ਆਦਮੀ ਭਾਗ ਸਿੰਘ ਦਾ ਸੁਪਨਾ-ਹੁਣ ਭਾਰਤ ਰਾਜ ਤੋਂ ਸਵਰਾਜ ਬਣੇ -ਭਾਵਨਾ ਮਲਿਕ
Posted on:- 06-10-2013
ਰਾਹੁਲ ਗਾਂਧੀ ਦੀ ਕਲਾਵਤੀ ਅਤੇ ਨਰਿੰਦਰ ਮੋਦੀ ਦੀ ਜੱਸੋ ਭੈਣ ਤੋਂ ਬਾਅਦ ਹੁਣ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 2014 ਦੇ ਚੋਣਾਵੀ ਦੰਗਲ ਵਿਚ ਦਿੱਲੀ ਦੇ ਆਟੋ ਡਰਾਈਵਰ ਭਾਗ ਸਿੰਘ ਨੂੰ ਕਾਲਕਾ ਜੀ ਸੀਟ ਤੋਂ ਆਪਣਾ ਨੁਮਾਇੰਦਾ ਘੋਸ਼ਿਤ ਕੀਤਾ ਹੈ। ਜਿਥੇ 2009 ਵਿਚ (ਸੰਯਕਤ ਪ੍ਰਗਤੀਸ਼ੀਲ ਗਠਜੋੜ) ਯੂ.ਪੀ.ਏ. ਨੇ ਵਿਧਰਭਾ ਦੀ ਕਲਾਵਤੀ ਦਾ ਸਹਾਰਾ ਪਾਰਲੀਮੈਂਟ ਵਿਚ ਪ੍ਰਮਾਣੂ ਸਮਝੌਤੇ ਦੇ ਹੱਕ ਵਿਚ ਵੋਟ ਜਿੱਤਣ ਲਈ ਲਿਆ ਸੀ ਤੇ ਮੋਦੀ ਨੇ ਗੁਜਰਾਤ ਦੀ ਜੱਸੋ ਭੈਣ ਦੀ ਕਹਾਣੀ ਮਹਿਜ਼ ਆਪਣੇ ਅਕਸ ਸੁਧਾਰਨ ਲਈ ਸੁਣਾਈ, ਉਥੇ ਕੇਜਰੀਵਾਲ ਨੇ ਆਪਣੇ ਵਾਅਦੇ ਮੁਤਾਬਿਕ ਇਕ ਆਮ ਆਦਮੀ ਨੂੰ ਹੀ ਬਤੌਰ ਲੀਡਰ ਪੇਸ਼ ਕਰ ਦਿੱਤਾ।
ਅੰਨ੍ਹਾ ਹਜ਼ਾਰੇ ਦੇ ਨਾਲ ਸੁਰਖ਼ੀਆਂ 'ਚ ਆਏ ਅਰਵਿੰਦ ਕੇਜਰੀਵਾਲ ਨੇ ਲੋਕ ਪਾਲ ਬਿੱਲ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਆਮ ਆਦਮੀ ਪਾਰਟੀ ਦਾ ਗਠਨ ਕੀਤਾ। ਜਿਥੇ ਯੂ.ਪੀ.ਏ. ਅਤੇ ਭਾਜਪਾ ਲਈ ਆਮ ਆਦਮੀ ਦਾ ਏਜੰਡਾ ਮਹਿਜ਼ ਚੋਣਾਂ ਜਿੱਤਣ ਦਾ ਇਕ ਸਟੰਟ ਹੈ ਤੇ ਜਿਸ ਨੂੰ ਸੱਤਾ ਵਿਚ ਆਉਣ ਤੋਂ ਬਾਅਦ ਭੁਲਾ ਦਿੱਤਾ ਜਾਂਦਾ ਹੈ, ਉਥੇ ਕੇਜਰੀਵਾਲ ਦਾ ਆਮ ਆਦਮੀ ਭਾਗ ਸਿੰਘ ਉਹ ਹੈ ਜਿਸ ਨੇ ਮੁਫਲਿਸੀ, ਗ਼ਰੀਬੀ ਅਤੇ ਭ੍ਰਿਸ਼ਟਾਚਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਭੋਗਿਆ ਹੈ।
ਭਾਗ ਸਿੰਘ ਦਾ ਪਿਛੋਕੜ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਲਈ ਇਕ ਕਰਾਰੇ ਥੱਪੜ ਦੀ ਤਰ੍ਹਾਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ. ਆਰਟਸ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਕੋਈ ਵੀ ਰੁਜ਼ਗਾਰ ਨਾ ਹੋਣ ਕਾਰਨ ਭਾਗ ਸਿੰਘ 20 ਸਾਲ ਪਹਿਲਾਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਆਮ ਆਦਮੀ ਦੇ ਏਜੰਡੇ 'ਤੇ ਚੋਣਾਂ ਜਿੱਤਣ ਵਾਲੀਆਂ ਸਰਕਾਰਾਂ ਵੱਲੋਂ ਵੀ ਭਾਗ ਸਿੰਘ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਦਫ਼ਤਰਾਂ ਵਿਚ ਨੌਕਰੀ ਲਈ ਰਿਸ਼ਵਤ ਦੀ ਮੋਟੀ ਰਕਮ ਦੀ ਮੰਗ ਅਤੇ ਭਾਈ-ਭਤੀਜਾਵਾਦ ਤੋਂ ਤੰਗ ਆ ਕੇ ਭਾਗ ਸਿੰਘ ਨੇ ਮਜਬੂਰੀ 'ਚ ਆਟੋ ਚਲਾਉਣਾ ਸ਼ੁਰੂ ਕੀਤਾ ਅਤੇ ਪਹਿਲੇ ਹੀ ਦਿਨ ਉਨ੍ਹਾਂ ਨੇ ਆਟੋ ਚਲਾ ਕੇ 200 ਰੁਪਏ ਕਮਾਏ। ਹੈਰਤ ਦੀ ਗੱਲ ਹੈ ਕਿ ਭਾਰਤ ਜਿਹੇ ਮੁਲਕ ਵਿਚ ਇਕ ਦਸਵੀਂ ਪਾਸ ਜਾਂ ਉਸ ਤੋਂ ਵੀ ਘੱਟ ਪੜ੍ਹਿਆ ਐਮ.ਪੀ. ਜਾਂ ਐਮ.ਐਲ.ਏ. ਬਣ ਜਾਂਦਾ ਹੈ ਅਤੇ ਰਾਹੁਲ ਗਾਂਧੀ ਜੋ ਮੁਲਕ ਦੇ ਪ੍ਰਧਾਨ ਮੰਤਰੀ ਬਣਨ ਦਾ ਖ਼ੁਆਬ ਵੇਖ ਰਹੇ ਹਨ, ਖ਼ੁਦ ਬੀ.ਏ. ਪਾਸ ਵੀ ਨਹੀਂ ਹਨ, ਉਥੇ ਇਕ ਬੀ.ਏ. ਪਾਸ ਨੂੰ ਆਟੋ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ।
ਇਹੀ ਨਹੀਂ ਭਾਗ ਸਿੰਘ ਪੰਜਾਬੀ ਨਾਟਕ ਅਕੈਡਮੀ ਦੇ ਸਾਬਕਾ ਡਾਇਰੈਕਟਰ ਸਰਦਾਰ ਚਰਨ ਸਿੰਘ ਸਿੰਧਰਾ ਦੇ ਦਾਮਾਦ ਹਨ, ਜਿਨ੍ਹਾਂ ਦੀ ਕਲਮ ਤੋਂ 'ਮਰਦ ਅਗੰਮੜਾ', 'ਨਿੱਕੀਆਂ ਜਿੰਦਾਂ ਵੱਡਾ ਸਾਕਾ' ਅਤੇ 'ਭਲੇ ਅਮਰਦਾਸ ਗੁਣ ਤੇਰੇ' ਵਰਗੇ ਮਸ਼ਹੂਰ ਪੰਜਾਬੀ ਨਾਟਕ ਲਿਖੇ ਗਏ ਅਤੇ ਇਨ੍ਹਾਂ ਨਾਟਕਾਂ ਦੇ 600 ਸ਼ੋਅ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਵੀ ਕੀਤੇ ਗਏ, ਜਿਸ ਕਾਰਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਨਿਵੇਕਲੀ ਪਛਾਣ ਮਿਲੀ। ਪਰ ਭਾਗ ਸਿੰਘ ਰੋਸ ਨਾਲ ਦੱਸਦੇ ਹਨ ਕਿ ਪੰਜਾਬ ਦੀ ਸਰਕਾਰ ਨੇ ਵੀ ਉਨ੍ਹਾਂ ਦੇ ਯੋਗਦਾਨ ਨੂੰ ਭੁਲਾ ਦਿੱਤਾ।
ਭ੍ਰਿਸ਼ਟਾਚਾਰ ਬਾਰੇ ਬੋਲਦੇ ਹੋਏ ਭਾਗ ਸਿੰਘ ਦੱਸਦੇ ਹਨ ਕਿ ਹਰ ਮਹਿਕਮਾ ਸਰਕਾਰ ਅਤੇ ਪੂੰਜੀਵਾਦੀਆਂ ਦਾ ਇਕ ਸਾਂਝਾ ਮਾਫ਼ੀਆ ਬਣ ਚੁੱਕਾ ਹੈ। ਪੂੰਜੀਪਤੀ ਇਕੱਠੇ ਆਟੋ ਸਸਤੇ ਦਾਮਾਂ 'ਚ ਖ਼ਰੀਦ ਕੇ ਫਿਰ ਬਲੈਕ ਵਿਚ ਮਹਿੰਗੇ ਵੇਚਦੇ ਹਨ ਅਤੇ ਆਟੋ ਡਰਾਈਵਰਾਂ ਨੂੰ ਆਪਣਾ ਇਕ ਬੈਚ ਬਣਾਉਣ ਲਈ ਵੀ 10,000 ਰੁਪਏ ਤੱਕ ਦੀ ਰਿਸ਼ਵਤ ਦੇਣੀ ਪੈਂਦੀ ਹੈ ਅਤੇ ਆਪਣਾ ਲਾਇਸੈਂਸ ਤੱਕ ਬਣਵਾਉਣ ਲਈ ਵੀ ਡਰਾਈਵਰਾਂ ਨੂੰ ਮੋਟੀ ਰਕਮ ਦੇਣੀ ਪੈਂਦੀ ਹੈ। ਚਾਹੇ ਪ੍ਰਸ਼ਾਸਨ ਹੋਵੇ ਜਾਂ ਟ੍ਰੈਫਿਕ ਪੁਲਿਸ ਦਾ ਮਹਿਕਮਾ ਆਟੋ ਡਰਾਈਵਰਾਂ ਦਾ ਭਰਪੂਰ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਜਬਰਨ 5,000 ਰੁਪਏ ਦਾ ਚਲਾਨ ਮੰਗਿਆ ਜਾਂਦਾ ਹੈ। ਭਾਗ ਸਿੰਘ ਮੁਤਾਬਿਕ ਆਟੋ ਮੀਟਰਾਂ ਦੀ ਏਜੰਸੀ ਸ਼ੀਲਾ ਦੀਕਸ਼ਤ ਦੇ ਲੜਕੇ ਸੰਦੀਪ ਦੀਕਸ਼ਤ ਨੂੰ ਮਿਲੀ ਹੋਈ ਹੈ ਅਤੇ ਇਕ ਮੀਟਰ ਦੀ ਕੀਮਤ 18,000 ਰੁਪਏ ਹੈ ਜੋ ਕਿ ਇਕ ਆਟੋ ਚਲਾਉਣ ਵਾਲੇ ਵਾਸਤੇ ਭਰਨੀ ਬਹੁਤ ਮੁਸ਼ਕਿਲ ਹੈ।
ਆਪਣੀ ਜ਼ਮੀਨ ਅਤੇ ਜ਼ਮੀਰ ਨਾਲ ਜੁੜੇ ਭਾਗ ਸਿੰਘ ਮੁਤਾਬਿਕ ਆਜ਼ਾਦੀ ਦੇ 66 ਸਾਲ ਬਾਅਦ ਵੀ ਦੇਸ਼ ਵਿਚ ਆਮ ਆਦਮੀ ਲਈ ਬਿਜਲੀ ਅਤੇ ਪੀਣ ਦੇ ਪਾਣੀ ਦੀ ਵਿਵਸਥਾ ਨਹੀਂ ਹੈ। ਇਸ ਦਾ ਵੱਡਾ ਕਾਰਨ ਉਹ ਕਾਰਪੋਰੇਟ ਜਾਂ ਪੂੰਜੀਵਾਦੀ ਮਾਫ਼ੀਏ ਨੂੰ ਮੰਨਦੇ ਹਨ। ਉਹ ਦੱਸਦੇ ਹਨ ਕਿ ਦਿੱਲੀ ਵਿਚ 840 ਮਿਲੀਅਨ ਗੈਲਨ ਪਾਣੀ ਰੋਜ਼ ਆਉਂਦਾ ਹੈ ਤੇ ਹਰ ਇਕ ਨਾਗਰਿਕ ਨੂੰ 220 ਲਿਟਰ ਪਾਣੀ ਮਿਲ ਸਕਦਾ ਹੈ ਪਰ ਫਿਰ ਵੀ 40 ਫ਼ੀਸਦੀ ਲੋਕਾਂ ਦੇ ਘਰ ਪਾਣੀ ਨਹੀਂ ਆਉਂਦਾ ਕਿਉਂਕਿ ਐਮ.ਐਲ.ਏ.,ਐਮ.ਪੀ. ਅਤੇ ਮੰਤਰੀਆਂ ਨੇ ਪਾਣੀ ਅਤੇ ਬਿਜਲੀ ਦਾ ਸੌਦਾ ਪਹਿਲਾਂ ਹੀ ਕੀਤਾ ਹੋਇਆ ਹੈ। ਦਿੱਲੀ ਜਲ ਬੋਰਡ ਵੱਲੋਂ ਲਗਾਈਆਂ ਗਈਆਂ ਅੰਡਰਗ੍ਰਾਊਂਡ ਪਾਣੀ ਦੀਆਂ ਪਾਈਪਾਂ ਵਿਚ ਘਰੇਲੂ ਇਸਤੇਮਾਲ ਲਈ ਪਾਣੀ ਦਾ ਵਹਾਅ ਏਨਾ ਘੱਟ ਹੈ ਕਿ ਕੰਮ ਕਰਨਾ ਮੁਸ਼ਕਿਲ ਹੈ, ਉਥੇ ਪੁਲਿਸ ਸਟੇਸ਼ਨ ਅਤੇ ਸਰਕਾਰੀ ਅਫ਼ਸਰਾਂ ਦੇ ਇਲਾਕੇ ਵਿਚ ਪਾਣੀ ਦੀਆਂ ਪਾਈਪਾਂ ਖੁੱਲ੍ਹੇ ਮੂੰਹ ਵਾਲੀਆਂ ਹਨ, ਤਾਂ ਕਿ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਪਹੁੰਚੇ।
ਪਿਛਲੇ 60 ਸਾਲਾਂ ਤੋਂ ਜ਼ਿਆਦਾਰ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਦੀਆਂ ਪੁਰਾਣੀਆਂ ਪਾਈਪਾਂ ਨੂੰ ਨਾ ਕਦੇ ਬਦਲਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਮੁਰੰਮਤ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਵਿਚ ਦਰਾਰਾਂ ਪੈ ਗਈਆਂ ਹਨ ਅਤੇ ਜ਼ੰਗ ਵੀ ਲੱਗ ਚੁੱਕਾ ਹੈ। ਇਸ ਤਰ੍ਹਾਂ ਪਾਣੀ ਜ਼ਾਇਆ ਹੁੰਦਾ ਅਤੇ ਬਿਮਾਰੀਆਂ ਫੈਲਣ ਦਾ ਵੱਡਾ ਕਾਰਨ ਬਣ ਚੁੱਕਾ ਹੈ। ਜੇਕਰ ਪਾਈਪਾਂ ਬਦਲਣ ਦੀ ਗੱਲ ਕੀਤੀ ਜਾਏ ਤੇ ਦਿੱਲੀ ਜਲ ਬੋਰਡ ਦੇ ਇਲਾਕੇ ਦਾ ਇੰਚਾਰਜ ਜੂਨੀਅਰ ਇੰਜੀਨੀਅਰ ਰਿਸ਼ਵਤ ਮੰਗਦਾ ਹੈ। ਜੇਕਰ ਕੋਈ ਵੀ ਨਾਗਰਿਕ ਆਪਣੇ ਖ਼ਰਚੇ ਨਾਲ ਪਾਈਪਾਂ ਬਦਲਣਾ ਚਾਹੇ ਤਦ ਵੀ ਜਲ ਬੋਰਡ ਦੇ ਅਫ਼ਸਰ ਮਨਜ਼ੂਰੀ ਦੇਣ ਲਈ ਰਿਸ਼ਵਤ ਮੰਗਦੇ ਹਨ। ਕੋਈ ਵੀ ਸਹੂਲਤ ਨਾ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਲਗਾਤਾਰ ਪਾਣੀ ਦੇ ਬਿੱਲ ਵਧਾਏ ਜਾ ਰਹੇ ਹਨ। ਹੈਰਤ ਇਸ ਗੱਲ 'ਤੇ ਹੈ ਕਿ ਇਨ੍ਹਾਂ ਵਿਚ ਸਰਵਿਸ ਟੈਕਸ ਵੀ ਸ਼ਾਮਿਲ ਹੈ। ਮਹਿੰਗਾਈ ਏਨੀ ਵਧ ਗਈ ਹੈ ਕਿ ਆਮ ਆਦਮੀ ਦੋ ਵਕਤ ਦੀ ਰੋਟੀ ਤੋਂ ਵੀ ਲਾਚਾਰ ਹੈ।
ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਇਕ ਵੱਡੀ ਚੁਣੌਤੀ ਹੈ ਅਤੇ ਇਸ ਲਈ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਕਾਲਕਾ ਜੀ ਵਾਰਡ ਵਿਚ ਹੀ 300 ਮੈਂਬਰਾਂ ਦਾ ਇਕ ਯੂਥ ਵਿੰਗ ਵੀ ਤਿਆਰ ਕੀਤਾ ਹੈ ਜਿਸ ਵਿਚ ਲੜਕੀਆਂ ਵੀ ਸ਼ਾਮਿਲ ਹਨ ਜੋ ਉਸ ਇਲਾਕੇ ਵਿਚ ਨਜ਼ਰ ਰੱਖੇਗਾ ਤਾਂ ਕਿ ਲੜਕੀਆਂ ਨਾਲ ਛੇੜਖ਼ਾਨੀ 'ਤੇ ਰੋਕ ਲਾਈ ਜਾ ਸਕੇ ਨਾਲ ਹੀ ਬੱਸਾਂ ਵਿਚ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੁਰੱਖਿਆ ਦੇ ਮਸਲੇ 'ਤੇ ਨਜ਼ਰ ਰੱਖਣਗੇ। ਭਾਗ ਸਿੰਘ ਵਿਵਸਥਾ ਪਰਿਵਰਤਨ ਚਾਹੁੰਦੇ ਹਨ ਅਤੇ ਉਨ੍ਹਾਂ ਮੁਤਾਬਿਕ ਇਕ ਇਨਸਾਨ ਆਮ ਜਾਂ ਖ਼ਾਸ ਜਨਮ ਤੋਂ ਨਹੀਂ ਬਲਕਿ ਆਪਣੇ ਵਿਚਾਰਾਂ ਨਾਲ ਬਣਦਾ ਹੈ। ਆਪਣੀ ਮਾਂ ਬੋਲੀ ਪੰਜਾਬੀ ਅਤੇ ਸਿੱਖ ਕੌਮ ਬਾਰੇ ਵੀ ਭਾਗ ਸਿੰਘ ਮੰਨਦੇ ਹਨ ਕਿ ਉਨ੍ਹਾਂ ਨੂੰ 84 ਦੇ ਦੰਗਿਆਂ ਦੇ ਮਾਮਲੇ ਵਿਚ ਕਿਸੇ ਵੀ ਸਰਕਾਰ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਉਹ ਜਿੱਤਣ ਤੋਂ ਬਾਅਦ ਇਸ ਮਸਲੇ ਬਾਰੇ ਵੀ ਆਪਣੀ ਆਵਾਜ਼ ਚੁੱਕਣਗੇ।
ਗੁਰੂ ਨਾਨਕ 'ਤੇ ਪੂਰਾ ਭਰੋਸਾ ਰੱਖਣ ਵਾਲੇ ਭਾਗ ਸਿੰਘ ਮੁਤਾਬਿਕ ਆਜ਼ਾਦੀ ਦੇ 66 ਸਾਲ ਬਾਅਦ ਵੀ ਹਿੰਦੁਸਤਾਨ ਨੇ ਸਿਰਫ਼ ਰਾਜ ਵੇਖਿਆ ਹੈ, ਜਿਥੇ ਐਮ.ਪੀ., ਐਮ.ਐਲ.ਏ., ਅਤੇ ਮੰਤਰੀ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਮਹਿਫ਼ੂਜ਼ ਘੁੰਮਦੇ ਹਨ ਤੇ ਇਕ ਆਮ ਆਦਮੀ ਨੂੰ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ, ਜਿਥੇ ਮਹਿਲਾ ਮੰਤਰੀਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਪਰ ਇਕ ਆਮ ਲੜਕੀ ਦਾਮਿਨੀ ਨੂੰ ਆਪਣੀ ਅਸਮਤ ਗੁਆਉਣੀ ਪੈਂਦੀ ਹੈ, ਜਿਥੇ ਪੂੰਜੀਪਤੀ ਅਤੇ ਭ੍ਰਿਸ਼ਟ ਨੇਤਾਵਾਂ ਦੀ ਖਾਣੇ ਦੀ ਥਾਲੀ ਵਿਚ ਚਾਰ ਸਬਜ਼ੀਆਂ ਸਜਾਉਣ ਵਾਸਤੇ ਵਿਧਰਭ ਅਤੇ ਪੰਜਾਬ ਦੇ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ, ਜਿਥੇ ਇਕ ਅਮੀਰ ਲੜਕੀ ਲੱਖ ਰੁਪਏ ਦਾ ਸ਼ਾਦੀ ਦਾ ਜੋੜਾ ਪਹਿਨਦੀ ਹੈ ਪਰ ਇਕ ਆਮ ਲੜਕੀ ਨੂੰ ਘਰ ਦੀ ਰੋਟੀ ਚਲਾਉਣ ਲਈ ਆਪਣੇ ਕੱਪੜੇ ਉਤਾਰਨੇ ਪੈਂਦੇ ਹਨ, ਐਸੇ ਭ੍ਰਿਸ਼ਟ ਰਾਜ ਨੂੰ ਹੁਣ ਖ਼ਤਮ ਹੋਣਾ ਚਾਹੀਦਾ ਹੈ। ਭਾਗ ਸਿੰਘ ਦਾ ਇਕ ਹੀ ਸੁਫ਼ਨਾ ਹੈ ਕਿ ਮੁਲਕ ਹੁਣ ਰਾਜ ਤੋਂ ਸਵਰਾਜ ਬਣੇ ਤਾਂ ਕਿ ਹਰ ਆਮ ਆਦਮੀ ਫ਼ਖ਼ਰ ਨਾਲ ਕਹਿ ਸਕੇ ਕਿ ਹਾਂ ਮੈਂ ਆਮ ਆਦਮੀ ਹਾਂ।
ਸੰਪਰਕ: +91 98181 14039