਾਦਲ ਨੌਜਵਾਨ ਨੂੰ ਆਕਰਸ਼ਿਤ ਕਰਨ ਲਈ ਅਕਸਰ ਚੋਣ ਸਟੇਜਾਂ ਤੋਂ ਬੋਲਦੇ ਸਨ ਕਿ ਆਪਣੀ ਸਰਕਾਰ ਆਉਣ ਦਿਉ ਫੇਰ ਤੁਹਾਡੇ ਤੇ ਹੋਏ ਪਰਚਿਆਂ ਨੂੰ ਪਰਚੀਆਂ ਵਿਚ ਤਬਦੀਲ ਕਰ ਦਿਆਂਗੇ ਤੇ ਪੁਲਿਸ ਅਫਸਰਾਂ ਨੂੰ ਐਸੀ ਨੱਥ ਪਾਵਾਂਗੇ ਕਿ ਉਹ ਤੁਹਾਡੇ ਹੀ ਇਸ਼ਾਰੇ ਤੇ ਕੰਮ ਕਰਿਆ ਕਰਨਗੇ।
ਇਸ ਉਪਰੰਤ ਸ.ਪ੍ਰਕਾਸ਼ ਸਿੰਘ ਬਾਦਲ ਨੇ ਸ.ਸੁਖਬੀਰ ਸਿੰਘ ਬਾਦਲ ਨੂੰ ਸ੍ਰੋਮਣੀ ਅਕਾਲੀ ਦਲ ਦੀ ਕਮਾਂਡ ਸੰਭਾਲੀ। ਇਸ ਸਮੇਂ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਵਿਰੋਧ ਦੀ ਸੰਭਾਵਨਾ ਸੀ ਪਰ ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਭ ਤੋ ਵੱਧ ਭਰੋਸੇ ਯੋਗ ਆਗੂ ਸ.ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਪਾਸੋ ਹੀ ਪਾਰਟੀ ਪ੍ਰਧਾਨ ਲਈ ਸ.ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕਰਵਾਇਆ ਤੇ ਸਾਰੇ ਵਿਰੋਧ ਖਤਮ ਕਰਕੇ ਪਾਰਟੀ ਪ੍ਰਧਾਨ ਬਣਾ ਲਿਆ ਤੇ ਨਾਲ ਹੀ ਉਪ ਮੁੱਖ ਮੰਤਰੀ ਵੱਜੋਂ ਅਹੁੱਦਾ ਦੇ ਕੇ ਪ੍ਰਸ਼ਾਸਨਿਕ ਦਾਅਪੇਚ ਵੀ ਸਿੱਖਣ ਦਾ ਖੁੱਲਾ ਮੌਕਾ ਦਿਤਾ।
ਸ.ਸੁਖਬੀਰ ਸਿੰਘ ਬਾਦਲ ਨੂੰ ਸ੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿੱਪ ਨੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਵਜੋ ਪੂਰੀ ਤਰ੍ਹਾਂ ਪ੍ਰਵਾਨ ਕਰ ਲਿਆ। ਇਸੇ ਸਮੇਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਪ੍ਰਧਾਨਗੀ ਸ.ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਸ.ਬਿਕਰਮਜੀਤ ਸਿੰਘ ਮਜੀਠੀਆ ਦੇ ਹੱਥ ਸੰਭਾਲ ਦਿਤੀ। ਹੁਣ ਦੋਵੇਂ ਸਰਦਾਰੀਆਂ ਤੇ ਵਜ਼ੀਰੀਆਂ ਨੌਜਵਾਨ ਲੀਡਰਸ਼ਿੱਪ ਦੇ ਹੱਥ ਆ ਗਈਆ। ਇਸੇਂ ਸਮੇਂ ਦੌਰਾਨ ਧੜਾ ਧੜ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਭਰਤੀ ਕੀਤੀ ਗਈ ਤੇ ਨੌਜਵਾਨਾਂ ਨੂੰ ਆਪਣੇ ਨੇੜੇ ਲਿਆਕੇ ਸੱਤਾ ਸੁੱਖ ਭੋਗਣ ਦਾ ਜਲਵਾ ਦਿਖਾਉਣਾ ਸੁਰੂ ਕਰ ਦਿਤਾ। ਪਿੰਡਾਂ ਤੇ ਸਹਿਰਾਂ ਦੇ ਘਰੋਂ ਇਕੱਲੇ-2 ਤੇ ਲਾਡਲੇ ਪੁੱਤਰ ਆਪਣੀਆਂ ਜਮੀਨਾਂ ਤੇ ਕਾਰੋਬਾਰੀ ਮੋਹ ਤਿਆਗ ਕੇ ਮਹਿੰਗੀਆਂ ਗੱਡੀਆ ਖਰੀਦਕੇ ਸਫੈਦ ਕੁੜਤੇ ਪਜਾਮੇ ਪਾ ਕੇ ਘਰੋ ਨਿਕਲ ਦੇ ਤੇ ਆਪਣੇ ਰਾਜਸੀ ਆਗੂਆਂ ਦੀ ਹਾਜਰੀ ਭਰਨ ਤੁਰ ਪੈਦੇ। ਇਸ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਯੂਥ ਦੀ ਲੀਡਰਸਿਪ ਵਿਚ ਬਹੁਤੇ ਉਹ ਭਰਤੀ ਕੀਤੀ ਗਏ ਜਿਨ੍ਹਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਉੜਾ ਐੜਾ ਵੀ ਨਹੀ ਆਉਦਾ। ਉਹ ਤਾਂ ਐਨਾ ਜਾਣਦੇ ਨੇ ਕਿ ਉਹਨਾਂ ਦਾ ਲੀਡਰ ਪੰਜਾਬ ਦਾ ਮੰਤਰੀ ਹੈ ਤੇ ਕੋਈ ਵੀ ਕੰਮ ਜੋ ਉਹ ਕਹਿਣ ਤੁਰੰਤ ਹੋ ਜਾਣਾ ਹੈ।
ਹੁਣ ਇਹੋ ਹਾਲ ਸ੍ਰੋਮਣੀ ਅਕਾਲੀ ਦਲ ਦਾ ਹੋ ਗਿਆ ਧੜਾ ਧੜ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਦੀ ਰਵਾਇਤ ਚਲਾ ਲਈ ਗਈ। ਇਹਨਾਂ ਲੋਕਾਂ ਦਾ ਸਿੱਧਾ ਰਾਬਤਾ ਯੂਥ ਵਿੰਗ ਦੇ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨਾਲ ਜੁੜ ਗਿਆ। ਇਸ ਸਮੇਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਇਕ ਹੋਰ ਫੈਸਲਾ ਕਰ ਲਿਆ ਕਿ ਪੁਲਿਸ ਥਾਣਾਂ ਨੂੰ ਵਿਧਾਨ ਸਭਾ ਹਲਕਿਆ ਮੁਤਾਬਿਕ ਤਬਦੀਲ ਕਰ ਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਡੀ.ਐਸ.ਪੀ. ਤੇ ਥਾਣਾ ਮੁੱਖ ਸਿੱਧੇ ਤੌਰ ਤੇ ਹਲਕਾ ਇੰਚਾਰਜਾਂ ਤੇ ਯੂਥ ਵਿੰਗ ਦੇ ਇਲਾਕਾਈ ਪ੍ਰਧਾਨਾਂ ਦੇ ਕੰਟਰੋਲ ਹੇਠ ਹੋ ਗਏ। ਉਪਰਲੀ ਲੀਡਰਸ਼ਿੱਪ ਨੇ ਪੁਲਿਸ ਅਫਸਰਾਂ ਤੇ ਸਿਵਲ ਦੇ ਅਫਸਰਾਂ ਨਾਲ ਇਹਨਾਂ ਸਥਾਨਕ ਆਗੂਆਂ ਦੀ ਜਾਣ ਪਹਿਚਾਣ ਕਰਾਉਦਿਆ ਹੁਕਮ ਚਾੜ੍ਹ ਦਿਤਾ ਕਿ ਕੰਮਕਾਰ ਇਹਨਾਂ ਦੇ ਕਹਿਣ ਤੇ ਹੋਣ। ਬੱਸ ਫੇਰ ਕੀ ਸੀ ਹੁਣ ਪੁਲਿਸ ਤੇ ਸਿਵਲ ਦੇ ਅਧਿਕਾਰੀ ਕਿਸੇ ਮੰਤਰੀ ਨਾਲੋਂ ਵੱਧ ਹੁਕਮ ਸਥਾਨਕ ਆਗੂਆਂ ਦੇ ਚੱਲਣ ਲਗ ਪਏ। ਹੁਣ ਕਾਨੂੰਨ ਨੂੰ ਛਿੱਕੇ ਟੰਗਕੇ ਜਾਇਜ ਨਾਜਾਇਜ਼ ਕੰਮਾਂਕਾਰਾਂ ਦੀ ਭਰਮਾਰ ਹੋਣ ਲੱਗ ਪਈ ਤੇ ਆਮ ਵਿਅਕਤੀਆਂ ਨੂੰ ਇਨਸਾਫ ਮਿਲਣਾ ਬੰਦ ਹੋ ਗਿਆ।
ਇਸੇ ਸਮੇਂ ਦੌਰਾਨ ਸਭ ਵੱਧ ਬੁਰੀ ਹਾਲਤ ਪੁਰਾਣੀ ਅਕਾਲੀ ਲੀਡਰਸ਼ਿੱਪ ਦੀ ਹੋਣ ਲੱਗ ਪਈ। ਉਹਨਾਂ ਦੀ ਨਾ ਸਰਕਾਰੇ ਦਰਬਾਰੇ ਪੁੱਛ ਰਹੀ ਤੇ ਨਾ ਪਾਰਟੀ ਵਿਚ ਕਿਧਰੇ ਸੁਣੀ ਜਾਂਦੀ ਸੀ। ਹੌਲੇ ਹੌਲੇ ਉਹ ਘਰੀ ਬੈਠਣ ਲਈ ਮਜਬੂਰ ਹੋ ਗਏ ਤੇ ਪਾਰਟੀ ਦਾ ਜਨ ਅਧਾਰ ਹੁਣ ਸਿਧਾਂਤਾਂ ਦੀ ਥਾਂ ਸਵਾਰਥਾਂ ਤੱਕ ਸੀਮਤ ਹੋ ਕੇ ਰਹਿ ਗਿਆ। ਇਸ ਸਮੇਂ ਦੌਰਾਨ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪੰਜਾਬ ਅਸੈਬਲੀ ਵਿਚ ਵੀ ਬੋਲਣ ਤੋਂ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਟੋਕ ਦਿਤਾ ਤੇ ਸ.ਬਿਕਰਮਜੀਤ ਸਿੰਘ ਮਜੀਠੀਆ ਦੀ ਝੜਪ ਕਾਂਗਰਸੀ ਆਗੂ ਨਾਲ ਪੈ ਗਈ।
ਅਜਿਹੇ ਹਾਲਾਤਾਂ ਵਿਚ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਮਹਿਸੂਸ ਹੋਣਾ ਲਗਾ ਕਿ ਹੁਣ ਉਹਨਾਂ ਦੇ ਆਪਣੇ ਹੀ ਰਾਜ ਵਿਚ ਨੌਜਵਾਨ ਆਗੂ ਹੀ ਭਾਰੂ ਹੋ ਰਹੇ ਹਨ ਤੇ ਉਹਨਾਂ ਦੀ ਕਦਰ ਘਟਦੀ ਜਾ ਰਹੀ ਹੈ। ਪ੍ਰਸਾਸਨਿਕ ਕੰਮਾਂ ਵਿਚ ਵੀ ਇਹਨਾਂ ਦੀ ਹੀ ਗੱਲ ਚਲਦੀ ਹੈ ਤਾਂ ਸ.ਪ੍ਰਕਾਸ਼ ਸਿੰਘ ਬਾਦਲ ਨੇ ਮਹਿਸੂਸ ਕੀਤਾ ਕਿ ਹੁਣ ਇਹਨਾਂ ਨੂੰ ਰਾਜਨੀਤਿਕ ਝਟਕਾ ਦੇਣਾ ਪਵੇਗਾ। ਇਸੇ ਲਈ ਐਨ.ਆਰ.ਆਈ ਸੰਮੇਲਨ ਸਮੇਂ ਆਪਣੇ ਮਨ ਦੀ ਭੜਾਸ ਕੱਢ ਦਿਆ ਸ.ਪ੍ਰਕਾਸ ਸਿੰਘ ਬਾਦਲ ਨੇ ਰਣਜੀਤ ਸਿਘ ਬ੍ਰਰਮਪੁਰਾ ਜਿਹੇ ਟਕਸਾਲੀ ਅਕਾਲੀਆਂ ਨੂੰ ਮੁੜ ਸਰਗਰਮ ਹੋ ਕੇ ਅੱਗੇ ਆਉਣ ਲਈ ਕਿਹਾ। ਇਸ ਸੰਕੇਤ ਤੋਂ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਹੁੰਦਿਆਂ ਦੂਸਰੇ ਕਿਸੇ ਆਗੂ ਨੂੰ ਭਾਰੂ ਨਹੀਂ ਹੋਣ ਦੇਣਗੇ। ਇਸੇ ਉਪਰੰਤ ਆਪਣੇ ਪੁਰਾਣੇ ਸਾਥੀ ਗੁਰਦੇਵ ਸਿੰਘ ਬਾਦਲ ਦੇ ਘਰ ਜਾਣਾ। ਸ.ਸੁਖਦੇਵ ਸਿੰਘ ਢੀਂਡਸਾ ਤੇ ਸ.ਬਲਵਿੰਦਰ ਸਿੰਘ ਭੂੰਦੜ ਜਿਹੇ ਪੁਰਾਣੇ ਵਫਾਦਾਰ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦਾ ਮਕਸਦ ਵੀ ਨਵੀਂ ਲੀਡਰਸ਼ਿੱਪ ਦੀਆਂ ਆਪਹੁਦਰੀਆਂ ਨੂੰ ਵਿਰਾਮ ਦੇਣਾ ਲੱਗਦਾ ਹੈ।
ਸ.ਪ੍ਰਕਾਸ਼ ਸਿੰਘ ਬਾਦਲ ਪਾਸ ਲੋਕ ਤੇ ਸ੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿੱਪ ਜਦੋਂ ਫਰਿਆਦ ਲੈ ਕੇ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਨਵੀਂ ਲੀਡਰਸਿਪ ਮਨ ਮਰਜ਼ੀਆਂ ਚਲਾ ਰਹੀ ਹੈ। ਸ.ਪ੍ਰਕਾਸ ਸਿੰਘ ਬਾਦਲ ਦੀ ਵਜਾਰਤ ਦੇ ਖੁਰਾਕ ਮੰਤਰੀ ਵਲੋਂ ਇਕ ਖਰੀਦ ਏਜੰਸੀ ਦੇ ਅਧਿਕਾਰੀ ਵੱਲੋਂ ਵਿਉਪਾਰੀਆਂ ਅਤੇ ਅਫਸਰਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਹ ਅਧਿਕਾਰੀ ਤਾਂ ਉਘੇ ਅਕਾਲੀ ਆਗੂ ਦਾ ਫੋਨ ਚੁੱਕਣ ਲਈ ਵੀ ਤਿਆਰ ਨਹੀਂ ਤੇ ਖੁਰਾਕ ਮੰਤਰੀ ਬਰਾਬਰ ਦੇ ਕਿਸੇ ਮੰਤਰੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ।
ਅਜਿਹੇ ਹਲਾਤ ਵਿਚ ਸ.ਪ੍ਰਕਾਸ਼ ਸਿੰਘ ਬਾਦਲ ਆਪਣੀ ਸ਼ਾਖ ਨੂੰ ਬਚਾਉਣ ਲਈ ਮੁੜ ਪੁਰਾਣੀ ਲੀਡਰਸਿਪ ਨੂੰ ਇਕੱਠੀ ਕਰਨ ਵੱਲ ਨੂੰ ਵੱਧ ਰਹੇ ਹਨ।
ਸ.ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਪੁਰਾਣੇ ਜੇਲ੍ਹਾਂ ਕੱਟਣ ਵਾਲੇ ਲੀਡਰਾਂ ਨੂੰ ਮੁੜ ਸਰਗਰਮ ਕਰਕੇ ਨਾਲ ਤੁਰਨ ਲਈ ਕਹਿ ਰਹੇ ਹਨ। ਉਥੇ ਉਹਨਾਂ ਦੇ ਰਾਜ ਭਾਗ ਵਿਚ ਵੀ ਆਪਣਿਆਂ ਨੂੰ ਹੋਰ ਵੱਧ ਭਾਰੂ ਹੋਣ ਤੋਂ ਵੀ ਰੋਕਣ ਦੇ ਯਤਨ ਕਰਦੇ ਲੱਗ ਰਹੇ ਹਨ। ਇਸ ਦੇ ਨਾਲ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਪੰਜਾਬ ਦੀ ਜਨਤਾ ਵਿਚ ਇਹ ਵਿਸ਼ਵਾਸ ਮੁੜ ਪ੍ਰਗਟ ਕਰਨਾ ਚਾਹੁੰਦੇ ਨਜ਼ਰ ਆ ਰਹੇ ਹਨ ਕਿ ਉਹਨਾਂ ਦੀ ਸਰਕਾਰ ਵਿਚ ਸਭ ਦੀ ਸੁਣਵਾਈ ਹੋਵੇਗੀ। ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਜਾਵੇਗਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਹੁਣ ਪੰਜਾਬ ਦੀ ਜਨਤਾ ਨੂੰ ਕੀ ਪ੍ਰਭਾਵ ਦੇਣਾ ਚਾਹੁੰਦੇ ਹਨ।
ਸੰਪਰਕ: +91 98140 13210