ਕਾਂਗਰਸ ਪਾਰਟੀ ਦੀ ਸਥਾਪਨਾ 1885 ਵਿੱਚ ਅਤੇ ਗ਼ਦਰ ਪਾਰਟੀ ਦੀ ਸਥਾਪਨਾ ਇਸ ਦੇ 28 ਸਾਲ ਮਗਰੋਂ 1913 ਵਿੱਚ ਹੋਈ। ਪਰ ਮਗਰੋਂ ਹੋਂਦ ਵਿੱਚ ਆਉਣ ਦੇ ਬਾਵਜੂਦ ਵੀ ਗ਼ਦਰ ਪਾਰਟੀ ਕਈ ਇਤਿਹਾਸਕ ਅਤੇ ਬੁਨਿਆਦੀ ਮੁੱਦਿਆਂ ਉੱਪਰ ਕਾਂਗਰਸ ਤੋਂ ਮੋਹਰੀ ਰਹੀ। ਇਸ ਮੋਹਰੀ ਬਣਨ ਦੀ ਇਤਿਹਾਸਕ ਪਹਿਲਕਦਮੀ ਦਾ ਪਹਿਲਾ ਨੁਕਤਾ ਗ਼ਦਰ ਪਾਰਟੀ ਦਾ ਝੰਡਾ ਹੈ। ਜਿਸ ਵਿੱਚ ਤਿੰਨ ਰੰਗ, ਹਰਾ, ਕੇਸਰੀ ਤੇ ਲਾਲ ਰੰਗ ਸ਼ਾਮਲ ਸਨ। ਇਸ ਤਿਰੰਗੇ ਦੇ ਤਿੰਨ ਰੰਗ ਭਾਰਤ ਦੇ ਤਿੰਨ ਵੱਡੇ ਭਾਈਚਾਰਿਆਂ ਹਿੰਦੂ, ਮੁਸਲਮ ਤੇ ਸਿੱਖਾਂ ਦੀ ਪਛਾਣ ਤੇ ਏਕਤਾ ਵਜੋਂ ਦਰਜ ਕੀਤੇ ਗਏ ਸਨ। ਇਨਾਂ ਤਿੰਨਾਂ ਦੇ ਉੱਪਰ ਦੋ ਕਿਰਪਾਨਾਂ ਮੌਜੂਦ ਸਨ ਜਿਹੜੀਆਂ ਇਸ ਪਾਰਟੀ ਦੇ ਖਾੜਕੂ ਕਿਰਦਾਰ ਅਤੇ ਹਥਿਆਰਬੰਦ ਸੰਘਰਸ਼ ਦੀ ਪ੍ਰਤੀਨਿਧਤਾ ਕਰਦੀਆਂ ਸਨ। ਮਗਰੋਂ ਕਾਂਗਰਸ ਨੇ ਵੀ ਤਿਰੰਗਾ ਝੰਡਾ ਅਪਨਾਇਆ ਜਿਸ ਵਿੱਚ ਆਪਣੇ ਖਾਸੇ ਅਨੁਸਾਰ ਚਿੱਟਾ ਰੰਗ ਸ਼ਾਮਲ ਕਰਕੇ ਆਪਣੀ ਸ਼ਾਂਤਮਈ ਨੀਤੀ ਦਾ ਪ੍ਰਮਾਣ ਦੇ ਦਿੱਤਾ। ਮਗਰੋਂ ਦੇਸ਼ ਦਾ ਝੰਡਾ ਵੀ ਇਹੋ ਹੀ ਰੱਖਿਆ ਗਿਆ ਪਰ ਇਸ ਵਿੱਚ ਗਾਂਧੀ ਦੇ ਚਰਖੇ ਦੀ ਥਾਂ ਅਸ਼ੋਕ ਚੱਕਰ ਜੜ ਦਿੱਤਾ ਗਿਆ। ਜਿਸ ਦੇ ਨਾਲ ਇਹ ਹਾਲਾਤ ਤੇ ਸਮਾਜ ਦੇ ਵਿਕਾਸ ਦੇ ਪਹੀਏ ਨੂੰ ਪਿਛਾਂਹ ਵੱਲ ਵਧੇਰੇ ਖਿੱਚਦੇ ਹਨ।
ਦੂਸਰਾ ਨੁਕਤਾ, ਗ਼ਦਰ ਪਾਰਟੀ ਪਹਿਲੀ ਭਾਰਤੀ ਰਾਜਨੀਤਕ ਪਾਰਟੀ ਸੀ ਜਿਸ ਨੇ ਆਪਣਾ ਕੇਂਦਰੀ ਸਿਆਸੀ ਨਾਹਰਾ ਮੁਕੰਮਲ ਆਜ਼ਾਦੀ ਮਿਥਿਆ ਸੀ ਅਤੇ ਇਸ ਤਰਾਂ ਭਾਰਤ ਵਾਸੀਆਂ ਦੇ ਸਾਹਮਣੇ ਉਨ੍ਹਾਂ ਦਾ ਅਸਲੀ ਕਾਰਜ ਤਿਆਰ ਕਰਕੇ ਰੱਖ ਦਿੱਤਾ ਸੀ। ਕਾਂਗਰਸ ਪਾਰਟੀ ਜੋ ਕਿ 1920 ਤੱਕ ਵੀ ਮੁਕੰਮਲ ਆਜ਼ਾਦੀ ਦਾ ਨਾਹਰਾ ਦੇਣ ਦੀ ਨੀਤੀ ਅਤੇ ਦਲੇਰੀ ਨਹੀਂ ਸੀ ਕਰ ਸਕੀ। ਸਿੱਧੇ, ਸਪੱਸ਼ਟ ਅਤੇ ਅੰਤਮ ਨਾਹਰੇ ਦੀ ਇਤਿਹਾਸਕ ਮਹੱਤਤਾ ਹੁੰਦੀ ਹੈ ਕਿ ਇਹ ਹੀ ਉਹ ਨਾਹਰਾ ਹੁੰਦਾ ਹੈ ਜਿਹੜਾ ਪੀੜਤ ਗੁਲਾਮ ਦੇਸ਼ਾਂ ਤੇ ਕੌਮਾਂ ਦੀ ਹਿੱਕ ਵਿੱਚ ਤੀਰ ਵਾਂਗ ਖੁੱਭਦਾ ਹੈ ਅਤੇ ਉਨ੍ਹਾਂ ਨੂੰ ਇਸ ਦੀ ਪੂਰਤੀ ਲਈ ਤਿਆਰ ਕਰਨ ਦੀ ਭੂਮਿਕਾ ਨਿਭਾਉਂਦਾ ਹੈ। ਜਿੰਨੀ ਖਰੀ ਅਤੇ ਸ਼ੁੱਧ ਕੋਈ ਇਨਕਲਾਬੀ ਧਿਰ ਹੋਵੇਗੀ ਉਸ ਦਾ ਕੇਂਦਰੀ ਨਾਹਰਾ ਵੀ ਉਨਾ ਹੀ ਸਪਸ਼ਟ ਅਤੇ ਨਿਰਣਾਜਨਕ ਹੋਵੇਗਾ। ਕਾਂਗਰਸ ਇੱਕ ਸੁਧਾਰਵਾਦੀ ਲਹਿਰ ਵਜੋਂ ਉਭਰ ਰਹੀ ਸੀ, ਸੱਤਾ ਵਿੱਚੋਂ ਹਿੱਸੇਦਾਰੀ ਦੀ ਮੰਗ ਕਰਦੀ ਸੀ, ਇਸ ਕਰਕੇ ਕਦੇ ਇਹ ਹੋਮਰੂਲ ਦੀ ਮੰਗ ਕਰਦੀ ਰਹੀ ਅਤੇ ਕਦੇ ਕਿਸੇ ਹੋਰ ਅਧੂਰੀ ਤੇ ਅਪੰਗ ਮੰਗ ਦਾ ਨਾਹਰਾ ਦਿੰਦੀ ਰਹੀ।
ਗ਼ਦਰ ਪਾਰਟੀ ਭਾਰਤ ਦੀ ਪਹਿਲੀ ਸਿਆਸੀ ਪਾਰਟੀ ਸੀ ਜਿਸਨੇ ਅੰਗਰੇਜ਼ੀ ਰਾਜ ਦੀ ਗੁਲਾਮੀ ਤੋਂ ਮੁਕਤੀ ਹਾਸਲ ਕਰਨ ਲਈ ਅਜਿਹੇ ਘੋਲ ਰੂਪ ਦਾ ਨਾਹਰਾ ਪਹਿਲੀ ਵਾਰ ਦਿੱਤਾ ਸੀ, ਜਿਹੜਾ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਨਾਲ ਲੈਸ ਬਰਤਾਨਵੀ ਸਾਮਰਾਜੀ ਰਾਜ ਨੂੰ ਟੱਕਰ ਦੇਣ ਦਾ ਇੱਕ ਢੁੱਕਵਾਂ ਸਾਧਨ ਸੀ। ਬੇਸ਼ੱਕ ਇਸ ਤੋਂ ਪਹਿਲਾਂ ਕੂਕਾ ਲਹਿਰ ਨੇ ਵੀ ਸਰਕਾਰੀ ਢਾਂਚੇ ਦੇ ਸਮਾਨੰਤਰ ਇੱਕ ਪ੍ਰਬੰਧਕੀ ਢਾਂਚਾ ਉਸਾਰਨ ਦੀ ਪ੍ਰਸ਼ੰਸਾਯੋਗ ਦਲੇਰੀ ਤੇ ਸੂਝਬੂਝ ਦਿਖਾਈ ਸੀ ਅਤੇ ਆਪਣੇ ਆਪ ਨੂੰ ਹਥਿਆਰਬੰਦ ਵੀ ਕੀਤਾ ਸੀ। ਪਰ ਗ਼ਦਰ ਪਾਰਟੀ ਵਰਗੀ ਸਪਸ਼ਟਤਾ ਉਦੋਂ ਉਸ ਕੋਲ ਵੀ ਨਹੀਂ ਸੀ ਜਾਪਦੀ। ਪੈਰ ਪੈਰ ਤੇ ਗੁਲਾਮ ਲੋਕਾਂ ਦੇ ਸੰਘਰਸ਼ਾਂ ਨੂੰ ਬੇਰਹਿਮੀ ਨਾਲ ਕੁਚਲ ਦੇਣ ਵਾਲੀ ਹਤਿਆਰੀ ਸਰਕਾਰ, ਸ਼ਾਂਤਮਈ ਢੰਗਾਂ ਨਾਲ ਗੱਦੀਉਂ ਨਹੀਂ ਲਾਹੀ ਜਾ ਸਕਦੀ ਸੀ ਅਤੇ ਇਸ ਰਾਹ ’ਤੇ ਚੱਲੇ ਬਗੈਰ ਸੱਚੀ, ਸੁੱਚੀ ਤੇ ਖਰੀ ਅਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ ਸੀ। ਗ਼ਦਰ ਦੀ ਅਸਫ਼ਲਤਾ ਤੋਂ ਬਾਦ ਜਲ੍ਹਿਆਂਵਾਲੇ ਬਾਗ਼ ਦੇ ਖੂੰਨੀ ਸਾਕੇ ਨੇ ਵੀ ਗ਼ਦਰ ਪਾਰਟੀ ਦੀ ਹਥਿਆਰਬੰਦ ਸੰਘਰਸ਼ ਦੀ ਨੀਤੀ ਦੀ ਅਮਲੀ ਪੁਸ਼ਟੀ ਕਰ ਦਿੱਤੀ ਸੀ। ਵੀਹਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਵਿੱਚ ਇਸ ਨਾਹਰੇ ਨੂੰ ਲਾਗੂ ਕਰਨ ਲਈ ਹਥਿਆਰਬੰਦ ਸ਼ਕਤੀ ਇਕੱਠੀ ਕਰਨ ਦਾ ਕਾਰਜ ਵੀ ਗ਼ਦਰ ਪਾਰਟੀ ਦੇ ਸਾਹਮਣੇ ਸੀ। ਇਸ ਕਾਰਜ ਦੀ ਪੂਰਤੀ ਲਈ ਉਹ ਇਸ ਕਾਲ ਦੀ ਪਹਿਲੀ ਪਾਰਟੀ ਸੀ ਜਿਸ ਨੇ ਭਾਰਤ ਦੀ ਫੌਜ ਵਿੱਚ ਬਗਾਵਤ ਪੈਦਾ ਕਰਨ ਦਾ ਅਤਿਅੰਤ ਕਠਨ ਕਾਰਜ ਚੁਣਿਆ ਅਤੇ ਇੱਕ ਹੱਦ ਤੱਕ ਇਸ ਨੂੰ ਸਫ਼ਲਤਾ ਨਾਲ ਲਾਗੂ ਵੀ ਕੀਤਾ ਪਰ ਬਗਾਵਤ ਦੀ ਤਰੀਕ ਦਾ ਭੇਦ ਖੁੱਲ੍ਹ ਜਾਣ ਕਾਰਣ, ਇਨ੍ਹਾਂ ਯੋਧਿਆਂ ਅਤੇ ਦੇਸ਼ਭਗਤ ਫੌਜੀਆਂ ਦੀਆਂ ਦਿਲਾਂ ਦੀਆਂ ਦਿਲਾਂ ਵਿੱਚ ਹੀ ਰਹਿ ਗਈਆਂ।
ਇਸ ਦੇ ਨਾਲ ਹੀ ਗ਼ਦਰ ਪਾਰਟੀ ਭਾਰਤ ਦੀ ਪਹਿਲੀ ਸਿਆਸੀ ਪਾਰਟੀ ਹੈ ਜਿਸ ਨੇ ਖਰੇ, ਭਰਪੂਰ ਅਤੇ ਅਸਲੀ ਕੌਮਵਾਦ ਦੀ ਪ੍ਰਤੀਨਿਧਤਾ ਕੀਤੀ। ਵਿਦੇਸ਼ੀ ਸਾਮਰਾਜੀ ਹਾਕਮ ਰਾਜ ਨੂੰ ਬਿਨਾਂ ਸਮਝੌਤੇ ਮੁਕੰਮਲ ਰੂਪ ਵਿੱਚ ਢਹਿ ਢੇਰੀ ਕਰਨਾ, ਵਿਦੇਸ਼ੀ ਰਾਜ ਵਲੋਂ ਦੇਸ਼ਵਾਸੀਆਂ ਦੀ ਲੁੱਟ ਖਸੁੱਟ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨਾ, ਵਿਦੇਸ਼ੀ ਸਰਕਾਰ ਤੇ ਉਸ ਦੇ ਟੋਡੀਆਂ ਦੀਆਂ ਜਾਇਦਾਦਾਂ ਨੂੰ ਖਤਮ ਕਰਕੇ, ਦੇਸ਼ ਦੇ ਕੁਦਰਤੀ ਭੰਡਾਰਾਂ ਉੱਪਰ ਅਤੇ ਰਾਜ ਭਾਗ ਉੱਪਰ ਭਾਰਤੀ ਕੌਮਵਾਦੀਆਂ ਦੀ ਸਰਦਾਰੀ ਸਥਾਪਤ ਕਰਨਾ, ਅਸਲੀ ਕੌਮਵਾਦ ਅਤੇ ਅਸਲੀ ਦੇਸ਼ ਭਗਤੀ ਹੈ। ਪਰ ਕਾਂਗਰਸ ਅਜਿਹਾ ਕਾਰਜ ਨਾ ਉਦੋਂ ਘੜ ਸਕੀ ਅਤੇ ਨਾ ਹੀ 1947 ਵਿੱਚ ਸੱਤਾ ਬਦਲੀ ਦੇ ਮਗਰੋਂ ਹੀ ਅਜਿਹੀ ਨੀਤੀ ਘੜ ਸਕੀ। ਸਿੱਟਾ ਇਹ ਹੋਇਆ ਕਿ ਕਾਂਗਰਸ ਦੀ ਮਿਲਵਰਤਨੀਆ ਨੀਤੀ ਕਾਰਨ, ਅੰਗਰੇਜ਼ਾਂ ਨਾਲ ਲੁਕਣਮੀਟੀ ਖੇਡਣ ਕਾਰਨ ਅਤੇ ਭਾਰਤ ਦੇ ਲੋਕਾਂ ਨਾਲ ਗ਼ੱਦਾਰੀ ਕਰਨ ਕਾਰਨ ਭਾਰਤ ਦੇਸ਼ ਸਿੱਧੀ ਬਸਤੀ ਦੀ ਥਾਂ ਅਸਿੱਧੀ ਬਸਤੀ ਬਣ ਚੁੱਕਾ ਹੈ, ਜਿਸ ਦੇ ਕਾਰਨ ਵਿਦੇਸ਼ੀ ਸਾਮਰਾਜੀ ਨੀਤੀਆਂ, ਦੇਸੀ ਹਾਕਮਾਂ ਰਾਹੀਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨਾਂ ਦੇ ਅਧੀਨ ਦੇਸ਼ ਦੇ ਕੀਮਤੀ ਖਣਿਜ ਪਦਾਰਥ, ਕੁਦਰਤੀ ਸੋਮੇ ਅਤੇ ਕਿਰਤੀਆਂ ਦੀ ਮਿਹਨਤ ਅੰਨੇਵਾਹ ਲੁੱਟੀ ਜਾ ਰਹੀ ਹੈ।
ਗ਼ਦਰ ਪਾਰਟੀ ਭਾਰਤ ਦੀ ਉਹ ਪਹਿਲੀ ਸਿਆਸੀ ਪਾਰਟੀ ਸੀ ਜਿਸਨੇ ਅਸਲੀ ਧਰਮ ਨਿਰਲੇਪਤਾ ਨੂੰ ਆਪਣੀ ਕਾਰਜ ਅਤੇ ਰਾਜ ਦੀ ਨੀਤੀ ਦਾ ਕਾਰਜ ਉਲੀਕਿਆ ਸੀ। ਗ਼ਦਰ ਪਾਰਟੀ ਨੇ ਧਰਮ ਨੂੰ ਨਿੱਜੀ ਮਾਮਲਾ ਕਰਾਰ ਦੇਕੇ ਆਪਣੇ ਸੰਵਿਧਾਨ ਵਿੱਚ ਦਰਜ ਕੀਤਾ ਸੀ ਅਤੇ ਧਾਰਮਿਕ ਮੁੱਦਿਆਂ ਉੱਪਰ ਪਾਰਟੀ ਅੰਦਰ ਬਹਿਸਾਂ ਦੀ ਮਨਾਹੀ ਕੀਤੀ ਸੀ। ਉਦੋਂ ਤੱਕ ਕਾਂਗਰਸ ਹਾਲੇ ਇਸ ਮੁੱਦੇ ਉੱਪਰ ਕੋਈ ਸਪੱਸ਼ਟ ਪੁਜੀਸ਼ਨ ਹੀ ਨਹੀਂ ਸੀ ਲੈ ਸਕੀ। ਗ਼ਦਰ ਪਾਰਟੀ ਲਈ ਦੇਸ਼ਭਗਤੀ ਤੇ ਕੌਮੀ ਆਜ਼ਾਦੀ ਸਭ ਤੋਂ ਵੱਡਾ ਫਰਜ਼ ਅਤੇ ਮਰਿਆਦਾ ਸੀ। ਉਸ ਦੀ ਧਰਮ ਨਿਰਲੇਪਤਾ ਰਾਜ (ਸਟੇਟ) ਨੂੰ ਧਰਮ ਨਾਲੋਂ ਅਲੱਗ ਰੱਖਣਾ ਸੀ ਜਿਹੜਾ ਕਿ ਆਪਣੇ ਵਿੱਚ ਅਤਿ ਆਧੁਨਿਕ ਵਿਚਾਰ ਸੀ ਜਿਸ ਨੂੰ ਯੂਰਪੀ ਦੇਸ਼ਾਂ ਵਿੱਚ ਕਾਫੀ ਹੱਦ ਤੱਕ ਅਪਨਾਇਆ ਤੇ ਲਾਗੂ ਕੀਤਾ ਜਾ ਰਿਹਾ ਸੀ। ਇਸ ਤਰਾਂ ਦੇਖਿਆ ਜਾਵੇ ਤਾਂ ਅਨਪੜ ਤੇ ਸਿੱਧੇ ਸਾਦੇ ਪੇਂਡੂ ਕੌਮਪ੍ਰਸਤ, ਕਾਂਗਰਸ ਦੇ ਵਲੈਤ ਪੜੇ ਆਗੂਆਂ ਨਾਲੋਂ ਕਿਤੇ ਮੋਹਰੇ ਤੇ ਵਿਕਸਤ ਸੋਚ ਵਿਹਾਰ ਦੇ ਅਮਲ ਕਰਤਾ ਸਨ।
ਇਸ ਦੇ ਨਾਲ ਹੀ ਗ਼ਦਰ ਪਾਰਟੀ ਭਾਰਤ ਦੀ ਪਹਿਲੀ ਸਿਆਸੀ ਪਾਰਟੀ ਸੀ ਜਿਸਨੇ ਜਾਤ ਪਾਤ ਦੇ ਕੋਹੜ ਉੱਪਰ ਭਰਵਾਂ ਵਾਰ ਕੀਤਾ ਸੀ ਅਤੇ ਆਪਣੀਆਂ ਸਫ਼ਾਂ ਵਿੱਚ ਦਲਿਤ ਗ਼ਦਰੀਆਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਸੀ ਹੋਣ ਦਿੱਤਾ। ਉਹ ਭਾਰਤ ਦੇ ਬ੍ਰਾਹਮਣਵਾਦੀ ਸਮਾਜ ਵਿੱਚੋਂ ਇਸ ਕੋਹੜ ਦੀ ਜੜ ਵੱਢਣ ਲਈ ਵਚਨਬੱਧ ਸਨ।
ਗ਼ਦਰ ਪਾਰਟੀ ਉਹ ਪਹਿਲੀ ਸਿਆਸੀ ਪਾਰਟੀ ਸੀ ਜਿਸ ਨੇ ਸੁਧਾਰਵਾਦ ਦੇ ਕਿਰਦਾਰ ਨੂੰ ਪਛਾਣਿਆ ਸੀ, ਇਸ ਦੇ ਆਧਾਰ ਤੇ ਨੀਤੀ ਨੂੰ ਸਮਝਦੇ ਹੋਏ ਇਸ ਨੂੰ ਰੱਦ ਕੀਤਾ ਸੀ। ਗ਼ਦਰ ਪਾਰਟੀ ਦਾ ਵਿਚਾਰ ਸੀ ਕਿ ਅੰਗਰੇਜ਼ ਹਾਕਮ ਭਾਰਤ ਦੀ ਅੰਨੀ ਆਰਥਿਕ ਲੁੱਟ ਕਰਕੇ ਉਸ ਵਿੱਚੋਂ ਥੋੜਾ ਜਿਹਾ ਹਿੱਸਾ ਰੇਲਾਂ, ਸੜਕਾਂ, ਡਾਕ-ਤਾਰ, ਹਸਪਤਾਲਾਂ, ਸਕੂਲਾਂ ਉੱਪਰ ਖਰਚ ਕਰਕੇ ਆਪਣੇ ਆਪ ਨੂੰ ਭਾਰਤ ਦੇ ਲੋਕਾਂ ਦੇ ਹਿਤੈਸ਼ੀ ਬਣਕੇ ਦੱਸਦੇ ਹਨ। ਇਸ ਤਰਾਂ ਦੇ ‘‘ਵਿਕਾਸ” ਦਾ ਅਰਥ ਲੋਕਾਂ ਦੀਆਂ ਅੱਖਾਂ ਪੂੰਝਣ ਦੇ ਬਰਾਬਰ ਹੀ ਹੁੰਦਾ ਹੈ। ਕਰਾਂਤੀਕਾਰੀਆਂ ਨੂੰ ਹਾਕਮਾਂ ਦੇ ਇਨਾਂ ਭੁਲੇਖਿਆਂ ਵਿੱਚ ਨਾ ਫਸਣ ਦਾ ਸੱਦਾ ਗ਼ਦਰ ਪਾਰਟੀ ਦਿੰਦੀ ਸੀ। ਇਸ ਤਰਾਂ ਦੇ ਅਖੌਤੀ ਸੁਧਾਰ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਅਤੇ ਨਗਰ ਪਾਲਿਕਾਵਾਂ ਦੀ ਕਾਇਮੀ ਕਰਕੇ ਸਥਾਨਕ ਲੋਕਾਂ ਦੀ ਆਵਾਜ਼ ਨੂੰ ਸਵੀਕਾਰ ਕਰਨ ਅਤੇ ਰਾਜ ਪ੍ਰਬੰਧ ਦੇ ਸੰਚਾਲਣ ਵਿੱਚ ਹਿੱਸੇਦਾਰੀ ਯਕੀਨੀ ਬਣਾਉਣ ਲਈ ਕੀਤਾ ਜਾਂਦਾ ਸੀ। ਗ਼ਦਰ ਪਾਰਟੀ ਇਸ ਭੁਲੇਖਾਕਾਰੀ ਤੇ ਭਟਕਾਊ ਸੁਧਾਰਵਾਦ ਦਾ ਵਿਰੋਧ ਕਰਕੇ ਆਪਣੀ ਸਿਆਸੀ ਪਰਪੱਕਤਾ ਦਾ ਇੱਕ ਸਬੂਤ ਦੇਣ ਵਾਲੀ ਮੋਹਰੀ ਪਾਰਟੀ ਸੀ।
ਗ਼ਦਰ ਪਾਰਟੀ ਸਾਮਰਾਜੀ ਅੰਗਰੇਜ਼ ਹਾਕਮਾਂ ਦੇ ਨਾਲ ਦੇਸ਼ ਦੇ ਰਾਜੇ ਰਜਵਾੜਿਆਂ, ਜੈਲਦਾਰਾਂ, ਸਫੈਦਪੋਸ਼ਾਂ, ਜਗੀਰਦਾਰਾਂ ਦੀ ਜਮਾਤ ਨੂੰ ਅੰਗਰੇਜ਼ ਭਗਤ ਸਮਝਦੀ ਸੀ। ਉਹ ਸਾਰੇ ਜਗੀਰਦਾਰੀ ਪਰਬੰਧ ਦਾ ਅੰਗ ਹੋਣ ਕਰਕੇ ਵਿਦੇਸ਼ੀ ਹਾਕਮਾਂ ਦਾ ਸਮਾਜਿਕ ਤੇ ਆਰਥਿਕ ਆਧਾਰ ਬਣੇ ਹੋਏ ਸਨ ਅਤੇ ਵਿਦੇਸ਼ੀ ਰਾਜ ਦੇ ਥੰਮ ਵਜੋਂ ਕੰਮ ਕਰਦੇ ਹਨ। ਗ਼ਦਰ ਪਾਰਟੀ ਇਨ੍ਹਾਂ ਰਜਵਾੜਿਆਂ ਦੇ ਵਡਾਰੂਆਂ ਦੇ ਰੋਲ ਤੋਂ ਵੀ ਵਾਕਫ ਸੀ ਜਿਹੜਾ ਉਨ੍ਹਾਂ ਨੇ 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਦੌਰਾਨ ਅਦਾ ਕਰਕੇ ਦੇਸ਼ਭਗਤ ਭਾਰਤ ਵਾਸੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਗ਼ਦਰ ਪਾਰਟੀ ਇਨਾਂ ਨੂੰ ਦੇਸ਼ ਕੌਮ ਦੇ ਦੁਸ਼ਮਣ ਗਰਦਾਨਦੀ ਸੀ।
ਹਥਿਆਰਬੰਦ ਬਗਾਵਤ ਦਾ ਰਾਹ ਚੁਣਨ ਦੇ ਬਾਵਜੂਦ ਵੀ ਗ਼ਦਰ ਲਹਿਰ ਦੇਸ਼ ਵਿੱਚ ਚੱਲ ਰਹੀਆਂ ਅੰਗਰੇਜ਼ੀ ਸਰਕਾਰ ਵਿਰੁੱਧ ਲਹਿਰਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੀ ਹਮਾਇਤ ਪ੍ਰਾਪਤ ਕਰਨ ਦੀ ਧਾਰਨੀ ਸੀ। ਇਸੇ ਕਰਕੇ ਉਨ੍ਹਾਂ ਉਸ ਵੇਲੇ ਦੀਆਂ ਕੁਝ ਇੱਕ ਧਾਰਮਿਕ ਲਹਿਰਾਂ ਜਾਂ ਸੰਘਰਸ਼ਾਂ ਨਾਲ ਵੀ ਇੱਕਮੁੱਠਤਾ ਪ੍ਰਗਟ ਕੀਤੀ।
ਗ਼ਦਰ ਪਾਰਟੀ ਭਾਵੇਂ ਸੁਧਾਰਵਾਦ ਨੂੰ ਰੱਦ ਕਰਦੀ ਸੀ ਪਰ ਕੁਝ ਸੁਧਾਰ ਕਾਰਜ ਹੱਥ ਲੈਕੇ ਉਹ ਲੋਕਾਂ ਦੇ ਨਾਲ ਜੁੜਨ ਦੀ ਸੋਚ ਤੋਂ ਨਹੀਂ ਉੱਕੀ। ਅਮਰੀਕਾ ਕੈਨੇਡਾ ਤੋਂ ਪਰਤੇ ਕਈ ਗ਼ਦਰੀਆਂ ਨੇ ਪੰਜਾਬ ਵਿੱਚ ਆਕੇ ਸਕੂਲ ਖੋਹਲੇ ਲੜਕੀਆਂ ਦੀ ਵਿੱਦਿਆ ਦੀ ਲੋੜ ਨੂੰ ਉਭਾਰਿਆ ਅਤੇ ਕਚਹਿਰੀਆਂ ਵਿੱਚ ਖੱਜਲ ਖੁਆਰ ਹੋਣ ਦੀ ਥਾਂ ਸਥਾਨਿਕ ਪੰਚਾਇਤਾਂ ਰਾਹੀਂ ਲੋਕਾਂ ਦੇ ਮਾਮਲੇ ਨਿਪਟਾਉਣ ਦਾ ਯਤਨ ਕੀਤਾ।
ਗ਼ਦਰ ਪਾਰਟੀ ਦੇ ਸਿਆਸੀ, ਆਰਥਿਕ, ਸੱਭਿਆਚਾਰਕ ਵਿਚਾਰ ਮੁੱਖ ਰੂਪ ਵਿੱਚ ਪੰਜਾਬੀ ਬੋਲੀ ਅਤੇ ਕਵਿਤਾ ਰੂਪ ਵਿਚ ਮਿਲਦੇ ਸਨ। ਗ਼ਦਰ ਪਾਰਟੀ ਦੀ ਵਾਰਤਕ ਵੀ ਮਹੱਤਵਪੂਰਨ ਹੈ, ਪਰ ਜਾਪਦਾ ਹੈ ਕਿ ਉਸ ਵਿੱਚ ਬਹੁਤੇ ਲੇਖ ਲਾਲਾ ਹਰਦਿਆਲ ਦੀ ਕਲਮ ਤੋਂ ਹਨ। ਗ਼ਦਰ ਪਾਰਟੀ ਨੇ ਸੁਤੇ ਸਿੱਧ ਹੀ ਉਸ ਬੋਲੀ ਨੂੰ ਚੁਣਿਆ ਜਿਹੜੀ ਉਸ ਦੇ ਆਗੂਆਂ ਤੇ ਮੈਂਬਰਾਂ ਦੀ ਮਾਂ ਬੋਲੀ ਸੀ। ਇਸ ਬੋਲੀ ਨੂੰ ਅਪਨਾਕੇ ਉਨਾਂ ਨੇ ਇਸ ਦੀ ਅਮੀਰੀ, ਸਮਰੱਥਾ ਤੇ ਹਰਮਨ ਪਿਆਰਤਾ ਵਿੱਚ ਵਾਧਾ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੇ ਅੰਗਰੇਜ਼ੀ ਭਾਸ਼ੀ ਸਮਾਜ ਵਿੱਚ ਰਹਿੰਦੇ ਹੋਏ ਵੀ ਉਨਾਂ ਨੇ ਅੰਗਰੇਜ਼ੀ ਦੀ ਸਰਦਾਰੀ ਨੂੰ ਸਵੀਕਾਰਨ ਦੀ ਤਾਂਘ ਨਹੀਂ ਦਿਖਾਈ। ਸਗੋਂ ਔਖੇ ਤੋਂ ਔਖੇ ਸਿਆਸੀ ਸੰਕਲਪਾਂ ਨੂੰ ਵੀ ਸਾਦੇ ਮੁਹਾਵਰੇ ਵਿੱਚ ਪੇਸ਼ ਕਰਨ ਦੀ ਸਫ਼ਲਤਾ ਹਾਸਲ ਕੀਤੀ। ਅੱਜ ਅੰਗਰੇਜ਼ੀ ਬੋਲੀ ਤੇ ਸੱਭਿਆਚਾਰ ਨੂੰ ਸਿਰ ’ਤੇ ਚੁੱਕੀ ਫਿਰਦੇ ਹਾਕਮ, ਅੰਗਰੇਜ਼ੀ ਸੱਭਿਆਚਾਰ ਦੇ ਨਕਾਰੇ ਨਿਘਰੇ ਸੁਆਦਾਂ ਦੀ ਸਰਪ੍ਰਸਤੀ ਕਰਦੇ ਸਾਡੇ ਹਾਕਮ ਅਤੇ ਉਨ੍ਹਾਂ ਦੇ ਪਿੱਛਲੱਗੂ, ਅੰਗਰੇਜ਼ੀ ਦੀ ਸਰਦਾਰੀ ਖਤਮ ਕਰਨ ਲਈ ਡੱਕਾ ਦੂਹਰਾ ਨਹੀਂ ਕਰ ਰਹੇ। ਅਜਿਹੇ ਹਾਕਮ ਅਤੇ ਉਨ੍ਹਾਂ ਦੇ ਪਿੱਛਲੱਗੂ ਗ਼ਦਰ ਪਾਰਟੀ ਦੇ ਵਾਰਸ ਨਹੀਂ ਹੋ ਸਕਦੇ।
ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਗ਼ਦਰ ਪਾਰਟੀ ਨੇ ਆਪਣੇ ਇਤਿਹਾਸਕ ਵਿਰਸੇ ਨਾਲ ਵੀ ਆਪਣੇ ਆਪ ਨੂੰ ਜੋੜਿਆ, ਉਸਦੇ ਉਸਾਰੂ ਪੱਖਾਂ ਨੂੰ ਅਪਨਾਇਆ ਅਤੇ ਪਿਛਾਖੜੀ ਪੱਖਾਂ ਨੂੰ ਨਿਖੇੜਿਆ ਹੈ। ਇਸ ਪ੍ਰਸੰਗ ਵਿੱਚ ਉਨ੍ਹਾਂ ਕੂਕਾ ਲਹਿਰ ਦੀ ਬਹਾਦਰੀ, ਕੁਰਬਾਨੀ ਤੋਂ ਪ੍ਰੇਰਨਾ ਲੈਣ ਦੇ ਨਾਲ ਨਾਲ ਸਿੱਖ ਲਹਿਰ ਦੀਆਂ ਕੁਰਬਾਨੀਆਂ, ਬਹਾਦਰੀ, ਤਿਆਗ ਤੇ ਜੁਝਾਰੂਪਣ ਤੋਂ ਪ੍ਰੇਰਨਾ ਲੈਣ ਦਾ ਵੀ ਸੱਦਾ ਦਿੱਤਾ ਹੈ। ਵਿਰਸੇ ਨੂੰ ਵਰਤਣ ਦੀ ਕੋਸ਼ਿਸ਼ ਤਾਂ ਸਾਫ ਹੈ, ਪਰ ਇਸ ਦੀ ਪੁਨਰ ਵਿਆਖਿਆ ਦੇ ਸਾਰਥਿਕ ਯਤਨ ਵੀ ਮੌਜੂਦ ਹਨ।
ਗ਼ਦਰੀਆਂ ਨੂੰ ਆਜ਼ਾਦੀ ਦਾ ਜਾਗ ਪੱਛਮ ਵਿਚਲੀ ਆਜ਼ਾਦੀ, ਬਰਾਬਰੀ, ਖੁਸ਼ਹਾਲੀ ਤੇ ਆਪਣੇ ਨਾਲ ਹੁੰਦੇ ਵਿਤਕਰੇ ਤੋਂ ਵੀ ਲੱਗੀ ਸੀ। ਅਮਰੀਕਾ, ਕੈਨੇਡਾ ਵਿੱਚ ਆਜ਼ਾਦੀ ਦੀਆਂ ਬਰਕਤਾਂ ਅਤੇ ਕੌਮੀ ਸਵੈਮਾਨ ਦੇ ਅਹਿਸਾਸ ਨੇ ਉਨ੍ਹਾਂ ਦੀ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਰੱਦ ਕਰਨ ਦੀ ਧਾਰਨਾ ਵੀ ਪ੍ਰਗਟ ਹੋਈ। ਉਨ੍ਹਾਂ ਦੀ ਵਾਰਤਕ ਵਿੱਚ ਪਿਛਾਖੜੀ ਕਦਰਾਂ ਕੀਮਤਾਂ ਦਾ ਖੰਡਨ ਮਿਲਦਾ ਹੈ। ਇਹ ਵਾਰਤਕ ਪਿਤਾ ਪੁਰਖੀ ਅਥਾਰਟੀ ਦਾ ਖੰਡਨ ਕਰਦੀ ਹੈ ਜਿਹੜੀ ਔਲਾਦ ਨੂੰ ਆਜ਼ਾਦੀ ਨਾਲ ਆਪਣਾ ਜੀਵਨ ਟੀਚਾ ਚੁਣਨ ਤੋਂ ਰੋਕਦੀ ਹੈ। ਆਦਮੀ ਦੀ ਔਰਤ ਉੱਪਰ ਧੌਂਸ ਦੀ ਵੀ ਨਿਖੇਧੀ ਕੀਤੀ ਗਈ ਹੈ। ਇਸੇ ਤਰ੍ਹਾਂ ਬਾਦਸ਼ਾਹ/ਰਾਣੀ ਦੀ ਅਥਾਰਟੀ ਦਾ ਖੰਡਨ ਕੀਤਾ ਗਿਆ ਹੈ। ਇਸ ਪ੍ਰਕਾਰ ਗ਼ਦਰ ਪਾਰਟੀ ਇੱਕ ਖਰੇ ਨੈਸ਼ਨਲ ਸਟੇਟ ਦੇ ਨਾਲ ਜਮਹੂਰੀ ਸਮਾਜ ਤੇ ਪਰਿਵਾਰ ਦੀ ਉਸਾਰੀ ਦਾ ਵੀ ਕਾਰਜ ਸਾਹਮਣੇ ਰੱਖਦੀ ਹੈ।
ਕਈ ਪਾਰਟੀਆਂ ਅਤੇ ਵਿਅਕਤੀ ਆਪਣੇ ਆਪ ਨੂੰ ਗ਼ਦਰ ਪਾਰਟੀ ਦੇ ਵਾਰਸ ਹੋਣ ਦਾ ਐਲਾਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਹਾਲਾਂ ਗ਼ਦਰੀਆਂ ਦੇ ਸੁਪਨਿਆਂ ਦੀ ਅਜ਼ਾਦੀ, ਜਮਹੂਰੀਅਤ, ਧਰਮ ਨਿਰਲੇਪਤਾ ਅਤੇ ਬਰਾਬਰੀ ਸਮਾਜ ਵਿੱਚ ਨਹੀਂ ਆਈ। ਪਰ ਉਹ ਇਹ ਦੱਸਣ ਵਿੱਚ ਘਚੌਲਾ ਪਾਉਂਦੇ ਹਨ ਕਿ ਗ਼ਦਰੀਆਂ ਦੇ ਸੁਫਨਿਆਂ ਦੀ ਆਜ਼ਾਦੀ ਤੇ ਜਮਹੂਰੀਅਤ ਹੈ ਕੀ ਅਤੇ ਕਿਵੇਂ ਪ੍ਰਾਪਤ ਹੋ ਸਕਦੀ ਹੈ। ਅਜਿਹੀ ਘਚੌਲੇ ਵਾਲੀ ਅਸਪਸ਼ਟ ਸੋਚ ਅਤੇ ਦਾਅਵੇ ਭੁਲੇਖਾ ਪਾਊ ਤੇ ਭਟਕਾਊ ਹਨ।
ਤਾਂ ਫਿਰ ਗ਼ਦਰ ਪਾਰਟੀ ਦੇ ਅਸਲੀ ਵਾਰਸ ਹੋਣ ਦਾ ਅਰਥ ਕੀ ਹੈ? ਗ਼ਦਰ ਪਾਰਟੀ ਦੇ ਅਸਲ ਵਾਰਸ ਹੋਣ ਦਾ ਅਰਥ ਇਹ ਹੈ ਕਿ ਦੇਸ਼ ਵਿੱਚ ਸਾਮਰਾਜ ਦਾ ਅਸਿੱਧਾ ਰਾਜ ਖਤਮ ਨਹੀਂ ਹੋਇਆ ਅਤੇ ਜਿਸ ਕਰਕੇ ਦੇਸ਼ ਦੀ ਆਰਥਿਕ, ਸਿਆਸੀ, ਵਿਦੇਸ਼ੀ, ਸੱਭਿਆਚਾਰਕ ਨੀਤੀ ਵਿੱਚ ਸਾਮਰਾਜ ਦਾ ਦਖਲ ਇੱਕ ਨਿਰਣਾਕਾਰੀ ਦਖਲ ਹੈ। ਇੱਕ ਦੀ ਥਾਂ ਕਈ ਸਾਮਰਾਜੀ ਤਾਕਤਾਂ ਦੇਸ਼ ਨੂੰ ਲੁੱਟ ਰਹੀਆਂ ਹਨ, ਇਸ ਕਰਕੇ ਅੱਜ ਪੁਰਾਣੇ ਬਸਤੀਵਾਦ ਦੀ ਥਾਂ ਇਸ ਨਵ ਬਸਤੀਵਾਦ ਦੇ ਵਿਰੁੱਧ, ਸਾਮਰਾਜੀਆਂ ਦੇ ਵਿਰੁੱਧ ਖਾੜਕੂ ਸੰਘਰਸ਼ ਕਰਨਾ ਸਮੇਂ ਦੀ ਅਟੁੱਟ ਲੋੜ ਹੈ। ਗ਼ਦਰ ਪਾਰਟੀ ਦੇ ਅਸਲੀ ਵਾਰਸ ਉਹ ਹਨ ਜਿਹੜੇ ਇਸ ਕੌੜੇ ਸੱਚ ਨੂੰ ਸਵੀਕਾਰ ਕਰਦੇ ਹਨ ਕਿ ਭਾਰਤ ਦੇ ਵੱਡੇ ਸਰਮਾਏਦਾਰ, ਵੱਡੇ ਜਗੀਰੂ ਭੂਮੀਪਤੀ, ਸਾਮਰਾਜੀਆਂ ਦੇ ਕਰਿੰਦਿਆਂ ਵਜੋਂ ਕੰਮ ਕਰਦੇ ਹਨ, ਦਲਾਲਾਂ ਵਾਂਗ ਵਿਚਰਦੇ ਹਨ, ਆਪਣਾ ਹਿੱਸਾ ਰੱਖਕੇ ਸਾਮਰਾਜ ਨੂੰ ਅੰਨੀ ਲੁੱਟ ਕਰਨ ਦੀ ਖੁੱਲ ਦਿੰਦੇ ਹਨ, ਜਿਸ ਦੇ ਅੱਜ ਤਾਜ਼ਾ ਪਰਮਾਣ ਅਨੇਕਾਂ ਘਪਲਿਆਂ ਅਤੇ ਇੱਕ ਪਾਸੜ ਸੰਧੀਆਂ ਵਿੱਚੋਂ ਮਿਲਦੇ ਹਨ। ਦੇਸ਼ ਦੇ ਕੁਦਰਤੀ ਸਾਧਨ ਕੌਡੀਆਂ ਦੇ ਭਾਅ ਸਾਮਰਾਜੀਆਂ ਨੂੰ ਲੁਟਾਏ ਜਾ ਰਹੇ ਹਨ। ਦੇਸ਼ ਦੇ ਉਕਤ ਅਮੀਰ ਤੇ ਸਿਆਸਤਦਾਨ ਸਾਮਰਾਜੀਆਂ ਦੀ ਲਛਮਣ ਰੇਖਾ ਦੇ ਵਿੱਚ ਹੀ ਵਿਚਰਨ ਦੀ ਖੁੱਲ ਰੱਖਦੇ ਹਨ ਇਸੇ ਕਰਕੇ ਦੇਸ਼ ਦੀ ਆਜ਼ਾਦੀ ਇੱਕ ਰਸਮੀ ਆਜ਼ਾਦੀ ਹੈ ਅਤੇ ਜਮਹੂਰੀਅਤ ਵੀ ਇੱਕ ਰਸਮੀ ਜਮਹੂਰੀਅਤ ਹੈ।
ਗ਼ਦਰ ਪਾਰਟੀ ਦੇ ਅਸਲੀ ਵਾਰਸ ਉਹ ਹਨ ਜਿਹੜੇ ਦਲਾਲ ਸਰਮਾਏਦਾਰਾਂ, ਜਾਗੀਰਦਾਰਾਂ ਤੇ ਸਾਮਰਾਜੀਆਂ ਦੀ ਜਾਇਦਾਦ ਅਤੇ ਸਰਮਾਏ ਦੀ ਜ਼ਬਤੀ ਦੀ ਮੰਗ ਕਰਦੇ ਹਨ।
ਗ਼ਦਰ ਪਾਰਟੀ ਦੇ ਅਸਲੀ ਵਾਰਸ ਉਹ ਹਨ ਜਿਹੜੇ ਹੱਕ ਮੰਗਦੇ ਤੇ ਆਮ ਮਿਹਨਤੀ ਲੋਕਾਂ ਨੂੰ ਦਰੜਨ ਕੁਚਲਣ ਵਾਲੇ ਇਸ ਰਾਜ ਪ੍ਰਬੰਧ ਦੀ ਹਿੰਸਾ ਦੇ ਟਾਕਰੇ ਤੇ ਦੇਸ਼ਭਗਤ ਇਨਕਲਾਬੀ ਹਿੰਸਾ ਦੇ ਅਟੱਲ ਸਹਾਰਾ ਲੈਣ ਦੀ ਲੋੜ ਦਰਸਾਕੇ, ਹਥਿਆਰਬੰਦ ਸੰਘਰਸ਼ ਦੀ ਲੋੜ ਨੂੰ ਦਰਸਾਉਂਦੇ ਅਤੇ ਇਸਦੀ ਤਿਆਰੀ ਲਈ ਵਚਨਵੱਧ ਹਨ।
ਇਹ ਕਰੂਰ ਤੇ ਕਠੋਰ ਹਕੀਕਤਾਂ ਹੀ ਹਨ ਜਿਹੜੀਆਂ ਇਹ ਪੁਕਾਰ ਪੁਕਾਰ ਕੇ ਕਹਿੰਦੀਆਂ ਹਨ ਕਿ ਦੇਸ਼ ਨੂੰ ਸਾਮਰਾਜ ਤੇ ਇਸ ਦੇ ਦਲਾਲਾਂ ਦੇ ਵਿਰੁੱਧ ਇੱਕ ਹੋਰ ਕੌਮੀ ਇਨਕਲਾਬ ਕਰਨ ਦੀ ਜ਼ਰੂਰਤ ਹੈ। ਇਹ ਕਰੂਰ ਤੇ ਕਠੋਰ ਹਕੀਕਤਾਂ ਹੀ ਪੁਕਾਰ ਪੁਕਾਰ ਕੇ ਕਹਿੰਦੀਆਂ ਹਨ ਕਿ ਆਮ ਆਦਮੀ ਜਗੀਰੂ ਭੂਮੀਪਤੀਆਂ, ਸੂਦਖੋਰਾਂ, ਸੱਟੇਬਾਜ਼ਾਂ, ਧਰਮ ਤੇ ਉੱਚੀ ਜਾਤੀ ਦੇ ਹੱਕਾਂ ਦੇ ਠੇਕੇਦਾਰਾਂ ਦੀ ਮਾਰ ਕਾਰਨ ਦੱਬਿਆ ਦਰੜਿਆ ਜਾ ਰਿਹਾ ਹੈ, ਇਸ ਲਾਣੇ ਦੀ ਹਿੰਸਾ ਨਾਲ ਕਰਾਹ ਰਿਹਾ ਹੈ ਜਿਸ ਕਾਰਨ ਇਸ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਹੀ ਰਾਹਤ ਦੁਆ ਸਕਦਾ ਤੇ ਮੁਕਤੀ ਪਰਦਾਨ ਕਰ ਸਕਦਾ ਹੈ। ਜਾਤ ਪਾਤ ਦੇ ਕੋਹੜ, ਕਿਸਾਨਾਂ ਦੀ ਗੁਰਬਤ, ਜਮੀਨ ਦੀ ਥੁੜ, ਬੇਕਾਰੀ ਤੇ ਬੇਵਸੀ ਨੂੰ ਖਤਮ ਕਰਕੇ ਅਸਲੀ ਜਮਹੂਰੀਅਤ ਸਥਾਪਤ ਕੀਤੀ ਜਾ ਸਕਦੀ ਹੈ। ਇਸ ਕਰਕੇ ਹੀ ਭਾਰਤ ਨੂੰ ਇੱਕ ਹੋਰ ਸਾਮੰਤਵਾਦ ਵਿਰੋਧੀ ਜਮਹੂਰੀ ਇਨਕਲਾਬ ਦੀ ਲੋੜ ਹੈ ਜਿਹੜਾ ਗ਼ਦਰ ਪਾਰਟੀ ਦੇ ਸੁਫਨੇ ਸਾਕਾਰ ਕਰਨ ਦੀ ਸਮਰੱਥਾ ਰੱਖਦਾ ਹੈ।
ਅੱਜ ਸਾਨੂੰ ਗ਼ਦਰ ਪਾਰਟੀ ਦੀਆਂ ਅਸਫਲਤਾ ਤੋਂ ਸਬਕ ਸਿੱਖਦੇ ਹੋਏ ਉਸ ਦੀਆਂ ਮਹਾਨ ਅਤੇ ਇਤਿਹਾਸਕ ਦੇਣਾਂ ਨੂੰ ਅਪਨਾਕੇ, ਉਨ੍ਹਾਂ ਵਲੋਂ ਦਰਸਾਏ ਰਾਹ ਨੂੰ ਅਮਲ ਵਿੱਚ ਲਾਗੂ ਕਰਨਾ ਚਾਹੀਦਾ ਹੈ। ਗ਼ਦਰ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਇਹ ਹੀ ਸੱਚੀ ਸ਼ਰਧਾਂਜਲੀ ਹੈ ਅਤੇ ਇਤਿਹਾਸਕ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਹੈ।
( 'ਇਨਕਲਾਬੀ ਸਾਡਾ ਰਾਹ' ਦੀ ਅਪਰੈਲ, 2012 ਦੀ ਸੰਪਾਦਕੀ ਵਿੱਚੋਂ )
maan
ja