ਪੰਜਾਬੀ ਯੂਨੀਵਰਸਿਟੀ ਦਾ ਡਬਲਰੋਲ - ਸੁਮੀਤ ਸ਼ੰਮੀ
Posted on:- 25-09-2013
ਪੰਜਾਬੀ ਯੂਨੀਵਰਸਿਟੀ ਵਿਸ਼ਵ ਦੀ ਦੂਸਰੀ ਅਜਿਹੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ’ਤੇ ਬਣੀ ਹੈ। ਇਸੇ ਕਰਕੇ ਇਸ ਦੇ ਉੱਪਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਆਪਣੀ ਇਸ ਭਾਸ਼ਾ ਦੀ ਸੇਵਾ ਕਰੇ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਨਜਿੱਠਣ ਲਈ ਯਤਨਸ਼ੀਲ ਰਹੇ। ਇਸ ਕੰਮ ਲਈ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਯਤਨਸ਼ੀਲ ਰਹੀ ਵੀ ਹੈ। ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰਖਿਆ ਹੋਇਆ ਹੈ ਇਸ ਯੂਨੀਵਰਸਿਟੀ ਨੇ। ਯੂਨੀਵਰਸਿਟੀ ਵਿਚ ਆਰਟ ਗੈਲਰੀ ਹੈ, ਜਿੱਥੇ ਪੰਜਾਬੀ ਸੱਭਿਆਚਾਰ ਦਾ ਖਜ਼ਾਨਾ ਭਰਿਆ ਪਿਆ ਹੈ।
ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬੀ ਗਾਇਕੀ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਗਾਇਕੀ ਨੇ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ `ਤੇ ਰਾਜ ਕੀਤਾ ਹੈ। ਹੁਣ ਪੰਜਾਬੀ ਗਾਇਕੀ ਬਾਲੀਵੁੱਡ ਤੱਕ ਆਪਣੇ ਪੈਰ ਜਮਾ ਚੁੱਕੀ ਹੈ। ਇਸ ਸਦੀ ਤੇ ਸ਼ੁਰੂ ਤੋਂ ਇਹ ਆਪਣੇ ਲੱਚਰਪੁਣੇ ਕਾਰਣ ਕਾਫੀ ਸੁਰਖੀਆਂ ਵਿਚ ਵੀ ਹੈ। ਇਸ ਗੱਲ ਦਾ ਪਿਛਲੇ ਦਿਨੀਂ ਕਾਫੀ ਵਿਰੋਧ ਵੀ ਹੋਇਆ। ਕੁਝ ਗਾਇਕਾਂ ਦੀ ਵਿਆਹਾਂ ਸ਼ਾਦੀਆਂ ਮੌਕੇ ਛਿੱਤਰ ਪਰੇਡ ਵੀ ਹੋਈ ਜੋ ਆਪਾਂ ਅਖਬਾਰਾਂ ਵਿਚ ਪੜੀ।
ਪੰਜਾਬੀ ਯੂਨੀਵਰਸਿਟੀ ਵਿਚ ਵੀ ਪਿਛਲੇ ਦਿਨੀਂ ਬਹੁਤ ਪ੍ਰਚਾਰ ਕੀਤਾ ਗਿਆ ਕਿ ਪੰਜਾਬੀ ਗਾਇਕੀ ਨੂੰ ਕੁਝ ਲੋਕ ਵਿਗਾੜ ਰਹੇ ਹਨ, ਪੰਜਾਬੀ ਸੱਭਿਆਚਾਰ ਦੀ ਸੰਭਾਲ ਨਹੀਂ ਹੋ ਰਹੀ। ਪੰਜਾਬੀ ਮਾਂ ਬੋਲੀ ਗੰਧਲੀ ਹੋ ਰਹੀ ਹੈ, ਵਗੈਰਾ ਵਗੈਰਾ......। ਪੰਜਾਬੀ ਗਾਇਕੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਮੀਨਾਰ ਵੀ ਕਰਵਾਏ ਗਏ। ਇਕ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਸਾਹਿਬ ਦੀ ਮੌਜੁਦਗੀ ਵਿਚ ਪੰਜਾਬੀ ਵਿਭਾਗ ਵੱਲੋਂ ਵੀ ਕਰਵਾਇਆ ਗਿਆ ਸੀ, ਜਿਸ ਵਿਚ ਪੰਜਾਬੀ ਦੇ ਨਾਮੀ ਗਾਇਕ ਹੰਸ ਰਾਜ ਹੰਸ, ਪੰਜਾਬ ਦੇ ਭਦੌੜ ਹਲਕੇ ਤੋਂ ਚੁਣੇ ਵਿਧਾਇਕ ਮੁਹੰਮਦ ਸਦੀਕ ਸਾਹਿਬ, ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਵੀ ਮੌਜੂਦ ਸਨ। ਉੱਥੇ ਉਹਨਾਂ ਪੰਜਾਬੀ ਗਾਇਕੀ ਨੂੰ ਗੰਧਲਾ ਕਰ ਰਹੇ ਯੁਵਾ ਗਾਇਕਾਂ ਦੀ ਵਾਲ ਦੀ ਛਿੱਲ ਉਦੇੜ ਦਿੱਤੀ। ਭਾਵ ਕਹਿਣ ਦਾ ਕਿ ਪੰਜਾਬੀ ਮਾਂ ਬੋਲੀ ਦੇ ਨਾਮ `ਤੇ ਅਤੇ ਲੱਚਰ ਗਾਇਕੀ ਦੇ ਵਿਰੋਧ ਦੇ ਨਾਮ `ਤੇ ਵੀ ਰੋਟੀਆਂ ਸੇਕੀਆਂ ਗਈਆਂ।
ਉਸ ਤੋਂ ਬਾਅਦ ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋਂ ਵੀ ਇਸੇ ਵਿਸ਼ੇ ਉੱਪਰ ਪ੍ਰੋਗਰਾਮ ਕਰਵਾਇਆ ਗਿਆ। ਗਲੋਬਲ ਪੰਜਾਬ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਆਈ.ਏ.ਐਸ. ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਹਰਜਿੰਦਰ ਸਿੰਘ ਵਾਲੀਆ ਵੀ ਯੂਨੀਵਰਸਿਟੀ ਦੇ ਮੋਹਰੀ ਪ੍ਰੋਫੈਸਰਾਂ ਵਿੱਚੋਂ ਆਉਂਦੇ ਹਨ। ਇਹ ਸੈਮੀਨਾਰ ਵੀ ਪੰਜਾਬੀ ਯੁਨੀਵਰਸਿਟੀ ਦੇ ਆਈ.ਏ.ਐਸ. ਸੈਂਟਰ ਵਿਚ ਹੋਇਆ। ਇਸ ਸੈਮੀਨਾਰ ਵਿਚ ਕੁਝ ਐਨ.ਆਰ.ਆਈ., ਪੰਜਾਬੀ ਗੀਤਕਾਰ ਧਰਮ ਕਮਿਆਣਾ, ਪੰਜਾਬੀ ਗਾਇਕ ਪੰਮੀ ਬਾਈ, ਡਾ. ਸੁਰਜੀਤ ਸਿੰਘ ਭੱਟੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਜਿੰਦਰ ਪਾਲ ਬਰਾੜ ਵੀ ਮੌਜੂਦ ਸਨ।
ਜਿੱਥੇ ਪੰਜਾਬੀ ਗਾਇਕੀ ਦਾ ਮਿਆਰ ਉਚੇਰਾ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਯੂਨੀਵਰਸਿਟੀ ਵਿਚ ਕੀਤੇ ਜਾਂਦੇ ਹਨ, ਉੱਥੇ ਪੰਜਾਬੀ ਯੂਨੀਵਰਸਿਟੀ ਵਿਚ ਹੀ ਯੂਥ ਫੈਸਟੀਵਲਾਂ ਦੌਰਾਨ ਅਜਿਹੇ ਗਾਇਕ ਵੀ ਬੁਲਾਏ ਜਾਂਦੇ ਹਨ ਜਿਨ੍ਹਾਂ ਦੀ ਗਾਇਕੀ ਲਈ `ਲੱਚਰ` ਸ਼ਬਦ ਵਰਤਣਾ ਬਹੁਤ ਛੋਟਾ ਸ਼ਬਦ ਹੋਵੇਗਾ। ਪਿਛਲੇ ਕੁਝ ਸਾਲ ਪਹਿਲਾਂ ਜੇਕਰ ਨਜ਼ਰ ਮਾਰੀਏ ਤਾਂ ਇਕ ਫੈਸਟੀਵਲ ਵਿਚ ਪੰਜਾਬੀ ਗਾਇਕ ਲਾਭ ਜੰਜੂਆ ਨੂੰ ਬੁਲਾਇਆ ਗਿਆ, ਜਿਸਨੇ ਕੁੜੀਆਂ ਵੱਲ ਇਸ਼ਾਰੇ ਕਰ-ਕਰਕੇ `ਜੀ ਕਰਦਾ ਬਾਈ ਜੀ ਕਰਦਾ ਤੈਨੂੰ ਜੱਫੀਆਂ ਪਾਉਣ ਨੂੰ ਜੀ ਕਰਦਾ` ਵਾਲਾ ਗੀਤ ਗਾਇਆ। ਇਸ ਫੈਸਟੀਵਲ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਯੂਥ ਫੈਸਟੀਵਲ ਵਿਚ ਯੁੱਧਵੀਰ ਮਾਣਕ, ਸਤਿੰਦਰ ਬੁੱਗਾ ਜਿਹੇ ਗਾਇਕ ਵੀ ਕਈ ਵਾਰ ਯੂਨੀਵਰਸਿਟੀ ਵਿਚ ਬੁਲਾਏ ਗਏ ਹਨ। ਇਹ ਫੈਸਟੀਵਲ ਪੰਜਾਬੀ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਕਰਵਾਇਆ ਗਿਆ, ਜਿਸਦੇ ਡਾਇਰੈਕਟਰ ਪਿਛਲੇ 5 ਸਾਲਾਂ ਤੋਂ ਡਾ. ਸਤੀਸ਼ ਕੁਮਾਰ ਵਰਮਾ ਹਨ ਤੇ ਉਹ ਵੀ ਉਸ ਹਾਲ ਵਿਚ ਮੌਜੂਦ ਸਨ। ਡਾ. ਵਰਮਾ ਨੂੰ ਵੀ ਕਈ ਵਾਰ ਅਖਬਾਰਾਂ ਵਿਚ ਪੜਿਆ ਹੈ ਤੇ ਯੂਨੀਵਰਸਿਟੀ ਵਿਚ ਬੋਲਦਿਆਂ ਵੀ ਸੁਣਿਆ ਹੈ। ਉਹਨਾਂ ਨੇ ਵੀ ਲੱਚਰ ਗਾਇਕੀ ਦੇ ਵਿਰੋਧ ਵਿਚ ਕਈ ਵਾਰ ਬੋਲਿਆ ਹੈ।
ਇਸ ਸਾਲ ਪੰਜਾਬੀ ਯੂਨੀਵਰਸਿਟੀ ਵਿਚ ਮਨਾਈ ਗਈ ਲੋਹੜੀ ਉੱਪਰ ਉਹਨਾਂ ਲੱਚਰ ਗਾਇਕਾਂ ਦੇ ਗੀਤਾਂ ਉੱਪਰ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਠੁਮਕੇ ਲਗਾਏ। ਇਹ ਲੋਹੜੀ ਸਿਰਫ ਵਿਦਿਆਰਥੀਆਂ ਨੇ ਹੀ ਨਹੀਂ ਮਨਾਈ ਬਲਕਿ ਹਰੇਕ ਵਿਭਾਗ ਦੇ ਲੈਕਚਰਾਰ ਅਤੇ ਪ੍ਰੋਫੈਸਰ ਸਾਹਿਬਾਨ ਵੀ ਇਸ ਵਿਚ ਮੌਜੂਦ ਸਨ, ਭਾਵੇਂ ਉਹ ਥੋੜੀ ਦੇਰ ਲਈ ਹੀ ਸਨ। ਲੋਹੜੀ ਲੰਘੀ ਨੂੰ ਇਕ ਮਹੀਨਾ ਹੀ ਹੋਇਆ ਸੀ ਕਿ 14 ਫਰਵਰੀ ਵੈਲਨਟਾਈਨ-ਡੇ ਵੀ ਆ ਗਿਆ। ਪੰਜਾਬ ਦਾ ਇਹ ਮੰਨਿਆਂ ਜਾਂਦਾ ਅਦਾਰਾ ਜਿੱਥੋਂ ਬੁੱਧੀ-ਜੀਵੀ ਪੈਦਾ ਹੁੰਦੇ ਹਨ, ਪੰਜਾਬੀ ਯੂਨੀਵਰਸਿਟੀ ਦੇ ਵਿਚ ਵੀ ਵੈਲਨਟਾਈਨ-ਡੇ ਮਨਾਇਆ ਗਿਆ, ਪਰ ਇਸ ਵਾਰ ਥੋੜਾ ਫਰਕ ਸੀ। ਫਰਕ ਇਹ ਸੀ ਕਿ ਇਹ ਤਿਉਹਾਰ ਪੂਰੀ ਯੂਨੀਵਰਸਿਟੀ ਵੱਲੋਂ ਨਹੀਂ ਬਲਕਿ ਸਿਰਫ ਐਮ.ਬੀ.ਏ. ਵਿਭਾਗ ਵੱਲੋਂ ਇਕ `ਸਪਰਿੰਗਜ਼` ਨਾਮ ਦਾ ਮੇਲਾ ਆਯੋਜਿਨ ਕਰਕੇ ਮਨਾਇਆ ਗਿਆ, ਪਰ ਇਸ ਮੇਲੇ ਵਿਚ ਸ਼ਿਰਕਤ ਹਰ ਵਿਭਾਗ ਦੇ ਵਿਦਿਆਰਥੀ ਨੇ ਕੀਤੀ। ਪਰ ਇਹ ਮੇਲਾ ਵੀ ਯੋ-ਯੋ ਸ਼ਹਿਦ ਸਿੰਘ (ਹਨੀ ਸਿੰਘ).... ਦੇ "ਮੁੰਨੀ ਨੂੰ ਮਨਾ ਲਉ ਤੇ ਅੱਧੇ ਪੈਸੇ ਪਾ ਲਉ" ਤੇ ਹੋਰ ਅਜਿਹੇ ਗੀਤਾਂ ਤੋਂ ਅਛੁਤਾ ਨਾ ਰਹਿ ਸਕਿਆ। ਜਿਸ ਉੱਪਰ ਵਿਦਿਆਰਥੀ ਨੱਚਦੇ ਨਜ਼ਰ ਆਏ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਹ ਪ੍ਰੋਗਰਾਮ ਮਾਨਯੋਗ ਵਾਈਸ ਚਾਂਸਲਰ ਸਾਹਿਬ ਅਤੇ ਹੋਰ ਮੁੱਖ ਅਥਾਰਟੀ ਜਿਸ ਵਿਚ ਡੀਨ ਆਦਿ ਸ਼ਾਮਿਲ ਹਨ ਦੀ ਮਨਜ਼ੂਰੀ ਤੋਂ ਬਿਨਾਂ ਯੂਨੀਵਰਸਿਟੀ ਵਿਚ ਨਹੀਂ ਹੁੰਦੇ। ਦੂਜੇ ਪਾਸੇ ਜੇਕਰ ਕੋਈ ਸੈਮੀਨਾਰ ਦਾ ਆਯੋਜਨ ਵੀ ਕਰਨਾ ਹੈ ਤਾਂ ਉਹ ਵੀ ਯੂਨੀਵਰਸਿਟੀ ਦੀ ਅਥਾਰਟੀ ਦੀ ਮਨਜ਼ੂਰੀ ਨਾਲ ਹੀ ਹੁੰਦਾ ਹੈ।
ਫਿਰ 20 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਵਿਚ `ਫੇਟ` ਨਾਮ ਦਾ ਇਕ ਹੋਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਲੋਹੜੀ ਦੇ ਪ੍ਰੋਗਰਾਮ ਅਤੇ `ਸਪਰਿਗਜ਼` ਨਾਮੀ ਪ੍ਰੋਗਰਾਮ ਤੋਂ ਵੀ ਵੱਡਾ ਸੀ। ਭਾਵੇਂ ਇਸ ਪ੍ਰੋਗਰਾਮ ਵਿਚ ਉਹਨਾਂ ਗਾਇਕਾਂ ਦੇ ਗੀਤ ਨਹੀਂ ਵਜਾਏ ਗਏ ਜਿਨ੍ਹਾਂ ਨੂੰ ਬੈਸਟ ਲੱਚਰ ਗਾਇਕੀ ਦਾ ਐਵਾਰਡ ਜਾਂਦਾ ਹੈ ਇਕ ਗੱਲ ਚੰਗੀ ਕੀਤੀ ਕਿ ਇਹਨਾਂ ਗਾਇਕਾਂ ਦਾ ਇਸ ਪ੍ਰੋਗਰਾਮ ਵਿਚ ਬਾਈਕਾਟ ਕੀਤਾ ਗਿਆ ਸੀ। ਪਰ ਫਿਰ ਵੀ ਉਹ ਗੀਤ ਨਹੀਂ ਸਨ, ਜੋ ਇਕ ਯੂਨੀਵਰਸਿਟੀ ਵਰਗੇ ਅਦਾਰੇ ਵਿਚ ਹੋਣੇ ਚਾਹੀਦੇ ਹਨ। ਨੌਜਵਾਨੀ ਨੁੰ ਕੁਰਾਹੇ ਪਾਉਣ ਵਾਲੇ ਗੀਤ ਜਿਵੇਂ ਕੈਰੀ ਆਨ ਜੱਟਾ, ਫਰਕ ਬੜੇ ਨੇ ਯੈਂਕਣੇ ਆਦਿ ਗੀਤ ਇਸ ਪ੍ਰਗੋਰਾਮ ਵਿਚ ਜ਼ਰੂਰ ਚਲਾਏ ਗਏ।
ਫਿਰ ਇਸ ਤੋਂ ਬਾਅਦ ਐਮ.ਬੀ.ਏ. ਵਿਭਾਗ ਵੱਲੋਂ ਇਕ ਪ੍ਰੋਗਰਾਮ ਹੋਰ ਆਯੋਜਿਤ ਕੀਤਾ। ਪੰਜਾਬੀ ਯੂਨੀਵਰਸਿਟੀ ਜੋ ਕਿ ਇਕ ਵਿੱਦਿਅਕ ਅਦਾਰਾ ਹੈ, ਇਸ ਪ੍ਰੋਗਰਾਮ ਨੇ ਯੂਨੀਵਰਸਿਟੀ ਨੂੰ ਮੈਰਿਜ ਪੈਲੇਸ ਦੀ ਰੰਗਤ ਦਿੱਤੀ। ਇਸ ਪ੍ਰੋਗਰਾਮ ਵਿਚ ਮਨਮੋਹਨ ਵਾਰਿਸ ਜੋ ਆਪਣੇ ਇਕ ਗੀਤ ਵਿਚ ਨੌਜਵਾਨਾਂ ਨੂੰ ਹਿਜ਼ਰ ਵਿਚ ਸਮੈਕ ਪੀਣ ਲਈ ਉਤਸ਼ਾਹਿਤ ਕਰ ਰਿਹਾ ਹੈ, ਜੱਸੀ ਸਿੱਧੂ, ਪ੍ਰਭ ਗਿੱਲ ਗਾਇਕ ਬੁਲਾਏ ਗਏ। ਜਿਸ ਵਿਚ ਯੂਨੀਵਰਸਿਟੀ ਦੀਆਂ ਵਿਦਿਆਰਥਣਾ ਨੂੰ ਬੈਠਣ ਦੀ ਆਗਿਆ ਨਹੀਂ ਸੀ, ਸਗੋਂ ਜੋ ਵਿਅਕਤੀ ਯੂਨੀਵਰਸਿਟੀ ਤੋਂ ਬਾਹਰ ਦੇ ਬੁਲਾਏ ਗਏ ਸਨ ਉਹਨਾਂ ਨੂੰ ਪ੍ਰੋਗਰਾਮ ਦੇਖਣ ਦੀ ਇਜਾਜ਼ਤ ਸੀ। ਇਸ ਪ੍ਰੋਗਰਾਮ ਦੇ ਵਿਚ ਹੀ ਇਕ ਫੈਸ਼ਨ ਸ਼ੌਅ ਵੀ ਕਰਵਾਇਆ ਗਿਆ, ਜਿਸ ਵਿਚ ਭਾਗ ਲੈ ਰਹੀਆਂ ਲੜਕੀਆਂ ਨੇ ਛੋਟੇ-ਛੋਟੇ ਪਾ ਕੇ ਫੈਸ਼ਨ ਸ਼ੌਅ ਵਿਚ ਸ਼ਿਰਕਤ ਕੀਤੀ। ਉਹ ਕੱਪੜੇ ਇੰਨੇ ਕੁ ਛੋਟੇ ਸਨ ਕਿ ਉਹ ਪਾ ਕੇ ਆਮ ਪਰਿਵਾਰਾਂ ਦੀਆਂ ਲੜਕੀਆਂ ਆਪਣੇ ਮਾਪਿਆਂ ਸਾਹਮਣੇ ਨਹੀਂ ਬੈਠ ਸਕਦੀਆਂ। ਇਸ ਉਪਰ ਕੁਝ ਵਿਦਿਆਰਥੀ ਜਥੇਬੰਦੀਆਂ ਨੇ ਇਤਰਾਜ਼ ਵੀ ਕੀਤਾ।
ਇੱਥੇ ਹੀ ਬੱਸ ਨਹੀਂ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਵਰਗੇ ਗਾਇਕਾਂ ਨੂੰ ਯੂਨੀਵਰਸਿਟੀ ਵਿਚ ਫਿਲਮਾਂ ਦੀ ਸ਼ੂਟਿੰਗ ਕਰਨ ਲਈ ਵੀ ਥਾਂ ਦਿੱਤੀ ਜਾਂਦੀ ਹੈ। ਉਪਰੋਕਤ ਦੋਨੋ ਗਾਇਕ ਲੱਚਰ ਗੀਤਾਂ (ਲੱਕ ਟਵੰਟੀ ਏਟ ਅਤੇ ਅੰਗਰੇਜ਼ੀ ਬੀਟ ਤੇ) ਕਾਰਨ ਸੁਰਖੀਆਂ ਵਿਚ ਹਨ। ਇਸੇ ਅਦਾਰੇ ਵਿਚ ਹੀ ਪੰਜਾਬੀ ਫਿਲਮਾਂ ਜੋ ਪੰਜਾਬੀ ਸਿਨਮੇ ਦਾ ਮਿਆਰ ਦਿਨੋਂ-ਦਿਨ ਹੇਠਾਂ ਕਰ ਰਹੀਆਂ ਹਨ, ਉਹਨਾਂ ਫਿਲਮਾ ਦੇ ਅਦਾਕਾਰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਆਉਂਦੇ ਹਨ। ਕੀ ਇਸ ਅਦਾਰੇ ਵਿਚ ਇਹ ਕਹਿ ਕੇ ਇਹਨਾਂ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਕਿ ਜੇਕਰ ਸਾਫ ਸੁਥਰੀ ਗਾਇਕੀ ਕਰੋਗੇ ਤਾਂ ਹੀ ਅਸੀਂ ਇਸ ਅਦਾਰੇ ਵਿਚ ਸ਼ੂਟਿੰਗ ਕਰਨ ਦੇਵਾਂਗੇ। ਪਰ ਨਹੀਂ ਇਹ ਸਭ ਨਹੀਂ ਕੀਤਾ ਗਿਆ।
ਜਿਸ ਅਦਾਰੇ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਵਿਦਿਆਰਥੀਆਂ ਨੂੰ (ਦੇਸ਼ ਦੇ ਭਵਿੱਖ ਨੂੰ) ਕੋਈ ਚੰਗੀ ਸੇਧ ਦੇਵੇਗਾ ਪਰ ਇਹ ਅਦਾਰਾ ਵਿਦਿਆਰਥੀਆਂ ਨੂੰ ਅਸ਼ਲੀਲ ਗੀਤਾਂ ਉੱਪਰ ਨੱਚਣ-ਠੁਮਕੇ ਲਗਾਉਣ ਲਈ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ। ਉਪਰੋਕਤ ਗੱਲਾਂ ਤੋਂ ਸਾਨੂੰ ਪੰਜਾਬੀ ਯੂਨੀਵਰਸਿਟੀ ਦੀ ਅਥਾਰਟੀ ਦੇ ਡਬਲ ਰੋਲ ਬਾਰੇ ਪਤਾ ਲੱਗਦਾ ਹੈ। ਇੱਕ ਪਾਸੇ ਇਸੇ ਅਦਾਰੇ ਵੱਲੋਂ ਇਹਨਾਂ ਗੀਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਅਥਾਰਟੀ ਵੱਲੋਂ `ਫੇਟ` ਤੇ `ਸਪਰਿੰਗਜ਼` ਨਾਮ ਦੇ ਪ੍ਰੋਗਰਾਮ ਉੱਪਰ ਅਸ਼ਲੀਲ ਗੀਤਾਂ ਦਾ ਆਯੋਜਨ ਕਰਵਾ ਕੇ ਅਜਿਹੇ ਗੀਤਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।
ਯੁਨੀਵਰਸਿਟੀ ਉਹ ਅਦਾਰਾ ਹੈ, ਜੋ ਅਗਾਂਹਵਧੂ ਚੇਤਨ ਵਿਦਿਆਰਥੀਆਂ ਨੂੰ ਨਿਪੁੰਸਕ ਕਰਨ ਦਾ ਕਾਰਜ ਕਰਦਾ ਹੈ। ਉਹੀ ਵਿਦਿਆਰਥੀ ਜੋ ਯੂਥ ਫੈਸਟੀਵਲਾਂ, ਲੋਹੜੀ, ਸਪਰਿੰਗਜ਼, ਫੇਟ ਨਾਮ ਦੇ ਪ੍ਰੋਗਰਾਮਾਂ ਵਿਚ ਹਾਜ਼ਰ ਸਨ ਉਹੀ ਉਹਨਾਂ ਸੈਮੀਨਾਰਾਂ ਵਿਚ ਵੀ ਸਨ। ਉਹੀ ਅਥਾਰਟੀ ਜੋ ਯੂਥ ਫੈਸਟੀਵਲਾਂ, ਲੋਹੜੀ, ਸਪਰਿੰਗਜ਼, ਫੇਟ ਨਾਮ ਦੇ ਪ੍ਰੋਗਰਾਮ ਉਲੀਕਦੀ ਹੈ ਉਹੀ ਸੋਧਵਾਦੀ ਹੋਣ ਦਾ ਦਿਖਾਵਾ ਕਰਕੇ ਅਸ਼ਲੀਲ ਗੀਤਾਂ ਵਿਰੁੱਧ ਸੈਮੀਨਾਰ ਵੀ ਕਰਵਾਉਂਦੀ ਹੈ।
ਇਕ ਪਾਸੇ ਇਹਨਾਂ ਗੀਤਾਂ ਨੂੰ ਲਿਖਣ ਵਾਲਿਆਂ ਅਤੇ ਗਾਉਣ ਵਾਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਹਨਾਂ ਹੀ ਗੀਤਾਂ ਨੂੰ ਆਪਣੇ ਅਦਾਰੇ ਵਿਚ ਗਾਉਣ ਲਈ ਉਹਨਾਂ ਗਾਇਕਾਂ ਨੂੰ ਸੱਦਿਆ ਵੀ ਜਾਂਦਾ ਹੈ ਅਤੇ ਉਹਨਾਂ ਦੇ ਗੀਤ ਡੀ.ਜੇ. ਉੱਪਰ ਵੀ ਵਜਾਏ ਜਾਂਦੇ ਹਨ। ਮੈਂ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਹਾਂ ਪਰ ਮੈਨੂੰ ਇਹ ਦੋਗਲੀ ਨਿਤੀ ਕੁਝ ਸਮਝ ਨਹੀਂ ਆ ਰਹੀ। ਇੱਕ ਪਾਸੇ ਤਾਂ ਉਹਨਾਂ ਵਿਦਿਆਰਥੀਆਂ ਨੂੰ ਜੋ ਇਸ ਤਰ੍ਹਾਂ ਦੀ ਗਾਇਕੀ ਦੇ ਵਿਰੁੱਧ ਹਨ ਸ਼ਾਂਤ ਕਰਨ ਲਈ ਸੈਮੀਨਾਰ ਕਰਵਾ ਕੇ ਲੈਂਦੀ ਹੈ, ਜਿਸਦਾ ਮੀਡੀਆ ਰਾਹੀਂ ਵੀ ਪ੍ਰਚਾਰ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਲੱਚਰ ਗਾਇਕੀ ਦਾ ਪ੍ਰਚਾਰ ਕਰਕੇ ਉਹਨਾਂ ਦੀ ਵਿੱਕਰੀ ਵਧਾ ਰਹੀ ਹੈ। ਮੈਨੂੰ ਇੱਥੇ ਰਸੂਲ ਹਮਜ਼ਾਤੋਵ ਦੀ ਉਹ ਲਾਈਨ ਚੇਤੇ ਆਉਂਦੀ ਹੈ, ਜਿਸ ਵਿਚ ਉਹ ਗੱਲ ਕਰਦਾ ਹੈ `ਮਨੁੱਖ ਲਈ ਸਭ ਤੋਂ ਵੱਡੀ ਬਦਦੁਆ ਇਹ ਹੈ ਕਿ ਜਾਹ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ।` ਜੋ ਆਪਣੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਹਨ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਦਕੇ। ਅਸੀਂ ਤਾਂ ਆਪਣੀ ਮਾਂ ਬੋਲੀ ਦੇ ਨਾਮ ਤੇ ਆਪਣੀਆਂ ਰੋਟੀਆਂ ਜ਼ਰੂਰ ਸੇਕ ਸਕਦੇ ਹਾਂ।
ਮੈਂ ਇਹ ਨਹੀਂ ਕਹਿੰਦਾ ਕਿ ਇਸ ਤਰ੍ਹਾਂ ਦੇ ਮਨੋਰੰਜਨ ਦੇ ਪ੍ਰੋਗਰਾਮ ਯੂਨੀਵਰਸਿਟੀ ਵਰਗੇ ਅਦਾਰਿਆਂ ਵਿਚ ਨਹੀਂ ਹੋਣੇ ਚਾਹੀਦੇ। ਸਗੋਂ ਹੋਣੇ ਚਾਹੀਦੇ ਹਨ ਪਰ ਇਹਨਾਂ ਦਾ ਮਿਆਰ ਉੱਚ ਪੱਧਰ ਦਾ ਹੋਣਾ ਚਾਹੀਦਾ ਹੈ। ਉਹ ਗੀਤ ਇਹਨਾਂ ਪ੍ਰੋਗਰਾਮਾਂ ਵਿਚ ਚੱਲਣੇ ਚਾਹੀਦੇ ਹਨ ਜੋ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ। ਇਸ ਯੁਵਾ ਪੀੜੀ ਨੂੰ ਅਗਾਂਹਵਧੁ ਸੋਚ ਪ੍ਰਦਾਨ ਕਰਨ ਵਾਲੇ ਸੱਭਿਅਕ ਗੀਤ ਜੋ ਅਸੀਂ ਪਰਿਵਾਰ ਵਿਚ ਬੈਠ ਕੇ ਸੁਣ ਸਕਦੇ ਹਾਂ ਉਹ ਗੀਤ ਇਹਨਾਂ ਪ੍ਰੋਗਰਾਮਾਂ ਵਿਚ ਚੱਲਣੇ ਚਾਹੀਦੇ ਹਨ। ਪੰਜਾਬ ਵਿਚ ਸੱਭਿਅਕ ਗੀਤ ਗਾਉਣ ਵਾਲੇ ਗਾਇਕਾਂ ਦਾ ਕੋਈ ਘਾਟਾ ਨਹੀਂ ਹੈ। ਗੁਰਦਾਸ ਮਾਨ ਸਾਹਿਬ, ਸਤਿੰਦਰ ਸਰਤਾਜ ਜਾਂ ਮਾਣਕ ਅਲੀ ਵਰਗੇ ਹੋਰ ਬਹੁਤ ਗਾਇਕ ਹਨ ਜੋ ਸ਼ਾਇਦ ਨਾਮੀਂ ਨਹੀਂ ਹਨ ਪਰ ਜਿਨ੍ਹਾਂ ਦੀ ਗਾਇਕੀ ਤੇ ਅੱਜ ਤੱਕ ਕਦੇ ਲੱਚਰ ਹੋਣ ਬਾਰੇ ਪ੍ਰਸ਼ਨ ਖੜਾ ਨਹੀਂ ਹੋਇਆ। ਯੁਨੀਵਰਸਿਟੀ ਵਰਗੇ ਅਦਾਰਿਆਂ ਵਿਚ ਅਸ਼ਲੀਲ ਗੀਤਾਂ ਉੱਪਰ ਸਖਤ ਪਾਬੰਦੀ ਲੱਗਣੀ ਚਾਹੀਦੀ ਹੈ, ਸਗੋਂ ਇਹ ਕਹਿ ਕੇ ਪਾਬੰਦੀ ਲੱਗੇ ਕਿ ਸਾਡੇ ਅਦਾਰੇ ਵਿਚ ਤੁਹਾਡੇ ਅਸ਼ਲੀਲ ਗੀਤਾਂ ਲਈ ਕੋਈ ਥਾਂ ਨਹੀਂ ਹੈ। ਪਰ ਹੋ ਇਸ ਤੋਂ ਉਲਟ ਰਿਹਾ ਹੈ। ਮੇਰੇ ਖਿਆਲ `ਚ ਪੰਜਾਬੀ ਬੋਲੀ ਨੂੰ ਉਹਨਾਂ ਖਤਰਾ ਪੰਜਾਬੀ ਗੀਤਕਾਰਾਂ ਜਾਂ ਗਾਇਕਾਂ ਤੋਂ ਨਹੀਂ ਜਿਨ੍ਹਾਂ ਇਹ ਦੋਗਲੇ ਚਿਹਰੇ ਵਾਲਿਆਂ ਤੋਂ ਹੈ।
ਸੰਪਰਕ: +91 94636 28811