ਮਨਪ੍ਰੀਤ ਬਾਦਲ ਦਾ ਅਤੀਤ, ਭੱਵਿਖ ਅਤੇ ਹੋਣੀ - ਇੰਦਰਜੀਤ ਕਾਲਾ ਸੰਘਿਆਂ
Posted on:- 26-10-2013
ਸਾਲ 2007 ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਆਇਆਂ ਇੱਕ ਸਾਲ ਦੇ ਕਰੀਬ ਦਾ ਸਮਾਂ ਬੀਤ ਚੁੱਕਾ ਸੀ।ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਪੂਰੀ ਤਰ੍ਹਾਂ ਨਾਲ ਪਾਰਟੀ ਦੀ ਲੀਡਰਸ਼ਿਪ ਉੱਪਰ ਭਾਰੀ ਸਨ, ਪਰ 2007 ਦੀਆਂ ਚੋਣਾਂ ਜਿੱਤਣ ਤੋਂ ਬਆਦ ਹੀ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਪਾਰਟੀ ਦਾ ਅਗਲਾ ਜਾਂਨਸ਼ੀਨ ਚੁਣ ਲਿਆ ਜਾਵੇਗਾ।
ਇਨ੍ਹਾਂ ਅਟਕਲਾਂ ਦੇ ਵਿਚਕਾਰ ਹੀ 2008 ਵਿੱਚ ਆਖਿਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾ ਕੇ ਸ. ਬਾਦਲ ਨੇ ਸੱਪਸ਼ਟ ਸੰਕੇਤ ਦੇ ਦਿੱਤੇ ਕਿ ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਜ਼ਾਨਸ਼ੀਨ ਹੋਵੇਗਾ।ਇੰਝ ਨਹੀ ਸੀ ਕਿ ਸੁਖਬੀਰ ਬਾਦਲ ਨੂੰ ਅਚਾਨਕ ਹੀ ਪਾਰਟੀ ਵਿੱਚ ਇਨ੍ਹਾਂ ਵੱਡਾ ਅਹੁਦਾ ਦੇ ਦਿੱਤਾ ਗਿਆ ਸੀ, ਇਸ ਤੋ ਪਹਿਲਾ ਉਹ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਸਨ, ਕੇਂਦਰ ਦੀ ਵਾਜਪਈ ਸਰਕਾਰ ਵਿੱਚ ਬਤੌਰ ਮੰਤਰੀ ਕੰਮ ਕਰ ਚੁੱਕੇ ਸਨ,ਰਾਜ ਸਭਾ ਦੇ ਮੈਬਰ ਵੀ ਰਿਹੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕਰਤਾ-ਧਰਤਾ ਵੀ ਸਨ।
ਪਰ ਫਿਰ ਵੀ ਬਹੁਤੇ ਸਿਆਸੀ ਮਾਹਿਰ ਇਸ ਗੱਲ ਤੇ ਦੋਚਿੱਤੀ ਵਿੱਚ ਸਨ ਕਿ ਸੁਖਬੀਰ ਸ਼ਾਇਦ ਪੰਜਾਬ ਦੇ ਰਾਜਨੀਤਿਕ ਖਾਕੇ ਵਿੱਚ ਬਹੁਤਾ ਫਿੱਟ ਨਹੀਂ ਸੀ ਬੈਠਦਾ,ਖਾਸ,ਪਰ ਸੁਖਬੀਰ ਬਾਦਲ ਨੇ ਅਗਲੇ ਕੁਝ ਕੁ ਸਾਲਾਂ ਵਿੱਚ ਹੀ ਇਨ੍ਹਾਂ ਸਵਾਲਾਂ ‘ਤੇ ਵਿਰਾਮ ਲਗਾ ਦਿੱਤਾ।
ਅਤੀਤ
ਮਨਪ੍ਰੀਤ ਬਾਦਲ ਦੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਤਰੀਕੇ ਨਾਲ ਹੋਈ ਸੀ, ਸੰਨ 1995 ਦੇ ਦੌਰ ਵਿੱਚ ਜਦ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਸੀ, ਮਨਪ੍ਰੀਤ ਬਾਦਲ ਨੂੰ ਸ. ਬਾਦਲ ਨੇ ਆਪਣੇ ਜੱਦੀ ਹਲਕੇ ਗਿੱਦੜਬਾਹੇ ਤੋ ਬਾਈ-ਇਲੈਕਸ਼ਨ ਲਈ ਚੋਣ ਮੈਦਾਨ ਵਿੱਚ ਉਤਾਰਿਆਂ ਸੀ।ਚਾਹੇ ਕਿ ਇਸ ਤੋਂ ਕੁਝ ਸਮਾਂ ਪਹਿਲਾ ਹੋਈ ਲੋਕ ਸਭਾ ਦੀ ਇੱਕ ਬਾਈ ਇਲੈਕਸ਼ਨ ਵਿੱਚ ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਹਾਰ ਗਏ ਸਨ,ਪਰ ਮਨਪ੍ਰੀਤ ਬਾਦਲ ਨੇ ਇਹ ਬਾਈ ਇਲੈਕਸ਼ਨ ਜਿੱਤ ਕਿ੍ਰਸ਼ਮਾ ਹੀ ਕਰ ਦਿੱਤਾ ਸੀ।
ਉਸ ਤੋਂ ਬਆਦ ਉਹ ਲਗਾਤਾਰ ਇਸ ਹਲਕੇ ਤੋ ਜਿੱਤਦੇ ਆ ਰਿਹੇ ਸਨ।ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਮਨਪ੍ਰੀਤ ਪਾਰਟੀ ਦੇ ਇੱਕ ਵਧੀਆਂ ਬੁਲਾਰਿਆਂ ਵਿੱਚ ਵੀ ਆਪਣਾ ਸਥਾਨ ਬਣਾ ਚੁੱਕੇ ਸਨ।2007 ਵਿੱਚ ਜਦੋਂ ਅਕਾਲੀ ਦਲ ਸੱਤਾ ਵਿੱਚ ਆਈ ਤਾਂ ਮਨਪ੍ਰੀਤ ਨੂੰ ਸਰਕਾਰ ਵਿੱਚ ਵਿੱਤ ਮੰਤਰੀ ਦਾ ਮੱਹਤਵਪੂਰਨ ਅਹੁਦਾ ਦਿੱਤਾ ਗਿਆ।ਸੁਖਬੀਰ ਬਾਦਲ ਚਾਹੇ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀ ਸਨ ਪਰ ਜਦੋ ੨੦੦੯ ਦੇ ਪਹਿਲੇ ਮਹੀਨੇ ਹੀ ਸੁਖਬੀਰ ਬਾਦਲ ਨੂੰ ਪੰਜਾਬ ਦਾ ਉੱਪ-ਮੁੱਖ ਮੰਤਰੀ ਬਣਾਇਆ ਗਿਆ ਤਾਂ ਹਰ ਇੱਕ ਨੇ ਇਹ ਗੱਲ ਸਮਝ ਲਈ ਕਿ ਭੱਵਿਖ ਵਿੱਚ ਪਾਰਟੀ ਦੀ ਪੂਰਨ ਕਮਾਂਡ ਹੁਣ ਸੁਖਬੀਰ ਬਾਦਲ ਦੇ ਹੱਥ ਵਿੱਚ ਹੋਵੇਗੀ।
ਮਨਪ੍ਰੀਤ ਬਾਦਲ ਉਝ ਤਾਂ ਸਰਕਾਰ ਵਿੱਚ ਸ਼ੁਰੂ ਤੋਂ ਹੀ ਆਪਣੀਆ ਆਰਥਿਕ ਨੀਤੀਆ ਕਾਰਨ ਅਤੇ ਪੰਜਾਬ ਸਰਕਾਰ ਵੱਲੋ ਦਿੱਤੀਆ ਜਾਂਦੀਆ ਸਬਸਿਡੀਆ ਦੇ ਰੋਲੇ-ਗੋਲੇ ਵਿੱਚ ਹਮੇਸ਼ਾ ਹੀ ਚਰਚਾ ਵਿੱਚ ਰਿਹੇ, ਪਰ 2009-10 ਵਿਚਕਾਰ ਅਕਾਲੀ ਦਲ ਅਤੇ ਮਨਪ੍ਰੀਤ ਵਿਚਕਾਰ ਖਿੱਚੋਤਾਣ ਹੱਦ ਦਰਜੇ ਤੱਕ ਵੱਧ ਗਈ, ਇਹ ਉਹੀ ਦੌਰ ਸੀ ਜਦੋਂ ਸੁਖਬੀਰ ਬਾਦਲ ਦੀ ਪਕੜ੍ਹ ਅਕਾਲੀ ਦਲ ਉੱਪਰ ਮਜ਼ਬੂਤ ਹੁੰਦੀ ਜਾ ਰਹੀ ਸੀ।
ਹੁਣ ਇਸ ਸਵਾਲ ਦਾ ਜਵਾਬ ਤਾਂ ਮਨਪ੍ਰੀਤ ਖੁਦ ਹੀ ਦੇ ਸਕਦੇ ਹਨ ਕਿ ਇਹ ਆਰਥਿਕ ਨੀਤੀਆਂ ਨੂੰ ਲੈ ਕੇ ਪਾਰਟੀ ਨਾਲ ਟਕਰਾ ਸੀ ਜਾਂ ਸੁਖਬੀਰ ਬਾਦਲ ਦਾ ਪਾਰਟੀ ਵਿੱਚ ਸਥਾਪਤ ਹੋ ਰਿਹਾ ਏਕਾ-ਅਧਿਕਾਰ ਜਿਸ ਕਾਰਨ ਪਾਰਟੀ ਵਿੱਚ ਮਨਪ੍ਰੀਤ ਹੁਣ ਘੁਟਨ ਮਹਿਸੂਸ ਕਰ ਰਿਹੇ ਸਨ। ਆਖਿਰ ਟਕਰਾ ਇਸ ਹੱਦ ਤੱਕ ਵੱਧ ਗਏ ਕਿ 2010 ਦੇ ਅਖੀਰ ਤੱਕ ਮਨਪ੍ਰੀਤ ਅਤੇ ਅਕਾਲੀ ਦਲ ਵਿਚਲੇ ਰਿਸ਼ਤੇ ਖਤਮ ਹੋ ਗਏ ।ਮਨਪ੍ਰੀਤ ਨੇ ਤੱਥ-ਭੱੁਲਥੇ ਵਿੱਚ ਨਵੀ ਪਾਰਟੀ ਬਣਾ ਧਰੀ ਨਾਲ ਜੋੜ ਲਈਆਂ ਪੰਜਾਬ ਵਿੱਚ ਆਪਣਾ ਅਧਾਰ ਗਵਾ ਚੱੁਕੀਆਂ ਕਾਮਰੇਡ ਪਾਰਟੀਆਂ ਅਤੇ ਕਿਸੇ ਵਕਤ ਪੰਜਾਬ ਦੀ ਰਾਜਨੀਤੀ ਵਿੱਚ ਕੱਦਵਾਰ ਨੇਤਾ ਰਿਹੇ ਸੁਰਜੀਤ ਸਿੰਘ ਬਰਨਾਲਾ ਦੀ ਪਾਰਟੀ,ਜੋ ਗਠਜੋੜ ਪੰਜ ਪ੍ਰਤੀਸ਼ਤ ਵੋਟਾਂ ਨਾਲ ਅਕਾਲੀ ਦਲ ਨਾਲੋ ਵੱਧ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਗਿਆ।
ਪੰਜਾਬ ਪੀਪਲਜ਼ ਪਾਰਟੀ ਦੀ ਹੋਣੀ
ਅਕਤੂਬਰ ੨੦੦੯ ਤੱਕ ਆਉਦੇ-ਆਉਦੇ ਮਨਪ੍ਰੀਤ ਅਤੇ ਅਕਾਲੀ ਦਲ ਵੱਖ-ਵੱਖ ਹੋ ਚੁੱਕੇ ਸਨ।ਪਰ ਮਨਪ੍ਰੀਤ ਸ਼ਾਇਦ ਆਪਣੀ ਪੁਜ਼ੀਸ਼ਨ ਨੂੰ ਲੈ ਕੇ ਲੋੜ ਨਾਲੋ ਵੱਧ ਉਮੀਦ ਲਗਾਈ ਬੈਠੇ ਸਨ ਉਨ੍ਹਾਂ ਨੂੰ ਲੱਗਦਾ ਸੀ ਕਿ ਅਕਾਲੀ ਪਾਰਟੀ ਅਤੇ ਦੂਸਰੀਆਂ ਪਾਰਟੀਆਂ ਵਿੱਚ ਬਹੁਤ ਸਾਰੇ ਲੀਡਰ ਅਜਿਹੇ ਸਨ ਜੋ ਉਨ੍ਹਾਂ ਦੇ ਪਾਰਟੀ ਤੋ ਬਾਹਰ ਹੋਣ ਕਾਰਨ ਉਨ੍ਹਾ ਨਾਲ ਆ ਖੜ੍ਹਨਗੇ,ਪਰ ਅਜਿਹਾ ਕੁਝ ਨਾ ਹੋਇਆਂ, ਅਕਾਲੀ ਦਲ ਦਾ ਕੋਈ ਵੀ ਕੱਦਵਾਰ ਸੀਨੀਅਰ ਆਗੂ ਜਾ ਟਕਸਾਲੀ ਨੇਤਾ ਪ੍ਰਭਾਵਤ ਨਾ ਹੋਇਆਂ। ਜੋ ਲੀਡਰ ਮਨਪ੍ਰੀਤ ਨਾਲ ਜੁੜੇ ਵੀ ਉਹ ਵੀ ਇੱਕ ਇੱਕ ਕਰਕੇ ਵਿਧਾਨ ਸਭਾ ਚੋਣਾਂ ਤੋ ਪਹਿਲਾ ਜਾ ਬਆਦ ਵਿੱਚ ਮਨਪ੍ਰੀਤ ਦਾ ਸਾਥ ਛੱਡ ਗਏ।ਮਨਪ੍ਰੀਤ ਕੋਲ ਅਕਾਲੀ ਦਲ ਵਿੱਚੋ ਬਾਹਰ ਹੋਣ ਤੋ ਬਆਦ ਚੁਨਣ ਲਈ ਜਿਆਦਾ ਕੁਝ ਨਹੀ ਸੀ, ਇੱਕ ਜਾਂ ਤਾਂ ਉਹ ਵਿਰੋਧੀ ਪਾਰਟੀ ਕਾਂਗਰਸ ਵਿੱਚ ਸ਼ਮਾਲ ਹੋ ਜਾਦੇ, ਦੂਸਰਾ ਖੁਦ ਅੱਲਗ ਤੋਰ ਤੇ ਪਾਰਟੀ ਕਾਇਮ ਕਰਦੇ, ਵਾਪਸੀ ਵਾਲਾ ਦਰਵਾਜਾ ਹੁਣ ਕਿਤੇ ਵੀ ਕੋਈ ਵੀ ਨਹੀਂ ਸੀ।
ਪੰਜਾਬ ਵਿੱਚ ਲੰਮੇ ਸਮੇ ਤੋ ਪੰਜਾਬ ਦਾ ਬੁੱਧੀਜੀਵੀ ਵਰਗ ਅਤੇ ਅਗਾਹਵਧੂ ਤਬਕਾ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਦੇ ਤੌਰ ‘ਤੇ ਤੀਸਰੇ ਮੋਰਚੇ ਦੀ ਸੰਭਾਵਨਾਂ ਦੀ ਤਲਾਸ਼ ਵਿੱਚ ਸੀ। ਮਨਪ੍ਰੀਤ ਨੇ ਜਦ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਤਾਂ ਇਸੇ ਲਈ ਹੀ ਇੱਕ ਵਾਰ ਤਾਂ ਸਭ ਨੂੰ ਲੱਗਾ ਕਿ ਸ਼ਾਇਦ ਕੁਝ ਨਾ ਕੂਝ ਬਦਲਾਵ ਸੰਭਵ ਹੋ ਸਕਦਾ ਸੀ, ਜਦੋ ਅਜਿਹੀ ਸਥਿਤੀ ਬਣੀ ਤਾਂ ਮਨਪ੍ਰੀਤ ਨੇ ਵੀ ਸ਼ਾਇਦ ਮਹਿਸੂਸ ਕੀਤਾ ਕਿ ਉਸ ਨੇ ਅਕਾਲੀ ਦਲ ਤੋ ਵੱਖ ਹੋ ਕੇ ਸ਼ਾਇਦ ਕੋਈ ਵੀ ਗਲਤੀ ਨਹੀ ਸੀ ਕੀਤੀ।ਜਦ ਤੱਕ ਮਨਪ੍ਰੀਤ ਨੇ ਪਾਰਟੀ ਦਾ ਐਲਾਨ ਕੀਤਾ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਦੇ ਕਰੀਬ ਦਾ ਸਮਾ ਹੀ ਬਾਕੀ ਸੀ। ਇੱਕ ਸਾਲ ਵਿੱਚ ਪਾਰਟੀ ਖੜੀ ਕਰਨਾ ਅਤੇ ਨਵੀ ਲੀਡਰਸ਼ਿਪ ਖੜੀ ਕਰਨਾ ਮੁਸ਼ਕਲ ਹੀ ਨਹੀ ਬਲਕਿ ਨਾ-ਮੁਨਕਿਨ ਕੰਮ ਸੀ।ਪਰ ਮਨਪ੍ਰੀਤ ਆਪਣੀ ਜ਼ਿੱਦ ਉੱਪਰ ਬਾਜਿੱਦ ਸੀ, ਸਥਾਪਿਤ ਪਾਰਟੀਆ ਦੇ ਉਹ ਲੀਡਰ ਜੋ ਪਾਰਟੀਆ ਵੱਲੋ ਅਣਗੋਲੇ ਕਰ ਦਿੱਤੇ ਗਏ ਸਨ ਦਾ ਇਸ ਨਵੀ ਪਾਰਟੀ ਵੱਲ ਖਿੱਚੇ ਆਉਣਾ ਕੋਈ ਅਚੰਭਾ ਨਹੀ ਸੀ।
ਉਨ੍ਹਾਂ ਦਾ ਮਨਪ੍ਰੀਤ ਜਾਂ ਪਾਰਟੀ ਨਾਲ ਕੋਈ ਪੁਰਾਣਾ ਸੰਬੰਧ ਜਾ ਵਿਚਾਰਾਂ ਦੀ ਸਾਝ ਤਾਂ ਨਹੀ ਸੀ, ਬਲਕਿ ਮਨਪ੍ਰੀਤ ਦੀ ਪਾਰਟੀ ਵਿੱਚ ਲੀਡਰਸ਼ਿਪ ਲਈ ਸਪੇਸ ਅਤੇ ਉਨ੍ਹਾਂ ਦਾ ਉਨ੍ਹਾਂ ਦਾ ਆਪਣੀਆਂ ਪਾਰਟੀਆਂ ਵੱਲੋ ਅਣਗੋਲਿਆਂ ਜਾਣਾ ਹੀ ਇੱਕ ਦੂਜੇ ਦੇ ਪੂਰਕ ਸਨ। ਇਸੇ ਲਈ ਹੀ ਅਜਿਹੇ ਸੰਬੰਧ ਜਾਂ ਸਮਝੋਤਿਆਂ ਵਿੱਚ ਵਕਤ ਬੀਤਣ ਨਾਲ ਤ੍ਰੇੜ ਲਾਜ਼ਮੀ ਸੀ। ਪਾਰਟੀ ਦਾ ਕੋਈ ਮਜ਼ਬੂਤ ਵਰਕਰ ਕੇਡਰ ਢਾਚਾ ਵੀ ਨਹੀ ਸੀ,ਪੂਰਾ ਸਮਾਂ ਉਹ ਕਾਮਰੇਡ ਪਾਰਟੀਆਂ ਦੇ ਬਚੇ-ਖੁਚੇ ਕੇਡਰ ਉੱਪਰ ਹੀ ਨਿਰਭਰ ਸੀ। ਇਹੀ ਪੰਜਾਬ ਪੀਪਲਜ਼ ਪਾਰਟੀ ਦੀ ਹੋਣੀ ਸੀ ਕਿ ਉਸ ਦੀ ਆਪਣੀ ਨਵੀ ਲੀਡਰਸ਼ਿਪ ਜਾਂ ਨਵਾ ਮਜ਼ਬੂਤ ਕੇਡਰ ਕੋਈ ਨਹੀ ਸੀ ਕਿਉਂਕੀ ਇਨ੍ਹੇ ਥੋੜੇ ਸਮੇ ਵਿੱਚ ਇਹ ਸੰਭਵ ਹੀ ਨਹੀ ਸੀ, ਮਨਪ੍ਰੀਤ ਨੇ ਵਿਧਾਨ ਸਭਾ ਵਿੱਚ ਦਾਖਲੇ ਲਈ ਜੋ ਰਾਹ ਚੁਣਿਆਂ ਸੀ, ਉਹ ਵਿੱਚ ਉਸ ਦੀ ਹਮਰਾਹੀ ਨਾ ਤਾਂ ਉਸ ਦੀ ਆਪਣੀ ਪਾਰਟੀ ਦੁਆਰਾ ਤਿਆਰ ਕੀਤੀ ਗਈ ਕੱਦਵਾਰ ਲੀਡਰਸ਼ਿਪ ਸੀ ਤੇ ਨਾ ਹੀ ਉਸ ਦੇ ਵਰਕਰਾਂ ਦਾ ਕੇਡਰ ਹੀ ਸੀ।
ਵੈਸੇ ਵੀ ਮਨਪ੍ਰੀਤ ਅਤੀਤ ਵਿੱਚ ਇੱਕ ਸਥਾਪਿਤ ਪਾਰਟੀ ਦਾ ਕੱਦਵਾਰ ਲੀਡਰ ਤਾਂ ਸੀ,ਪਰ ਪਾਰਟੀ ਦੇ ਸੰਗਠਨ ਦੇ ਕੰਮਾਂ ਵਿੱਚ ਉਸ ਦਾ ਤਜਰਬਾ ਨਾ-ਮਾਮੂਲੀ ਹੀ ਸੀ। ਦੂਸਰਾ ਮਨਪ੍ਰੀਤ ਅਜੇ ਰਾਜਨੀਤੀ ਦੀ ਜੁਗਾੜ ਵਾਲੀ ਨੀਤੀ ਵਿੱਚ ਉਨ੍ਹਾਂ ਤਜਰਬੇਕਾਰ ਨਹੀ ਸੀ।ਉਹ ਪੰਜਾਬ ਵਿੱਚ ਮੌਜ਼ੂਦ ਹੋਰ ਛੋਟੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਵਿੱਚ ਬਸਪਾ ਅਤੇ ਲੋਕ ਭਲਾਈ ਪਾਰਟੀ ਪ੍ਰਮੁੱਖ ਸਨ ਨੂੰ ਨਾਲ ਤੋਰਨ ਵਿੱਚ ਵੀ ਕਮਯਾਬ ਨਹੀ ਹੋ ਸਕਿਆਂ।ਤੀਸਰਾ ਮਨਪ੍ਰੀਤ ਪੰਜਾਬ ਵਿਚਲੇ ਇੱਕ ਮਜ਼ਬੂਤ ਦਲਿਤ ਵੋਟ ਬੈਕ ਵਿੱਚ ਵੀ ਆਪਣਾ ਕੋਈ ਖਾਸ ਪ੍ਰਭਾਵ ਬਣਾਉਣ ਵਿੱਚ ਕਾਮਯਾਬ ਨਹੀ ਹੋ ਸਕਿਆਂ ਅਤੇ ਸ਼ਾਇਦ ਉਸ ਵੱਲੋ ਇਸ ਪਾਸੇ ਕੋਈ ਬਹੁਤੀ ਕੋਸ਼ਿਸ਼ ਵੀ ਨਹੀ ਕੀਤੀ ਗਈ। ਇੱਕ ਤੱਥ ਹੋਰ ਵੀ ਹੈ ਕਿ ਸ਼ੋਸ਼ਲ ਮੀਡੀਆਂ ਵਿੱਚ ਮਨਪ੍ਰੀਤ ਅਤੇ ਪੀ.ਪੀ.ਪੀ ਦੀਆਂ ਰੈਲੀਆਂ ਦਾ ਜਿਸ ਤਰ੍ਹਾ ਪ੍ਰਚਾਰ ਕੀਤਾ ਗਿਆਂ,ਉਸ ਨੇ ਵੀ ਕਿਤੇ ਨਾ ਕਿਤੇ ਪਾਰਟੀ ਲਈ ਭਰਮ ਸਿਰਜਿਆ, ਹੋ ਵੀ ਸਕਦਾ ਮਨਪ੍ਰੀਤ ਸ਼ਾਇਦ ਚੋਣ ਜਿੱਤ ਵੀ ਜਾਂਦੇ ਪਰ ਜੇ ਵੋਟਾਂ ਸ਼ੋਸ਼ਲ ਮੀਡੀਆਂ ਤੇ ਪਈਆ ਹੁੰਦੀਆਂ।
ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਮਨਪ੍ਰੀਤ ਲਈ ਆਖਿਰ ਕੀ ਕਰਨਾ ਬਣਦਾ ਸੀ? ਮਨਪ੍ਰੀਤ ਨੇ ਆਪਣੀ ਅੱਲਗ ਪਾਰਟੀ ਬਣਾਈ ਬਹੁਤ ਚੰਗੀ ਗੱਲ ਸੀ,ਪਰ ਚੋਣਾਂ ਲ਼ੜਨ ਦੀ ਇਨ੍ਹੀ ਜਲਦਬਾਜ਼ੀ ਠੀਕ ਨਹੀ ਸੀ।ਜੇ ਮਨਪ੍ਰੀਤ ਵਾਕਿਆ ਹੀ ਪੰਜਾਬ ਵਿੱਚ ਤੀਜੇ ਬਦਲ ਲਈ ਸੁਹਿਰਦ ਸਨ ਤਾਂ ਚਾਹੀਦਾ ਤਾਂ ਇਹ ਸੀ ਕਿ ਮਨਪ੍ਰੀਤ ਪਾਰਟੀ ਬਣਾਉਦੇ, ਉਸ ਦਾ ਮਨੋਰਥ ਤੈਅ ਕਰਦੇ, ਲੋਕ ਸਭਾ ਵਿੱਚ ਵਿਚਰਦੇ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਦੇ ਕਿ ਉਹ ਕਾਂਗਰਸ ਅਤੇ ਅਕਾਲੀ ਦਲ ਨਾਲੋਂ ਵਧੀਆਂ ਸਰਕਾਰ ਦੇ ਸਕਣ ਦੇ ਯੋਗ ਹਨ।
ਇਹ ਕੰਮ ਸਿਰਫ ਚੋਣ ਰੈਲੀਆਂ ਜਾਂ ਭਾਸ਼ਨਾ ਨਾਲ ਤਾਂ ਸੰਭਵ ਨਹੀ ਸੀ, ਪਾਰਟੀ ਦਾ ਹੇਠਲੇ ਪੱਧਰ ਤੱਕ ਕੇਡਰ ਸਥਾਪਿਤ ਕਰਦੇ, ਜਿਵੇ ਮਨਪ੍ਰੀਤ ਨੇ ਖੁਦ ਵੀ ਕਿਹਾ ਸੀ ਕਿ ਉਸ ਦਾ ਮਕਸਦ ਇੱਕ ਨਵੀ ਲੀਡਰਸ਼ਿਪ ਪੈਦਾ ਕਰਨਾ ਹੈ, ਪਹਿਲਾ ਉਹ ਇੱਕ ਅਜਿਹੀ ਲੀਡਰਸ਼ਿਪ ਪੈਦਾ ਕਰਦੇ ਅਤੇ ਪਾਰਟੀ ਵਿੱਚ ਸ਼ਮਾਲ ਹੋ ਰਹੇ ਪੁਰਾਣੇ ਲੀਡਰਾਂ ਨਾਲ ਆਪਣਾ ਤਾਲਮੇਲ ਬਿਠਾਉਂਦੇ, ਨਵੀਂ ਲੀਡਰਸ਼ਿਪ ਨੂੰ ਲੋਕਾ ਨਾਲ ਤਾਲਮੇਲ ਬਿਠਾਉਣ ਦਾ ਸਮਾ ਦਿੰਦੇ।ਆਪਣੀਆਂ ਨੀਤੀਆਂ ਤੱਸਲੀ ਨਾਲ ਲੋਕਾਂ ਨਾਲ ਸਾਂਝੀਆਂ ਕਰਦੇ, ਚੋਣਾਂ ਕਿਤੇ ਭੱਜੀਆਂ ਨਹੀ ਸਨ ਜਾ ਰਹੀਆਂ ਇਹ ਅਗਲੀ ਵਾਰ ਵੀ ਲੜੀਆਂ ਜਾ ਸਕਦੀਆਂ ਸਨ। ਮਨਪ੍ਰੀਤ ਖੁਦ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਨਾਲ ਤਾਲਮੇਲ ਕਰਦੇ ਅਤੇ ਉਨ੍ਹਾਂ ਵਿੱਚ ਯਕੀਨ ਪੈਦਾ ਕਰਦੇ ਕਿ ਆਪਾਂ ਤੀਜਾ ਬਦਲ ਦੇ ਸਕਣ ਦੇ ਯੋਗ ਹਾ।ਪਰ ਮਨਪ੍ਰੀਤ ਦਾ ਰਾਜਸੱਤਾ ਤੱਕ ਪੁੱਹਚਣ ਲਈ ਕਾਹਲਾਪਨ ਹੀ ਪੰਜਾਬ ਪੀਪਲਜ਼ ਪਾਰਟੀ ਦੀ ਹੋਣੀ ਦਾ ਕਾਰਨ ਬਣਿਆਂ।
ਭਵਿੱਖ
ਹੁਣ ਜਦੋ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪੀਪਲਜ਼ ਪਾਰਟੀ ਬਿਲਕੁਲ ਖਾਲੀ ਹੱਥ ਰਹੀ, ਉਸ ਵਿੱਚ ਸ਼ਾਮਲ ਬਹੁਤੇ ਲੀਡਰ ਇੱਕ ਇੱਕ ਕਰਕੇ ਸਾਥ ਛੱਡ ਗਏ ਹਨ,ਮਨਪ੍ਰੀਤ ਲਈ ਨਵੀ ਲੀਡਰਸ਼ਿਪ ਪੈਦਾ ਕਰਨਾ ਪਾਰਟੀ ਦੇ ਵਜੂਦ ਲਈ ਲੋੜ ਹੀ ਨਹੀ ਮਜ਼ਬੂਰੀ ਹੈ।ਪਰ ਮਨਪ੍ਰੀਤ ਵਿਧਾਨ ਸਭਾ ਚੋਣਾਂ ਤੋਂ ਬਆਦ ਬਹੁਤੇ ਜ਼ਿਆਦਾ ਐਕਿਟਵ ਨਹੀਂ ਦਿਖੇ, ਪਿਛਲੇ ਦਿਨਾਂ ਵਿੱਚ ਵੀ ਪੰਜਾਬ ਵਿੱਚ ਕਈ ਮਸਲੇ ਕਾਂਗਰਸ ਪਾਰਟੀ ਵੱਲੋਂ ਤਾਂ ਉਠਾਏ ਜਾਂਦੇ ਰਿਹੇ,ਪਰ ਮਨਪ੍ਰੀਤ ਦਾ ਕੋਈ ਖਾਸ ਪ੍ਰਤੀਕਰਮ ਨਹੀਂ ਦੇਖਣ ਨੂੰ ਮਿਲਿਆ। ਹਾਂ ਇਸ ਗੱਲ ਦੀ ਚਰਚਾ ਜ਼ਰੂਰ ਹੁੰਦੀ ਰਹੀ ਕਿ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਮਨਪ੍ਰੀਤ ਅਤੇ ਕਾਂਗਰਸ ਪਾਰਟੀ ਵਿੱਚ ਕੋਈ ਸਮਝੋਤਾ ਹੋ ਜਾਵੇ। ਜਿਸ ਦਾ ਮਤਲਬ ਇਹੀ ਹੈ ਕਿ ਮਨਪ੍ਰੀਤ ਵਿੱਚ ਅਜੇ ਵੀ ਚੋਣਾਂ ਲਈ ਉਹੀ ਜਲਦਬਾਜ਼ੀ ਹੈ ਜੋ ਵਿਧਾਨ ਸਭਾ ਚੋਣਾਂ ਵੇਲੇ ਸੀ ਹੁਣ ਵੀ ਉਹ ਲੋਕ ਸਭਾ ਵਿੱਚ ਦਾਖਲੇ ਦਾ ਰਸਤਾ ਕਾਂਗਰਸ ਪਾਰਟੀ ਦੇ ਵੋਟ ਬੈਂਕ ਰਾਹੀ ਖੋਜ ਰਿਹਾ ਹੈ।
ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਮਨਪ੍ਰੀਤ ਦੀ ਮਨਸ਼ਾ ਸਿਰਫ ਅਕਾਲੀ ਦਲ ਦਾ ਵਿਰੋਧ ਹੀ ਸੀ ਤਾਂ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਨਾਲ ਨੇੜਤਾ ਵਿੱਚ ਕੀ ਬੁਰਾਈ ਸੀ ਜਾ ਸਿੱਧੇ ਤੌਰ ਤੇ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਵਿੱਚ ਕੀ ਬੁਰਾ ਸੀ।ਹੁਣ ਜੇ ਲੋਕ ਸਭਾ ਚੋਣਾਂ ਵਿੱਚ ਅਜਿਹਾ ਕੋਈ ਸਮਝੋਤਾ ਹੁੰਦਾ ਹੈ ਤਾਂ ਇਹ ਪੀ.ਪੀ.ਪੀ ਅਤੇ ਮਨਪ੍ਰੀਤ ਬਾਦਲ ਦੇ ਸਿਆਸੀ ਭਵਿੱਖ ਦੇ ਫੈਸਲੇ ਦੀ ਸ਼ਾਇਦ ਨਿਰਣਾਇਕ ਕੜੀ ਹੋਵੇਗਾ। ਅਜਿਹੇ ਸਮਝੋਤੇ ਨਾਲ ਭਵਿੱਖ ਵਿੱਚ ਪੰਜਾਬ ਦੀ ਸਿਆਸਤ ਕੀ ਬਦਲਾਵ ਆਉਂਦੇ ਹਨ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ।
Gursharan singh
Good article for seekers of Punjab politics.