Thu, 21 November 2024
Your Visitor Number :-   7254731
SuhisaverSuhisaver Suhisaver

ਹਾਲੀਵੁੱਡ ਮਾਰਕਾ ਫ਼ਿਲਮਾਂ ਅਤੇ ਅਮਰੀਕਾ ਦਾ ਸਾਮਰਾਜੀ ਪ੍ਰਚਾਰ - ਬਿੰਦਰਪਾਲ ਫਤਿਹ

Posted on:- 09-10-2013

suhisaver

ਕਲਾ ਦੀ ਆਪਣੀ ਸਿਆਸਤ ਹੁੰਦੀ ਹੈ। ਕਲਾ ਨੇ ਕਿਸੇ ਦੇ ਪੱਖ ਵਿੱਚ ਅਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੁੰਦਾ ਹੈ। ਪੱਖ ਅਤੇ ਵਿਰੋਧ ਦੀ ਇਹ ਸਿਆਸਤ ਕਦੇ ਲੁਕਵੇਂ ਅਤੇ ਕਦੇ ਖੁੱਲ੍ਹੇ ਤੌਰ ਤੇ ਸਾਹਮਣੇ ਆਉਂਦੀ ਰਹਿੰਦੀ ਹੈ। ਫ਼ਿਲਮ ਵੀ ਇਸ ਸਿਆਸਤ ਤੋਂ ਅਛੂਤੀ ਨਹੀਂ ਰਹਿ ਸਕਦੀ। ਫ਼ਿਲਮ, ਕਲਾ ਦਾ ਉਹ ਰੂਪ ਹੈ ਜਿਹੜਾ ਮਨੁੱਖੀ ਦਿਮਾਗ ਅਤੇ ਚੇਤਨਾ ਉੱਪਰ ਕਿਸੇ ਵੀ ਹੋਰ, ਪੜ੍ਹੇ ਅਤੇ ਦੇਖੇ ਜਾਣ ਵਾਲੇ ਕਲਾ ਰੂਪ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ।

ਫ਼ਿਲਮ ਕਲਾ ਵੀ ਸਮਾਜ ਦੇ ਸਮਕਾਲੀ ਹਾਲਾਤ, ਸਿਆਸਤ ਅਤੇ ਇਤਿਹਾਸ ਦਾ ਕਲਾ ਦੇ ਪੱਧਰ 'ਤੇ ਪੜਚੋਲ ਕਰਨ ਦੇ ਨਾਲ ਆਪਣਾ ਲੋਕ ਪੱਖੀ ਅਤੇ ਲੋਕ ਵਿਰੋਧੀ ਖ਼ਾਸਾ ਪ੍ਰਗਟ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ਫ਼ਿਲਮ ਕਲਾ ਨੂੰ ਆਪਣੇ ਸ਼ੁਰੁਆਤੀ ਦਿਨਾਂ ਤੋਂ ਲੈ ਕੇ ਮੌਜੂਦਾ ਦੌਰ ਤੱਕ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪ੍ਰਚਾਰ ਕੋਈ ਮਾੜੀ ਚੀਜ਼ ਨਹੀਂ ਹੈ।

ਸੁਆਲ ਇਹ ਹੈ ਕਿ ਪ੍ਰਚਾਰ (ਪ੍ਰਾਪੇਗੰਡਾ) ਆਖ਼ਰ ਕਿਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਲੋਕਾਂ ਦੇ ਖ਼ਿਲਾਫ਼ ਕੀਤਾ ਜਾਂਦਾ ਹੈ? ਜੁਆਬ ਹੈ ਕਿ ਸਾਮਰਾਜੀ ਹਿੱਤਾਂ ਦੀ ਪੂਰਤੀ ਹਿੱਤ, ਸਾਮਰਾਜੀਆਂ ਖਾਸ ਤੌਰ 'ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ, ਲੋਕ ਵਿਰੋਧੀ ਨੀਤੀਆਂ ਉੱਪਰ ਪਰਦਾ ਪਾਉਣ, ਲੋਕ ਇਨਕਲਾਬਾਂ ਨੂੰ ਬਦਨਾਮ ਕਰਨ ਦੇ ਹੀਲੇ ਵਜੋਂ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ।

ਅਮਰੀਕਾ ਵੱਲੋਂ ਹੁਣ ਤੱਕ ਦੁਨੀਆਂ ਦੇ ਸੱਤਰ ਤੋਂ ਵੀ ਜ਼ਿਆਦਾ ਮੁਲਕਾਂ ਉੱਤੇ ਆਪਣੇ ਸਰਮਾਏਦਾਰੀ ਪੱਖੀ, ਵਹਿਸ਼ੀ ਅਤੇ ਘਿਨਾਉਣੇ ਮਨਸੂਬਿਆਂ ਨੂੰ ਪੂਰਾ ਕਰਨ ਹਿੱਤ ਹਮਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਮਰਾਜੀ ਚੌਧਰੀਆਂ ਵੱਲੋਂ ਸੰਸਾਰ ਨੂੰ ਦੋ ਆਲਮੀ ਜੰਗਾਂ ਦੀ ਭੱਠੀ ਵਿੱਚ ਝੋਕਣ, ਮਨੁੱਖਤਾ ਦਾ ਘਾਣ ਕਰਨ ਤੋਂ ਬਾਅਦ ਪੂਰੇ ਸੰਸਾਰ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਹਮਲਿਆਂ ਅਤੇ ਜੰਗਾਂ ਦਾ ਮੰਤਵ ਦੁਨੀਆਂ ਉੱਤੇ ਅਮਨ ਅਤੇ ਸ਼ਾਂਤੀ ਦੀ ਬਹਾਲੀ ਕਰਨਾ ਸੀ।

ਇਸ ਤੋਂ ਬਾਅਦ ਅੱਜ ਦੀ ਘੜੀ ਅਤਿਵਾਦ ਨੂੰ ਦੁਨੀਆਂ ਦਾ ਇੱਕੋ ਇੱਕ ਮਸਲਾ ਐਲਾਨਿਆ ਜਾ ਰਿਹਾ ਹੈ ਅਤੇ ਇਸ ਦੇ ਮਾਅਨੇ ਬਦਲੇ ਜਾ ਰਹੇ ਹਨ। ਅਰਬ ਮੁਲਕਾਂ ਨੂੰ ਅਤਿਵਾਦ ਦੇ ਟਿਕਾਣੇ ਵਜੋਂ ਪ੍ਰਚਾਰ ਕੇ ਇਰਾਨ, ਇਰਾਕ, ਲੀਬੀਆ, ਅਫ਼ਗ਼ਾਨਿਸਤਾਨ ਤੋਂ ਬਾਅਦ ਹੁਣ ਸੀਰਿਆ ਉੱਪਰ ਅੱਖ ਰੱਖੀ ਜਾ ਰਹੀ ਹੈ। ਇਸੇ ਹਵਾਲੇ ਵਿੱਚ ਗੱਲ ਤੁਰਦੀ ਹੈ ਕਿ ਅਮਰੀਕੀ ਫ਼ਿਲਮ ਸਨਅਤ "ਹਾਲੀਵੁੱਡ" ਆਪਣੇ ਮਾਲਕਾਂ ਦੀ ਝਾੜੂਬਰਦਾਰ ਹੈ। ਮਾਲਕ ਜਾਣ ਕਿ ਅਮਰੀਕਾ ਦੀਆਂ ਕਹਿਣੀਆਂ, ਕਰਨੀਆਂ ਤੇ ਸਹੀ ਪਾਉਂਦੀ ਹੋਈ ਅਮਰੀਕੀ ਆਵਾਮ ਤੋਂ ਲੈ ਕੇ ਪੂਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਇਹ ਫਿਲਮਾਂ ਦੇਖੀਆਂ ਜਾਂਦੀਆਂ ਹਨ ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਅਮਰੀਕਾ ਨੂੰ "ਦੁੱਧ ਧੋਤਾ" ਸਾਬਤ ਕਰਨ ਵਿੱਚ ਹਰ ਹੀਲਾ ਵਰਤ ਰਹੀ ਹੈ ।

ਦੂਜੀ ਆਲਮੀ ਜੰਗ ਦੇ ਵੇਲੇ ਤੋਂ ਲੈ ਕੇ ਅਮਰੀਕਾ ਅਤੇ ਉਸਦੀਆਂ ਖ਼ੂਫ਼ੀਆਂ ਏਜੰਸੀਆਂ ਸੀ.ਆਈ.ਏ. ਅਤੇ ਐਫ਼. ਬੀ.ਆਈ. ਵੱਲੋਂ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਣਾ ਹੁਣ ਤੱਕ ਜਾਰੀ ਹੈ। ਜਿਸ ਸਦਕਾ ਅਮਰੀਕਾ ਅਤੇ ਉਸਦੀਆਂ ਏਜੰਸੀਆਂ ਅਮਰੀਕਾ ਨੂੰ ਦੁਨੀਆਂ ਦਾ ਰਹਿਬਰ, ਨੇਕ, ਈਮਾਨਦਾਰ ਅਤੇ ਜਮਹੂਰੀ ਗਣਰਾਜ ਸਾਬਤ ਕਰਨ ਦਾ ਉਪਰਾਲਾ ਕਰ ਰਹੀਆਂ ਹਨ। ਜਿੱਥੇ ਕਿਤੇ ਵੀ ਜੰਗਾਂ ਰਾਹੀਂ ਇਸ 'ਰਹਿਬਰ' ਨੇ ਮਨੁੱਖਤਾ ਦਾ ਘਾਣ ਕੀਤਾ ਹੈ। ਉਨ੍ਹਾਂ ਮੁਲਕਾਂ ਜਿਵੇਂ ਕਿ  ਇਰਾਕ, ਅਫ਼ਗਾਨਿਸਤਾਨ, ਕਿਊਬਾ ਅਤੇ ਉੱਤਰੀ ਕੋਰੀਆ ਨੂੰ ਆਪਣਾ ਦੁਸ਼ਮਣ ਦੱਸ ਕੇ ਬਾਕੀ ਦੁਨੀਆਂ ਲਈ ਵੀ ਖ਼ਤਰਾ ਸਾਬਤ ਕਰਨ ਦਾ ਉਪਰਾਲਾ ਇਹ ਸਾਮਰਾਜੀ ਜੁੰਡਲੀ ਹਾਲੀਵੁੱਡ ਫਿਲਮਾਂ ਰਾਹੀਂ ਕਰ ਰਹੀ ਹੈ।

ਇਨ੍ਹਾਂ ਫਿਲਮਾਂ ਦੀ ਲੰਬੀ ਲੜੀ ਤਹਿਤ ਕੁੱਛ ਖਾਸ ਫਿਲਮਾਂ ਜਿਵੇ 'ਹਾਰਟ ਲੌਕਰ', 'ਉਲੰਪੀਸ ਹੈਜ ਫਾਲੇਨ',  'ਜੇ ਐਡਗਰ', 'ਕੋਲੇਟੇਰਲ ਡੈਮਜ', 'ਰੈੱਡ ਡਾਉਨ' ਇਤਿਆਦ ਦਾ ਨਾਮ ਜ਼ਿਕਰਯੋਗ ਹੈ। ਅਮਰੀਕਾ ਨੇ 9/11 ਦੇ ਹਮਲੇ ਦੇ ਜੁਆਬ ਵਜੋਂ ਅਤਿਵਾਦ ਦੇ ਖ਼ਾਤਮੇ ਲਈ ਅਰਬ ਮੁਲਕਾਂ ਵੱਲ ਰੁਖ਼ ਕੀਤਾ। ਅਫ਼ਗ਼ਾਨਿਸਤਾਨ ਤੋਂ ਬਾਅਦ ਇਰਾਕ ਵਿੱਚ ਜੰਗ ਛੇੜ  ਦਿੱਤੀ ਗਈ। ਇਰਾਕ ਵਿੱਚ ਅਮਰੀਕਾ ਦੇ ਫ਼ੌਜੀ ਦਿਨੋ ਦਿਨ ਮਰ ਰਹੇ ਸਨ ਅਤੇ ਅਮਰੀਕਾ ਵਿੱਚ ਜੰਗ ਦਾ ਵਿਰੋਧ ਵੀ ਸਿਰ ਚੱਕ ਰਿਹਾ ਸੀ । ਉਸਦੇ ਸਿੱਟੇ ਵਜੋਂ ਸਾਲ 2008 ਵਿੱਚ ਪਰਦਾਪੇਸ਼ ਹੋਈ ਹਾਲੀਵੁੱਡ ਫ਼ਿਲਮ 'ਹਾਰਟ ਲੌਕਰ' ਅਮਰੀਕਾ ਦੀ ਇਰਾਕ ਉੱਪਰ ਜਾਰੀ ਜੰਗ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਇਰਾਕੀ ਬਾਸ਼ਿੰਦਿਆਂ ਨੂੰ ਕੋਹ-ਕੋਹ ਕੇ ਮਾਰਨ ਨੂੰ ਬਹਾਦਰੀ ਭਰੇ ਕਾਰਨਾਮੇ ਸਾਬਤ ਕੀਤਾ ਗਿਆ। ਇਰਾਕੀ ਬਾਸ਼ਿੰਦਿਆਂ ਨੂੰ ਅਤਿਵਾਦ ਫੈਲਾਉਣ ਵਾਲੇ ਅਤਿਵਾਦੀ ਕਰਾਰ ਦੇਕੇ ਉਨ੍ਹਾਂ ਦੇ ਖ਼ਿਲਾਫ਼ ਅਮਰੀਕੀ ਲੋਕਾਂ ਦੇ ਦਿਮਾਗ ਵਿੱਚ ਇਹ ਭਰਨ ਦੀ ਕੋਸਿਸ਼ ਕੀਤੀ ਗਈ ਕਿ ਇਹ ਜੰਗ ਅਤਿਵਾਦ ਦੇ ਖ਼ਾਤਮੇ ਲਈ ਜ਼ਰੂਰੀ ਹੈ।

ਇਸ ਤੋਂ ਬਾਅਦ ਸੰਨ 2012 ਵਿੱਚ ਇੱਕ ਹੋਰ ਫ਼ਿਲਮ 'ਆਰਗੋ' ਆਈ । ਇਸ ਫ਼ਿਲਮ ਤਹਿਤ ਇਰਾਨ ਵਿੱਚ 1979 ਦੇ ਦੌਰ ਵੇਲੇ ਅਮਰੀਕੀ ਕਠਪੁਤਲੀ ਸਰਕਾਰ ਦੇ ਉਸ ਵੇਲੇ ਮੌਜੂਦ ਸ਼ਾਹ 'ਰੇਜਾ ਪਹਿਲਵੀ' ਦੇ ਖ਼ਿਲਾਫ਼ ਹੋਏ ਬਾਗ਼ੀ ਇਨਕਲਾਬ ਦੌਰਾਨ ਅਮਰੀਕੀ ਸਫ਼ਾਰਤਖ਼ਾਨੇ ਨੂੰ ਘੇਰਨ
ਅਤੇ ਅਮਰੀਕੀ ਅਧਿਕਾਰੀਆਂ ਨੂੰ ਬੰਦੀ ਬਣਾ ਲੈਣ ਦੀਆਂ ਘਟਨਾਵਾਂ ਅਤੇ ਅਮਰੀਕਾ ਦੀ ਏਜੰਸੀ 'ਸੀ.ਆਈ.ਏ.' ਵੱਲੋਂ ਬਚੇ ਹੋਏ ਅਧਿਕਾਰੀਆਂ ਨੂੰ ਚਾਲਬਾਜ਼ੀ ਢੰਗ ਨਾਲ ਇਰਾਨ 'ਚੋਣ ਕੱਢ ਲੈਣ ਵਿੱਚ ਕਾਮਯਾਬ ਹੋ ਜਾਣ ਦੀ ਕਹਾਣੀ ਕਹਿੰਦੀ ਹੋਈ ਇਰਾਨੀ 'ਬਾਗ਼ੀ ਇਨਕਲਾਬ' ਨੂੰ ਹਿੰਸਕ ਅਤੇ ਅਪਰਾਧਿਕ ਕਰਾਰ ਦਿੰਦੀ ਹੈ।

ਇਸ ਫ਼ਿਲਮ ਨੂੰ 'ਅਕੈਡਮੀ ਐਵਾਰਡ' ਨਾਲਨਿਵਾਜਿਆ ਗਿਆ। ਇਸੇ ਸਾਲ ਫ਼ਿਲਮ 'ਜ਼ੀਰੋ ਡਾਰਕ ਥਰਟੀ' ਪਰਦਾਪੇਸ਼ ਹੋਈ। ਇਹ ਵੀ ਪੁਰਾਣੀਆਂ ਲੀਹਾਂ ਉੱਤੇ ਹੀ ਚਲਦੀ ਹੈ। ਅਮਰੀਕੀ ਵਿਦੇਸ਼ ਨੀਤੀ ਅਤੇ ਅਮਰੀਕੀ ਅਕਸ ਨੂੰ ਪ੍ਰਭਾਵਿਤ ਕਰਨ ਦੇ ਹੀਲੇ ਨਾਲ ਬਣਾਈਆਂ ਜਾਣ ਵਾਲੀਆਂ ਇਹ ਫ਼ਿਲਮਾਂ ਹਰ ਸਾਲ ਲੰਬੀ ਤਦਾਦ ਵਿੱਚ ਬਣਦੀਆਂ ਹਨ। ਇਸ ਤੋਂ ਇਲਾਵਾ 'ਜੇ ਐਡਗਰ'  (2011) ਨਾਂ ਦੀ ਫ਼ਿਲਮ ਰਾਹੀਂ ਸਮਾਜਵਾਦ ਅਤੇ ਮਾਰਕਸਵਾਦ ਨੂੰ ਬੀਮਾਰੀ ਵਰਗੇ ਵਿਸ਼ੇਸ਼ਣ ਦੇਣ ਤੱਕ ਦੀਆਂ ਬੇਹੂਦਾ ਹਰਕਤ ਵੀ ਕੀਤੀ ਗਈ।

 'ਰੈੱਡ ਡਾਉਨ' (2012) ਅਤੇ 'ਉਲੰਪੀਸ ਹੈਜ ਫਾਲੇਨ' (2013) ਨਾਂ ਦੀਆਂ ਫ਼ਿਲਮਾਂ ਵਿੱਚ ਉੱਤਰੀ ਕੋਰੀਆ ਨੂੰ ਅਮਰੀਕਾ ਉੱਪਰ ਕਬਜ਼ਾ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਭਰਮ ਪੈਦਾ ਕਰਨ ਦੀ ਕੋਸਿਸ਼ ਜਾਰੀ ਹੈ ਕਿ ਉੱਤਰੀ ਕੋਰੀਆ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਵਰਗੇ ਮੁਲਕ ਅਤਿਵਾਦੀ ਹਨ ਅਤੇ ਅਮਰੀਕਾ ਲਈ ਇਹ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕੀ ਆਵਾਮ ਨੂੰ ਇਨ੍ਹਾਂ ਫ਼ਿਲਮਾਂ ਰਾਹੀ ਦੇਸ਼–ਭਗਤੀ ਦਾ ਪਾਠ ਲਗਾਤਾਰ ਪੜ੍ਹਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਦੂਜੇ ਮੁਲਕ ਉੱਪਰ ਕੀਤੇ ਜਾਣ ਵਾਲੇ ਕਿਸੇ ਹਮਲੇ ਨੂੰ ਅਮਰੀਕੀ ਆਵਾਮ ਖ਼ੁਸ਼ੀ-ਖ਼ੁਸ਼ੀ ਮਾਨਤਾ ਦੇ ਦੇਵੇ ਅਤੇ ਸੀਰੀਆ ਦੇ ਮਾਮਲੇ ਵਿੱਚ ਅਜਿਹਾ ਹੀ ਲੱਗ ਰਿਹਾ ਹੈ ।

ਮਸ਼ਹੂਰ ਅਮਰੀਕੀ ਕਾਲਮ ਨਵੀਸ 'ਮਾਰਗ੍ਰੇਟ ਕਿਮਬਰਲੇ' ਦੇ ਇਨ੍ਹਾਂ ਗੱਲਾਂ ਦੀ ਸ਼ਨਾਖ਼ਤ ਕਰਦੀ ਹੈ ਕਿ ਅਮਰੀਕੀ ਏਜੰਸੀ ਸੀ.ਆਈ.ਏ. ਵੱਲੋਂ ਚਲਾਇਆ ਜਾਣ ਵਾਲਾ ਇੱਕ ਵਿਸੇਸ਼ "ਫ਼ਿਲਮ ਦਫ਼ਤਰ" ਵੀ ਹੈ ਜੋ ਕਿ ਹਾਲੀਵੁੱਡ ਨਿਰਮਾਤਾਵਾਂ, ਨਿਰਦੇਸ਼ਕਾਂ ਨੂੰ ਏਜੰਸੀ ਦੇ ਅਕਸ ਨੂੰ ਸੁਧਾਰਨ, ਪ੍ਰਭਾਵਿਤ ਕਰਨ ਅਤੇ ਅਮਰੀਕੀ ਨਵ-ਉਦਾਰਵਾਦੀ ਨੀਤੀਆਂ ਦੇ ਭਲੇ ਹਿੱਤ ਵਰਤਨ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਇਹ ਦਫ਼ਤਰ ਫ਼ਿਲਮ ਨਿਰਮਾਣ ਲਈ ਜ਼ਰੂਰੀ ਸਾਧਨ ਅਤੇ ਜਾਣਕਾਰੀ ਵੀ ਮੁਹਈਆ ਕਰਵਾਉਂਦਾ ਹੈ। ਦੂਜੀ ਆਲਮੀ ਜੰਗ ਵੇਲੇ ਬਣੀਆਂ ਅਨੇਕ ਫ਼ਿਲਮਾਂ ਅਮਰੀਕੀ ਪ੍ਰਚਾਰ ਦਾ ਹਿੱਸਾ ਰਹੀਆਂ ਹਨ। ਇਸ ਤੋਂ ਬਾਅਦ ਚੱਲੀ ਲੰਬੀ 'ਠੰਢੀ ਜੰਗ' ਦੌਰਾਨ ਅਵਾਮ ਦੇ ਦਿਲ ਅਤੇ ਦਿਮਾਗ ਨੂੰ ਚੇਤਨ ਅਤੇ ਭਾਵਨਾਤਮਕ ਪੱਧਰ 'ਤੇ ਪ੍ਰਭਾਵਿਤ ਕਰਨ ਹਿੱਤ ਹਾਲੀਵੁੱਡ ਵਿੱਚ ਸੀ.ਆਈ.ਏ. ਦੇ ਦਿਸ਼ਾ ਨਿਰਦੇਸ਼ਾਂ ਵਿੱਚ ਤਿਆਰ ਹੋਈਆਂ ਫ਼ਿਲਮਾਂ ਦਾ ਸਿਲਸਿਲਾ ਧਿਆਨ ਦੀ ਮੰਗ ਕਰਦਾ ਹੈ ।

ਇਸੇ ਹਵਾਲੇ ਨਾਲ ਉਨ੍ਹਾਂ ਲੋਕਾਂ ਦੀ ਗੱਲ ਆਉਂਦੀ ਹੈ ਜੋ ਫ਼ਿਲਮ ਨੂੰ ਮਨੋਰੰਜਨ ਤੱਕ ਮਹਿਦੂਦ ਕਰਕੇ ਸੋਚਦੇ ਹਨ ਅਤੇ ਉਨ੍ਹਾਂ ਲਈ ਫ਼ਿਲਮ ਮੰਡੀ ਦੀਆਂ ਹੋਰ ਵਸਤਾਂ ਵਾਂਗ ਹੀ ਕੋਈ ਵਿਕਾਊ ਵਸਤੂ ਹੈ। ਅਜਿਹਾ  ਪੰਜਾਬ ਵਿੱਚ ਲਗਾਤਾਰ ਹੋ ਰਿਹਾ ਹੈ। ਉਹ ਸ਼ਾਇਦ ਫ਼ਿਲਮ ਦੇ ਇਤਿਹਾਸ ਤੋਂ ਜਾਣੂ ਨਹੀ ਜਾਂ ਫ਼ਿਲਮ ਦੀ ਕੋਈ ਅਹਿਮੀਅਤ ਉਨ੍ਹਾਂ ਨੂੰ ਨਹੀਂ ਪਤਾ। ਗਾਹੇ ਬਗਾਹੇ ਉਨ੍ਹਾਂ ਲੋਕਾਂ ਦਾ ਅਮਰੀਕਾ ਅਤੇ ਅਮਰੀਕਾ ਪ੍ਰਤੀ ਨਜ਼ਰੀਆ ਸਚੇਤ-ਅਚੇਤ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੋ ਹਾਲੀਵੁੱਡ ਫ਼ਿਲਮਾਂ ਦੇਖਣ ਕਰਕੇ ਬਣਿਆ ਹੁੰਦਾ ਹੈ।

ਸਵਾਲ ਇਹ ਨਹੀਂ ਕਿ ਇਹ ਫਿਲਮਾਂ ਕਿਉਂ ਬਣ ਰਹੀਆਂ ਹਨ ਬਲਕਿ ਇਸ ਗੱਲ ਦਾ ਅਫ਼ਸੋਸ ਹੈ ਕਿ ਫ਼ਿਲਮ ਦੇਖਣ ਦਾ ਨਜ਼ਰੀਆ ਅਤੇ ਪੜਚੋਲ ਕਰਨ ਦੇ ਦਲੀਲਮਈ ਢੰਗ ਤਕਰੀਬਨ ਗ਼ੈਰ-ਹਾਜ਼ਰ ਹੈ। ਅਸੀਂ ਜੋ ਦੇਖਦੇ ਹਾਂ ਉਸੇ ਨੂੰ ਹੀ ਸੱਚ ਮੰਨਦੇ ਹਾਂ। ਇਸ ਤੋਂ ਵੀ ਖ਼ਤਰਨਾਕ ਹੈ ਕਿ ਅਸੀਂ ਅਚੇਤ ਰੂਪ ਵਿੱਚ ਕਾਤਲਾਂ, ਵਹਿਸ਼ੀਆਂ, ਜੰਗਬਾਜ਼ਾਂ ਅਤੇ ਮੌਤ ਦੇ ਸੌਦਾਗਰਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਾਂ। ਤੱਥਾਂ ਅਤੇ ਹਾਲਾਤ ਦੇ ਨਾਲ-ਨਾਲ ਸਹੀ ਹਵਾਲਿਆਂ ਦੀ ਰੌਸ਼ਨੀ ਵਿੱਚ ਫ਼ਿਲਮ ਦੀ ਪੜਚੋਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।

ਸੰਪਰਕ : +91 94645 10678

Comments

Justin

Learning a ton from these neat arclsiet.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ