ਜਗ-ਜਨਣੀ ਬਨਾਮ ਆਈਟਮ ਗਰਲ - ਪ੍ਰੋ. ਤਰਸਪਾਲ ਕੌਰ
Posted on:- 29-09-2013
ਪੂਰੇ ਵਿਸ਼ਵ ਵਿਚ ਵੱਖੋ-ਵੱਖਰੀਆਂ ਸਭਿਆਤਾਵਾਂ ਦੇ ਵਿਕਸਿਤ ਹੋਣ ਦਾ ਵੱਖੋ-ਵੱਖਰਾ ਅਧਿਆਇ ਹੈ। ਸਮਾਜ ਦਾ ਸੰਕਲਪ ਹੋਂਦ ਵਿਚ ਆਇਆ ਤਾਂ ਵਿਸ਼ਵ ਦੇ ਵੱਖੋ-ਵੱਖਰੇ ਖੇਤਰਾਂ ਵਿਚ ਜੀਵਨ ਅਤੇ ਪਰਿਵਾਰ ਸਬੰਧੀ ਧਾਰਨਾਵਾਂ ਹੋਂਦ ਵਿਚ ਆਈਆਂ। ਸਮਾਜ ਦੀ ਧਾਰਨਾ ਵਿਚ ਦੋ ਅਹਿਮ ਥੰਮ੍ਹ ਮਰਦ ਅਤੇ ਔਰਤ ਹਨ। ਕੁਦਰਤ ਨੇ ਨਰ ਅਤੇ ਮਾਦਾ ਦੀ ਸੰਰਚਨਾ ਰਾਹੀਂ ਸੰਸਾਰ ਦੇ ਅੱਗੇ ਵਧਣ ਦੀ ਵਿਧੀ ਨੂੰ ਸਿਰਜਿਆ ਹੈ। ਔਰਤ ਧਰਤੀ ਦਾ ਪ੍ਰਤੀਕ ਹੈ ਜਿਸ ਨੂੰ ਕੁਦਰਤ ਨੇ ਸਿਰਜਣਹਾਰੀ ਸ਼ਕਤੀ ਬਖਸ਼ੀ ਹੈ। ਵਿਸ਼ਵ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਸਮਾਜ ਦੀ ਧਾਰਨਾ ਵਿਚ ਵੀ ਭਿੰਨਤਾ ਪਾਈ ਗਈ ਹੈ।
ਬਹੁਤ ਸਾਰੇ ਭਾਗਾਂ ਵਿਚ ਨਰ ਪ੍ਰਧਾਨ ਸਮਾਜ ਅਤੇ ਬਹੁਤ ਸਾਰੇ ਹਿੱਸਿਆਂ ਵਿਚ ਨਾਰੀ ਪ੍ਰਧਾਨ ਸਮਾਜ ਦੇ ਭਿੰਨ-ਭਿੰਨ ਰੂਪ ਸਾਹਮਣੇ ਆਉਂਦੇ ਹਨ। ਪੁਰਾਤਨ ਸਮਿਆਂ ਵਿਚ ਔਰਤ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਸਨ ਪਰ ਮੱਧਕਾਲ ਦੌਰਾਨ ਰਾਜਸੀ, ਆਰਥਿਕ ਤੇ ਸਮਾਜਿਕ ਤਬਦੀਲੀਆਂ ਨੇ ਔਰਤ ਨੂੰ ਭੋਗ-ਵਿਲਾਸ ਦੀ ਵੀ ਵਸਤੂ ਸਿੱਧ ਕਰ ਦਿੱਤਾ ਸੀ। ਇਸਦੇ ਨਾਲ ਹੀ ਮੱਧਕਾਲ ਦੀ ਹੀ ਉਪਜ ਸਮਾਜਿਕ, ਧਾਰਮਿਕ, ਭਗਤੀ ਲਹਿਰਾਂ ਨੇ ਔਰਤ ਨੂੰ ਉਸ ਦਾ ਸਨਮਾਨ ਯੋਗ ਰੁਤਬਾ ਦਿਵਾਉਣ ਲਈ ਪੂਰੀ ਵਾਹ ਲਾਈ। ਭਗਤੀ ਅੰਦੋਲਨ ਤਹਿਤ ਹੀ ਸਿੱਖ ਲਹਿਰ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’ ਕਹਿ ਕੇ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਤੀਸਰੇ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ, ਬਾਲ ਵਿਆਹ ਤੇ ਨਾਰੀ ਵਿਰੁੱਧ ਹੋਰ ਕੁਰੀਤੀਆਂ ਵਿਰੁੱਧ ਆਵਾਜ਼ ਉਠਾ ਕੇ ਨਾਰੀ ਦੀ ਮਹਾਨਤਾ ਨੂੰ ਵਡਿਆਇਆ। ਸਿੱਖ ਇਤਿਹਾਸ ਵਿਚ ਬੀਬੀ ਭਾਨੀ, ਬੀਬੀ ਦਾਨੀ ਜੀ, ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਮਾਈ ਭਾਗੋ ਦੀ ਮਹਾਨਤਾ ਔਰਤ ਦੇ ਵਡੱਪਣ ਦਾ ਪ੍ਰਤੀਕ ਹੈ।
1600 ਈ. ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਪ੍ਰਵੇਸ਼ ਕਰਨ ਨਾਲ ਬਹੁਤ ਸਾਰੀਆਂ ਸਮਾਜਿਕ, ਆਰਥਿਕ ਤੇ ਰਾਜਸੀ ਤਬਦੀਲੀਆਂ ਆਉਂਦੀਆਂ ਹਨ। ਆਜ਼ਾਦੀ ਦੇ ਸੰਗਰਾਮ ਵਿਚ ਵੀ ਮਹਾਰਾਣੀ ਲਕਸ਼ਮੀ ਬਾਈ ਦੇ ਯੋਗਦਾਨ ਤੋਂ ਅਸੀਂ ਸਾਰੇ ਭਲੀਭਾਂਤ ਵਾਕਿਫ਼ ਹਾਂ। ਨਾਲ ਹੀ ਸਰੋਜਨੀ ਨਾਇਡੂ, ਸ੍ਰੀਮਤੀ ਐਨੀ ਬੇਸੈਂਟ ਵਰਗੀਆਂ ਇਸਤਰੀਆਂ ਵੀ ਇਤਿਹਾਸ ਵਿਚ ਜ਼ਿਕਰਯੋਗ ਸਥਾਨ ਰੱਖਦੀਆਂ ਹਨ। ਭਾਰਤ ਵਿਚ ਹੀ ਨਹੀਂ ਪੂਰੇ ਵਿਸ਼ਵ ਵਿਚ ਮਾਰਗ੍ਰੇਟ ਥੈਚਰ, ਵਿੰਨੀ ਮੰਡੇਲਾ, ਆਂਗ ਸੂ ਕੀ, ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਆਦਿ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਇਸ ਨਾਰੀ ਦੇ ਵਡੱਪਣ ਅਤੇ ਸਿਰਜਣਹਾਰੀ ਸ਼ਕਤੀ ਨੂੰ ਸਲਾਮ ਕਰਨਾ ਬਣਦਾ ਹੈ, ਜੋ ਇਸ ਸੰਸਾਰ ਦੀ ਜਨਣੀ ਹੈ, ਜੋ ਸੂਝ-ਬੂਝ ਅਤੇ ਦਿਮਾਗੀ ਸ਼ਕਤੀ ਦੀ ਧਾਰਨੀ ਹੈ ਅਤੇ ਇਸ ਧਰਤੀ ਦੇ ਮਨੁੱਖ ਦਾ ਮਾਦਾ ਰੂਪ ਹੈ। ਸ਼ਾਇਦ ਜੇ ਕੁਦਰਤ ਇਸ ਰੂਪ ਨੂੰ ਨਾ ਸਿਰਜਦੀ ਤਾਂ ਮੈਂ, ਤੁਸੀਂ ਜਾਂ ਆਪਾਂ ਸਾਰੇ ਜਨਮ ਨਾ ਲੈਂਦੇ।
ਸਵਾਲ ਇਹ ਉੱਠਦਾ ਹੈ ਕਿ ਗੁਰੂ-ਪੀਰਾਂ ਦੀ ਇਹ ਜਨਣੀ, ਧਰਤੀ ਦਾ ਪ੍ਰਤੀਕ ਅੱਜ ਦੇ ਇਸ ਯੁੱਗ ਵਿਚ ਕਿਹੜੇ ਦੌਰ ਵਿਚੋਂ ਲੰਘ ਰਹੀ ਹੈ? ਕਹਿਣ ਨੂੰ ਤਾਂ ਆਪਾਂ 21ਵੀਂ ਸਦੀ ਦੇ ਇਸ ਆਧੁਨਿਕ ਯੁੱਗ ਵਿਚ ਆ ਗਏ ਹਾਂ। ਫੇਰ ਵੀ ਜੇ ਆਪਣੇ ਅੰਦਰ ਜ਼ਰਾ ਝਾਤੀ ਮਾਰੀਏ ਤਾਂ ਇਹ ਵੀ ਅਹਿਸਾਸ ਹੋਵੇਗਾ ਕਿ ਆਖ਼ਿਰ ਅਸੀਂ ਕਿੱਥੋਂ ਤੱਕ ਆਧੁਨਿਕ ਹੋਏ ਹਾਂ? ਕੀ ਵਿਸ਼ਵੀਕਰਨ ਜਾਂ ਮੰਡੀ ਦਾ ਇਹ ਦੌਰ ਹੀ ਆਧੁਨਿਕਤਾ ਦਾ ਸੰਕਲਪ ਹੈ? ਕੀ ਸਮਾਜਿਕ ਕਦਰਾਂ-ਕੀਮਤਾਂ ਦਾ ਨਿਘਾਰ ਹੀ ਆਧੁਨਿਕਤਾ ਦਾ ਯੁੱਗ ਅਖਵਾਉਂਦਾ ਹੈ? ਸਮਾਜ ਵਿਚ ਪਰਿਵਾਰ ਪਹਿਲਾ ਤੇ ਜ਼ਰੂਰੀ ਅੰਗ ਹੈ ਜਿਸ ਵਿਚ ਨਾਰੀ ਹੀ ਪਰਿਵਾਰਿਕ ਕੜੀਆਂ ਦਾ ਆਧਾਰ ਬਣਦੀ ਹੈ, ਜਿਸ ਤੋਂ ਕਿਸੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ। ਗੁਰੂਆਂ-ਪੀਰਾਂ ਤੇ ਸਮਾਜ-ਉਸਾਰੂ ਲਹਿਰਾਂ ਨੇ ਨਾਰੀ ਦੇ ਸਨਮਾਨਯੋਗ ਸਥਾਨ ਲਈ ਜੋ ਅਥਾਹ ਕੋਸ਼ਿਸ਼ਾਂ ਕੀਤੀਆਂ, ਅੱਜ ਦੇ ਯੁੱਗ ਵਿਚ ਨਜ਼ਰ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਸਮਾਜ ਦੀ ਅਹਿਮ ਕੜੀ ‘ਔਰਤ’ ਲਿਤਾੜੀ ਜਾ ਰਹੀ ਹੈ, ਮਾਰੀ ਜਾ ਰਹੀ ਹੈ ਤੇ ਆਧੁਨਿਕਤਾ ਦੇ ਨਾਂ ’ਤੇ ਲੁੱਟੀ ਜਾ ਰਹੀ ਹੈ। ਮੈਨੂੰ ਤਾਂ ਬਹੁਤੀ ਵਾਰੀ ਇੰਜ ਜਾਪਦਾ ਹੈ ਕਿ ਟੀ.ਵੀ. ਦੇ ਵਿਗਿਆਪਨ ਜਾਂ ਫਿਲਮੀ ਆਈਟਮ ਗੀਤ ’ਤੇ ਮੇਰੀ ਭੈਣ, ਮੇਰੀ ਮਾਂ ਜਾਂ ਮੇਰੀ ਹੀ ਬੇਟੀ ਨੱਚ ਰਹੀ ਹੋਵੇ ਤੇ ਮੈਂ ਟੀ.ਵੀ. ਬੰਦ ਕਰ ਦਿੰਦੀ ਹਾਂ।
ਆਧੁਨਿਕਤਾ ਦੇ ਇਸ ਦੌਰ ਵਿਚ ਮੰਡੀ ਨੇ ਆਪਣੇ ਸ਼ਿਕੰਜੇ ਵਿਚ ਮਨੁੱਖ ਨੂੰ ਬੁਰੀ ਤਰ੍ਹਾਂ ਕੱਸ ਲਿਆ ਹੈ। ਫਿਲਮੀ ਖੇਤਰ ਹੋਵੇ ਜਾਂ ਦੂਸਰਾ ਉਦਯੋਗ, ਹਰੇਕ ਵਿਗਿਆਪਨ ਜਾਂ ਫਿਲਮੀ ਦਿ੍ਰਸ਼ ਔਰਤ ਦੀ ਬੁਰੀ ਤਰ੍ਹਾਂ ਲੁੱਟ-ਖਸੁੱਟ ਕਰਦਾ ਹੈ। ਵਿਗਿਆਪਨ ਵਿਚਲੀ ਵਸਤੂ ਦਾ ਭਾਵੇਂ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਾ ਹੋਵੇ ਪਰ ਔਰਤ ਦੇ ਨੰਗੇਜ਼ ਨੂੰ ਉਭਾਰ ਕੇ ਇਹ ਮੁਨਾਫ਼ਾਖ਼ੋਰ ਕੰਪਨੀਆਂ ਆਪਣੇ ਉਤਪਾਦ ਦੀ ਵਿਕਰੀ ਲਈ ਵੱਧ ਤੋਂ ਵੱਧ ਜ਼ੋਰ ਲਾਉਂਦੀਆਂ ਹਨ, ਭਾਵ ਉਤਪਾਦਨ ਦੀ ਵਿਕਰੀ ਲਈ ਵੀ ਔਰਤ ਦਾ ਨੰਗੇਜ਼ ਹੀ ਸਾਧਨ ਬਣ ਕੇ ਉੱਭਰਿਆ ਹੈ। ਇਹਨਾਂ ਵਿਗਿਆਪਨ ਮਸਾਲਿਆਂ ਨੇ ਪੈਸੇ ਦੀ ਹੋੜ ਵਿਚ ਨਾਰੀ ਦੇ ਉਸ ਮਹਾਨ ‘ਕਿਰਦਾਰ’ ਨੂੰ ਖਤਮ ਕਰ ਦਿੱਤਾ ਹੈ ਤੇ ਨਾਰੀ ਵੀ ਇਸ ਚਕਾਚੌਂਧ ਦੀ ਦੁਨੀਆਂ ਵਿਚ ਬੁਰੀ ਤਰ੍ਹਾਂ ਗ੍ਰਸਤ ਹੋ ਗਈ ਹੈ। ਇਸ ਵਪਾਰਕ ਖੇਤਰ ਵਿਚ ਜੇਕਰ ਸਭ ਤੋਂ ਵੱਧ ਸ਼ੋਸ਼ਣ ਹੋਇਆ ਹੈ ਤਾਂ ਉਹ ਸ਼ੋਸ਼ਣ ਔਰਤ ਦਾ ਹੋਇਆ ਹੈ। ਨੈਤਿਕਤਾ ਦੀ ਇਸ ਤਬਾਹੀ ਵਿਚ ਇਸ ਘੇਰੇ ਅੰਦਰ ਨਾਰੀ ਦਾ ਯੌਨ ਸ਼ੋਸ਼ਣ ਪਹਿਲੇ ਨੰਬਰ ’ਤੇ ਆਉਂਦਾ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਉਸਦਾ ਆਰਥਿਕ ਤੇ ਸਮਾਜਿਕ ਸ਼ੋਸ਼ਣ। ਅਸਲ ਵਿਚ ਮੰਡੀ ਦੇ ਪ੍ਰਬੰਧ ਦੀਆਂ ਇਹ ਸਮਾਜ ਦੇ ਸੁਹਿਰਦ ਪੱਖਾਂ ਨੂੰ ਕੁਚਲਣ ਦੀਆਂ ਅਤਿਅੰਤ ਖਤਰਨਾਕ ਕੋਸ਼ਿਸ਼ਾਂ ਹਨ।
ਮਨੋਰੰਜਨ ਦੇ ਨਾਂ ਤੇ ਫਿਲਮੀ ਉਦਯੋਗ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਜੋ ਲੱਚਰਤਾ ਪਰੋਸੀ ਜਾ ਰਹੀ ਹੈ, ਉਹ ਕਿਸੇ ਪੱਖੋਂ ਵੀ ਸਮਾਜ ਹਿਤੈਸ਼ੀ ਨਹੀਂ ਹੈ। ਦਾਦਾ ਸਾਹਿਬ ਫਾਲਕੇ ਨੇ ਏਸ਼ੀਅਨ ਮੁਲਕਾਂ ਦੀ ਕਤਾਰ ਵਿਚ ਹਿੰਦੁਸਤਾਨ ਨੂੰ 1913 ਈ: ਵਿਚ ਸਿਨੇਮਾ ਦੀ ਦੁਨੀਆਂ ਵਿਚ ਲਿਆਂਦਾ। ਇਹ ਉਹਨਾਂ ਦੀ ਵੱਡੀ ਪ੍ਰਾਪਤੀ ਅਤੇ ਮੁਲਕ ਲਈ ਬੜਾ ਵੱਡਾ ਕਦਮ ਸੀ। ਉਹਨਾਂ ਨੇ ਸਿਨੇਮਾ ਰਾਹੀਂ ਭਾਰਤ ਨੂੰ ਕਲਾ ਦੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ, ਪਰ ਫਿਲਮੀ ਖੇਤਰ ਵਿਚ ਕੁਝ ਹੀ ਦਹਾਕਿਆਂ ਬਾਅਦ ਅਜਿਹਾ ਪਰਿਵਰਤਨ ਆਇਆ ਕਿ ਇਹ ਉਦਯੋਗ ਸਿਰਫ਼ ਤੇ ਸਿਰਫ਼ ਮੁਨਾਫ਼ਾਖ਼ੋਰੀ ਤੇ ਪੂੰਜੀਪਤੀਆਂ ਦਾ ਉਦਯੋਗ ਹੋ ਨਿਬੜਿਆ। ਅੱਜ ਕਲਾ ਨੂੰ ਡੂੰਘੇ ਹਨ੍ਹੇਰੇ, ਖੂਹਾਂ ਵਿਚ ਧੱਕ ਕੇ, ਕਲਾ ਦੇ ਨਾਂ ’ਤੇ ਇਹ ਆਪਣੇ ਹਿੱਤਾਂ ਦੀ ਪੂਰਤੀ ਕਰਨ ਵਾਲਾ ਸਰਮਾਏਦਾਰੀ ਉਦਯੋਗ ਸਾਬਿਤ ਹੋ ਗਿਆ ਹੈ। ਮਨੁੱਖੀ ਆਦਰਸ਼ਾਂ ਤੇ ਸਦਾਚਾਰਕਤਾ ਤੋਂ ਕਲਾ ਨੂੰ ਪਿੱਛੇ ਕਰ ਦਿੱਤਾ ਗਿਆ ਹੈ। ਇਸ ਸਭ ਕਾਸੇ ਦੀ ਪੂਰਤੀ ਲਈ ਨਾਰੀ ਨੂੰ ਹੀ ਸਾਧਨ ਅਤੇ ਹਥਿਆਰ ਵਜੋਂ ਵਰਤਿਆ ਗਿਆ ਹੈ। ਨਾਰੀ ਦਾ ਉਹ ਸਤਿਕਾਰਿਤ ਸਥਾਨ ਇਸੇ ਸਰਮਾਏਦਾਰੀ ਪ੍ਰਣਾਲੀ ਦੀ ਬਲੀ ਚਾੜ੍ਹ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਔਰਤ ਪੈਰ-ਪੈਰ ’ਤੇ ਕਦਮ-ਕਦਮ ’ਤੇ ਮਾਨਸਿਕ ਤੇ ਸਮਾਜਿਕ ਉਤਪੀੜਨ ਦਾ ਸ਼ਿਕਾਰ ਹੋ ਰਹੀ ਹੈ। ਇਹ ਇਸੇ ਪ੍ਰਣਾਲੀ ਦੀ ਹੀ ਉਪਜ ਹੈ ਕਿ ਨੌਜਵਾਨਾਂ ਤੇ ਇਹੋ ਜਿਹੇ ਮਨੋਰੰਜਨ ਦਾ ਅਸਰ ਅਜਿਹਾ ਹੁੰਦਾ ਹੈ ਤੇ ਉਹ ਸਮਾਜਿਕ ਦਿਸ਼ਾ ਤੋਂ ਭਟਕ ਗਏ ਹਨ। ਸਮਾਜਿਕ ਪ੍ਰਸਥਿਤੀਆਂ ਇਹੋ ਜਿਹੀਆਂ ਪੈਦਾ ਹੋ ਗਈਆਂ ਹਨ ਕਿ ਰੋਜ਼ਾਨਾ ਹਜ਼ਾਰਾਂ ਔਰਤਾਂ ਬਲਾਤਕਾਰ ਤੇ ਮਨੁੱਖੀ ਕੁਕਰਮਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਫਿਲਮੀ ਉਦਯੋਗ ਵਿਚ ਇਸ ਤਰ੍ਹਾਂ ਦੇ ਘਟੀਆ ਫੰਡੇ ਅਪਣਾਏ ਜਾਂਦੇ ਹਨ ਕਿ ਵੱਧ ਤੋਂ ਵੱਧ ਮੁਨਾਫ਼ਾ ਕਿਵੇਂ ਕਮਾਇਆ ਜਾਵੇ। ਅੱਜ ਹਰੇਕ ਫਿਲਮ ਵਿਚ ‘ਆਈਟਮ ਸੌਂਗ’ ਦੇ ਨਾਂ ’ਤੇ ਅਜਿਹੀ ਗੰਦਗੀ ਦਿਖਾਈ ਜਾਂਦੀ ਹੈ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਫਿਲਮੀ ਖੇਤਰ ਦਾ ਉਸ ਤੋਂ ਵੀ ਘਿਨੌਣਾ ਚਿਹਰਾ ਉਦੋਂ ਨਜ਼ਰ ਆਉਂਦਾ ਹੈ ਜਦੋਂ ਧਰਤੀ ਦਾ ਪ੍ਰਤੀਕ ਸਾਡੀ ਮਾਂ ਨੂੰ ਹੀ ‘ਆਈਟਮ ਗਰਲ’ ਦਾ ਨਾਂ ਦੇ ਕੇ ਸਮੁੱਚੀ ਮਨੁੱਖਤਾ ਨੂੰ ਕਲੰਕ ਦੇ ਦਿੱਤਾ ਹੈ। ਜ਼ਰਾ ਸੋਚੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਿਰਫ਼ ਤੇ ਸਿਰਫ਼ ਇਹੀ ਜਾਣਦੀ ਹੋਵੇ ਕਿ ਰਾਹ ਜਾਂਦੀਆਂ ਕੁੜੀਆਂ ਨੂੰ ‘ਹਾਏ ਕਿਆ ਆਈਟਮ ਹੈ?’ ਕਹਿ ਕੇ ਛੇੜਨਾ ਹੈ। ਕੀ ਹੁਣ ਘਰਾਂ ਵਿਚ ਵੀ ਆਪਣੀਆਂ ਧੀਆਂ ਜਾਂ ਭੈਣਾਂ ਨੂੰ ਵੀ ‘ਆਈਟਮ’ ਕਹਿ ਕੇ ਬੁਲਾਇਆ ਕਰਾਂਗੇ। ਸਾਡੇ ਸਮਾਜਿਕ ਪ੍ਰਬੰਧ ਨੂੰ ਵਿਗਾੜਨ ਲਈ ਤੇ ਮੁਲਕ ਵਿਚ ਰਾਜਸੀ ਅਰਾਜਕਤਾ ਪੈਦਾ ਕਰਨ ਨਾਲ ਸਰਮਾਏਦਾਰੀ ਨੇ ਆਪਣੇ ਕੋਝੇ ਹਿੱਤਾਂ ਦੀ ਪੂਰਤੀ ਕੀਤੀ ਹੈ। ਨਾਰੀ ਦੀ ਮਹਾਨਤਾ ਨੂੰ ਖਤਮ ਕਰਨ ਵਾਲੇ ਹਿੱਤ ਜੇ ਇਸੇ ਤਰ੍ਹਾਂ ਸਫ਼ਲ ਹੁੰਦੇ ਰਹੇ ਤਾਂ ਸਮਾਜ ਵਿਚ ਅਸੰਤੁਲਨ ਪੈਦਾ ਹੋ ਜਾਵੇਗਾ। ਇਹ ਅਸੰਤੁਲਨ ਮਨੁੱਖੀ ਹੋਂਦ ਲਈ ਖਤਰਾ ਹੈ। ਹਰ ਘਰ ਵਿਚ ਬੱਚੇ-ਬੱਚੇ ਦੀ ਜ਼ੁਬਾਨ ਤੇ ‘ਮੁੰਨੀ ਬਦਨਾਮ ਹੂਈ’, ‘ਸ਼ੀਲਾ ਕੀ ਜਵਾਨੀ’, ‘ਜਲੇਬੀ ਬਾਈ’ ਪ੍ਰਚਲਿਤ ਹੈ। ਕਲਾ ਨੂੰ ਕਿਹੜਾ ਰੂਪ ਦੇ ਦਿੱਤਾ ਗਿਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵਿਚ ਨਾਰੀ ਸਿਰਫ਼ ਇਕ ‘ਆਈਟਮ’ ਹੋਵੇਗੀ, ਇਕ ਵਸਤੂ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਸਾਡੇ ਬੱਚਿਆਂ ਨੂੰ ਝਾਂਸੀ ਕੀ ਰਾਣੀ, ਮਾਤਾ ਸੁੰਦਰੀ, ਮਾਤਾ ਗੁਜਰੀ, ਕਲਪਨਾ ਚਾਵਲਾ ਜਾਂ ਮਦਰ ਟੈਰੇਸਾ ਬਾਰੇ ਕੋਈ ਗਿਆਨ ਨਹੀਂ ਹੋਵੇਗਾ ਬਲਕਿ ‘ਮੁੰਨੀ, ਸ਼ੀਲਾ, ਚਮੇਲੀ ਤੇ ਜਲੇਬੀ ਬਾਈ ਦਾ ਅਕਸ ਉਹਨਾਂ ਦੇ ਜ਼ਿਹਨ ਵਿਚ ਜ਼ਰੂਰ ਹੋਵੇਗਾ।
ਜਦੋਂ ਕਿਸੇ ਸਮਾਜ ਦੇ ਆਦਰਸ਼ ਸਿਰਫ਼ ਤੇ ਸਿਰਫ਼ ਪੈਸੇ ਦੀ ਬਲੀ ਚਾੜ੍ਹ ਦਿੱਤੇ ਜਾਣ ਤਾਂ ਅਜਿਹੀਆਂ ਕੌਮਾਂ ਇਤਿਹਾਸ ਦੇ ਲੰਮੇ ਦੌਰ ਵਿਚ ਆਪਣੀ ਪਛਾਣ ਕਾਇਮ ਨਹੀਂ ਰੱਖ ਸਕਦੀਆਂ। ਅੱਜ ਲੋੜ ਹੈ ਕਿ ਬੁੱਧੀਜੀਵੀ ਵਰਗ ਅਜਿਹੇ ਦੌਰ ਵਿਚ ਸਮਾਜ ਦੇ ਆਦਰਸ਼ਾਂ ਦੀ ਹੋਂਦ ਲਈ ਠੋਸ ਯਤਨ ਆਰੰਭ ਕਰੇ। ਸਾਡੇ ਵਿੱਦਿਅਕ ਪ੍ਰਬੰਧ ਲਈ ਅਜਿਹੀਆਂ ਨੀਤੀਆਂ ਘੜੀਆਂ ਜਾਣ ਕਿ ਨਵੀਂ ਪੀੜ੍ਹੀ ਸਮਾਜ ਦੀਆਂ ਕਦਰਾਂ-ਕੀਮਤਾਂ ਨਾਲ ਜ਼ਰੂਰੀ ਤੌਰ ’ਤੇ ਜੁੜ ਕੇ ਰਹੇ। ਸਮਾਜਿਕ ਸੇਧ ਦੇਣ ਵਾਲਾ ਸਾਹਿਤ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਜਾਣਾ ਅਤਿ-ਜ਼ਰੂਰੀ ਹੈ। ਜੀਵਨ ਦੇ ਹਰ ਖੇਤਰ ਵਿਚ ਵਪਾਰਕ ਮੁੱਲਾਂ ਦੀ ਅਹਿਮੀਅਤ ਨਹੀਂ ਹੁੰਦੀ। ਮਨੁੱਖੀ ਹੋਂਦ ਲਈ ਭਾਵਨਾਵਾਂ, ਰਿਸ਼ਤੇ ਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਥਾਂ ਪਹਿਲੀ ਅਤੇ ਸਭ ਤੋਂ ਉੱਚੀ ਹੁੰਦੀ ਹੈ। ਇਸ ਲਈ ਪਹਿਲੇ ਯਤਨ ਇਹੀ ਜ਼ਰੂਰੀ ਹਨ ਕਿ ਸਮਾਜਿਕ ਪ੍ਰਬੰਧ ਅਤੇ ਮਨੁੱਖੀ ਆਦਰਸ਼ਾਂ ’ਤੇ ਸਿਰਫ਼ ਤੇ ਸਿਰਫ਼ ਮੰਡੀ ਜਾਂ ਵਪਾਰਕ ਹਿੱਤਾਂ ਨੂੰ ਕਾਬਜ਼ ਨਾ ਹੋਣ ਦਿੱਤਾ ਜਾਵੇ। ਇਤਿਹਾਸ ਤੇ ਮਾਣ-ਮੱਤੇ ਵਿਰਸੇ ਨੂੰ ਘਿਨੌਣੀਆਂ ਸਾਜ਼ਿਸ਼ਾਂ ਦੀ ਬਲੀ ਨਾ ਚੜ੍ਹਾਇਆ ਜਾਵੇ। ਨਾਰੀ ਦੇ ਸਤਿਕਾਰ ਤੋਂ ਬਿਨਾਂ ਕੋਈ ਕੌਮ ਮਹਾਨ ਨਹੀਂ ਅਖਵਾ ਸਕਦੀ। ਸਮਾਜ ਨੂੰ ਅਸੰਤੁਲਿਤ ਹੋਣ ਤੋਂ ਬਚਾਉਣ ਲਈ ਜੱਗ-ਜਨਣੀ ਦਾ ਹਿੱਤ ਅਤੇ ਸਤਿਕਾਰ ਕੀਤਾ ਜਾਵੇ।